ਮੁਹੰਮਦ ਅੱਬਾਸ ਧਾਲੀਵਾਲ
ਫੋਨ: 91-98552-59650
ਖੁਦਾ ਨੇ ਆਪਣੇ ਬੰਦਿਆਂ ਲਈ ਜਿਨ੍ਹਾਂ ਅਸੂਲਾਂ ‘ਤੇ ਚੱਲਣ ਲਈ ਪੈਗੰਬਰਾਂ ਅਤੇ ਨਬੀਆਂ ਤੇ ਕੁਰਾਨ-ਮਜੀਦ ਰਾਹੀਂ ਦਿਸ਼ਾ ਨਿਰਦੇਸ਼ ਅਤੇ ਆਪਣੇ ਵਲੋਂ ਹੁਕਮ ਦਿੱਤੇ ਹਨ ਅਤੇ ਜਿਨ੍ਹਾਂ ਇਬਾਦਤਾਂ ਬਾਕਾਇਦਾ ਰੋਜ਼ਾਨਾ ਜੀਵਨ ‘ਚ ਕਰਦੇ ਰਹਿਣ ਲਈ ਤਾਕੀਦ ਕੀਤੀ ਹੈ, ਯਕੀਨਨ ਉਨ੍ਹਾਂ ਸਭਨਾਂ ਵਿਚ ਸਮੁੱਚੀ ਮਨੁਖਤਾ ਲਈ ਭਲਾਈ ਤੇ ਸੁੱਖ-ਸ਼ਾਂਤੀ ਦੇ ਰਾਜ਼ ਛੁਪੇ ਹਨ। ਜੇ ਅਸੀਂ ਗੰਭੀਰਤਾ ਨਾਲ ਉਨ੍ਹਾਂ ‘ਤੇ ਸੋਚ ਵਿਚਾਰ ਕਰੀਏ ਤਾਂ ਸਾਡੀਆਂ ਅੱਖਾਂ ‘ਤੇ ਪਏ ਗਫਲਤ ਪਰਦੇ ਦੂਰ ਹੋ ਸਕਦੇ ਹਨ। ਨਾਲ ਹੀ ਸਾਡੇ ਮਨਾਂ ‘ਚ ਉਪਜਣ ਵਾਲੇ ਬਹੁਤ ਸਾਰੇ ਸ਼ੰਕੇ ਦੂਰ ਹੋ ਸਕਦੇ ਹਨ।
ਦਰਅਸਲ ਇਸਲਾਮ ਧਰਮ ਦੀ ਬੁਨਿਆਦ ਮੂਲ ਰੂਪ ‘ਚ ਪੰਜ ਸਿਧਾਂਤਾਂ-ਕਲਮਾ, ਨਮਾਜ਼, ਰੋਜ਼ਾ, ਜ਼ਕਾਤ ਅਤੇ ਹੱਜ ‘ਤੇ ਕਾਇਮ ਹੈ ਭਾਵ ਕਿਸੇ ਮੁਸਲਮਾਨ ਅਰਥਾਤ ਇਸਲਾਮ ਦੇ ਪੈਰੋਕਾਰ ਦਾ ਈਮਾਨ ਉਦੋਂ ਤੱਕ ਮੁਕੰਮਲ ਨਹੀਂ ਸਮਝਿਆ ਜਾਂਦਾ, ਜਦੋਂ ਤੱਕ ਉਹ ਇਨ੍ਹਾਂ ਅਸੂਲਾਂ ਦੀ ਸੱਚੇ ਦਿਲੋਂ ਪੈਰਵੀ ਨਹੀਂ ਕਰਦਾ।
ਇਸ ਤੋਂ ਪਹਿਲਾਂ ਕਿ ਰਮਜ਼ਾਨ ਮਹੀਨੇ ਰੱਖੇ ਜਾਂਦੇ ਰੋਜ਼ਿਆਂ ਦੇ ਜਿਸਮਾਨੀ ਅਤੇ ਰੂਹਾਨੀ ਫਾਇਦਿਆਂ ਦੀ ਗੱਲ ਕਰੀਏ, ਆਉ ‘ਰੋਜ਼ੇ’ ਦੇ ਨਾਲ ਨਾਲ ਸੰਖੇਪ ਰੂਪ ‘ਚ ਇਨ੍ਹਾਂ ਚਾਰਾਂ ਬਾਰੇ ਵੀ ਥੋੜ੍ਹੀ-ਥੋੜ੍ਹੀ ਜਾਣਕਾਰੀ ਹਾਸਲ ਕਰੀਏ।
