ਸਾਕਾ ਨੀਲਾ ਤਾਰਾ ਨੂੰ 34 ਵਰ੍ਹੇ ਬੀਤ ਗਏ ਹਨ ਪਰ ਹਰ ਸੰਜੀਦਾ ਸ਼ਖਸ ਅਤੇ ਸਿੱਖ ਦੇ ਮਨ ਵਿਚ ਅਚੇਤ ਜਾਂ ਸੁਚੇਤ ਇਹ ਘੱਲੂਘਾਰਾ ਅੱਜ ਵੀ ਜਾਗ ਰਿਹਾ ਹੈ। ਪੰਜਾਬੀ ਦੇ ਪ੍ਰਸਿਧ ਕਵੀ (ਮਰਹੂਮ) ਡਾ. ਹਰਿਭਜਨ ਸਿੰਘ (18 ਅਗਸਤ 1920-21 ਅਕਤੂਬਰ 2002) ਨੇ ਇਸ ਨੂੰ ਜੜ੍ਹਾਂ ਵਾਲਾ ਫੋੜਾ ਕਿਹਾ ਹੈ। ਉਨ੍ਹਾਂ ਦੀ ਇਹ ਰਚਨਾ ਸਾਕੇ ਤੋਂ ਨੌਂ ਵਰ੍ਹਿਆਂ ਬਾਅਦ ਦੀ ਹੈ ਪਰ ਇਸ ਵਿਚ ਪਰੋਈ ਚੀਸ ਅੱਜ ਵੀ ਮਹਿਸੂਸ ਕੀਤੀ ਜਾ ਸਕਦੀ ਹੈ। ਇਸ ਰਚਨਾ ਵਿਚ ਕਵੀ-ਮਨ ਅਤੇ ਬਾਲ-ਮਨ ਵਾਲੀ ਤੜਫਾਹਟ ਸੱਚਮੁੱਚ ਰੁਦਨ ਪੈਦਾ ਕਰਦੀ ਹੈ।
ਇਹ ਸਿਆਸਤ ਤੋਂ ਪਾਰ ਜਾ ਕੇ ਕੀਤੀ ਗਈ ਗੱਲ ਹੈ। ਇਸੇ ਕਰ ਕੇ ਇਹ ਜਦੋਂ ਉਨ੍ਹਾਂ ਮਾਰੂ ਵਕਤਾਂ ਦਾ ਚੇਤਾ ਕਰਵਾਉਂਦੀ ਹੈ ਤਾਂ ਦੋਹਾਂ ਪਾਸਿਆਂ ਦੀਆਂ ਖੁਨਾਮੀਆਂ ਵੱਲ ਇਸ਼ਾਰਾ ਕਰਦੀ ਹੈ। -ਸੰਪਾਦਕ
ਹਰਿਭਜਨ ਸਿੰਘ
ਨੀਲੇ ਤਾਰੇ ਦਾ ਸਾਕਾ ਪੰਜਾਬੀ ਲੋਕ-ਇਤਿਹਾਸ ਦੀ ਅਤਿ ਦੁਖਦਾਈ ਘਟਨਾ ਹੈ। ਇਸ ਸਾਕੇ ਨੂੰ ਨੌਂ ਸਾਲ ਬੀਤੇ ਚੁਕੇ ਹਨ ਅਤੇ ਇਹ ਹਾਲੇ ਵੀ ਲਾਇਲਾਜ ਨਾਸੂਰ ਵਾਂਗ ਵਗੀ ਜਾ ਰਿਹਾ ਹੈ। ਲੋਕ-ਸੂਝ ਨੇ ਨਾਸੂਰ ਨੂੰ ‘ਜੜ੍ਹਾਂ ਵਾਲਾ ਫੋੜਾ’ ਮਿਥਿਆ ਹੋਇਆ ਹੈ; ਫੋੜਾ ਜੋ ਆਪਣੀਆਂ ਜੜ੍ਹਾਂ ਮਨੁੱਖ ਦੇ ਅੰਦਰਵਾਰ ਜਮਾ ਕੇ ਪੱਕੇ ਤੌਰ ‘ਤੇ ਟਿਕਿਆ ਹੋਇਆ ਹੈ। ਇਹ ਨਿਰੋਲ ਇਤਿਹਾਸਕ ਘਟਨਾ ਨਹੀਂ, ਇਹ ਸਭਿਆਚਾਰਕ ਤ੍ਰਾਸਦੀ ਹੈ। ਕਵਿਤਾ ਵਿਚ ਇਹਨੇ ਕਰੁਣਾ, ਭੈ ਅਤੇ ਕਚਿਆਣ ਦੇ ਰਲੇ-ਮਿਲੇ ਚਿਤਰ ਬਣ ਕੇ ਪ੍ਰਗਟ ਹੋਣਾ ਹੀ ਹੈ।
ਇਸ ਸਾਕੇ ਦੀਆਂ ਸਭਿਆਚਾਰਕ ਜੜ੍ਹਾਂ ਕਿਥੇ ਹਨ? ਹਰਿਮੰਦਿਰ ਸਾਹਿਬ ਅਤੇ ਅਕਾਲ ਤਖਤ ਸਾਹਿਬ ਦੇ ਉਘੜ-ਦੁਘੜ ਪਏ ਮਲਬੇ ਵਿਚ। ਜੋ ਬਾਹਰ ਇੱਟ-ਪੱਥਰ ਦੇ ਰੂਪ ਵਿਚ ਟੁੱਟਾ ਹੈ, ਉਹਦੀਆਂ ਜੜ੍ਹਾਂ ਧੁਰ ਡੂੰਘੇ ਸਾਡੇ ਜਾਤੀ ਅਵਚੇਤਨ ਵਿਚ ਹਨ। ਆਧੁਨਿਕ ਸਮੇਂ ਦੇ ਇਕ ਕਵੀ ਕੇਦਾਰਨਾਥ ਸਿੰਘ ਦੀ ਕਵਿਤਾ ਯਾਦ ਆ ਰਹੀ ਹੈ। ਇਕ ਬੱਚੇ ਦਾ ਮਿੱਟੀ ਦਾ ਖਿਡਾਉਣਾ (ਖਿਡੌਣਾ) ਟੁੱਟ ਜਾਂਦਾ ਹੈ। ਉਹ ਰੋਂਦਾ ਹੈ। ਕਵੀ ਉਹਨੂੰ ਉਹੋ ਜਿਹਾ ਖਿਡਾਉਣਾ ਲੈ ਕੇ ਦੇਂਦਾ ਹੈ, ਤਾਂ ਜੁ ਉਹ ਚੁੱਪ ਕਰ ਜਾਏ। ਬੱਚਾ ਉਹ ਖਿਡਾਉਣਾ ਨਹੀਂ ਲੈਂਦਾ। ਉਹ ਰੋਈ ਜਾਂਦਾ ਹੈ ਕਿ ਮੈਨੂੰ ਉਹੋ ਆਪਣਾ ਖਿਡਾਉਣਾ ਚਾਹੀਦਾ ਹੈ। ਕਵੀ ਟੁੱਟੇ ਹੋਏ ਖਿਡਾਉਣੇ ਦੀਆਂ ਚਿਪਰਾਂ ਜੋੜ ਕੇ ਉਹਨੂੰ ਮੁੜ ਸਾਲਮ-ਸਬੂਤ ਕਰਦਾ ਹੈ ਪਰ ਬੱਚੇ ਨੂੰ ਇਹ ਵੀ ਸਵੀਕਾਰ ਨਹੀਂ। ਉਹਨੂੰ ਤਾਂ ਆਪਣਾ ਖਿਡਾਉਣਾ ਉਵੇਂ ਦਾ ਉਵੇਂ ਹੀ ਚਾਹੀਦਾ ਹੈ। ਕਿਥੇ ਹੈ ਉਹ ਖਿਡਾਉਣਾ ਉਵੇਂ ਦਾ ਉਵੇਂ। ਕਵੀ ਨੂੰ ਪਤਾ ਹੈ ਕਿ ਉਹ ਖਿਡਾਉਣਾ ਅਜੇ ਵੀ ਹੈ, ਉਵੇਂ ਦਾ ਉਵੇਂ, ਬੱਚੇ ਦੇ ਅੰਤਰਮਨ ਵਿਚ ਜਿਸ ਨੂੰ ਉਹਦੀ ਅੰਤਰਦ੍ਰਿਸ਼ਟੀ ਵੇਖਦੀ ਹੈ।
ਇਸੇ ਤਰ੍ਹਾਂ ਦਾ ਸਾਡੇ ਅੰਤਰਮਨ ਵਿਚ ਵਸਿਆ ਸਾਡਾ ਹਰਿਮੰਦਰ ਉਵੇਂ ਦਾ ਉਵੇਂ ਹੈ, ਜਿਸ ਨੂੰ ਸਾਕਾ ਨੀਲਾ ਤਾਰਾ ਨੇ ਤੋੜਿਆ। ਬਾਹਰੋਂ ਟੁੱਟਾ ਅੰਦਰ ਉਹ ਉਵੇਂ ਦਾ ਉਵੇਂ ਸਾਲਮ-ਸਬੂਤ ਪਿਆ ਹੈ। ਨਾ ਬੱਚੇ ਦਾ ਰੋਣ ਮੁਕਦਾ ਹੈ, ਨਾ ਹਰਿਮੰਦਰ ਸਾਹਿਬ ਨੂੰ ਪਿਆਰ ਕਰਨ ਵਾਲਿਆਂ ਦੇ ਰੋਸ ਦਾ ਅੰਤ ਹੁੰਦਾ ਹੈ। ਇਸੇ ਫੋੜੇ ਦੀਆਂ ਜੜ੍ਹਾਂ ਸਾਡੇ ਧੁਰਦੇਸ ਵਿਚ ਹਨ।
ਇਸ ਸਾਕੇ ਤੋਂ ਪਹਿਲਾਂ ਵੀ, ਪੰਜਾਬ ਵਿਚ ਵਿਸ਼ੇਸ਼ ਕਰ ਕੇ ਸਾਡੇ ਪਵਿਤਰ ਸ਼ਹਿਰ, ਅੰਮ੍ਰਿਤਸਰ ਵਿਚ, ਕੁਝ ਖਿਡਾਉਣੇ ਟੁੱਟਣੇ ਸ਼ੁਰੂ ਹੋਏ ਸਨ ਤੇ ਮੇਰੇ ਜਿਹੇ ਬਾਲਾਂ ਨੇ ਆਪਣਾ ਰੋਣ, ਆਪਣਾ ਰੋਸ ਪ੍ਰਗਟਾਉਣਾ ਅਰੰਭ ਕਰ ਦਿੱਤਾ ਸੀ। ਪੰਜਾਬੀ ਹਉਂ ਦੀ ਸਲਾਮਤੀ ਸਬੰਧੀ ਤੌਖਲੇ ਉਪਜਣੇ ਸ਼ੁਰੂ ਹੋ ਗਏ ਸਨ। ਹਉਂ ਕਿਥੇ ਹੈ? ਹਉਂ ਤਾਂ ਸਾਡੇ ਧੁਰ ਅੰਦਰ ਟਿਕਿਆ ਹੋਇਆ ਵਿਸ਼ਵਾਸ-ਚਿਤਰ ਹੈ। ਇਸ ਨੂੰ ਤਿੜਕਦਾ ਵੇਖ ਕੇ ਮੈਂ ਬੱਚਿਆਂ ਵਾਂਗ ਡੁਸਕਿਆ ਸਾਂ:
ਮਾਏ ਮੈਨੂੰ ਅੰਬਰਸਰ ਲਗਦਾ ਪਿਆਰਾ
ਸੋਨੇ ਦੀਆਂ ਜਿਥੇ ਇੱਟਾਂ ਨੇ ਲੱਗੀਆਂ
ਚਾਂਦੀ ਦਾ ਲੱਗਿਆ ਏ ਗਾਰਾ
ਹਰਿਮੰਦਰ ਤਾਂ ਸਭ ਦਾ ਸਾਂਝਾ
ਸਮਤਾ ਦਾ ਭੰਡਾਰਾ।
ਹਰਿਮੰਦਰ ਨੂੰ ਤੁਰਦੀ ਜਾਵਾਂ
ਮਨ ਵਿਚ ਸੰਸਾ ਭਾਰਾ
ਹਿੰਦੂ ਪੇਕੇ ਮੇਰੇ ਸਿੱਖ ਸਾਹੁਰੇ
ਮੇਰਾ ਕਿਥੇ ਸ਼ੁਮਾਰਾ
ਤੈਂ ਦਰ ਛਡ ਕੇ ਮੈਂ ਕੈਂ ਦਰ ਜਾਵਾਂ
ਕੌਣ ਕਰੇ ਨਿਸਤਾਰਾ?
