ਬਦਲਦੇ ਮੌਸਮ

ਸੁਰਜੀਤ
ਫੋਨ: 416-605-3784
ਮਨੁੱਖ ਅਤੇ ਕੁਦਰਤ ਦਾ ਗੂੜ੍ਹਾ ਰਿਸ਼ਤਾ ਹੈ। ਕੁਦਰਤ ਦਾ ਹਰ ਵਰਤਾਰਾ ਮਨੁੱਖੀ ਮਨ ਨੂੰ ਪ੍ਰਭਾਵਿਤ ਕਰਦਾ ਹੈ। ਇਹ ਨੀਲਾ ਅੰਬਰ, ਅੰਬਰ ‘ਚ ਚਮਕਦਾ-ਦਮਕਦਾ ਸੂਰਜ, ਇਹ ਧੁੱਪਾਂ ਤੇ ਛਾਂਵਾਂ, ਇਹ ਚੰਨ ਤੇ ਇਸ ਦੀਆਂ ਸ਼ੀਤਲ ਚਾਨਣੀਆਂ, ਇਹ ਧਰਤੀ ਤੇ ਇਸ ਦੇ ਵਿਸ਼ਾਲ ਸਮੁੰਦਰ, ਇਹ ਜਵਾਰ ਭਾਟੇ, ਇਹ ਅਸਮਾਨ ਛੂਹੰਦੇ ਬਰਫਾਂ ਲੱਦੇ ਪਰਬਤ-ਸਿਖਰ, ਇਹ ਟਿਮਟਮਾਉਂਦੀਆਂ ਤਾਰਿਆਂ ਦੀਆਂ ਖਿੱਤੀਆਂ ਹਮੇਸ਼ਾ ਤੋਂ ਮਨੁੱਖ ਨੂੰ ਆਪਣੇ ਵੱਲ ਆਕਰਸ਼ਿਤ ਕਰਦੀਆਂ ਰਹੀਆਂ ਹਨ। ਸੰਵੇਦਨਸ਼ੀਲ ਮਨ ਕੁਦਰਤ ਦੀ ਵਿਸ਼ਾਲ ਸੁੰਦਰਤਾ ਨੂੰ ਦੇਖ ਕੇ ਖੀਵੇ ਹੀ ਹੋ ਜਾਂਦੇ ਹਨ।

ਪਸੂ-ਪੰਛੀਆਂ ‘ਤੇ ਵੀ ਕੁਦਰਤ ਦਾ ਬਹੁਤ ਅਸਰ ਹੁੰਦਾ ਹੈ। ਘਨਘੋਰ ਘਟਾਵਾਂ ਨੂੰ ਵੇਖ ਮੋਰ ਪੈਲਾਂ ਪਾਉਂਦੇ ਨੇ ਅਤੇ ਪੈਲਾਂ ਪਾਉਂਦੇ ਮੋਰਾਂ ਨੂੰ ਤੱਕ ਸੰਗੀਤ-ਪ੍ਰੇਮੀਆਂ ਦੇ ਮਨ ਦਾ ਮੋਰ ਨੱਚ ਉਠਦਾ ਹੈ। ਪਪੀਹੇ ਦੀ ਪੀਹੂ ਪੀਹੂ ‘ਤੇ ਕਵੀ ਗੀਤ ਲਿਖਦੇ-ਗਾਉਂਦੇ ਹਨ। ਕੁਦਰਤ ਵਿਚ ਆਏ ਬਦਲਾਓ ਦਾ ਹਰ ਪ੍ਰਾਣੀ ਦੀ ਜ਼ਿੰਦਗੀ ਉਤੇ ਬਹੁਤ ਅਸਰ ਹੁੰਦਾ ਹੈ।
