ਅੰਮ੍ਰਿਤਸਰ: ਦਮਦਮੀ ਟਕਸਾਲ ਅਤੇ ਸਿੱਖ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂ ਵਾਲੇ ਵਿਚਾਲੇ ਖੜ੍ਹਾ ਹੋਇਆ ਵਿਵਾਦ ਕਿਸੇ ਸਿਰੇ ਲੱਗਣ ਦੀ ਥਾਂ ਹੋਰ ਉਲਝ ਗਿਆ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਦਮਦਮੀ ਟਕਸਾਲ ਨੂੰ ਜ਼ਾਬਤੇ ਵਿਚ ਰਹਿਣ ਦੀ ਦਿੱਤੀ ਸਲਾਹ ਨੇ ਇਸ ਵਿਵਾਦ ਨੂੰ ਹਵਾ ਦੇ ਦਿੱਤੀ ਹੈ।
ਦੱਸ ਦਈਏ ਕਿ ਟਕਸਾਲ ਦੇ ਮੁੱਖ ਬੁਲਾਰੇ ਤੇ ਸ਼੍ਰੋਮਣੀ ਕਮੇਟੀ ਮੈਂਬਰ ਚਰਨਜੀਤ ਸਿੰਘ ਜੱਸੋਵਾਲ ਨੇ ਟਕਸਾਲ ਦੇ ਹੈਡਕੁਆਰਟਰ ਉਤੇ ਇਸ ਸਿੱਖ ਪ੍ਰਚਾਰਕ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ। ਇਸ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਆਉਣ ਪਿੱਛੋਂ ਕੈਪਟਨ ਅਮਰਿੰਦਰ ਸਿੰਘ ਨੇ ਦਮਦਮੀ ਟਕਸਾਲ ਨੂੰ ਆਪਣੀਆਂ ਧਾਰਮਿਕ ਹੱਦਾਂ ਨਾ ਟੱਪਣ ਦੀ ਸਲਾਹ ਦੇ ਦਿੱਤੀ। ਮੁੱਖ ਮੰਤਰੀ ਨੇ ਦਮਦਮੀ ਟਕਸਾਲ ਨੂੰ ਇਹ ਚਿਤਾਵਨੀ ਵੀ ਦੇ ਦਿੱਤੀ ਕਿ ਜੇ ਉਨ੍ਹਾਂ ਨੇ ਅਜਿਹੀਆਂ ਗਤੀਵਿਧੀਆਂ ਨੂੰ ਤੁਰੰਤ ਠੱਲ੍ਹ ਨਾ ਪਾਈ ਤਾਂ ਉਹ ਇਸ ਨੂੰ ਟਕਰਾਅ ਵਾਲੀ ਕਾਰਵਾਈ ਮੰਨਣਗੇ ਅਤੇ ਇਸੇ ਮੁਤਾਬਕ ਹੀ ਜੁਆਬ ਦੇਣਗੇ। ਇਸ ਪਿੱਛੋਂ ਢੱਡਰੀਆਂ ਵਾਲੇ ਦੀ ਸੁਰੱਖਿਆ ਵਿਚ ਵੀ ਵਾਧਾ ਕਰ ਦਿੱਤਾ ਗਿਆ।
