ਅੱਜ ਦੇ ਪੰਜਾਬ ਦਾ ਸਿਹਤ ਦ੍ਰਿਸ਼

ਪਿਛਲੇ ਸਾਲਾਂ ਦੌਰਾਨ ਹਰ ਖੇਤਰ ਵਿਚ ਵੱਡੇ ਪੱਧਰ ਉਤੇ ਤਬਦੀਲੀਆਂ ਹੋਈਆਂ ਹਨ। ਪੰਜਾਬ ਵੀ ਇਨ੍ਹਾਂ ਤਬਦੀਲੀਆਂ ਤੋਂ ਅਛੂਤਾ ਨਹੀਂ ਰਿਹਾ, ਬਲਕਿ ਦੇਸ਼ ਦੇ ਹੋਰ ਸੂਬਿਆਂ ਨਾਲੋਂ ਦੋ ਕਦਮ ਅਗਾਂਹ ਹੀ ਰਿਹਾ ਹੈ। ਤੇਜ਼ੀ ਨਾਲ ਆਈਆਂ ਇਹ ਤਬਦੀਲੀਆਂ ਜ਼ਿੰਦਗੀ ਦੇ ਹਰ ਪੱਖ ਅਤੇ ਪਹਿਲੂ ਉਤੇ ਅਸਰਅੰਦਾਜ਼ ਹੋਈਆਂ ਹਨ। ਪੇਸ਼ੇ ਵਜੋਂ ਦਿਲ ਦੇ ਰੋਗਾਂ ਦੇ ਮਾਹਿਰ ਡਾæ ਧਰਮਵੀਰ ਗਾਂਧੀ ਨੇ ਆਪਣੇ ਇਸ ਲੇਖ ਵਿਚ ਪੰਜਾਬੀਆਂ ਦੀ ਸਰੀਰਕ ਸਿਹਤ ਦੇ ਨਾਲ-ਨਾਲ ਸਮੁੱਚੇ ਸੂਬੇ ਦੇ ਸਿਆਸੀ, ਆਰਥਿਕ, ਧਾਰਮਿਕ ਤੇ ਸਮਾਜਕ ਪੱਖਾਂ ਦੀ ਪੁਣ-ਛਾਣ ਕੀਤੀ ਹੈ ਅਤੇ ਵੱਖ-ਵੱਖ ਪੜਾਵਾਂ ਬਾਬਤ ਟਿੱਪਣੀਆਂ ਕੀਤੀਆਂ ਹਨ। ਉਨ੍ਹਾਂ ਸਿਹਤ ਬਾਰੇ ਤਬਸਰਾ ਕਰਦਿਆਂ ਪੰਜਾਬ ਬਾਰੇ ਹੋਰ ਫਿਕਰ ਵੀ ਵਿਚਾਰੇ ਹਨ। ਇਹ ਲੇਖ ਅੱਜ ਦੇ ਪੰਜਾਬ ਨੂੰ ਸਮਝਣ ਤੇ ਸਮਝਾਉਣ ਅਤੇ ਅਗਲੀ ਪੁਲਾਂਘ ਭਰਨ ਦਾ ਆਧਾਰ ਬਣ ਸਕਦਾ ਹੈ। ਇਸੇ ਨੁਕਤੇ ਤੋਂ ਅਸੀਂ ਇਹ ਲੇਖ Ḕਪੰਜਾਬ ਟਾਈਮਜ਼Ḕ ਦੇ ਪਾਠਕਾਂ ਨਾਲ ਸਾਂਝਾ ਕਰ ਰਹੇ ਹਾਂ। -ਸੰਪਾਦਕ
ਡਾæ ਧਰਮਵੀਰ ਗਾਂਧੀ
ਫੋਨ:91-98142-05969
ਸਿਹਤ ਤੇ ਸਿੱਖਿਆ ਮਨੁੱਖੀ ਜ਼ਿੰਦਗੀ ਤੇ ਵਿਕਾਸ ਨਾਲ ਜੁੜੇ ਦੋ ਅਜਿਹੇ ਅਹਿਮ ਮੁੱਦੇ ਹਨ ਜੋ ਕਿਸੇ ਵੀ ਸਮਾਜ, ਕੌਮ ਜਾਂ ਦੇਸ਼ ਦੇ ਵਰਤਮਾਨ ਤੇ ਭਵਿੱਖ ਨੂੰ ਪ੍ਰਭਾਵਿਤ ਅਤੇ ਤੈਅ ਕਰਨ ਵਿਚ ਫੈਸਲਾਕੁਨ ਭੂਮਿਕਾ ਨਿਭਾਉਂਦੇ ਹਨ। 1946 ਵਿਚ ਵਿਸ਼ਵ ਸਿਹਤ ਸੰਸਥਾ (ਡਬਲਿਊæਐਚæਓæ) ਨੇ ਸਿਹਤ ਦੀ ਪਰਿਭਾਸ਼ਾ ਦਿੰਦਿਆਂ ਕਿਹਾ ਸੀ, “ਮਹਿਜ਼ ਕਿਸੇ ਬਿਮਾਰੀ ਜਾਂ ਅਪੰਗਤਾ ਦਾ ਨਾ ਹੋਣਾ ਹੀ ਸਿਹਤ ਨਹੀਂ ਹੈ। ਸਿਹਤ ਤੋਂ ਭਾਵ ਹੈ ਕਿ ਮਨੁੱਖ ਸਰੀਰਕ, ਸਮਾਜਕ ਅਤੇ ਮਾਨਸਿਕ ਤੌਰ ‘ਤੇ ਵੀ ਤੰਦਰੁਸਤ ਹੋਵੇ।” ਸਿਹਤ ਦੀ ਇੰਨੀ ਸਟੀਕ, ਮੁਕੰਮਲ ਤੇ ਸਰਵਪੱਖੀ ਪਰਿਭਾਸ਼ਾ ਦਾ ਮੈਂ ਕਾਇਲ ਵੀ ਹਾਂ। ਸਿਹਤ ਦਾ ਇਹ ਸੰਕਲਪ ਹਰ ਸਮੇਂ ਦਾ ਸੱਚ ਸੀ ਤੇ ਰਹੇਗਾ। ਸਿਹਤ ਦੀ ਇਹ ਪਰਿਭਾਸ਼ਾ ਸੁੱਤੇ-ਸਿੱਧ ਸਿਹਤ ਨੂੰ ਕੇਵਲ ਬਿਮਾਰੀਆਂ ਦੇ ਸੀਮਤ ਸੰਕਲਪ ‘ਚੋਂ ਬਾਹਰ ਕੱਢ ਕੇ ਆਰਥਿਕਤਾ, ਸਿਆਸਤ ਅਤੇ ਸਮਾਜ ਦੇ ਵਿਸ਼ਾਲ ਵਿਹੜੇ ਵਿਚ ਲਿਆ ਖੜ੍ਹਾ ਕਰਦੀ ਹੈ।
ਅਜੋਕੇ ਪੰਜਾਬ ਦੀ ਸਿਹਤ ਨੂੰ ਇਸ ਪਰਿਭਾਸ਼ਾ ਦੇ ਵੱਖ-ਵੱਖ ਮਿਆਰਾਂ ਤੇ ਮਾਪਦੰਡਾਂ ਅਨੁਸਾਰ ਪਰਖ ਕੇ ਪੇਸ਼ ਕਰਨ ਦੀ ਕੋਸ਼ਿਸ਼ ਕਰਾਂਗੇ। ਆਪਣੀ ਸਹੂਲੀਅਤ ਲਈ ਮੈਂ ਹੁਣ ਵਾਲੇ ਪੰਜਾਬ ਤੇ ਭਾਰਤ ਨੂੰ ਤਿੰਨ ਕਾਲ-ਖੰਡਾਂ ਵਿਚ ਵੰਡ ਕੇ ਸਿਹਤ ਦੇ ਮਸਲੇ ਨੂੰ ਵੱਖ-ਵੱਖ ਸਮਿਆਂ ਦੀਆਂ ਆਰਥਿਕ, ਸਿਆਸੀ ਤੇ ਸਮਾਜਕ ਸੰਰਚਨਾਵਾਂ ਅਤੇ ਇਨ੍ਹਾਂ ਰਾਹੀਂ ਪ੍ਰਭਾਵਿਤ ਤੇ ਤੈਅ ਹੁੰਦੇ ਜੀਵਨ ਪੱਧਰ, ਜੀਵਨ ਸ਼ੈਲੀ, ਜੀਵਨ ਜਾਂਚ ਤੇ ਜੀਵਨ ਫਸਲਫੇ ਅੰਦਰ ਆਈਆਂ ਸਿਫਤੀ ਤਬਦੀਲੀਆਂ ਦੇ ਪ੍ਰਸੰਗ ਵਿਚ ਰੱਖਾਂਗਾ।
ਕਾਲ ਖੰਡ 1947-1965
ਆਜ਼ਾਦੀ ਤੋਂ ਫੌਰੀ ਬਾਅਦ ਦਾ ਆਸਾਂ-ਉਮੰਗਾਂ ਭਰਿਆ ਆਸ਼ਾਵਾਦ ਤੇ ਆਦਰਸ਼ਵਾਦ ਨਾਲ ਲਬਰੇਜ਼ ਪੰਜਾਬ। ਅੰਗਰੇਜ਼ਾਂ ਦੀ ਕੂਟਨੀਤੀ ਤੇ ਦੇਸੀ ਸਿਆਸਤਦਾਨਾਂ ਦੀ ਸ਼ਹਿ-ਸਹਿਮਤੀ ਨਾਲ ਪੰਜਾਬੀ ਕੌਮ ਦੀ ਹੋਈ ਗ਼ੈਰ-ਕੁਦਰਤੀ ਭੂਗੋਲਿਕ ਵੰਡ ਤੇ ਇਤਹਾਸ ਦੇ ਸਭ ਤੋਂ ਭੈੜੇ ਮਜ਼ਹਬੀ ਦੰਗਿਆਂ ਦਾ ਝੰਬਿਆ ਪੰਜਾਬ। ਜ਼ਿੰਦਗੀ ਨੂੰ ਮੁੜ ਲੀਹਾਂ ‘ਤੇ ਤੋਰਨ ਲਈ ਯਤਨਸ਼ੀਲ ਪੰਜਾਬ। ਸਾਦ-ਮੁਰਾਦੇ ਲੋਕ, ਇਕ-ਦੂਜੇ ਦੀ ਡੰਗੋਰੀ ਬਣਦੇ ਲੋਕ। ਸਿਆਸਤ ਤੇ ਪ੍ਰਸ਼ਾਸਨ-ਦੋਵੇਂ ਭਾਵੇਂ ਅੰਸ਼ਕ ਰੂਪ ਵਿਚ ਹੀ ਸਹੀ, ਕਲਿਆਣਕਾਰੀ ਸਨ। ਸਿਆਸਤ ਵਿਚ ਧੌਂਸ, ਧੱਕੇਸ਼ਾਹੀ, ਗੁੰਡਾਗਰਦੀ ਅਤੇ ਮਾਫੀਆ ਕਲਚਰ ਨਾਂਹ ਦੇ ਬਰਾਬਰ। ਲੋਕਾਂ ਦੀ ਵੱਡੀ ਬਹੁਗਿਣਤੀ, ਹੱਡਭੰਨਵੀ ਕਿਰਤ ਰਾਹੀਂ ਹੱਕ-ਹਲਾਲ ਦੀ ਕਮਾਈ ਕਰਦੀ। ਪੰਜਾਬ ਦੀ ਧਰਤੀ, ਪੰਜਾਬ ਦੇ ਦਰਿਆ ਤੇ ਪੰਜਾਬ ਦੀ ਫਿਜ਼ਾ, ਨਿਰਮਲ ਤੇ ਪ੍ਰਦੂਸ਼ਣ ਰਹਿਤ ਸੀ। ਨਸ਼ਿਆਂ ਦੀ ਵਰਤੋਂ ਨਾਂ-ਮਾਤਰ ਸੀ ਅਤੇ ਨਸ਼ਈ ਮਨੁੱਖ, ਲੋਕਾਂ ਦੀ ਨਫ਼ਰਤ ਤੇ ਮਜ਼ਾਕ ਦਾ ਪਾਤਰ ਸੀ। ਸਰਕਾਰ ਨਸ਼ਿਆਂ ਦੀ ਸੁਦਾਗਰ ਨਹੀਂ ਸੀ। ਕਿਸੇ ਮਨੁੱਖ ਦੀ ਕਦਰ, ਉਸ ਦੇ ਪੈਸੇ-ਰੁਤਬੇ ਕਾਰਨ ਘੱਟ, ਉਸ ਦੇ ਕਿਰਦਾਰ ਕਰ ਕੇ ਵੱਧ ਸੀ। ਲੋਕ ਧਾਰਮਿਕ ਜ਼ਰੂਰ ਸਨ, ਪਰ ਜਨੂੰਨੀ ਨਹੀਂ ਸਨ।
ਪੰਜਾਬ ਨੇ ਜਰਖੇਜ ਭੋਇੰ ਅਤੇ ਮਿਹਨਤੀ ਸੁਭਾਅ ਸਦਕਾ ਦੁਨੀਆਂ ਤੇ ਭਾਰਤ ਦੇ ਦੂਜੇ ਸੂਬਿਆਂ ਵਾਂਗ ਭੁੱਖਮਰੀਆਂ ਅਤੇ ਅਕਾਲ ਵਰਗੇ ਸੰਤਾਪੇ ਸਮੇਂ ਕਦੇ ਹੰਢਾਏ ਹੀ ਨਹੀਂ। ਛੂਤ ਦੇ ਰੋਗ ਜ਼ਰੂਰ ਸਨ ਪਰ ਇਨ੍ਹਾਂ ਨੇ ਮਹਾਮਾਰੀਆਂ ਜਿਹੇ ਭਿਆਨਕ ਰੂਪ ਕਦੇ ਵੀ ਅਖਤਿਆਰ ਨਹੀਂ ਕੀਤੇ। ਪੰਜਾਬ ਦੇ ਲੋਕਾਂ ਦੀ ਸਿਹਤ ਦਾ ਇਹ ਸੁਨਹਿਰੀ ਸਮਾਂ ਸੀ। ਪੰਜਾਬੀਆਂ ਦੀ ਜਿਸਮਾਨੀ ਸਿਹਤ ਤੇ ਜੁੱਸੇ ਦੀਆਂ ਹੁਣ ਤੱਕ ਦਿੱਤੀਆਂ ਜਾਂਦੀਆਂ ਮਿਸਾਲਾਂ ਇਸੇ ਸਮੇਂ ਦੀ ਦੇਣ ਹਨ।
ਇਸ ਸਮੇਂ ਦੌਰਾਨ, ਯਾਨਿ 1947-1965 ਤੱਕ, ਜੇ ਪੰਜਾਬ ਦੀ ਸਮਾਜਕ ਜ਼ਿੰਦਗੀ ਦੀ ਗੱਲ ਕਰਨੀ ਹੋਵੇ ਤਾਂ ਇਸ ਵਿਚ ਜਗੀਰੂ ਸਭਿਆਚਾਰ ਹੀ ਭਾਰੂ ਰਿਹਾ। ਪੰਜਾਬੀ ਸਮਾਜ ਵਿਚ ਜਾਤਪਾਤ, ਔਰਤ ਦੇ ਸਮਾਜ ਵਿਚ ਸਥਾਨ ਤੇ ਰੁਤਬੇ, ਅੰਧ-ਵਿਸ਼ਵਾਸਾਂ ਅਤੇ ਵਹਿਮਾਂ-ਭਰਮਾਂ ਦੇ ਮਾਮਲੇ ਵਿਚ ਕੋਈ ਸਿਫ਼ਤੀ ਤਬਦੀਲੀ ਨਹੀਂ ਆਈ। ਸਿੱਖ ਧਰਮ ਦੇ ਮਾਨਵਵਾਦੀ ਨਜ਼ਰੀਏ-‘ਮਾਨਸ ਕੀ ਜਾਤ ਸਭੈ ਏਕੋ ਪਹਿਚਾਨਬੋ’, ‘ਸੋ ਕਿਉਂ ਮੰਦਾ ਆਖੀਐ ਜਿਤ ਜੰਮੇ ਰਾਜਾਨ’ ਅਤੇ ‘ਹਿੰਦੂ ਅੰਨ੍ਹਾ ਤੁਰਕੂ ਕਾਣਾ ਦੁਹਾਂ ਤੇ ਗਿਆਨੀ ਸਿਆਣਾ’ ਵਰਗੀਆਂ ਤਰਕ ਤੇ ਸੰਵਾਦ ਵਾਲੀਆਂ ਸ਼ਾਨਦਾਰ ਰਵਾਇਤਾਂ ਨੂੰ ਪੰਜਾਬੀ ਲੋਕਾਂ, ਵਿਸ਼ੇਸ਼ ਕਰ ਕੇ ਧਾਰਮਿਕ ਅਗਵਾਨੂਆਂ ਨੇ ਬ੍ਰਾਹਮਣਵਾਦੀ ਤੇ ਕਰਮਕਾਂਡੀ ਧਾਰਮਿਕ ਅਭਿਆਸ ਵਿਚ ਦਫ਼ਨ ਕਰ ਦਿੱਤਾ। ਵੱਡੇ ਸਮਾਜਕ ਇਨਕਲਾਬ ਦਾ ਸੰਦ ਬਣਨ ਦੀ ਸਮਰਥਾ ਰੱਖਣ ਅਤੇ ਸਿਧਾਂਤਕ ਗਤੀਸ਼ੀਲਤਾ ਅਤੇ ਤਬਦੀਲੀਆਂ ਦੇ ਅਲੰਬਰਦਾਰ ਮਹਾਨ ਫਲਸਫੇ ਨੂੰ ਮਹਿਜ਼ ਰੂਹਾਨੀਅਤ ਅਤੇ ਸ਼ਖਸੀ ਮੁਕਤੀ ਤੱਕ ਸੀਮਤ ਕਰ ਕੇ ਇਸ ਦੇ ਸਮਾਜਕ ਇਨਕਲਾਬੀ ਪਾਸੇ ਨੂੰ ਛੁਟਿਆ ਕੇ, ਸਾਖੀਆਂ-ਸਤਿਸੰਗਾਂ ਤਕ ਸੀਮਤ ਕਰ ਦਿੱਤਾ ਗਿਆ। ਇਸ ਫਲਸਫੇ ਅੰਦਰ ਸਮੋਈ ਜਾਤ-ਪਾਤ, ਫਿਰਕਾਪ੍ਰਸਤੀ, ਧਾਰਮਿਕ ਕੱਟੜਤਾ, ਅੰਧ-ਵਿਸ਼ਵਾਸਾਂ ਤੇ ਵਹਿਮਾਂ-ਭਰਮਾਂ ਖਿਲਾਫ ਲੜਨ ਅਤੇ ਸਰਬ-ਸਾਂਝੀਵਾਲਤਾ ‘ਤੇ ਆਧਾਰਤ ਨਿਆਂਪੂਰਨ ਸਮਾਜ ਸਿਰਜਣ ਲਈ ਲੋਕਾਂ ਨੂੰ ਜਾਗ੍ਰਿਤ ਤੇ ਜਥੇਬੰਦ ਕਰਨ ਦੀ ਬੇਥਾਹ ਸਮਰਥਾ ਨੂੰ ਭਰਪੂਰ ਵਰਤੋਂ ਵਿਚ ਲਿਆਉਂਦਿਆਂ ਪੰਜਾਬੀ ਸਮਾਜ ਅੰਦਰ ਆਧੁਨਿਕਤਾ ਦੀ ਜੋ ਜੋਤ ਜਗਣੀ ਚਾਹੀਦੀ ਸੀ, ਤੇ ਜੋ ਦੇਸ਼-ਦੁਨੀਆਂ ਲਈ ਰਾਹ-ਦਰਸਾਵਾ ਤੇ ਚਾਨਣ ਮੁਨਾਰਾ ਬਣ ਸਕਦੀ ਸੀ, ਇਸ ਇਤਿਹਾਸਕ ਕਾਰਜ ਵਿਚ ਪੰਜਾਬ ਦੀ ਸਮਾਜਕ-ਧਾਰਮਿਕ ਲੀਡਰਸ਼ਿਪ ਬੁਰੀ ਤਰ੍ਹਾਂ ਨਾਕਾਮ ਰਹੀ। ਅੱਜ ਪੰਜਾਬ ਦੇ ਮੱਥੇ ਭਰੂਣ ਹੱਤਿਆ ਅਤੇ ਅਤਿਵਾਦ ਦਾ ਕਲੰਕ ਵੀ ਹੋਰਨਾਂ ਕਾਰਨਾਂ ਦੇ ਨਾਲ-ਨਾਲ ਕਿਸੇ ਹੱਦ ਤਕ ਇਸੇ ਅਣਗਹਿਲੀ ਤੇ ਕੁਤਾਹੀ ਦਾ ਨਤੀਜਾ ਹੈ।
ਇਸ ਸਾਰੇ ਸਮੇਂ ਦੌਰਾਨ ਪੰਜਾਬੀ ਲੋਕਾਂ ਦੀ ਸਮਾਜਕ ਸਿਹਤ ਪਿਛਾਖੜੀ, ਜਗੀਰੂ ਸਭਿਆਚਾਰ ‘ਚ ਗ੍ਰਸੇ ਹੋਣ ਅਤੇ ਆਧੁਨਿਕਤਾ ਤੋਂ ਵਾਂਝੇ ਰਹਿਣ ਦੇ ਬਾਵਜੂਦ ਇੰਨੀ ਮਾੜੀ ਨਹੀਂ ਸੀ। ਇਸ ਨੂੰ ਵਿਗਾੜਨ ਦੀਆਂ ਕੁਝ ਕੋਸ਼ਿਸ਼ਾਂ ਜ਼ਰੂਰ ਹੋਈਆਂ। ਇਨ੍ਹਾਂ ਪਿਛੇ ਜਿੱਥੇ ਇਕ ਪਾਸੇ ਕੇਂਦਰੀ ਸੱਤਾ ਦੀਆਂ ਚਾਲਾਂ ਤੇ ਖੁਦਗਰਜੀ ਸ਼ਾਮਲ ਸੀ, ਉਥੇ ਦੂਜੇ ਪਾਸੇ ਸੂਬੇ ਵਿਚ ਨਵੀਂ ਉਭਰ ਰਹੀ ਹਾਕਮ ਜਮਾਤ ਦੀ ਨੁਮਾਇੰਦਗੀ ਕਰਦੀ ਅਹਿਮ ਸਿਆਸੀ ਪਾਰਟੀ ਵੱਲੋਂ ਬੁਨਿਆਦੀ ਰੂਪ ਵਿਚ ਸੱਤਾ ਤੇ ਸਿਆਸਤ ਵਿਚ ਵਧੇਰੇ ਭਾਈਵਾਲੀ ਤੇ ਹਿੱਸਾਪੱਤੀ ਹਾਸਲ ਕਰਨ ਲਈ ਪੰਜਾਬੀ ਸੂਬੇ ਦੀ ਪ੍ਰਾਪਤੀ ਲਈ ਚਲਾਇਆ ਜਾ ਰਿਹਾ ਅੰਦੋਲਨ ਸੀ। ਇਸ ਅੰਦੋਲਨ ਪਿੱਛੇ ਮੇਰੇ ਵਿਚਾਰ ਅਨੁਸਾਰ ਪੰਜਾਬ ਦੀ ਆਰਥਿਕਤਾ, ਪੰਜਾਬੀ ਸਮਾਜ, ਪੰਜਾਬੀ ਭਾਸ਼ਾ ਤੇ ਸਭਿਆਚਾਰ ਲਈ ਕੋਈ ਵੱਖਰਾ ਲੋਕ ਪੱਖੀ ਬਦਲ ਨਾ ਹੋ ਕੇ ਮਹਿਜ਼ ਸੱਤਾ ‘ਤੇ ਲਗਾਤਾਰ ਬਣੇ ਰਹਿਣ ਦੀ ਲਾਲਸਾ ਸੀ ਜੋ ਪਿਛਲੇ 40-45 ਸਾਲ ਦੇ ਇਨ੍ਹਾਂ ਦੇ ਕਿਰਦਾਰ ਅਤੇ ਵਿਹਾਰ ਨੇ ਸਿੱਧ ਕਰ ਵਿਖਾਇਆ ਹੈ। ਕੇਂਦਰੀ ਸੱਤਾ ਦੀ ਸ਼ਹਿ ਉਤੇ ਕੁੱਝ ਕੱਟੜ ਹਿੰਦੂਵਾਦੀ ਤਾਕਤਾਂ ਦੀ ਆਪਣੀ ਮਾਤ ਭਾਸ਼ਾ ਪੰਜਾਬੀ ਨਾਲ ਗੱਦਾਰੀ ਨੇ ਬਲਦੀ ਉਤੇ ਘਿਓ ਦਾ ਕੰਮ ਕੀਤਾ। ਇਨ੍ਹਾਂ ਸਾਲਾਂ ਦੌਰਾਨ ਪੰਜਾਬ ਵਿਚ ਸਿਆਸੀ-ਸਮਾਜਕ ਹਲਚਲ ਤਾਂ ਬਹੁਤ ਹੋਈ ਅਤੇ ਕੁਝ ਅਖ਼ਬਾਰਾਂ ‘ਪ੍ਰਤਾਪ’, ‘ਵੀਰ ਪ੍ਰਤਾਪ’, ‘ਹਿੰਦ ਸਮਾਚਾਰ’, ‘ਪੰਜਾਬ ਕੇਸਰੀ’, ‘ਅਜੀਤ’ ਤੇ ‘ਅਕਾਲੀ ਪੱਤਰਕਾ’ ਆਦਿ ਨੇ ਅਤਿ ਭੜਕਾਊ ਲੇਖਾਂ ਰਾਹੀਂ ਪੰਜਾਬ ਦੀ ਭਾਈਚਾਰਕ ਸਾਂਝ ਤੇ ਸਮਾਜਕ ਸਿਹਤ ਵਿਗਾੜਨ ਦੀ ਵਾਹ ਤਾਂ ਪੂਰੀ ਲਾਈ ਪਰ ਹਿੰਦੂਆਂ, ਸਿੱਖਾਂ ਦੇ ਇਕਜੁੱਟ ਸਭਿਆਚਾਰ ਨੇ ਇਨ੍ਹਾਂ ਸਿਆਸੀ, ਧਾਰਮਿਕ ਤੇ ਅਖਬਾਰੀ ਲੀਡਰਾਂ ਦੀਆਂ ਚਾਲਾਂ ਨੂੰ ਕਾਮਯਾਬ ਨਾ ਹੋਣ ਦਿੱਤਾ।
ਇਸ ਸਮੇਂ ਦੌਰਾਨ ਜਿੱਥੋਂ ਤੱਕ ਲੋਕਾਂ ਦੀ ਮਾਨਸਿਕ ਸਿਹਤ ਦਾ ਸੁਆਲ ਹੈ, ਇਹ ਬਹੁਤ ਸਥਿਰ ਸੀ। ਈਰਖਾ, ਸਾੜਾ, ਗੈਰ ਸਿਹਤਮੰਦ ਸ਼ਰੀਕੇਬਾਜ਼ੀ ਬਹੁਤ ਘੱਟ ਸੀ। ਖੁੰਢਾਂ-ਸੱਥਾਂ-ਸਾਂਝਾਂ ਦਾ ਯੁਗ ਸੀ। ਲੋਕ ਨਿਰਸਵਾਰਥ ਢੰਗ ਨਾਲ ਇਕ-ਦੂਜੇ ਦੀ ਮਦਦ ਕਰਦੇ ਸਨ। ਜ਼ਿੰਦਗੀ ਦੀ ਤੋਰ ਟਿਕਾਊ ਤੇ ਸਹਿਜ ਸੀ। ਦਿਖਾਵਾ ਤੇ ਫਜ਼ੂਲਖਰਚੀ ਘੱਟ ਸੀ। ਅਧਿਆਪਨ ਤੇ ਡਾਕਟਰੀ ਵਰਗੇ ਕਿੱਤਿਆਂ ਦੀ ਸੁੱਚਮਤਾ ਅਤੇ ਸ਼ੁੱਧਤਾ ਕਾਫੀ ਹੱਦ ਤੱਕ ਕਾਇਮ ਸੀ। ਯਾਰੀਆਂ ਦੋਸਤੀਆਂ, ਰਿਸ਼ਤੇਦਾਰੀਆਂ, ਵਪਾਰਕ ਅੰਸ਼ਾਂ ਤੋਂ ਮੁਕਤ ਸਨ। ਪਿੰਡ ਦੀ ਨੂੰਹ-ਧੀ ਸਭ ਦੀ ਸਾਂਝੀ ਇੱਜਤ ਸੀ। ਪਿੰਡ ਦਾ ਫੌਜੀ ਸਾਰੇ ਪਿੰਡ ਦਾ ਮਾਣ ਸੀ। ਲੋਕਾਂ ਵਿਚ ਚੰਗੇਰੀ ਜ਼ਿੰਦਗੀ ਲਈ ਤਾਂਘ ਜ਼ਰੂਰ ਸੀ, ਪਰ ਅੱਜ ਵਰਗਾ ਹਲਕਾਅ ਨਹੀਂ ਸੀ। ਹੱਥੀਂ ਕਿਰਤ ਇਸ ਸਮੇਂ ਦੇ ਸਦਾਚਾਰ ਦਾ ਸੋਮਾ ਵੀ ਸੀ ਅਤੇ ਸਾਊ ਤੇ ਨਿਰਛਲ ਸੁਭਾਅ ਦੀ ਬੁਨਿਆਦ ਵੀ।
ਕਾਲ ਖੰਡ 1966-1991
ਇਹ ਢਾਈ ਦਹਾਕੇ ਭਾਰਤੀ ਹਾਕਮਾਂ ਵਲੋਂ ਕਲਿਆਣਕਾਰੀ ਰਾਜ ਦਾ ਮਖੌਟਾ ਲਾਹੁਣ ਅਤੇ ਬਾਕਾਇਦਾ ਪਲਾਨਿੰਗ ਰਾਹੀਂ ਸਮੂਹਕ ਵਿਕਾਸ ਦੇ ਕੌਮੀ ਏਜੰਡੇ ਨੂੰ ਹੌਲੀ-ਹੌਲੀ ਤਿਆਗਣ ਦਾ ਤਜਰਬਾ ਕਰਨ ਦੇ ਸੰਗਰਾਂਦੀ ਸਾਲ ਸਨ। ਪਬਲਿਕ ਸੈਕਟਰ ਦੀ ਅਹਿਮੀਅਤ ਤੇ ਵਾਜਬੀਅਤ ਘਟਾਈ ਤੇ ਛੁਟਿਆਈ ਜਾਣ ਲੱਗੀ ਸੀ। 1947 ਦਾ ਥੁੜ੍ਹ-ਪੂੰਜੀਆ ਪ੍ਰਾਈਵੇਟ ਸੈਕਟਰ ਜੋ ਹੁਣ ਤੱਕ ਆਪਣੇ ਵਿਕਾਸ ਲਈ ਲੋਕਾਂ ਦੀਆਂ ਬੱਚਤਾਂ ਨਾਲ ਉਸਰੀ ਵੱਡ-ਅਕਾਰੀ ਸਰਕਾਰੀ ਸਨਅਤ ‘ਤੇ ਨਿਰਭਰ ਸੀ, ਆਪਣੇ ਖੰਭ ਖਿਲਾਰਨ ਲੱਗਾ ਸੀ। ਸਰਕਾਰੀ ਨੀਤੀਆਂ ‘ਤੇ ਅਸਰ-ਅੰਦਾਜ਼ ਹੋਣ ਲੱਗਾ ਸੀ। ਇਹ ਸਮਾਂ ਹਾਕਮਾਂ ਦੀ ਲੋਕ ਦੁਖੜਿਆਂ ਪ੍ਰਤੀ ਵੱਧ ਰਹੀ ਬੇਰੁਖੀ ਤੇ ਉਦਾਸੀਨਤਾ ਅਤੇ ਸਿਹਤ ਤੇ ਵਿਦਿਆ ਵਰਗੇ ਬੁਨਿਆਦੀ ਮੁੱਦਿਆਂ ਤੇ ਜ਼ਿੰਮੇਵਾਰੀਆਂ ਤੋਂ ਹੌਲੀ-ਹੌਲੀ ਪੈਰ ਖਿੱਚਣ ਅਤੇ ਲੋਕਾਂ ਨੂੰ ਆਪਣੇ ਹਾਲੋ-ਕਰਮ ‘ਤੇ ਛੱਡਣ ਦਾ ਤਜਰਬਾ ਕਾਲ ਹੈ। ਹਾਕਮਾਂ, ਅਫਸਰਾਂ, ਧਨਾਢਾਂ ਤੇ ਮੱਧ ਵਰਗ ਦੇ ਭ੍ਰਿਸ਼ਟ ਹਿੱਸਿਆਂ ਅਤੇ ਆਮ ਲੋਕਾਂ ਲਈ ਦੋਹਰੀ ਸਿਹਤ ਵਿਵਸਥਾ, ਦੋਹਰੀ ਸਿੱਖਿਆ ਵਿਵਸਥਾ ਅਤੇ ਆਵਾਜਾਈ ਦੇ ਸਾਧਨਾਂ ਵਰਗੀਆਂ ਅਨੇਕਾਂ ਹੋਰ ਦੋਹਰੀਆਂ ਵਿਵਸਥਾਵਾਂ ਇਨ੍ਹਾਂ ਸਾਲਾਂ ਦੌਰਾਨ ਹੀ ਪ੍ਰਵਾਨ ਚੜ੍ਹੀਆਂ ਤੇ ਪ੍ਰਫੁੱਲਤ ਹੋਈਆਂ।
ਲੋਕ ਆਜ਼ਾਦੀ, ਬਰਾਬਰੀ, ਜਮਹੂਰੀਅਤ, ਵਿਕਾਸ ਅਤੇ ਖੁਸ਼ਹਾਲੀ ਦੇ ਨਾਂ ‘ਤੇ ਠੱਗੇ ਮਹਿਸੂਸ ਕਰ ਰਹੇ ਸਨ ਤੇ ਉਨ੍ਹਾਂ ਦੀ ਨਿਰਾਸ਼ਾ, ਗੁੱਸਾ ਤੇ ਰੋਹ ਜਾਇਜ਼ ਸੀ। ਇਹ ਸਾਲ ਟੁੱਟਦੇ ਸੁਪਨਿਆਂ ਦੇ ਸਾਲ ਵੀ ਸਨ ਤੇ ਵਿਸ਼ਾਲ ਜਨਤਕ ਵਿਰੋਧਾਂ/ਵਿਦਰੋਹਾਂ ਦੇ ਸਾਲ ਵੀ। ਸਿਆਸਤ ਦਾ ਅਪਰਾਧੀਕਰਨ ਤੇ ਅਪਰਾਧ ਦਾ ਸਿਆਸੀਕਰਨ ਵੀ ਮੁੱਖ ਰੂਪ ਵਿਚ ਇਸੇ ਸਮੇਂ ਦੀ ਹੀ ਪੈਦਾਇਸ਼ ਹੈ। ਲੋਕਾਂ ਦਾ ਹਾਕਮਾਂ ਅਤੇ ਹਾਕਮਾਂ ਦਾ ਲੋਕਾਂ ਵਿਚ ਵਿਸ਼ਵਾਸ ਤਿੜਕ ਰਿਹਾ ਸੀ। ਹਾਕਮਾਂ ਨੇ ਲੋਕ ਰੋਹ ਤੋਂ ਡਰਦਿਆਂ ਜਿੱਥੇ ਇੱਕ ਪਾਸੇ ਹੋਰ ਵੱਧ ਜਾਬਰ ਤੇ ਕਾਲੇ ਕਾਨੂੰਨ ਘੜਨ ਅਤੇ ਐਮਰਜੈਂਸੀ ਵਰਗੇ ਧੱਕੜ ਕਦਮ ਚੁੱਕਣ ਦਾ ਰਾਹ ਅਖਤਿਆਰ ਕੀਤਾ, ਉਥੇ ਸਿਆਸਤ ਵਿਚ ਪੈਸਾ, ਬਾਹੂਬਲ ਅਤੇ ਮਾਫੀਆ ਕਲਚਰ ਨੂੰ ਉਤਸ਼ਾਹਿਤ ਕਰਨ ਦੇ ਨਾਲ-ਨਾਲ ਇਲਾਕਾਈ, ਜਾਤਪਾਤੀ ਤੇ ਫਿਰਕੂ ਸਿਆਸਤ ਦੇ ਪੱਤੇ ਵੀ ਖੁੱਲ੍ਹ ਕੇ ਇਨ੍ਹਾਂ ਸਾਲਾਂ ਵਿਚ ਹੀ ਖੇਡਣੇ ਸ਼ੁਰੂ ਕੀਤੇ। ਪੰਜਾਬ ਵਿਚ ਅਤਿਵਾਦ, ਦਿੱਲੀ ਵਿਚ ਸਿੱਖਾਂ ਦਾ ਕਤਲੇਆਮ ਅਤੇ ਬਾਬਰੀ ਢਾਂਚੇ ਨੂੰ ਢਾਹੁਣ ਦੀ ਬੁਨਿਆਦ ਇਨ੍ਹਾਂ ਸਾਲਾਂ ਵਿਚ ਹੀ ਰੱਖੀ ਗਈ। 70ਵਿਆਂ ਦੇ ਅਖੀਰਲੇ ਸਾਲਾਂ ਤੋਂ ਲੈ ਕੇ 90ਵਿਆਂ ਦੇ ਅੱਧ ਤੱਕ, ਪੰਜਾਬੀ ਲੋਕਾਂ ਦੀ ਸਮਾਜਕ ਤੇ ਮਾਨਸਿਕ ਸਿਹਤ ਦਾ ਜੋ ਘਾਣ ਹੋਇਆ, ਉਸ ਬਾਰੇ ਸੋਚਿਆਂ ਵੀ ਡਰ ਲਗਦਾ ਹੈ। ਡਰ, ਖੌਫ ਤੇ ਬੇਵਿਸ਼ਵਾਸੀ ਭਰੇ ਇਹ ਸਾਲ ਅਜੇ ਵੀ ਲੋਕਾਂ ਦੀਆਂ ਯਾਦਾਂ ਵਿਚ ਡਰਾਉਣੇ ਸੁਪਨੇ ਵਾਂਗ ਮੌਜੂਦ ਹਨ।
ਪੰਜਾਬ ਦੀ ਸਿਹਤ ਬਾਰੇ ਚਰਚਾ ਕਰਦਿਆਂ ਇਨ੍ਹਾਂ ਸਾਲਾਂ ਵਿਚ ਵਾਪਰੀ ਅਹਿਮ ਅਤੇ ਵੱਡੀ ਤਬਦੀਲੀ ਨੂੰ ਧਿਆਨ ਵਿਚ ਲਿਆਉਣਾ ਅਤੇ ਉਸ ਦੇ ਪੰਜਾਬੀ ਲੋਕਾਂ ਦੀ ਸਿਹਤ ਦੇ ਵੱਖ ਵੱਖ ਪਹਿਲੂਆਂ ‘ਤੇ ਪਏ ਮਾਰੂ ਲੱਛਣਾਂ ਦਾ ਵਿਆਪਕ ਵਿਸ਼ਲੇਸ਼ਣ ਸਾਹਮਣੇ ਰੱਖਣਾ ਜ਼ਰੂਰੀ ਹੈ।
