ਗੁਲਜ਼ਾਰ ਸਿੰਘ ਸੰਧੂ
ਜਦੋਂ ਭਾਰਤ ਦਾ ਪ੍ਰਧਾਨ ਮੰਤਰੀ ਜੰਮੂ ਕਸ਼ਮੀਰ ਵਿਚ ਜ਼ੋਜੀਲਾ ਨੂੰ ਕਾਰਗਿੱਲ ਨਾਲ ਜੋੜਨ ਲਈ 14 ਕਿਲੋਮੀਟਰ ਲੰਬੀ ਉਸ ਸੁਰੰਗ ਦਾ ਉਦਘਾਟਨ ਕਰ ਰਿਹਾ ਸੀ ਜਿਸ ਨਾਲ ਸ੍ਰੀ ਨਗਰ ਤੋਂ ਕਾਰਗਿੱਲ ਤੇ ਲੇਹ ਦਾ ਪੈਂਡਾ ਸਾਢੇ ਤਿੰਨ ਘੰਟੇ ਦੀ ਥਾਂ ਕੇਵਲ ਪੰਦਰਾਂ ਮਿੰਟ ਵਿਚ ਤੈਅ ਹੋ ਜਾਵੇਗਾ, ਮੈਂ ਕਾਲਕਾ ਸ਼ਿਮਲਾ ਰੋਡ ਉਤੇ ਧਰਮਪੁਰ ਰੇਲਵੇ ਸਟੇਸ਼ਨ ਉਤੇ ਸਾਂ ਜਿਥੋਂ ਬਰਤਾਨਵੀ ਸਰਕਾਰ ਦੀ ਟੋਆਏ ਟਰੇਨ (ਖਿਡੌਣਾ ਗੱਡੀ) ਲੰਘਦੀ ਹੈ। ਮੈਂ ਪਹਿਲੀ ਵਾਰ ਇਸ ਗੱਡੀ ਦਾ ਸਫਰ 1951 ਦੀ ਗਰਮੀ ਰੁੱਤੇ ਕੀਤਾ ਸੀ। ਇਸ ਰੇਲਵੇ ਲਾਈਨ ਦਾ ਇਤਿਹਾਸ ਚੇਤੇ ਆ ਗਿਆ।
ਗੋਰੀ ਸਰਕਾਰ ਨੇ ਮੈਦਾਨਾਂ ਦੀ ਗਰਮੀ ਤੋਂ ਬਚਣ ਲਈ 1864 ਵਿਚ ਸ਼ਿਮਲਾ ਨੂੰ ਗਰਮੀਆਂ ਦੀ ਰਾਜਧਾਨੀ ਬਣਾ ਲਿਆ ਸੀ, ਭਾਵੇਂ ਉਥੇ ਪਹੁੰਚਣ ਲਈ ਗੋਰੇ ਗੋਰੀਆਂ ਨੂੰ ਕੱਚੇ ਪਹਾੜੀ ਰਸਤਿਆਂ ਦਾ ਕਾਲਕਾ ਤੋਂ ਸ਼ਿਮਲਾ ਦਾ ਸਫਰ ਬੈਲ ਗੱਡਿਆਂ ਉਤੇ ਤੈਅ ਕਰਨਾ ਪੈਂਦਾ ਸੀ। ਗੋਰੀ ਸਰਕਾਰ ਨੂੰ ਕਾਲਕਾ ਤੋਂ ਸ਼ਿਮਲਾ ਰੇਲਵੇ ਲਾਈਨ ਬਣਾਉਣ ਵਿਚ 39 ਵਰ੍ਹੇ ਲੱਗੇ। 103 ਸੁਰੰਗਾਂ ਬਣਾਉਣੀਆਂ ਪਈਆਂ ਤੇ 800 ਛੋਟੇ ਵੱਡੇ ਪੁਲ।
1903 ਵਿਚ ਇਸ ਲਾਈਨ ਦਾ ਲਾਰਡ ਕਰਜ਼ਨ ਵਲੋਂ ਉਦਘਾਟਨ ਕੀਤੇ ਜਾਣ ਤੱਕ ਕੇਵਲ ਪੰਜ ਕੁ ਸੌ ਗੋਰੇ ਅਫਸਰ ਦਿੱਲੀ ਤੋਂ ਸ਼ਿਮਲਾ ਜਾਂਦੇ ਸਨ। 1920 ਵਿਚ ਅਜਿਹੇ ਅਫਸਰਾਂ ਤੇ ਉਨ੍ਹਾਂ ਦੇ ਸੰਗੀਆਂ ਦੀ ਗਿਣਤੀ 50,000 ਹੋ ਗਈ ਸੀ। ਪਹਾੜਾਂ ਵਿਚੋਂ ਸੁਰੰਗਾਂ ਕੱਢਣ ਦਾ ਕੰਮ ਏਨਾ ਸੌਖਾ ਨਹੀਂ। ਬੜੋਗ ਵਾਲੀ ਸੁਰੰਗ ਸਭ ਤੋਂ ਲੰਮੀ ਸੀ, ਜਿਸ ਨੂੰ ਬਣਵਾਉਣ ਵਾਲਾ ਬਰਤਾਨਵੀ ਰੇਲਵੇ ਇੰਜੀਨੀਅਰ ਬੜੋਗ ਕਿਧਰੇ ਟਪਲਾ ਖਾ ਗਿਆ ਤਾਂ ਸ਼ਰਮਿੰਦਗੀ ਕਾਰਨ ਉਸ ਨੇ ਅਪਣੀ ਜਾਨ ਲੈ ਲਈ ਸੀ। ਜਦੋਂ ਉਸ ਦੇ ਉਤਰਅਧਿਕਾਰੀ ਹੈਰਿੰਗਟਨ ਨੇ ਇਹ ਸੁਰੰਗ ਨੇਪਰੇ ਚੜ੍ਹਾਈ ਤਾਂ ਇਸ ਦਾ ਨਾਂ ਪਹਿਲੇ ਇੰਜੀਨੀਅਰ ਦੀ ਯਾਦ ਵਿਚ ਬੜੋਗ ਰਖਿਆ ਗਿਆ, ਜੋ ਅੱਜ ਵੀ ਚਲਦਾ ਹੈ।
ਅੱਜ ਦੇ ਦਿਨ ਇਹ ਗੱਡੀ ਛੇ ਵਾਰ ਸ਼ਿਮਲਾ ਜਾਂਦੀ ਤੇ ਮੁੜਦੀ ਹੈ। ਪਿਛਲੇ 115 ਸਾਲਾਂ ਵਿਚ ਇਸ ਰੇਲਵੇ ਲਾਈਨ ਰਾਹੀਂ ਕਰੋੜਾਂ ਦੀ ਗਿਣਤੀ ਵਿਚ ਯਾਤਰੀ ਹਿਮਾਚਲ ਪ੍ਰਦੇਸ਼ ਦਾ ਗਮਨ ਕਰ ਚੁਕੇ ਹਨ। ਉਨ੍ਹਾਂ ਵਿਚ ਗੋਰੇ ਮਿਸ਼ਨਰੀ ਵੀ ਸ਼ਾਮਲ ਹਨ। ਇੱਕ ਈਵਾਨ ਸਟੋਕਸ ਨਾਂ ਦੇ ਮਿਸ਼ਨਰੀ ਨੂੰ ਪਹਾੜੀ ਸਭਿਆਚਾਰ ਏਨਾ ਪਸੰਦ ਆਇਆ ਕਿ ਉਸ ਨੇ ਕੋਟਗੜ੍ਹ ਦੀ ਪਹਾੜਨ ਨਾਲ ਵਿਆਹ ਕਰਵਾ ਕੇ ਹਿੰਦੂ ਧਰਮ ਅਪਨਾ ਲਿਆ। ਇਹ ਵੀ ਨੋਟ ਕਰਨ ਵਾਲੀ ਗੱਲ ਹੈ ਕਿ ਇਸ ਜੋੜੀ ਨੇ ਜ਼ਿਲਾ ਸ਼ਿਮਲਾ ਵਿਚ ਸਿਓ ਦੇ ਫਲਾਂ ਦੀ ਖੇਤੀ ਏਨੀ ਪ੍ਰਚਾਰੀ ਕਿ ਇਸ ਖੰਡ ਦੀ ਆਰਥਕ ਉਨਤੀ ਦਾ ਵੱਡਾ ਸੋਮਾ ਬਣੀ।
