ਪੰਜਾਬ ਦੇ ਸ਼ਾਨਾਂਮੱਤੇ ਇਤਿਹਾਸ ਵਿਚ 1972 ਵਾਲੇ ਮੋਗਾ ਘੋਲ ਦਾ ਬੜਾ ਮਹੱਤਵ ਰਿਹਾ ਹੈ। ਇਹ ਅਸਲ ਵਿਚ ਜੁਝਾਰੂਆਂ ਦੀ ਪੁਲਿਸ ਅਤੇ ਪ੍ਰਸ਼ਾਸਨ ਨਾਲ ਸਿੱਧੀ ਟੱਕਰ ਸੀ। ਇਸ ਘੋਲ ਦੀ ਸ਼ੁਰੂਆਤ ਭਾਵੇਂ ਸਿਨੇਮੇ ਦੀਆਂ ਟਿਕਟਾਂ ਤੋਂ ਹੋਈ ਸੀ, ਪਰ ਜਦੋਂ ਸਿਨੇਮੇ ਦੇ ਮਾਲਕਾਂ ਨੇ ਬੁਰਛਾਗਰਦੀ ਨਾਲ ਵਿਦਿਆਰਥੀਆਂ ਨੂੰ ਵੰਗਾਰਿਆ ਅਤੇ ਪੁਲਿਸ ਨੇ ਵੀ ਇਨ੍ਹਾਂ ਬੁਰਛਿਆਂ ਨੂੰ ਸ਼ਹਿ ਦਿੱਤੀ ਤਾਂ ਨਕਸਲੀ ਅੰਦੋਲਨ ਕਾਰਨ ਪਹਿਲਾਂ ਹੀ ਸਿਆਸੀ ਤੌਰ ‘ਤੇ ਭਖੇ ਮਾਹੌਲ ਵਿਚ ਹੋਰ ਤਿੱਖਾਪਣ ਆ ਗਿਆ। ਫਿਰ ਜਦੋਂ ਇਸ ਘੋਲ ਦੀ ਅਗਵਾਈ ਪੰਜਾਬ ਸਟੂਡੈਂਟਸ ਯੂਨੀਅਨ ਦੀ ਕਮਾਨ ਹੇਠ ਆ ਗਈ ਤਾਂ ਘੋਲ ਦਾ ਰੰਗ ਹੀ ਬਦਲ ਗਿਆ। ਇਸ ਘੋਲ ਵਿਚ ਅਹਿਮ ਰੋਲ ਨਿਭਾਉਣ ਵਾਲੇ ਵਿਦਿਆਰਥੀ ਆਗੂ ਬਿੱਕਰ ਸਿੰਘ ਕੰਮੇਆਣਾ ਨੇ ਉਸ ਦੌਰ ਦੀ ਇਹ ਦਗਦੀ ਕਹਾਣੀ ਬਿਆਨ ਕੀਤੀ ਹੈ। ਇਸ ਦੀ ਪਹਿਲੀ ਕਿਸ਼ਤ ਹਾਜ਼ਰ ਹੈ। -ਸੰਪਾਦਕ
ਬਿੱਕਰ ਸਿੰਘ ਕੰਮੇਆਣਾ*
ਫੋਨ: 805-727-0516
1947 ਤੋਂ ਬਾਅਦ ਮੋਗਾ ਘੋਲ ਅਜਿਹਾ ਜੁਝਾਰੂ ਵਿਦਿਆਰਥੀ ਸੰਘਰਸ਼ ਹੈ ਜੋ ਪੰਜਾਬ ਦੇ ਘੁੱਗ ਵਸਦੇ ਸ਼ਹਿਰ ਮੋਗਾ ਨੂੰ 5 ਤੇ 7 ਅਕਤੂਬਰ 1972 ਨੂੰ ਲਹੂ-ਲੁਹਾਣ ਕਰਨ ਤੋਂ ਬਾਅਦ ਪੂਰੇ ਸੂਬੇ ਨੂੰ ਆਪਣੇ ਕਲਾਵੇ ‘ਚ ਲੈਂਦਿਆਂ ਲੋਕ ਲਹਿਰ ਬਣ ਗਿਆ ਸੀ। ਪੰਜਾਬ ਪੁਲਿਸ ਖਿਲਾਫ ਵਿਦਿਆਰਥੀਆਂ ਨਾਲ ਹਮਦਰਦੀ ਵਾਲੀ ਉਠੀ ਇਹ ਲਹਿਰ ਪੰਜਾਬ ਦੀਆਂ ਹੱਦਾਂ ਵੀ ਪਾਰ ਕਰ ਗਈ। ਇਹ ਘੋਲ ਬਾਰੂਦ ਦੇ ਢੇਰ ਵਾਂਗ ਇੰਜ ਫਟਿਆ ਕਿ ਚੰਦ ਹੀ ਦਿਨਾਂ ਵਿਚ ਸਰਕਾਰੀ ਤੰਤਰ ਨੂੰ ਦੰਦਲਾਂ ਪੈਣ ਲੱਗ ਪਈਆਂ। ਏæਆਈæਐਸ਼ਐਫ਼ ਜਿਸ ਦਾ ਉਸ ਸਮੇਂ ਸੂਬਾ ਆਗੂ ਬੰਤ ਬਰਾੜ ਹੁੰਦਾ ਸੀ ਤੇ ਸਟੂਡੈਂਟਸ ਵੈਲਫੇਅਰ ਕਮੇਟੀ ਦੇ ਰੀਗਲ ਸਿਨੇਮੇ ਖਿਲਾਫ ਵਿੱਢੇ ਗਏ ਸੰਘਰਸ਼ ਜਿਸ ਵਿਚ ਉਹ ਟਿਕਟਾਂ ਦੀ ਬਲੈਕ ਰੋਕਣ ਦੇ ਨਾਲ-ਨਾਲ ਟਿਕਟਾਂ ਵਿਚ ਰਿਆਇਤ ਵੀ ਚਾਹੁੰਦੇ ਸਨ, ਨੂੰ ਛੱਡ ਕੇ ਭਾਵੇਂ ਸ਼ੁਰੂਆਤੀ ਦੌਰ ਵਿਚ ਇਸ ਘੋਲ ਦੇ ਆਪ-ਮੁਹਾਰੇਪਣ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ, ਪਰ ਜਲਦੀ ਹੀ ਪੀæਐਸ਼ਯੂæ ਨੇ ਨੌਜਵਾਨਾਂ, ਮੁਲਾਜ਼ਮਾਂ, ਮਜ਼ਦੂਰਾਂ ਤੇ ਕਿਸਾਨਾਂ ਵਿਚ ਸਾਂਝੀ ਸੋਚ ਨਾਲ ਉਸਰੀਆਂ ਭਰਾਤਰੀ ਜਥੇਬੰਦੀਆਂ ਦੇ ਜੁਝਾਰੂਆਂ ਦੀ ਮੱਦਦ ਨਾਲ ਸੰਘਰਸ਼ ਦੀ ਵਾਗਡੋਰ ਆਪਣੇ ਹੱਥਾਂ ਵਿਚ ਲੈ ਲਈ; ਖਾਸ ਕਰ ਕੇ ਉਸ ਤੋਂ ਬਾਅਦ ਜਦੋਂ ਉਸ ਸਮੇਂ ਵਿਦਿਆਰਥੀਆਂ ਵਿਚ ਤਕੜਾ ਆਧਾਰ ਰੱਖਣ ਵਾਲੀ ਮਜ਼ਬੂਤ ਜਥੇਬੰਦੀ ਏæਆਈæਐਸ਼ਐਫ਼ ਘੋਲ ਵਾਪਸ ਲੈ ਕੇ ਸੰਘਰਸ਼ ਤੋਂ ਪਾਸੇ ਹੋ ਗਈ ਸੀ।
ਵਿਸ਼ਾਲ ਹਿਮਾਲਾ ਪਰਬਤ, ਹਿੰਦ ਮਹਾਂਸਾਗਰ, ਅਰਬ ਸਾਗਰ ਤੇ ਗੁਆਂਢੀ ਦੇਸ਼ਾਂ ਬਰਮਾ (ਮਿਆਂਮਾਰ), ਪਾਕਿਸਤਾਨ, ਬੰਗਲਾਦੇਸ਼, ਚੀਨ, ਭੂਟਾਨ, ਸ੍ਰੀਲੰਕਾ ਤੇ ਨੇਪਾਲ ਆਦਿ ਦੀਆਂ ਸਰਹੱਦਾਂ ਨਾਲ ਘਿਰਿਆ ਸਾਡਾ ਪਿਆਰਾ ਦੇਸ਼ ਭਾਰਤ ਹੈ। ਇਸ ਧਰਤੀ ‘ਤੇ ਜੰਮੇ, ਪਲੇ, ਪੜ੍ਹੇ ਤੇ ਬਾਹਰੋਂ ਵੀ ਪੱਕੇ ਤੌਰ ‘ਤੇ ਆ ਕੇ ਬਣੇ ਨਾਗਰਿਕਾਂ ਸਮੇਤ ਸਭ ਉਥੋਂ ਦੇ ਨਾਗਰਿਕ ਹਨ। ਮੇਰੇ ਵਰਗੇ ਪਰਵਾਸੀਆਂ ਦੀਆਂ ਜੜ੍ਹਾਂ ਵੀ ਉਥੋਂ ਦੀ ਮਿੱਟੀ ਫਰੋਲਣ ਨਾਲ ਮਿਲ ਜਾਣਗੀਆਂ। ਮੈਂ ਇਹ ਤਾਂ ਲਿਖ ਰਿਹਾ ਹਾਂ ਕਿ ਕਿਸੇ ਬੰਦੇ, ਜਥੇਬੰਦੀ ਜਾਂ ਰਾਜਸੀ ਪਾਰਟੀ ਦਾ ਵਿਰੋਧ ਕਿਸੇ ਸਰਕਾਰ ਜਾਂ ਹੁਕਮਰਾਨ ਪਾਰਟੀ, ਸਿਸਟਮ ਜਾਂ ਸਰਕਾਰੀ ਤੰਤਰ ਨਾਲ ਹੋ ਸਕਦਾ ਹੈ; ਪਰ ਉਸ ਨੂੰ ਕਿਸੇ ਵੀ ਹਾਲਤ ਵਿਚ ਦੇਸ਼ ਵਿਰੋਧੀ ਨਹੀਂ ਹੋਣਾ ਚਾਹੀਦਾ। ਦੇਸ਼ ਕਿਸੇ ਇੱਕ ਦੀ ਮਲਕੀਅਤ ਨਹੀਂ, ਸਾਡਾ ਸਭ ਦਾ ਸਾਂਝਾ ਹੈ। ਭਾਰਤ ਦਾ ਸਾਗਰ, ਮਹਾਂਸਾਗਰ, ਇਸ ਦੇ ਪਰਬਤ, ਨਦੀਆਂ, ਨਾਲੇ, ਝੀਲਾਂ, ਜੰਗਲ ਬੇਲੇ ਆਦਿ ਕੁਦਰਤੀ ਸਾਧਨ ਤੇ ਡੈਮ, ਬਿਜਲੀ, ਪਾਣੀ, ਆਵਾਜਾਈ ਦੇ ਸਾਧਨ ਅਤੇ ਸਰਕਾਰੀ ਤੇ ਇਤਿਹਾਸਕ ਇਮਾਰਤਾਂ ਆਦਿ ਇਸ ਦਾ ਕੌਮੀ ਸਰਮਾਇਆ ਹੈ, ਇਸ ਦਾ ਨੁਕਸਾਨ ਨਹੀਂ ਹੋਣਾ ਚਾਹੀਦਾ; ਪਰ ਨਾਲ ਦੀ ਨਾਲ ਮੈਂ ਇਹ ਵੀ ਸਪੱਸ਼ਟ ਕਰ ਦੇਵਾਂ ਕਿ ਦੇਸ਼ ਦੇ ਬਾਸ਼ਿੰਦੇ ਜਾਂ ਨਾਗਰਿਕ ਉਸ ਦਾ ਜਿਉਂਦਾ ਜਾਗਦਾ ਸਰਮਾਇਆ ਹੁੰਦੇ ਹਨ ਤੇ ਜਦੋਂ ਉਹ ਸੰਵਿਧਾਨ ‘ਚ ਮਿਲੇ ਹੱਕਾਂ ਅਨੁਸਾਰ ਆਪਣੇ ਅਧਿਕਾਰਾਂ ਖਾਤਿਰ ਜਾਂ ਇਨਸਾਫ ਲੈਣ ਲਈ ਪੁਰਅਮਨ ਸੜਕਾਂ ‘ਤੇ ਉਤਰਦੇ ਹਨ ਤਾਂ ਸਰਕਾਰੀ ਤੰਤਰ ਦੀ ਪੁਲਿਸ, ਨੀਮ ਫੌਜੀ ਦਲਾਂ ਤੇ ਫੌਜ ਨੂੰ ਇਸ ਤਰ੍ਹਾਂ ਵਿਹਾਰ ਨਹੀਂ ਕਰਨਾ ਚਾਹੀਦਾ ਜਿਵੇਂ ਉਹ ਕਿਸੇ ਹੋਰ ਦੇਸ਼ ਦੇ ਲੋਕਾਂ ਨਾਲ ਯੁੱਧ ਕਰ ਰਹੇ ਹੋਣ। ਹੱਕੀ ਸੰਘਰਸ਼ਾਂ ਨੂੰ ਇਨਸਾਫ ਦੇਣ ਦੀ ਥਾਂ ਗੋਲੀਆਂ ਨਾਲ ਨਜਿੱਠਣਾ ਜਮਹੂਰੀਅਤ ਨਹੀਂ, ਡਿਕਟੇਟਰਸ਼ਿਪ ਹੁੰਦੀ ਹੈ। ਮੋਗਾ ਗੋਲੀ ਕਾਂਡ ਸਮੇਂ ਵਿਦਿਆਰਥੀਆਂ ਅਤੇ ਲੋਕਾਂ ਉਤੇ ਅੰਨ੍ਹੇਵਾਹ ਗੋਲੀਆਂ ਚਲਾ ਰਹੀ ਪੁਲਿਸ ਦੀ ਮਾਨਸਿਕਤਾ ਵੀ ਜਨਰਲ ਡਾਇਰ ਦੇ ਜੱਲ੍ਹਿਆਂ ਵਾਲੇ ਬਾਗ ਦੇ ਕਾਂਡ ਸਮੇਂ ਵਰਗੀ ਹੀ ਸੀ। ਉਸ ਦੇ ਪ੍ਰਤੀਕਰਮ ਵਜੋਂ ਮੋਗਾ ਘੋਲ ਦੇ ਰੂਪ ਵਿਚ ਉਠੀ ਲੋਕ ਲਹਿਰ ਦੀ ਮਾਨਸਿਕਤਾ ਵੀ 1947 ਤੋਂ ਬਾਅਦ ਭਾਰਤ ਦੇ ਨਾਗਰਿਕਾਂ ਵੱਲੋਂ ਆਪਣੇ ਹੀ ਦੇਸ਼ ਵਿਚ ਆਪਣੇ ਹੀ ਹਾਕਮਾਂ ਤੋਂ ਇਨਸਾਫ ਲੈਣ ਲਈ ਲੜੇ ਗਏ ਸਾਂਝੇ ਸੰਘਰਸ਼ ਦੀ ਇਤਿਹਾਸਕ ਗਾਥਾ ਦੀਆਂ ਜੁਝਾਰੂ ਬਾਤਾਂ ਪਾਉਂਦੀ ਹੈ।
ਆਉ, ਹੁਣ ਮੋਗਾ ਘੋਲ ਬਾਰੇ ਜਾਣਨ ਲਈ 40 ਸਾਲ ਪਿੱਛੇ ਖੜ੍ਹੀਆਂ ਯਾਦਾਂ, ਤੱਥਾਂ ਅਤੇ ਸਰੋਤਾਂ ਦਾ ਸਹਾਰਾ ਲਈਏ। ਸਭ ਤੋਂ ਪਹਿਲਾਂ ਮੇਰੀਆਂ ਅੱਖਾਂ ਸਾਹਮਣਿਉਂ ਲੰਘਦਾ ਹੈ ਪੰਜਾਬ ਸਟੂਡੈਂਟਸ ਯੂਨੀਅਨ ਦਾ ਉਸ ਸਮੇਂ ਦਾ ਮੈਗਜ਼ੀਨ ‘ਵਿਦਿਆਰਥੀ’ ਜਿਸ ਵਿਚ ਮੋਗਾ ਘੋਲ ਬਾਰੇ ਜਾਣਕਾਰੀ ਦੇ ਨਾਲ ਕਿੱਕਰ ਗਿੱਲ, ਨਰਿੰਦਰ ਚਹਿਲ, ਸੁਖਦਰਸ਼ਨ, ਮਹਿੰਦਰ ਤਖਾਣਵੱਧ ਅਤੇ ਮੇਰੇ ਸਮੇਤ ਪੰਜ ਜਣਿਆਂ ਜਿਨ੍ਹਾਂ ਉਤੇ ਨਜ਼ਰਬੰਦੀ ਐਕਟ ‘ਮੀਸਾ’ ਦੀ ਵਰਤੋਂ ਕੀਤੀ ਗਈ ਸੀ, ਦੀਆਂ ਤਸਵੀਰਾਂ ਲਾਈਆਂ ਗਈਆਂ ਸਨ। ਇਸ ਤੋਂ ਬਾਅਦ ਮੈਂ ਪੜ੍ਹਨਾ ਸ਼ੁਰੂ ਕਰਦਾ ਹਾਂ ਪੰਜਾਬ ਸਟੂਡੈਂਟਸ ਯੂਨੀਅਨ ਦਾ ਉਹ ਮੈਗਜ਼ੀਨ ਜੋ ਉਸ ਸਮੇਂ ਚਰਚਾ ‘ਚ ਆਇਆ ਸੀ, ਭਾਵ ‘ਵਿਦਿਆਰਥੀ ਸੰਘਰਸ਼’ ਜਿਸ ਵਿਚ ਮੇਰੀ ਅਗਵਾਈ ਵਿਚ ਮੋਗਾ ਘੋਲ ਦਾ ਰੀਵੀਊ ਕੀਤਾ ਗਿਆ ਸੀ। ਮੈਂ ਆਪਣੀ ਹੀ ਕਿਤਾਬ ਦੇ ਮੋਗਾ ਗੋਲੀ ਕਾਂਡ ਦੀ ਹਕੀਕਤ ਵਾਲੇ ਵਰਣਨ ਨੂੰ ਵੀ ਦੁਬਾਰਾ ਪੜ੍ਹਦਾ ਹਾਂ। ਮੇਰੀ ਕਿਤਾਬ ‘ਵਿਦਿਆਰਥੀ ਸੰਘਰਸ਼ ਦਾ ਸੁਰਖ਼ ਇਤਿਹਾਸ ਤੇ ਮੇਰੀ ਹੱਡ ਬੀਤੀ’ 1997 ਵਿਚ ਭਾਅ ਜੀ ਗੁਰਸ਼ਰਨ ਸਿੰਘ ਨੇ ਬਲਰਾਜ ਸਾਹਨੀ ਯਾਦਗਾਰੀ ਪ੍ਰਕਾਸ਼ਨ ਚੰਡੀਗੜ੍ਹ ਵੱਲੋਂ ਛਾਪੀ ਸੀ।
ਮੋਗਾ ਦੇ ਰੀਗਲ ਸਿਨੇਮੇ, ਜੋ ਹੁਣ ਸ਼ਹੀਦੀ ਯਾਦਗਾਰ ਹੈ, ਵਿਚ ਟਿਕਟਾਂ ਦੀ ਬਲੈਕ ਜ਼ੋਰਾਂ ‘ਤੇ ਸੀ। ਉਨ੍ਹਾਂ ਦਿਨਾਂ ਵਿਚ ਮੋਗੇ ਪੂਰਨ ਸੰਧੂ ਦੀ ਪ੍ਰਧਾਨਗੀ ‘ਚ ਸਟੂਡੈਂਟਸ ਵੈਲਫੇਅਰ ਕਮੇਟੀ ਹੋਂਦ ਵਿਚ ਆਈ ਸੀ ਜਿਸ ਵਿਚ ਕਿੱਕਰ ਗਿੱਲ ਵੀ ਸ਼ਾਮਿਲ ਸੀ, ਪਰ ਉਸ ਵਿਚ ਭਾਰੂ ਧਿਰ ਜਗਰੂਪ ਸਿੰਘ ਵਾਲੀ ਏæਆਈæਐਸ਼ਐਫ਼ ਹੀ ਸੀ। ਉਸ ਅਤੇ ਏæਆਈæਐਸ਼ਐਫ਼ ਵੱਲੋਂ ਵੀ ਮੀਟਿੰਗਾਂ ਕਰ ਕੇ ਸਿਨੇਮਾ ਮਨੋਰੰਜਨ ਸੰਘਰਸ਼ ਵਾਸਤੇ ਤਿੰਨ ਮੰਗਾਂ ਉਭਾਰੀਆਂ ਗਈਆਂ। ਪਹਿਲੀ ਇਹ ਕਿ ਵਿਦਿਆਰਥੀਆਂ ਨੂੰ ਫਿਲਮਾਂ ਵੇਖਣ ਵਾਸਤੇ ਟਿਕਟਾਂ ਵਿਚ ਛੋਟ ਹੋਵੇ। ਦੂਜੇ, ਟਿਕਟਾਂ ਲੈਣ ਵਾਸਤੇ ਵਿਦਿਆਰਥੀਆਂ ਲਈ ਵੱਖਰੀ ਟਿਕਟ-ਖਿੜਕੀ ਬਣੇ, ਤੇ ਤੀਜੀ ਮੰਗ ਸੀ ਸਿਨੇਮੇ ਦੀਆਂ ਟਿਕਟਾਂ ਦੀ ਬਲੈਕ ਰੋਕੀ ਜਾਵੇ। ਇਹ ਮੰਗਾਂ ਮੰਨਵਾਉਣ ਲਈ ਵਿਦਿਆਰਥੀਆਂ ਨੇ ਮੋਗੇ ਦੇ ਦੂਜੇ ਸਿਨੇਮੇ ਮੈਜੇਸਟਿਕ ਦੇ ਮਾਲਕ ਤੱਕ ਵੀ ਪਹੁੰਚ ਕੀਤੀ ਪਰ ਉਸ ਨੇ ਬੜੀ ਸਿਆਣਪ ਨਾਲ ਵਿਦਿਆਰਥੀਆਂ ਨੂੰ ਸ਼ਾਂਤ ਕਰਦਿਆਂ ਕਿਹਾ ਕਿ ਉਹ ਇਹ ਮੰਗਾਂ ਰੀਗਲ ਸਿਨੇਮੇ ਵਾਲਿਆਂ ਤੋਂ ਮੰਨਵਾ ਲੈਣ, ਉਹ ਉਸੇ ਵੇਲੇ ਹੀ ਲਾਗੂ ਕਰ ਦੇਵੇਗਾ। ਇੱਕ ਦਿਨ ਇਹ ਵਿਦਿਆਰਥੀ ਜਦੋਂ ਇਨ੍ਹਾਂ ਮੰਗਾਂ ਦੇ ਸਬੰਧ ਵਿਚ ਰੀਗਲ ਸਿਨੇਮੇ ਦੇ ਪ੍ਰਬੰਧਕਾਂ ਕੋਲ ਗਏ ਤਾਂ ਗੱਲਾਂ-ਗੱਲਾਂ ਵਿਚ ਗੱਲ ਵਧ ਗਈ। ਮੋਗੇ ਵਿਚ ਕੁਝ ਬਦਮਾਸ਼ ਸਨ ਜਿਨ੍ਹਾਂ ਖਿਲਾਫ ਰੀਗਲ ਸਿਨੇਮੇ ਦੇ ਪ੍ਰਬੰਧਕਾਂ ਨੇ ਕਿਸੇ ਝਗੜੇ ਕਾਰਨ ਮੁਕੱਦਮਾ ਦਾਇਰ ਕੀਤਾ ਹੋਇਆ ਸੀ। ਸੋ, ਉਨ੍ਹਾਂ ਤੋਂ ਕੇਸ ਵਾਪਿਸ ਲੈਣ ਦੀ ਇਸ ਸ਼ਰਤ ‘ਤੇ ਗੰਢ-ਤੁੱਪ ਕੀਤੀ ਗਈ ਕਿ ਉਹ ਉਨ੍ਹਾਂ ਨਾਲ ਉਲਝ ਰਹੇ ਵਿਦਿਆਰਥੀਆਂ ਨੂੰ ਅਜਿਹੀ ਨੱਥ ਪਾਉਣ ਕਿ ਉਹ ਮੁੜ ਕੇ ਉਨ੍ਹਾਂ ਕੋਲ ਆਉਣ ਦੀ ਹਿੰਮਤ ਨਾ ਕਰ ਸਕਣ। ਇੱਕ ਦਿਨ ਵਿਦਿਆਰਥੀ ਜਦੋਂ ਫਿਰ ਰੀਗਲ ਸਿਨੇਮੇ ਪੁੱਜੇ ਤਾਂ ਪਹਿਲਾਂ ਹੀ ਤਿਆਰੀ ਕਰੀ ਬੈਠੇ ਬਦਮਾਸ਼, ਵਿਦਿਆਰਥੀਆਂ ਉਪਰ ਇੱਲਾਂ ਵਾਂਗ ਝਪਟ ਪਏ। ਵਿਦਿਆਰਥੀਆਂ ਨੂੰ ਕਾਫੀ ਸੱਟਾਂ ਲੱਗੀਆਂ, ਕੁਝ ਇੱਕ ਦੀ ਤਾਂ ਹਾਲਤ ਵੀ ਗੰਭੀਰ ਹੋ ਗਈ। ਸਿਨੇਮੇ ਦੇ ਪ੍ਰਬੰਧਕ ਦੇ ਰਸੂਖ ਜਾਂ ਚੜ੍ਹਾਵੇ ਕਾਰਨ ਪੁਲਿਸ ਨੇ ਉਸ ਅਤੇ ਭਾੜੇ ਦੇ ਆਦੀ ਮੁਜਰਮਾਂ/ਬਦਮਾਸ਼ਾਂ ਖਿਲਾਫ ਕੋਈ ਕਾਰਵਾਈ ਨਾ ਕੀਤੀ। ਉਲਟਾ ਵਿਦਿਆਰਥੀਆਂ ਨੂੰ ਹੀ ਤੰਗ ਕਰਨ ਲੱਗ ਪਏ। ਹੁਣ ਮਸਲਾ ਸਿਨੇਮੇ ਟਿਕਟਾਂ ਦੀ ਬਲੈਕ ਜਾਂ ਟਿਕਟਾਂ ਵਿਚ ਛੋਟ ਜਾਂ ਵੱਖਰੀ ਵਿਦਿਆਰਥੀ ਟਿਕਟ ਖਿੜਕੀ ਦਾ ਨਹੀਂ ਸੀ ਰਿਹਾ। ਹੁਣ ਮਸਲਾ ਬਣ ਗਿਆ ਸੀ ਇਨਸਾਫ ਦਾ, ਇਨਸਾਫ ਲੈਣ ਲਈ ਜੂਝਣ ਦਾ। ਨੋਟ ਕਰਨ ਵਾਲੀ ਗੱਲ ਹੈ ਕਿ ਪੀæਐਸ਼ਯੂæ ਦੇ ਕੁਝ ਆਗੂ ਵਿਅਕਤੀਗਤ ਰੂਪ ਵਿਚ ਜ਼ਰੂਰ ਮਨੋਰੰਜਨ-ਸੰਘਰਸ਼ ਦਾ ਹਿੱਸਾ ਬਣੇ ਸਨ ਪਰ ਯੂਨੀਅਨ ਖੁੱਲ੍ਹ ਕੇ ਜੱਥੇਬੰਦਕ ਤੌਰ ‘ਤੇ ਕੁੱਦੀ ਤਾਂ ਇਨਸਾਫ ਲਈ ਸੰਘਰਸ਼ ਵਿਚ ਕੁੱਦੀ। ਜਿਉਂ-ਜਿਉਂ ਇਨਸਾਫ ਦੀ ਮੰਗ ਜ਼ੋਰ ਫੜਦੀ ਗਈ, ਸੰਘਰਸ਼ ਦਾ ਖਾਸਾ ਜੁਝਾਰੂ ਹੁੰਦਾ ਗਿਆ। ਬਾਕੀ ਪਿੱਛੇ ਰਹਿੰਦੇ ਗਏ ਅਤੇ ਪੀæਐਸ਼ਯੂæ ਮੂਹਰਲੀਆਂ ਕਤਾਰਾਂ ਵਿਚ ਮੋਰਚੇ ਸੰਭਾਲਦੀ ਗਈ।
ਪੀæਐਸ਼ਯੂæ ਵੱਲੋਂ ਤਕੜੀ ਸੰਗਰਾਮੀ ਰੋਸ ਲਹਿਰ ਉਸਾਰੀ ਗਈ। ਪੰਜ ਅਕਤੂਬਰ 1972 ਨੂੰ ਸਵੇਰ ਤੋਂ ਹੀ ਮੋਗੇ ਦੀਆਂ ਸੜਕਾਂ, ਇਸ ਦਾ ਹਰ ਕੋਨਾ, ਕਿਸੇ ਅਣਹੋਣੀ ਤੋਂ ਬੇਫ਼ਿਕਰ, ਸੰਘਰਸ਼ ਦੀਆਂ ਬਾਤਾਂ ਪਾ ਰਿਹਾ ਸੀ। ਜਿੱਥੇ ਵਿਦਿਆਰਥੀਆਂ, ਨੌਜਵਾਨਾਂ ਤੇ ਲੋਕਾਂ ਦੇ ਰੋਹਲੇ, ਸੰਗਰਾਮੀ ਜਥੇ ਕਾਫਲਿਆਂ ਦੇ ਰੂਪ ਵਿਚ ਇਕੱਤਰ ਹੋ ਰਹੇ ਸਨ, ਉਥੇ ਪੁਲਿਸ ਫੋਰਸ ਦੇ ਅੱਥਰੂ ਗੈਸ ਤੇ ਡਾਂਗ ਵਾਹੁਣ ਵਾਲਿਆਂ, ਹਥਿਆਰਬੰਦ ਬੰਦੂਕਧਾਰੀਆਂ ਤੇ ਘੋੜ ਸਵਾਰਾਂ ਨੂੰ ਹਰ ਹਾਲਾਤ ਨਾਲ ਨਜਿੱਠਣ ਵਾਸਤੇ ਤਿਆਰ-ਬਰ-ਤਿਆਰ ਰਹਿਣ ਦੀ ਹਦਾਇਤ ਕੀਤੀ ਗਈ ਸੀ। ਮਿਥੇ ਸਮੇਂ ਅਨੁਸਾਰ ਸੰਘਰਸ਼ ਦਾ ਬਿਗਲ ਵੱਜਦਿਆਂ ਹੀ ਮੋਗਾ ਨਾਹਰਿਆ ਨਾਲ ਗੂੰਜ ਉਠਿਆ। ਆਈæਟੀæਆਈæ, ਗੁਰੂ ਨਾਨਕ ਕਾਲਜ ਤੇ ਡੀæਐਮæ ਕਾਲਜ ਦੇ ਵਿਦਿਆਰਥੀ, ਨੌਜਵਾਨ ਅਤੇ ਹੋਰ ਜੁਝਾਰੂ ਆਪਣੇ ਆਗੂਆਂ ਕੰਵਰ ਸਿੰਘ ਥਰਾਜ, ਸੁਖਦਰਸ਼ਨ ਸਿੰਘ ਦੁਸਾਂਝ, ਕਿੱਕਰ ਸਿੰਘ ਗਿੱਲ, ਹਰਜੀਤ ਸਿੰਘ ਚੜਿੱਕ ਅਤੇ ਹੋਰ ਆਗੂਆਂ ਦੀ ਅਗਵਾਈ ਵਿਚ ਰੀਗਲ ਸਿਨੇਮੇ ਵੱਲ ਮੁਜ਼ਾਹਰੇ ਦੇ ਰੂਪ ਵਿਚ ਨਾਹਰੇ ਮਾਰਦੇ ਚੱਲ ਪਏ। ਏæਆਈæਐਸ਼ਐਫ਼ ਦੇ ਸਥਾਨਕ ਆਗੂ ਤੇ ਵਰਕਰ ਵੀ ਇਸ ਰੋਸ ਮੁਜ਼ਾਹਰੇ ਵਿਚ ਸ਼ਾਮਿਲ ਸਨ। ਇਕੱਠ ਇੰਨਾ ਹੋ ਗਿਆ ਸੀ ਕਿ ਖੁਫ਼ੀਆ ਏਜੰਸੀਆਂ ਦੀਆਂ ਰਿਪੋਰਟਾਂ ਫੇਲ੍ਹ ਕਰ ਕੇ ਰੱਖ ਦਿੱਤੀਆਂ।
ਫਰੀਦਕੋਟ ਜ਼ਿਲ੍ਹਾ ਹੈਡਕੁਆਰਟਰ ਨੂੰ ਹੋਰ ਪੁਲਿਸ ਫੋਰਸ ਭੇਜਣ ਲਈ ਵਾਇਰਲੈਸ ‘ਤੇ ਵਾਇਰਲੈਸ ਖੜਕਾਈ ਜਾ ਰਹੀ ਸੀ। ਵੱਡੀ ਨਫ਼ਰੀ ਨਾਲ ਡੀæਸੀæ (ਫਰੀਦਕੋਟ) ਸੀæਡੀæ ਚੀਮਾ ਅਤੇ ਐਸ਼ਪੀæ (ਫਰੀਦਕੋਟ) ਆ ਪਹੁੰਚੇ ਸਨ। ਅਖੀਰ ਕੁਲਹਿਣੇ ਰੀਗਲ ਸਿਨੇਮੇ ਕੋਲ ਜੁਝਾਰੂਆਂ ਅਤੇ ਪੁਲਿਸ ਦਾ ਸਾਹਮਣਾ ਹੋ ਗਿਆ। ਜੁਝਾਰੂਆਂ ਨੂੰ ਖਦੇੜਨ ਲਈ ਪਹਿਲਾਂ ਅੱਥਰੂ ਗੈਸ ਛੱਡੀ ਗਈ ਪਰ ਮੁਜ਼ਾਹਰਾਕਾਰੀਆਂ ਦੇ ਰੋਹ ਅੱਗੇ ਸਭ ਬੇਅਸਰ। ਜੁਝਾਰੂ ਨਾਹਰੇ ਮਾਰਦੇ ਫਿਰ ਅੱਗੇ ਵਧਣ ਲੱਗੇ ਤਾਂ ਉਨ੍ਹਾਂ ਉਪਰ ਜ਼ਬਰਦਸਤ ਲਾਠੀਚਾਰਜ ਕੀਤਾ ਗਿਆ। ਮੁਜ਼ਾਹਰਾਕਾਰੀਆਂ ਕੋਲ ਵੀ ਸਿੱਧੀਆਂ ਜਾਂ ਝੰਡੇ ਟੰਗੇ ਵਾਲੀਆਂ ਡਾਂਗਾਂ ਸਨ। ਸੋ, ਉਨ੍ਹਾਂ ਨੇ ਵੀ ਡਟ ਕੇ ਮੁਕਾਬਲਾ ਕੀਤਾ। ਕਈ ਵਾਰੀ ਫ਼ੋਰਸ ਰਾਹੀਂ ਮੁਜ਼ਾਹਰਾਕਾਰੀ ਪਿੱਛੇ ਧੱਕੇ ਗਏ, ਪਰ ਉਨ੍ਹਾਂ ਵਿਚੋਂ ਕਈ ਕਾਫ਼ਲੇ ਹੋਰ ਵੀ ਤਕੜੇ ਹੋ ਕੇ ਫਿਰ ਅੱਗੇ ਵਧ ਆਉਂਦੇ ਸਨ। ਹੱਥੋਪਾਈ, ਡਾਂਗੋ-ਡਾਂਗੀ ਤੇ ਧੱਕਾ-ਮੁੱਕੀ ਦਾ ਇਹ ਮੁਕਾਬਲਾ ਲੰਮਾ ਸਮਾਂ ਚੱਲਿਆ। ਅਖੀਰ ਘਟਨਾ ਇਹ ਹੋਈ ਕਿ ਹਰਜੀਤ ਸਿੰਘ ਤੇ ਸਵਰਨ ਸਿੰਘ ਵਾਲਾ ਅੰਤਾਂ ਦਾ ਸੰਗਰਾਮੀ ਕਾਫਲਾ ਕਿਵੇਂ ਨਾ ਕਿਵੇਂ ਡੀæਸੀæ ਚੀਮੇ ਤੇ ਐਸ਼ਪੀæ ਕੋਲ ਪਹੁੰਚ ਗਿਆ। ਚੀਮਾ ਆਪਣਾ ਮਾਨਸਿਕ ਸੰਤੁਲਨ ਖੋ ਬੈਠਾ। ਉਹ ਇਸ ਤਰ੍ਹਾਂ ਵਿਹਾਰ ਕਰਨ ਲੱਗਾ ਜਿਵੇਂ ਮੁਜ਼ਾਹਰਾਕਾਰੀਆਂ ਨੂੰ ਕੰਟਰੋਲ ਨਹੀਂ, ਸਗੋਂ ਭੜਕਾਉਣ ਆਇਆ ਹੋਵੇ। ਉਸ ਨੇ ਹਰਜੀਤ ਅਤੇ ਹੋਰ ਸੰਗਰਾਮੀਆਂ ਪ੍ਰਤੀ ਅਜਿਹੇ ਗਲਤ ਸ਼ਬਦ ਕਹੇ ਜੋ ਬਰਦਾਸ਼ਤ ਤੋਂ ਬਾਹਰ ਸਨ। ਹਰਜੀਤ ਦਾ ਖੂਨ ਉਬਾਲਾ ਖਾ ਗਿਆ ਤੇ ਉਸ ਨੇ ਪੂਰੇ ਜ਼ੋਰ ਨਾਲ ਡਾਂਗ ਡੀæਸੀæ ਚੀਮੇ ਦੇ ਮੌਰਾਂ ਵਿਚ ਮਾਰੀ। ਉਸ ਨੇ ਲੜ-ਖੜਾ ਕੇ ਡਿਗਦਿਆਂ ਡਿਗਦਿਆਂ ਗੋਲੀ ਦਾ ਹੁਕਮ ਦੇ ਦਿੱਤਾ। ਡੀæਸੀæ ਅਤੇ ਐਸ਼ਪੀæ ਦੀ ਰੱਖਿਆ ਪੰਕਤੀ ‘ਚੋਂ ਇੱਕ ਨੇ ਸਿੱਧੀ ਗੋਲੀ ਹਰਜੀਤ ਦੇ ਮਾਰੀ ਅਤੇ ਦੂਜੇ ਨੇ ਸਵਰਨ ਦੇ। ਪਲਾਂ ਛਿਣਾਂ ਵਿਚ ਹੀ ਇਹ ਸੰਗਰਾਮੀ ਸਾਥੀ ਸ਼ਹੀਦੀ ਜਾਮ ਪੀ ਗਏ। ਫਿਰ ਗੋਲੀ ਇੰਜ ਚੱਲਣ ਲੱਗੀ ਜਿਵੇਂ ਮੀਂਹ ਵਰ੍ਹਦਾ ਹੈ। ਬਹੁਤ ਸਾਰੇ ਲੋਕ ਜ਼ਖ਼ਮੀ ਹੋ ਗਏ। ਗੰਭੀਰ ਜ਼ਖ਼ਮੀਆਂ ਨੂੰ ਪੱਲੇਦਾਰਾਂ ਦੀਆਂ ਰੇਹੜੀਆਂ ‘ਤੇ ਲੱਦ-ਲੱਦ ਕੇ ਸਰਕਾਰੀ ਹਸਪਤਾਲ ਪਹੁੰਚਾਇਆ ਗਿਆ।
ਅਗਲੇ ਦਿਨ 6 ਅਕਤੂਬਰ ਤੱਕ ਜਦੋਂ ਇਹ ਖ਼ਬਰ ਜੰਗਲ ਦੀ ਅੱਗ ਵਾਂਗ ਫੈਲੀ ਤਾਂ ਰੋਸ, ਰੰਜ ਤੇ ਗੁੱਸੇ ਦੀ ਲਹਿਰ ਕਈ ਥਾਂਈਂ ਪੰਜਾਬ ਦੀਆਂ ਹੱਦਾਂ ਵੀ ਪਾਰ ਕਰ ਗਈ। ਅਜੇ ਸ਼ਹੀਦਾਂ ਦੇ ਸਿਵੇ ਵੀ ਠੰਢੇ ਨਹੀਂ ਸਨ ਹੋਏ ਕਿ 7 ਅਕਤੂਬਰ ਨੂੰ ਮੁਜ਼ਾਹਰਾਕਾਰੀਆਂ ਉਤੇ ਫਿਰ ਗੋਲੀ ਚਲਾ ਦਿੱਤੀ ਗਈ। ਇਸ ਗੋਲੀ ਵਿਚ ਇੱਕ ਅਧਿਆਪਕ ਕੇਵਲ ਕ੍ਰਿਸ਼ਨ ਤੇ ਦੋ ਹੋਰ ਲੋਕ ਸ਼ਹੀਦੀ ਜਾਮ ਪੀ ਗਏ ਅਤੇ ਕਈ ਜ਼ਖ਼ਮੀ ਹੋ ਗਏ। ਦੋ ਦਿਨ ਚੱਲੀ ਗੋਲੀ ਨਾਲ ਕਿੰਨੇ ਜਣੇ ਸ਼ਹੀਦ ਹੋਏ, ਇਸ ਦਾ ਜਵਾਬ ਕਿਸੇ ਕੋਲ ਨਹੀਂ ