ਮਨੁੱਖੀ ਜੀਵਨ: ਬਰਕਤਾਂ ਅਤੇ ਵਪਾਰ ਦੀਆਂ ਤਹਿਆਂ ਫਰੋਲਦਿਆਂ

ਅੱਜ ਦਾ ਮਨੁੱਖੀ ਜੀਵਨ ਬਹੁਤ ਤੇਜ਼ ਰਫਤਾਰ ਫੜ੍ਹ ਚੁੱਕਾ ਹੈ। ਇਸ ਤੇਜ਼ ਰਫਤਾਰੀ ਨੇ ਜ਼ਿੰਦਗੀ ਦੀਆਂ ਕਦਰਾਂ-ਕੀਮਤਾਂ ਅਤੇ ਬਰਕਤਾਂ ਬਹੁਤ ਪਿਛਾਂਹ ਸੁੱਟ ਘੱਤੀਆਂ ਹਨ। ਹੁਣ ਤਾਂ ਹਰ ਮਸਲੇ ਦਾ ਸਿਰਫ ਵਪਾਰਕ ਪੱਖ ਹੀ ਅਹਿਮ ਹੋ ਗਿਆ ਜਾਪਦਾ ਹੈ। ਪ੍ਰਿੰ. ਬ੍ਰਿਜਿੰਦਰ ਸਿੰਘ ਸਿੱਧੂ ਨੇ ਇਸ ਘਾਤਕ ਤਬਦੀਲੀ ਅਤੇ ਮਾਰਖੋਰੇ ਵਰਤਾਰੇ ਬਾਰੇ ਕੁਝ ਨੁਕਤੇ ਮਿਸਾਲਾਂ ਸਹਿਤ ਵਿਚਾਰੇ ਹਨ, ਜੋ ਪਾਠਕਾਂ ਨਾਲ ਸਾਂਝੇ ਕਰ ਰਹੇ ਹਾਂ।

-ਸੰਪਾਦਕ

ਪ੍ਰਿੰ. ਬ੍ਰਿਜਿੰਦਰ ਸਿੰਘ ਸਿੱਧੂ
ਫੋਨ: 925-683-1982
ਮਨੁੱਖ ਦੇ ਸੁਰਤ ਸੰਭਾਲਣ ਤੋਂ ਪਹਿਲਾਂ ਹੀ ਵਪਾਰ ਉਸ ਨਾਲ ਚਲ ਪੈਂਦਾ ਹੈ, ਕਿਉਂਕਿ ਵਪਾਰ ਦਾ ਮੁੱਢਲਾ ਅਸੂਲ ਹੈ ਨਫਾ, ਲਾਭ ਅਤੇ ਫਾਇਦਾ। ਜਦੋਂ ਅਸੀਂ ਭੋਜਨ ਖਾਂਦੇ ਹਾਂ ਤਾਂ ਜਿਉਣ ਲਈ ਇਹ ਜ਼ਰੂਰੀ ਵੀ ਹੈ ਅਤੇ ਲਾਭਦਾਇਕ ਵੀ, ਪਰ ਜੇ ਬਹੁਤ ਮਿਕਦਾਰ ਵਿਚ ਖਾ ਲਈਏ ਤਾਂ ਲਾਭ ਘੱਟ ਅਤੇ ਨੁਕਸਾਨ ਜ਼ਿਆਦਾ ਹੋ ਜਾਂਦਾ ਹੈ। ਇਸੇ ਤਰ੍ਹਾਂ ਜੀਵਨ ਨੂੰ ਪੂਰੀ ਤਰ੍ਹਾਂ ਵਪਾਰਕ ਬਣਾਉਣ ਨਾਲ ਵਿਅਕਤੀ ਦੇ ਆਪਣੇ ਲਈ ਅਤੇ ਸਮਾਜ ਲਈ ਵੀ ਬਹੁਤ ਅਣਹੋਣੀ ਗੱਲ ਬਣ ਜਾਂਦੀ ਹੈ।
ਜੀਵਨ ਦੇ ਹਰ ਪਹਿਲੂ ਵਿਚ ਵਪਾਰਕ ਰੁਝਾਨ ਦਾ ਪਸਾਰ ਤੇਜ਼ ਰਫਤਾਰ ਨਾਲ ਵਧਦਾ ਜਾ ਰਿਹਾ ਹੈ। ਉਹ ਮਨੁੱਖ ਜਿਨ੍ਹਾਂ ਨੇ ਤਜਾਰਤ ਰਹਿਤ ਜੀਵਨ ਦੀ ਨੇੜਤਾ ਦਾ ਅਨੰਦ ਮਾਣਿਆ ਹੈ, ਅੱਜ ਦੇ ਸਮੇਂ ਵਿਚ ਵਪਾਰ ਦੀ ਝਲਕ ਕਣ-ਕਣ ਵਿਚ ਦੇਖ ਕੇ ਹੈਰਾਨ ਅਤੇ ਪ੍ਰੇਸ਼ਾਨ ਹੀ ਨਹੀਂ ਹੁੰਦੇ, ਸਗੋਂ ਅਜੀਬ ਜਿਹੀ ਅਸਹਿ ਚੀਸ ਮਹਿਸੂਸ ਕਰਦੇ ਹਨ। ਉਨ੍ਹਾਂ ਨੂੰ ਭਵਿਖ, ਸ਼ਰਮਸਾਰੀ ਦਾ ਮੰਜ਼ਰ ਨਜ਼ਰ ਆ ਰਿਹਾ ਹੈ।