ਕਲਮਾ ਦਾ ਅਰਥ ਹੈ, ਰੱਬ ਇੱਕੋ ਹੈ, ਉਸ ਦਾ ਕੋਈ ਸ਼ਰੀਕ ਨਹੀਂ। ਉਸ ਰੱਬ ਤੋਂ ਬਿਨਾ ਕੋਈ ਵੀ ਇਬਾਦਤ ਕਰਨ ਜਾਂ ਬੰਦਗੀ ਦੇ ਲਾਇਕ ਨਹੀਂ ਹੈ ਅਤੇ ਮੁਹੰਮਦ ਉਸ ਦੇ ਰਸੂਲ ਭਾਵ ਸੱਚੇ ਪੈਗੰਬਰ ਹਨ।
ਦੂਜੀ ਹੈ, ਨਮਾਜ਼। ਜਦ ਕੋਈ ਬੰਦਾ ਸੱਚੇ ਦਿਲੋਂ ਕਲਮਾ ਪੜ੍ਹਦਾ ਹੈ ਭਾਵ ਇੱਕ ਰੱਬ ਹੋਣ ਦਾ ਦਿਲੋਂ ਇਕਰਾਰ ਕਰਦਾ ਹੈ ਤਾਂ ਇੱਕ ਦਿਨ ਵਿਚ ਪੰਜ ਨਮਾਜ਼ਾਂ ਨਿਸ਼ਚਿਤ ਸਮੇਂ ‘ਤੇ ਪੜ੍ਹਨਾ ਉਸ ਦਾ ਫਰਜ਼ ਹੈ।
ਇਸੇ ਤਰ੍ਹਾਂ ‘ਜ਼ਕਾਤ’ ਉਨ੍ਹਾਂ ਮਾਲਦਾਰ ਲੋਕਾਂ ਦਾ ਫਰਜ਼ ਹੈ, ਜਿਨ੍ਹਾਂ ਪਾਸ ਸਾਢੇ ਬਵੰਜਾ ਤੋਲੇ ਚਾਂਦੀ ਜਾਂ ਇਸ ਦੀ ਕੀਮਤ ਬਰਾਬਰ ਰੁਪਿਆ ਪੈਸਾ ਹੋਵੇ ਜਾਂ ਸਾਢੇ ਸੱਤ ਤੋਲੇ ਸੋਨਾ ਜਾਂ ਇਸ ਦੇ ਬਰਾਬਰ ਨਕਦੀ ਹੋਵੇ ਜਾਂ ਚਾਂਦੀ ਤੇ ਸੋਨੇ ਦੋਵਾਂ ਦੀ ਸਮੁਚੀ ਕੀਮਤ ਸਾਢੇ ਬਵੰਜਾ ਤੋਲੇ ਚਾਂਦੀ ਦੇ ਬਰਾਬਰ ਹੋਵੇ ਜਾਂ ਇਸ ਤੋਂ ਵੱਧ ਚਾਂਦੀ ਜਾਂ ਨਕਦੀ ਹੋਣ। ਇਸ ਸੂਰਤ ‘ਚ ਜ਼ਕਾਤ ਅਦਾ ਕਰਨਾ ਵਾਜਿਬ ਹੈ ਭਾਵ ਉਹ ਸਾਲ ਗੁਜ਼ਰਨ ‘ਤੇ ਆਪਣੀ ਇਸ ਮਲਕੀਅਤ ‘ਚੋਂ ਢਾਈ ਪ੍ਰਤੀਸ਼ਤ ਦੇ ਹਿਸਾਬ ਜ਼ਕਾਤ ਗਰੀਬਾਂ ‘ਚ ਵੰਡੇ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਜ਼ਕਾਤ ਅਦਾ ਕਰਦਿਆਂ ਵਿਖਾਵਾ ਨਾ ਕੀਤਾ ਜਾਵੇ। ਕਿਸੇ ਲੋੜਵੰਦ ਗਰੀਬ ਨੂੰ ਜ਼ਕਾਤ ਇਸ ਤਰੀਕੇ ਨਾਲ ਦਿੱਤੀ ਜਾਵੇ ਕਿ ਜੇ ਅਸੀਂ ਇੱਕ ਹੱਥ ਨਾਲ ਜ਼ਕਾਤ ਦਈਏ ਤਾਂ ਦੂਜੇ ਹੱਥ ਨੂੰ ਵੀ ਪਤਾ ਨਾ ਲੱਗੇ।
