ਜੁਮਲੇਬਾਜ਼ੀ ਵਿਚ ਹੀ ਲੰਘੇ ਮੋਦੀ ਸਰਕਾਰ ਦੇ ਚਾਰ ਵਰ੍ਹੇ

ਚੰਡੀਗੜ੍ਹ: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਵਾਲੀ ਐਨ.ਡੀ.ਏ. ਸਰਕਾਰ ਨੇ 26 ਮਈ 2014 ਨੂੰ ਸਹੁੰ ਚੁੱਕੀ ਸੀ। ਚਾਰ ਸਾਲ ਬੀਤਣ ਤੋਂ ਬਾਅਦ ਸਰਕਾਰ ਦੀਆਂ ਆਰਥਿਕ ਨੀਤੀਆਂ ਤੇ ਪ੍ਰਾਪਤੀਆਂ ਬਾਰੇ ਵੱਖ-ਵੱਖ ਪੱਧਰਾਂ ਉਤੇ ਵਿਚਾਰ ਚਰਚਾ ਜਾਰੀ ਹੈ। ਇਨ੍ਹਾਂ ਚਾਰ ਸਾਲਾਂ ਵਿਚ ਮੋਦੀ ਸਰਕਾਰ ਨੇ ਬੜੇ ਵੱਡੇ-ਵੱਡੇ ਕਦਮ ਵੀ ਚੁੱਕੇ ਤੇ ਉਨ੍ਹਾਂ ਤੋਂ ਦੇਸ਼ ਦੀ ਆਰਥਿਕਤਾ ਨੂੰ ਫਾਇਦੇ ਹੋਣ ਦੇ ਦਾਅਵੇ ਵੀ ਕੀਤੇ ਗਏ, ਪਰ ਧਰਾਤਲ ਉਤੇ ਅਜੇ ਇਹ ਫਾਇਦੇ ਨਜ਼ਰ ਨਹੀਂ ਆਏ।

ਸੱਤਾ ਵਿਚ ਆਉਣ ਤੋਂ ਬਾਅਦ ਮੋਦੀ ਸਰਕਾਰ ਨੇ ਮਹਿੰਗਾਈ, ਕਿਸਾਨੀ ਕਰਜ਼, ਰੁਜ਼ਗਾਰ, ਮਹਿਲਾਵਾਂ ਤੇ ਕਾਲੇ ਧਨ ਸਣੇ ਕਈ ਮੁੱਦਿਆਂ ਸਬੰਧੀ ਵਾਅਦੇ ਕੀਤੇ ਸਨ। ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਨੂੰ ਅੱਗ ਲੱਗੀ ਹੋਈ ਹੈ। ਮੋਦੀ ਸਰਕਾਰ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੇ ਮਾਮਲੇ ਵਿਚ ਵੀ ਫੇਲ੍ਹ ਰਹੀ ਹੈ। ਇਸ ਦੌਰਾਨ ਜੀ.ਐਸ਼ਟੀ. ਲਾਗੂ ਕਰ ਕੇ ਇਸ ਨੂੰ ਅੱਜ ਤੱਕ ਦਾ ਸਭ ਤੋਂ ਵੱਡਾ ਕਰ ਸੁਧਾਰ ਕਰਨ ਦਾ ਦਾਅਵਾ ਕੀਤਾ ਗਿਆ, ਨੋਟਬੰਦੀ ਨਾਲ ਕਾਲਾ ਧਨ ਖਤਮ ਕਰਨ ਤੇ ਡਿਜੀਟਲ ਕਰੰਸੀ ਚਲਾਉਣ ਦਾ ਦਾਅਵਾ ਵੀ ਕੀਤਾ ਗਿਆ, ਪਰ ਨਗਦੀ ਲੈਣ-ਦੇਣ ਫਿਰ ਪੁਰਾਣੀਆਂ ਦਰਾਂ ਉਤੇ ਪੱਜ ਗਿਆ ਹੈ। ਦੇਸ਼ ਵਿਚ ਹਰ ਸਾਲ 1 ਕਰੋੜ ਨੌਕਰੀਆਂ ਪੈਦਾ ਕੀਤੇ ਜਾਣ ਦਾ ਵਾਅਦਾ ਕੀਤਾ ਗਿਆ ਸੀ, ਜੋ ਪੂਰਾ ਨਹੀਂ ਹੋਇਆ, ਭ੍ਰਿਸ਼ਟਾਚਾਰ ਖਤਮ ਕਰਨ, ਗਰੀਬਾਂ ਨੂੰ ਉਪਰ ਚੁੱਕਣ ਤੇ ਕਿਸਾਨੀ ਦੀ ਆਮਦਨ ਵਧਾਉਣ ਦੇ ਵਾਅਦੇ ਵੀ ਅਜੇ ਸਿਰਫ ਵਾਅਦੇ ਨਜ਼ਰ ਆਉਂਦੇ ਹਨ। ਮੋਦੀ ਸਰਕਾਰ ਨੇ ਨਾਅਰਾ ਦਿੱਤਾ ਸੀ ਕਿ Ḕਬਹੁਤ ਹੂਆ ਭ੍ਰਿਸ਼ਟਾਚਾਰ, ਅਬ ਕੀ ਬਾਰ ਮੋਦੀ ਸਰਕਾਰ’, ਪਰ ਸਚਾਈ ਇਹ ਹੈ ਕਿ ਭ੍ਰਿਸ਼ਟਾਚਾਰ ਨਾ ਸਿਰਫ ਜਾਰੀ ਹੈ, ਸਗੋਂ ਇਹ ਹੋਰ ਵੀ ਵਧਿਆ ਹੈ।
ਸ੍ਰੀ ਮੋਦੀ ਦਾ ਇਕ ਹੋਰ ਨਾਅਰਾ ਸੀ, Ḕਬਹੁਤ ਹੂਈ ਮਹਿੰਗਾਈ ਕੀ ਮਾਰ, ਅਬ ਕੀ ਬਾਰ ਮੋਦੀ ਸਰਕਾਰ’, ਪਰ ਇਹ ਨਾਅਰਾ ਵੀ ਪਿਛਲੇ ਚਾਰ ਸਾਲਾਂ ਵਿਚ ਗਲਤ ਸਾਬਤ ਹੋਇਆ। ਮਹਿੰਗਾਈ ਲਗਾਤਾਰ ਵਧ ਰਹੀ ਹੈ ਅਤੇ ਮਹਿੰਗਾਈ ਉਥੇ ਜ਼ਿਆਦਾ ਵਧੀ ਹੈ। ਰੇਲ ਕਿਰਾਏ ਵਿਚ ਬਹੁਤ ਵਾਧਾ ਹੋਇਆ ਹੈ। ਇਸ ਸਮੇਂ ਰੇਲਾਂ ਜਿੰਨੀਆਂ ਲੇਟ ਚੱਲ ਰਹੀਆਂ ਹਨ, ਓਨਾ ਸ਼ਾਇਦ ਹੀ ਪਿਛਲੇ 25 ਸਾਲਾਂ ਦੇ ਇਤਿਹਾਸ ਵਿਚ ਕਦੇ ਲੇਟ ਚੱਲੀਆਂ ਹੋਣ। ਇਨ੍ਹਾਂ ਚਾਰ ਸਾਲਾਂ ਦੌਰਾਨ ਦੇਸ਼ ਵਿਚ ਸਮਾਜਿਕ ਸਦਭਾਵਨਾ ਵਿਚ ਭਾਰੀ ਗਿਰਾਵਟ ਆਈ ਹੈ। ਦੇਸ਼ ਦੀ ਆਬਾਦੀ ਦਾ 14 ਫੀਸਦੀ ਮੁਸਲਿਮ ਭਾਈਚਾਰਾ ਖੁਦ ਨੂੰ ਅਸੁਰੱਖਿਅਤ ਮਹਿਸੂਸ ਕਰ ਰਿਹਾ ਹੈ। 16 ਫੀਸਦੀ ਆਬਾਦੀ ਵਾਲਾ ਦਲਿਤ ਭਾਈਚਾਰਾ ਵੀ ਖੁਦ ਨੂੰ ਅਸੁਰੱਖਿਅਤ ਅਤੇ ਅਣਗੌਲਿਆ ਮਹਿਸੂਸ ਕਰ ਰਿਹਾ ਹੈ।
ਦਲਿਤਾਂ ਉਤੇ ਹਮਲੇ ਲਗਾਤਾਰ ਵਧਦੇ ਜਾ ਰਹੇ ਹਨ। ਉਨ੍ਹਾਂ ਨੂੰ ਮਿਲਣ ਵਾਲੇ ਰਾਖਵੇਂਕਰਨ ਨੂੰ ਵੀ ਵੱਖ-ਵੱਖ ਨਿਯਮਾਂ ਅਨੁਸਾਰ ਕਮਜ਼ੋਰ ਕੀਤਾ ਜਾ ਰਿਹਾ ਹੈ ਅਤੇ ਸਭ ਤੋਂ ਵੱਡੀ ਗੱਲ ਹੈ ਕਿ ਸਰਕਾਰੀ ਵਿਭਾਗਾਂ ਵਿਚ ਲੱਖਾਂ ਸੀਟਾਂ ਖਾਲੀ ਹਨ ਪਰ ਉਨ੍ਹਾਂ ਨੂੰ ਭਰਨ ਲਈ ਕੋਈ ਭਰਤੀ ਮੁਹਿੰਮ ਨਹੀਂ ਚਲਾਈ ਜਾ ਰਹੀ। ਠੇਕੇ ਦੀ ਭਰਤੀ ਨੂੰ ਉਤਸ਼ਾਹਤ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਠੇਕਿਆਂ ਵਿਚ ਰਾਖਵੇਂਕਰਨ ਦੀ ਕੋਈ ਵਿਵਸਥਾ ਨਹੀਂ। ਇਸ ਤੋਂ ਵੀ ਮਾੜੀ ਸਥਿਤੀ ਇਹ ਹੈ ਕਿ ਠੇਕਿਆਂ ਵਿਚ ਭਾਰੀ ਭ੍ਰਿਸ਼ਟਾਚਾਰ ਹੋ ਰਿਹਾ ਹੈ। ਅਜੇ ਕੁਝ ਮਹੀਨੇ ਪਹਿਲਾਂ ਹੀ ਐਸ਼ਸੀ./ਐਸ਼ਟੀ. ਨਾਲ ਹੋਣ ਵਾਲੀਆਂ ਨਿਯੁਕਤੀਆਂ ਵਿਚ ਵੱਡੇ ਭ੍ਰਿਸ਼ਟਾਚਾਰ ਦੇ ਮਾਮਲੇ ਸਾਹਮਣੇ ਆਏ ਹਨ।
ਸ੍ਰੀ ਮੋਦੀ ਨੇ ਸਕਿੱਲਡ ਇੰਡੀਆ, ਮੇਕ ਇਨ ਇੰਡੀਆ, ਸਟੈਂਡਅਪ ਇੰਡੀਆ, ਸਟਾਰਟਅਪ ਇੰਡੀਆ ਵਰਗੇ ਅੰਗਰੇਜ਼ੀ ਜੁਮਲਿਆਂ ਵਾਲੀਆਂ ਅਨੇਕਾਂ ਯੋਜਨਾਵਾਂ ਸ਼ੁਰੂ ਕੀਤੀਆਂ ਹੋਈਆਂ ਹਨ। ਪਰ ਉਸ ਨਾਲ ਦੇਸ਼ ਦੇ ਰੁਜ਼ਗਾਰ ਦੇ ਧਰਾਤਲ ਉਤੇ ਕੋਈ ਅਸਰ ਦਿਖਾਈ ਨਹੀਂ ਦੇ ਰਿਹਾ। ਦੇਸ਼ ਦੇ ਹਜ਼ਾਰਾਂ ਇੰਜੀਨੀਅਰਿੰਗ ਕਾਲਜ ਬੰਦ ਹੋ ਚੁੱਕੇ ਹਨ ਅਤੇ ਹਜ਼ਾਰਾਂ ਨੇ ਬੰਦ ਹੋਣ ਦੀਆਂ ਅਰਜ਼ੀਆਂ ਦੇ ਰੱਖੀਆਂ ਹਨ। ਹੁਣ ਉਨ੍ਹਾਂ ਨੂੰ ਵਿਦਿਆਰਥੀ ਨਹੀਂ ਮਿਲਦੇ, ਕਿਉਂਕਿ ਇੰਜੀਨੀਅਰਿੰਗ ਪੜ੍ਹਨ ਤੋਂ ਬਾਅਦ ਵੀ ਉਨ੍ਹਾਂ ਨੂੰ ਕੋਈ ਕੰਮ ਨਹੀਂ ਮਿਲਦਾ। ਮੋਦੀ ਸਰਕਾਰ ਦੇ ਗਠਨ ਤੋਂ ਚਾਰ ਸਾਲ ਬਾਅਦ ਅੱਜ ਅਰਥ ਵਿਵਸਥਾ ਤਬਾਹ ਹੁੰਦੀ ਦਿਖਾਈ ਦੇ ਰਹੀ ਹੈ। ਵਿੱਤੀ ਵਿਵਸਥਾ ਚਰਮਰਾ ਗਈ ਹੈ। ਬੈਂਕਾਂ ਦੀ ਹਾਲਤ ਨਾਜ਼ੁਕ ਹੋ ਗਈ ਹੈ।
______________________
ਚਾਰ ਸਾਲਾਂ ਵਿਚ ਸਰਹੱਦ ‘ਤੇ 280 ਜਵਾਨ ਸ਼ਹੀਦ
ਨਵੀਂ ਦਿੱਲੀ: ਨਰੇਂਦਰ ਮੋਦੀ ਤੇ ਭਾਜਪਾ ਰੈਲੀਆਂ ਰਾਹੀਂ ਸਰਹੱਦ ਉਤੇ ਫੌਜ ਦੀ ਸੁਰੱਖਿਆ ਤੇ ਪਾਕਿਸਤਾਨ ਨੂੰ ਕਰਾਰਾ ਜਵਾਬ ਦੇਣ ਦੀਆਂ ਗੱਲਾਂ ਕਰਦੇ ਸਨ ਪਰ ਮੋਦੀ ਸਰਕਾਰ ਆਉਣ ਤੋਂ ਬਾਅਦ ਗੋਲੀਬਾਰੀ ਦੀ ਉਲੰਘਣਾ ਤੇ ਘੁਸਪੈਠ ਦੀਆਂ ਵਾਰਦਾਤਾਂ ‘ਚ ਵਾਧਾ ਹੀ ਹੋਇਆ ਹੈ। ਪਿਛਲੇ ਚਾਰ ਸਾਲਾਂ ਵਿਚ ਦੇਸ਼ ਦੇ 280 ਜਵਾਨ ਸ਼ਹੀਦ ਹੋਏ ਹਨ।