ਮੈਂ ਚੌਥੀ ਜਮਾਤ ਤਕ ਪਿੰਡ ਦੇ ਪ੍ਰਾਇਮਰੀ ਸਕੂਲ Ḕਚ ਪੜ੍ਹਿਆ ਹਾਂ। ਇਕੋ ਮਾਸਟਰ ਜੀ ਚਾਰੇ ਜਮਾਤਾਂ ਨੂੰ ਸਾਰੇ ਹੀ ਵਿਸ਼ੇ ਪੜ੍ਹਾਉਂਦੇ ਸਨ। ਉਨ੍ਹਾਂ ਕਦੀ ਛੁੱਟੀ ਨਹੀਂ ਸੀ ਕੀਤੀ। ਆਵਾਜਾਈ ਦੇ ਸਾਧਨ ਨਾ ਹੋਣ ਦੇ ਬਾਵਜੂਦ, ਇੰਸਪੈਕਟਰ ਹਰ ਸਾਲ ਆਉਂਦੇ। ਖਾਨਾਪੂਰਤੀ ਨਹੀਂ ਸੀ ਕਰਦੇ, ਉਹ ਹਰ ਜਮਾਤ ਦੇ ਬੱਚਿਆਂ ਨੂੰ ਸਵਾਲ ਪੁੱਛਦੇ। ਅੱਜ ਕੱਲ੍ਹ ਦੂਰ-ਦੁਰਾਡੇ ਅਤੇ ਛੋਟੇ ਥਾਂਵਾਂ ਦੇ ਸਿੰਗਲ ਮਾਸਟਰ ਪ੍ਰਾਇਮਰੀ ਸਕੂਲਾਂ ਵਿਚ ਕਈ ਮਾਸਟਰ ਜਾਂਦੇ ਹੀ ਨਹੀਂ। ਆਪਣੀ ਚੋਖੀ ਤਨਖਾਹ ਵਿਚੋਂ ਥੋੜ੍ਹੇ ਜਿਹੇ ਪੈਸੇ ਕਿਸੇ ਦਸਵੀਂ ਪੜ੍ਹੇ ਮੁੰਡੇ-ਕੁੜੀ ਨੂੰ ਭੇਜ ਕੇ ਸਕੂਲ ਦਾ ਕੰਮ ਸਾਰ ਲੈਂਦੇ ਹਨ ਕਿਉਂਕਿ ਕਿਸੇ ਚੈਕ ਕਰਨ ਵਾਲੇ ਦਾ ਡਰ ਨਹੀਂ। ਪਿਛੇ ਜਿਹੇ ਕਿਸੇ ਹਾਈ ਸਕੂਲ ਦੀ ਖ਼ਬਰ ਨੇ ਤਾਂ ਕਮਾਲ ਹੀ ਕਰ ਦਿੱਤੀ। ਉਚ ਅਧਿਕਾਰੀ ਸਕੂਲ ਦਾ ਮੁਆਇਨਾ ਕਰਨ ਚਲਾ ਗਿਆ। ਸਟਾਫ ਦੇ ਕੁਝ ਮੈਂਬਰ ਗ਼ੈਰਹਾਜ਼ਰ ਸਨ। ਬਾਕੀਆਂ ਨੇ ਉਸ ਨੂੰ ਕਮਰੇ ਵਿਚ ਬੰਦ ਕਰ ਦਿੱਤਾ। ਵਿਚਾਰਾ ਬੜੀ ਮੁਸ਼ਕਿਲ ਨਾਲ ਪਿੱਛਾ ਛੁਡਾ ਕੇ ਆਇਆ।
ਕਾਲਜਾਂ ਅਤੇ ਯੂਨੀਵਰਸਿਟੀਆਂ ਵਿਚ ਹਾਲਾਤ ਇੰਨੇ ਚਿੰਤਾਜਨਕ ਹਨ ਕਿ ਪੁਛੋ ਹੀ ਨਾ। ਇਕੋ ਵਾਕ ਵਿਚ ਸਾਰ ਅੰਸ਼ ਕਿਹਾ ਜਾ ਸਕਦਾ ਹੈ ਕਿ ਵਿਦਿਆਰਥੀ ਸੋਚਦੇ ਹਨ ਕਿ ਅਸੀਂ ਫੀਸ ਦਿੰਦੇ ਹਾਂ ਤੇ ਟੀਚਰ ਪੜ੍ਹਾਉਂਦੇ ਹਨ। ਹੋਰ ਸਾਡਾ ਇਨ੍ਹਾਂ ਨਾਲ ਕੋਈ ਲਾਗਾ ਦੇਗਾ ਨਹੀਂ। ਹਲੀਮੀ ਅਤੇ ਨਿਰਮਾਣਤਾ ਅੱਜ ਦੇ ਵਿਦਿਆਰਥੀ ਦੀ ਰੀਤ ਨਹੀਂ। ਉਹ ਮਾਂ-ਬਾਪ ਨੂੰ ਟਿੱਚ ਜਾਣਦਾ ਹੈ, ਵਿਚਾਰਾ ਟੀਚਰ ਤਾਂ ਕਿਸ ਬਾਗ਼ ਦੀ ਮੂਲੀ ਹੈ। ਉਸ ਕੋਲ ਤਾਂ ਵੱਡੇ ਵੱਡੇ ਸਿਆਸੀ ਨੇਤਾ ਆਉਂਦੇ ਹਨ। ਕਾਲਜ ਅਤੇ ਯੂਨੀਵਰਸਿਟੀ ਟੀਚਰ ਮਹਿਸੂਸ ਕਰਦੇ ਹਨ ਕਿ ਵਿਦਿਆਰਥੀ ਨੌਜਵਾਨ ਹਨ, ਆਪਣਾ ਭਵਿਖ ਆਪ ਚੰਗੀ ਤਰ੍ਹਾਂ ਜਾਣਦੇ ਹਨ, ਇਸ ਲਈ ਮਸਤ ਰਹੋ। ਯੂ.ਜੀ.ਸੀ. ਦੀ ਮਿਹਰਬਾਨੀ ਨਾਲ ਗਰੇਡ ਪਹਿਲਾਂ ਹੀ ਕਾਫੀ ਚੰਗੇ ਹਨ ਪਰ ਮਹਿੰਗਾਈ ਦੀ ਓਟ ਲੈ ਕੇ ਹੋਰ ਚੰਗੇ ਵੇਤਨ ਲਈ ਡੁਗਡੁਗੀ ਵਜਾਉਂਦੇ ਰਹੋ, ਕੁਝ ਨਾ ਕੁਝ ਤਾਂ ਮਿਲੇਗਾ ਹੀ।
ਮਿਸ਼ਨ, ਸਤਿਕਾਰ ਅਤੇ ਪਿਆਰ ਬੀਤ ਚੁੱਕੇ ਸਮੇਂ ਦੀਆਂ ਗੱਲਾਂ ਹਨ। ਜਦੋਂ ਕਦੇ ਪੁਰਾਣੇ ਕਾਲਜ ਜਾਂ ਯੂਨੀਵਰਸਿਟੀ ਦੇ ਕਿਸੇ ਵਿਭਾਗ ਦੇ ਪੰਜ-ਸੱਤ ਇਕੱਠੇ ਮੈਂਬਰਾਂ ਨਾਲ ਅਚਾਨਕ ਮੁਲਾਕਾਤ ਹੁੰਦੀ ਹੈ ਤਾਂ ਵਿਸ਼ਾ ਗਰੇਡਾਂ ਜਾਂ ਸਿਆਸਤ ਦਾ ਹੀ ਚੱਲ ਰਿਹਾ ਹੁੰਦਾ ਹੈ। ਸਾਹਿਤਕ ਅਤੇ ਵਿਗਿਆਨਕ ਚਰਚਾ ਘੱਟ ਹੀ ਹੁੰਦੀ ਹੈ। ਇਹ ਸਭ ਕੁਝ ਵਪਾਰ ਦੀ ਝਲਕ ਹੀ ਤਾਂ ਹੈ।
ਛੋਟੇ-ਛੋਟੇ ਸ਼ਹਿਰਾਂ ਵਿਚ ਤਾਂ ਨਹੀਂ, ਚੰਡੀਗੜ੍ਹ ਤੇ ਲੁਧਿਆਣਾ ਜਿਹੇ ਵੱਡੇ ਸ਼ਹਿਰਾਂ ਵਿਚ ਟਿਊਸ਼ਨਾਂ ਪੜ੍ਹਾਉਣ ਦੇ ਚੰਗੇ ਅਤੇ ਬੇਅੰਤ ਅਕੈਡਮੀਆਂ ਦੇ ਨਾਲ ਨਾਲ ਰਿਹਾਇਸ਼ ਦੇ ਇੰਤਜ਼ਾਮ ਵਪਾਰਕ ਅਦਾਰੇ ਹੀ ਤਾਂ ਹਨ। ਇਨ੍ਹਾਂ ਸੰਸਥਾਵਾਂ ‘ਤੇ ਕੰਮ ਕਰਨ ਵਾਲੇ ਕਹਿੰਦੇ ਹਨ ਕਿ ਸਕੂਲਾਂ, ਕਾਲਜਾਂ ਦੀਆਂ ਨੌਕਰੀਆਂ ਵਿਚ ਕੀ ਪਿਆ ਹੈ? ਇਥੇ ਅੰਨ੍ਹੀ ਆਮਦਨ ਹੈ ਅਤੇ ਆਮਦਨ ਹੀ ਜੀਵਨ ਦਾ ਆਧਾਰ ਹੈ।
ਦੂਜਾ ਅਹਿਮ ਮਸਲਾ ਡਾਕਟਰੀ ਦਾ ਹੈ। ਮੇਰੇ ਦੇਖਦਿਆਂ-ਦੇਖਦਿਆਂ ਜੋ ਵਪਾਰਕ ਰੁਚੀ ਇਸ ਖੇਤਰ ਵਿਚ ਆਈ ਹੈ, ਉਸ ਨੇ ਸਭ ਹੱਦਾਂ ਪਾਰ ਕਰ ਲਈਆਂ ਹਨ। ਜੇ ਕਿਸੇ ਬੱਚੇ ਦੀ ਪੜ੍ਹਨ ਵਿਚ ਰੁਚੀ ਨਹੀਂ ਜਾਂ ਕਹੋ ਕਿ ਵੱਧ ਤੋਂ ਵੱਧ ਕੋਸ਼ਿਸ਼ ਨਾਲ ਵੀ ਉਸ ਦੇ ਪੱਲੇ ਕੱਖ ਨਹੀਂ ਪੈਂਦਾ ਤਾਂ ਮਾਪੇ ਉਸ ਨੂੰ ਪੁਸ਼ਤੀ ਕਿੱਤੇ ‘ਤੇ ਲਾ ਦਿੰਦੇ ਹਨ ਪਰ ਜੇ ਉਹ ਬਿਮਾਰ ਹੋ ਜਾਵੇ ਤਾਂ ਡਾਕਟਰ ਕੋਲ ਤਾਂ ਜਾਣਾ ਹੀ ਪੈਂਦਾ ਹੈ। ਡਾਕਟਰਾਂ ਬਗ਼ੈਰ ਗੁਜ਼ਾਰਾ ਨਹੀਂ। ਇਨ੍ਹਾਂ ਦੀ ਲੋੜ ਉਮਰ ਵਧਣ ਨਾਲ ਵਧਦੀ ਰਹਿੰਦੀ ਹੈ। ਇਸ ਖੇਤਰ ਦੀ ਵਪਾਰਕ ਰੁਚੀ ਸਮਾਜ ਲਈ ਬਹੁਤ ਹੀ ਹਾਨੀਕਾਰਕ ਹੈ। ਡਾਕਟਰ ਵੀ ਕੀ ਕਰਨ, ਜਿਹੜੇ ਹਸਪਤਾਲਾਂ ਵਿਚ ਉਹ ਕੰਮ ਕਰਦੇ ਹਨ, ਉਹ ਬਹੁਤ ਵੱਡੇ ਵਪਾਰਕ ਅਦਾਰੇ ਹਨ। ਧਨਾਢ ਲੋਕ ਇਨ੍ਹਾਂ ਅਦਾਰਿਆਂ ਦੇ ਮਾਲਕ ਹਨ। ਉਨ੍ਹਾਂ ਦੀ ਸਿੱਧੀ ਧਾਰਨਾ ਹੈ ਕਿ ਜੋ ਤਨਖਾਹ ਡਾਕਟਰਾਂ ਨੂੰ ਦਿੱਤੀ ਜਾਂਦੀ ਹੈ, ਉਸ ਤੋਂ ਕਿਤੇ ਜ਼ਿਆਦਾ ਧਨ ਦਾ ਪ੍ਰਬੰਧ ਕਰੋ, ਨਹੀਂ ਤਾਂ ਛੁੱਟੀ। ਉਹ ਵਿਚਾਰੇ ਸਭ ਕੁਝ ਜਾਣਦੇ ਹੋਏ ਵੀ ਗ਼ਰੀਬ ਮਰੀਜ਼ਾਂ ਨੂੰ ਕੁਰਬਾਨੀ ਦੇ ਬੱਕਰੇ ਬਣਾ ਲੈਂਦੇ ਹਨ ਅਤੇ ਅਣਗਿਣਤ ਗੈਰ ਜ਼ਰੂਰੀ ਟੈਸਟ ਲਿਖ ਦਿੰਦੇ ਹਨ। ਕੁੜਿਕੀ ਵਿਚ ਫਸਿਆ ਮਰੀਜ਼ ਕਿਧਰ ਜਾਵੇ?
