ਗੁਰਸਿੱਖ ਰਬਾਬੀਆਂ ਦੀ ਗੁਰਮਤਿ ਸੰਗੀਤ ਨੂੰ ਦੇਣ ਬਾਰੇ ਸ਼ ਤੀਰਥ ਸਿੰਘ ਢਿੱਲੋਂ ਦਾ ਲਿਖਿਆ ਇਹ ਲੇਖ ਗੁਰਮਤਿ ਸੰਗੀਤ ਦੀਆਂ ਕਈ ਪਰਤਾਂ ਖੋਲ੍ਹਦਾ ਹੈ। ਲੇਖਕ ਅੱਜ ਕੱਲ੍ਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕੀਰਤਨ ਸਬ ਕਮੇਟੀ ਦੇ ਮੈਂਬਰ ਹਨ।
ਰਿਟਾਇਰਮੈਂਟ ਤੋਂ ਪਹਿਲਾਂ ਉਹ ਰੇਡੀਓ ਅਤੇ ਦੂਰਦਰਸ਼ਨ ਨਾਲ ਜੁੜੇ ਰਹੇ ਹਨ। ਰਬਾਬ ਦੀ ਪੈਦਾਇਸ਼ ਅਫਗਾਨਿਸਤਾਨ ਦੀ ਮੰਨੀ ਜਾਂਦੀ ਹੈ। ਕਾਬੁਲੀ ਰਬਾਬ ਦੀ ਇਕ ਵੱਖਰੀ ਵੰਨਗੀ ਵੀ ਅੱਜ ਕੱਲ੍ਹ ਪ੍ਰਚਲਿਤ ਹੈ। ਇਹ ਕਾਬੁਲੀ ਰਬਾਬ, ਭਾਰਤੀ ਰਬਾਬ ਤੋਂ ਥੋੜ੍ਹੀ ਵੱਖਰੀ ਹੈ। -ਸੰਪਾਦਕ
ਤੀਰਥ ਸਿੰਘ ਢਿੱਲੋਂ
ਫੋਨ: 91-98154-61710
ਪਿਛਲੇ ਅੰਕ ਵਿਚ ਪ੍ਰਕਾਸ਼ਿਤ ਲੇਖ ਵਿਚ ਮੈਂ ਗੁਰਮਤਿ ਸੰਗੀਤ ਨੂੰ ਰਬਾਬੀਆਂ ਦੀ ਦੇਣ ਬਾਰੇ ਆਪਣੀ ਤੁੱਛ ਬੁੱਧੀ ਅਨੁਸਾਰ ਪਾਠਕਾਂ ਨੂੰ ਜਾਣਕਾਰੀ ਦੇਣ ਦਾ ਯਤਨ ਕੀਤਾ ਸੀ। ਇਹ ਉਹ ਰਬਾਬੀ ਸਨ ਜਿਹੜੇ ਗੈਰ ਸਿੱਖ ਪਿਛੋਕੜ ਵਾਲੇ ਮੁਸਲਮਾਨ ਕੀਰਤਨੀਏ ਸਨ। ਇਨ੍ਹਾਂ ਨੇ 1947 ਵੇਲੇ ਦੇਸ਼ ਦੀ ਵੰਡ ਤੱਕ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਤੰਤੀ ਕੀਰਤਨ ਗਾਇਨ ਕਰ ਕੇ ਜਿਥੇ ਸੰਗਤ ਨੂੰ ਨਿਹਾਲ ਕੀਤਾ, ਉਥੇ ਸੰਗਤ ਨੇ ਵੀ ਉਨ੍ਹਾਂ ਨੂੰ ਬਹੁਤ ਪਿਆਰ ਅਤੇ ਸਤਿਕਾਰ ਦਿੱਤਾ। ਕੁਝ ਤਾਂ ਇਥੇ ਹੀ ਸਰੀਰ ਤਿਆਗ ਗਏ ਅਤੇ ਕੁਝ ਕੁ ਰਬਾਬੀ, ਦੇਸ਼ ਦੀ ਵੰਡ ਤੋਂ ਬਾਅਦ ਪਾਕਿਸਤਾਨ ਚਲੇ ਗਏ। ਇਸ ਲੇਖ ਵਿਚ ਮੈਂ ਜਿਨ੍ਹਾਂ ਰਬਾਬੀਆਂ ਦਾ ਜ਼ਿਕਰ ਕਰਨ ਲੱਗਾ ਹਾਂ, ਉਹ ਅੰਮ੍ਰਿਤ ਛਕ ਕੇ ਸਿੰਘ ਸਜ ਗਏ ਅਤੇ ਪੰਜਾਬ, ਭਾਰਤ ਅਤੇ ਦੇਸ਼ਾਂ ਵਿਦੇਸ਼ਾਂ ਵਿਚ ਉਦੋਂ ਤੋਂ ਲੈ ਕੇ ਅੱਜ ਤੱਕ ਕੀਰਤਨ ਦੀ ਸੇਵਾ ਕਰ ਰਹੇ ਹਨ।
ਦੇਸ਼ ਦੀ ਵੰਡ ਤੋਂ ਪਹਿਲਾਂ ਹੀ ਭਾਈ ਮਿਹਰ ਸਿੰਘ ਤਾਣ ਆਪਣੇ ਜਥੇ ਸਮੇਤ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਵਿਖੇ ਹਜ਼ੂਰੀ ਰਾਗੀ ਵਜੋਂ ਕਾਫੀ ਸਮਾਂ ਕੀਰਤਨ ਦੀ ਸੇਵਾ ਕਰਦੇ ਰਹੇ। 1947 ਵਿਚ ਉਹ ਪਟਿਆਲੇ ਆ ਵਸੇ ਅਤੇ ਕੀਰਤਨ ਦੀ ਸੇਵਾ ਜਾਰੀ ਰੱਖੀ। ਉਹ ਰਾਗ ਦਾਰੀ ਵਿਚ ਮਾਹਿਰ ਕੀਰਤਨੀਏ ਸਨ। ਅੱਜ ਕੱਲ੍ਹ ਉਨ੍ਹਾਂ ਦੇ ਪੋਤਰੇ ਭਾਈ ਅਮਰਜੀਤ ਸਿੰਘ ਤਾਣ ਸੁਰੀਲੇ ਕੰਠ ਨਾਲ ਕੀਰਤਨ ਦੀ ਉਸ ਪਰੰਪਰਾ ਨੂੰ ਅੱਗੇ ਤੋਰ ਰਹੇ ਹਨ। ਪਿਛਲੇ ਕੁਝ ਸਮੇਂ ਤੋਂ ਉਹ ਵਿਦੇਸ਼ ਜਾ ਵਸੇ ਹਨ।
ਪ੍ਰੋਫੈਸਰ ਪ੍ਰਤਾਪ ਸਿੰਘ ਦਿੱਲੀ ਵਾਲੇ ਗੁਰਮਤਿ ਸੰਗੀਤ ਦੇ ਮਹਾਨ ਗਿਆਤਾ ਸਨ। ਉਨ੍ਹਾਂ ਦੇ ਜਥੇ ਦਾ ਨਾਮ ਪਹਿਲਾਂ ਭਾਈ ਨਾਮਾ-ਪ੍ਰਤਾਪਾ ਵੱਜਦਾ ਸੀ। ਅੱਜ ਕੱਲ੍ਹ ਭਾਈ ਪ੍ਰਤਾਪ ਸਿੰਘ ਦੇ ਪੁੱਤਰ ਭਾਈ ਮਹਿੰਦਰ ਪ੍ਰਤਾਪ ਸਿੰਘ-ਦੇਵਿੰਦਰ ਪ੍ਰਤਾਪ ਸਿੰਘ (ਅਮਰੀਕਾ) ਪੂਰੀ ਦੁਨੀਆਂ ਵਿਚ ਕਲਾਸੀਕਲ, ਨੀਮ-ਕਲਾਸੀਕਲ ਕੀਰਤਨ ਅਤੇ ਵਾਦਨ ਰਾਹੀਂ ਆਪਣੀ ਸੇਵਾ ਬਖੂਬੀ ਨਿਭਾਅ ਰਹੇ ਹਨ।
ਸ਼੍ਰੋਮਣੀ ਰਾਗੀ ਸਵਰਗੀ ਭਾਈ ਦਿਲਬਾਗ ਸਿੰਘ-ਗੁਲਬਾਗ ਸਿੰਘ ਬੋਦਲ ਨੇ ਅਜੋਕੇ ਯੁੱਗ ਵਿਚ ਕਾਫੀ ਨਾਮਣਾ ਖੱਟਿਆ। ਜ਼ਿਲ੍ਹਾ ਹੁਸ਼ਿਆਰਪੁਰ ਦੇ ਦਸੂਹਾ ਇਲਾਕੇ ਦੇ ਪਿੰਡ ਬੋਦਲਾਂ ਦੇ ਸਧਾਰਨ ਰਬਾਬੀ ਪਰਿਵਾਰ ਵਿਚੋਂ ਉਠ ਕੇ ਆਪਣੀ ਮਿਹਨਤ, ਲਗਨ ਅਤੇ ਰਾਗ ਦੀ ਡੂੰਘੀ ਸਮਝ ਅਤੇ ਰਿਆਜ਼ ਰਾਹੀਂ ਉਨ੍ਹਾਂ ਨੇ ਅਨੇਕਾਂ ਵੱਕਾਰੀ ਇਨਾਮ ਸਨਮਾਨ ਹਾਸਲ ਕੀਤੇ ਜਿਨ੍ਹਾਂ ਵਿਚ ਪੰਜਾਬ ਸਰਕਾਰ ਦਾ ਪੰਜ ਲੱਖ ਰੁਪਏ ਦਾ ਸ਼੍ਰੋਮਣੀ ਰਾਗੀ ਐਵਾਰਡ, ਸੰਗੀਤ ਨਾਟਕ ਅਕੈਡਮੀ ਦਿੱਲੀ ਐਵਾਰਡ, ਤਾਨਸੈਨ ਐਵਾਰਡ ਅਤੇ ਹੋਰ ਅਨੇਕਾਂ ਸਨਮਾਨ ਸ਼ਾਮਲ ਹਨ। ਉਹ ਸ਼ਾਇਦ ਪਹਿਲੇ ਕੀਰਤਨਕਾਰ ਸਨ ਜਿਨ੍ਹਾਂ ਨੂੰ ਜਲੰਧਰ ਵਿਚ ਹਰੀਵੱਲਭ ਸੰਗੀਤ ਸੰਮੇਲਨ ਵਿਚ ਗਾ ਕੇ ਆਪਣੀ ਧਾਂਕ ਜਮਾਉਣ ਦਾ ਮੌਕਾ ਮਿਲਿਆ। ਆਲ ਇੰਡੀਆ ਰੇਡੀਓ ਅਤੇ ਦੂਰਦਰਸ਼ਨ ਤੋਂ ਉਹ ਕੀਰਤਨ ਦੇ ਨਾਲ ਨਾਲ ਸ਼ੁੱਧ ਕਲਾਸੀਕਲ ਰਾਗ ਵੀ ਗਾਉਂਦੇ ਰਹੇ। ਭਾਈ ਦਿਲਬਾਗ ਸਿੰਘ ਦੇ ਚਲਾਣੇ ਤੋਂ ਬਾਅਦ ਉਨ੍ਹਾਂ ਦੇ ਛੋਟੇ ਭਰਾ ਭਾਈ ਗੁਲਬਾਗ ਸਿੰਘ ਅਮਰੀਕਾ ਜਾ ਵਸੇ ਹਨ। ਭਾਈ ਦਿਲਬਾਗ ਸਿੰਘ ਦੇ ਪੁੱਤਰ ਭਾਈ ਅਵਤਾਰ ਸਿੰਘ ਅਤੇ ਭਰਾ ਦਵਿੰਦਰ ਸਿੰਘ ਇਕਬਾਲ ਸਿੰਘ ਰੋਜ਼ੀ ਇਧਰ ਕੀਰਤਨ ਦੀ ਸੇਵਾ ਨਿਭਾਅ ਰਹੇ ਹਨ।
ਸ਼ਾਹੀ ਸ਼ਹਿਰ ਪਟਿਆਲਾ ਸਿੱਖ ਰਬਾਬੀਆਂ ਦਾ ਗੜ੍ਹ ਹੈ। ਭਾਈ ਗੁਰਮੁਖ ਸਿੰਘ ਸਰਮੁੱਖ ਸਿੰਘ, ਭਾਈ ਪਿਰਥੀਪਾਲ ਸਿੰਘ, ਭਾਈ ਮੋਹਨ ਪਾਲ ਸਿੰਘ, ਭਾਈ ਕਿਸ਼ਨ ਪਾਲ ਸਿੰਘ ਅਤੇ ਭਾਈ ਸ਼ਮਿੰਦਰ ਪਾਲ ਸਿੰਘ ਪਟਿਆਲੇ ਦੇ ਐਸੇ ਰਬਾਬੀ ਹੋਏ ਹਨ ਜਿਨ੍ਹਾਂ ਦੀ ਕੀਰਤਨ ਸ਼ੈਲੀ ਸੰਗਤ ਨੂੰ ਕੀਲ ਕੇ ਰੱਖ ਲੈਂਦੀ ਸੀ। ਉਨ੍ਹਾਂ ਵੱਲੋਂ ਗਾਇਨ ਕੀਤਾ ਜਾਂਦਾ ਕੀਰਤਨ ਹਲਕੇ ਮੀਂਹ ਦੀ ਮਿੱਠੀ ਮਿੱਠੀ ਫੁਹਾਰ ਵਰਗਾ ਸੀ। ਭਾਈ ਜੱਸਾ ਪਾਲਾ ਦਾ ਜਥਾ ਸ੍ਰੀ ਨਨਕਾਣਾ ਸਾਹਿਬ ਵੀ ਕੀਰਤਨ ਕਰਦਾ ਰਿਹਾ ਅਤੇ ਉਸ ਤੋਂ ਬਾਅਦ ਉਹ ਪਟਿਆਲੇ ਵਸ ਗਏ। ਉਨ੍ਹਾਂ ਦੇ ਨਾਲ ਅੱਜ ਕੱਲ੍ਹ ਭਾਈ ਗੁਲਜ਼ਾਰ ਸਿੰਘ, ਭਾਈ ਝੇਮਾ ਸਿੰਘ, ਭਾਈ ਹਰਨਾਮ ਸਿੰਘ, ਭਾਈ ਤੇਜਾ ਸਿੰਘ ਅਤੇ ਭਾਈ ਚਰਨਜੀਤ ਸਿੰਘ ਕੀਰਤਨ ਗਾਇਨ ਕਰ ਰਹੇ ਹਨ।
ਇਸੇ ਪਰਿਵਾਰ ਵਿਚੋਂ ਭਾਈ ਰਜਿੰਦਰਪਾਲ ਸਿੰਘ ਜਿੰਦੀ ਵਿਸ਼ਵ ਪ੍ਰਸਿਧ ਤਬਲਾ ਵਾਦਕ ਹਨ ਜੋ ਅਮਰੀਕਾ ਰਹਿ ਰਹੇ ਹਨ। ਆਦਮਪੁਰ ਲਾਗਲੇ ਪਿੰਡ ਵਡਾਲਾ ਨਿਵਾਸੀ ਭਾਈ ਦਇਆ ਸਿੰਘ, ਭਾਈ ਸੁਰਿੰਦਰ ਸਿੰਘ, ਭਾਈ ਬਲਜਿੰਦਰ ਸਿੰਘ, ਭਾਈ ਬਲਦੇਵ ਸਿੰਘ ਯੂ.