ਕੈਨੇਡਾ ਤੇ ਪੰਜਾਬੀ

ਗਦਰ ਲਹਿਰ ਦਾ ਇਤਿਹਾਸ ਆਪਣੇ ਨਾਵਲਾਂ ਅੰਦਰ ਸਮੋ ਕੇ ਪਾਠਕਾਂ ਅੱਗੇ ਪੇਸ਼ ਕਰਨ ਵਾਲੇ ਉਘੇ ਲੇਖਕ ਕੇਸਰ ਸਿੰਘ ਨਾਵਲਿਸਟ ਨੇ ਬਹੁਤ ਮਿਹਨਤ ਨਾਲ ਗਦਰ ਲਹਿਰ ਦੀ ਵਾਰਤਕ ਲੱਭਣ ਅਤੇ ਸੰਭਾਲਣ ਦਾ ਔਖੇਰਾ ਕਾਰਜ ਵੀ ਨੇਪਰੇ ਚਾੜ੍ਹਿਆ ਸੀ। ਇਸ ਵਿਚ ਗਦਰ ਲਹਿਰ ਸ਼ੁਰੂ ਹੋਣ ਤੋਂ ਪਹਿਲਾਂ ਕੈਨੇਡਾ ਵਿਚੋਂ ਨਿਕਲੇ ਦੋ ਪਰਚਿਆਂ ‘ਸੁਦੇਸ਼ ਸੇਵਕ’ ਅਤੇ ‘ਸੰਸਾਰ’ ਦਾ ਜ਼ਿਕਰ ਕੀਤਾ ਮਿਲਦਾ ਹੈ।

ਪਿਛਲੇ ਅੰਕ ਵਿਚ ਅਸੀਂ ਪਾਠਕਾਂ ਲਈ ‘ਸੁਦੇਸ਼ ਸੇਵਕ’ (ਜੋ 1909 ਤੋਂ 1911 ਤੱਕ ਛਪਦਾ ਰਿਹਾ) ਵਿਚ ਛਪੀਆਂ ਤਿੰਨ ਲਿਖਤਾਂ ਛਾਪੀਆਂ ਸਨ। ਐਤਕੀਂ ‘ਸੰਸਾਰ’ (ਸਨਸਾਰ) ਵਿਚ ਛਪੀਆਂ ਤਿੰਨ ਲਿਖਤਾਂ ਪਾਠਕਾਂ ਦੀ ਨਜ਼ਰ ਹਨ। ਲਿਖਤ ਵਿਚ ਸ਼ਬਦ-ਜੋੜ ਜਿਉਂ ਦੇ ਤਿਉਂ ਰੱਖੇ ਹਨ ਤਾਂ ਕਿ ਉਸ ਵਕਤ ਦੀ ਪੰਜਾਬੀ ਦੇ ਦਰਸ਼ਨ-ਦੀਦਾਰ ਹੋ ਸਕਣ। ਇਹ ਪਰਚਾ ਸਤੰਬਰ 1912 ਤੋਂ ਜੁਲਾਈ 1914 ਤੱਕ ਛਪਦਾ ਰਿਹਾ। ਇਸ ਦੇ ਸੰਪਾਦਕ ਕਰਤਾਰ ਸਿੰਘ ਹੁੰਦਲ ਸਨ। ਇਨ੍ਹਾਂ ਲਿਖਤਾਂ ਵਿਚ ਪਰਦੇਸ ਪੁੱਜੇ ਜਿਊੜਿਆਂ ਨੂੰ ਪੇਸ਼ ਮੁਸੀਬਤਾਂ ਬਾਰੇ ਸੂਹ ਮਿਲਦੀ ਹੈ। -ਸੰਪਾਦਕ

ਅਮਰੀਕਾ ਦੇ ਹਿੰਦੁਸਤਾਨੀ ਬਹੁਤ ਕਰਕੇ ਸੂਬਾ ਬੰਬਈ ਤੇ ਗੁਜਰਾਤ ਵੱਲੋਂ ਹਨ। ਇਸੇ ਤਰ੍ਹਾਂ ਕੈਨੇਡਾ ਵਿਚ ਜ਼ਿਆਦਾ ਕਰਕੇ ਪੰਜਾਬੀ ਪੁੱਜੇ ਹਨ। ਇਹ ਹਿੰਦੁਸਤਾਨ ਦੀ ਬਦਕਿਸਮਤੀ ਹੈ ਕਿ ਉਸ ਦੇ ਵਸਨੀਕ ਬਹੁਤ ਸਾਰੀਆਂ ਕੌਮਾਂ, ਮਜ਼ਹਬਾਂ ਤੇ ਫਿਰਕਿਆਂ ਵਿਚ ਵੰਡੇ ਹੋਏ ਹਨ ਤੇ ਉਹ ਇਕ ਜਾਨ ਹਿੰਦੁਸਤਾਨੀ ਕੌਮ ਬਣ ਕੇ ਆਪਣੇ ਸਾਰੇ ਕੌਮੀ ਦੁੱਖਾਂ ਦੀ ਨਵਿਰਤੀ ਦਾ ਘੱਟ ਪ੍ਰਬੰਧ ਕਰਦੇ ਹਨ, ਸਗੋਂ ਅਲੱਗ-ਅਲੱਗ ਆਪਣੇ-ਆਪਣੇ ਲਈ ਜ਼ੋਰ ਲਾ ਰਹੇ ਹਨ, ਜੋ ਉਕਾ ਹੀ ਲਾਭਦਾਇਕ ਨਹੀਂ ਹੋ ਰਿਹਾ। ਅਮਰੀਕਾ ਦੇ ਹਿੰਦੁਸਤਾਨੀਆਂ ਦੇ ਦੁੱਖਾਂ ਦੀ ਪੀੜ ਪਹਿਲਾਂ ਬੰਬਈ ਤੇ ਗੁਜਰਾਤ ਦੇ ਕਾਠੀਆਵਾੜ ਦੇ ਭਰਾਵਾਂ ਨੇ ਮਲੂਮ ਕੀਤੀ ਤੇ ਫੇਰ ਕੁਲ ਸੂਬਿਆਂ ਦੇ ਭਾਈ ਹਿੱਲ ਪਏ। ਉਹ ਬਿਜਲੀ ਵਰਗੀ ਕੌਮੀ ਲਹਿਰ ਅੱਜ ਹਿੰਦੁਸਤਾਨ ਵਿਚ ਮੱਧਮ ਹੈ ਕਿ ਹਿੰਦ ਦੇ ਜਾਏ ਨੂੰ ਪੀੜ ਹੋਵੇ ਤਾਂ ਕੁਲ ਮੁਲਕ ਤੁਬਕ ਉਠੇ। ਇਕ ਜਾਪਾਨੀ ਦੀ ਕਿਸੇ ਵੀ ਦੁਨੀਆਂ ਦੇ ਹਿੱਸੇ ਵਿਚ ਹਤਕ ਹੋਵੇ ਤਾਂ ਕੁਲ ਜਾਪਾਨ ਉਸ ਨੂੰ ਸੁਣਦੇ ਸਾਰ ਹੀ ਚੀਖ ਉਠਦਾ ਹੈ। ਇਕ ਅੰਗਰੇਜ਼ ਦੀ ਦੁਨੀਆਂ ਵਿਚ ਕਿਤੇ ਜ਼ਰਾ ਵੀ ਨਰਾਦਰੀ ਹੋਵੇ ਤਾਂ ਕੁਲ ਕੌਮ ਉਸ ਨੂੰ ਆਪਣਾ ਜਿਗਰੀ ਦੁੱਖ ਸਮਝਦੀ ਹੈ, ਪਰ ਹਾਏ ਬਦਕਿਮਸਤੀ! ਸਾਡੀ ਹਿੰਦੁਸਤਾਨੀ ਕੌਮ ਇਹ ਗੁਣ ਗੁਆ ਬੈਠੀ ਹੈ। ਕੌਮੀ ਆਣ ਦਾ ਮੁੱਲ ਸਾਡੀ ਨਜ਼ਰ ਵਿਚ ਬਹੁਤ ਹੀ ਹਲਕਾ ਹੋ ਗਿਆ ਹੈ। ਸਾਨੂੰ ਇਕ ਮੁਲਕ ਵਿਚ ਰਹਿੰਦਿਆਂ ਡੂਢ-ਡੂਢ ਪਾ ਅਲੱਗ ਪਕਾਈ ਖਿਚੜੀ ਸੁਆਦ ਲੱਗਦੀ ਹੈ।
ਅੱਜ ਚਾਰ ਸਾਲ ਹੋਣ ਲੱਗੇ ਹਨ ਜਦ ਕਿ ਹਿੰਦੁਸਤਾਨੀਆਂ ਨੂੰ ਕੈਨੇਡਾ ਵਿਚ ਵੜਨ ਦੀ ਰੋਕ ਹੋਈ ਸੀ, ਪਰ ਦੇਖੋ ਸਾਡੀ ਕੌਮੀਅਤ ਦਾ ਜੋਸ਼ ਕਿ ਅੱਜ ਤਾਈਂ 30 ਕਰੋੜ ਗਿਣਤੀ ਵਾਲੀ ਕੌਮ ਦੇ ਕੰਨ ਪੁਰ ਜੂੰ ਤੱਕ ਭੀ ਨਹੀਂ ਖਿਸਕੀ। ਕੀ ਪ੍ਰਵਾਹ ਹੈ ਕਿ ਕੋਈ ਮੁਲਕ ਬੰਦ ਰਹੇ ਜਾਂ ਖੁੱਲ੍ਹਾ ਰਹੇ। ਕਿਤੇ ਹਿੰਦੁਸਤਾਨੀ ਨੂੰ ਵੜਨਾ ਮਿਲੇ ਜਾਂ ਧੱਕੇ ਪੈਣ, ਹਮਾਰੀ ਤੋਂ ਅੱਛੀ ਗੁਜ਼ਰ ਰਹੀ ਹੈ। ਕੈਨੇਡਾ ਦਾ ਸਵਾਲ ਹਿੰਦੁਸਤਾਨੀ ਸਵਾਲ ਹੈ। ਕੈਨੇਡਾ ਵਿਚ ਉਤਰਨ ਵੇਲੇ ਇਹ ਨਹੀਂ ਪੁਛਿਆ ਜਾਂਦਾ ਕਿ ਆਪ ਭਾਰਤ ਵਾਸੀ ਹੋ, ਕੈਨੇਡਾ ਦੀ ਹੱਦ ਪੁਰ ਹਿੰਦੁਸਤਾਨੀ ਹੋਣਾ ਉਤਰਨ ਵਿਚ ਰੋਕ ਪਾਉਂਦਾ ਹੈ ਤਾਂ ਫੇਰ ਕੈਨੇਡਾ ਦੇ ਤਿੰਨ ਚਾਰ ਹਜ਼ਾਰ ਤਾਂ ਏਥੇ ਦੇ ਕਾਨੂੰਨਾਂ ਨੂੰ ਕੱਟ ਗੁਜ਼ਰਨਗੇ, ਪਰ ਕੁਲ ਕੌਮ ਕਿਸ ਇੱਜ਼ਤ ਪੁਰ ਮਾਣ ਕਰੇਗੀ। ਸ਼ੋਕ ਹੈ ਕਿ ਜਿਸ ਪੰਜਾਬ ਸੂਬੇ ਤੋਂ ਇਹ ਕੈਨੇਡਾ ਵਾਸੀ ਬਦਕਿਸਮਤ ਹਿੰਦੁਸਤਾਨੀ ਆਏ ਹਨ, ਉਸ ਦੀ ਏਕਤਾ ਤੇ ਕੌਮੀਅਤ ਭੀ ਕਮਜ਼ੋਰ ਹਾਲਤ ਵਿਚ ਹੈ। ਬੰਗਾਲ, ਮਦਰਾਸ, ਬੰਬਈ ਦੀ ਤਰ੍ਹਾਂ ਉਥੇ ਕੋਈ ਸਾਂਝੀ ਸਾਰੀਆਂ ਕੌਮਾਂ ਦੀ ਕਾਨਫਰੰਸ ਨਹੀਂ ਜੁੜਦੀ ਜੋ ਹਿੰਦੁਸਤਾਨ ਦੇ ਸਾਰੇ ਦੁੱਖਾਂ ਨੂੰ ਵਿਚਾਰੇ। ਅਖਬਾਰਾਂ ਦੇ ਦੰਗਲ ਮਜ਼ਹਬ ਦੇ ਝਗੜੇ, ਆਗੂਆਂ ਦੀਆਂ ਲੜਾਈਆਂ, ਇਲਾਕੇਬੰਦੀਆਂ ਦੇ ਰੌਲੇ, ਇਹ ਕਾਫੀ ਜ਼ਰੂਰੀ ਕੰਮ ਹਨ, ਜਿਨ੍ਹਾਂ ਵਿਚੋਂ ਪੰਜਾਬੀਆਂ ਨੂੰ ਫੁਰਸਤ ਹੀ ਨਹੀਂ ਮਿਲਦੀ। ਉਹ ਕੈਨੇਡਾ ਵਿਚ ਗਏ ਹੋਇਆਂ ਦਾ ਕੀ ਬੰਦੋਬਸਤ ਸੋਹਣ। ਸ਼ੋਕ ਹੈ, ਸਾਡੀ ਇਸ ਗਿਰੀ ਹੋਈ ਹਾਲਤ ਪੁਰ ਜਿਨ੍ਹਾਂ ਪੰਜਾਬ ਦੇ ਸਿੱਖਾਂ, ਸਤਿਗੁਰੂ ਨੇ ਕੁੱਲ ਸ੍ਰਿਸ਼ਟੀ ਮਾਤਰ ਦੇ ਨਿਰਮਾਣ ਸੇਵਾ ਦਾ ਗੁਣ ਬਖਸ਼ਿਆ ਸੀ ਤੇ ਸੱਚੇ ਹਿੰਦੁਸਤਾਨੀ ਦੇ ਫਰਜ਼ ਸਮਝਾਏ ਸੀ, ਉਨ੍ਹਾਂ ਦੀ ਆਪਣੀ ਪਾਟੋ ਧਾੜ ਵੱਡਿਆਂ ਨੂੰ ਲੀਕਾਂ ਲਾ ਰਹੀ ਹੈ।
ਸੱਚ ਨੂੰ ਪ੍ਰਗਟ ਕਰਨ ਵਾਲਾ ਸਾਡਾ ਸਮਕਾਲੀ ‘ਖਾਲਸਾ ਸੇਵਕ’ ਛੇਵੀਂ ਸਿੱਖ ਐਜੂਕੇਸ਼ਨ ਕਾਨਫਰੰਸ ਅੰਬਾਲਾ ਦੀ ਕਾਰਵਾਈ ਪੁਰ ਰੀਵਿਊ ਕਰਦਾ ਹੋਇਆ ਸ਼ੋਕ ਨਾਲ ਲਿਖਦਾ ਹੈ ਕਿ ਅਜਿਹੇ ਕੌਮੀ ਇਕੱਠ ਵਿਚ ਕੈਨੇਡਾ ਦੇ ਭਰਾਵਾਂ ਦੀਆਂ ਤਕਲੀਫਾਂ ਪੁਰ ਕਿਸੇ ਨੇ ਵਿਚਾਰ ਨਹੀਂ ਕੀਤੀ। ਜੇ ਇਥੇ ਨਹੀਂ ਕੀਤੀ ਤਾਂ ਕਿਸ ਇਕੱਠ ਵਿਚ ਇਸ ਮਾਮਲੇ ਨੂੰ ਉਠਾਵੋਗੇ? ਅਸੀਂ ਆਪਣੇ ਮਾਣਯੋਗ ਸਮਕਾਲੀ ਦੇ ਬੜੇ ਧੰਨਵਾਦੀ ਹਾਂ ਤੇ ਬੇਨਤੀ ਕਰਦੇ ਹਾਂ ਕਿ ਆਪ ਜ਼ਰੂਰ ਇਸ ਮਾਮਲੇ ਲਈ ਕੌਮ ਨੂੰ ਤਿਆਰ-ਬਰ-ਤਿਆਰ ਕਰਕੇ ਆਰਾਮ ਲਵੋ। ਅੰਤ ਵਿਚ ਸਾਡੀ ਕੁਲ ਪੰਜਾਬ ਵਾਸੀ ਭਰਾਵਾਂ ਅੱਗੇ ਬੇਨਤੀ ਹੈ ਕਿ ਆਪ ਕੈਨੇਡਾ ਦੇ ਭਰਾਵਾਂ ਦੀਆਂ ਨਹੀਂ, ਤੁਹਾਡੀਆਂ ਆਪਣੀਆਂ ਔਕੜਾਂ ਦਾ ਝਟਪਟ ਬੀੜਾ ਉਠਾਉ। ਆਪਣੀ ਕੌਮੀਅਤ ਨੂੰ ਮੁੱਖ ਰੱਖ ਕੇ ਸਭ ਫਰਕ ਭੁੱਲ ਜਾਉ ਤੇ ਕੈਨੇਡਾ ਦੇ ਵਿਚ ਦਾਖਲ ਹੋਣ ਦੇ ਹੱਕ ਨੂੰ ਲੈਣ ਵਾਸਤੇ ਸਭ ਮਿਲ ਕੇ ਇਕ ਖਾਸ ਕਮੇਟੀ ਬਣਾਓ।
ਗੁਰਮੁਖੀ ਅੰਗਰੇਜ਼ੀ ਛਾਪਾਖਾਨਾ
ਅੱਜ ਦਸ ਮਹੀਨੇ ਹੋਣ ਵਾਲੇ ਹਨ ਜਦ ਕਿ ਅਸੀਂ ਅਕਾਲ ਪੁਰਖ ਦੇ ਭਰੋਸੇ ਪਰ ਇਸ ਦੇਸ਼ ਵਿਚ ਆਪਣਾ ਗੁਰਮੁਖੀ ਤੇ ਅੰਗਰੇਜ਼ੀ ਦਾ ਛਾਪਾਖਾਨਾ ਤੇ ਅਖਬਾਰ ਚਲਾਉਣ ਦਾ ਬੀੜਾ ਚੁੱਕਿਆ ਸੀ। ਸਿਰਜਣਹਾਰ ਦਾ ਕੋਟਾਨ ਕੋਟ ਸ਼ੁਕਰ ਹੈ ਜਿਸ ਦੀ ਅਪਾਰ ਕ੍ਰਿਪਾ ਨਾਲ ਅਸਾਂ ਪੰਜ ਸਰੀਰਾਂ ਦੀ ਰਾਤ ਦਿਨ ਦੀ ਜਾਨ ਮਾਰਵੀਂ ਮਿਹਨਤ ਦਾ ਫਲ ਅੱਜ ਇਹ ਅਖਬਾਰ ਆਪ ਦੇ ਹੱਥ ਵਿਚ ਹੈ। ਇਹ ਕਰੜੀ ਸੇਵਾ ਜਿਸ ਦੇ ਬਣਨ ਜਾਂ ਨਾ ਬਣਨ ਨਾਲ ਸਾਡਾ ਇਸ ਦੇਸ਼ ਵਿਚ ਰਹਿਣ ਜਾਂ ਉਜੜਨ ਦਾ ਤੁਅਲਕ ਸੀ ਤੇ ਜਿਸ ਨੂੰ ਬੁਰੇ ਭਾਗਾਂ ਨੂੰ ਇਸ ਚਮਕਦੇ ਦੇਸ਼ ਵਿਚ ਭੀ ਆ ਕੇ ਸੌ ਵਿਚੋਂ ਸੱਠ ਭਰਾ ਨਹੀਂ ਸੀ ਸਮਝ ਰਹੇ ਤੇ ਬਾਕੀ ਦੇ ਚਾਲੀਆਂ ਵਿਚ ਭੀ ਵੀਹ ਆਪਣੀਆਂ ਗਰਜ਼ਾਂ ਦੇ ਵੱਸ ਹੋ ਕੇ ਅੰਧਕਾਰ ਦੇ ਕਾਬੂ ਆ ਕੇ ਭੰਨਣ ਤੋੜਨ ਲਈ ਆਪਣਾ ਵਿਤੋਂ ਬਾਹਰਲਾ ਜ਼ੋਰ ਲਾ ਰਹੇ ਸਨ। ਕਿਸ ਤਰ੍ਹਾਂ ਸਿਰੇ ਚੜ੍ਹੀ ਇਹ ਇਕ ਸੇਵਕਾਂ ਦੀ ਦੁੱਖ ਭਰੀ ਵਿਥਿਆ ਹੈ, ਜਿਸ ਨੂੰ ਖੋਲ੍ਹ ਕੇ ਫੋਲਿਆਂ ਤੇ ਸਾਡੀ ਕੌਮ ਦੀ ਠੀਕ ਹਾਲਤ ਦਾ ਪੂਰਾ ਅੰਦਾਜ਼ਾ ਲੱਗ ਸਕਦਾ ਹੈ। ਜੋ ਆਦਮੀ ਜਿਸ ਟਾਹਣੇ ਪਰ ਖੜ੍ਹਾ ਹੋਵੇ, ਉਸ ਨੂੰ ਹੀ ਕੁਹਾੜੇ ਦੇ ਜ਼ੋਰਦਾਰ ਟੱਕ ਲਾਈ ਜਾਵੇ, ਉਸ ਦੇ ਹੱਡ ਪਸਲੀ ਟੁੱਟਣ ਵਿਚ ਕਿਸੇ ਨੂੰ ਕੀ ਸ਼ੱਕ ਹੋ ਸਕਦਾ ਹੈ? ਸੱਚਮੁੱਚ ਇਹੋ ਹੀ ਹਾਲ ਅੱਜ ਸਾਡਾ ਇਸ ਦੇਸ਼ ਵਿਚ ਹੈ। ਅਸੀਂ ਆਪਣੇ ਪੈਰਾਂ ਉਤੇ ਆਪ ਕੁਹਾੜੀ ਮਾਰ ਰਹੇ ਹਾਂ। ਜੇ ਫੇਰ ਜ਼ਖਮ ਹੁੰਦਾ ਹੈ ਤਾਂ ਚੀਖ ਚਿਹਾੜਾ ਕਾਹਦਾ ਹੈ? ਜੋ ਸੇਵਕ ਸਾਂਝੇ ਕੌਮੀ ਦੁੱਖਾਂ ਤੇ ਦੁਰਗਤੀਆਂ ਦੀ ਨਵਿਰਤੀ ਨੂੰ ਮੁੱਖ ਰੱਖ ਕੇ ਆਪਣਾ ਤਨ ਮਨ ਧਨ ਵਾਰ ਕੇ ਕਠਿਨ ਸੇਵਾ ਦਾ ਜਿਸ ਨੂੰ ਅਸੀਂ ਆਪ ਕਰ ਨਹੀਂ ਕਰ ਸਕੇ, ਬੀੜਾ ਚੁੱਕ, ਅਸੀਂ ਉਨ੍ਹਾਂ ਦੇ ਪੈਰਾਂ ਵਿਚ ਕੰਡੇ ਖਿਲਾਰਦੇ ਹਾਂ ਤੇ ਜਾਂ ਉਨ੍ਹਾਂ ਦੇ ਉਦਮ ਦਾ ਉਕਾ ਹੀ ਪਿੱਛਾ ਨਹੀਂ ਕਰਦੇ। ਗਜ਼ਬ ਦੀ ਗੱਲ ਹੈ ਕਿ ਅਮਰੀਕਾ ਜਿਹੇ ਰੌਸ਼ਨ ਦੇਸ਼ ਵਿਚ ਕੁਝ ਸੇਵਕ ਹਜ਼ਾਰਾਂ ਭਰਾਵਾਂ ਦੇ ਦੇਖਦਿਆਂ ਕੌਮ ਦੀ ਬਹੁਤ ਵੱਡੀ ਲੋੜ ਅਖਬਾਰ ਜਿਹੀ ਪਵਿੱਤਰ ਸੇਵਾ ਨੂੰ ਪੂਰਾ ਕਰਨ ਦਾ ਬੀੜਾ ਉਠਾਉਣ, ਦਿਨ ਰਾਤ ਦੁੱਖ ਸਹਿਣ ਪਰ ਉਨ੍ਹਾਂ ਨੂੰ ਸਾਲ ਭਰ ਤਰਸਾਇਆ ਜਾਵੇ। ਇਸ ਪਵਿੱਤਰ ਕੰਮ ਦੇ ਹੁੰਦਿਆਂ ਹੋਇਆਂ ਸਾਨੂੰ ਕਈ ਮਹੀਨੇ ਕਸ਼ਟ ਭੋਗਦਿਆਂ ਨੂੰ ਲੰਘ ਗਏ। ਥਾਂ-ਕੁ-ਥਾਂ ਹਰ ਜਗ੍ਹਾ ਜਾ ਕੇ ਭਰਾਵਾਂ ਪਾਸ ਅਰਜ਼ਾਂ ਕੀਤੀਆਂ। ਪੈਰਾਂ ਨੇ ਪੁੱਜ ਕੇ ਰਸਤੇ ਮਿਣੇ। ਅਨੇਕਾਂ ਰਾਤਾਂ ਸਫਰ ਦੀਆਂ ਤੇ ਅਨੇਕ ਡੰਗ ਵਿਲੂੰ ਵਿਲੂੰ ਕਹਾਉਂਦੀ ਭੁੱਖ ਦੇ ਟੱਪ ਗਏ। ਉਨ੍ਹਾਂ ਹੀ ਭਰਾਵਾਂ ਦੇ ਜਿਨ੍ਹਾਂ ਦੇ ਭਲੇ ਲਈ ਇਹ ਉਦਮ ਸੀ, ਕਈ ਥਾਂਵਾਂ ਪਰ ਕੋਝੇ ਕੋਝੇ ਬਚਨਾਂ ਤੇ ਰੁਸੇਵਿਆਂ ਨੇ ਸਾਨੂੰ ਬਹੁਤ ਉਡੀਕ ਵਿਚ ਰਖਿਆ। ਓੜਕ ਨੂੰ ਅੱਜ ਇਹ ਸਿੱਟਾ ਹੈ ਕਿ ਆਪ ਦੇ ਹੱਥ ਵਿਚ ਮੋਰੀ ਹੈ ਜਿਸ ਦੀ ਭਾਲ ਵਿਚ ਅਸੀਂ ਸਾਰਾ ਸਾਲ ਥੱਕ ਚੁੱਕੇ ਤੇ ਹੁਣ ਇਸ ਦੇ ਸਾਂਭਣ ਲਈ ਰਾਤ ਪਰ ਦਿਨ ਖਪ ਰਹੇ ਹਾਂ। ਇਹ ਪੱਕਾ ਪਤਾ ਲੱਗ ਚੁੱਕਾ ਸੀ ਕਿ ਅਖਬਾਰ ਦੇ ਪੂਰੇ ਤੌਰ ‘ਤੇ ਕਾਇਮ ਹੋਣ ਤੋਂ ਬਿਨਾਂ ਸਾਡੇ ਭਰਾਵਾਂ ਦਾ ਇਸ ਦੇਸ਼ ਵਿਚ ਇਕ ਰਾਏ ਹੋਣਾ ਅਣਹੋਣਾ ਹੈ, ਕਿਉਂਕਿ ਉਹ ਖਿੰਡੇ ਹੋਏ ਹਨ, ਦੂਰ ਦੂਰ ਹਨ, ਪਰ ਉਨ੍ਹਾਂ ਦੇ ਦੁੱਖ-ਸੁੱਖ ਸਾਂਝੇ ਹਨ ਤੇ ਉਨ੍ਹਾਂ ਨੂੰ ਇਸ ਲਈ ਇਕ ਜਾਨ ਹੋਣ ਦੀ ਡਾਹਡੀ ਲੋੜ ਹੈ ਤੇ ਉਸ ਲਈ ਅਖਬਾਰ ਦੀ ਪੁੱਜ ਕੇ ਲੋੜ ਹੈ। ਆਪ ਹੀ ਸੋਚੋ ਕਿ ਤੁਸੀਂ ਇਨ੍ਹਾਂ ਦੇਸ਼ਾਂ ਵਿਚ ਕੋਈ ਐਸੀ ਕੌਮ ਡਿੱਠੀ ਹੈ ਜਿਸ ਦਾ ਕੋਈ ਅਖਬਾਰ ਨਾ ਹੋਵੇ। ਸੱਚ ਜਾਣੋ, ਪਰਤਾ ਲਓ, ਸਾਡੀ ਬਦਕਿਸਮਤ ਕੌਮ ਤੋਂ ਬਿਨਾਂ ਇਕ ਭੀ ਨਹੀਂ ਸੀ। ਕਿਸੇ ਚੀਨੀ, ਜਾਪਾਨੀ, ਜਰਮਨ, ਇਟੇਲੀਅਨ ਨੂੰ ਇਸ ਦੇਸ਼ ਵਿਚ ਦੇਖੋ, ਤਰਕਾਲਾਂ ਨੂੰ ਕੰਮ ਤੋਂ ਆ ਕੇ ਆਪਣਾ ਅਖਬਾਰ ਪੜ੍ਹ ਰਿਹਾ ਹੈ। ਆਪਣੀ ਕੌਮ ਦੇ ਆਪਣੇ ਦੁੱਖ ਸੁੱਖ ਵੀਚਾਰਦਾ ਹੈ, ਦੁਨੀਆਂ ਦੇ ਬੀਤ ਰਹੇ ਢੰਗ ਵੱਲ ਧਿਆਨ ਮਾਰਦਾ ਹੈ, ਪਰ ਆਪ ਹੀ ਦੱਸੋ ਕਿ ਸਾਡੇ ਭਾਈਚਾਰੇ ਦਾ ਸੂਰਜ ਛਿਪਣ ਵੇਲੇ ਕੀ ਹਾਲ ਹੁੰਦਾ ਹੈ। ਕਿਤਨੇ ਕੁ ਹਿੰਦੂ ਇਸ ਦੇਸ਼ ਵਿਚ ਬੇਖਬਰੇ ਹੀ ਮਰ ਗਏ, ਕਿਤਨੇ ਬੇਖਬਰ ਹੀ ਧੋਖਿਆਂ ਵਿਚ ਲੁੱਟੇ ਗਏ ਤੇ ਕਿਤਨੇ ਕੁ ਨਾਮੁਰਾਦ ਬੀਮਾਰੀਆਂ ਵਿਚ ਰੁਲ ਰਹੇ ਹਨ। ਕੀ ਆਪ ਗਿਣ ਸਕਦੇ ਹੋ? ਜ਼ਰਾ ਇਕ ਮਿੰਟ ਲਈ ਵਿਚਾਰੋ ਸਾਡਾ ਕੀ ਹਾਲ ਹੈ? ਜਦ ਸਾਡਾ ਖਿੰਡੇ ਹੋਇਆਂ ਦਾ ਇਸ ਮੁਲਕ ਵਿਚ ਕੋਈ ਅਖਬਾਰ ਹੀ ਨਹੀਂ ਹੈ ਤਾਂ ਸਾਨੂੰ ਆਪਣੇ ਆਪ ਦਾ ਤੇ ਕੌਮ ਦਾ ਪਤਾ ਹੀ ਕੀ ਲੱਗ ਸਕਦਾ ਸੀ। ਇਹ ਆਪਣੇ ਤੌਰ ਉਤੇ ਘਾਟੇ ਸਨ ਜੋ ਸਾਨੂੰ ਮਾਰਦੇ ਸਨ। ਦੂਜੀ ਤਰਫ ਇਸ ਮੁਲਕ ਦੇ ਅਖਬਾਰਾਂ ਦੀ ਬਾਬਤ ਤਾਂ ਪੁੱਛਦੇ ਹੀ ਕੀ ਹੋ। ਅਨੇਕਾਂ ਅਣਹੋਣੇ ਪੱਥਰ ਸਾਡੀ ਬਾਬਤ ਕੈਨੇਡਾ ਦੇ ਅਖਬਾਰਾਂ ਨੇ ਪੱਥ ਪੱਥ ਕੇ ਇਥੋਂ ਦੇ ਲੋਕਾਂ ਨੂੰ ਸਾਡੇ ਬਰਖਿਲਾਫ ਭੜਕਾਇਆ ਤੇ ਭੜਕਾ ਰਹੇ ਹਨ। ਜੋ ਕਿਸੇ ਦੇ ਮਨ ਵਿਚ ਆਇਆ, ਸਾਨੂੰ ਕਿਹਾ, ਪਰ ਅਸੀਂ ਗੁੰਗਿਆਂ ਦੀ ਸਮਾਨ ਬਿਨਾਂ ਬੰਦੋਬਸਤ ਤੋਂ ਕੀ ਕਰ ਸਕਦੇ ਸਾਂ, ਇਸ ਚਿਰ ਦੀ ਚੁੱਪ ਨੂੰ ਤੋੜਨ ਲਈ ਜੋ ਕੋਈ ਸਾਡੇ ਬਰਖਿਲਾਫ ਲਿਖੇ, ਉਸੇ ਦਾ ਸੱਚਾ ਉਤਰ ਦੇਣ ਲਈ ਇਹ ਨਾਲ ਦਾ ਅੰਗਰੇਜ਼ੀ ਦਾ ਹਿੱਸਾ ਲਗਾਇਆ ਹੈ। ਹੁਣ ਆਪ ਜ਼ਰਾ ਇਨਸਾਫ ਨਾਲ ਦੱਸ ਦਿਓ ਕਿ ਇਹ ਕਿਸ ਤਰ੍ਹਾਂ ਦੀ ਸੇਵਾ ਸੀ ਤੇ ਇਸ ਨੂੰ ਕੀ ਕੁਝ ਸਮਝਿਆ ਗਿਆ। ਆਓ, ਹੁਣ ਵੀ ਕੁਝ ਨਹੀਂ ਵਿਗੜਿਆ। ਸੰਭਾਲੋ, ਆਪਣੀ ਕੌਮ ਦੀ ਲਾਜ ਨੂੰ ਸੰਭਾਲੋ। ਖੁਸ਼ੀ ਕਰੋ, ਆਪਣਾ ਛਾਪਾਖਾਨਾ ਤਿਆਰ ਹੋ ਗਿਆ ਹੈ। ਅਖਬਾਰ ਸਾਫ ਗੁਰਮੁਖੀ ਅੱਖਰਾਂ ਵਿਚ ਆਪਣੇ ਸਾਹਮਣੇ ਹੈ। ਇਸ ਨੂੰ ਪੜ੍ਹੋ, ਫਿਰ ਪੜ੍ਹੋ ਤੇ ਵਿਚਾਰੋ। ਆਪਣੀ ਡਿਊਟੀ ਨੂੰ ਪੂਰਾ ਕਰੋ। ਇਸ ਅਖਬਾਰ ਦੇ ਵਧਾਉਣ ਲਈ ਜਗ੍ਹਾ ਜਗ੍ਹਾ ਉਤੇ ਆਪਣਾ ਜ਼ੋਰ ਲਾ ਦਿਓ ਤਾਂ ਕਿ ਇਹ ਚੰਗੀ ਤਰ੍ਹਾਂ ਰਿੜ੍ਹ ਕੇ ਵੱਧ ਤੋਂ ਵੱਧ ਸੇਵਾ ਕਰੇ। ਅਸੀਂ ਇਸ ਪੁਰ ਆਪਣੀ ਸਾਰੀ ਵਾਹ ਲਗਾ ਦਿੱਤੀ ਹੈ। ਕੋਈ ਚੀਜ਼ ਇਸ ਤੋਂ ਪਿਆਰੀ ਨਹੀਂ ਰੱਖੀ, ਇਸ ਪ੍ਰਦੇਸ਼ ਵਿਚ ਜਿਥੇ ਗੁਰਮੁਖੀ ਛਾਪੇਖਾਨੇ ਨੂੰ ਚਲਾਉਣ ਵਾਲਾ ਆਦਮੀ ਨਹੀਂ ਮਿਲ ਸਕਦਾ ਤੇ ਨਵਾਂ ਮੁਲਕ ਤੋਂ ਆ ਨਹੀਂ ਸਕਦਾ, ਸਾਨੂੰ ਅੱਧੀ ਰਾਤ ਕਾਗਜ਼ ਲਭਦਿਆਂ ਤੇ ਦਿਨ ਅੱਖਰ ਜੋੜਦਿਆਂ ਤੇ ਮਸ਼ੀਨ ਪੁਰ ਲਟਕਦਿਆਂ ਬੀਤ ਜਾਂਦਾ ਹੈ। ਆਪ ਖਿਆਲ ਕਰੋ ਕਿ ਅਸੀਂ ਕੋਈ ਕਸਰ ਬਾਕੀ ਰੱਖੀ ਹੈ? ਕੀ ਸਾਡਾ ਪਛਤਾਵਾ ਕਰਨ ਦਾ ਹੁਣ ਹੋਰ ਸਮਾਂ ਬਾਕੀ ਹੈ?
ਅਸਾਂ ਨੇ ਇਸ ਬੀੜੇ ਨੂੰ ਚੁੱਕ ਲਿਆ ਹੈ ਤੇ ਸਿੱਟਾ ਆਪ ਦੇ ਸਾਹਮਣੇ ਰੱਖ ਦਿੱਤਾ ਹੈ। ਹੁਣ ਆਪ ਭਰਾਵਾਂ ਦਾ ਧਰਮ ਹੈ ਕਿ ਇਸ ਦੀ ਮਦਦ ਵੱਲੋਂ ਕਸਰ ਨਾ ਰਹਿਣ ਦਿਓ। ਜਿਸ ਤਰ੍ਹਾਂ ਅਸਾਂ ਸੇਵਾ ਨੂੰ ਤਿਆਰ-ਬਰ-ਤਿਆਰ ਜੁਟੇ ਹੋਏ ਹਾਂ, ਆਪ ਉਸੇ ਤਰ੍ਹਾਂ ਮਦਦ ਵੱਲੋਂ ਅਵੇਸਲੇ ਨਾ ਹੋਵੇ ਤਾਂ ਫਿਰ ਦੇਖੋ, ਸਾਡੇ ਸਾਲਾਂ ਦੇ ਅਧੂਰੇ ਕੰਮ ਕਿਸ ਤਰ੍ਹਾਂ ਦਿਨਾਂ ਵਿਚ ਰਾਸ ਹੁੰਦੇ ਹਨ। ਅਜੇ ਇਸ ਛਾਪੇਖਾਨੇ ਦੇ ਸਿਰ ਕਈ ਸੌ ਡਾਲਰ ਕਰਜ਼ ਹੈ। ਅਨੇਕਾਂ ਚੀਜ਼ਾਂ ਆਉਣ ਵਾਲੀਆਂ ਹਨ ਜਿਨ੍ਹਾਂ ਤੋਂ ਬਿਨਾਂ ਇਹ ਅਖਬਾਰ ਪੂਰੀ ਸੱਜ ਧੱਜ ਨਾਲ ਨਹੀਂ ਛੱਪ ਸਕਦਾ। ਕਾਗਜ਼ ਸਿਆਹੀ ਸਫਾਈ ਟਾਈਪ ਮਨਸ਼ਾ ਅਨੁਸਾਰ ਨਹੀਂ ਮਿਲੀਆਂ। ਹੁਣ ਇਸ ਸੇਵਾ ਦੀ ਮਦਦ ਲਈ ਹਰ ਜਗ੍ਹਾ ਤੋਂ ਸਭ ਭਰਾ ਕੱਠ ਕਰਕੇ ਜਾਂ ਕੱਲ੍ਹ-ਦੁਕੱਲੇ ਮਾਇਆ ਦੇ ਦਿਲ ਖੋਲ੍ਹ ਗੱਫੇ ਘੱਲੋ ਤਾਂ ਕਿ ਇਹ ਅਖਬਾਰ ਦਿਨ ਦੂਣੀ ਤੇ ਰਾਤ ਚੌਗਣੀ ਤਰੱਕੀ ਕਰੇ। ਹੁਣ ਇਹ ਅਖਬਾਰ ਆਪ ਦੀ ਸੇਵਾ ਵਿਚ 15 ਦਿਨ ਮਗਰੋਂ ਹਾਜ਼ਰ ਹੋਇਆ ਕਰੇਗਾ। ਇਸ ਦਾ ਹੁਣ ਤੋਂ ਬਹੁਤ ਵਾਰ ਛਪਣਾ ਇਹ ਸਭ ਆਪ ਦੇ ਵੱਸ ਹੈ। ਅਸੀਂ ਆਪਣੀ ਤਰਫ ਤੇ ਤਾਂ ਰਾਤ ਦਿਨ ਸੇਵਾ ਕਰਨੀ ਹੈ, ਸਗੋਂ ਕਰ ਰਹੇ ਹਾਂ। ਆਪ ਇਸ ਦੀ ਸੇਵਾ ਨੂੰ ਝਟ ਉਠਾਓ।
ਜ਼ੁਲਮ ਜ਼ੁਲਮ – ਕਹਿਰ ਕਹਿਰ
(ਦੋ ਸੌ ਹਿੰਦੁਸਤਾਨੀ ਸਿਆਟਲ ਬੰਦ ਵਿਕਟੋਰੀਏ ਵਿਚ ਬੜਾ ਭਾਰਾ ਉਦਮ)
ਅਮਰੀਕਾ ਤੇ ਕੈਨੇਡਾ ਵਿਚ ਦੂਰ ਬੈਠੇ ਭਰਾਵੋ, ਜਿਤਨੀ ਜਲਦੀ ਇਹ ਅਖਬਾਰ ਆਪ ਦੀ ਸੇਵਾ ਵਿਚ ਪੁੱਜਦਾ ਹੈ, ਝੱਟ ਪੱਟ ‘ਕੱਠੇ ਹੋਵੋ। ਸਭ ਹਾਲ ਪੜ੍ਹੋ ਤੇ ਹਰ ਥਾਂ ਤੇ ਵਿਕਟੋਰੀਏ ਵੱਲ ਨੂੰ ਆਪਣੀਆਂ ਅੱਖਾਂ ਲਾ ਦਿਓ। ਆਪ ਦੇ ਇਕਮਿਕ ਹੋ ਕੇ ਉੱਦਮ ਕਰਨ ਦੀ ਲੋੜ ਹੈ, ਕਈ ਦਿਨ ਬੀਤ ਚੁੱਕੇ ਹਨ। ਆਪ ਦੇ ਲਹੂ ਜਾਨ ਭਰਾ ਕੈਦ ਵਿਚ ਹਨ ਤੇ ਮਨੀਲੇ ਨੂੰ ਮੋੜੇ ਜਾਣਗੇ ਪਰ ਇਸ ਥੋੜ੍ਹੇ ਸਮੇਂ ਵਿਚ ਜੋ ਕੁਝ ਵੀ ਹੋ ਸਕਿਆ ਹੈ, ਇਥੇ ਵਿਕਟੋਰੀਏ ਵਿਚ ਉਨ੍ਹਾਂ ਦੇ ਉਤਾਰਨ ਦਾ ਮੁਕੱਦਮਾ ਕਰਨ ਦਾ ਬੀੜਾ ਚੁਕਿਆ ਗਿਆ ਹੈ ਤੇ ਕੰਮ ਸ਼ੁਰੂ ਹੋ ਗਿਆ ਹੈ। ਹੁਣ ਸਿਰਫ ਆਪ ਸਭ ਭਰਾਵਾਂ ਦੇ ਵਿਕਟੋਰੀਏ ਦੇ ਸੇਵਕਾਂ ਨਾਲ ਇਕ ਜਾਨ ਉੱਦਮ ਕਰਨ ਦੀ ਲੋੜ ਹੈ ਕਿਉਂਕਿ ਇਸ ਜ਼ੁਲਮ ਤੇ ਕਹਿਰ ਵਿਚ ਆਈਆਂ ਹੋਈਆਂ ਦੋ ਸੌ ਜਾਨਾਂ ਦੇ ਛੁਡਾ ਲੈਣ ਤੋਂ ਪਹਿਲਾਂ ਸਾਨੂੰ ਰੋਟੀ ਖਾਣੀ ਵੀ ਹਰਾਮ ਹੈ। ਇਸ ਵਾਸਤੇ ਦੁਹਾਈ ਭਰੀ ਆਵਾਜ਼ ਹੈ। ਵਕਤ ਥੋੜ੍ਹਾ ਹੈ ਤੇ ਦੁੱਖ ਵੱਡਾ ਹੈ, ਪਰ ਆਪ ਦੇ ਇਕੱਠੇ ਲਲਕਾਰੇ ਸਾਹਮਣੇ ਕੋਈ ਬੜੀ ਗੱਲ ਨਹੀਂ ਹੋਵੇਗੀ। ਸਿਰਫ ਲੋੜ ਤਾਂ ਦੂਰ ਨੇੜੇ ਬੈਠਿਆਂ ਦੇ ਇਕੱਠੇ ਉੱਦਮ ਤੇ ਯਤਨ ਦੀ ਹੈ।
