ਫਿਲਮ ਅਦਾਕਾਰ, ਨਿਰਮਾਤਾ ਅਤੇ ਨਿਰਦੇਸ਼ਕ ਗੁਰੂ ਦੱਤ ਦਾ ਨਾਂ ਹਿੰਦੀ ਸਿਨਮਾ ਜਗਤ ਵਿਚ ਪਹਿਲੇ ਸ਼ੋਅਮੈਨ ਵਜੋਂ ਲਿਆ ਜਾਂਦਾ ਹੈ। ਉਹ ਠਹਿਰੀ ਹੋਈ ਤਬੀਅਤ ਦਾ ਮਾਲਕ ਸੀ ਜਿਸ ਨੇ ਆਪਣੀ ਸਫਲਤਾ ਉੁਪਰ ਕਦੇ ਘੁਮੰਡ ਨਹੀਂ ਕੀਤਾ। ਉਹ ਕਮਰਸ਼ੀਅਲ ਫਿਲਮ ਨੂੰ ਆਰਟ ਮੂਵੀ ਵਾਂਗ ਪੇਸ਼ ਕਰਨ ਦੀ ਵਿਲੱਖਣ ਪ੍ਰਤਿਭਾ ਰੱਖਦਾ ਸੀ। ਗੁਰੂ ਦੱਤ ਦੀਆਂ ਫਿਲਮਾਂ ਉਸ ਦੀ ਨਿੱਜੀ ਜ਼ਿੰਦਗੀ ਦਾ ਹੀ ਰੂਪ ਪ੍ਰਤੀਤ ਹੁੰਦੀਆਂ ਹਨ। ਸਮਾਜਿਕ ਢਾਂਚੇ ਤੋਂ ਨਿਰਾਸ਼ ਗੁਰੂ ਦੱਤ ਨੇ ਆਪਣੀਆਂ ਫਿਲਮਾਂ ਰਾਹੀਂ ਆਪਣੇ ਜਜ਼ਬਾਤ ਨੂੰ ਦਰਸ਼ਕਾਂ ਸਨਮੁਖ ਪੇਸ਼ ਕੀਤਾ। ਉਸ ਦੀਆਂ ਬਹੁਤ ਸਾਰੀਆਂ ਫਿਲਮਾਂ ਸ਼ਾਹਕਾਰ ਬਣੀਆਂ।
ਨੌਂ ਜੁਲਾਈ 1925 ਨੂੰ ਬੰਗਲੌਰ ਵਿਚ ਜਨਮੇ ਗੁਰੂ ਦੱਤ ਦਾ ਅਸਲ ਨਾਂ ਵਸੰਤ ਕੁਮਾਰ ਸ਼ਿਵਸ਼ੰਕਰ ਪਾਦੂਕੋਨ ਸੀ। ਬਚਪਨ ਘਰੇਲੂ ਤੰਗੀਆਂ ਅਤੇ ਆਰਥਿਕ ਪ੍ਰੇਸ਼ਾਨੀਆਂ ਵਿਚ ਗੁਜ਼ਰਿਆ। ਆਰਥਿਕ ਤੰਗੀ ਕਾਰਨ ਮੁਸ਼ਕਿਲ ਨਾਲ ਪੜ੍ਹਾਈ ਪੂਰੀ ਕਰ ਕੇ ਉਸ ਨੇ ਕੋਲਕਾਤਾ ਵਿਚ ਟੈਲੀਫੋਨ ਅਪਰੇਟਰ ਵਜੋਂ ਨੌਕਰੀ ਸ਼ੁਰੂ ਕੀਤੀ। ਕੁਝ ਦੇਰ ਬਾਅਦ ਨੌਕਰੀ ਛੱਡ ਕੇ ਮੰਨੇ-ਪ੍ਰਮੰਨੇ ਡਾਂਸਰ ਉਦੈ ਸ਼ੰਕਰ ਦੀ ਡਾਂਸ ਅਕੈਡਮੀ ਵਿਚ ਨ੍ਰਿਤ ਦੀ ਸਿੱਖਿਆ ਹਾਸਿਲ ਕੀਤੀ। ਇਸ ਦੇ ਨਾਲ ਹੀ ਪੁਣੇ ਸਥਿਤ ਪ੍ਰਭਾਤ ਫਿਲਮ ਕੰਪਨੀ ਵਿਚ ਤਿੰਨ ਸਾਲ ਦੇ ਕਾਂਟ੍ਰੈਕਟ ‘ਤੇ ਨੌਕਰੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਗੁਰੂ ਦੱਤ ਕੁਝ ਫਿਲਮੀ ਹਸਤੀਆਂ ਦੇ ਸੰਪਰਕ ਵਿਚ ਆਏ। ਦੇਵ ਆਨੰਦ ਨਾਲ ਉਸ ਦੀ ਪਹਿਲੀ ਮੁਲਾਕਾਤ ਇਥੇ ਹੀ ਹੋਈ। ਪੂਣੇ ਵਿਚ 1944 ਵਿਚ ‘ਚਾਂਦ’ ਫਿਲਮ ਵਿਚ ਛੋਟੀ ਜਿਹੀ ਭੂਮਿਕਾ ਮਿਲੀ। ਬਾਅਦ ਵਿਚ ਮੁੰਬਈ ਆ ਕੇ ਫਿਲਮ ਨਿਰਮਾਣ ਅਤੇ ਅਦਾਕਾਰੀ ਦੀ ਸ਼ੁਰੂਆਤ ਕੀਤੀ। 1946 ਵਿਚ ਉਸ ਨੇ ਪ੍ਰਭਾਤ ਸਟੂਡਿਓ ਦੀ ਫਿਲਮ ‘ਹਮ ਏਕ ਹੈਂ’ ਤੋਂ ਬਤੌਰ ਕੋਰਿਓਗ੍ਰਾਫਰ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ। ਬਤੌਰ ਨਿਰਦੇਸ਼ਕ ਉਸ ਨੇ ਆਪਣੀ ਪਹਿਲੀ ਫਿਲਮ ‘ਬਾਜ਼ੀ’ ਬਣਾਈ ਜਿਸ ਵਿਚ ਦੇਵ ਆਨੰਦ ਮੁੱਖ ਭੂਮਿਕਾ ਵਿਚ ਸਨ। ਇਸ ਤੋਂ ਬਾਅਦ ਦੇਵ ਆਨੰਦ ਨੂੰ ਹੀ ਲੈ ਕੇ ਫਿਲਮ ‘ਜਾਲ’ ਬਣਾਈ।
ਗੁਰੂ ਦੱਤ ਨੇ ‘ਪਿਆਸਾ’, ‘ਕਾਗਜ਼ ਕੇ ਫੂਲ’, ‘ਸਾਹਿਬ ਬੀਬੀ ਔਰ ਗੁਲਾਮ’ ਅਤੇ ‘ਚੌਦ੍ਹਵੀਂ ਕਾ ਚਾਂਦ’ ਵਰਗੀਆਂ ਯਾਦਗਾਰ ਫਿਲਮਾਂ ਦਾ ਨਿਰਮਾਣ ਕੀਤਾ। ਦੇਸ਼ ਦੀ ਆਜ਼ਾਦੀ ਤੋਂ ਸਿਰਫ਼ ਦਸ ਸਾਲ ਬਾਅਦ 1957 ਵਿਚ ਰਿਲੀਜ਼ ਹੋਈ ਫਿਲਮ ‘ਪਿਆਸਾ’ ਨੂੰ ਵੇਖ ਕੇ ਦਰਸ਼ਕ ਚੌਂਕ ਗਏ। ਦਰਸ਼ਕ ਇਹ ਜਾਣਨ ਦੀ ਕੋਸ਼ਿਸ਼ ਕਰਨ ਲੱਗੇ ਕਿ ਫਿਲਮ ਨਿਰਮਾਤਾ ਪ੍ਰੇਸ਼ਾਨ ਕਿਉਂ ਹੈ ਅਤੇ ਉਸ ਨੂੰ ਕਿਹੋ ਜਿਹੇ ਸਮਾਜ ਦੀ ਤਲਾਸ਼ ਹੈ? ‘ਪਿਆਸਾ’ ਨੂੰ ‘ਟਾਈਮ’ ਮੈਗਜ਼ੀਨ ਨੇ ਸੰਸਾਰ ਦੀਆਂ 100 ਸਰਬਕਾਲੀਨ ਸਰਵੋਤਮ ਫਿਲਮਾਂ ਵਿਚ ਜਗ੍ਹਾ ਦਿੱਤੀ। ਫਿਲਮ ਦੇ ਗੀਤ ਵੀ ਸੁਪਰਹਿਟ ਹੋਏ। ਸਾਹਿਰ ਲੁਧਿਆਣਵੀ ਦੇ ਲਿਖੇ ਇਨ੍ਹਾਂ ਗੀਤਾਂ ਨੂੰ ਐਸ਼ਡੀ. ਬਰਮਨ ਨੇ ਸੰਗੀਤ ਦਿੱਤਾ ਸੀ।
ਫਿਲਮ ‘ਸਾਹਿਬ, ਬੀਵੀ ਔਰ ਗੁਲਾਮ’ ਨੂੰ ਫਿਲਮਫੇਅਰ ਐਵਾਰਡ ਮਿਲਿਆ। ‘ਮਿਸਟਰ ਐਂਡ ਮਿਸਿਜ਼ 55’ ਅਤੇ ‘ਆਰ ਪਾਰ’ ਵਰਗੀਆਂ ਹਲਕੇ ਫੁਲਕੇ ਮਨੋਰੰਜਨ ਵਾਲੀਆਂ ਫਿਲਮਾਂ ਦੇ ਸੁਰੀਲੇ ਗੀਤਾਂ ਨੂੰ ਅੱਜ ਵੀ ਯਾਦ ਕੀਤਾ ਜਾਂਦਾ ਹੈ। ਫਿਲਮ ਅਦਾਕਾਰਾ ਵਹੀਦਾ ਰਹਿਮਾਨ ਨਾਲ ਗੁਰੂ ਦੱਤ ਦੀ ਜੋੜੀ ਕਾਫ਼ੀ ਚਰਚਾ ਵਿਚ ਰਹੀ। ਪਰਦੇ ਦੇ ਪਿੱਛੇ ਇਨ੍ਹਾਂ ਦੇ ਪ੍ਰੇਮ ਸਬੰਧਾਂ ਦੀ ਚਰਚਾ ਵੀ ਹੁੰਦੀ ਰਹੀ। ਗੁਰੂ ਦੱਤ ਦੀ ਆਖ਼ਰੀ ਫਿਲਮ ‘ਸਾਂਝ ਔਰ ਸਵੇਰਾ’ ਸੀ।
ਅਦਾਕਾਰ ਦੇਵ ਆਨੰਦ ਨਾਲ ਉਸ ਦੀ ਦੋਸਤੀ ਮਿਸਾਲ ਬਣ ਕੇ ਸਾਹਮਣੇ ਆਈ। ਦੋਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਨਾਲ ਨਾਲ ਹੀ ਕੀਤੀ ਸੀ। ਆਪਣੇ ਸੰਘਰਸ਼ ਦੇ ਦਿਨਾਂ ਵਿਚ ਦੋਵਾਂ ਨੇ ਇੱਕ ਦੂਜੇ ਨਾਲ ਵਾਅਦਾ ਕੀਤਾ ਸੀ ਕਿ ਗੁਰੂ ਦੱਤ ਕਦੇ ਨਿਰਦੇਸ਼ਕ ਬਣੇ ਤਾਂ ਉਹ ਦੇਵ ਆਨੰਦ ਨੂੰ ਆਪਣੀ ਫਿਲਮ ਵਿਚ ਲਵੇਗਾ ਅਤੇ ਜੇ ਦੇਵ ਆਨੰਦ ਨੇ ਆਪਣੀ ਪ੍ਰੋਡਕਸ਼ਨ ਕੰਪਨੀ ਖੋਲ੍ਹੀ ਤਾਂ ਗੁਰੂ ਦੱਤ ਉਸ ਦੀ ਫਿਲਮ ਨੂੰ ਨਿਰਦੇਸ਼ਿਤ ਕਰੇਗਾ। ਦੇਵ ਆਨੰਦ ਨੇ ਆਪਣੀ ਫਿਲਮ ਨਿਰਮਾਣ ਕੰਪਨੀ ‘ਨਵਕੇਤਨ’ ਖੋਲ੍ਹੀ ਤਾਂ ਗੁਰੂ ਦੱਤ ਨੂੰ ਪਹਿਲੀ ਵਾਰ ਨਿਰਦੇਸ਼ਕ ਬਣਨ ਦਾ ਮੌਕਾ ਦਿੱਤਾ। ਗੁਰੂ ਦੱਤ ਨੇ ‘ਬਾਜ਼ੀ’ ਫਿਲਮ ਦਾ ਨਿਰਦੇਸ਼ਨ ਕੀਤਾ ਅਤੇ ਗੁਰੂ ਦੱਤ ਮੂਵੀਜ਼ ਪ੍ਰਾਈਵੇਟ ਲਿਮਟਿਡ ਵੱਲੋਂ ਨਿਰਮਿਤ ਆਪਣੀ ਸੁਪਰਹਿੱਟ ਫਿਲਮ ‘ਸੀ.