ਸੱਠਵਿਆਂ ਦੇ ਅਖਰੀਲੇ ਸਾਲਾਂ ਵਿਚ ਪੰਜਾਬ ਦੇ ਜ਼ਰਈ ਖੇਤਰ ਵਿਚ ਅਸਾਧਾਰਨ ਆਰਥਿਕ ਗਤੀਵਿਧੀ ਹਰੇ ਇਨਕਲਾਬ ਦਾ ਆਗਾਜ਼ ਹੋਇਆ। ਖੇਤੀ ਸੈਕਟਰ ਦੇ ਮਸ਼ੀਨੀਕਰਨ, ਸੁਧਰੇ ਹੋਏ ਹਾਈਬ੍ਰਿਡ ਬੀਜਾਂ, ਰਸਾਇਣਕ ਖਾਦਾਂ, ਨਦੀਨਨਾਸ਼ਕ ਦਵਾਈਆਂ ਅਤੇ ਬਿਹਤਰ ਸਿੰਜਾਈ, ਮੰਡੀਕਰਨ ਤੇ ਬੈਂਕਿੰਗ ਸਹੂਲਤਾਂ ਨੇ ਛੇਤੀ ਹੀ ਮੁਲਕ ਨੂੰ ਮੋਟੇ ਅਨਾਜਾਂ ਦੀ ਪੈਦਾਵਾਰ ਦੇ ਮਾਮਲੇ ਵਿਚ ਆਤਮ-ਨਿਰਭਰ ਬਣਾ ਦਿੱਤਾ। ਖੇਤੀ ਸੈਕਟਰ ਦੀ ਇਸ ਇਤਿਹਾਸਕ ਕਾਇਆ-ਪਲਟੀ ਨੇ ਜਿੱਥੇ ਪੰਜਾਬ ਦੇ ਪਿੰਡਾਂ, ਮੰਡੀਆਂ, ਕਸਬਿਆਂ ਅਤੇ ਸ਼ਹਿਰਾਂ ਵਿਚ ਮੁਕਾਬਲਤਨ ਖੁਸ਼ਹਾਲੀ ਦਾ ਨਵਾਂ ਦੌਰ ਲੈ ਕੇ ਆਂਦਾ, ਉਥੇ ਬਾਅਦ ਵਿਚ ਥੋੜ੍ਹ-ਚਿਰੇ ਸਾਬਤ ਹੋਏ ਇਸ ਦੌਰ ਨੇ ਪੰਜਾਬੀ ਲੋਕਾਂ ਦੀ ਜੀਵਨ-ਸ਼ੈਲੀ, ਜੀਵਨ-ਜਾਚ ਅਤੇ ਸਿਹਤ ਵਿਚ ਕਈ ਗੰਭੀਰ ਵਿਗਾੜ ਪੈਦਾ ਕੀਤੇ। ਵਿਆਪਕ ਮਸ਼ੀਨੀਕਰਨ ਨੇ ਜਿੱਥੇ ਵਿਹਲ ਪੈਦਾ ਕੀਤੀ, ਉਥੇ ਪਰਵਾਸੀ ਮਜ਼ਦੂਰਾਂ ਦੀ ਆਮਦ ਨਾਲ ਪੇਂਡੂ ਮਜ਼ਦੂਰਾਂ ਤੇ ਗਰੀਬ ਕਿਸਾਨੀ ਨੂੰ ਛੱਡ ਕੇ ਕਿਸਾਨੀ ਦਾ ਵੱਡਾ ਹਿੱਸਾ ਸਰੀਰਕ ਕੰਮ ਨੂੰ ਮੁਕੰਮਲ ਤਿਲਾਂਜਲੀ ਦੇਣ ਦੀ ਹੱਦ ਤੱਕ ਚਲਾ ਗਿਆ। ਖਾਣ-ਪੀਣ ਤੇ ਨਸ਼ਿਆਂ, ਵਿਸ਼ੇਸ਼ ਕਰ ਕੇ ਸ਼ਰਾਬ ਦੇ ਮਾਮਲੇ ਵਿਚ ਰੱਜ ਕੇ ਬਦਤਮੀਜ਼ੀ ਕੀਤੀ ਗਈ।
ਬੀਤੇ ਸਾਲਾਂ ਦੌਰਾਨ ਮੁਲਾਜ਼ਮਤ ਰਾਹੀਂ ਮੱਧ ਵਰਗ ਵਿਚ ਸ਼ਾਮਲ ਹੋਈ ਲੋਕਾਈ ਦੇ ਇਕ ਹੋਰ ਗਿਣਨਯੋਗ ਹਿੱਸੇ ਨੇ ਵੀ ਇਹੋ ਤਰਜ਼ੇ-ਜ਼ਿੰਦਗੀ ਅਪਨਾ ਲਈ। ਇਸ ਸਭ ਕਾਸੇ ਦੇ ਸਿੱਟੇ ਵਜੋਂ ਪੰਜਾਬੀ ਵਸੋਂ ਦਾ ਚੋਖਾ ਹਿੱਸਾ, ਸਮੇਤ ਪੇਂਡੂ ਲੋਕਾਂ ਦੇ, ਅੱਜ ਨਵੀਂ ਤਰਜ਼ੇ-ਜ਼ਿੰਦਗੀ ਦੇ ਰੋਗਾਂ-ਮੋਟਾਪਾ, ਬਲੱਡ ਪ੍ਰੈਸ਼ਰ, ਸ਼ੂਗਰ, ਹਾਰਟ ਅਟੈਕ ਆਦਿ ਦਾ ਸ਼ਿਕਾਰ ਹੋ ਚੁੱਕਾ ਹੈ। ਬਦਲੀ ਤਰਜ਼ੇ-ਜ਼ਿੰਦਗੀ ਕਾਰਨ ਪੈਦਾ ਹੋਈਆਂ ਇਨ੍ਹਾਂ ਬਚਾਅਯੋਗ ਬਿਮਾਰੀਆਂ ਦੇ ਇਸ ਜਮ੍ਹਾਂ-ਜੋੜ ਨੇ ਜਿੱਥੇ 50-60 ਸਾਲ ਪਹਿਲਾਂ ਸਮੁੱਚੇ ਯੂਰਪ, ਅਮਰੀਕਾ, ਜਪਾਨ ਤੇ ਹੋਰ ਵਿਕਸਿਤ ਮੁਲਕਾਂ ਨੂੰ ਆਪਣੀ ਗ੍ਰਿਫਤ ‘ਚ ਲਿਆ ਸੀ, ਉਹ ਹੁਣ ਸਮੁੱਚੇ ਪੰਜਾਬ ਦੀ ਹਕੀਕਤ ਬਣ ਚੁੱਕਾ ਹੈ। ਇੱਥੇ ਇਹ ਜ਼ਿਕਰ ਵਾਜਬ ਹੋਵੇਗਾ ਕਿ ਵਿਕਸਿਤ ਮੁਲਕਾਂ ਅੰਦਰ ਸਰਕਾਰੀ ਦਖ਼ਲਅੰਦਾਜ਼ੀ, ਗੈਰ ਸਰਕਾਰੀ ਸੰਗਠਨਾਂ ਅਤੇ ਪ੍ਰਚਾਰ ਸਾਧਨਾਂ ਦੇ ਸਾਂਝੇ ਉਦਮਾਂ ਨਾਲ ਇਨ੍ਹਾਂ ਬਿਮਾਰੀਆਂ ਨੂੰ ਪਿਛਲ-ਮੋੜਾ ਪੈ ਚੁੱਕਾ ਹੈ, ਪਰ ਪੰਜਾਬ ਵਿਚ ਅਜਿਹਾ ਕੋਈ ਉਦਮ, ਅਜਿਹੀ ਕੋਈ ਸੰਭਾਵਨਾ ਨਜ਼ਰ ਨਹੀਂ ਆਉਂਦੀ। ਅੱਜ ਪੰਜਾਬ ਦੀ ਵਸੋਂ ਦਾ ਇਕ ਹਿੱਸਾ ਜਿਥੇ ਥੁੜ੍ਹੋਂ, ਘੋਰ ਗੁਰਬਤ ਤੇ ਕੁਪੋਸ਼ਣ ਦੀਆਂ ਬਿਮਾਰੀਆਂ ਨਾਲ ਮਰ ਰਿਹਾ ਹੈ, ਉਥੇ ਇਕ ਹੋਰ ਹਿੱਸਾ ਬਹੁਲਤਾ, ਅਮੀਰੀ, ਬੇਢੰਗੇ ਖਾਣ ਤੇ ਕੁਢੱਬੇ ਜਿਉਣ ਢੰਗ ਦੀਆਂ ਬਿਮਾਰੀਆਂ ਨਾਲ ਮਰਨ ਲਈ ਸਰਾਪਿਆ ਜਾ ਰਿਹਾ ਹੈ।
ਹਰੇ ਇਨਕਲਾਬ ਦੇ ਇਕ ਹੋਰ ਮਾਰੂ ਤੇ ਭਵਿੱਖਘਾਤੀ ਪੱਖ ਵੱਲ ਵੀ ਧਿਆਨ ਦਿਵਾਉਣਾ ਬਹੁਤ ਜ਼ਰੂਰੀ ਹੈ। ਪੰਜਾਬ ਦੀ ਧਰਤੀ, ਜਲ ਸਰੋਤਾਂ ਤੇ ਵਾਤਾਵਰਨ ਦੇ ਖਤਰਨਾਕ ਹੱਦ ਤਕ ਪ੍ਰਦੂਸ਼ਿਤ ਹੋਣ ਅਤੇ ਸਾਰੇ ਪੰਜਾਬ, ਖਾਸ ਕਰ ਕੇ ਮਾਲਵੇ ਦੀ ਨਰਮਾ-ਪੱਟੀ ਵਿਚ ਕੈਂਸਰ, ਹੱਡੀਆਂ-ਜੋੜਾਂ ਅਤੇ ਚਮੜੀ ਰੋਗਾਂ ਵਿਚ ਹੋਏ ਅਣਕਿਆਸੇ ਵਾਧੇ ਦੇ ਕਾਰਨ ਇਸ ਬਹੁਚਰਚਿਤ ਹਰੇ ਇਨਕਲਾਬ ਦੇ ਵਿਕਾਸ ਮਾਡਲ ਵਿਚ ਪਏ ਹਨ। ਪੰਜਾਬ ਦੇ ਪਾਣੀ ਵਿਚ ਚਿੰਤਾਜਨਕ ਹੱਦ ਤਕ ਪਾਈ ਜਾ ਰਹੀ ਯੂਰੇਨੀਅਮ ਦੀ ਮਾਤਰਾ, ਮਾਂ ਦੇ ਦੁੱਧ ਵਿਚ ਪਾਏ ਜਾ ਰਹੇ ਕੀਟਨਾਸ਼ਕ ਦਵਾਈਆਂ ਦੇ ਅੰਸ਼ ਅਤੇ ਪੰਜਾਬੀ ਗਭਰੂਆਂ ਦੇ ਵੀਰਜ ਵਿਚ ਘਟ ਰਹੀ ਸ਼ੁਕਰਾਣੂਆਂ ਦੀ ਗਿਣਤੀ, ਇਨ੍ਹਾਂ ਸਾਰੇ ਖ਼ਤਰਨਾਕ ਰੁਝਾਨਾਂ ਬਾਰੇ ਮੁੱਢਲੀਆਂ ਖੋਜ ਰਿਪੋਰਟਾਂ ਵੀ ਹਰੇ ਇਨਕਲਾਬ ਦੇ ਮਾਰੂ ਪ੍ਰਭਾਵਾਂ ਵੱਲ ਇਸ਼ਾਰਾ ਕਰਦੀਆਂ ਹਨ।
