ਫੱਗਣ ਰੁੱਤ ਮਿਲਾਪਾਂ ਦੀ

ਫੱਗਣ ਦੇਸੀ ਸਾਲ ਦਾ ਅਖੀਰਲਾ ਮਹੀਨਾ ਹੈ। ਮਾਘ ਦੌਰਾਨ ਠੰਢ ਦੀ ਜਕੜ ਟੁੱਟਣ ਅਤੇ ਬਨਸਪਤੀ ਮੁੜ ਮੌਲਣ ਤੋਂ ਬਾਅਦ ਇਸ ਮਹੀਨੇ ਬਹਾਰ ਭਰਪੂਰ ਰੂਪ ਵਿਚ ਗੇੜਾ ਮਾਰਦੀ ਹੈ। ਬਹਾਰ ਦਾ ਇਹ ਮਹੀਨਾ ਅਸਲ ਵਿਚ ਵਸਲ ਦਾ ਮਹੀਨਾ ਹੋ ਨਿਬੜਦਾ ਹੈ। ਮੇਲਿਆਂ ਨਾਲ ਮੌਸਮ ਦਾ ਠੁੱਕ ਬੱਝ ਜਾਂਦਾ ਹੈ। ਪੰਜਾਬੀ ਸਾਹਿਤ ਵਿਚ ਇਸ ਵਸਲ ਦੀਆਂ ਬੜੀਆਂ ਬਾਤਾਂ ਪ੍ਰਚਲਿਤ ਹਨ।

ਇਸ ਵਾਰ ਬਾਰਾਹਮਾਹ ਦੇ ਲੇਖਕ ਆਸਾ ਸਿੰਘ ਘੁਮਾਣ ਨੇ ਇਸ ਲੇਖ ਵਿਚ ਫੱਗਣ ਦੇ ਸੁਹਾਵਣੇ ਅਤੇ ਮਨਮੋਹਣੇ ਮੌਸਮ ਦਾ ਜ਼ਿਕਰ ਛੇੜਿਆ ਹੈ। -ਸੰਪਾਦਕ

ਆਸਾ ਸਿੰਘ ਘੁਮਾਣ
ਫੋਨ: 91-98152-53245

ਇਹ ਪਤਾ ਨਹੀਂ ਸਹਿਜ-ਭਾ ਹੈ ਜਾਂ ਪੰਜਾਬੀ ਮਸਤਕ ਨੇ ਸੋਚ-ਸਮਝ ਕੇ ਅਜਿਹਾ ਸਿਰਜਿਆ ਹੈ ਕਿ ਸਾਲ ਦੀ ਸ਼ੁਰੂਆਤ (ਚੇਤ ਮਹੀਨਾ) ਵੀ ਬਹਾਰ ਦਾ ਹੁੰਦੀ ਹੈ ਅਤੇ ਅੰਜਾਮ (ਫੱਗਣ) ਵੀ। ਪੰਜਾਬ ਵਿਚ ਉਪਲਬਧ ਬਾਰਾਹਮਾਹ ਚੇਤ ਮਹੀਨੇ ਤੋਂ ਵਿਯੋਗ ਸ਼ੁਰੂ ਕਰਦੇ ਹਨ ਅਤੇ ਹਰ ਮਹੀਨਾ ਹੀ ਵਿਯੋਗਣ ਨੂੰ ਕੋਂਹਦਾ ਹੈ, ਕਈ ਵਾਰ ਆਪਣੇ ਅੰਦਰ ਮੱਚ ਰਹੇ ਵਿਯੋਗ ਕਰ ਕੇ ਅਤੇ ਕਈ ਵਾਰ ਦੂਜਿਆਂ ਨੂੰ ਵਸਲ ਹੰਢਾਉਂਦਿਆਂ ਦੇਖ ਕੇ, ਮਸਲਨ:
ਚੜ੍ਹਦੇ ਚੇਤਰ ਨਹੀਂ ਘਰ ਜਾਨੀ
ਰੋ ਰੋ ਧਾਹੀਂ ਮਾਰਾਂ ਮੈਂ।

ਚੜ੍ਹੇ ਵਿਸਾਖ ਵਿਸਾਖੀ ਹੋਈ
ਘਰੀਂ ਸੁਦਾਗਰ ਆਏ ਨੀਂ।
ਨਾਹੀਂ ਖਬਰ ਅਸਾਡੇ ਜਾਨੀ
ਕਿਉਂ ਇਤਨੇ ਦਿਨ ਲਾਏ ਨੀਂ।

ਚੜ੍ਹਿਆ ਜੇਠ ਵੱਗਣ ਹੁਣ ਲੋਆਂ
ਰੁੱਤ ਗਰਮੀ ਦੀ ਆਈ ਹੈ।
ਜ਼ਾਲਮ ਬ੍ਰਿਹੋਂ ਫੂਕ ਅਲੰਬਾ
ਆਤਸ਼ ਤੇਜ਼ ਮਚਾਈ ਹੈ।

ਚੜ੍ਹਿਆ ਹਾੜ੍ਹ ਕਰਾਂ ਮੈਂ ਹਾੜ੍ਹੇ
ਪੀਆ ਬਾਝ ਇਕੱਲੀ ਜੇ।

ਚੜ੍ਹਿਆ ਸਾਵਣ ਮੀਂਹ ਬਰਸਾਵਣ
ਸਈਆਂ ਪੀਂਘਾਂ ਪਾਈਆਂ ਨੀਂ।
ਬਿਜਲੀ ਕੜਕੇ ਬ੍ਰਿਹੋਂ ਵਾਲੀ
ਨੈਣਾਂ ਝੜੀਆਂ ਲਾਈਆਂ ਨੀਂ।