ਅੱਖੀਂ ਦੇਖਿਆ ਕੇਸ ਯਾਦ ਆ ਗਿਆ ਹੈ। ਇਕ ਵਾਕਿਫ ਕਿਸੇ ਮੰਨੇ-ਪ੍ਰਮੰਨੇ ਹਸਪਤਾਲ ਵਿਚ ਪਹੁੰਚਦਿਆਂ ਹੀ ਪ੍ਰਲੋਕ ਸਿਧਾਰ ਗਿਆ ਪਰ ਉਸ ਦੇ ਬੇਟੇ ਨੂੰ ਇਹ ਨਾ ਦੱਸਿਆ ਗਿਆ, ਬਲਕਿ ਬਹੁਤ ਸਾਰੇ ਟੈਸਟਾਂ ਲਈ ਚੋਖੀ ਰਕਮ ਦਾ ਇੰਤਜ਼ਾਮ ਕਰਨ ਲਈ ਕਿਹਾ ਗਿਆ। ਹੋਰ ਕਿਸੇ ਸ਼ਹਿਰ ਤੋਂ ਆਇਆ ਉਹ ਲੜਕਾ ਪਿਤਾ ਦੇ ਲੋਕਲ ਦੋਸਤਾਂ ਕੋਲੋਂ ਬੜੀ ਮੁਸ਼ਕਿਲ ਨਾਲ ਮਾਇਆ ਇਕੱਠੀ ਕਰ ਸਕਿਆ। ਜਦੋਂ ਹਸਪਤਾਲ ਪਹੁੰਚਿਆ ਤਾਂ ਸਬੱਬ ਹੀ ਸਮਝੋ, ਹਸਪਤਾਲ ਦੇ ਅੰਦਰਲੇ ਕਰਮਚਾਰੀ ਨੇ ਲੜਕੇ ਦੇ ਕੰਨ ਵਿਚ ਧੀਮੀ ਆਵਾਜ਼ ਨਾਲ ਕਿਹਾ ਕਿ ਤੁਹਾਡਾ ਮਰੀਜ਼ ਤਾਂ ਆਉਂਦਿਆਂ ਹੀ ਪੂਰਾ ਹੋ ਗਿਆ ਸੀ। ਡਾਕਟਰਾਂ ਨੂੰ ਜ਼ੋਰ ਦੇ ਕੇ ਕਹੋ ਕਿ ਮੇਰੇ ਪਿਤਾ ਨੂੰ ਡਿਸਚਾਰਜ ਕਰ ਦਿਉ। ਇਉਂ ਲੜਕਾ ਹਸਪਤਾਲ ਅਤੇ ਡਾਕਟਰਾਂ ਦੇ ਨਿਰਦਈਪੁਣੇ ਤੋਂ ਬਚ ਗਿਆ।
ਇਹ ਤਾਂ ਕਹਿ ਨਹੀਂ ਸਕਦੇ ਕਿ ਸਭ ਬਿਮਾਰੀਆਂ ਦਾ ਇਲਾਜ ਹੋਮਿਓਪੈਥੀ ਅਤੇ ਆਯੁਰਵੈਦਿਕ ਢੰਗ ਨਾਲ ਹੋ ਸਕਦਾ ਹੈ ਪਰ ਸਾਧਾਰਨ ਜਿਹੀਆਂ ਤਕਲੀਫਾਂ ਵਿਚ ਦੇਸੀ ਦਵਾਈਆਂ ਕੰਮ ਕਰ ਜਾਂਦੀਆਂ ਹਨ। ਵੈਦ ਅਤੇ ਹਕੀਮ ਪੁਸ਼ਤ-ਦਰ-ਪੁਸ਼ਤ ਮਿਲੇ ਨੁਸਖਿਆਂ ਨਾਲ ਸਿਧੇ ਸਾਦੇ ਲੋਕਾਂ ਦੀ ਸੇਵਾ ਕਰਦੇ ਸਨ। ਉਨ੍ਹਾਂ ਦੇ ਮਨ ਵਿਚ ਕੋਈ ਲੋਭ-ਲਾਲਚ ਨਹੀਂ ਸੀ ਹੁੰਦਾ। ਹੁਣ ਤਾਂ ਗੱਲਾਂ ਹੀ ਹੋਰ ਹਨ। ਵਪਾਰਕ ਜੀਵਨ ਦੀ ਮਾਰ ਹੇਠ ਸਭ ਕਿਸਮ ਦੇ ਵੈਦ, ਹਕੀਮ, ਹੋਮੀਓਪੈਥ ਅਤੇ ਆਯੁਰਵੈਦ ਆ ਗਏ ਹਨ। ਕੈਂਸਰ ਜਿਹੀ ਨਾਮੁਰਾਦ ਬਿਮਾਰੀ ਦਾ ਸ਼ਰਤੀਆ ਇਲਾਜ ਦੱਸਦੇ ਹਨ। ਐਲੋਪੈਥੀ ਦੇ ਖਿਲਾਫ ਬੋਲਣਾ ਇਨ੍ਹਾਂ ਦਾ ਧਰਮ ਹੈ ਅਤੇ ਭੋਲੇ-ਭਾਲੇ ਮਰੀਜ਼ ਇਨ੍ਹਾਂ ਦੀਆਂ ਗੱਲਾਂ ਵਿਚ ਆ ਜਾਂਦੇ ਹਨ। ਪਤਾ ਨਹੀਂ ਇਹ ਤੱਥ ਕਿੰਨਾ ਕੁ ਸੱਚ ਹੈ ਕਿ ਬਹੁਤੇ ਡਾਕਟਰ ਅਕਸਰ ਸਟੀਰਾਇਡ ਦੀ ਵਰਤੋਂ ਕਰਦੇ ਹਨ।
ਬਹੁਤ ਪੁਰਾਣੇ ਸਮੇਂ ਦੀ ਗੱਲ ਨਹੀਂ, ਜਦੋਂ ਕੋਈ ਵਿਰਲਾ ਹੀ ਕੈਪੀਟੇਸ਼ਨ ਫੀਸ ਰਾਹੀਂ ਬੱਚੇ ਨੂੰ ਦੂਰ-ਦੁਰਾਡੇ ਮੈਡੀਕਲ ਕਾਲਜ ਵਿਚ ਭੇਜਦਾ ਸੀ, ਕਿਉਂਕਿ ਮਨੁੱਖਤਾ ਦੀ ਸੇਵਾ ਡਾਕਟਰ ਦਾ ਮੁੱਖ ਉਦੇਸ਼ ਸੀ। ਅੱਜ ਅੰਨ੍ਹੀ ਆਮਦਨ ਨੂੰ ਧਿਆਨ ਵਿਚ ਰੱਖਦਿਆਂ ਲੱਖਾਂ ਰੁਪਏ ਦੇ ਕੇ ਬੱਚੇ ਨੂੰ ਪਤਾਲ ਤੱਕ ਭੇਜਣਾ ਵੀ ਮਾਮੂਲੀ ਗੱਲ ਹੈ। ਪੜ੍ਹਾਈ ਤੋਂ ਪਿਛੋਂ ਵਿਦੇਸ਼ ਦੇ ਸਬਜ਼-ਬਾਗ਼ ਉਨ੍ਹਾਂ ਤੋਂ ਕੀ ਕੁਝ ਨਹੀਂ ਕਰਾਉਂਦੇ? ਇਸ ਵਪਾਰਕ ਜੀਵਨ ਵਿਚ ਨਫੇ ਲਾਭ ਦੀ ਕੋਈ ਸੀਮਾ ਨਹੀਂ। ਮਨ ਬਹੁਤ ਅਸ਼ਾਂਤ ਹੁੰਦਾ ਹੈ ਜਦੋਂ ਵੱਡੀਆਂ-ਵੱਡੀਆਂ ਕੋਠੀਆਂ ਅਤੇ ਅਤਿਅੰਤ ਕਮਾਈ ਦੇ ਮਾਲਕ ਡਾਕਟਰਾਂ ਨੂੰ ਮਾੜੇ ਤੇ ਹਲਕੇ ਕੰਮਾਂ ਕਰ ਕੇ ਸਜ਼ਾ ਭੁਗਤਦਿਆਂ ਦੇਖਦਾ ਹਾਂ। ਕਾਸ਼! ਉਹ ਸਬਰ ਸੰਤੋਖ ਤੋਂ ਕੰਮ ਲੈਂਦੇ।
