ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਵਸ ਅਤੇ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ ਪਾਕਿਸਤਾਨ ਸਥਿਤ ਗੁਰਧਾਮਾਂ ਦੀ ਯਾਤਰਾ ਵਾਸਤੇ ਜਥੇ ਭੇਜਣ ਲਈ ਤਿਆਰੀ ਕੀਤੀ ਜਾ ਰਹੀ ਹੈ ਪਰ ਯਾਤਰਾ ‘ਤੇ ਜਾਣ ਵਾਲੇ ਸ਼ਰਧਾਲੂਆਂ ਵਾਸਤੇ ਨਿਯਮਾਂ ਵਿਚ ਫਿਲਹਾਲ ਕੋਈ ਸੋਧ ਨਹੀਂ ਕੀਤੀ ਗਈ ਹੈ ਅਤੇ ਸ਼ਰਧਾਲੂ ਪਹਿਲਾਂ ਵਾਂਗ ਹੀ ਯਾਤਰਾ ਉਤੇ ਜਾਣਗੇ।
ਦੱਸਣਯੋਗ ਹੈ ਕਿ ਵਿਸਾਖੀ ਮੌਕੇ ਪਾਕਿਸਤਾਨ ਦੀ ਯਾਤਰਾ ਉਤੇ ਗਏ ਸ਼ਰਧਾਲੂਆਂ ਦੇ ਜਥੇ ਵਿਚੋਂ ਕਿਰਨ ਬਾਲਾ ਨਾਂ ਦੀ ਔਰਤ ਨੇ ਪਾਕਿਸਤਾਨ ਪੁੱਜ ਕੇ ਆਪਣਾ ਧਰਮ ਤਬਦੀਲ ਕਰ ਲਿਆ ਸੀ ਅਤੇ ਲਾਹੌਰ ਵਾਸੀ ਨੌਜਵਾਨ ਨਾਲ ਨਿਕਾਹ ਕਰ ਲਿਆ ਸੀ। ਇਸੇ ਤਰ੍ਹਾਂ ਇਕ ਪੰਜਾਬੀ ਨੌਜਵਾਨ ਵੀ ਜਥੇ ਵਿਚੋਂ ਗਾਇਬ ਹੋ ਗਿਆ ਸੀ, ਜਿਸ ਨੂੰ ਬਾਅਦ ਵਿਚ ਬਰਾਮਦ ਕਰ ਕੇ ਭਾਰਤ ਭੇਜਿਆ ਗਿਆ ਸੀ। ਇਹ ਦੋਵੇਂ ਹੀ ਸ਼੍ਰੋਮਣੀ ਕਮੇਟੀ ਦੇ ਜਥੇ ਰਾਹੀਂ ਪਾਕਿਸਤਾਨ ਗਏ ਸਨ। ਇਸ ਪਿੱਛੋਂ ਸ਼੍ਰੋਮਣੀ ਕਮੇਟੀ ਵੱਲੋਂ ਭੇਜੇ ਜਾਂਦੇ ਸ਼ਰਧਾਲੂਆਂ ਦੀ ਜਾਂਚ-ਪੜਤਾਲ ਨੂੰ ਲੈ ਕੇ ਕਾਫੀ ਸਵਾਲ ਉਠੇ ਸਨ। ਸ਼੍ਰੋਮਣੀ ਕਮੇਟੀ ਨੂੰ ਵੀ ਇਸ ਕਾਰਨ ਕਾਫੀ ਨੁਕਤਾਚੀਨੀ ਦਾ ਸਾਹਮਣਾ ਕਰਨਾ ਪਿਆ ਸੀ।
ਇਨ੍ਹਾਂ ਘਟਨਾਵਾਂ ਤੋਂ ਬਾਅਦ ਸ਼੍ਰੋਮਣੀ ਕਮੇਟੀ ਵੱਲੋਂ ਇਸ ਮਾਮਲੇ ਦੀ ਪੜਤਾਲ ਲਈ ਕਮੇਟੀ ਬਣਾਈ ਗਈ ਸੀ, ਜਿਸ ਦੀ ਹੁਣ ਤੱਕ ਸਿਰਫ ਇਕ ਮੀਟਿੰਗ ਹੋਈ ਹੈ। ਇਸ ਕਾਰਨ ਕੋਈ ਫੈਸਲਾ ਨਹੀਂ ਕੀਤਾ ਜਾ ਸਕਿਆ ਤੇ ਸਿੱਖ ਜਥੇ ਅਜੇ ਪਾਕਿਸਤਾਨ ਗੁਰਧਾਮਾਂ ਦੇ ਦਰਸ਼ਨ ਕਰਨ ਲਈ ਪੁਰਾਣੇ ਨਿਯਮਾਂ ਤਹਿਤ ਹੀ ਜਾ ਸਕਣਗੇ। ਦੱਸ ਦਈਏ ਕਿ ਸ਼੍ਰੋਮਣੀ ਕਮੇਟੀ ਵੱਲੋਂ ਨਵੇਂ ਨਿਯਮਾਂ ਵਿਚ ਦਾਅਵਾ ਕੀਤਾ ਗਿਆ ਸੀ ਕਿ ਹੁਣ ਅੰਮ੍ਰਿਤਧਾਰੀ ਸਿੱਖ ਹੀ ਕਮੇਟੀ ਦੀ ਸਿਫਾਰਸ਼ ‘ਤੇ ਪਾਕਿਸਤਾਨ ਜਾ ਸਕਣਗੇ, ਪਰ ਫਿਲਹਾਲ ਇਹ ਨਿਯਮਾਂ ਲਾਗੂ ਨਹੀਂ ਹੋ ਸਕੇ।
ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ 16 ਜੂਨ ਨੂੰ ਅਤੇ ਸੋਧੇ ਹੋਏ ਨਾਨਕਸ਼ਾਹੀ ਕੈਲੰਡਰ ਅਨੁਸਾਰ 17 ਜੂਨ ਨੂੰ ਮਨਾਇਆ ਜਾ ਰਿਹਾ ਹੈ। ਸ਼੍ਰੋਮਣੀ ਕਮੇਟੀ ਵੱਲੋਂ ਇਹ ਜਥਾ 9 ਜੂਨ ਤੋਂ 18 ਜੂਨ ਤੱਕ ਪਾਕਿਸਤਾਨ ਸਥਿਤ ਗੁਰਧਾਮਾਂ ਦੀ ਯਾਤਰਾ ਲਈ ਭੇਜਿਆ ਜਾਵੇਗਾ। ਵੇਰਵਿਆਂ ਮੁਤਾਬਕ ਜਥੇ ਨਾਲ ਜਾਣ ਵਾਸਤੇ 118 ਸਿੱਖ ਸ਼ਰਧਾਲੂਆਂ ਵੱਲੋਂ ਬਿਨੈ ਪੱਤਰ ਦਿੱਤੇ ਗਏ ਸਨ ਪਰ ਸ਼੍ਰੋਮਣੀ ਕਮੇਟੀ ਵੱਲੋਂ ਅੱਧ ਅਧੂਰੇ ਬਿਨੈ ਪੱਤਰ ਤੇ ਪਾਸਪੋਰਟ ਵਾਲੇ ਸ਼ਰਧਾਲੂਆਂ ਨੂੰ ਛੱਡ ਕੇ ਲਗਭਗ 81 ਸ਼ਰਧਾਲੂਆਂ ਦੇ ਨਾਂ ਵੀਜ਼ੇ ਵਾਸਤੇ ਭੇਜੇ ਗਏ ਹਨ।