ਨਿਪਾਹ ਵਾਇਰਸ ਦੇ ਲਪੇਟੇ ਵਿਚ ਭਾਰਤ

ਚੰਡੀਗੜ੍ਹ: ਨਿਪਾਹ ਨਾਂ ਦੇ ਵਾਇਰਸ ਨੇ ਪੂਰੀ ਦੁਨੀਆਂ ਵਿਚ ਦਹਿਸ਼ਤ ਪੈਦਾ ਕੀਤੀ ਹੋਈ ਹੈ। ਭਾਰਤ ਵਿਚ ਇਸ ਬਿਮਾਰੀ ਨਾਲ ਹੁਣ ਤੱਕ 12 ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ। ਹੁਣ ਇਹ ਵਾਇਰਸ ਦੇਸ਼ ਦੇ ਵੱਖ-ਵੱਖ ਸੂਬਿਆਂ ਅੰਦਰ ਵੀ ਫੈਲ ਰਿਹਾ ਹੈ। ਚਮਗਿੱਦੜਾਂ ਅੰਦਰ ਪਾਇਆ ਜਾਣ ਵਾਲਾ ਇਹ ਵਾਇਰਸ ਮੌਜੂਦਾ ਰਿਪੋਰਟ ਅਨੁਸਾਰ ਜੰਮੂ-ਕਸ਼ਮੀਰ, ਗੋਆ, ਰਾਜਸਥਾਨ, ਗੁਜਰਾਤ, ਤੇਲੰਗਾਨਾ ਤੇ ਹਿਮਾਚਲ ਪ੍ਰਦੇਸ਼ ਤੱਕ ਪਹੁੰਚ ਚੁੱਕਾ ਹੈ। ਜੇਕਰ ਇਹ ਵਾਇਰਸ ਇਨ੍ਹਾਂ ਸੂਬਿਆਂ ਅੰਦਰ ਪਹੁੰਚਿਆ ਹੈ ਤਾਂ ਹੌਲੀ-ਹੌਲੀ ਇਹ ਆਪਣੇ ਗੁਆਂਢੀ ਸੂਬਿਆਂ ਅੰਦਰ ਵੀ ਪਹੁੰਚ ਸਕਦਾ ਹੈ।

ਵਰਲਡ ਹੈਲਥ ਆਰਗੇਨਾਈਜ਼ੇਸ਼ਨ ਮੁਤਾਬਕ ਇਹ ਵਾਇਰਸ 1999 ਵਿਚ ਕੰਪੂਗ ਸ਼ਿੰਗਾਈ ਨਿਪਾਹ (ਮਲੇਸ਼ੀਆ) ਵਿਚ ਇਕ ਸੂਰਾਂ ਦੇ ਫਾਰਮ ਤੋਂ ਪਹਿਲੀ ਵਾਰ ਪਾਇਆ ਗਿਆ, ਪਰ ਉਸ ਤੋਂ ਬਾਅਦ ਹੁਣ ਤੱਕ ਇਸ ਜਗ੍ਹਾ ਉਤੇ ਇਹ ਵਾਇਰਸ ਹੋਣ ਦੇ ਕੋਈ ਸਬੂਤ ਨਹੀਂ ਮਿਲੇ। 2001 ਵਿਚ ਇਹ ਵਾਇਰਸ ਬੰਗਲਾਦੇਸ਼ ਵਿਚ ਪਾਇਆ ਗਿਆ ਤੇ ਬਾਅਦ ਵਿਚ ਇਹ ਪੂਰਬੀ ਭਾਰਤ ਪਹੁੰਚਿਆ। ਮਲੇਸ਼ੀਆ ਦੇ ਕੰਪੂਗ ਸ਼ਿੰਗਾਈ ਨਿਪਾਹ ਤੋਂ ਪਹਿਲੀ ਵਾਰ ਇਹ ਵਾਇਰਸ ਮਿਲਣ ਕਾਰਨ ਇਸ ਨੂੰ ਨਿਪਾਹ ਵਾਇਰਸ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਹ ਵਾਇਰਸ ਉਨ੍ਹਾਂ ਦੇਸ਼ਾਂ ਜਾਂ ਇਲਾਕਿਆਂ ਵਿਚ ਜ਼ਿਆਦਾ ਸਾਹਮਣੇ ਆਉਣ ਲੱਗਾ, ਜਿਥੇ ਚਮਗਿੱਦੜਾਂ ਦੀ ਗਿਣਤੀ ਜ਼ਿਆਦਾ ਸੀ, ਉਨ੍ਹਾਂ ਜਗ੍ਹਾ ਤੋਂ ਹੀ ਜਾਨਵਰਾਂ, ਪੰਛੀਆਂ ਆਦਿ ਤੋਂ ਫੈਲਦਾ ਹੋਇਆ ਇਹ ਵਾਇਰਸ ਬਾਕੀ ਥਾਂਵਾਂ ਉਤੇ ਪਹੁੰਚਿਆ। ਉਨ੍ਹਾਂ ਦੇ ਸੰਪਰਕ ਵਿਚ ਆਉਣ ਵਾਲੇ ਪੰਛੀਆਂ ਤੇ ਫਿਰ ਮਨੁੱਖਾਂ ਅੰਦਰ ਇਹ ਵਾਇਰਸ ਆਉਂਦਾ ਗਿਆ।