ਇਸੇ ਤਰ੍ਹਾਂ ਹਰ ਸਾਹਿਬ-ਏ-ਦੌਲਤ ਮੁਸਲਮਾਨ ਭਾਵ ਹੱਜ ਦੇ ਸਫਰ ਦਾ ਖਰਚਾ ਚੁੱਕਣ ਵਾਲੇ ਦਾ ਪੂਰੇ ਜੀਵਨ ‘ਚ ਇੱਕ ਵਾਰ ‘ਹੱਜ’ ਕਰਨਾ ਫਰਜ਼ ਹੈ।
ਹੁਣ ਅਸੀਂ ਗੱਲ ਕਰਦੇ ਹਾਂ ਰਮਜ਼ਾਨ ਮਹੀਨੇ ਰੱਖੇ ਜਾਂਦੇ ਰੋਜ਼ਿਆਂ ਦੀ। ਰੋਜ਼ਾ ਜਿਸਮਾਨੀ ਇਬਾਦਤ ਦੇ ਨਾਲ ਰੂਹਾਨੀ ਇਬਾਦਤ ਦਾ ਨਾਮ ਹੈ। ਇਸ ਸੰਦਰਭ ‘ਚ ਕੁਰਾਨ ਮਜੀਦ ‘ਚ ਅੱਲ੍ਹਾ ਪਾਕ ਫੁਰਮਾਉਂਦੇ ਹਨ ਕਿ ਐ ਈਮਾਨ ਵਾਲਿਉ! ਤੁਹਾਡੇ ‘ਤੇ ਉਸੇ ਤਰ੍ਹਾਂ ਰੋਜ਼ੇ ਫਰਜ਼ ਕੀਤੇ ਗਏ ਹਨ ਜਿਵੇਂ ਤੁਹਾਡੇ ਤੋਂ ਪਹਿਲੇ ਲੋਕਾਂ ‘ਤੇ ਫਰਜ਼ ਕੀਤੇ ਗਏ ਸਨ ਤਾਂ ਕਿ ਤੁਸੀਂ ਪਰਹੇਜ਼ਗਾਰ (ਹਰ ਕਿਸਮ ਦੀਆਂ ਬੁਰਾਈਆਂ ਤੋਂ ਬਚਣ ਵਾਲੇ) ਬਣੋ। ਇੱਕ ਹੋਰ ਥਾਂ ਅੱਲ੍ਹਾ ਪਾਕ ਫੁਰਮਾਉਂਦੇ ਹਨ, ਰੋਜ਼ਾ ਮੇਰੇ ਲਈ ਹੈ ਅਤੇ ਮੈਂ ਹੀ ਇਸ ਦੀ ਜਜ਼ਾ ਭਾਵ ਇਨਾਮ ਦੇਵਾਂਗਾ ਜਦ ਕਿ ਹਜ਼ਰਤ ਮੁਹੰਮਦ ਫੁਰਮਾਉਂਦੇ ਹਨ ਕਿ ਰੋਜ਼ਾ ਨਰਕ ਦੀ ਅੱਗ ਤੋਂ ਉਸੇ ਤਰ੍ਹਾਂ ਢਾਲ ਹੈ ਜਿਵੇਂ ਤੁਹਾਡੇ ਕੋਲ ਜੰਗ ਦੀ ਢਾਲ ਹੋਵੇ।
ਰੋਜ਼ਾ ਸੂਰਜ ਨਿਕਲਣ ਤੋਂ ਸਵਾ-ਡੇਢ ਘੰਟਾ ਪਹਿਲਾਂ ਰੱਖਿਆ ਜਾਂਦਾ ਹੈ ਭਾਵ ਪਹੁ-ਫੁੱਟਣ ਤੋਂ ਪਹਿਲਾਂ ਪਹਿਲਾਂ ਰੋਜ਼ੇਦਾਰ ਨੂੰ ਲੋੜ ਅਨੁਸਾਰ ਖਾ-ਪੀ ਲੈਣਾ ਚਾਹੀਦਾ ਹੈ। ਸਰਘੀ ਵੇਲੇ ਦੇ ਇਸ ਖਾਣੇ ਨੂੰ ਸਿਹਰੀ ਆਖਦੇ ਹਨ। ਸਿਹਰੀ ਕਰਨਾ ਸੁੰਨਤ ਹੈ (ਬਾਕੀ ਸਿਹਰੀ ਬਹੁਤ ਬਰਕਤਾਂ ਨਾਲ ਭਰਪੂਰ ਹੁੰਦੀ ਹੈ)। ਸੁੰਨਤ ਉਸ ਕੰਮ ਨੂੰ ਕਿਹਾ ਜਾਂਦਾ ਹੈ ਜੋ ਕੰਮ ਹਜ਼ਰਤ ਮੁਹੰਮਦ ਨੇ ਆਪਣੇ ਜੀਵਨ ‘ਚ ਕੀਤਾ ਹੋਵੇ ਅਤੇ ਲੋਕਾਂ ਨੂੰ ਉਹ ਕੰਮ ਕਰਨ ਦੀ ਪ੍ਰੇਰਨਾ ਦਿੱਤੀ ਹੋਵੇ।
ਰੋਜ਼ਾ ਰੱਖਣ ਦੀ ਹਾਲਤ ‘ਚ ਰੋਜ਼ੇਦਾਰ ਪੂਰਾ ਦਿਨ ਕੁਝ ਨਹੀਂ ਖਾਂਦਾ-ਪੀਂਦਾ। ਸੂਰਜ ਛਿਪਣ ਪਿਛੋਂ ਹੀ ਰੋਜ਼ਾ ਖੋਲ੍ਹਿਆ ਜਾਂਦਾ ਹੈ। ਰੋਜ਼ਾ ਖਜੂਰ ਨਾਲ ਖੋਲ੍ਹਣਾ ਸੁੰਨਤ ਅਤੇ ਅਫਜ਼ਲ ਹੈ। ਖਜੂਰ ਕਾਰਬੋਹਾਈਟਰੇਡ ਭਰਪੂਰ ਗਿਜ਼ਾ ਹੈ, ਇਹ ਸਾਡੇ ਖਾਲੀ ਪੇਟ ਨੂੰ ਦੂਜਾ ਖਾਣਾ ਹਜ਼ਮ ਕਰਨ ਤੇ ਮੈਦੇ ਨੂੰ ਤਾਕਤ ਦੇਣ ਦੇ ਨਾਲ ਭੋਜਨ ਕਰਨ ਦੇ ਯੋਗ ਬਣਾਉਂਦੀ ਹੈ ਅਤੇ ਜਿਸਮ ਨੂੰ ਤਾਕਤ ਦਿੰਦੀ ਹੈ।
ਰੋਜ਼ਿਆਂ ਦੌਰਾਨ ਪੰਜ ਫਰਜ਼ ਨਮਾਜ਼ਾਂ ਤੋਂ ਬਿਨਾ ਇਸ਼ਾ ਦੀ ਨਮਾਜ਼ ਪਿਛੋਂ ਵਿਸ਼ੇਸ਼ ਰੂਪ ਵਿਚ ਮਸਜਿਦਾਂ ਵਿਚ ਤਰਾਵੀਹ ਦੀ ਨਮਾਜ਼ ਅਦਾ ਕਰਨ ਦਾ ਅਹਿਤਰਾਮ ਕੀਤਾ ਜਾਂਦਾ ਹੈ। ਇਸ ਦੌਰਾਨ ਹਾਫਿਜ਼ਾਂ ਦੀ ਜ਼ੁਬਾਨੀ ਮੁਸਲਮਾਨ ਪੂਰਾ ਕੁਰਾਨ ਸੁਣਦੇ ਹਨ।
ਰੋਜ਼ਾ ਕੇਵਲ ਪੂਰਾ ਦਿਨ ਭੁੱਖੇ ਰਹਿਣ ਦਾ ਨਾਂ ਨਹੀਂ, ਸਗੋਂ ਇਸ ਦੌਰਾਨ ਸਰੀਰ, ਦਿਲ-ਓ-ਦਿਮਾਗ ਅਤੇ ਇਨਸਾਨ ਦੇ ਇਖਲਾਕ ‘ਚੋਂ ਰੋਜ਼ੇ ਦੀ ਝਲਕ ਪ੍ਰਤੱਖ ਰੂਪ ‘ਚ ਦਿਸਣੀ ਚਾਹੀਦੀ ਹੈ। ਰੋਜ਼ੇ ਦੌਰਾਨ ਜਿੱਥੇ ਖਾਣ-ਪੀਣ ਦੀ ਮਨਾਹੀ ਹੈ, ਉਥੇ ਹਮ-ਬਿਸਤਰੀ ਦੀ ਵੀ ਮਨਾਹੀ ਹੈ। ਅੱਖਾਂ ਦਾ ਵੀ ਰੋਜ਼ਾ ਹੈ ਕਿ ਅਸੀਂ ਕੋਈ ਮੰਦੀ ਚੀਜ਼ ਨਹੀਂ ਵੇਖਣੀ। ਕੰਨਾਂ ਦਾ ਰੋਜ਼ਾ ਹੈ ਕਿ ਕਿਸੇ ਦੀ ਚੁਗਲੀ ਨਿੰਦਿਆ ਨਹੀਂ ਸੁਣਨੀ ਤੇ ਨਾ ਹੀ ਕੋਈ ਹੋਰ ਕੁਰਾਹੇ ਪਾਉਣ ਵਾਲੀਆਂ ਆਵਾਜ਼ਾਂ ਸੁਣਨੀਆਂ ਹਨ। ਜ਼ਬਾਨ ਦਾ ਰੋਜ਼ਾ ਹੈ ਕਿ ਅਸੀਂ ਕਿਸੇ ਨੂੰ ਮੰਦਾ ਨਹੀਂ ਬੋਲਣਾ ਅਤੇ ਨਾ ਹੀ ਕਿਸੇ ਦੀ ਚੁਗਲੀ ਨਿੰਦਿਆ ਕਰਨੀ ਹੈ। ਹੱਥਾਂ-ਪੈਰਾਂ ਦਾ ਰੋਜ਼ਾ ਹੈ ਕਿ ਅਸੀਂ ਕੋਈ ਮਾੜਾ ਕੰਮ ਨਹੀਂ ਕਰਨਾ ਅਤੇ ਪੈਰਾਂ ਨਾਲ ਕਿਸੇ ਵੀ ਮਾੜੀ ਚੱਲ ਕੇ ਨਹੀਂ ਜਾਣਾ। ਕਿਸੇ ਨਾਲ ਬੇਇਮਾਨੀ ਜਾਂ ਠੱਗੀ ਨਹੀਂ ਮਾਰਨੀ। ਕਿਸੇ ਨਾਲ ਲੜਨਾ ਨਹੀਂ, ਜੇ ਕੋਈ ਲੜੇ, ਤਾਂ ਵੀ ਇਹੋ ਕਹਿਣਾ ਹੈ ਕਿ ਮੈਂ ਤਾਂ ਰੋਜ਼ੇ ਨਾਲ ਹਾਂ।
ਰੋਜ਼ੇ ਰੱਖਣ ਦੇ ਇਨਸਾਨ ਨੂੰ ਜਿਥੇ ਬਹੁਤ ਸਾਰੇ ਰੂਹਾਨੀ ਫਾਇਦੇ ਹਨ ਅਤੇ ਇਕ ਮੁਸਲਮਾਨ ਨੂੰ ਸੱਚੇ-ਸੁੱਚੇ ਰਹਿਣ, ਨੇਕ ਕੰਮ ਕਰਨ ਅਤੇ ਬੁਰੇ ਕੰਮਾਂ ਤੋਂ ਬਚਣ ਦੀ ਪ੍ਰੇਰਣਾ ਮਿਲਦੀ ਹੈ।
ਇਸ ਦੇ ਬੇ-ਸ਼ੁਮਾਰ ਜਿਸਮਾਨੀ ਫਾਇਦੇ ਵੀ ਹਨ। ਸਾਡਾ ਸਰੀਰ ਇੱਕ ਮਸ਼ੀਨ ਵਾਂਗ ਹੈ ਜਿਵੇਂ ਕੰਮ ਕਰਦਿਆਂ ਮਸ਼ੀਨਾਂ ਗਰਮ ਹੋ ਜਾਂਦੀਆਂ ਜਾਂ ਥੱਕ ਜਾਂਦੀਆਂ ਹਨ, ਉਸੇ ਤਰ੍ਹਾਂ ਸਾਡਾ ਸਰੀਰ ਵੀ ਨਿਰੰਤਰ ਕੰਮ ਕਰਦਾ ਥੱਕ ਜਾਂਦਾ ਹੈ ਤੇ ਸਿਹਤ ਖਰਾਬ ਹੋਣ ਦਾ ਡਰ ਹੁੰਦਾ ਹੈ। ਜਦ ਅਸੀਂ ਰਮਜ਼ਾਨ ਮਹੀਨੇ ਰੋਜ਼ੇ ਰੱਖਦੇ ਹਾਂ ਤਾਂ ਸਾਡੇ ਸਰੀਰ ਦੇ ਹਿਸਿਆਂ ਨੂੰ ਆਰਾਮ ਮਿਲਦਾ ਹੈ ਜਿਸ ਨਾਲ ਸਾਡੇ ਸਰੀਰ ਦੇ ਵੱਖ ਅੰਦਰੂਨੀ ਅੰਗ ਤਰੋ-ਤਾਜ਼ਗੀ ਮਹਿਸੂਸ ਕਰਦੇ ਹਨ।
ਰੋਜ਼ਾ ਰੱਖਣ ਨਾਲ ਬਲੱਡ ਪ੍ਰੈਸ਼ਰ ਤੋਂ ਵੀ ਰਾਹਤ ਮਿਲਦੀ ਹੈ ਕਿਉਂਕਿ ਰੋਜ਼ੇ ਦੌਰਾਨ ਖੂਨ ਦੇ ਵਹਾਉ ਦੀ ਰਫਤਾਰ ਮੁਨਾਸਿਬ ਹੋ ਜਾਂਦੀ ਹੈ। ਰੋਜ਼ਾ ਰੱਖਣ ਨਾਲ ਹੱਡੀਆਂ ਦੇ ਗੁੱਦੇ ਵਿਚ ਸਰੀਰ ਦੀ ਲੋੜ ਅਨਸਾਰ ਖੂਨ ਦੇ ਨਵੇਂ ਖੁਲੀਏ ਬਣਦੇ ਹਨ।
ਕਈ ਖੋਜ ਰਿਪੋਰਟਾਂ ਅਨੁਸਾਰ ਘੱਟ ਭੋਜਨ ਕਰਨਾ ਜਾਂ ਦੇਰ ਤੱਕ ਖਾਧੇ-ਪੀਤੇ ਬਿਨਾ ਰਹਿਣਾ ਨਾ ਸਿਰਫ ਵਜ਼ਨ ਘਟਾਉਣ ਲਈ ਬਹੁਤ ਲਾਹੇਵੰਦ ਹੈ ਸਗੋਂ ਖੂਨ ਦੇ ਵਹਾਉ ਨੂੰ ਵੀ ਸਹੀ ਰੱਖ ਕੇ ਬਲੱਡ ਪ੍ਰੈਸ਼ਰ ਤੇ ਕੌਲਿਸਟਰੌਲ ਤੋਂ ਪੀੜਤ ਮਰੀਜ਼ਾਂ ਨੂੰ ਆਰਾਮ ਦਿੰਦਾ ਹੈ ਅਤੇ ਉਨ੍ਹਾਂ ਦੀ ਸਿਹਤ ਠੀਕ ਰਹਿੰਦੀ ਹੈ।
ਰੋਜ਼ਾ ਇਕ ਅਜਿਹਾ ਅਭਿਆਸ ਹੈ ਜੋ ਮਨੁੱਖ ਨੂੰ ਸਬਰ, ਸੰਤੋਖ, ਦਿਆਲਤਾ, ਸਹਿਜ, ਨੇਕੀ ਆਦਿ ਵੱਡਮੁੱਲੇ ਗੁਣਾਂ ਦਾ ਧਾਰਨੀ ਬਣਾਉਂਦਾ ਹੈ। ਅੰਤ ‘ਚ ਇਹੋ ਕਿਹਾ ਜਾ ਸਕਦਾ ਹੈ ਕਿ ਰੋਜ਼ਾ ਇੱਕ ਅਜਿਹੀ ਇਬਾਦਤ, ਅਰਾਧਨਾ ਅਤੇ ਭਗਤੀ ਹੈ ਜੋ ਮਨੁੱਖ ਨੂੰ ਅਸਲੀ ਅਰਥਾਂ ਵਿਚ ਇਨਸਾਨੀਅਤ ਦਾ ਸਬਕ ਦਿੰਦਿਆਂ ਰੱਬ ਦੇ ਬਹੁਤ ਨੇੜੇ ਲੈ ਜਾਂਦੀ ਹੈ।