ਅੱਜ ਦੇ ਦਿਨ ਇਸ ਰੇਲਵੇ ਲਾਈਨ ਅਤੇ ਇਸ ਉਤੇ ਚੱਲ ਰਹੀ ਖਿਡੌਣਾ ਗੱਡੀ ਨੂੰ ਯੂਨੈਸਕੋ ਵਲੋਂ ਵਧੀਆ ਵਿਰਾਸਤ ਦਾ ਦਰਜਾ ਮਿਲ ਚੁਕਾ ਹੈ। 7089 ਕਰੋੜ ਰੁਪਏ ਨਾਲ ਬਣਨ ਵਾਲੀ ਜੋਜੀਲਾ ਸੁਰੰਗ ਕਾਰਗਿਲ ਤੇ ਲੇਹ ਲਦਾਖ ਦੇ ਸਭਿਆਚਾਰਕ ਤੇ ਆਰਥਕ ਵਿਕਾਸ ਵਿਚ ਵੀ ਯੋਗਦਾਨ ਪਾਵੇਗੀ। ਸਾਰੇ ਭਾਰਤ ਵਾਸੀਆਂ ਦੀਆਂ ਨਜ਼ਰਾਂ ਇਸ ਵਲ ਲੱਗੀਆਂ ਹੋਈਆਂ ਹਨ।
ਵਿਦੇਸ਼ਾਂ ਵਿਚ ਸਿੱਖ ਮੰਤਰੀ ਤੇ ਅਫਸਰ: ਇਨ੍ਹੀਂ ਦਿਨੀਂ ਗੋਬਿੰਦ ਸਿੰਘ ਦਿਓ ਨਾਂ ਦੇ ਸਿੱਖ ਸਿਆਸਤਦਾਨ ਦੇ ਮਲੇਸ਼ੀਆ ਦੇਸ਼ ਦਾ ਕਮਿਊਨੀਕੇਸ਼ਨ ਤੇ ਮਲਟੀਮੀਡੀਆ ਮੰਤਰੀ ਬਣਨ ਦੀ ਖਬਰ ਆਈ, ਤਦੇ ਨਿਊ ਯਾਰਕ ਦੇ ਪੁਲਿਸ ਕਮਿਸ਼ਨਰ ਜੇਮਸ ਨੀਲ ਵਲੋਂ ਗੁਰਸੋਚ ਕੌਰ ਨਾਂ ਦੀ ਦਸਤਾਰਧਾਰੀ ਸਿੱਖ ਬੀਬੀ ਦੇ ਅਸਿਸਟੈਂਟ ਪੁਲਿਸ ਅਫਸਰ ਥਾਪੇ ਜਾਣ ਦੀ ਸੂਚਨਾ ਮਿਲੀ ਹੈ। ਇਨ੍ਹਾਂ ਖਬਰਾਂ ਨੇ ਦੋਨਾਂ ਦੇਸ਼ਾਂ ਦੇ ਸਿੱਖਾਂ ਦੇ ਹੌਸਲੇ ਬੁਲੰਦ ਕੀਤੇ ਹਨ। ਇਸ ਤੋਂ ਥੋੜ੍ਹਾ ਪਹਿਲਾਂ ਸਾਡੇ ਮਿੱਤਰ ਰਘਬੀਰ ਸਿੰਘ ਸਿਰਜਣਾ ਦੀ ਬੇਟੀ ਰਚਨਾ ਸਿੰਘ ਦੇ ਬ੍ਰਿਟਿਸ਼ ਕੋਲੰਬੀਆ ਅਸੈਂਬਲੀ ਦੀ ਮੈਂਬਰ ਚੁਣੇ ਜਾਣ ਨੇ ਉਥੋਂ ਦੇ ਸਿੱਖ ਵਸਨੀਕਾਂ ਦੀ ਬੱਲੇ ਬੱਲੇ ਕਰਵਾ ਦਿੱਤੀ ਸੀ। ਵਿਦੇਸ਼ੀ ਸਿੱਖ ਜ਼ਿੰਦਾਬਾਦ!