ਭਾਦੋਂ ਭਾਹ ਇਸ਼ਕ ਨੇ ਫੂਕੀ
ਖੂਨ ਬਦਨ ਦਾ ਸੜਿਆ ਜੇ।
ਦੱਸ ਪੀਆ ਦੀ ਕਿਤੇ ਨਾ ਪੈਂਦੀ
ਛੇਵਾਂ ਮਹੀਨਾ ਚੜ੍ਹਿਆ ਜੇ।

ਅੱਸੂ ਅੱਤ ਸਤਾਇਆ ਮੈਨੂੰ
ਤਰਫ ਜੰਗਲ ਉਠ ਵੈਨੀ ਹਾਂ।

ਚੜ੍ਹਿਆ ਕੱਤਕ ਕੰਤ ਨ ਆਇਆ
ਮੈਂ ਹੁਣ ਢੂੰਡਣ ਜਾਵਾਂਗੀ।

ਮੱਘਰ ਮਾਰ ਮੁਕਾਇਆ ਮੈਨੂੰ
ਹੱਡ ਵਿਛੋੜੇ ਗਾਲੇ ਨੀਂ।

ਚੜ੍ਹਿਆ ਪੋਹ ਪਈਆਂ ਨੀ ਬਰਫਾਂ
ਕਾਈ ਸਾਰ ਨ ਵਾਲੀ ਨੂੰ।

ਮਾਘ ਮਹੀਨੇ ਮਾਹੀ ਬਾਝੋਂ
ਜੋ ਕੁਝ ਮੈਂ ਸੰਗ ਬੀਤੀ ਜੇ।
ਸ਼ਾਲਾ! ਦੁਸ਼ਮਣ ਨਾਲ ਨਾ ਹੋਵੇ
ਜਿਹੀ ਵਿਛੋੜੇ ਕੀਤੀ ਜੇ।
ਪਰ ਫੱਗਣ ਮਹੀਨੇ ਪ੍ਰੀਤਮ ਮਾਹੀ ਆਣ ਮਿਲਦਾ ਹੈ। ਫੱਗਣ ਦਾ ਮਹੀਨਾ ਮੌਸਮ ਦੇ ਲਿਹਾਜ਼ ਮਿਲਾਪ ਦੇ ਉਂਜ ਵੀ ਅਤਿ ਅਨੁਕੂਲ ਹੈ। ਇਹ ਹੋਲੀ ਖੇਡਣ ਦਾ ਮਹੀਨਾ ਹੈ। ਮੁਹੰਮਦ ਅਜ਼ੀਮ ਫੱਗਣ ਵਿਚ ਆਸ ਪੁੱਗਣ ਦੀ ਗੱਲ ਕਰਦਾ ਹੈ:
ਚੜ੍ਹਦੇ ਫੱਗਣ ਪੁੰਨੀ ਆਸ
ਕੁਲ ਗਏ ਵਿਸ਼ਵਾਸ
ਬੈਠੀ ਪਹਿਨ ਪੁਸ਼ਾਕ ਲਿਬਾਸ।
ਬਰਖੁਰਦਾਰ ਵੀ ਫੱਗਣ ਵਿਚ ਮਿਲਾਪ ਦਾ ਅਜਿਹਾ ਹੀ ਚਿੱਤਰ ਖਿੱਚਦਾ ਹੈ:
ਜਬ ਚੜ੍ਹਿਆ ਮਹੀਨਾ ਫਾਗਣ
ਮਿਲਿਆ ਕੰਤ ਆਏ ਘਰ ਸਾਜਣ
ਲਾਗੇ ਦੂਖ ਦਰਦ ਸਭ ਭਾਗਣ
ਲਾਗੇ ਕਰਮ ਅਸਾਡੇ ਜਾਗਣ।
ਗੁਰੂ ਅਰਜਨ ਦੇਵ ਜੀ ਰਚਿਤ ਬਾਰਾਹਮਾਹ ਵਿਚ ਵੀ ਫਲਗੁਣ ਅਨੰਦ ਅਵਸਥਾ ਪ੍ਰਾਪਤ ਕਰਨ ਦਾ ਮਹੀਨਾ ਹੈ:
ਫਲਗੁਣਿ ਅਨੰਦ ਉਪਾਰਜਨਾ
ਹਰਿ ਸਜਣ ਪ੍ਰਗਟੇ ਆਇ॥
ਸੰਤੁ ਸਹਾਈ ਰਾਮ ਕੇ
ਕਰਿ ਕਿਰਪਾ ਦੀਆ ਮਿਲਾਇ॥
ਸੇਜ ਸੁਹਾਵੀ ਸਰਬ ਸੁਖ
ਹੁਣ ਦੁਖਾ ਨਾਹੀ ਜਾਇ॥
ਇਛ ਪੁਨੀ ਵਡਭਾਗਣੀ
ਵਰੁ ਪਾਇਆ ਹਰਿ ਰਾਇ॥
ਗੁਰੂ ਨਾਨਕ ਦੇਵ ਜੀ ਫੱਗਣ ਮਹੀਨੇ ਵਿਚ ਮਹਾਂ ਮਿਲਾਪ ‘ਤੇ ਬਾਣੀ ਕੇਂਦਰਤ ਕਰਦੇ ਹਨ। ਇਹ ਮਿਲਾਪ ਇੰਨਾ ਅਹਿਮ ਹੈ ਕਿ ਉਹ ਇਸ ਮਹੀਨੇ ਦੀ ਬਸੰਤ ਰੁੱਤ ਵੱਲ ਕੋਈ ਇਸ਼ਾਰਾ ਨਹੀਂ ਕਰਦੇ। ਸ਼ਾਇਦ ਇਸ ਮੁਕਾਮ ਤੱਕ ਪਹੁੰਚ ਕੇ ਬਹਿਰੂਨੀ ਅਵਸਥਾ ਅੰਦਰੂਨੀ ਅਵਸਥਾ ਨੂੰ ਕੋਈ ਬਹੁਤਾ ਪ੍ਰਭਾਵਤ ਹੀ ਨਹੀਂ ਕਰਦੀ:
ਫਲਗੁਨਿ ਮਨਿ ਰਹਿਸੀ
ਪ੍ਰੇਮ ਸੁਭਾਇਆ॥
ਅਨਦਿਨ ਰਹਸੁ ਭਇਆ
ਆਪ ਗਵਾਇਆ॥
ਮਨ ਮੋਹ ਚੁਕਾਇਆ
ਜਾ ਤਿਸ ਭਾਇਆ
ਕਰ ਕ੍ਰਿਪਾ ਘਰ ਆਓ॥
ਬਹੁਤੇ ਵੇਸ ਕਰੀ ਪਿਰ ਬਾਝਹ
ਮਹਲੀ ਲਹਾ ਨ ਥਾਓ॥
ਹਾਰ ਡੋਰ ਰਸ ਪਾਟ ਪਟੰਬਰ
ਪਿਰਿ ਲੋੜੀ ਸੀਗਾਰੀ॥
ਨਾਨਕ ਮੇਲਿ ਲਈ ਗੁਰਿ ਅਪਣੈ
ਘਰੁ ਵਰੁ ਪਾਇਆ ਨਾਰੀ॥
ਡਾ. ਮਹਿੰਦਰ ਸਿੰਘ ਰੰਧਾਵਾ ਫੱਗਣ ਮਹੀਨੇ ਦੀ ਰੁੱਤ ਬਾਰੇ ਲਿਖਦੇ ਹਨ, “ਫੱਗਣ ਪਿਆਰਾਂ ਦੀ ਰੁੱਤ ਹੈ। ਪਿਆਰ ਕਰਨ ਵਾਲੇ ਲੋਕ ਫੱਗਣ ਲਈ ਇਉਂ ਤਾਂਘਦੇ ਹਨ ਜਿਵੇਂ ਕਾਲੀ ਰਾਤ ਪੂਰੇ ਚੰਨ ਲਈ ਤਾਂਘਦੀ ਹੈ। ਜਦ ਢਾਕ ਦੇ ਰੁੱਖ ਪੂਰੇ ਖੇੜੇ ਵਿਚ ਆਉਂਦੇ ਹਨ, ਹੋਲੀ ਦਾ ਤਿਉਹਾਰ ਮਨਾਇਆ ਜਾਂਦਾ ਹੈ। ਮਰਦ ਤੇ ਤੀਵੀਆਂ ਗੀਤ ਗਾਉਂਦੇ ਹਨ ਅਤੇ ਇਕ ਦੂਜੇ ਉਤੇ ਕੁਸਮ ਤੇ ਪਲਾਸ ਦੇ ਫੁੱਲਾਂ ਦਾ ਰੰਗਦਾਰ ਪਾਣੀ ਤੇ ਗੁਲਾਲ ਛਿੜਕਦੇ ਹਨ।
ਹੋਲੀ ਦਾ ਤਿਉਹਾਰ ਫੱਗਣ ਦੀ ਪੂਰਨਮਾਸ਼ੀ ਨੂੰ ਆਉਣ ਕਰ ਕੇ ਕਈ ਵਾਰ ਫੱਗਣ ਮਹੀਨੇ ਦੇ ਅਖੀਰ ਵਿਚ ਆਉਂਦਾ ਹੈ ਅਤੇ ਕਈ ਵਾਰ ਚੇਤਰ ਦੇ ਸ਼ੁਰੂ ਵਿਚ। ਇਹ ਕੁਦਰਤ ਦੇ ਸੰਗ ਇਕ-ਮਿਕ ਹੋਣ ਦਾ, ਉਹਦੇ ਰੰਗਾਂ ਵਿਚ ਰੰਗੇ ਜਾਣ ਦਾ, ਮਸਤੀਆਂ ਦਾ ਤਿਉਹਾਰ ਹੈ, ਖੁੱਲ੍ਹਣ-ਡੁੱਲ੍ਹਣ ਦਾ ਮੌਕਾ ਹੈ। ਪੁਰਾਣੇ ਸਮਿਆਂ ਵਿਚ ਤਾਂ ਰਾਜੇ-ਮਹਾਰਾਜੇ ਆਪਣੇ ਰੰਗ-ਮਹੱਲਾਂ ਵਿਚ ਖੂਬ ਹੋਲੀ ਖੇਡਦੇ ਸਨ। ਹੋਲੀ ਖੇਡਣ ਮੌਕੇ ਨੌਜੁਆਨ ਮੁੰਡੇ-ਕੁੜੀਆਂ ਨੂੰ ਕਿਸੇ ਹੱਦ ਤੱਕ ਖੁੱਲ੍ਹ ਮਾਣਨ ਦਾ ਮੌਕਾ ਮਿਲ ਜਾਂਦਾ ਹੈ। ਕਈ ‘ਅਗਾਂਹ ਵਧੂ’ ਇਸ ਦਿਨ ਆਪਣੇ ਗਲੀ-ਮੁਹੱਲੇ ਦੀਆਂ ਜਾਣੂੰ ਕੁੜੀਆਂ ਦੀਆਂ ਗੱਲ੍ਹਾਂ ‘ਤੇ ਗੁਲਾਲ ਮਲ ਦਿੰਦੇ ਹਨ ਜਾਂ ਸਰੀਰ ਤੇ ਰੰਗ ਦੀਆਂ ਪਿਚਕਾਰੀਆਂ ਮਾਰ ਦਿੰਦੇ ਹਨ। ਕਈ ਥਾਈਂ ਰੰਗ ਸੁੱਟਣ ਤੋਂ ਲੜਾਈ-ਝਗੜੇ ਵੀ ਹੋ ਜਾਂਦੇ ਹਨ।
ਦੁਨੀਆਂ ਦੇ ਹੋਰ ਕਈ ਹਿੱਸਿਆਂ ਵਿਚ ਵੀ ਹੋਲੀ ਵਰਗੇ ਤਿਉਹਾਰ ਮਨਾਏ ਜਾਂਦੇ ਹਨ, ਜਿਵੇਂ ਅਮਰੀਕਾ ਵਿਚ ਅਕਤੂਬਰ ਦੇ ਮਹੀਨੇ ‘ਹੈਲੋਵੀਨ’, ਇਟਲੀ ਵਿਚ ਫਰਵਰੀ ਵਿਚ ‘ਰੇਡਿਕਾ’, ਫਰਾਂਸ ਵਿਚ ‘ਮੂਰਖ ਦਿਵਸ’, ਚੈਕੋਸਲੋਵਾਕੀਆ ਵਿਚ ‘ਬੇਲੀਆ ਕੋਨੋਸੇ’ ਆਦਿ; ਪਰ ਹੋਲੀ ਕਈ ਪੱਖਾਂ ਤੋਂ ਨਿਵੇਕਲਾ ਤਿਉਹਾਰ ਹੈ। ਹੋਲੀ ਅਸਲ ਵਿਚ ਬਸੰਤ ਰੁੱਤ ਦੇ ਚਾਲੀਸੇ ਦਾ ਆਖਰੀ ਦਿਨ ਹੈ। ਹੋਲੀ ਬਸੰਤ ਰੁੱਤ ਜਾਂ ਗੁਲਾਲ ਨਾਲ ਸਬੰਧਤ ਹੋਣ ਕਰ ਕੇ, ਫਾਗ ਨਾਂ ਨਾਲ ਵੀ ਜਾਣੀ ਜਾਂਦੀ ਹੈ। ਬਸੰਤ ਰਾਗ ਵਿਚ ਗੁਰੂ ਅਰਜਨ ਦੇਵ ਨੇ ਪਰਮਾਤਮਾ ਨਾਲ ਹੋਏ ਮਹਾਂ-ਮਿਲਨ ਦੀ ਦਸ਼ਾ ਨੂੰ ਫਾਗ ਜਾਂ ਹੋਲੀ ਦੀ ਮੰਗਲਮਈ ਅਵਸਥਾ ਰਾਹੀਂ ਦਰਸਾਇਆ ਹੈ:
ਆਜੁ ਹਮਾਰੈ ਬਨੈ ਫਾਗੁ॥
ਪ੍ਰਭ ਸੰਗੀ ਮਿਲਿ ਖੇਲਨ ਲਾਗੁ॥
ਹੋਲੀ ਕੀਨੀ ਸੰਤ ਸੇਵ॥
ਰੰਗ ਲਾਗਾ ਅਤਿ ਲਾਲ ਦੇਵ॥
ਇਹ ਵੀ ਸਬੱਬ ਹੀ ਹੈ ਕਿ ਪੱਛਮੀ ਪ੍ਰਭਾਵ ਹੇਠ ਜ਼ੋਰ ਫੜ ਗਿਆ ਤਿਉਹਾਰ ‘ਵੈਲਨਟਾਈਨ ਡੇ’ ਵੀ ਇਸੇ ਮਹੀਨੇ 14 ਤਰੀਕ ਨੂੰ ਆਉਂਦਾ ਹੈ। ਵੱਡੇ-ਵੱਡੇ ਸ਼ਹਿਰਾਂ ਵਿਚ ਸ਼ੁਰੂ ਹੋਇਆ ਇਹ ਤਿਉਹਾਰ ਹੁਣ ਛੋਟੇ ਸ਼ਹਿਰਾਂ ਵਿਚ ਵੀ ਜ਼ੋਰ ਫੜ ਰਿਹਾ ਹੈ। ਇਸ ਦਿਨ ਨੌਜੁਆਨ ਮੁੰਡੇ-ਕੁੜੀਆਂ ਇਕ ਦੂਜੇ ਨੂੰ ਗੁਲਾਬ ਦੇ ਫੁੱਲ ਪਿਆਰ ਸੰਦੇਸ਼ ਵਜੋਂ ਦਿੰਦੇ ਹਨ। ਵੱਡੇ ਸ਼ਹਿਰਾਂ ਵਿਚ ਤਾਂ ਕਈ ਵਾਰੀ ਗੁਲਾਬ ਦੇ ਫੁੱਲ ਬਹੁਤ ਮਹਿੰਗੇ ਵਿਕਦੇ ਹਨ। ਕੁਦਰਤੀ ਮੌਸਮ ਐਸਾ ਹੁੰਦਾ ਹੈ ਕਿ ਇਸ ਮੌਕੇ ਗੁਲਾਬ ਤੋਂ ਬਿਨਾ ਅਨੇਕਾਂ ਹੋਰ ਫੁੱਲ ਵੀ ਭਰ ਜੋਬਨ ‘ਤੇ ਹੁੰਦੇ ਹਨ। ਪਿਆਰ ਵਰਗੇ ਕੋਮਲ ਅਹਿਸਾਸ ਦੇ ਇਜ਼ਹਾਰ ਲਈ ਫੁੱਲਾਂ ਤੋਂ ਵਡੇਰਾ ਸਾਧਨ ਹੋਰ ਕੀ ਹੋ ਸਕਦਾ ਹੈ?
ਪੁਰਾਣੇ ਪੰਜਾਬ ਵਿਚ ਇਨ੍ਹੀਂ ਦਿਨੀਂ ਮਾਲ-ਡੰਗਰ ਖਾਸ ਕਰ ਕਮਾਦ ਦੀ ਬਿਜਾਈ ਲਈ ਖੇਤਾਂ ਵਿਚ ਲਿਜਾਏ ਜਾਂਦੇ ਸਨ, ਕਿਉਂਕਿ ਕਮਾਦ ਦੀ ਫਸਲ ਨੂੰ ਉਪਜਾਊ ਜਮੀਨ ਦੀ ਲੋੜ ਹੁੰਦੀ ਹੈ। ਡੰਗਰ ਬਾਹਰ ਆਉਣ ਨਾਲ ਪਿੰਡ ਦੀਆਂ ਸਰਗਰਮੀਆਂ ਖੇਤ ਕੇਂਦਰਿਤ ਅਤੇ ਬਾਹਰਮੁਖੀ ਹੋਣ ਲੱਗਦੀਆਂ ਹਨ। ਕਸਰਤ ਲਈ ਵੀ ਇਹ ਮੌਸਮ ਵਧੀਆ ਹੈ। ਖੇਤਾਂ ਵਿਚ ਕੁਸ਼ਤੀਆਂ ਤੇ ਕਬੱਡੀਆਂ ਖੇਡੀਆਂ ਜਾਣ ਲੱਗਦੀਆਂ ਹਨ। ਮਾਲਸ਼ਾਂ ਹੁੰਦੀਆਂ ਹਨ ਅਤੇ ਡੰਡ-ਬੈਠਕਾਂ ਕੱਢਦੇ ਹਨ।
ਇਹ ਸੱਚ ਹੈ ਕਿ ਪੇਂਡੂ ਪੰਜਾਬ ਵਿਚ ਹੋਲੀ ਜਾਂ ਵੈਲਨਟਾਈਨ ਵਰਗੇ ਤਿਉਹਾਰ ਬਹੁਤੇ ਚੰਗੇ ਨਹੀਂ ਸਮਝੇ ਜਾਂਦੇ। ਗੁਰੂ ਗੋਬਿੰਦ ਸਿੰਘ ਜੀ ਨੇ ਖਾਸ ਤੌਰ ‘ਤੇ ਇਸ ਮੌਸਮ ਵਿਚ ਹੋਲੀ ਵਰਗੇ ਕਾਮ-ਦੇਵ ਦੀ ਪੂਜਾ ਦੇ ਪਿਛੋਕੜ ਵਾਲੇ ਤਿਉਹਾਰ ਨੂੰ ਜਰਵਾਣਿਆਂ ਨਾਲ ਲੜਨ ਲਈ ਵਰਤਣ ਦਾ ਸੋਚਿਆ। ਜੋ ਕੌਮਾਂ ਕਾਮ-ਹੁਲਾਸ ਵਿਚ ਮਚਲਦੀਆਂ ਰਹਿਣ ਜਾਂ ਰੰਗ-ਰਲੀਆਂ ਮਨਾਉਂਦੀਆਂ ਰਹਿਣ, ਗੁਲਾਮ ਹੋ ਜਾਂਦੀਆਂ ਹਨ:
ਜੇ ਜੀਵੇ ਪਤਿ ਲੱਥੀ ਜਾਇ॥
ਤੇਤਾ ਹਰਾਮ ਜੇਤਾ ਕੁਛ ਖਾਇ॥
ਗੁਰੂ ਜੀ ਨੇ ਖੇਤਾਂ ਵਿਚ ਮਾਲਸ਼ਾਂ ਕਰਦੇ ਨੌਜੁਆਨਾਂ ਨੂੰ ਕੁਸ਼ਤੀਆਂ ਲੜਨ ਲਈ ਅਨੰਦਪੁਰ ਸਾਹਿਬ ਬੁਲਾਇਆ। ਉਨ੍ਹਾਂ ਨੂੰ ਯੁੱਧ ਕਲਾ ਸਿੱਖਣ ਲਈ ਪ੍ਰੇਰਿਆ। ਵੱਡੇ ਅਖਾੜੇ ਲੱਗਣ ਲੱਗੇ। ਝੱਟ ਹੀ ਸਾਰਾ ਪੰਜਾਬ ਹੋਲੀ ਦੀ ਥਾਂ ਹੋਲੇ ਵਿਚ ਸ਼ਾਮਲ ਹੋਣ ਲੱਗਾ। ਇਹ ਤਿੰਨ-ਦਿਨਾਂ ਮੇਲਾ ਅੱਜ ਵੀ ਪੰਜਾਬ ਦੇ ਸਿੱਖਾਂ ਲਈ ਵਿਸ਼ੇਸ਼ ਖਿੱਚ ਰੱਖਦਾ ਹੈ ਜਿਸ ਵਿਚ ਖਾਸ ਕਰ ਨਿਹੰਗਾਂ ਦੇ ਯੁੱਧ ਕਲਾ ਦੇ ਜੌਹਰ ਦੇਖਣ ਲਾਇਕ ਹੁੰਦੇ ਹਨ। ਪਹਿਲੇ ਵੇਲਿਆਂ ਵਿਚ ਲੋਕੀਂ ਪੈਦਲ ਜਾਂ ਸਾਈਕਲਾਂ ‘ਤੇ ਅਨੰਦਪੁਰ ਸਾਹਿਬ ਜਾਂਦੇ ਸਨ। ਅੱਜ ਕੱਲ੍ਹ ਆਵਾਜਾਈ ਦੇ ਸਾਧਨ ਵਧਣ ਨਾਲ ਅਨੰਦਪੁਰ ਸਾਹਿਬ ਪਹੁੰਚਣਾ ਸੌਖਾ ਹੋ ਗਿਆ ਹੈ।
ਇਸ ਮੌਕੇ ਜਿਥੇ ਨਿਹੰਗ ਸਿੰਘ ਜੰਗੀ ਕਰਤਬ ਦਿਖਾਉਂਦੇ ਹਨ, ਉਥੇ ਧਾਰਮਕ ਤੇ ਰਾਜਨੀਤਕ ਸਟੇਜਾਂ ਲਈ ਵੀ ਵਧੀਆ ਮੌਕਾ ਬਣ ਜਾਂਦਾ ਹੈ। ਪੰਜਾਬੀ ਕਿਸਾਨ ਇਨ੍ਹੀਂ ਦਿਨੀਂ ਵਿਹਲਾ ਹੁੰਦਾ ਹੈ, ਕੁਝ ਦਿਨ ਲਈ ਬਾਹਰ ਨਿਕਲ ਸਕਣਾ ਸੁਖਾਲਾ ਹੁੰਦਾ ਹੈ। ਸ਼ਾਇਦ ਪੰਜਾਬ ਦਾ ਇਹ ਇਕੱਲਾ ਮੇਲਾ ਹੈ, ਜੋ ਸਾਰੇ ਪੰਜਾਬ ‘ਚ ਵੱਡੀ ਹਲਚਲ ਮਚਾ ਦਿੰਦਾ ਹੈ। ਦਿਨ-ਰਾਤ ਗੱਡੀਆਂ ਅਨੰਦਪੁਰ ਸਾਹਿਬ ਨੂੰ ਚਲਦੀਆਂ ਹਨ ਅਤੇ ਰਸਤੇ ਵਿਚ ਚੌਵੀ ਘੰਟੇ ਲੰਗਰ ਚਲਦੇ ਹਨ। ਪਰਿਵਾਰਾਂ ਦੇ ਪਰਿਵਾਰ ਆਪਣੀਆਂ ਗੱਡੀਆਂ ਜਾਂ ਟਰੈਕਟਰ-ਟਰਾਲੀਆਂ ਉਤੇ ਸੰਗਤਾਂ ਦੇ ਰੂਪ ਵਿਚ ਅਨੰਦਪੁਰ ਸਾਹਿਬ ਪਹੁੰਚ ਜਾਂਦੇ ਹਨ। ਕਈ ਅਗਾਂਹ ਨੈਨਾ ਦੇਵੀ ਜਾਂ ਡੇਰਾ ਬਾਬਾ ਵਡਭਾਗ ਸਿੰਘ ਨੂੰ ਤੁਰ ਪੈਂਦੇ ਹਨ।
ਫੱਗਣ ਦੀ ਰੁੱਤ ਐਸੀ ਪਿਆਰੀ ਰੁੱਤ ਹੈ ਕਿ ਇਸ ਨੇ ਕਈ ਕਵੀਆਂ ਅੰਦਰ ਕਾਵਿਕ ਤਰੰਗਾਂ ਛੇੜੀਆਂ ਹਨ। ਸਾਡੇ ਲੋਕ ਗੀਤਾਂ ਵਿਚ ਵੀ ਫੱਗਣ ਦੀ ਰੁੱਤ ਦਾ ਵਿਸ਼ੇਸ਼ ਜ਼ਿਕਰ ਹੈ। ਕਾਲੀਦਾਸ ਵੀ ਇਸ ਰੁੱਤ ਬਾਰੇ ਵਿਸ਼ੇਸ਼ ਜ਼ਿਕਰ ਕਰਦਾ ਹੈ:
“ਬ੍ਰਿਛ ਪ੍ਰਫੁੱਲਤ ਹੋ ਉਠੇ ਹਨ, ਪਾਣੀ ਵਿਚ ਕੌਲ ਖਿੜ ਪਏ ਹਨ। ਪੌਣਾਂ ਮਹਿਕਦਾਰ ਹੋ ਗਈਆਂ ਹਨ, ਸ਼ਾਮਾਂ ਸੁਹਾਵਣੀਆਂ ਲੱਗਣ ਲੱਗ ਪਈਆਂ ਹਨ। ਗੱਲ ਕੀ ਬਸੰਤ ਵਿਚ ਸਭ ਕੁਝ ਹੀ ਸੋਹਣਾ-ਸੋਹਣਾ ਪਿਆ ਲੱਗਦਾ ਹੈ। ਪ੍ਰੇਮ ਗੀਤਾਂ ਦਾ ਜਨਮ ਹੁੰਦਾ ਹੈ। ਹਰ ਚੀਜ਼ ਆਪਣੇ ਜੋੜੇ ਦੀ ਭਾਲ ਵਿਚ ਨਜ਼ਰ ਆਉਂਦੀ ਹੈ।”
ਅੰਮ੍ਰਿਤਾ ਪ੍ਰੀਤਮ ਦੀਆਂ ਫੱਗਣ ਦੀ ਰੁੱਤ ਬਾਰੇ ਕਿੰਨੀਆਂ ਹੀ ਕਵਿਤਾਵਾਂ ਹਨ:
ਰੰਗ ਦੇ ਦੁਪੱਟਾ ਮੇਰਾ
ਰੁੱਤੇ ਨੀ ਲਲਾਰਣੇ।
ਅੱਜ ਮੈਂ ਲੋਕਾਈ
ਉਤੇ ਸਾਰੇ ਰੰਗ ਵਾਰਨੇ।

ਇਕ ਸੁਪਨੇ ਵਰਗਾ ਰੰਗ
ਕਿ ਰੰਗ ਗੁਲਾਬ ਦਾ।
ਇਕ ਕੱਚਾ ਸੂਹਾ ਰੰਗ
ਸੋਹਲਵੇਂ ਸਾਲ ਦਾ।
ਇਕ ਪੱਕਾ ਸੂਹਾ ਰੰਗ
ਕਿ ਰੰਗ ਖਿਆਲ ਦਾ।
ਇਹ ਦੋ ਰੁਤਾਂ ਦਾ ਮੇਲ
ਹੁਨਾਲ ਸਿਆਲ ਦਾ।
ਮਹਾਨ ਕਵੀ ਧਨੀ ਰਾਮ ਚਾਤ੍ਰਿਕ ਵੀ ਫੱਗਣ ਮਹੀਨੇ ਬਸੰਤ ਰੁੱਤ ਬਾਰੇ ਲਿਖਦੇ ਹਨ:
ਫੱਗਣ ਮਾਹ ਮੁਬਾਰਕ ਚੜ੍ਹਿਆ
ਬੈਠੀ ਤਖਤ ਬਸੰਤੋ ਰਾਣੀ।
ਰੂਪ ਚੜ੍ਹ ਗਿਆ ਫੁੱਲਾਂ ਉਤੇ
ਫਸਲ ਫਲਾਂ ਜਵਾਨੀ ਮਾਣੀ।
ਸ਼ਿਵ ਕੁਮਾਰ ਬਟਾਲਵੀ ਵੀ ਖੁਸ਼ਬੂਆਂ ਦੀ ਗੱਲ ਕਰਦਿਆਂ ਫੱਗਣ-ਚੇਤਰ ਨੂੰ ਯਾਦ ਕਰਦਾ ਹੈ:
ਤਂੈਡੀਆਂ ਗਲੋੜੀਆਂ
ਜਿਉਂ ਕਿਣ-ਮਿਣ ਕਣੀਆਂ।
ਜਿਉਂ ਫੱਗਣ ਘਰ
ਮਹਿਕਾਂ ਜਣੀਆਂ।
ਜਿਵੇਂ ਮਦਰਾ ਦਾ ਦਰਿਆ
ਤੈਂਡੀਆਂ ਗਲੋੜੀਆਂ
ਜਿਉਂ ਚੇਤਰ ਦੀ ਵਾ।
ਪੰਜਾਬ ਵਿਚ ਇਸ ਮਹੀਨੇ ਹੋਲੀ ਤੋਂ ਬਿਨਾ ਸ਼ਿਵਰਾਤਰੀ ਦਾ ਤਿਉਹਾਰ ਅਤੇ ਜਗਰਾਵਾਂ ਦਾ ਰੋਸ਼ਨੀ ਦਾ ਮੇਲਾ ਆਉਂਦੇ ਹਨ। ਫੱਗਣ ਦੀ ਕ੍ਰਿਸ਼ਨ ਪੱਖ ਦੀ ਚੌਦਸ ਨੂੰ ਸ਼ਿਵਰਾਤਰੀ ਦਾ ਦਿਨ ਮਨਾਇਆ ਜਾਂਦਾ ਹੈ। ਇਸ ਦਿਨ ਸ਼ਿਵ ਜੀ ਦੇ ਭਗਤ ਪੂਜਾ ਕਰਦੇ ਹਨ ਕਿ ਜਿਵੇਂ ਸ਼ਿਵ ਜੀ ਨੇ ਜ਼ਹਿਰ ਪੀ ਕੇ ਧਰਤੀ ਨੂੰ ਭਸਮ ਹੋਣੋਂ ਬਚਾ ਲਿਆ ਸੀ, ਉਵੇਂ ਹੀ ਭਗਵਾਨ ਉਨ੍ਹਾਂ ਨੂੰ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਆਦਿ ਦਾ ਜ਼ਹਿਰ ਕਾਬੂ ਕਰਨ ਦੀ ਸਮਰੱਥਾ ਬਖਸ਼ੇ। ਇਹ ਉਤਸਵ ਸਾਰੇ ਭਾਰਤ ਵਿਚ ਹੀ ਮਨਾਇਆ ਜਾਂਦਾ ਹੈ। ਪੰਜਾਬ ਵਿਚ ਇਹ ਉਤਸਵ ਬਟਾਲੇ ਲਾਗੇ ਅਚੱਲ ਸਾਹਿਬ ਵਿਖੇ ਮਨਾਇਆ ਜਾਂਦਾ ਹੈ, ਦੂਰ-ਦੂਰ ਤੋਂ ਸ਼ਿਵ ਭਗਤ, ਜੋਗੀ, ਮੁਨੀ ਪਹੁੰਚਦੇ ਹਨ। ਭਾਈ ਗੁਰਦਾਸ ਦੀਆਂ ਵਾਰਾਂ ਵਿਚ ਵੀ ਜ਼ਿਕਰ ਆਇਆ ਹੈ:
ਸੁਣ ਮੇਲਾ ਸ਼ਿਵਰਾਤ ਦਾ
ਬਾਬਾ ਅਚਲ ਵਟਾਲੇ ਆਈ।
14, 15 ਤੇ 16 ਫੱਗਣ ਨੂੰ ਜ਼ਿਲਾ ਲੁਧਿਆਣਾ ਦੇ ਸ਼ਹਿਰ ਜਗਰਾਵਾਂ ਵਿਚ ਇਕ ਫਕੀਰ ਦੀ ਕਬਰ ‘ਤੇ ਭਾਰੀ ਮੇਲਾ ਲੱਗਦਾ ਹੈ। ਕਹਿੰਦੇ ਹਨ ਕਿ ਪੋਨਿਆਂ ਵਾਲੇ ਇਸ ਫਕੀਰ ਦੀ ਕਬਰ ‘ਤੇ ਸੁੱਖਣਾ ਸੁੱਖਣ ਨਾਲ ਸਭ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਹਨ। ਸੁੱਖਣਾ ਪੂਰੀਆਂ ਹੋਣ ‘ਤੇ ਫਕੀਰ ਦੀ ਕਬਰ ਉਤੇ ਚਿਰਾਗ ਬਾਲੇ ਜਾਂਦੇ ਹਨ, ਇਸ ਕਰ ਕੇ ਇਸ ਦਾ ਨਾਂ ਰੋਸ਼ਨੀ ਦਾ ਮੇਲਾ ਪੈ ਗਿਆ ਹੈ। ਲੋਕ ਚੌਂਕੀਆਂ ਭਰਨ ਲਈ ਦੋ ਦਿਨ ਪਹਿਲਾਂ ਹੀ ਪਹੁੰਚ ਜਾਂਦੇ ਹਨ। ਮੇਲਾ ਤਿੰਨ ਦਿਨ ਚੱਲਦਾ ਹੈ। ਮੌਸਮ ਕਿਉਂਕਿ ਖੁੱਲ੍ਹਾ ਹੁੰਦਾ ਹੈ, ਨਾ ਗਰਮੀ ਤੇ ਨਾ ਸਰਦੀ, ਇਸ ਲਈ ਕੁਸ਼ਤੀਆਂ ਤੇ ਕਬੱਡੀ ਦੇ ਮੁਕਾਬਲੇ ਹੁੰਦੇ ਹਨ। ਸੁੱਖਣਾ ਪੂਰੀਆਂ ਹੋਣ ਕਰ ਕੇ ਭੰਗੜੇ ਪੈਂਦੇ ਹਨ ਅਤੇ ਬੋਲੀਆਂ ਦਾ ਪਿੜ ਬੱਝਦਾ ਹੈ:
ਆਰੀ, ਆਰੀ, ਆਰੀ
ਵਿਚ ਜਗਰਾਵਾਂ ਦੇ
ਲੱਗਦੀ ਰੋਸ਼ਨੀ ਭਾਰੀ
ਮੁਨਸ਼ੀ ਡਾਂਗੋਂ ਦਾ
ਡਾਂਗ ਰੱਖਦਾ ਗੰਡਾਸੀ ਵਾਲੀ
ਕੋਹਰਾ ਰਕਬੇ ਦਾ
ਉਹ ਕਰਦਾ ਲੜਾਈ ਭਾਰੀ
ਅਰਜਨ ਚੀਮਿਆਂ ਦਾ
ਉਹ ਡਾਕੇ ਮਾਰਦਾ ਭਾਰੀ
ਮਦਨ ਭੰਕਿਆਂ ਦਾ
ਜੀਹਨੇ ਕੁੱਟਤੀ ਪੰਡੋਰੀ ਸਾਰੀ
ਧੰਨ ਕੌਰ ਦੌਧਰ ਦੀ
ਜਿਹੜੀ ਬੈਲਣ ਹੋਗੀ ਕਾਰੀ
ਮੌਲਕ ਸੂਰਮੇ ਨੇ
ਹੱਥ ਜੋੜ ਕੇ ਗੰਡਾਸੀ ਮਾਰੀ
ਬਈ ਪਰਲੋ ਆ ਜਾਂਦੀ
ਨਾ ਹੁੰਦੀ ਜੇ ਪੁਲਸ ਸਰਕਾਰੀ।
ਜਿਥੇ ਅੰਗਰੇਜ਼ੀ ਮਹੀਨੇ ਦਾ ਅੰਤ ਅਤੇ ਆਗਾਜ਼ ਅਤਿ ਸਰਦੀ ਵਿਚ ਹੁੰਦਾ ਹੈ, ਉਥੇ ਪੰਜਾਬੀ ਵਰ੍ਹੇ ਦਾ ਅੰਤ ਅਤੇ ਆਗਾਜ਼ ਅਤਿ ਸੁਹਾਵਣੇ ਮੌਸਮ ਨਾਲ ਹੁੰਦਾ ਹੈ, ਪਰ ਅਫਸੋਸ ਸਾਡੇ ਕਲਚਰ ਵਿਚ ਨਾ ਜਾਂਦੇ ਵਰ੍ਹੇ ਨੂੰ ਰੁਖਸਤ ਕਰਨ ਅਤੇ ਨਾ ਹੀ ਆਉਂਦੇ ਵਰ੍ਹੇ ਨੂੰ ਖੁਸ਼-ਆਮਦੀਦ ਕਹਿਣ ਦਾ ਰਿਵਾਜ਼ ਹੈ।