ਹਰੇ ਇਨਕਲਾਬ ਤੇ ਜ਼ਰਈ ਖੇਤਰ ਵਿਚ ਪੈਦਾਵਾਰੀ ਢੰਗ ਤੇ ਰਿਸ਼ਤਿਆਂ ਵਿਚ ਆਈ ਤਬਦੀਲੀ ਨੇ ਪੰਜਾਬੀ ਸਮਾਜ ਦੀ ਸਮਾਜਕ ਤੇ ਮਾਨਸਿਕ ਸਿਹਤ ਦਾ ਜੋ ਹਸ਼ਰ ਕੀਤਾ ਹੈ, ਉਹ ਬਹੁਤ ਹੀ ਦਿਲ-ਕੰਬਾਊ ਤੇ ਭਿਆਨਕ ਹੈ। ਮੰਡੀ ਆਰਥਿਕਤਾ ਤੇ ਖਪਤਕਾਰੀ ਸਭਿਆਚਾਰ ਨੇ ਜ਼ਿੰਦਗੀ ਦੀ ਸਹਿਜ ਤੋਰ, ਹਾਂਦਰੂ ਕਦਰਾਂ-ਕੀਮਤਾਂ, ਪਰਿਵਾਰਕ ਤੇ ਭਾਈਚਾਰਕ ਤੰਦਾਂ ਨੂੰ ਖੇਰੂੰ-ਖੇਰੂੰ ਕਰ ਦਿੱਤਾ ਹੈ। ਗੈਰ ਸਿਹਤਮੰਦ ਮੁਕਾਬਲੇਬਾਜ਼ੀ, ਇਕ-ਦੂਜੇ ਦੀ ਲਾਸ਼ ਤੇ ਪੈਰ ਧਰ ਕੇ ਉਪਰ ਚੜ੍ਹਨ ਦੇ ਸਿਰਵੱਢ ਸਰਮਾਏਦਾਰਨਾ ਸਭਿਆਚਾਰ ਨੇ ਪੰਜਾਬੀ ਸਮਾਜ ਨੂੰ ਕਰੂਪ ਕਰ ਛੱਡਿਆ ਹੈ। ਪੁਰਾਣੇ ਜ਼ਮੀਨੀ ਰਿਸ਼ਤੇ ਟੁੱਟਣ ਨਾਲ ਪਰਿਵਾਰ ਖਿੰਡ ਰਹੇ ਹਨ, ਸਾਂਝਾਂ-ਸੱਥਾਂ ਖ਼ਤਮ ਹੋ ਰਹੀਆਂ ਹਨ। ਰਿਸ਼ਤੇ ਸੁੰਗੜ ਰਹੇ ਹਨ। ਅਧਿਆਪਨ ਤੇ ਡਾਕਟਰੀ ਵਰਗੇ ਪਵਿੱਤਰ ਕਿੱਤਿਆਂ, ਯਾਰੀਆਂ-ਦੋਸਤੀਆਂ, ਰਿਸ਼ਤੇ-ਨਾਤੇਦਾਰੀਆਂ ਵਿਚ ਵਪਾਰਕ ਸੱਭਿਆਚਾਰ ਦੀ ਸੜ੍ਹਿਆਂਦ ਆਉਂਦੀ ਹੈ। ਪਿਛਲਾ ਸਾਰਾ ਕੁਝ ਸਮੇਤ ਚੰਗੇ ਮਾੜੇ ਦੇ, ਤੇਜ਼ੀ ਨਾਲ ਟੁੱਟਿਆ ਹੈ ਪਰ ਨਵੇਂ ਸਾਰਥਕ ਤੇ ਤੰਦਰੁਸਤ ਦੀ ਅਣਹੋਂਦ ਕਾਰਨ ਹਰ ਪਾਸੇ ਭੰਬਲਭੂਸਾ ਹੈ। ਬਜ਼ੁਰਗ ਬੇਵਸ ਤੇ ਉਦਾਸ ਹਨ, ਨੌਜਵਾਨ ਬੇਚੈਨ ਤੇ ਬੱਚੇ ਦਿਸ਼ਾਹੀਣ। ਹਰ ਪੱਧਰ ‘ਤੇ ਰਿਸ਼ਤਿਆਂ ਵਿਚ ਤਣਾਅ ਹੈ ਤੇ ਮਾਨਸਿਕ ਰੋਗਾਂ ਵਿਚ ਅਥਾਹ ਵਾਧਾ ਹੋ ਰਿਹਾ ਹੈ। ਸਾਦਗੀ, ਸਹਿਯੋਗ, ਸਹਿਣਸ਼ੀਲਤਾ, ਸੰਵੇਦਨਸ਼ੀਲਤਾ, ਭਾਈਚਾਰਾ, ਮਿਲਵਰਤਨ ਅਤੇ ਸਾਂਝੇ ਸਮਾਜਕ ਉਦਮਾਂ ਵਰਗੇ ਸੁਨੱਖੇ ਸ਼ਬਦ, ਲੋਕਾਂ ਦੇ ਸ਼ਬਦਕੋਸ਼ ਚੋਂ ਗਾਇਬ ਹੋ ਰਹੇ ਹਨ। ਇਉਂ ਲਗਦਾ ਹੈ ਕਿ ਪੰਜਾਬ ਸਰਮਾਏਦਾਰੀ ਸੱਭਿਆਚਾਰ ਦੀ ਪ੍ਰਯੋਗਸ਼ਾਲਾ ਅਤੇ ਇਸ ਦੀ ਨੁਮਾਇੰਦਾ ਉਦਾਹਰਣ ਬਣ ਰਿਹਾ ਹੈ।
ਇਸ ਸਭ ਕਾਸੇ ਦਾ ਹੀ ਇਕ ਤਾਰਕਿਕ ਸਿੱਟਾ ਹੈ ਕਿ ਆਰਥਿਕ ਤੰਗੀਆਂ-ਤੁਰਸ਼ੀਆਂ ਦੀ ਮਾਰ ਹੇਠ ਆਈ ਅਤੇ ਮਾੜੀ ਸਰੀਰਕ, ਸਮਾਜਕ ਤੇ ਮਾਨਸਿਕ ਸਿਹਤ ਹੰਢਾਉਂਦੀ ਪੰਜਾਬੀ ਕੌਮ ਦਾ ਤਿੰਨ ਚੌਥਾਈ ਹਿੱਸਾ ਅੱਜ ਸ਼ਰਾਬ, ਭੁੱਕੀ, ਅਫੀਮ, ਨਸ਼ੇ ਜਾਂ ਨੀਂਦ ਦੀਆਂ ਗੋਲੀਆਂ ਖਾ ਕੇ ਸੌਂਦਾ ਹੈ। ਜ਼ਾਹਰ ਹੈ ਕਿ ਨਿੱਜੀ ਜ਼ਿੰਦਗੀ, ਪਰਿਵਾਰ, ਸਰਕਾਰ ਤੇ ਸਮਾਜ, ਉਹ ਹਰ ਪਾਸਿਓਂ ਅਸੰਤੁਸ਼ਟ ਹੈ। ਉਸ ਦੀ ਜੰਮਣ-ਭੋਇੰ ਉਸ ਨੂੰ ਸੰਭਾਲ ਨਹੀਂ ਰਹੀ। ਇਹੋ ਕਾਰਨ ਹੈ ਕਿ ਉਹ ਜੱਦੀ ਜ਼ਮੀਨ ‘ਤੇ ਜਾਨ ਦੀ ਬਾਜ਼ੀ ਲਾ ਕੇ ਘਰੋਂ ਹਜ਼ਾਰਾਂ ਮੀਲ ਦੂਰ, ਯੱਖ ਠੰਢੇ ਸਮੁੰਦਰਾਂ ਚ ਡੁੱਬ ਕੇ ਵੀ ਵਿਦੇਸ਼ਾਂ ਦੀਆਂ ਹਰੀਆਂ ਚਰਾਗਾਹਾਂ ‘ਚ ਜਾਣ ਲਈ ਉਤਾਵਲਾ ਹੈ। ਬੱਬਰ ਅਕਾਲੀਆਂ, ਕੂਕਿਆਂ, ਗਦਰੀ ਬਾਬਿਆਂ ਤੇ ਭਗਤ-ਸਰਾਭਿਆਂ ਦਾ ਪੰਜਾਬ ਜਾਂ ਫਿਰ ਟਰੱਕਾਂ ਵਿਚ ਦੋਹਰੀਆਂ ਛੱਤਾਂ ਪਾ ਕੇ ਸਾਧਾਂ ਦੇ ਡੇਰਿਆਂ ਤੇ ਭੁੱਲਾਂ ਬਖ਼ਸ਼ਾਉਂਦਾ ਤੇ ਅਗਲਾ ਜਨਮ ਸੁਆਰਦਾ ਫਿਰਦਾ ਹੈ। ਇਹੋ ਜਿਹੀ ਹੈ ਪੰਜਾਬੀ ਲੋਕਾਂ ਦੀ ਸਰੀਰਕ, ਸਮਾਜਕ ਤੇ ਮਾਨਸਿਕ ਸਿਹਤ।
ਕਾਲ ਖੰਡ 1991-2013