ਹਾਂ, ਇਹ ਕਵਿਤਾ ਬਾਲ-ਕਵੀ ਦਾ ਕੀਰਨਾ ਹੈ। ਉਪਰੋਕਤ ਗੀਤ ਦਾ ਮੁਖੜਾ ਬਾਲ-ਅਵਸਥਾ ਵਿਚ ਮੈਂ ਆਪਣੀ ਮਾਂ ਦੇ ਮੂੰਹੋਂ ਸੁਣਿਆ ਸੀ। ਹਾਲ ਬਾਜ਼ਾਰ ਵਿਚ ਸਾਡਾ ਪਰਿਵਾਰ ਨੰਗੇ ਪੈਰੀਂ ਤੁਰਿਆ ਜਾਂਦਾ, ਕਿਸੇ ਮੱਸਿਆ ਵਾਲੇ ਦਿਨ, ਇਹ ਗੀਤ ਗਾ ਰਿਹਾ ਸੀ। ਨੀਲੇ ਤਾਰੇ ਦੇ ਸਾਕੇ ਤੋਂ ਦੋ ਕੁ ਸਾਲ ਪਹਿਲਾਂ ਮੈਂ ਅੰਮ੍ਰਿਤਸਰ ਆਇਆ ਤੇ ਏਥੋਂ ਦੇ ਹਾਲਾਤ ਵੇਖ ਕੇ ਮੈਨੂੰ ਉਹ ਖਿਡਾਉਣਾ ਤਿੜਕਦਾ ਪ੍ਰਤੀਤ ਹੋਇਆ, ਜਿਸ ਨੂੰ ਛੇ ਕੁ ਦਹਾਕੇ ਪਹਿਲਾਂ ਮੇਰੀ ਮਾਂ ਨੇ ਮੇਰੇ ਮਨ ਵਿਚ ਟਿਕਾਇਆ ਸੀ।
‘ਸਿਫਤੀ ਦਾ ਘਰ’ ਰੂਪ ਵਿਚ ਅੰਮ੍ਰਿਤਸਰ ਦੀ ਜੋ ਮਹਿਮਾ ਲੋਕ ਮਨ ਵਿਚ ਉਕਰੀ ਪਈ ਸੀ, ਉਹ ਮੈਨੂੰ ਮੱਧਮ ਪੈਂਦੀ ਪ੍ਰਤੀਤ ਹੋਈ ਤੇ ‘ਲਹੌਰ ਸਹਿਰ ਜਹਿਰ ਕਹਿਰ ਸਵਾ ਪਹਿਰ’ ਦਾ ਚਿਤਰ ਵਧੇਰੇ ਉਭਰਦਾ ਜਾਪਿਆ। ਮੇਰੀ ਕਵਿਤਾ ਦੇ ਮੁਖ ਸੋਮੇ ਲੋਕ-ਵੇਦੀ ਵੇਰਵੇ ਹਨ। ਅਜੋਕੀ ਤ੍ਰਾਸਦੀ ਦੇ ਅਰੰਭਕ ਕਾਲ ਵਿਚ ਮੈਂ ਪੰਜ ਕੁ ਰਚਨਾਵਾਂ ਕੀਤੀਆਂ, ਉਨ੍ਹਾਂ ਵਿਚ ਇਹ ਕਿਰਤ ‘ਸਿਫਤੀ’ ਤੇ ‘ਜਹਿਰ ਕਹਿਰ’ ਦਾ ਜ਼ਿਕਰ ਕਰਨ ਵਾਲੀ ਨਜ਼ਮ ਸ਼ਾਇਦ ਸਭ ਤੋਂ ਪਹਿਲਾਂ ਸੀ:
ਆਪਣਾ ਹੀ ਮੁਲਕ ਤੇ ਮੌਸਮ ਹੈ
ਪਰ ਇਕ ਮੌਸਮ ਗਹਿਰ ਤਾਂ ਹੈ
ਤੂੰ ਆਪਣਾ ਸੈਂ ਤੂੰ ਆਪਣਾ ਹੈ
ਅੱਜ ਹੋਰ ਜਿਹਾ ਹੈ ਖੈਰ ਤਾਂ ਹੈ!
ਪਰ ਸਿਫਤੀ ਨਕਸ਼ ਪੁਰਾਣੇ ਨੇ
ਪਰ ਲਗਦੇ ਬੇਪਹਿਚਾਣੇ ਨੇ
ਮੰਨਿਆ ਇਹ ਸ਼ਹਿਰ ਲਹੌਰ ਨਹੀਂ
ਪਰ ਸਵਾ ਪਹਿਰ ਦਾ ਕਹਿਰ ਤਾਂ ਹੈ
ਚੁੰਗੀ ਮਹਿਸੂਲ ਜੋ ਮੰਗਦੇ ਹੋ
ਇਕ ਸਿਰ ਹੈ ਦੇ ਹੀ ਜਾਵਾਂਗਾ
ਏਨਾ ਤਾਂ ਭਰੋਸਾ ਹੋ ਜਾਵੇ
ਇਹ ਮਿਤਰਾਂ ਦਾ ਹੀ ਸ਼ਹਿਰ ਤਾਂ ਹੈ।
ਅੰਮ੍ਰਿਤਸਰ ਵਿਚ ਹੀ ਇਕ ਨੌਜਵਾਨ ਦੇ ਮਾਰੇ ਜਾਣ ਦੀ ਖਬਰ ਛਪੀ, ਜਿਸ ਦੀ ਅਰਥੀ ਨਾਲ ਉਹਦੇ ਪਰਿਵਾਰ ਦੇ ਸਾਰੇ ਜੀਅ ਨਾ ਜਾ ਸਕੇ। ਇਹ ਸਭਿਆਚਾਰਕ ਪ੍ਰਤੀਮਾਨ ਦੀ ਉਲੰਘਣਾ ਸੀ। ਕਿਸੇ ਨਿਦੋਸ਼ੇ ਦੇ ਮਾਰੇ ਜਾਣ ਦਾ ਦੁਖ ਤਾਂ ਸੀ, ਜੋ ਮਨ ਵਿਚ ਵੇਦਨਾ ਉਪਜਾਉਂਦਾ ਸੀ ਪਰ ਮੇਰੀ ਕਵਿਤਾ ਦਾ ਅਸਲ ਪ੍ਰੇਰਨਾ ਸ੍ਰੋਤ ਤਾਂ ਸਭਿਆਚਾਰਕ ਅਵੱਗਿਆ ਸੀ। ਉਸ ਤੋਂ ਪ੍ਰੇਰਿਤ ਹੋ ਕੇ ਗਜ਼ਲ ਦੇ ਮੁਹਾਂਦਰੇ ਵਾਲੀ ਕਵਿਤਾ ਲਿਖੀ, ਉਸ ਵਿਚ ਕੁਝ ਸ਼ਿਅਰ ਸਨ:
ਸਾਡੇ ਸ਼ਹਿਰ ਮੁਹੱਲੇ ਇਹ ਕੀ ਹੋਇਆ
ਆਪਣਾ ਸੀ ਜੋ ਵਾਂਗ ਪਰਾਇਆਂ ਮੋਇਆ।
ਕਿਸ ਮਤਰੇਈ ਧਰਤੀ ਪੁੱਤ ਮਰੇ ਨੇ
ਮਾਂਵਾਂ ਤੋਂ ਇਕ ਵੈਣ ਗਿਆ ਨਾ ਛੋਹਿਆ।
ਮੋਢਿਆਂ ਵਾਲੇ ਭਾਈ ਕਿਧਰ ਗਏ ਨੇ
ਸਾਨੂੰ ਸਿਵਿਆਂ ਤੀਕ ਕਿਸੇ ਨਾ ਢੋਇਆ।
ਜਾਹਰ ਹੈ ਕਿ ਉਪਰੋਕਤ ਤਿੰਨੇ ਸ਼ਿਅਰ ਸਭਿਆਚਾਰਕ ਅਵੱਗਿਆ ਦੇ ਵਿਰੁਧ ਰੋਸ ਦਾ ਪ੍ਰਗਟਾਵਾ ਹਨ। ਆਪਣਿਆਂ ਦਾ ਪਰਾਇਆਂ ਵਾਂਗ ਮਰਨਾ, ਧਰਤੀ ਮਾਂ ਦਾ ਮਤਰੇਈ ਹੋ ਜਾਣਾ, ਮਰਨ ਵਾਲੇ ਲਈ ਮਾਂਵਾਂ ਦੇ ਵੈਣਾਂ ਦਾ ਮੁੱਕ ਜਾਣਾ ਤੇ ਭਰਾਵਾਂ ਦਾ ਮਰਨ ਵਾਲੇ ਨੂੰ ਸਿਵਿਆਂ ਤਕ ਮੋਢਾ ਨਾ ਦੇ ਸਕਣਾ-ਇਹ ਸਭ ਸਭਿਆਚਾਰਕ ਪ੍ਰਤੀਮਾਨਾਂ ਦੀ ਉਲੰਘਣਾ ਵੱਲ ਸੰਕੇਤ ਕਰਨ ਵਾਲੇ ਵੇਰਵੇ ਹਨ। ਇਸ ਅਜਨਬੀਅਤ ਨੂੰ ਰੇਖਾਂਕਿਤ ਕਰਨ ਵਾਲੀ ਸਥਿਤੀ ਕਾਰਨ ਮੈਂ ਚਿੰਤਤ ਹਾਂ। ਮੈਂ ਵਰਤਮਾਨ ਇਤਿਹਾਸ ਦੀਆਂ ਆਗੂ ਧਿਰਾਂ ਵਿਚੋਂ ਕਿਸੇ ਦੇ ਵੀ ਪੱਖ ਜਾਂ ਵਿਰੋਧ ਵਿਚ ਨਹੀਂ। ਇਹ ਮਸਲਾ ਸਿਆਸਤ ਦਾ ਹੈ। ਕਵਿਤਾ ਦੀ ਸਮੱਸਿਆ ਲੋਕ ਮਨ ਵਿਚ ਵਾਪਰਨ ਵਾਲੀ ਤ੍ਰੇੜ ਹੈ। ਮੇਰੀ ਕਵਿਤਾ ਦੀ ਚਿੰਤਾ ਜਾਂ ਸਰੋਕਾਰ ਇਹੋ ਹੈ।
ਅਖਬਾਰਾਂ ਵਿਚ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਬੜੀ ਚਰਚਾ ਸੀ। ਅਖਬਾਰਾਂ ਦਾ ਮਤ ਸੀ ਕਿ ਉਹਨੂੰ ਬੀਬੀ ਇੰਦਰਾ ਦੀ ਚੁੱਕ ਸੀ, ਤਾਂ ਜੁ ਉਹ ਅਕਾਲੀਆਂ ਨੂੰ ਜ਼ੇਰ ਸਕੇ। ਸੰਤ ਜੀ ਹੁਣ ਬੀਬੀ ਇੰਦਰਾ ਨੂੰ ਅੱਖਾਂ ਵਿਖਾਉਣ ਲੱਗ ਪਏ ਸਨ। ਇਹ ਸਭ ਰਾਜਨੀਤੀ ਦੇ ਤੱਥ ਹਨ, ਰਾਜਨੀਤੀ ਦੇ ਪਰਵਾਨ ਪ੍ਰਤੀਮਾਨ ਹਨ। ਇਹ ਕਵਿਤਾ ਦਾ ਵਿਸ਼ਾ ਨਹੀਂ। ਸੰਤ ਜੀ ਗੁਰਦੁਆਰਾ ਕੈਂਪਸ ਵਿਚ ਆ ਕੇ ਬੈਠ ਗਏ ਸਨ। ਸੰਤ ਅਤੇ ਗੁਰਦੁਆਰਾ ਇਕ ਦੂਜੇ ਦੇ ਅੰਗ ਸੰਗ ਵੱਸਣ ਵਾਲੇ ਵੇਰਵੇ ਹਨ। ਸੰਤ ਜੀ ਸ਼ਸਤਰ ਧਾਰਨ ਉਪਰ ਜ਼ੋਰ ਦੇ ਰਹੇ ਸਨ। ਸੰਤ-ਸਿਪਾਹੀ ਖਾਲਸੇ ਦਾ ਮੰਨਿਆ-ਪ੍ਰਮੰਨਿਆ ਪ੍ਰਤੀਮਾਨ ਹੈ। ਸੰਤ ਜੀ ਧਰਮ ਨੂੰ ਰਾਜਨੀਤੀ ਨਾਲ ਜੋੜ ਰਹੇ ਸਨ, ਇਹ ਤੱਥ ਵੀ ਮੈਨੂੰ ਕਾਵਿ-ਰਚਨਾ ਲਈ ਨਹੀਂ ਪ੍ਰੇਰਦਾ। ਧਰਮ ਅਤੇ ਰਾਜਨੀਤੀ ਦੀ ਬਹਿਸ ਬਹੁਤ ਪੁਰਾਣੀ ਹੈ। ਇਸ ਦੇ ਪੱਖ ਅਤੇ ਵਿਰੋਧ ਵਿਚ ਧਿਰਾਂ ਨੇ ਚਿਰਾਂ ਤੋਂ ਸਿੰਗ ਫਸਾਏ ਹੋਏ ਹਨ। ਜ਼ਾਤੀ ਤੌਰ ‘ਤੇ ਮੈਨੂੰ ਭਾਵੇਂ ਕਿਸੇ ਵੀ ਧਿਰ ਦੀਆਂ ਦਲੀਲਾਂ ਪੋਂਹਦੀਆਂ ਹੋਣ, ਪਰ ਮੇਰਾ ਕਵੀ ਆਪਾ ਇਨ੍ਹਾਂ ਨੂੰ ਆਪਣੀ ਕਵਿਤਾ ਵਿਚ ਥਾਂ ਦੇਣ ਦੇ ਯੋਗ ਨਹੀਂ ਮੰਨਦਾ। ਖੁਦ ਬਹਿਸ ਜਾਂ ਦਲੀਲਬਾਜ਼ੀ ਵੀ ਸਥਾਪਿਤ ਰਾਜਨੀਤਿਕ ਪ੍ਰਤੀਮਾਨ ਹੈ। ਲੋਕਤੰਤਰ ਵਿਚ ਇਸ ਤਰ੍ਹਾਂ ਦੀ ਬਹਿਸ ਚਲਦੀ ਰਹਿੰਦੀ ਹੈ। ਇਸ ਉਪਰ ਕਿਸੇ ਕਵੀ ਨੂੰ ਕੋਈ ਇਤਰਾਜ਼ ਨਹੀਂ ਹੋ ਸਕਦਾ ਅਤੇ ਨਾ ਹੀ ਉਸ ਤੋਂ ਇਹ ਆਸ ਰੱਖੀ ਜਾ ਸਕਦੀ ਹੈ ਕਿ ਉਹ ਲਾਜ਼ਮੀ ਤੌਰ ‘ਤੇ ਇਸ ਬਹਿਸ ਵਿਚ ਸ਼ਾਮਿਲ ਹੋਵੇ।
ਇਨ੍ਹਾਂ ਦਿਨਾਂ ਵਿਚ ਇੱਕਾ-ਦੁੱਕਾ ਕਤਲ ਵੀ ਹੋਣੇ ਸ਼ੁਰੂ ਹੋ ਗਏ ਸਨ। ਹਿੰਸਾ ਨੂੰ ਮੈਂ ਆਮ ਤੌਰ ‘ਤੇ ਨਾਪਸੰਦ ਕਰਦਾ ਹਾਂ, ਪਰ ਕਵਿਤਾ ਵਿਚ ਹਿੰਸਾ ਵੀ ਕਦੀ ਕਦੀ ਪਰਵਾਨ ਪ੍ਰਤੀਮਾਨ ਦੇ ਰੂਪ ਵਿਚ ਪੇਸ਼ ਹੁੰਦੀ ਹੈ। ਦਸਮ ਗ੍ਰੰਥ ਵਿਚ ਸੂਰਬੀਰਾਂ ਦੇ ਹਿੰਸਕ ਕਾਰਨਾਮਿਆਂ ਦੇ ਬੜੇ ਹੀ ਸੁਹਜੀਲੇ ਚਿੱਤਰ ਹਨ। ਇਨ੍ਹਾਂ ਨੂੰ ਮੈਂ ਉਚਤਮ ਕਵਿਤਾ ਦੇ ਨਮੂਨੇ ਮੰਨਦਾ ਹਾਂ। ਇਸ ਤਰ੍ਹਾਂ ਦੀ ਚਿੱਤਰ-ਰਚਨਾ ਵੱਲ ਮੈਂ ਰੁਚਿਤ ਨਹੀਂ। ਹਰ ਹਿੰਸਕ ਘਟਨਾ ਦਾ ਵਿਰੋਧ ਕਰਨਾ ਵੀ ਮੇਰੇ ਕਾਵਿ-ਕਾਰਜ ਲਈ ਲਾਜ਼ਮੀ ਨਹੀਂ ਪਰ ਜਦੋਂ ਕਿਸੇ ਹਿੰਸਕ ਕਾਰਜ ਵਿਚ ਮੈਨੂੰ ਘੋਰ ਸਭਿਆਚਾਰਕ ਅਵੱਗਿਆ ਦੀ ਝਲਕ ਪੈਂਦੀ ਹੈ, ਤਾਂ ਮੈਂ ਆਪਮੁਹਾਰੇ ਇਸ ਦੇ ਖੰਡਨ ਲਈ ਉਤਸਾਹਿਤ ਹੁੰਦਾ ਹਾਂ। ਮੈਂ ਲੋਕਵੇਦ ਦਾ ਖੋਜੀ ਨਹੀਂ ਕਿ ਅਲੋਪ ਹੋ ਚੁਕੇ ਲੋਕਵੇਦੀ ਤੱਥਾਂ ਦੀ ਖੋਜ ਕਰ ਕੇ ਉਨ੍ਹਾਂ ਨੂੰ ਗ੍ਰੰਥਾਂ ਵਿਚ ਸਜਾਵਾਂ। ਮੈਂ ਕਵੀ ਹਾਂ। ਮੇਰਾ ਸਰੋਕਾਰ ਉਨ੍ਹਾਂ ਜਿਉਂਦੇ ਜਾਗਦੇ ਸਭਿਆਚਾਰਕ ਤੱਥਾਂ ਨਾਲ ਹੈ, ਜਿਨ੍ਹਾਂ ਨੂੰ ਮਿਟਾਉਣ ਦਾ ਯਤਨ ਨਿਰੰਤਰ ਹੁੰਦਾ ਰਹਿੰਦਾ ਹੈ ਅਤੇ ਜਿਨ੍ਹਾਂ ਦੀ ਸੁਰੱਖਿਆ ਹਿਤ ਕਵਿਤਾ ਸਦਾ ਕਾਰਜਸ਼ੀਲ ਰਹਿੰਦੀ ਹੈ।