ਕੇ. ਅਤੇ ਛੋਟੇ ਭਾਈ ਰਾਣਾ ਜੀ ਕੁਝ ਸਮਾਂ ਤਖਤ ਸ੍ਰੀ ਪਟਨਾ ਸਾਹਿਬ ਵਿਖੇ ਸੁਰੀਲੇ ਕੀਰਤਨ ਨਾਲ ਸੰਗਤ ਨੂੰ ਨਿਹਾਲ ਕਰਨ ਉਪਰੰਤ ਅੱਜ ਕੱਲ੍ਹ ਇੰਗਲੈਂਡ ਜਾ ਕੇ ਵਸ ਗਏ ਹਨ। ਇਸੇ ਤਰ੍ਹਾਂ ਹੁਸ਼ਿਆਰਪੁਰ ਜ਼ਿਲ੍ਹੇ ਦੀ ਗਾਇਨ ਅਤੇ ਖਾਸ ਕਰ ਕੀਰਤਨ ਨੂੰ ਮਹਾਨ ਦੇਣ ਹੈ; ਇਥੋਂ ਦੇ ਰਬਾਬੀ ਜਥਿਆਂ ਵਿਚ ਭਾਈ ਇੰਦਰਜੀਤ ਸਿੰਘ ਅਤੇ ਭਾਈ ਸਾਧੂ ਸਿੰਘ ਪ੍ਰਸਿਧ ਰਬਾਬੀ ਹੋਏ ਹਨ। ਅੱਜ ਕੱਲ੍ਹ ਭਾਈ ਅਵਤਾਰ ਸਿੰਘ ਪੰਜਾਬ ਸਿੰਧ ਬੈਂਕ ਵਾਲਿਆਂ ਦਾ ਜਥਾ ਬਹੁਤ ਪ੍ਰਸਿਧ ਹੈ ਜਿਨ੍ਹਾਂ ਨੂੰ ਅਪ੍ਰਚਲਿਤ ਤੇ ਬਿਖੜੇ ਰਾਗਾਂ ਅਤੇ ਤਾਲਾਂ ਵਿਚ ਮੁਹਾਰਤ ਹਾਸਲ ਹੈ।
ਜਦੋਂ ਜਦੋਂ ਵੀ ਸਰੋਦੀ ਅਤੇ ਆਤਮਾ ਨੂੰ ਟੁੰਬਣ ਵਾਲੇ ਕੀਰਤਨ ਦੀ ਗੱਲ ਚੱਲੇਗੀ ਤਾਂ ਇਕ ਨਾਂ ਖੁਦ-ਬ-ਖੁਦ ਜ਼ੁਬਾਨ ਉਤੇ ਆ ਜਾਵੇਗਾ, ਤੇ ਉਹ ਨਾਂ ਹੈ ਸਵਰਗੀ ਭਾਈ ਜੋਗਿੰਦਰ ਸਿੰਘ-ਮੁਹਿੰਦਰ ਸਿੰਘ ਪਟਿਆਲਾ। ਦੋਹਾਂ ਭਰਾਵਾਂ ਦੇ ਅਕਾਲ ਚਲਾਣੇ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਵਿਚੋਂ ਭਾਈ ਗੁਰਪ੍ਰਤਾਪ ਸਿੰਘ ਆਪਣੇ ਪੁਰਖਿਆਂ ਦੇ ਨਕਸ਼ੇ ਕਦਮ ਉਤੇ ਚੱਲਦਿਆਂ ਤਖਤ ਸ੍ਰੀ ਹਜ਼ੂਰ ਸਾਹਿਬ ਨੰਦੇੜ ਵਿਖੇ ਬਤੌਰ ਹਜ਼ੂਰੀ ਰਾਗੀ ਸੇਵਾ ਕਰ ਰਹੇ ਹਨ।