ਅਵਾਰਾ ਕੁੱਤੇ ਤੇ ਹੋਰ ਜਾਨਵਰ: ਨਾਭਾ ਦੇ ਇੱਕ ਪਰਵਾਸੀ ਮਜ਼ਦੂਰ ਰਾਮ ਬਾਬੂ ਦੇ ਸੱਤ ਸਾਲਾ ਪੁੱਤਰ ਮੁਨੀਸ਼ ਕੁਮਾਰ ਦੀ ਅਵਾਰਾ ਕੁੱਤਿਆਂ ਦੇ ਵੱਢਣ ਨਾਲ ਮ੍ਰਿਤੂ ਅਵਾਰਾ ਜਾਨਵਰਾਂ ਦੀ ਭਿਆਨਕ ਸਮੱਸਿਆ ਵਲ ਇਸ਼ਾਰਾ ਕਰਦੀ ਹੈ। ਭਾਵੇਂ ਗਰੀਬ ਮਜ਼ਦੂਰ ਨੇ ਸਥਾਨਕ ਪੁਲਿਸ ਸਟੇਸ਼ਨ ਨੂੰ ਇਸ ਦੀ ਖਬਰ ਨਹੀਂ ਦਿੱਤੀ ਪਰ ਪ੍ਰਸ਼ਾਸਨ ਦਾ ਆਏ ਦਿਨ ਹੁੰਦੀਆਂ ਏਸ ਤਰ੍ਹਾਂ ਦੀਆਂ ਘਟਨਾਵਾਂ ਵਲ ਧਿਆਨ ਨਾ ਦੇਣਾ ਚਿੰਤਾਜਨਕ ਹੈ। ਅਵਾਰਾ ਗਾਈਆਂ ਦਾ ਸੜਕਾਂ ਉਤੇ ਘੁੰਮਣਾ ਵੀ ਜਾਨੀ ਤੇ ਮਾਲੀ ਨੁਕਸਾਨ ਦਾ ਕਾਰਨ ਬਣਦਾ ਹੈ। ਮੈਨੂੰ ਇਸ ਘਟਨਾ ਨੇ ਡਾ. ਐਮ. ਐਸ਼ ਰੰਧਾਵਾ ਚੇਤੇ ਕਰਵਾ ਦਿੱਤਾ ਹੈ, ਜਦੋਂ ਉਹ 1947 ਵਿਚ ਦਿੱਲੀ ਦਾ ਡਿਪਟੀ ਕਮਿਸ਼ਨਰ ਸੀ। ਇਕ ਸਮੇਂ ਜਦੋਂ ਬਹੁਤ ਗੜਬੜੀ ਵਾਲੇ ਇਲਾਕੇ ਵਿਚ ਉਸ ਨੂੰ ਦਫਾ 144 ਲਾਉਣੀ ਪਈ ਤਾਂ ਉਸ ਨੇ ਦਿੱਲੀ ਪੁਲਿਸ ਦੇ ਕਰਮਚਾਰੀਆਂ ਤੋਂ ਕਰਫੀਊ ਦੌਰਾਨ ਅਵਾਰਾ ਕੁੱਤੇ ਵੀ ਖਤਮ ਕਰਵਾ ਦਿੱਤੇ ਸਨ। ਅਜੋਕੇ ਅਧਿਕਾਰੀਆਂ ਵਿਚ ਉਹ ਵਾਲਾ ਦਮ-ਖਮ ਕਿੱਥੇ!
ਅੰਤਿਕਾ: ਇੱਕ ਲੋਕ ਟੱਪਾ
ਅਸਾਂ ਭਰਿਆ ਤ੍ਰਿੰਜਣ ਛੱਡ ਜਾਣਾ
ਚਿੱਠੀ ਆ’ਗੀ ਜ਼ੋਰਾਵਰ ਦੀ।