ਹਰਿਮੰਦਰ ਸਾਹਿਬ ਦੀ ਪਰਿਕਰਮਾ ਵਿਚ ਅੰਮ੍ਰਿਤ ਸਰੋਵਰ ਦੇ ਕੰਢੇ, ਡਿਓੜੀ ਦੀਆਂ ਪੌੜੀਆਂ ਵਿਚ ਕਿਸੇ ਦਾ ਵੀ ਕਤਲ ਘੋਰ ਸਭਿਆਚਾਰਕ ਪਾਪ ਹੈ। ਇਸ ਘਟਨਾ ਨੇ ਮੈਨੂੰ ਝੰਜੋੜ ਕੇ ਰੱਖ ਦਿੱਤਾ। ਮੌਜੂਦਾ ਵਰਤਾਰੇ ਵਿਚ ਪੁਲਿਸ ਅਫਸਰ ਏਨੇ ਮਰੇ ਹਨ ਕਿ ਮੈਨੂੰ ਸਭਨਾਂ ਦੇ ਨਾਮ ਯਾਦ ਨਹੀਂ, ਉਨ੍ਹਾਂ ਦੇ ਮਰਨ ਦੇ ਵੇਰਵੇ ਮੈਨੂੰ ਚੇਤੇ ਨਹੀਂ, ਪਰ ਪੁਲਿਸ ਅਫਸਰ ਅਟਵਾਲ ਦੀ ਹੱਤਿਆ ਮੇਰੇ ਜ਼ਿਹਨ ਵਿਚ ਗਰਮ ਸਲਾਖਾਂ ਨਾਲ ਉਕਰੀ ਪਈ ਹੈ। ਇਹ ਗੁਰਮਤਿ ਦੀ ਧਾਰਾ ਦਾ ਹੀ ਨਹੀਂ, ਸਗਲ ਸੰਸਾਰ ਦੀ ਸੰਪੂਰਨ ਧਾਰਮਿਕ ਮਰਿਆਦਾ ਦਾ ਉਲੰਘਣ ਹੈ। ਮੈਨੂੰ ਇਸ ਗੱਲ ਦੀ ਵੀ ਚਿੰਤਾ ਨਹੀਂ ਕਿ ਕਾਵਿ-ਪਾਰਖੂ ਇਸ ਕਵਿਤਾ ਦਾ ਕਿੰਨਾ ਕੁ ਮੁੱਲ ਪਾਉਂਦੇ ਹਨ, ਇਹਨੂੰ ਲਿਖ ਕੇ ਮੈਂ ਆਪਣੇ ਆਪ ਨੂੰ ਕਵੀ ਵਜੋਂ ਸਕਾਰਥ ਮੰਨਿਆ ਸੀ:
ਪ੍ਰਭ ਜੀ ਆਪਣਾ ਬਿਰਦ ਬਿਚਾਰੋ
ਆਪਣਾ ਹੀ ਜਨ ਆਪਣੇ ਹੀ ਘਰ
ਗੈਰਾਂ ਵਾਂਗ ਨਾ ਮਾਰੋ।
ਜੇ ਮੈਂ ਕੰਸ ਕੋਈ ਹਰਨਾਖਸ
ਆਵੋ ਧਰ ਅਵਤਾਰੋ
ਸਭ ਜਗ ਵੇਖੇ ਵਿਚ ਦਲ੍ਹੀਜ਼ਾਂ
ਪਕੜੋ ਪਕੜ ਸੰਘਾਰੋ
ਮੈਂ ਤਾਂ ਸ਼ਰਨ ਗਹੀ ਸ਼ਰਨਾਗਤ
ਆਇਆ ਤੁਧ ਦਰਬਾਰੋ
ਤੂੰ ਮੇਰੀ ਓਟ ਤੂੰ ਹੀ ਮੇਰਾ ਉਹਲਾ
ਤੂੰ ਮੇਰੀ ਆਸ ਅਧਾਰੋ
ਨਾ ਤੋੜੇ ਆਸਾ ਭਰਵਾਸਾ
ਆਪਣਾ ਜਨ ਪ੍ਰਿਤਪਾਰੋ
ਜੀਭਾ ਨਾਮ ਮਹਾਰਸ ਮੀਠਾ
ਹੱਥ ਪਰਸਾਦ ਤੁਮਾਰੋ
ਸਾਖੀ ਸੰਤ ਸਰੋਵਰ ਸੱਚਾ
ਸਾਖੀ ਸਿੰਘ ਦੁਆਰੋ
ਪਿਠ ਪਰ ਵਾਰ ਤੇਰਾ ਜਨ ਕੋਹਿਆ
ਕਿਸ ਪੈ ਕਰੇ ਪੁਕਾਰੋ
ਹਮਰੀ ਵੇਦਨ ਸਭ ਜਗ ਜਾਣੇ
ਚਹੁੰਕੂੰਟੀ ਜੁਗ ਚਾਰੋ
ਇਹ ਅਨਹੋਣੀ ਤੈ ਦਰ ਹੋਈ
ਧਰਮ ਕੁਧਰਮ ਨਿਤਾਰੋ
ਤੇਰੀ ਡਿਓੜੀ ਦਾਗ ਪਿਆ ਹੈ
ਕਿਰਪਾ ਸਹਿਤ ਉਤਾਰੋ।
ਕਵਿਤਾਵਾਂ ਤਾਂ ਗਾਹੇ-ਬਗਾਹੇ ਹੋਰ ਵੀ ਲਿਖਦਾ ਰਿਹਾ, ਪਰ ਅਚੇਤ ਤੌਰ ‘ਤੇ ਇਸੇ ਪੈਰਾਮੀਟਰ ਦੇ ਅੰਦਰਵਾਰ। ਮੈਂ ਸਮਝਦਾ ਹਾਂ ਕਿ ਕਵਿਤਾ ਦਾ ਆਪਣਾ ਹਾਂ-ਮੁਖੀ ਦ੍ਰਿਸ਼ਟੀਕੋਣ ਹੈ। ਉਹ ਰਾਜਨੀਤੀ ਤੇ ਧਰਮ ਤੋਂ ਕੋਰਾ ਨਹੀਂ, ਪਰ ਮੂਲ ਰੂਪ ਵਿਚ ਹੈ ਉਹ ਕਾਵਿ-ਸੁਹਜ ਨੂੰ ਪ੍ਰਾਥਮਿਕਤਾ ਦੇਣ ਵਾਲਾ ਦ੍ਰਿਸ਼ਟੀਕੋਣ। ਸੱਚ ਅਤੇ ਸਵੱਛਤਾ ਸੁਹਜ ਵਿਚ ਸ਼ਾਮਿਲ ਹੈ। ਸੁਹਜ ਸਦਾਚਾਰ ਤੋਂ ਵੀ ਰਹਿਤ ਨਹੀਂ। ਸੱਚ ਜਾਂ ਸਦਾਚਾਰ ਤੋਂ ਵਿਛੁੰਨਾ ਹੋਇਆ ਸੁਹਜ ਕਵਿਤਾ ਦਾ ਸੁਹਜ ਨਹੀਂ। ਇਹ ਚੇਤੇ ਰੱਖਣ ਵਾਲੀ ਗੱਲ ਹੈ ਕਿ ਸੰਗੀਤ ਜਾਂ ਚਿਤਰਕਾਰੀ ਵਾਂਗ ਕਵਿਤਾ ਨਿਰੋਲ ਫਾਈਨ ਆਰਟ ਨਹੀਂ। ਉਹ ਜ਼ਿੰਦਗੀ ਨਾਲ ਸੱਚਾਈ ਤੇ ਸਦਾਚਾਰ ਵਾਲਾ ਰਿਸ਼ਤਾ ਰੱਖਦੀ ਹੈ ਅਤੇ ਸਵੱਛ ਸਮਾਜਿਕ ਰੂੜ੍ਹੀਆਂ ਜਾਂ ਪ੍ਰਤੀਮਾਨਾਂ ਦਾ ਪੱਲਾ ਕਦੇ ਨਹੀਂ ਛੱਡਦੀ। ਉਹਦੇ ਰਾਜਨੀਤਿਕ ਵਤੀਰੇ ਦੀ ਵੀ ਇਹੋ ਪਹਿਚਾਣ ਹੈ।
ਉਪਰ ਥੋੜ੍ਹੀਆਂ ਜਿਹੀਆਂ ਟੂਕਾਂ ਦਿੱਤੀਆਂ ਹਨ, ਉਨ੍ਹਾਂ ਵਿਚ ਮਮਤਾਮਈ ਮਾਂ, ਸਮਤਾਮਈ ਧਰਮ, ਸਿਫਤੀ ਨਕਸ਼ਾਂ ਵਾਲਾ ਸ਼ਹਿਰ, ਅਪਣੱਤ ਪਾਲਣ ਵਾਲਾ ਸਮਾਜ, ਸ਼ਰਨਾਗਤੀ ਦੇਣ ਵਾਲੇ ਧਰਮ, ਦਾਗ ਉਤਾਰਨ ਵਾਲਾ ਸਤਿਗੁਰੂ ਮੇਰੇ ਸੁਹਜ-ਦ੍ਰਿਸ਼ਟੀਕੋਣ ਦੇ ਹੀ ਅੰਗ ਹਨ। ਮੈਂ ਇਨ੍ਹਾਂ ਤੋਂ ਉਲਟ ਸੁਭਾਅ ਵਾਲੇ ਵੇਰਵਿਆਂ ਦਾ ਆਪਣੇ ਜੀਵਨ ਅਤੇ ਆਪਣੇ ਸਮਾਜ ਵਿਚ ਨਿਰਾਕਰਨ ਚਾਹਿਆ ਹੈ:
ਜੰਗਲ ਜੰਗਲ ਤੋਂ ਦੀਵਾਨਾ ਪੁੱਛਦਾ ਹੈ
ਸਾਡੇ ਸ਼ਹਿਰ ਗੁਆਚਾ ਬਾਲਕ ਕਿਸ ਦਾ ਹੈ
ਛੱਤਾਂ, ਕੰਧਾਂ, ਬੂਹਿਆਂ ਦੇ ਵਿਚ ਉਗ ਆਇਆ
ਲੈ ਜਾਵੋ ਇਹ ਕੰਡਿਆਂ ਵਾਲਾ ਜਿਸ ਦਾ ਹੈ
ਪੋਲੇ ਪੈਰੀਂ ਪਿੱਛੇ ਲੱਗਾ ਪਰਛਾਵਾਂ
ਵੇਖਣ ਨੂੰ ਤਾਂ ਆਪਣਾ ਭਾਈ ਦਿਸਦਾ ਹੈ।
ਮੈਂ ਮਹਿਸੂਸ ਕਰਦਾ ਹਾਂ ਕਿ ਸਾਕਾ ਨੀਲਾ ਤਾਰਾ ਤੋਂ ਪਹਿਲਾਂ ਹੀ ਸਾਡੇ ਅੰਤਰਮਨ ਵਿਚ ਜੜ੍ਹਾਂ ਵਾਲੇ ਫੋੜੇ ਦੇ ਬੀਜ ਬੀਜੇ ਜਾ ਰਹੇ ਸਨ। ਹਰ ਸਭਿਆਚਾਰ ਦੀਆਂ ਆਪਣੀਆਂ ਵਰਜਨਾਵਾਂ ਹੁੰਦੀਆਂ ਹਨ। ਜਦੋਂ ਉਨ੍ਹਾਂ ਵਰਜਨਾਵਾਂ ਨੂੰ ਉਲੰਘਿਆ ਜਾਂਦਾ ਹੈ, ਕਵਿਤਾ ਬੇਇਖਤਿਆਰ ਹੋ ਕੇ ਆਪਣਾ ਰੁਦਨਮਈ ਸ੍ਵਰ ਉਹ ਸ਼ਸਤਰ ਹੈ, ਜਿਸ ਰਾਹੀਂ ਸਭਿਆਚਾਰ ਆਪਣੀ ਸਲਾਮਤੀ ਦੀ ਰੱਖਿਆ ਕਰਦਾ ਹੈ। ਉਹ ਜੋ ਅੰਮ੍ਰਿਤਸਰ ਦਾ ਸਿਫਤੀ ਚਿਹਰਾ ਵਿਗਾੜ ਰਹੇ ਸਨ; ਪਰਿਕਰਮਾ ਵਿਚ ਕਤਲ ਕਰ ਕੇ ਹਰਿਮੰਦਰ ਸਾਹਿਬ ਦੀ ਪਵਿਤਰਤਾ ਦਾਗਦਾਰ ਕਰ ਰਹੇ ਸਨ, ਉਹ ਪੰਜਾਬ ਦੇ ਜਾਤੀ ਅਵਚੇਤਨ ਉਪਰ ਸੱਟ ਮਾਰ ਰਹੇ ਸਨ। ਇਨ੍ਹਾਂ ਲੋਕਾਂ ਨੂੰ ਇਹ ਚੇਤਨਾ ਨਹੀਂ ਸੀ ਕਿ ਜਾਤੀ ਅਵਚੇਤਨ ਨੂੰ ਮਾਰਿਆ ਨਹੀਂ ਜਾ ਸਕਦਾ।
ਉਨੀ ਸੌ ਚੁਰਾਸੀ ਬਾਰੇ ਹਰਿਭਜਨ ਸਿੰਘ ਦੀਆਂ ਦੋ ਕਵਿਤਾਵਾਂ:
1.
