ਮਿਸ਼ਨ 2019: ਨਵੇਂ ਸਰਵੇਖਣ ਨੇ ਕੀਤੀ ਭਾਜਪਾ ਦੀ ਨੀਂਦ ਹਰਾਮ

ਨਵੀਂ ਦਿੱਲੀ: ਇਕ ਤਾਜ਼ਾ ਸਰਵੇਖਣ ਨੇ ਮਿਸ਼ਨ 2019 ਫਤਿਹ ਕਰਨ ਦੇ ਸੁਪਨੇ ਵੇਖ ਰਹੀ ਭਾਜਪਾ ਦੀ ਨੀਂਦ ਉਡਾ ਦਿੱਤੀ ਹੈ। Ḕਏ.ਬੀ.ਪੀ. ਨਿਊਜ਼’ ਨੇ ਸਰਵੇਖਣ ਏਜੰਸੀ ਸੀ.ਏ.ਐਸ਼ਡੀ.ਐਸ਼ ਨਾਲ ਮਿਲ ਕੇ ਬਹੁਤ ਵੱਡਾ ਖੁਲਾਸਾ ਕੀਤਾ ਹੈ। ਇਸ ਮੁਤਾਬਕ ਸਾਲ 2014 ਵਿਚ ਵੱਡੇ ਫਰਕ ਨਾਲ ਬਹੁਮਤ ਹਾਸਲ ਕਰ ਕੇ ਸੱਤਾ ਵਿਚ ਆਏ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ ਜਾਦੂ ਘਟ ਗਿਆ ਹੈ।

ਸਰਵੇਖਣ ਮੁਤਾਬਕ ਨਰੇਂਦਰ ਮੋਦੀ 2019 ਵਿਚ ਇਕ ਵਾਰ ਫਿਰ ਪ੍ਰਧਾਨ ਮੰਤਰੀ ਦੀ ਕੁਰਸੀ ਉਤੇ ਬੈਠ ਸਕਦੇ ਹਨ ਪਰ, ਉਥੇ ਹੀ ਇਹ ਵੀ ਸਾਫ ਹੋਇਆ ਹੈ ਕਿ ਭਾਜਪਾ ਇਕੱਲੇ ਆਪਣੇ ਦਮ ਉਤੇ ਸਰਕਾਰ ਨਹੀਂ ਬਣਾ ਸਕੇਗੀ, ਸਗੋਂ ਉਸ ਨੂੰ ਬਹੁਮਤ ਜੁਟਾਉਣ ਲਈ ਸਾਥੀਆਂ ਦੀ ਲੋੜ ਹੋਵੇਗੀ।
19 ਸੂਬਿਆਂ ਵਿਚ ਕੀਤੇ ਗਏ ਸਰਵੇਖਣ ਮੁਤਾਬਕ ਜੇਕਰ ਹੁਣੇ ਚੋਣਾਂ ਹੁੰਦੀਆਂ ਹਨ ਤਾਂ ਐਨ.ਡੀ.ਏ. ਦੇ ਹਿੱਸੇ 37 ਫੀਸਦੀ, ਯੂ.ਪੀ.ਏ. ਦੇ ਹਿੱਸੇ 31 ਤੇ ਹੋਰਾਂ ਦੇ ਹਿੱਸੇ 32 ਫੀਸਦੀ ਵੋਟ ਵੰਡਿਆ ਜਾਵੇਗਾ। ਸਾਲ 2014 ਵਿਚ ਐਨ.ਡੀ.ਏ. ਦੇ ਹਿੱਸੇ 36 ਫੀਸਦੀ, ਯੂ.ਪੀ.ਏ. ਦੇ ਹਿੱਸੇ 25 ਤੇ ਹੋਰਾਂ ਦੇ ਹਿੱਸੇ 39 ਫੀਸਦੀ ਵੋਟ ਆਇਆ ਸੀ। ਯੂ.ਪੀ.ਏ. ਨੂੰ ਛੇ ਫੀਸਦੀ ਵੋਟ ਬੈਂਕ ਦਾ ਫਾਇਦਾ ਹੋਣ ਦੀ ਆਸ ਹੈ। 543 ਲੋਕ ਸਭਾ ਸੀਟਾਂ ਉਤੇ ਜੇਕਰ ਅੱਜ ਚੋਣਾਂ ਹੁੰਦੀਆਂ ਹਨ ਤਾਂ ਐਨ.ਡੀ.ਏ. ਨੂੰ 274, ਯੂ.ਪੀ.ਏ. ਨੂੰ 164 ਤੇ ਹੋਰਾਂ ਨੂੰ 105 ਸੀਟਾਂ ਮਿਲਣ ਦੀ ਆਸ ਹੈ। ਸਾਲ 2014 ਦੇ ਮੁਕਾਬਲੇ ਐਨ.ਡੀ.ਏ. ਨੂੰ 49 ਸੀਟਾਂ ਦਾ ਘਾਟਾ ਪੈ ਸਕਦਾ ਹੈ ਤੇ ਯੂ.ਪੀ.ਏ. ਨੂੰ 104 ਸੀਟਾਂ ਦਾ ਫਾਇਦਾ ਹੁੰਦਾ ਵਿਖਾਈ ਦੇ ਰਿਹਾ ਹੈ। ਹੋਰ ਪਾਰਟੀਆਂ ਦੀ ਗੱਲ ਕਰੀਏ ਤਾਂ ਉਨ੍ਹਾਂ ਨੂੰ 48 ਸੀਟਾਂ ਦਾ ਨੁਕਸਾਨ ਹੋ ਸਕਦਾ ਹੈ।
ਮੋਦੀ ਦੀ ਪ੍ਰਸਿੱਧੀ ਮਈ 2014 ਵਿਚ 36 ਫੀਸਦੀ, ਮਈ 2017 ਵਿਚ 44, ਜਨਵਰੀ 2018 ਵਿਚ 37 ਅਤੇ ਹੁਣ 34 ਫੀਸਦੀ ਹੈ। ਰਾਹੁਲ ਗਾਂਧੀ ਦੀ ਪ੍ਰਸਿੱਧੀ ਮਈ 2014- 16, ਮਈ 2017- 09 ਜਨਵਰੀ 2018- 20 ਅਤੇ ਹੁਣ 24 ਫੀਸਦੀ ਹੈ। ਜਿਥੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਪ੍ਰਸਿੱਧੀ ਘਟੀ ਹੈ, ਉਥੇ ਹੀ ਕਾਂਗਰਸ ਮੁਖੀ ਰਾਹੁਲ ਗਾਂਧੀ ਵੱਧ ਹਰਮਨ ਪਿਆਰੇ ਹੋਏ ਹਨ।
ਸਰਵੇਖਣ ਮੁਤਾਬਕ ਉਤਰ ਪ੍ਰਦੇਸ਼ ਵਿਚ ਸਮਾਜਵਾਦੀ ਪਾਰਟੀ ਤੇ ਬਹੁਜਨ ਸਮਾਜ ਪਾਰਟੀ ਦਾ ਗਠਜੋੜ ਭਾਜਪਾ ਨੂੰ ਕਰੜੀ ਚੁਣੌਤੀ ਦੇਵੇਗਾ। ਇਥੇ ਬੀ.ਜੇ.ਪੀ. ਦੇ ਵੋਟ ਸ਼ੇਅਰ ਵਿਚ ਅੱਠ ਫੀਸਦੀ ਕਮੀ ਜਦ ਕਿ ਕਾਂਗਰਸ ਨੂੰ ਚਾਰ ਫੀਸਦੀ ਫਾਇਦਾ ਵੀ ਮਿਲੇਗਾ। ਸਰਵੇਖਣ ਦੇ ਅੰਕੜਿਆਂ ਮੁਤਾਬਕ ਜੇਕਰ ਅੱਜ ਲੋਕ ਸਭਾ ਚੋਣਾਂ ਹੁੰਦੀਆਂ ਹਨ ਤਾਂ ਸਮਾਜਵਾਦੀ ਪਾਰਟੀ ਨੂੰ ਸਭ ਤੋਂ ਵੱਧ ਫਾਇਦਾ ਮਿਲੇਗਾ। ਸਪਾ ਦਾ ਮੱਤ ਅਨੁਪਾਤ 27 ਫੀਸਦੀ, ਬਸਪਾ ਦਾ 19, ਬੀ.ਜੇ.ਪੀ. 35 ਤੇ ਕਾਂਗਰਸ 12 ਫੀਸਦੀ ਰਹਿਣ ਦੀ ਆਸ ਹੈ।
____________________
ਰਾਜਸਥਾਨ ‘ਚ ਭਾਜਪਾ ਉਤੇ ਸੰਕਟ
ਨਵੀਂ ਦਿੱਲੀ: ਇਸ ਸਾਲ ਦੇ ਅਖੀਰ ਵਿਚ ਰਾਜਸਥਾਨ ਦੀਆਂ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਸਰਵੇਖਣ ਮੁਤਾਬਕ ਆਉਣ ਵਾਲੀਆਂ ਚੋਣਾਂ ਵਿਚ ਰਾਜਸਥਾਨ ਵਿਚ ਵੋਟ ਸ਼ੇਅਰ ਦੇ ਮਾਮਲੇ ਵਿਚ ਕਾਂਗਰਸ ਸਭ ਤੋਂ ਵੱਡੀ ਪਾਰਟੀ ਬਣ ਕੇ ਉਭਰ ਸਕਦੀ ਹੈ। ਕਾਂਗਰਸ ਦਾ ਵੋਟ ਸ਼ੇਅਰ 44 ਫੀਸਦੀ ਹੋਣ ਦੀ ਉਮੀਦ ਹੈ। ਇਸ ਦੇ ਨਾਲ ਹੀ ਭਾਜਪਾ 39 ਫੀਸਦੀ ਦੇ ਵੋਟ ਸ਼ੇਅਰ ਨਾਲ ਦੂਜੇ ਨੰਬਰ ਦੀ ਪਾਰਟੀ ਬਣ ਸਕਦੀ ਹੈ।
________________________
ਇੰਜ ਹੋਇਆ ਸਰਵੇਖਣ
ਮੋਦੀ ਸਰਕਾਰ ਦੇ ਚਾਰ ਸਾਲ ਪੂਰੇ ਹੋਣ ਉਤੇ ਏ.ਬੀ.ਪੀ. ਨਿਊਜ਼ ਨੇ ਦੇਸ਼ ਦਾ ਮੂਡ ਜਾਣਨ ਦੀ ਕੋਸ਼ਿਸ਼ ਕੀਤੀ ਹੈ। ਇਹ ਸਰਵੇਖਣ 28 ਅਪਰੈਲ 2018 ਤੋਂ 17 ਮਈ 2018 ਦਰਮਿਆਨ ਕੀਤਾ ਗਿਆ ਹੈ। 19 ਸੂਬਿਆਂ ਵਿਚ 700 ਥਾਵਾਂ ਤੋਂ 175 ਵਿਧਾਨ ਸਭਾ ਸੀਟਾਂ ਉਤੇ ਜਾ ਕੇ 15,859 ਲੋਕਾਂ ਦੀ ਰਾਏ ਲੈਣ ਤੋਂ ਬਾਅਦ ਨਤੀਜੇ ਕੱਢੇ ਗਏ ਹਨ।