ਬਹੁਤ ਘੱਟ ਦੇਖਿਆ ਹੈ ਜਦੋਂ ਕੋਈ ਡਾਕਟਰ ਇਸ ਗੱਲ ਕਰ ਕੇ ਕਿਸੇ ਜ਼ਰੂਰੀ ਸਮਾਗਮ ਵਿਚ ਨਾ ਪਹੁੰਚ ਸਕਿਆ ਹੋਵੇ ਕਿ ਕਿਸੇ ਮਰੀਜ਼ ਦੀ ਹਾਲਤ ਬਹੁਤ ਨਾਜ਼ੁਕ ਸੀ। ਸਾਰੇ ਤਾਂ ਨਹੀਂ, ਕਈਆਂ ਕੋਲ ਮਾਂ-ਬਾਪ ਕੋਲ ਰਹਿਣ ਲਈ ਵੀ ਹਫਤੇ ਤੋਂ ਵੱਧ ਸਮਾਂ ਨਹੀਂ, ਕਿਉਂਕਿ ਵਪਾਰਕ ਕਾਰੋਬਾਰ ਨੂੰ ਖਤਰਾ ਹੋ ਜਾਂਦਾ ਹੈ।
ਪੰਜਾਬ ਵੱਲੋਂ ਅਮਰੀਕਾ ਆਏ ਕਈ ਬਹੁਤ ਲਾਇਕ ਡਾਕਟਰਾਂ ਨਾਲ ਜਦੋਂ ਕਦੇ ਇਹੋ ਜਿਹੀਆਂ ਬਿਮਾਰੀਆਂ ਦੇ ਇਲਾਜ ਲਈ ਰਿਸਰਚ ਰਾਹੀਂ ਆਪਣਾ ਯੋਗਦਾਨ ਪਾਉਣ ਦੀ ਗੱਲ ਕਰਦਾ ਹਾਂ ਤਾਂ ਮੇਰਾ ਮਨ ਰੱਖਣ ਲਈ ਉਹ ਕਹਿ ਦਿੰਦੇ ਹਨ ਹਾਂ ਅੰਕਲ ਜੀ, ਜ਼ਰੂਰ ਕੁਝ ਕਰਾਂਗੇ ਪਰ ਵਪਾਰਕ ਜੀਵਨ ਦੀ ਮਜ਼ਬੂਤ ਪਕੜ ਅਧੀਨ ਉਨ੍ਹਾਂ ਦੇ ਪਰਿਵਾਰਕ ਮੈਂਬਰ ਅਤੇ ਦੋਸਤ ਮਿੱਤਰ ਉਨ੍ਹਾਂ ਨੂੰ ਗਲੋਂ ਫੜ ਕੇ ਰੋਕ ਲੈਂਦੇ ਹਨ ਅਤੇ ਕਹਿੰਦੇ ਹਨ ਕਿ ਇਸ ਰਿਸਰਚ ਨਾਲ ਕੋਈ ਵੱਡੀ ਬਿਲਡਿੰਗ ਉਸਾਰ ਲਵੋਗੇ? ਪਤਾ ਨਹੀਂ ਇਸ ਹਾਲਤ ਦੇ ਬਾਵਜੂਦ ਮੈਨੂੰ ਯਕੀਨ ਹੈ ਕਿ ਸੁਹਾਵਣੀ ਸਵੇਰ ਜ਼ਰੂਰ ਆਉਣ ਵਾਲੀ ਹੈ, ਜਦੋਂ ਇਨ੍ਹਾਂ ਨਾਮੁਰਾਦ ਬਿਮਾਰੀਆਂ ਦਾ ਇਲਾਜ ਲੱਭ ਜਾਵੇਗਾ।
ਪਿਛੇ ਜਿਹੇ ਸੰਸਾਰ ਪ੍ਰਸਿੱਧ ਵਿਗਿਆਨੀ ਸਟੀਫਨ ਹਾਕਿੰਗ ਏ. ਐਲ਼ ਐਸ਼ ਬਿਮਾਰੀ ਨਾਲ ਚਲਾਣਾ ਕਰ ਗਿਆ। ਇਸ ਲਾਇਲਾਜ ਬਿਮਾਰੀ ਨਾਲ ਮੇਰੇ ਨਜ਼ਦੀਕੀ ਦੋਸਤ ਦਾ ਹੋਣਹਾਰ ਅਤੇ ਨੌਜਵਾਨ ਬੇਟਾ ਪੂਰਾ ਹੋ ਗਿਆ। ‘ਪੰਜਾਬ ਟਾਈਮਜ਼’ ਅਖਬਾਰ ਦਾ ਸੰਪਾਦਕ, ਮੇਰਾ ਅਜ਼ੀਜ਼ ਅਮੋਲਕ ਸਿੰਘ ਇਸੇ ਨਾਮੁਰਾਦ ਰੋਗ ਦਾ ਸ਼ਿਕਾਰ ਹੈ। ਇਸ ਚੰਦਰੇ ਰੋਗ ਦਾ ਪਤਾ ਪਹਿਲੀ ਵਾਰ 1869 ਵਿਚ ਫਰਾਂਸੀਸੀ ਨਿਓਰੋਲੋਜਿਸਟ ਨੇ ਲਾਇਆ ਸੀ। ਹੁਣ ਤਕ ਇਸ ਦਾ ਕੋਈ ਇਲਾਜ ਨਹੀਂ ਲੱਭਿਆ।
ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੀ ਤਰਸਯੋਗ ਹਾਲਤ ਦੇਖਦਿਆਂ ਮੈਨੂੰ ਮੇਰਾ ਬਚਪਨ ਯਾਦ ਗਿਆ। ਮੇਰੇ ਪਿੰਡ ਵਿਚ ਆਪੋ-ਆਪਣੀ ਜ਼ਮੀਨ ਦੀ ਮਾਲਕੀ ਅਨੁਸਾਰ ਕਿਸੇ ਕਿਸਾਨ ਦੇ ਇਕ, ਕਿਸੇ ਦੇ ਦੋ ਅਤੇ ਕਿਸੇ ਦੇ ਤਿੰਨ ਜਾਂ ਚਾਰ ਸੀਰੀ ਸਾਂਝੀ ਹੁੰਦੇ ਸਨ। ਸਾਂਝੀਆਂ ਦਾ ਫਸਲ ਵਿਚ ਹਿੱਸਾ ਹੁੰਦਾ ਸੀ। ਸਾਉਣੀ ਦੀ ਫਸਲ ਵੇਚਣ ਨਾਲ ਸਾਂਝੀ ਨੂੰ ਕੁਝ ਨਕਦੀ ਮਿਲ ਜਾਂਦੀ ਅਤੇ ਕੁਝ ਮੂੰਗੀ, ਮਸਰੀ, ਮਾਂਹ ਦੀ ਦਾਲ ਮਿਲ ਜਾਂਦੀ। ਹਾੜ੍ਹੀ ਦੀ ਫਸਲ ਵਿਚੋਂ ਕਣਕ ਮਿਲ ਜਾਂਦੀ। ਸਾਂਝੀਆਂ ਦੇ ਘਰਾਂ ਵਿਚ ਛੋਟੇ-ਮੋਟੇ ਲਵੇਰੇ ਲਈ ਕਿਸਾਨ ਦੇ ਖੇਤਾਂ ਵਿਚੋਂ ਚਾਰਾ ਮਿਲ ਜਾਂਦਾ।
ਮੈਂ ਆਪਣੇ ਸਿਰ ‘ਤੇ ਲੱਸੀ ਦਾ ਵੱਡਾ ਗੜਵਾ ਅਤੇ ਸੁਆਦਲੀਆਂ ਰੋਟੀਆਂ ਰੱਖ ਕੇ ਖੇਤ ਸਾਂਝੀਆਂ ਲਈ ਲਿਜਾਂਦਾ ਸਾਂ। ਸਾਂਝੀ ਬਹੁਤ ਖੁਸ਼ ਰਹਿੰਦੇ, ਸ਼ਾਮ ਦੀ ਰੋਟੀ ਉਹ ਆਪਣੇ ਘਰ ਖਾਂਦੇ ਜਿਸ ਲਈ ਉਨ੍ਹਾਂ ਨੂੰ ਲੋੜ ਤੋਂ ਵੱਧ ਰਸਦ ਦਿੱਤੀ ਜਾਂਦੀ ਸੀ। ਉਨ੍ਹਾਂ ਦੇ ਬੱਚਿਆਂ ਦੇ ਵਿਆਹ, ਸ਼ਾਦੀ ਲਈ ਬਿਨਾਂ ਵਿਆਜ ਕਰਜ਼ਾ ਦਿੱਤਾ ਜਾਂਦਾ ਸੀ ਪਰ ਜਿਸ ਦਿਨ ਦਾ ਹਰਾ ਇਨਕਲਾਬ ਆਇਆ ਹੈ, ਕਿਸਾਨ ਅਤੇ ਤਜਾਰਤ ਸਵਾਹ ਹੋ ਗਈ। ਉਸ ਨੂੰ ਲੱਗਾ, ਇਤਨੀ ਭਾਰੀ ਫਸਲ ਵਿਚੋਂ ਸਾਂਝੀ ਨੂੰ ਹਿੱਸਾ? ਤੇ ਨਵੀਂ ਰੋਸ਼ਨੀ ਵਿਚ ਸਾਂਝੀ ਨੂੰ ਸੀਰੀ ਕਹਾਉਣਾ ਕੋਝਾ ਲੱਗਣ ਲੱਗਾ। ਦੋਵੇਂ ਧਿਰਾਂ ਗ਼ਲਤਫਹਿਮੀ ਦਾ ਸ਼ਿਕਾਰ ਹੋ ਗਈਆਂ। ਭਾਰੀ ਫਸਲ ਦੀ ਆਸ ਵਿਚ ਕਿਸਾਨ ਕਰਜ਼ੇ ਲੈਣ ਲੱਗ ਪਏ। ਦਾਲਾਂ, ਸਬਜ਼ੀਆਂ ਦੀ ਥਾਂ ਕਣਕ, ਝੋਨੇ ਦਾ ਬੋਲ-ਬਾਲਾ ਹੋ ਗਿਆ।
ਮੈਂ ਜਦ ਕਦੇ ਪਿੰਡ ਜਾਂਦਾ ਹਾਂ, ਤਾਂ ਘਰਾਂ ਵਿਚ ਦੁੱਧ, ਦਹੀਂ, ਲੱਸੀ ਨਹੀਂ ਮਿਲਦੀ, ਕਿਉਂਕਿ ਜ਼ਰੂਰਤ ਜੋਗਾ ਹੀ ਦੁੱਧ ਘਰ ਰੱਖਿਆ ਜਾਂਦਾ ਹੈ, ਬਾਕੀ ਸ਼ਹਿਰਾਂ ਦੀ ਭੇਂਟ ਚੜ੍ਹ ਜਾਂਦਾ ਹੈ। ਬਹੁਤੇ ਘਰਾਂ ਵਿਚ ਕੀੜੇਮਾਰ ਦਵਾਈਆਂ ਅਤੇ ਨਸ਼ੀਲੇ ਕੈਪਸੂਲ ਮਿਲਦੇ ਹਨ। ਜੱਟਾਂ ਦੀਆਂ ਚੌੜੀਆਂ ਛਾਤੀਆਂ ਦੀ ਥਾਂ ਸੁੱਕੇ ਜਬਾੜੇ ਅਤੇ ਅੰਦਰ ਧਸੀਆਂ ਅੱਖਾਂ ਨਜ਼ਰ ਆਉਂਦੀਆਂ ਹਨ। ਮਨਾਂ ਮੂੰਹ ਕਰਜ਼ੇ ਹੇਠ ਆਏ ਇਹ ਲੋਕ ਅਧਮੋਈ ਜ਼ਿੰਦਗੀ ਬਸਰ ਕਰ ਰਹੇ ਹਨ। ਸਾਂਝੀਆਂ ਤੋਂ ਉਚਾ ਦਰਜਾ ਪਾ ਕੇ ਖੇਤ ਮਜ਼ਦੂਰ ਕਹਾ ਕੇ ਆਟਾ-ਦਾਲ (ਸੁਸਰੀਆਂ ਭਰਿਆ) ਲਈ ਲੇਲ੍ਹੜੀਆਂ ਕੱਢ ਰਹੇ ਹਨ। ਇਹ ਸਭ ਕੁਝ ਤਜਾਰਤੀ ਜੀਵਨ ਅਤੇ ਅਗਾਂਹਵਧੂ ਰੋਸ਼ਨੀ ਦੇ ਗਲਤ ਇਸਤੇਮਾਲ ਦਾ ਨਤੀਜਾ ਹੈ।
ਮੇਰੇ ਪਿੰਡ ਵਿਚ ਪੱਕੇ ਰੰਗ ਵਾਲਾ ਇਕ ਮਜ਼੍ਹਬੀ ਸਿੱਖ ਕੀਰਤਨ ਕਰਿਆ ਕਰਦਾ ਸੀ। ਇੰਨੇ ਵੱਡੇ ਪਿੰਡ ਵਿਚ ਇਕ ਹੀ ਗੁਰਦੁਆਰਾ ਸੀ। ਮਹਿਸੂਸ ਹੋ ਰਿਹਾ ਹੈ ਕਿ ਅੱਡੋ-ਅੱਡ ਗੁਰਦੁਆਰੇ ਅਤੇ ਸਮਾਜਿਕ ਵਖਰੇਵੇਂ ਵਪਾਰਕ ਜੀਵਨ ਦੀ ਹੀ ਉਪਜ ਹਨ। ਅਗਾਂਹਵਧੂ ਲਹਿਰ ਅਤੇ ਹਰਾ ਇਨਕਲਾਬ ਜਿਥੇ ਬਹੁਤ ਕੁਝ ਚੰਗਾ ਲਿਆਇਆ, ਉਸ ਦੇ ਨਾਲ ਹੀ ਵਪਾਰਕ ਜੀਵਨ ਦੀ ਭੈੜੀ ਸੁਗਾਤ ਲੈ ਕੇ ਆਇਆ। ਕਿਸਾਨ ਅਤੇ ਸਾਂਝੀ ਦੇ ਰਿਸ਼ਤੇ ਵਿਚ ਤਜਾਰਤ ਨਹੀਂ ਸਗੋਂ ਸੰਜਮ ਅਤੇ ਇਮਾਨਦਾਰੀ ਮੁੱਖ ਸਨ। ਹਰੇ ਇਨਕਲਾਬ ਨੇ ਇਹ ਰਿਸ਼ਤਾ ਲੀਰੋ-ਲੀਰ ਕਰ ਦਿੱਤਾ।