ਅੰਕੜਿਆਂ ਮੁਤਾਬਕ ਸਾਲ 2001 ‘ਚ ਸ਼ਿੰਗਾਈ ਵੈਸਟ ਬੰਗਾਲ ਵਿਚ ਇਸ ਵਾਇਰਸ ਦੇ ਪ੍ਰਭਾਵ ਹੇਠ ਕੁੱਲ 66 ਵਿਅਕਤੀ ਆਏ, ਜਿਨ੍ਹਾਂ ਵਿਚੋਂ 45 ਦੀ ਮੌਤ ਹੋ ਗਈ। ਇਸੇ ਤਰ੍ਹਾਂ ਹੀ 2011 ‘ਚ ਬੰਗਲਾਦੇਸ਼ ਅੰਦਰ ਕੁੱਲ 56 ਲੋਕ ਇਸ ਵਾਇਰਸ ਦੇ ਪ੍ਰਭਾਵ ਹੇਠ ਆਏ, ਜਿਨ੍ਹਾਂ ਵਿਚੋਂ ਕੁੱਲ 45 ਦੀ ਮੌਤ ਹੋ ਗਈ। ਇਹ ਵਾਇਰਸ ਇਕ ਵਿਅਕਤੀ ਤੋਂ ਦੂਜੇ ਦੇ ਸੰਪਰਕ ਵਿਚ ਆਉਣ ਨਾਲ ਫੈਲਦਾ ਹੈ। ਬੰਗਲਾਦੇਸ਼ ਅੰਦਰ 2001 ਤੋਂ 2008 ਤੱਕ 75 ਫੀਸਦੀ ਉਹ ਲੋਕ ਸਨ, ਜੋ ਹਸਪਤਾਲਾਂ ਅੰਦਰ ਕੰਮ ਕਰਦੇ ਸਨ ਜਾਂ ਉਹ ਲੋਕ ਜੋ ਮਰੀਜ਼ਾਂ ਦੇ ਸਕੇ ਸਬੰਧੀ ਸਨ।
ਸ਼ੁਰੂ ਵਿਚ ਮਰੀਜ਼ ਨੂੰ ਬੁਖਾਰ, ਸਿਰ ਦਰਦ, ਉਲਟੀਆਂ ਤੇ ਬੇਹੋਸ਼ੀ ਹੋ ਸਕਦੀ ਹੈ। ਉਸ ਤੋਂ ਬਾਅਦ ਮਰੀਜ਼ ਨੂੰ ਮਿਰਗੀ ਦੀ ਬਿਮਾਰੀ ਦੀ ਤਰ੍ਹਾਂ ਦੌਰੇ ਵੀ ਪੈਂਦੇ ਹਨ ਤੇ ਇਸ ਤੋਂ ਬਾਅਦ ਸਿਰ ਨੂੰ ਬੁਖਾਰ ਹੁੰਦਾ ਹੈ। ਇਹ ਲੱਛਣ ਮਨੁੱਖੀ ਸਰੀਰ ਵਿਚ 10 ਤੋਂ 12 ਦਿਨਾਂ ਤੱਕ ਦਿਖਾਈ ਦਿੰਦੇ ਹਨ। ਇਸ ਤੋਂ ਬਾਅਦ ਮਨੁੱਖ ਹੌਲੀ-ਹੌਲੀ ਆਪਣੀ ਸੁੱਧ-ਬੁੱਧ ਭੁੱਲਣ ਲੱਗ ਜਾਂਦਾ ਹੈ ਤੇ ਅੰਤ ਵਿਚ ਮਰੀਜ਼ ਨੂੰ ਦਿਮਾਗੀ ਬੁਖਾਰ ਹੋਣ ਨਾਲ ਉਸ ਦੀ ਮੌਤ ਹੋ ਜਾਂਦੀ ਹੈ।
ਇਹ ਵਾਇਰਸ ਪੰਛੀਆਂ ਤੋਂ ਪਸ਼ੂਆਂ ਅੰਦਰ ਤੇ ਫਿਰ ਪਸ਼ੂਆਂ ਤੋਂ ਹੋਰਨਾਂ ਪਸ਼ੂਆਂ ਅੰਦਰ ਫੈਲਦਾ ਹੈ ਜੋ ਬਾਅਦ ਵਿਚ ਪੰਛੀਆਂ ਅਤੇ ਪਸ਼ੂਆਂ ਦੇ ਸੰਪਰਕ ਹੇਠ ਆਉਣ ਵਾਲੇ ਮਨੁੱਖਾਂ ਅੰਦਰ ਫੈਲਦਾ ਹੈ ਤੇ ਫਿਰ ਮਨੁੱਖ ਤੋਂ ਦੂਜੇ ਮਨੁੱਖ ਅੰਦਰ ਫੈਲ ਜਾਂਦਾ ਹੈ। ਇਸ ਤੋਂ ਇਲਾਵਾ ਇਹ ਵਾਇਰਸ ਫਲ ਅਤੇ ਸਬਜ਼ੀਆਂ ਰਾਹੀਂ ਵੀ ਫੈਲਣ ਦਾ ਖਦਸ਼ਾ ਬਣਿਆ ਰਹਿੰਦਾ ਹੈ। ਇਸ ਵਾਇਰਸ ਤੋਂ ਗ੍ਰਸਤ ਜੇਕਰ ਕੋਈ ਜਾਨਵਰ ਵੱਲੋਂ ਫਲ ਜਾਂ ਸਬਜ਼ੀ ਨੂੰ ਦੰਦਾਂ ਨਾਲ ਟੁੱਕ ਦਿੱਤਾ ਜਾਂਦਾ ਹੈ ਤਾਂ ਇਹ ਵਾਇਰਸ ਫਲ ਤੇ ਸਬਜ਼ੀ ਵਿਚ ਵੀ ਪ੍ਰਵੇਸ਼ ਕਰ ਜਾਂਦਾ ਹੈ ਤੇ ਫਿਰ ਮਨੁੱਖ ਵੱਲੋਂ ਇਸ ਦਾ ਸੇਵਨ ਕਰਨ ਉਤੇ ਮਨੁੱਖ ਵੀ ਇਸ ਦੀ ਲਪੇਟ ਵਿਚ ਆ ਸਕਦਾ ਹੈ।
____________________
ਦੁਬਈ ਦੇ ਉਦਮੀਆਂ ਨੇ ਚੁੱਕਿਆ ਲਿਨੀ ਦੇ ਪਰਿਵਾਰ ਦਾ ਜ਼ਿੰਮਾ
ਦੁਬਈ: ਕੇਰਲਾ ਵਿਚ ਨਿਪਾਹ ਵਾਇਰਸ ਨਾਲ ਪੀੜਤ ਮਰੀਜ਼ਾਂ ਦਾ ਇਲਾਜ ਕਰਦਿਆਂ ਮਾਰੀ ਗਈ ਨਰਸ ਦੇ ਬੱਚਿਆਂ ਦੀ ਮਦਦ ਲਈ ਦੋ ਦੁਬਈ ਅਧਾਰਤ ਉਦਮੀ ਅੱਗੇ ਆਏ ਹਨ। ਆਬੂ ਧਾਬੀ ਦੇ ਰਹਿਣ ਵਾਲੇ ਇਨ੍ਹਾਂ ਉਦਮੀਆਂ ਨੇ ਲਿਨੀ ਵੱਲੋਂ ਕੀਤੇ ਤਿਆਗ ਨੂੰ ਸਲਾਮ ਕੀਤਾ ਹੈ। ਐਵੀਟੀਜ਼ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ ਦੇ ਐਗਜ਼ੀਕਿਉੂਟਿਵ ਡਾਇਰੈਕਟਰਾਂ ਸਾਨਥੀ ਪਰਾਮੋਟ ਅਤੇ ਜਿਓਥੀ ਪੱਲਤ ਨੇ ਖਲੀਜ਼ ਟਾਈਮਜ਼ ਨੂੰ ਦੱਸਿਆ ਕਿ ਉਨ੍ਹਾਂ ਲਿਨੀ ਦੇ ਬੱਚਿਆਂ ਦੀ ਪੜ੍ਹਾਈ ਦਾ ਜ਼ਿੰਮਾ ਚੁੱਕਿਆ ਹੈ।
__________________
ਬੀਰਦਵਿੰਦਰ ਨੇ ਉਠਾਇਆ ਚਮਗਿੱਦੜਾਂ ਦਾ ਮਾਮਲਾ
ਪਟਿਆਲਾ: ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਬੀਰਦਵਿੰਦਰ ਸਿੰਘ ਕਿਹਾ ਕਿ ਇਹ ਵਾਇਰਸ ਚਮਗਿੱਦੜਾਂ ਅਤੇ ਚਾਮਚੜਿੱਕਾਂ ਸਮੇਤ ਇਨ੍ਹਾਂ ਦੀਆਂ ਨਸਲਾਂ ਦੀਆਂ ਹੋਰ ਉਪਜਾਤੀਆਂ ਵਿਚ ਵੀ ਪਾਇਆ ਜਾਂਦਾ ਹੈ। ਉਨ੍ਹਾਂ ਇਸ ਸਬੰਧੀ ਪੰਜਾਬ ਸਰਕਾਰ ਅਤੇ ਪਟਿਆਲਾ ਦੇ ਜਿਲ੍ਹਾ ਪ੍ਰਸ਼ਾਸਨ ਨੂੰ ਚੌਕਸ ਕਰਦਿਆਂ ਕਿਹਾ ਕਿ ਪਟਿਆਲਾ ਸ਼ਹਿਰ ਵਿਚ ਵੀ ਚਮਗਿੱਦੜਾਂ ਤੇ ਚਾਮਚੜਿੱਕਾਂ ਦੀ ਭਰਮਾਰ ਹੈ।