ਕੀਰਤਨ ਖੇਤਰ ਵਿਚ ਪਟਿਆਲੇ ਦੇ ਹੀ ਫੱਕਰ ਭਰਾਵਾਂ ਦੇ ਯੋਗਦਾਨ ਨੂੰ ਭਲਾ ਕੌਣ ਭੁੱਲ ਸਕਦਾ ਹੈ। ਇਸ ਪਰਿਵਾਰ ਦੇ ਭਾਈ ਹਰਚਰਨ ਸਿੰਘ ਫੱਕਰ, ਭਾਈ ਹਰਿੰਦਰ ਸਿੰਘ ਫੱਕਰ ਅਤੇ ਦਲੀਪ ਸਿੰਘ ਫੱਕਰ ਦੇ ਜਥੇ ਗੁਰਬਾਣੀ ਦੀ ਪੁਰਾਤਨ ਅਤੇ ਰਾਗ ਬਧ ਕੀਰਤਨ ਪਰੰਪਰਾ ਨੂੰ ਪੂਰੀ ਤਰ੍ਹਾਂ ਪ੍ਰਣਾਏ ਹੋਏ ਹਨ। ਇਨ੍ਹਾਂ ਵੱਲੋਂ ਗਾਇਨ ਕੀਤੇ ਕੀਰਤਨ ਨੂੰ ਸੁਣ ਕੇ ਕੀਰਤਨ ਪ੍ਰੇਮੀ ਸਰਸ਼ਾਰ ਹੋ ਜਾਂਦੇ ਹਨ। ਗੁਰਸਿੱਖ ਰਬਾਬੀਆਂ ਵਿਚ ਇਕ ਉਘਾ ਨਾਂ ਤਖਤ ਸ੍ਰੀ ਪਟਨਾ ਸਾਹਿਬ ਦੇ ਸਾਬਕਾ ਹੈਡ ਰਾਗੀ ਭਾਈ ਗੁਰਬਚਨ ਸਿੰਘ ਦਾ ਹੈ, ਜਿਨ੍ਹਾਂ ਨੇ ਕਾਫੀ ਸਮਾਂ ਤਖਤ ਸਾਹਿਬ ਵਿਖੇ ਸੇਵਾ ਨਿਭਾਈ। ਹੁਸ਼ਿਆਰਪੁਰ ਦੇ ਇਕ ਪਿੰਡ ਵਿਚ ਜਨਮੇ ਭਾਈ ਜਾਗੀਰ ਸਿੰਘ, ਪਹਿਲਾਂ ਜਾਗੀਰ ਮੁਹੰਮਦ ਦੇ ਨਾਂ ਹੇਠ ਰੇਡੀਓ ਟੀ.ਵੀ. ਅਤੇ ਸਟੇਜਾਂ ਤੋਂ ਲੋਕ ਗੀਤਾਂ ਦੇ ਪ੍ਰੋਗਰਾਮ ਪੇਸ਼ ਕਰ ਕੇ ਨਾਂ ਬਣਾ ਚੁੱਕੇ ਸਨ। ਫਿਰ ਉਨ੍ਹਾਂ ਨੇ ਅਮ੍ਰਿਤਪਾਨ ਕਰ ਕੇ ਆਪਣਾ ਨਾਂ ਭਾਈ ਜਾਗੀਰ ਸਿੰਘ ਰੱਖ ਲਿਆ। ਅੱਜ ਕੱਲ੍ਹ ਉਹ ਜਥੇ ਸਮੇਤ ਅਮਰੀਕਾ ਵਿਚ ਹਨ।