ਪੱਛਮੀ ਮੁਲਕਾਂ ਵਿਚ ਵਪਾਰਕ ਰੁਚੀ ਭਾਰਤ ਨਾਲੋਂ ਪਹਿਲਾਂ ਹੀ ਆ ਗਈ ਸੀ। ਅਮਰੀਕਾ ਵਿਚ ਪੈਦਾ ਹੋਏ ਛੋਟੇ ਬੱਚੇ ਭਾਰਤ ਤੋਂ ਆਏ ਦਾਦਾ ਦਾਦੀ ਨੂੰ ਬਹੁਤ ਵਾਰ ਕਹਿ ਦਿੰਦੇ ਹਨ ਕਿ ਦਾਦੀ, ਮੇਰਾ ਕਮਰਾ ਸਾਫ ਕਰ ਦਿਉ, ਮੈਂ ਤੁਹਾਨੂੰ ਪੰਜ ਡਾਲਰ ਦੇ ਦੇਵਾਂਗਾ। ਇਥੋਂ ਦੇ ਲੋਕ ਸੋਚ ਨਹੀਂ ਸਕਦੇ ਕਿ ਉਜਰਤ ਤੋਂ ਬਗੈਰ ਕੋਈ ਕੰਮ ਕਰ ਸਕਦਾ ਹੈ।
ਪੰਦਰਾਂ ਕੁ ਸਾਲ ਪੁਰਾਣੀ ਘਟਨਾ ਦੱਸਣ ਨੂੰ ਮਨ ਕਰ ਆਇਆ ਹੈ। ਘਟਨਾ ਕਿਸੇ ਹਸਪਤਾਲ ਦੀ ਹੈ ਜਿਥੇ ਪੰਜਾਬੀ ਬਜ਼ੁਰਗ ਬੀਬੀ, ਹਸਪਤਾਲ ਦੀ ਅਫਸਰ ਨਾਲ ਗੱਲ ਕਰਦਿਆਂ ਕਹਿ ਰਹੀ ਸੀ ਕਿ ਉਹ ਇਥੇ ਪੋਤੇ-ਪੋਤੀਆਂ ਨੂੰ ਖਿਡਾਉਣ ਲਈ ਆਈ ਹੈ ਅਤੇ ਉਸ ਦੀ ਕੋਈ ਆਮਦਨੀ ਨਹੀਂ। ਅੰਗਰੇਜ਼ੀ ਜ਼ੁਬਾਨ ਦੀ ਮੁਸ਼ਕਿਲ ਮਹਿਸੂਸ ਕਰਦਿਆਂ ਉਸ ਲੇਡੀ ਅਫਸਰ ਨੇ ਮੈਨੂੰ ਬੁਲਾ ਲਿਆ। ਮੈਂ ਉਸ ਨੂੰ ਬੜੇ ਸਤਿਕਾਰ ਨਾਲ ਸਮਝਾਇਆ ਕਿ ਇਹ ਸਾਡਾ ਸਭਿਆਚਾਰ ਹੈ। ਅਸੀਂ ਆਪਣੇ ਬੱਚਿਆਂ ਨਾਲ ਪ੍ਰੇਮ ਕਰਦੇ ਹਾਂ, ਤਜਾਰਤ ਨਹੀਂ।
ਅਜੀਬ ਇਤਫਾਕ ਹੋਇਆ। ਉਸ ਲੇਡੀ ਅਫਸਰ ਨੇ ਮੈਨੂੰ ਦੇਸੀ ਘਿਉ ਦਾ ਛੋਟਾ ਪੈਕਟ ਲਿਆਉਣ ਲਈ ਕਿਹਾ, ਕਿਉਂਕਿ ਉਹ ਕਿਸੇ ਭਾਰਤੀ ਸਟੋਰ ਦੀ ਵਾਕਿਫ ਨਹੀਂ ਸੀ। ਮੈਂ ਪੰਜ-ਛੇ ਡਾਲਰ ਖ਼ਰਚ ਕੇ ਅਗਲੀ ਫੇਰੀ ‘ਤੇ ਉਸ ਲਈ ਦੇਸੀ ਘਿਉ ਦਾ ਪੈਕੇਟ ਲੈ ਗਿਆ। ਉਸ ਨੇ ਪਰਸ ਵਿਚੋਂ ਡਾਲਰ ਕੱਢ ਕੇ ਮੈਨੂੰ ਪੈਸੇ ਦੇਣ ਦੀ ਕੋਸ਼ਿਸ਼ ਕੀਤੀ ਪਰ ਮੈਂ ਇਹ ਕਹਿ ਕੇ ਮੋੜ ਦਿੱਤੇ ਕਿ ਅਸੀਂ ਸ਼ੁਭ ਇੱਛਕ ਤੋਂ ਪਿਆਰ ਨਾਲ ਮੰਗਵਾਈ ਚੀਜ਼ ਦੇ ਪੈਸੇ ਨਹੀਂ ਲੈਂਦੇ। ਉਸ ਨੂੰ ਪੰਜਾਬੀ ਬੀਬੀ ਦੀ ਗੱਲ ‘ਤੇ ਯਕੀਨ ਹੋ ਗਿਆ।
ਵਪਾਰਕ ਜੀਵਨ ਦੀਆਂ ਝਲਕਾਂ ਬਹੁਤ ਗੁਲ ਖਿਲਾ ਰਹੀਆਂ ਹਨ। ਕਿਤੇ ਕਿਤੇ ਹਾਸਾ, ਕਿਤੇ ਕਿਤੇ ਹੈਰਾਨੀ ਅਤੇ ਪ੍ਰੇਸ਼ਾਨੀ ਨਜ਼ਰ ਆਉਂਦੇ ਹਨ। ਵਿਆਹਾਂ ਸ਼ਾਦੀਆਂ ਵਿਚ ਸ਼ਗਨ ਦੀ ਰਸਮ ਬਹੁਤ ਦਿਲਚਸਪ ਹੈ। ਕੇਟਰਿੰਗ ਬਹੁਤ ਮਹਿੰਗੀ ਹੈ। ਬੰਦ ਲਿਫਾਫਾ ਕਈ ਵਾਰ ਖਾਲੀ ਹੁੰਦਾ ਹੈ ਅਤੇ ਕਈ ਵਾਰ ਇਕ ਸਿਆਸੀ ਆਦਮੀ ਆਪਣੇ ਨਾਲ ਦਸ-ਪੰਦਰਾਂ ਆਦਮੀ ਲੈ ਆਉਂਦਾ ਹੈ। ਭੀੜ ਭੜੱਕੇ ਵਿਚ ਕਈ ਮਹਿਮਾਨ ਬਿਨ ਬੁਲਾਏ ਵੀ ਪਹੁੰਚ ਜਾਂਦੇ ਹਨ ਅਤੇ ਵਿਆਹ ਸ਼ਾਦੀ ਅਜੀਬ ਵਪਾਰਕ ਤਮਾਸ਼ਾ ਬਣ ਜਾਂਦਾ ਹੈ। ਹੋਰ ਤਾਂ ਹੋਰ ਕਿਸੇ ਰੱਜੇ-ਪੁੱਜੇ ਆਦਮੀ ਜਾਂ ਇਸਤਰੀ ਦੇ ਫੌਤ ਹੋਣ ‘ਤੇ ਭੋਗ ਸਮੇਂ ਵੀ ਤਜਾਰਤੀ ਝਲਕ ਨਜ਼ਰ ਆਉਂਦੀ ਹੈ। ਕਿਸੇ ਸਾਧਾਰਨ ਘਰੇਲੂ ਬੀਬੀ ਦੇ ਭੋਗ ਉਤੇ ਕਿਸੇ ਸਿਆਸੀ ਆਦਮੀ ਨੇ ਆਪਣੇ ਭਾਸ਼ਣ ਵਿਚ ਬੀਬੀ ਨੂੰ ਝਾਂਸੀ ਦੀ ਰਾਣੀ ਦਾ ਖਿਤਾਬ ਦੇ ਦਿੱਤਾ। ਮਤਲਬ ਸਾਫ ਸੀ, ਆਉਣ ਵਾਲੀ ਚੋਣ ਵਿਚ ਵੋਟਾਂ ਦੀ ਤਜਾਰਤ, ਕਿਉਂਕਿ ਘਰ ਵਾਲੇ ਅਤੇ ਰਿਸ਼ਤੇਦਾਰ ਬਾਗੋ-ਬਾਗ ਹੋ ਗਏ ਸਨ ਅਤੇ ਸਿਆਸਤਦਾਨ ਦੇ ਵੋਟ ਬੈਂਕ ਵਿਚ ਵਾਧਾ ਹੋ ਗਿਆ ਸੀ।
ਮੇਰੇ ਦਿਮਾਗ਼ ਵਿਚ ਵਪਾਰਕ ਜੀਵਨ ਦੀਆਂ ਮਿਸਾਲਾਂ ਫਿਲਮ ਵਾਂਗ ਘੁੰਮ ਰਹੀਆਂ ਹਨ। ਇਥੇ ਅਮਰੀਕਾ ਵਿਚ ਗੁਰਦੁਆਰਿਆਂ ਵਿਚ ਰਸਭਿੰਨਾ ਕੀਰਤਨ ਸੁਣ ਕੇ ਬੜਾ ਅਨੰਦ ਆਉਂਦਾ ਹੈ। ਹੈਰਾਨ ਹੁੰਦਾ ਹਾਂ ਜਦੋਂ ਪੰਜ ਸੱਤ ਮਹੀਨਿਆਂ ਪਿਛੋਂ ਕੀਰਤਨੀਏ ਭਾਈ ਸਾਹਿਬ ਗਾਇਬ ਹੋ ਜਾਂਦੇ ਹਨ। ਪਤਾ ਲਗਦਾ ਹੈ ਕਿ ਜਾਂ ਤਾਂ ਉਹ ਪੱਕੇ ਹੋ ਗਏ ਸਨ ਜਾਂ ਕਿਤੇ ਹੋਰ ਚੰਗੀ ਤਨਖਾਹ ਮਿਲ ਗਈ ਹੋਵੇਗੀ ਜਾਂ ਉਨ੍ਹਾਂ ਨੂੰ ਪ੍ਰਬੰਧਕਾਂ ਤੋਂ ਢੁਕਵਾਂ ਸਮਾਂ (ਜਦੋਂ ਬਹੁਤੀ ਸੰਗਤ ਆਉਂਦੀ ਹੈ) ਨਹੀਂ ਮਿਲਦਾ ਹੋਣਾ। ਇਹ ਕਿਹੋ ਜਿਹੀ ਤਜਾਰਤ ਹੈ?
ਮੈਨੂੰ ਗੁਰਬਾਣੀ ਦੀ ਸੂਝ ਬਹੁਤ ਘੱਟ ਹੈ। ਫਿਰ ਵੀ ਪਤਾ ਨਹੀਂ ਕਿਉਂ, ਇਹ ਤੁਕ ਮੇਰੇ ਮਨ ਨੂੰ ਹਰ ਵੇਲੇ ਟੁੰਬਦੀ ਰਹਿੰਦੀ ਹੈ:
ਬਿਨਾ ਸੰਤੋਖ ਨਹੀ ਕੋਊ ਰਾਜੈ।
ਸੁਪਨ ਮਨੋਰਥ ਬ੍ਰਿਥੇ ਸਭ ਕਾਜੈ॥
ਜਿਵੇਂ ਸੁਪਨਾ ਕਦੇ ਵੀ ਜੀਵਨ ਨੂੰ ਤਸੱਲੀ ਨਹੀਂ ਬਖਸ਼ਦਾ, ਇਸੇ ਤਰ੍ਹਾਂ ਸਬਰ ਸੰਤੋਖ ਤੋਂ ਬਗੈਰ ਸਾਡੇ ਸਭ ਕਾਰਜ ਪੂਰਨ ਤਸੱਲੀ ਨਹੀਂ ਦੇ ਸਕਦੇ। ਬਹੁਤ ਵਾਰ ਅੰਤ ਵਿਚ ਭਟਕਣ ਹੀ ਮਿਲਦੀ ਹੈ। ਮੈਂ ਕਈਆਂ ਨੂੰ ਪਛਤਾਵੇ ਦੀ ਹਾਲਤ ਵਿਚ ਦੇਖਿਆ ਹੈ। ਮਹਿਸੂਸ ਹੁੰਦਾ ਹੈ ਕਿ ਜੇ ਲੁਕਾਈ ਨੇ ਸਬਰ-ਸੰਤੋਖ ਦਾ ਪੱਲਾ ਨਾ ਫੜਿਆ ਤਾਂ ਵਪਾਰਕ ਬਿਰਤੀ ਨੂੰ ਠੱਲ੍ਹ ਨਹੀਂ ਪੈ ਸਕਦੀ ਅਤੇ ਚੰਗੀਆਂ ਭਾਵਨਾਵਾਂ ਦਾ ਕਤਲ ਹੋ ਜਾਵੇਗਾ। ਜਦੋਂ ਕੋਈ ਭੋਲਾ-ਭਾਲਾ ਬੱਚਾ ਆਪਣੇ ਮਾਂ-ਬਾਪ ਤੋਂ ਸੇਵਾ ਭਾਵ, ਵੱਡਿਆਂ ਦਾ ਸਤਿਕਾਰ, ਈਮਾਨ, ਵਫਾਦਾਰੀ, ਆਪਸੀ ਪਿਆਰ, ਇਤਫਾਕ ਜਿਹੇ ਸ਼ਬਦ ਦਾ ਅਰਥ ਪੁੱਛੇਗਾ ਤਾਂ ਮਾਪੇ ਕਹਿਣਗੇ, “ਕਾਕਾ ਸਾਨੂੰ ਤਾਂ ਆਪ ਨਹੀਂ ਪਤਾ, ਕਿਸੇ ਪੁਰਾਣੀ ਡਿਕਸ਼ਨਰੀ ਜਾਂ ਸ਼ਬਦ ਕੋਸ਼ ਵਿਚੋਂ ਦੇਖ ਲੈ।”