ਕੈਪਟਨ ਦੀ ਚਿਤਾਵਨੀ ਨਾਲ ਦਮਦਮੀ ਟਕਸਾਲ ਦਾ ਪਾਰਾ ਚੜ੍ਹ ਗਿਆ। ਟਕਸਾਲ ਦੇ ਮੁਖੀ ਹਰਨਾਮ ਸਿੰਘ ਖਾਲਸਾ ਨੇ ਇਥੋਂ ਤੱਕ ਆਖ ਦਿੱਤਾ ਕਿ ਮੁੱਖ ਮੰਤਰੀ ਦਾ ਬਿਆਨ ਬਹੁਤ ਹੀ ਗੈਰ ਜ਼ਿੰਮੇਵਾਰਾਨਾ ਤੇ ਜਾਣਕਾਰੀ ਤੋਂ ਸੱਖਣਾ ਹੈ ਤੇ ਉਸ ਨੂੰ ਪੰਜਾਬ ਦੇ ਲੋਕਾਂ ਨੇ ਰਣਜੀਤ ਸਿੰਘ ਢੱਡਰੀਆਂ ਵਾਲੇ ਵਰਗੇ ਗੁਰ ਨਿੰਦਕਾਂ ਦੀ ਤਰਫਦਾਰੀ ਕਰਨ ਲਈ ਮੁੱਖ ਮੰਤਰੀ ਨਹੀਂ ਬਣਾਇਆ। ਉਧਰ, ਰਣਜੀਤ ਸਿੰਘ ਢੱਡਰੀਆਂ ਵਾਲੇ ਦਾ ਕਹਿਣਾ ਹੈ ਕਿ ਹਰਨਾਮ ਸਿੰਘ ਧੁੰਮਾਂ ਪਹਿਲਾਂ ਜਨਤਕ ਤੌਰ ਉਤੇ ਮੁਆਫੀ ਮੰਗਣ ਤੇ ਆਪਣੇ ਸਾਥੀਆਂ ਨੂੰ ਗਲਤ ਸ਼ਬਦਾਵਲੀ ਵਰਤਣ ਤੋਂ ਗੁਰੇਜ਼ ਕਰਨ ਲਈ ਆਖਣ ਤਾਂ ਉਹ ਖੁਦ ਹੀ ਹਰਨਾਮ ਸਿੰਘ ਨਾਲ ਗੱਲ ਕਰ ਲੈਣਗੇ।
ਟਕਸਾਲ ਵੱਲੋਂ ਢੱਡਰੀਆਂ ਵਾਲੇ ਨੂੰ ਦਿੱਤੀਆਂ ਜਾ ਰਹੀਆਂ ਸਿੱਧੀਆਂ ਧਮਕੀਆਂ ‘ਤੇ ਸਿੰਘ ਸਾਹਿਬਾਨ, ਸ਼੍ਰੋਮਣੀ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਨੇ ਚੁੱਪ ਵੱਟੀ ਹੋਈ ਹੈ, ਹਾਲਾਂਕਿ ਸੰਤ ਸਮਾਜ ਨੇ ਟਕਸਾਲ ਦੇ ਹੱਕ ਵਿਚ ਖੜ੍ਹਦਿਆਂ ਮੁੱਖ ਮੰਤਰੀ ਨੂੰ ਸਿੱਖਾਂ ਦੇ ਮਸਲਿਆਂ ਵਿਚ ਦਖਲ ਨਾ ਦੇਣ ਦੀ ਨਸੀਹਤ ਦਿੱਤੀ ਹੈ। ਇਸੇ ਦੌਰਾਨ ਟਕਸਾਲ ਪ੍ਰਚਾਰਕ ਦੀਆਂ ਧਮਕੀਆਂ ਤੋਂ ਆਪਣੇ ਆਪ ਨੂੰ ਵੱਖ ਕਰਨ ਵਿਚ ਰੁੱਝਾ ਹੋਇਆ ਹੈ। ਦੱਸ ਦਈਏ ਕਿ ਦੋ ਸਾਲ ਪਹਿਲਾਂ ਢੱਡਰੀਆਂ ਵਾਲੇ ‘ਤੇ ਜਾਨਲੇਵਾ ਹਮਲਾ ਹੋਇਆ ਸੀ। ਇਸ ਹਮਲੇ ਪਿੱਛੇ ਦਮਦਮੀ ਟਕਸਾਲ ਦਾ ਹੱਥ ਹੋਣ ਦਾ ਪਤਾ ਲੱਗਾ ਸੀ। ਉਸ ਸਮੇਂ ਸੂਬੇ ਵਿਚ ਅਕਾਲੀਆਂ ਦੀ ਸਰਕਾਰ ਸੀ, ਜਿਸ ਕਾਰਨ ਇਸ ਮਾਮਲੇ ਨੂੰ ਰਫਾ ਦਫਾ ਕਰਨ ‘ਤੇ ਹੀ ਜ਼ੋਰ ਦਿੱਤਾ ਗਿਆ। ਇਸ ਪਿੱਛੋਂ ਢੱਡਰੀਆਂ ਵਾਲੇ ਦੇ ਦੀਵਾਨਾਂ ਨੂੰ ਲੈ ਕੇ ਕਾਫੀ ਵਾਰ ਵਿਵਾਦ ਹੋਇਆ।
ਅਕਾਲ ਤਖਤ ਦੇ ਜਥੇਦਾਰ ਦੇ ਦਖਲ ਕਾਰਨ ਢੱਡਰੀਆਂ ਵਾਲੇ ਨੂੰ ਕਈ ਵਾਰ ਆਪਣੇ ਦੀਵਾਨ ਐਨ ਮੌਕੇ ‘ਤੇ ਰੱਦ ਕਰਨੇ ਪਏ। ਢੱਡਰੀਆਂ ਵਾਲੇ ‘ਤੇ ਸੰਗਤ ਨੂੰ ਗੁੰਮਰਾਹ ਕਰਨ ਦੇ ਦੋਸ਼ ਲੱਗਦੇ ਆਏ ਹਨ। ਇਸ ਤੋਂ ਪਹਿਲਾਂ ਵੀ ਕਈ ਟਕਸਾਲ ਆਗੂ ਇਸ ਪ੍ਰਚਾਰਕ ਦਾ ਖੁੱਲ੍ਹ ਕੇ ਵਿਰੋਧ ਕਰ ਚੁੱਕੇ ਹਨ। ਹੁਣ ਸੋਸ਼ਲ ਮੀਡੀਆ ‘ਤੇ ਇਸ ਵਿਵਾਦ ਦੇ ਹੱਲ ਦੀ ਥਾਂ ਤਲਖ, ਉਕਸਾਊ ਤੇ ਧਮਕੀ ਭਰੇ ਦਿੱਤੇ ਭਾਸ਼ਣ ਨੇ ਟਕਸਾਲ ਨੂੰ ਵੀ ਕਸੂਤੀ ਸਥਿਤੀ ‘ਚ ਫਸਾ ਦਿੱਤਾ ਹੈ ਤੇ ਜੂਨ ਮਹੀਨੇ ਦੇ ਘੱਲੂਘਾਰਾ ਹਫਤੇ ਤੋਂ ਪਹਿਲਾਂ ਹੀ ਇਸ ਵੀਡੀਉ ਨੇ ਪੰਥਕ ਮਾਹੌਲ ਨੂੰ ਵੀ ਭਖਾ ਦਿੱਤਾ ਹੈ। ਮੁੱਖ ਮੰਤਰੀ ਵੱਲੋਂ ਇਸ ਬਾਰੇ ਲਏ ਗਏ ਸਖਤ ਨੋਟਿਸ ਤੋਂ ਬਾਅਦ ਹੁਣ ਭਾਵੇਂ ਟਕਸਾਲ ਕੈਪਟਨ ਅਮਰਿੰਦਰ ਸਿੰਘ ਦਾ ਤਾਂ ਵਿਰੋਧ ਕਰ ਰਹੀ ਹੈ, ਪਰ ਉਸ ਵੱਲੋਂ ਆਪਣੇ ਮੁੱਖ ਬੁਲਾਰੇ ਦੇ ਵਿਚਾਰਾਂ ਦੀ ਪ੍ਰੋੜ੍ਹਤਾ ਕਰਨ ਤੋਂ ਪੂਰੀ ਤਰ੍ਹਾਂ ਟਾਲਾ ਵੱਟਿਆ ਜਾ ਰਿਹਾ ਹੈ।