ਉਚੇਚੇ ਤੌਰ ‘ਤੇ ਜ਼ਿਕਰ ਕਰਨਾ ਬਣਦਾ ਹੈ ਕਿ ਉਘੇ ਤਬਲਾ ਵਾਦਕ ਭਾਈ ਹਰਸ਼ਰਨ ਸਿੰਘ ਆਦਮਪੁਰ ਵਾਲਿਆਂ ਦੇ ਫ਼ਰਜ਼ੰਦ ਭਾਈ ਜਸਪਾਲ ਸਿੰਘ ਅਮਰੀਕਾ ਵਾਲਿਆਂ ਦਾ। ਉਹ ਜਦ ਕੀਰਤਨ ਕਰਦੇ ਹਨ ਤਾਂ ਸੰਗਤ ਅਗੰਮੀ ਆਨੰਦ ਵਿਚ ਝੂਮ ਉਠਦੀ ਹੈ। ਉਨ੍ਹਾਂ ਦੀ ਸਾਧੀ ਹੋਈ ਆਵਾਜ਼, ਲੈਅ ਸੁਰ ਅਤੇ ਸੰਗੀਤਕ ਬਰੀਕੀਆਂ ਦਾ ਪੂਰਾ ਗਿਆਨ ਅਤੇ ਵਿਚ ਵਿਚ ਸ਼ੁਧ ਅੰਗਰੇਜ਼ੀ ਸਮੇਤ ਪੰਜਾਬੀ ਅਤੇ ਹੋਰ ਭਾਸ਼ਾਵਾਂ ਵਿਚ ਵਿਆਖਿਆ ਇਕ ਅਨੋਖਾ ਸਮਾਂ ਬੰਨ੍ਹ ਦਿੰਦੀ ਹੈ। ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਦੇ ਸਾਬਕਾ ਹਜ਼ੂਰੀ ਰਾਗੀ ਭਾਈ ਜਗਜੀਤ ਸਿੰਘ ਕੋਮਲ ਕੁਝ ਸਮਾਂ ਸੇਵਾ ਨਿਭਾਅ ਕੇ ਅੱਜ ਕੱਲ੍ਹ ਵਿਦੇਸ਼ ਜਾ ਵਸੇ ਹਨ। ਇਸੇ ਤਰਾਂ ਯੂ.ਕੇ. ਨਿਵਾਸੀ ਭਾਈ ਬਹਾਦਰ ਸਿੰਘ ਰਾਕੇਟ ਦਾ ਵੀ ਗੁਰਮਤਿ ਸੰਗੀਤ ਵਿਚ ਉਘਾ ਨਾਂ ਹੈ। ਭਰਵੀਂ ਆਵਾਜ਼ ਅਤੇ ਰਾਗਾਂ ‘ਤੇ ਪੂਰੀ ਪਕੜ ਸੰਗਤ ਨੂੰ ਗੁਰੂ ਚਰਨਾਂ ਨਾਲ ਜੋੜ ਦਿੰਦੀ ਹੈ।
ਸੋ, ਅਸੀਂ ਵੇਖਦੇ ਹਾਂ ਕਿ ਜਿਥੇ 1947 ਤੋਂ ਪਹਿਲਾਂ ਮੁਸਲਮਾਨ ਰਬਾਬੀਆਂ ਨੇ ਗੁਰਬਾਣੀ ਕੀਰਤਨ ਦੇ ਖੇਤਰ ਵਿਚ ਮਹਾਨ ਸੇਵਾ ਕੀਤੀ, ਉਥੇ ਗੁਰਸਿੱਖ ਸਜੇ ਉਪਰੋਕਤ ਰਾਗੀ ਜਥੇ ਵੀ ਵਰਣਨਯੋਗ ਸੇਵਾ ਕਰ ਰਹੇ ਹਨ। ਨਿਰਸੰਦੇਹ ਗੁਰਸਿੱਖ ਰਬਾਬੀ ਕੀਰਤਨੀਆਂ ਦੀ ਮਹਾਨ ਸੇਵਾ ਅਤੇ ਦੇਣ ਉਤੇ ਸਮੁੱਚੀਆਂ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਹਮੇਸ਼ਾ ਮਾਣ ਰਹੇਗਾ।