ਮੈਂ ਇਕ ਹਫਤੇ ਤੋਂ ਵੈਨਕੂਵਰ ਵਿਚ ਅਖਬਾਰ ਦੇ ਕੰਮ ਲਈ ਗਿਆ ਹੋਇਆ ਸਾਂ ਕਿ ਅਚਾਨਕ 27 ਜੂਨ ਦੀ ਤਰਕਾਲਾਂ ਨੂੰ ਡਾਕਟਰ ਸੁੰਦਰ ਸਿੰਘ ਜੀ ਵੱਲੋਂ ਵਿਕਟੋਰੀਏ ਤੋਂ ਟੈਲੀਫੋਨ ਗਈ ਕਿ ਫੌਰਨ ਵਿਕਟੋਰੀਏ ਪੁੱਜੋ। ਮੈਂ ਰਾਤ ਨੂੰ ਸਾਢੇ ਗਿਆਰਾਂ ਵਜੇ ਬੋਟ ਵਿਕਟੋਰੀਏ ਤੁਰਨ ਲਈ ਤਿਆਰ ਹੋ ਗਿਆ ਤੇ ਤੁਰਨ ਤੋਂ ਪਹਿਲਾਂ ਰਾਤ ਦੇ ਦਸ ਵਜੇ ਸਿਆਟਲ ਤੋਂ ਵੈਨਕੂਵਰ ਤਾਰ ਪੁੱਜੀ ਕਿ ਦੋ ਸੌ ਭਰਾ ਸਿਆਟਲ ਵਿਚ ਮਿਨੀ ਸੋਟਾ ਜਹਾਜ਼ ਵਿਚ ਬੰਦ ਕੀਤਾ ਗਿਆ ਹੈ ਤੇ ਮਨੀਲੇ ਵਾਪਸ ਮੋੜੇ ਜਾਣਗੇ। ਝਟਪਟ ਕੋਈ ਆਦਮੀ ਸਿਆਟਲ ਪੁੱਜੋ ਤੇ ਮੁਕੱਦਮੇ ਵਾਸਤੇ ਪੈਸਾ ਇਕੱਠਾ ਕਰੋ।
ਇਹ ਤਾਰ ਸੀਨੇ ਵਿਚ ਤਲਵਾਰ ਵਾਂਗੂੰ ਘਾ ਕਰ ਗਿਆ ਤੇ ਫੇਰ ਖਿਆਲ ਆਇਆ ਕਿ ਡਾਕਟਰ ਹੋਰੀਂ ਇਸੇ ਹੀ ਭੋਜਲ ਨੂੰ ਸੁਣ ਕੇ ਟੈਲੀਫੋਨ ਕੀਤੀ ਹੈ। ਸਵੇਰੇ 28 ਜੂਨ ਵਿਕਟੋਰੀਏ ਪੁੱਜ ਕੇ ਦੇਖਦਾ ਹਾਂ ਕਿ ਡਾਕਟਰ ਸੁੰਦਰ ਸਿੰਘ ਤੇ ਭਾਈ ਪਿਆਰਾ ਸਿੰਘ ਇਸ ਚਾਣਚਕ ਭਰਾਵਾਂ ਪੁਰ ਆ ਗਏ ਜ਼ੁਲਮ ਦੇ ਮੁਕਾਬਲੇ ਲਈ ਵਿਆਕੁਲ ਹੋ ਰਹੇ ਹਨ ਤੇ ਮੈਨੂੰ ਬੋਟ ਤੋਂ ਉਤਰਦਿਆਂ ਹੀ ਪੁੱਛਦੇ ਹਨ ਕਿ ਕੋਈ ਭਰਾ ਵੈਨਕੂਵਰ ਤੋਂ ਸਿਆਟਲ ਗਿਆ ਹੈ ਤੇ ਕੁਝ ਬੰਦੋਬਸਤ ਹੋਇਆ ਹੈ ਜਾਂ ਕਿਸੇ ਗੌਰ ਹੀ ਨਹੀਂ ਕੀਤੀ। ਜਦ ਮੈਂ ਦੱਸਿਆ ਕਿ ਉਥੇ ਤਾਂ ਕੁਝ ਨਹੀਂ ਹੋ ਸਕਿਆ ਤਾਂ ਡਾਕਟਰ ਸੁੰਦਰ ਸਿੰਘ ਹੋਰੀਂ ਸ਼ਹਿਰ ਵੱਲ ਕਾਹਲ ਵਿਚ ਦੌੜੇ ਤੇ ਜੋ ਇਕ ਦੋ ਗੋਰੇ ਸਾਡੇ ਦੁੱਖਾਂ ਨਾਲ ਦਰਦ ਰੱਖਦੇ ਹਨ, ਉਨ੍ਹਾਂ ਦੇ ਪਾਸ ਪੁੱਜੇ ਤੇ ਜਾ ਕੇ ਕਿਹਾ ਕਿ ਅਨਰਥ ਹੈ ਕਿ ਸਾਡਾ ਜਿੰਦ ਜਾਨ ਦੋ ਸੌ ਭਰਾ ਸਿਆਟਲ ਵਿਚ ਬੰਦ ਕੀਤਾ ਗਿਆ ਹੈ। ਪਤਾ ਨਹੀਂ ਸਾਡੇ ਭਰਾਵਾਂ ਨੂੰ ਕੀ ਕੀ ਦੁੱਖ ਹੋ ਰਹੇ ਹਨ ਤੇ ਕਿਤਨਾ ਨੁਕਸਾਨ ਉਠਾਇਆ ਹੈ।
ਜੇ ਸਿਰਫ ਉਨ੍ਹਾਂ ਦਾ ਕਿਰਾਇਆ ਹੀ ਗਿਣੀਏ ਤਾਂ ਵੀਹ ਹਜ਼ਾਰ ਡਾਲਰ ਮੁੱਲ ਵਿਚ ਪੈਂਦਾ ਹੈ ਤੇ ਉਨ੍ਹਾਂ ਦਾ ਦੁੱਖ ਤੇ ਸਾਡੀ ਕੌਮ ਦੀ ਨਰਾਦਰੀ ਦਾ ਤਾਂ ਟਿਕਾਣਾ ਹੀ ਕੀ ਹੈ। ਉਨ੍ਹਾਂ ਇਕ ਦੋ ਆਪਣੇ ਦਰਦੀ ਗੋਰਿਆਂ ਨੂੰ ਕਿਹਾ ਕਿ ਮੇਰੇ ਪਾਸ ਇਸ ਵਕਤ ਪੈਸਾ ਨਹੀਂ ਹੈ ਤੇ ਵਕਤ ਸਖਤ ਹੈ। ਆਪ ਸਾਡੀ ਮਦਦ ਕਰੋ – ਬਿਲਕੁਲ ਨਾਂਹ ਨਾ ਕਰਨੀ।