ਆਈ.ਡੀ.’ ਵਿਚ ਦੇਵ ਆਨੰਦ ਨੂੰ ਬਤੌਰ ਅਭਿਨੇਤਾ ਲਿਆ; ਹਾਲਾਂਕਿ ਗੁਰੂ ਦੱਤ ਨੇ ਇਸ ਫਿਲਮ ਦਾ ਨਿਰਦੇਸ਼ਨ ਨਹੀਂ ਕੀਤਾ, ਪਰ ਦੇਵ ਆਨੰਦ ਨੂੰ ਅਭਿਨੇਤਾ ਲੈ ਕੇ ਆਪਣਾ ਵਾਅਦਾ ਪੂਰਾ ਕੀਤਾ।
ਦਸ ਅਕਤੂਬਰ 1964 ਨੂੰ ਗੁਰੂ ਦੱਤ ਦੀ ਮੌਤ ਹੋ ਗਈ। ਉਸ ਸਮੇਂ ਉਸ ਦੀ ਉਮਰ ਸਿਰਫ਼ 39 ਸਾਲ ਸੀ। ਉਸ ਦੀ ਮੌਤ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਚਰਚਾਵਾਂ ਦਾ ਬਾਜ਼ਾਰ ਗਰਮ ਰਿਹਾ। ਕੁਝ ਦਾ ਕਹਿਣਾ ਸੀ ਕਿ ਗੁਰੂ ਦੱਤ ਨੇ ਆਤਮ ਹੱਤਿਆ ਕੀਤੀ ਹੈ ਜਦੋਂਕਿ ਕੁਝ ਇਸ ਨੂੰ ਕੁਦਰਤੀ ਮੌਤ ਮੰਨਦੇ ਹਨ। ਗੁਰੂ ਦੱਤ ਨੇ 1953 ਵਿਚ ਪ੍ਰਸਿੱਧ ਗਾਇਕਾ ਗੀਤਾ ਰਾਏ ਨਾਲ ਵਿਆਹ ਕੀਤਾ। ਸ਼ਾਦੀਸ਼ੁਦਾ ਹੋਣ ਦੇ ਬਾਵਜੂਦ ਗੁਰੂ ਦੱਤ, ਅਦਾਕਾਰਾ ਵਹੀਦਾ ਰਹਿਮਾਨ ਉਤੇ ਫ਼ਿਦਾ ਹੋ ਗਏ ਜਿਸ ਕਾਰਨ ਪਤਨੀ ਗੀਤਾ ਨਾਲ ਸਬੰਧ ਸੁਖਾਵੇਂ ਨਹੀਂ ਰਹੇ। ਮੌਤ ਸਮੇਂ ਨਾ ਤਾਂ ਉਸ ਕੋਲ ਪਤਨੀ ਗੀਤਾ ਸੀ ਅਤੇ ਨਾ ਹੀ ਵਹੀਦਾ ਰਹਿਮਾਨ। ਮੌਤ ਤੋਂ ਪਹਿਲਾਂ ਉਸ ਨੇ ਕਈ ਵਾਰ ਫ਼ੋਨ ਕਰ ਕੇ ਪਤਨੀ ਗੀਤਾ ਨੂੰ ਬੱਚਿਆਂ ਸਹਿਤ ਆ ਕੇ ਮਿਲ ਜਾਣ ਦੀ ਇੱਛਾ ਜ਼ਾਹਿਰ ਕੀਤੀ, ਪਰ ਉਹ ਨਹੀਂ ਆਈ। ਚਰਚਾ ਮੁਤਾਬਿਕ ਉਸ ਰਾਤ ਗੁਰੂ ਦੱਤ ਨੇ ਬਹੁਤ ਜ਼ਿਆਦਾ ਸ਼ਰਾਬ ਪੀਤੀ ਅਤੇ ਨੀਂਦ ਦੀਆਂ ਗੋਲੀਆਂ ਵੀ ਜ਼ਿਆਦਾ ਮਾਤਰਾ ਵਿਚ ਖਾ ਲਈਆਂ ਜੋ ਉਸ ਲਈ ਜਾਨਲੇਵਾ ਸਾਬਿਤ ਹੋਈਆਂ।
-ਕੇ.ਪੀ. ਸਿੰਘਜ਼