ਫੌਜਾਂ ਕੌਣ ਦੇਸ ਤੋਂ ਆਈਆਂ
ਕਿਹੜੇ ਦੇਸ ਤੋਂ ਜ਼ਹਿਰ ਲਿਆਈਆਂ।
ਕਿਸ ਤੋਂ ਕਹਿਰ ਲਿਆਈਆਂ।
ਕਿਸ ਫਣੀਅਰ ਦੀ ਫੂਕ ਕਿ ਕਿਸ ਨੇ
ਪੱਕੀਆਂ ਕੰਧਾਂ ਢਾਹੀਆਂ।
ਸਿਫਤ ਸਰੋਵਰ ਡਸਿਆ
ਅੱਗਾਂ ਪੱਥਰ ਦੇ ਵਿਚ ਲਾਈਆਂ।
ਹਰਿ ਕੇ ਮੰਦਿਰ ਵਿਹੁ ਦੀਆਂ ਨਦੀਆਂ
ਬੁੱਕਾਂ ਭਰ ਵਰਤਾਈਆਂ।
ਫੌਜਾਂ ਕੌਣ ਦੇਸ ਤੋਂ ਆਈਆਂ।
ਇਹ ਕੁਣਕਾ ਲੈ ਭਟਕ ਰਹੇ ਹਾਂ
ਮੈਂ ਤੂੰ ਵਾਂਗ ਸ਼ੁਦਾਈਆਂ।
ਮੱਥੇ ਮੱਥੇ ਰੀਂਗ ਰਹੀਆਂ ਨੇ
ਕੀੜ-ਨਗਰ ਦੀਆਂ ਜਾਈਆਂ।
ਮਨ-ਮੱਥੇ ਵਿਚ ਜੋ ਰਹੁ-ਰੀਤਾਂ
ਸਦੀਆਂ ਜਤਨ ਟਿਕਾਈਆਂ।
ਉਹੀਓ ਆਪਣੇ ਜੀ ਦੀਆਂ ਸਕੀਆਂ
ਹੋਈਆਂ ਸਭ ਪਰਾਈਆਂ।
ਫੌਜਾਂ ਕੌਣ ਦੇਸ ਤੋਂ ਆਈਆਂ।
ਦੂਰ ਦੇਸ ਦੇ ਤਾਹਨੇ ਦੇਵਣ
ਭਾਈ ਤੇ ਭਰਜਾਈਆਂ।
ਕੋਈ ਨਾ ਆਪਣੀ ਹੀਰ
ਕਿ ਜਿਸ ਦੀ ਖਾਤਿਰ ਇਹ ਰੁਸਵਾਈਆਂ।
ਮੈਂ ਤਾਂ ਉਚੇ ਕੋਠੀਂ ਚੜ੍ਹ ਕੇ
ਪਾਵਾਂ ਹਾਲ ਦੁਹਾਈਆਂ।
ਮੇਰੇ ਹੀ ਘਰ ਗੋਸ਼ੇ ਬਹਿ ਕੇ
ਲੋਕੀਂ ਲੈਣ ਵਧਾਈਆਂ।
ਫੌਜਾਂ ਕੌਣ ਦੇਸ ਤੋਂ ਆਈਆਂ।
ਫੌਜਾਂ ਆਉਣਾ ਫੌਜਾਂ ਜਾਣਾ
ਟੁੱਟ ਜਾਣਾ ਪਾਤਸ਼ਾਹੀਆਂ।
ਕੀ ਭਲਕੇ ਮੁੜ ਰਹਿ ਸਕਾਂਗੇ
ਹਮਸਾਏ ਹਮਸਾਈਆਂ?
ਲਾਗੇ ਬਹਿ ਕੇ ਹੀ ਭੋਗਾਂਗੇ
ਦੂਰੋਂ ਦੂਰ ਜੁਦਾਈਆਂ।
ਕੀ ਫੌਜਾਂ ਦਾ ਮਾਣ
ਜਿਹੜੀਆਂ ਗਰਜ਼ਾਂ ਨੇ ਉਕਸਾਈਆਂ।
ਫੌਜਾਂ ਕੌਣ ਦੇਸ ਤੋਂ ਆਈਆਂ।
2. ਜੈ ਜੈ ਮਾਤਾ ਜੈ ਮਤਰੇਈ
ਜੈ ਜੈ ਮਾਤਾ ਜੈ ਮਤਰੇਈ।
ਜੱਗ ‘ਤੇ ਹੋਰ ਨਾ ਤੇਰੇ ਜੇਹੀ।
ਤੂੰ ਸੰਤਾਂ ਤੋਂ ਦੈਂਤ ਬਣਾਵੇਂ
ਦੈਂਤ ਸ਼ਹੀਦੀ ਤੱਕ ਪਹੁੰਚਾਵੇਂ।
ਸੰਤ ਮਰੇ ਜਾਂ ਦੈਂਤ ਬਿਨਾਸੇ
ਹੰਝੂਆਂ ਤੋਂ ਪੁੱਛਦੇ ਨੇ ਹਾਸੇ।
ਕਰਾਮਾਤ ਕੀਤੀ ਤੂੰ ਕੇਹੀ
ਜੈ ਜੈ ਮਾਤਾ ਜੈ ਮਤਰੇਈ।
ਹਰਿ ਮੰਦਰ ਦੀ ਕਰਨ ਜੁਹਾਰੀ
ਤੂੰ ਆਈ ਲੋਹ-ਸਿੰਘ ਸਵਾਰੀ।
ਸਤਿ-ਸਿੰਘਾਸਨ ਹੱਥ ਢਾਹਿਆ
ਤੇ ਮੁੜ ਹੱਥੀਂ ਆਪ ਬਣਾਇਆ।
ਵਾਹ ਰਚਨਾ ਵਾਹ ਖੇਹੋ-ਖੇਹੀ
ਜੈ ਜੈ ਮਾਤਾ ਜੈ ਮਤਰੇਈ।
ਸੋਨ-ਕਲਸ ਤੂੰ ਚੀਰ ਲੰਗਾਰੇ
ਤੇ ਮੁੜ ਮਲ੍ਹਮਾਂ ਨਾਲ ਸਵਾਰੇ।
ਆਪੇ ਤੂੰ ਸੰਕਟ ਉਪਜਾਵੇਂ
ਨਿਕਟੀ ਹੋ ਕੇ ਆਪ ਬਚਾਵੇਂ।
ਨਿਤ ਨਿਰਮੋਹੀ ਸਦਾ-ਸਨੇਹੀ
ਜੈ ਜੈ ਮਾਤਾ ਜੈ ਮਤਰੇਈ।
ਅਸਾਂ ਤਾਂ ਤਖਤ ਹਜ਼ਾਰੇ ਰਹਿਣਾ
ਭਾਵੇਂ ਭੱਠ ਖੇੜਿਆਂ ਦਾ ਸਹਿਣਾ।
ਤੁਮਰੀ ਗਣਤ ਗਣੇ ਨਾ ਕੋਈ
ਸਭ ਅਣਹੋਣੀ ਤੁਮ ਤੇ ਹੋਈ।
ਥਾਂ ਥਾਂ ਤੇਰੀ ਪੇਓ ਪੇਈ
ਜੈ ਜੈ ਮਾਤਾ ਜੈ ਮਤਰੇਈ।