ਸੋ, ਕੁਦਰਤ ਦੇ ਅਨੇਕਾਂ ਰੰਗ ਅਤੇ ਮੂਡ ਨੇ। ਬਦਲਾਓ ਕੁਦਰਤ ਦਾ ਸਹਿਜ ਸੁਭਾਅ ਹੈ। ਰੁੱਤਾਂ ਸਹਿਜ ਹੀ ਬਦਲ ਜਾਂਦੀਆਂ ਹਨ। ਇਕ ਰੁੱਤ ਦੂਜੀ ਰੁੱਤ ਨੂੰ ਸਹਿਜ ਰੂਪ ਵਿਚ ਹੀ ਅਪਨਾ ਲੈਂਦੀ ਹੈ। ਕੁਦਰਤ ਦੇ ਵਰਤਾਰੇ ਨੂੰ ਅਸੀਂ ਵੀ ਸਹਿਜ ਹੀ ਕਬੂਲ ਲੈਂਦੇ ਹਾਂ। ਧਰਤੀ ‘ਤੇ ਹੁਣ ਮੌਸਮ ਪਹਿਲਾਂ ਵਰਗੇ ਨਹੀਂ ਰਹੇ, ਬਦਲ ਰਹੇ ਨੇ। ਪੁਰਾਣੇ ਲੋਕ ਦੱਸਦੇ ਹਨ ਕਿ ਹੁਣ ਟੋਰਾਂਟੋ ਵਿਚ ਉਸ ਤਰ੍ਹਾਂ ਦੀ ਬਰਫ ਨਹੀਂ ਪੈਂਦੀ ਜਿਸ ਤਰ੍ਹਾਂ ਦੀ ਪਹਿਲਾਂ ਪੈਂਦੀ ਹੁੰਦੀ ਸੀ। ਮੌਸਮਾਂ ਵਿਚ ਵੀ ਤਬਦੀਲੀ ਆ ਰਹੀ ਹੈ।
ਟੋਰਾਂਟੋ ਰਹਿਣ ਵਾਲੇ ਕਿਸੇ ਵੀ ਬੰਦੇ ਨੂੰ ਮਿਲੋ, ਉਹ ਮੌਸਮ ਦੀ ਗੱਲ ਜਰੂਰ ਕਰਦਾ ਹੈ। ਇਸ ਦਾ ਕਾਰਨ ਸ਼ਾਇਦ ਇਹ ਹੈ ਕਿ ਟੋਰਾਂਟੋ ਦੇ ਮੌਸਮ ਬਹੁਤ ਕਰੜੇ ਹੁੰਦੇ ਹਨ। ਇਥੇ ਗਰਮੀ ਹੁੰਦੀ ਹੈ ਤਾਂ ਹੁੰਮਸ ਵੱਧ ਜਾਂਦੀ ਹੈ। ਬਾਰਿਸ਼ ਹੁੰਦੀ ਹੈ ਤਾਂ ਬਿਜਲੀਆਂ ਕੜਕ ਕੇ ਦਿਲ ਨੂੰ ਦਹਿਲਾ ਦਿੰਦੀਆਂ ਹਨ। ਸਰਦੀਆਂ ਵਿਚ ਕਦੇ Ḕਸਨੋਅ’ ਜਾਂ Ḕਸਨੋਅ ਸਟੌਰਮ’ ਕਦੇ Ḕਫਰੀਜ਼ਿੰਗ ਰੇਨ’ ਅਤੇ ਕਦੇ Ḕਵੈਟ ਸਨੋਅ’-ਪਤਾ ਨਹੀਂ ਕਿਹੜੀ ਕਿਹੜੀ ਸਨੋਅ ਪੈਂਦੀ ਹੈ। ਬੰਦਾ ਚੰਗੇ ਮੌਸਮ ਦੀ ਉਡੀਕ ਕਰਦਾ ਕਰਦਾ ਥੱਕ ਜਾਂਦਾ ਹੈ ਕਿ ਕਦੋਂ ਮੌਸਮ ਖੁਲ੍ਹੇ ਤੇ ਕਦੋਂ ਉਹ ਬਾਹਰ ਨਿਕਲੇ। ਟੋਰਾਂਟੋ ਵਿਚ ਸਰਦੀ ਸਭ ਤੋਂ ਲੰਮੀ ਰੁੱਤ ਹੁੰਦੀ ਹੈ। ਇੰਨੀ ਲੰਮੀ ਸਰਦ ਰੁੱਤ ਤੋਂ ਬਾਅਦ ਜਦੋਂ ਹਵਾ ਵਿਚ ਰਤਾ ਕੁ ਗਰਮਾਇਸ਼ ਆਉਣੀ ਸ਼ੁਰੂ ਹੁੰਦੀ ਹੈ ਤਾਂ ਲੋਕਾਂ ਵਿਚ ਹੁੱਲਾਸ ਆ ਜਾਂਦਾ ਹੈ। ਸੂਰਜ ਹੁਣ ਥੋੜ੍ਹਾ ਘੱਟ ਸ਼ਰਮਾਉਂਦਾ ਹੈ ਤੇ ਬਰਫ ਵੀ ਪਿਘਲਣ ਲੱਗਦੀ ਹੈ। ਜਮੀਨ ‘ਤੇ ਜੰਮੀ ਖਾਕੀ ਰੰਗੀ ਘਾਹ ਦੀ ਰੰਗਤ ਥੋੜ੍ਹੀ ਥੋੜ੍ਹੀ ਹਰੀ ਭਾਅ ਮਾਰਨ ਲੱਗ ਪੈਂਦੀ ਹੈ।
ਰੁੱਤਾਂ ਵਿਚੋਂ ਸਭ ਤੋਂ ਸੁਹਾਵਣੀ ਰੁੱਤ ਬਸੰਤ ਹੁੰਦੀ ਹੈ। ਬਸੰਤ ਰੁੱਤ ‘ਤੇ ਬਹੁਤ ਕੁਝ ਲਿਖਿਆ ਜਾ ਚੁਕਾ ਹੈ। ਟੋਰਾਂਟੋ ਮਾਰਚ ਵਿਚ ਬਸੰਤ ਦੀ ਰੁੱਤ ਸ਼ੁਰੂ ਹੋ ਜਾਂਦੀ ਹੈ। ਲੋਕ ਬਾਹਰ ਤੁਰਦੇ ਫਿਰਦੇ ਦਿਸਦੇ ਨੇ। ਸਵੇਰੇ ਬਾਹਰ ਝਾਤੀ ਮਾਰੋ ਤਾਂ ਪੰਛੀ ਵੀ ਵਿਹੜੇ ‘ਚ ਚੀਂ ਚੀਂ ਕਰਦੇ ਚੁਗਦੇ ਦਿਸਦੇ ਹਨ। ਹੌਲੀ ਹੌਲੀ ਰੁੱਤ ਬਦਲ ਜਾਂਦੀ ਹੈ। ਲਗਦੈ ਕਵੀਆਂ ਦੇ ਰੌਂਅ ਵੀ ਬਦਲ ਗਏ ਨੇ ਤੇ ਉਹ ਇਸ ਰੁੱਤ ‘ਤੇ ਕਵਿਤਾਵਾਂ ਲਿਖਦੇ ਨੇ ਕਿਉਂਕਿ ਬਸੰਤ ਰੁੱਤ ਕਵੀਆਂ ਦੀ ਸਭ ਤੋਂ ਪਸੰਦੀਦਾ ਰੁੱਤ ਹੈ। ਆਲੇ ਦੁਆਲੇ ਦਰਖਤਾਂ ‘ਤੇ ਕਰੂੰਬਲਾਂ ਫੁੱਟੀਆਂ ਵੇਖ ਲੋਕਾਂ ਨੂੰ ਚਾਅ ਚੜ੍ਹ ਜਾਂਦਾ ਹੈ। ਕਈ ਰੁੰਡ ਮੁੰਡ ਰੁੱਖ ਤਾਂ ਅਚਾਨਕ ਭਾਂਤ ਭਾਂਤ ਦੇ ਫੁੱਲਾਂ ਨਾਲ ਭਰ ਜਾਂਦੇ ਹਨ। ਫੁੱਲਾਂ ਦੇ ਏਸ ਖੇੜੇ ਨੂੰ ਹਰ ਜੀਅ-ਜੰਤ ਜੀ ਆਇਆਂ ਆਖਦਾ ਹੈ।
ਇਕ ਲੰਮੀ ਇੰਤਜ਼ਾਰ ਪਿਛੋਂ ਸਾਡੇ ਸ਼ਹਿਰ ਟੋਰਾਂਟੋ ਵਿਚ ਗਰਮੀਆਂ ਦੀ ਰੁੱਤ ਸੰਗਦੀ ਸੰਗਦੀ ਆਉਂਦੀ ਹੈ। ਅਸੀਂ ਅਜੇ ਇਸ ਦੀ ਆਮਦ ਦੀਆਂ ਖੁਸ਼ੀਆਂ ਵਿਚ ਭਿੱਜਣ ਦੀ ਤਿਆਰੀ ਹੀ ਕਰ ਰਹੇ ਹੁੰਦੇ ਹਾਂ ਕਿ ਇਹ ਅੱਖ ਝਪਕਦਿਆਂ ਹੀ ਬੀਤ ਜਾਂਦੀ ਹੈ। ਰੁੱਤਾਂ ਦੇ ਸੁਭਾਅ ਦੇ ਅਨੁਸਾਰ ਅਸੀਂ ਵੀ ਪੂਰੀ ਤਰ੍ਹਾਂ ਬਦਲ ਜਾਂਦੇ ਹਾਂ। ਇਸ ਥੋੜ੍ਹੇ ਜਿਹੇ ਸਮੇਂ ਵਿਚ ਟੋਰਾਂਟੋ ਵਾਸੀ ਗਰਮ ਰੁੱਤ ਦਾ ਪੂਰਾ ਅਨੰਦ ਮਾਣਦੇ ਹਨ। ਉਹੀ ਵਿਹੜੇ ਜਿਹੜੇ ਸਰਦੀਆਂ ਵਿਚ ਬਰਫ ਦੇ ਢੇਰਾਂ ਹੇਠ ਦੱਬੇ ਹੁੰਦੇ ਹਨ ਚਾਣਚੱਕ ਖੂਬਸੂਰਤ ਫੁੱਲਾਂ ਨਾਲ ਭਰ ਜਾਂਦੇ ਹਨ। ਲੋਕ ਆਪਣੇ ਘਰਾਂ ਨੂੰ ਰੰਗ ਬਿਰੰਗੇ ਫੁੱਲਾਂ ਨਾਲ ਸਜਾ ਕੇ, ਆਪਣੇ ਦੋਸਤਾਂ ਮਿੱਤਰਾਂ ਨਾਲ ਆਪਣੇ ਵਿਹੜਿਆਂ ‘ਚ ਬੈਠ ਕੇ ਛੁੱਟੀ ਵਾਲੇ ਦਿਨ ਦਾ ਲੁਤਫ ਲੈਂਦੇ ਹਨ। ਹਰ ਪਾਸੇ ਖੇੜਾ ਹੀ ਖੇੜਾ ਨਜ਼ਰ ਆਉਂਦਾ ਹੈ। ਲੋਕ ਖੂਬ ਸੈਰਾਂ ਕਰਦੇ ਹਨ। ਸਮੁੰਦਰਾਂ ‘ਚ ਚੁੱਭੀਆਂ ਮਾਰਦੇ ਹਨ। ਕੈਪਾਂ ‘ਤੇ ਜਾਂਦੇ ਹਨ। ਪਾਰਕਾਂ ‘ਚ ਜਾ ਕੇ ਪਿਕਨਿਕਾਂ ਕਰਦੇ ਹਨ।
ਪੱਤਝੜ, ਸਰਦੀਆਂ ਅਤੇ ਗਰਮੀਆਂ ਵਿਚਕਾਰ ਇਕ ਅੰਤਰਾਲ ਹੁੰਦੀ ਹੈ। ਹੁਣ ਲੰਮੇ ਲੰਮੇ ਦਿਨ ਛੋਟੇ ਅਤੇ ਰਾਤਾਂ ਲੰਮੀਆਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ। ਮੀਂਹ ਪੈਣ ਲੱਗਦੇ ਨੇ ਅਤੇ ਸਾਡੇ ਸ਼ਹਿਰ ਦਾ ਮੌਸਮ ਵੀ ਠੰਢਾ ਹੋਣਾ ਸ਼ੁਰੂ ਹੋ ਜਾਂਦਾ ਹੈ। ਕੁਝ ਕੁ ਪੱਤੇ ਝੜਦੇ ਹਨ ਅਤੇ ਰਹਿੰਦੇ ਪੀਲੀ ਭਾਅ ਮਾਰਨ ਲੱਗਦੇ ਹਨ। ਇਸ ਰੁੱਤ ਦਾ ਵੀ ਆਪਣਾ ਹੀ ਇਕ ਅਨੋਖਾ ਰੰਗ ਹੁੰਦਾ ਹੈ। ਸਾਡੇ ਚਾਰੇ ਪਾਸੇ ਪਸਰੀ ਹਰਿਆਲੀ ਕਈ ਰੰਗਾਂ ਵਿਚ ਤਬਦੀਲ ਹੋ ਕੇ ਖੂਬਸੂਰਤ ਨਜ਼ਾਰੇ ਸਿਰਜਦੀ ਹੈ। ਇਨ੍ਹਾਂ ਨਜ਼ਾਰਿਆਂ ਨੂੰ ਵੇਖ ਕੇ ਮਨੁੱਖੀ ਮਨ ਕਹਿ ਉਠਦਾ ਹੈ, Ḕਵਾਹ! ਕੁਦਰਤ ਵੀ ਕਮਾਲ ਦੀ ਚਿੱਤਰਕਾਰ ਹੈ!Ḕ ਪੱਤਝੜ ਦੀ ਖੂਬਸੂਰਤੀ ਨੂੰ ਲੋਕ ਆਪਣੇ ਕੈਮਰਿਆਂ ਵਿਚ ਕੈਦ ਕਰ ਲੈਂਦੇ ਨੇ। ਪੰਜਾਬੀ ਕਵੀਆਂ ਨੇ ਆਪਣੀਆਂ ਕਵਿਤਾਵਾਂ ਵਿਚ ਪੱਤਝੜ ਦੇ ਬਿੰਬ ਨੂੰ ਉਦਾਸੀ ਅਤੇ ਜ਼ਿੰਦਗੀ ਦੀ ਬੇਰੰਗਤਾ ਲਈ ਵਰਤਿਆ ਹੈ। ਡਾ. ਜਗਤਾਰ ਲਿਖਦਾ ਹੈ,
ਰਾਤ ਲਗਦੇ ਸੀ ਗੁਲਾਬਾਂ ਦੀ ਤਰ੍ਹਾਂ ਜਗਦੇ ਚਰਾਗ,
ਚੜ੍ਹ ਪਿਆ ਸੂਰਜ ਤਾਂ ਪਤਝੜ ਦੀ ਉਦਾਸੀ ਹੋ ਗਏ।
ਪਰ ਸੁਰਜੀਤ ਪਾਤਰ ਦੇ ਇਨ੍ਹਾਂ ਸ਼ਬਦਾਂ ਵਿਚ ਅਗਲੀ ਰੁੱਤ ਦੇ ਆਗਮਨ ਦਾ ਸਾਕਾਰਾਤਮਕ ਸੁਨੇਹਾ ਹੈ,
ਜੇ ਆਈ ਪੱਤਝੜ ਤਾਂ ਫੇਰ ਕੀ ਹੈ,
ਤੂੰ ਅਗਲੀ ਰੁੱਤ ‘ਚ ਯਕੀਨ ਰੱਖੀਂ।
ਮੈਂ ਲੱਭ ਕੇ ਕਿਤਿਓਂ ਲਿਆਉਨਾਂ ਕਲਮਾਂ,
ਤੂੰ ਫੁੱਲਾਂ ਜੋਗੀ ਜਮੀਨ ਰੱਖੀਂ।
ਜੋ ਵੀ ਹੋਵੇ, ਜਿਹੋ ਜਿਹਾ ਸਾਵਣ ਪੰਜਾਬ ਵਿਚ ਹੁੰਦਾ ਸੀ, ਉਹ ਕਿਧਰੇ ਨਹੀਂ ਹੁੰਦਾ। ਸਾਵਣ ਮਹੀਨੇ ਦਾ ਨਾਂ ਸੁਣਦਿਆਂ ਹੀ ਪੰਜਾਬ ਦੀ ਬਰਸਾਤ ਰੁੱਤ ਯਾਦ ਆ ਜਾਂਦੀ ਹੈ। ਸਾਉਣ ਦਾ ਮਹੀਨਾ ਕੀ ਆਉਂਦਾ ਕਿ ਲੋਕਾਂ ਨੂੰ ਚਾਅ ਹੀ ਚੜ੍ਹ ਜਾਂਦਾ! ਜੇਠ-ਹਾੜ ਦੀਆਂ ਧੁੱਪਾਂ ਨਾਲ ਸੜ੍ਹੀ ਹੋਈ ਧਰਤੀ ਨੂੰ ਵੀ ਜਿਵੇਂ ਥੋੜ੍ਹੀ ਜਿਹੀ ਰਾਹਤ ਮਿਲਦੀ। ਠੰਡੀਆਂ ਫੁਹਾਰਾਂ ਨਾਲ ਲੋਕਾਂ ਦੇ ਮਨਾਂ ਵਿਚ ਹੁੱਲਾਸ ਭਰ ਜਾਂਦਾ। ਸੱਜ-ਵਿਆਹੀਆਂ ਕੁੜੀਆਂ ਪੇਕੇ ਜਾਣ ਦੀਆਂ ਤਿਆਰੀਆਂ ਕੱਸ ਲੈਂਦੀਆਂ। ਪਿੰਡ ਦੇ ਬਾਹਰਵਾਰ ਤੀਆਂ ਲੱਗਦੀਆਂ ਅਤੇ ਪਿੱਪਲਾਂ ‘ਤੇ ਪੀਂਘਾਂ ਪੈਂਦੀਆਂ। ਵਾਹ! ਉਹ ਕਾਲੀਆਂ ਘਟਾਵਾਂ ਦਾ ਚੜ੍ਹ ਚੜ੍ਹ ਆਉਣਾ ਤੇ ਮੋਰਾਂ ਦਾ ਪੈਲਾਂ ਪਾਉਣਾ! ਉਹ ਬੱਦਲਾਂ ਦਾ ਗੱਜਣਾ, ਕੋਇਲ ਦਾ ਕੂਕਣਾ, ਬੱਚਿਆਂ ਦਾ ਮੀਂਹ ਵਿਚ ਨਹਾਉਣਾ ਤੇ ਬਿਜਲੀਆਂ ਦਾ ਲਿਸ਼ਕਣਾ! ਇਸ ਸੁਹਾਣੇ ਮੌਸਮ ਵਿਚ ਗੋਰੀ ਦਾ ਆਪਣੇ ਢੋਲ ਨੂੰ ਉਡੀਕਣਾ! ਸਾਡੇ ਚੇਤਿਆਂ ਵਿਚ ਕਿੰਨਾ ਕੁਝ ਜੁੜਿਆ ਪਿਆ ਹੈ, ਇਸ ਰੁੱਤ ਦੇ ਨਾਲ!
ਕਵੀਆਂ ਦੀ ਤਾਂ ਇਹ ਮਨ ਭਾਉਂਦੀ ਰੁੱਤ ਹੈ। ਇੰਨੇ ਗੀਤ ਲਿਖੇ ਗਏ ਨੇ ਇਸ ਰੁੱਤ ‘ਤੇ ਕਿ ਗਿਣਨ ਲੱਗੀਏ ਤਾਂ ਸਾਰੀ ਧਰਤੀ ਨੂੰ ਕਾਗਜ਼ ਬਣਾਉਣਾ ਪਏ। ਭਾਵੇਂ ਅੱਜ ਕਲ ਕਿੰਨਾ ਕੁਝ ਬਦਲ ਗਿਆ ਹੈ ਪਰ ਅੱਜ ਵੀ ਸਾਵਣ ਕਵੀ ਦਰਬਾਰ ਸੱਜਦੇ ਹਨ ਤੇ ਕਵੀ ਸਾਉਣ ਮਹੀਨੇ ‘ਤੇ ਬਹੁਤ ਸੁਹਣੀਆਂ ਕਵਿਤਾਵਾਂ ਲਿਖਦੇ ਹਨ। ਹਰ ਮੌਸਮ ਦਾ ਆਪਣਾ ਰੰਗ ਹੈ। ਹਰ ਮੌਸਮ ਹੀ ਸੁਹਾਵਣਾ ਹੈ। ਮੇਰੀ ਇਕ ਕਵਿਤਾ ਦੀ ਟੁਕੜੀ ਹੈ,
ਜੇ ਜਿਉਣ ਦਾ ਵੱਲ ਆ ਜਾਏ
ਤਾਂ ਹਰ ਵਰੇਸ ਉਤਸਵ ਹੁੰਦੀ ਏ।
ਸੋ, ਜੇ ਜਿਉਣ ਦਾ ਵੱਲ ਆ ਜਾਵੇ ਤਾਂ ਹਰ ਮੌਸਮ ਖੂਬਸੂਰਤ ਹੁੰਦਾ ਏ।