ਇਹ ਕਾਲ ਖੰਡ ਸਤਹੀ ਤੌਰ ‘ਤੇ ਦੇਖਣ ਨੂੰ ਤਾਂ ਆਰਥਿਕਤਾ ਅਤੇ ਸਿਆਸਤ ਦੇ ਖੇਤਰ ਵਿਚ ਪਿਛਲੇ ਕਾਲ ਖੰਡ ਦਾ ਵਧਾਰਾ ਮਾਤਰ ਹੀ ਲੱਗਦਾ ਹੈ, ਪਰ 1991 ਵਿਚ ਅਪਨਾਈ ਨਵੀਂ ਆਰਥਿਕ ਨੀਤੀ ਤਹਿਤ ਖੁੱਲ੍ਹੀ ਮੰਡੀ ਆਰਥਿਕਤਾ, ਢਾਂਚਾਗਤ ਸੁਧਾਰਾਂ, ਵਿਆਪਕ ਨਿਜੀਕਰਨ ਅਤੇ ਸੰਸਾਰੀਕਰਨ ਦੇ ਤੇਜ਼ ਹੋ ਰਹੇ ਅਮਲ ਕਾਰਨ ਕੌਮਾਂਤਰੀ ਵਿੱਤੀ ਸਰਮਾਏ ਨਾਲ ਪੂਰੀ ਤਰ੍ਹਾਂ ਧਿਰ ਨਰੜ ਹੋਣ ਕਰਕੇ ਵਿਸ਼ਮਤਾ ਭਰੇ ਨਵੇਂ ਭਾਰਤ ਦਾ ‘ਨਿਰਮਾਣ’ ਹੋ ਰਿਹਾ ਹੈ। ਆਰਥਿਕਤਾ ਦੇ ਖੇਤਰ ਵਿਚ ਆਈ ਇਸ ਸਿਫ਼ਤੀ ਤੇ ਮਿਕਦਾਰੀ ਤਬਦੀਲੀ ਅਤੇ ਇਸ ਸਮੇਂ ਦੌਰਾਨ ਹੀ, ਸੂਚਨਾ ਤਕਨੀਕ ਵਿਚ ਆਏ ਵਿਸਫੋਟਕ ਇਨਕਲਾਬ ਨੇ ਭਾਰਤੀ ਤੇ ਪੰਜਾਬੀ ਸਮਾਜ ਦੀਆਂ ਬੁਨਿਆਦਾਂ ਹਿਲਾ ਕੇ ਰੱਖ ਦਿੱਤੀਆਂ ਹਨ।
ਇਨ੍ਹਾਂ ਸਾਲਾਂ ਦੌਰਾਨ ਅਮੀਰ ਤੇ ਗਰੀਬ ਵਿਚਕਾਰ ਪਾੜੇ ਨੇ ਅਨੁਪਾਤ ਨਾਂ ਦੀ ਕੋਈ ਹੱਦ ਹੀ ਨਹੀਂ ਰਹਿਣ ਦਿੱਤੀ। ਰਿਸ਼ਵਤਖੋਰੀ ਦੇ ਅੰਕੜੇ, ਕੁੱਲ ਘਰੇਲੂ ਉਤਪਾਦ ਦੇ ਅਨੁਪਾਤ ਵਿਚ ਆਉਣ ਲੱਗੇ ਹਨ। ਸਿਆਸਤ ਤੇ ਅਪਰਾਧ ਵਿਚਲੇ ਮਿਟ ਰਹੇ ਫਰਕ ਨੇ ਪਾਰਲੀਮੈਂਟ ਤੇ ਅਸੈਂਬਲੀਆਂ ਦੇ ਚਿਹਰੇ ਅਤੇ ਚਰਿੱਤਰ ਹੀ ਬਦਲ ਦਿੱਤੇ ਹਨ। ਪਿਛਲੇ ਕਾਲ ਖੰਡ ਦੌਰਾਨ ਇੰਡੀਆ ਤੇ ਭਾਰਤ ਵਿਚਕਾਰ ਰੱਖੀ ਗਈ ਨੀਂਹ ‘ਤੇ ਕੰਧ ਦੀ ਉਸਾਰੀ ਜ਼ੋਰਾਂ-ਸ਼ੋਰਾਂ ਨਾਲ ਚਾਲੂ ਹੈ। ਵੱਧ ਰਹੀ ਬੇਰੋਜ਼ਗਾਰੀ, ਲਗਾਤਾਰ ਘਟ ਰਹੀਆਂ ਉਜਰਤਾਂ, ਵਧ ਰਹੀ ਮਹਿੰਗਾਈ ਅਤੇ ਖੇਤੀ ਦੇ ਘਾਟੇਵੰਦਾ ਸੌਦਾ ਹੋਣ ਕਾਰਨ ਪੇਂਡੂ ਖੇਤਰਾਂ ‘ਚੋਂ ਹੋ ਰਹੀ ਨਿਕਾਸੀ ਨੂੰ ਸਨਅਤੀ ਖੇਤਰ ਦੀ ਜਜ਼ਬ ਕਰਨ ਦੀ ਅਸਮਰਥਾ ਕਾਰਨ ਦੇਸ਼ ਦੇ ਵੱਡੇ ਹਿੱਸੇ ਵਿਚ ਸਦੀਵੀ ਭੁੱਖਮਰੀ ਤੇ ਕੁਪੋਸ਼ਣ ਵਰਗੀ ਹਾਲਤ ਪੈਦਾ ਹੋ ਰਹੀ ਹੈ। ਗਰੀਬਾਂ ਤੇ ਮੱਧ ਵਰਗ ਦੀ ਨਿਮਨ ਵਸੋਂ ਦਾ ਵੱਡਾ ਹਿੱਸਾ ਘੱਟ ਖੁਰਾਕ ਤੇ ਜੀਵਨ ਲਈ ਜ਼ਰੂਰੀ ਦੂਜੇ ਪੌਸ਼ਟਿਕ ਤੱਤਾਂ ਦੀ ਲਗਾਤਾਰ ਘਟ ਰਹੀ ਉਪਲਬਧਤਾ ਕਾਰਨ ਸਰੀਰਕ ਤੌਰ ‘ਤੇ ਹੋਰ ਕਮਜ਼ੋਰ ਹੋ ਰਿਹਾ ਹੈ ਤੇ ਹੋਰ ਵੱਧ ਬਿਮਾਰੀਆਂ ਦੀ ਗ੍ਰਿਫਤ ਵਿਚ ਜਕੜਨ ਲਈ ਸਰਾਪਿਆ ਜਾ ਰਿਹਾ ਹੈ। ਦੇਸ਼ ਗੰਭੀਰ ਆਰਥਿਕ, ਸਿਆਸੀ ਤੇ ਸਮਾਜਕ ਉਥਲ-ਪੁਥਲ ਵਿਚੋਂ ਲੰਘ ਰਿਹਾ ਹੈ। ਇਕ ਪਾਸੇ ਆਰਥਿਕਤਾ ਤੇ ਸਿਆਸਤ ਦੋਵੇਂ ਵੇਸਵਾ ਬਿਰਤੀ ਵਰਗਾ ਰਵੱਈਆ ਤੇ ਕਿਰਦਾਰ ਅਖਤਿਆਰ ਕਰ ਰਹੀਆਂ ਹਨ ਅਤੇ ਦੂਜੇ ਪਾਸੇ ਸਮਾਜ ਅੰਧ-ਵਿਸ਼ਵਾਸਾਂ, ਵਹਿਮਾਂ-ਭਰਮਾਂ, ਧਾਰਮਿਕ ਕੱਟੜਵਾਦ ਅਤੇ ਜਾਤਾਂ-ਗੋਤਾਂ ਦੇ ਪਿਛਾਖੜੀ ਵਿਚਾਰਾਂ/ਅਮਲਾਂ ਦੇ ਰਸਾਤਲ ਵਿਚ ਧਸ ਰਿਹਾ ਹੈ। ਇੰਡੀਆ ਤੇ ਭਾਰਤ ਦਾ ਨਿਖੇੜਾ ਲੋਕਾਂ ਤੇ ਹਾਕਮਾਂ ਦਾ ਨਿਖੇੜਾ ਲਗਭਗ ਪੂਰਨ ਹੋਣ ਦੇ ਨੇੜੇ ਹੈ।
ਇਸ ਦੇ ਨਾਲ ਹੀ ਆਰਥਿਕਤਾ ਵਿਚ ਇੰਨੀ ਤੇਜ਼ੀ ਨਾਲ ਆਈ ਅਣਕਿਆਸੀ ਤਬਦੀਲੀ ਦੇ ਲਾਜ਼ਮ ਪ੍ਰਭਾਵ ਕਾਰਨ ਸਮਾਜਕ ਰਿਸ਼ਤਿਆਂ ਤੇ ਖਾਸ ਕਰ ਕੇ ਨਵੀਂ ਪੀੜ੍ਹੀ ਦੀ ਬਦਲ ਰਹੀ ਮਾਨਸਿਕਤਾ ਅਤੇ ਪੁਰਾਣੀ ਪੀੜ੍ਹੀ ਦੇ ਪਰੰਪਰਾਵਾਦੀ ਤੇ ਜਗੀਰੂ ਸੰਸਕਾਰਾਂ ਵਿਚ ਟਕਰਾਅ ਵੀ ਨਵੀਆਂ ਮੁਸ਼ਕਿਲਾਂ ਪੈਦਾ ਕਰ ਰਿਹਾ ਹੈ। ਜੋ ‘ਸੰਤਾਪ’ ਪੰਜਾਬ ਤੋਂ ਪਹਿਲ ਪ੍ਰਿਥਮੇ ਵਿਦੇਸ਼ੀਂ ਗਈ ਪੰਜਾਬੀ ਪੀੜ੍ਹੀ ਨੇ 50ਵਿਆਂ ਵਿਚ ਹੰਢਾਇਆ ਸੀ, ਉਹ ‘ਸੰਤਾਪ’ ਅੱਜ ਸਾਰਾ ਪੰਜਾਬ ਹੰਢਾ ਰਿਹਾ ਹੈ। ਲੱਖਾਂ ਪੰਜਾਬੀਆਂ ਵੱਲੋਂ ਪਿਛਲੇ ਕਈ ਦਹਾਕਿਆਂ ਤੋਂ ਵਿਦੇਸ਼ੀਂ ਵਸਣ ਅਤੇ ਪੱਛਮੀ ਸੱਭਿਅਤਾ ਦੇ ਕੁੱਝ ਪ੍ਰਭਾਵ ਕਬੂਲਣ ਕਾਰਨ ਨੌਜਵਾਨ ਪੀੜ੍ਹੀ ਦੇ ਵਿਚਾਰ-ਵਿਹਾਰ ਅੰਦਰ ਤੇਜ਼ੀ ਨਾਲ ਆ ਰਹੇ ਬਦਲਾਓ ਪ੍ਰਤੀ ਪੰਜਾਬੀ ਸਮਾਜ ਦਾ ਵਤੀਰਾ ਤਾਲਿਬਾਨ ਮਾਰਕਾ ਖਾਪ ਪੰਚਾਇਤਾਂ ਵਰਗਾ ਤਾਂ ਨਹੀਂ ਹੋਇਆ ਪਰ ਇਸ ਨੂੰ ਜਮਹੂਰੀ ਤੇ ਸਮੇਂ ਦੇ ਹਾਣ ਦਾ ਵੀ ਨਹੀਂ ਕਿਹਾ ਜਾ ਸਕਦਾ। ਤੇਜ਼ੀ ਨਾਲ ਬਦਲ ਰਹੇ ਇਸ ਹਿੰਦੁਸਤਾਨ/ਪੰਜਾਬ ਅੰਦਰ, ਆਮ ਲੋਕਾਂ ਦੀ ਸਰੀਰਕ, ਸਮਾਜਕ ਤੇ ਮਾਨਸਿਕ ਸਿਹਤ ਦਾ ਜੋ ਹਸ਼ਰ ਹੋ ਰਿਹਾ ਹੈ, ਜਾਂ ਹੋਣ ਵਾਲਾ ਹੈ, ਇਸ ਬਾਰੇ ਸੋਚ ਕੇ ਦਿਲ ਹੀ ਨਹੀਂ, ਦਿਮਾਗ ਵੀ ਦਹਿਲ ਜਾਂਦਾ ਹੈ।
ਪੰਜਾਬ ਦੀ ਸਿਹਤ ਦਾ ਇਹ ਹਸ਼ਰ ਆਰਥਿਕ, ਸਿਆਸੀ ਤੇ ਸਮਾਜਕ ਸੰਰਚਨਾਵਾਂ ਦੀਆਂ ਤਰਤੀਬਬੱਧ ਇਤਿਹਾਸਕ ਕਾਇਆ-ਪਲਟੀਆਂ ਕਾਰਨ ਹੋਇਆ ਹੈ ਅਤੇ ਇਸ ਦਾ ਹੱਲ ਵੀ ਇਕ ਹੋਰ ਇਤਿਹਾਸਕ ਕਾਇਆ-ਪਲਟੀ, ਜਿਸ ਦੀ ਹੋਣੀ ਦੇਸ਼ ਹਿੰਦੁਸਤਾਨ ਤੇ ਸ਼ਾਇਦ ਦੁਨੀਆਂ ਨਾਲ ਜੁੜੀ ਹੋਈ ਹੈ, ਰਾਹੀਂ ਹੀ ਸੰਭਵ ਹੈ। ਮੇਰਾ ਖਿਆਲ ਹੈ ਕਿ ਪੰਜਾਬ ਦੀ ਸਿਹਤ ਦੇ ਮਸਲੇ ਨੂੰ ਮਹਿਜ਼ ਖਾਣ-ਪਾਣ ਜਾਂ ਜੀਵਨ ਸ਼ੈਲੀ ਬਦਲਣ ਤੱਕ ਸੀਮਤ ਕਰਨਾ ਬਹੁਤ ਸੰਕੀਰਨ, ਸਤਹੀ ਤੇ ਖੁਦਗਰਜ ਨਜ਼ਰੀਆ ਹੈ। ਸਿਹਤ ਮਸਲੇ ਦੇ ਆਰਥਿਕ, ਸਿਆਸੀ, ਸਮਾਜਕ ਤੇ ਸਭਿਆਚਾਰਕ ਪਹਿਲੂਆਂ ਨੂੰ ਕੇਂਦਰ ਬਿੰਦੂ ਬਣਾਏ ਬਗੈਰ ਸਿਹਤਮੰਦ ਪੰਜਾਬ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ।
ਕਿਸੇ ਵੀ ਮਸਲੇ ਬਾਰੇ ਕਿਸੇ ਵੀ ਸਮੇਂ ਵਿਸ਼ੇਸ਼ ਅੰਦਰ ਨਿਭਾਈ ਗਈ ਸਾਡੀ ਭੂਮਿਕਾ ਦਾ ਮੁਲੰਕਣ ਸਾਡੀਆਂ ਡਿਗਰੀਆਂ, ਰੁਤਬਿਆਂ, ਕੁਰਸੀਆਂ ਜਾਂ ਪਦਵੀਆਂ ਨਾਲ ਨਹੀਂ, ਬਲਕਿ ਸਮੇਂ ਦੇ ਵਿਸ਼ਾਲ ਚਿਤਰਪਟ ‘ਤੇ ਵਾਪਰ ਰਹੀਆਂ ਘਟਨਾਵਾਂ ਅਤੇ ਵਰਤਾਰਿਆਂ ਅੰਦਰ ਸੱਚ ਲੱਭਣ, ਸੱਚ ਨਸ਼ਰ ਕਰਨ ਅਤੇ ਸੱਚ ਸਥਾਪਤ ਕਰਨ ਦੇ ਆਪਣੇ ਉਦਮਾਂ-ਉਪਰਾਲਿਆਂ ਰਾਹੀਂ ਇਸ ਧਰਤੀ ਨੂੰ ਹੋਰ ਸੁਨੱਖੀ ਤੇ ਜਿਉਣ ਜੋਗੀ ਬਣਾਉਣ ਵਿਚ ਨਿਭਾਏ ਗਏ ਸਾਡੇ ਯੋਗਦਾਨ ਕਰ ਕੇ ਹੁੰਦਾ ਹੈ।
ਸਾਨੂੰ ਇਕ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਅੱਜ ਦਾ ਪੰਜਾਬ 19ਵੀਂ ਜਾਂ 20ਵੀਂ ਸਦੀ ਦਾ ਪੰਜਾਬ ਨਹੀਂ ਹੈ। ਪੰਜਾਬ ਹਿੰਦੁਸਤਾਨੀ ਆਰਥਿਕਤਾ ਤੇ ਸਿਆਸਤ ਨਾਲ ਜੁੜ ਕੇ ਕੌਮਾਂਤਰੀ ਵਿੱਤੀ ਪ੍ਰਬੰਧ, ਕੌਮਾਂਤਰੀ ਸਿਆਸਤ ਤੇ ਕੌਮਾਂਤਰੀ ਸਭਿਆਚਾਰ ਦਾ ਅਨਿਖੜਵਾਂ ਅੰਗ ਬਣ ਚੁਕਾ ਹੈ। ਹੁਣ ਸਿਹਤ ਸਮੇਤ ਪੰਜਾਬ ਦੇ ਸਾਰੇ ਮਸਲਿਆਂ ਦਾ ਹੱਲ ਕੁੱਲ ਦੇਸ਼ਾਂ ਦੇ ਲੋਕਾਂ ਦੀ ਹੋਣੀ ਨਾਲ ਜੁੜਿਆ ਹੋਇਆ ਹੈ। ਪੰਜਾਬੀਆਂ ਦੇ ਵਿਲੱਖਣ ਵਿਰਸੇ, ਸਭਿਆਚਾਰ, ਭਾਸ਼ਾ, ਪੌਣ-ਪਾਣੀਆਂ ਤੇ ਧਰਮ ਨੂੰ ਬਚਾਉਣ ਦੀਆਂ ਅਸੀਂ ਕਿੰਨੀਆਂ ਵੀ ਕੋਸ਼ਿਸ਼ਾਂ ਜੁਟਾ ਲਈਏ, ਸੰਸਾਰੀਕਰਨ ਦੇ ਇਸ ਯੁਗ ਵਿਚ ਇਕੱਲਾ ਪੰਜਾਬ ਆਪਣੀਆਂ ਸਮੱਸਿਆਵਾਂ ਦੇ ਆਰਜ਼ੀ ਜਾਂ ਅੰਸ਼ਕ ਹੱਲ ਤਾਂ ਕੱਢ ਸਕਦਾ ਹੈ, ਪਰ ਕਿਸੇ ਵੱਡੀ ਫੈਸਲਾਕੁਨ ਤਬਦੀਲੀ ਦਾ ਲਖਾਇਕ ਨਹੀਂ ਹੋ ਸਕਦਾ। ਜਿੰਨੀ ਜਲਦੀ ਅਤੇ ਜਿੰਨੀ ਸ਼ਿੱਦਤ ਨਾਲ ਅਸੀਂ ਇਸ ਹਕੀਕਤ ਨੂੰ ਸਮਝ ਲਵਾਂਗੇ, ਉਨਾ ਹੀ ਅਸੀਂ ਕਿਸੇ ਹਕੀਕੀ ਤੇ ਸਦੀਵੀ ਹੱਲ ਵੱਲ ਆਪਣੇ ਕਦਮ ਪੁੱਟਣ ਦੇ ਯੋਗ ਹੁੰਦੇ ਜਾਵਾਂਗੇ।

Be the first to comment

Leave a Reply

Your email address will not be published.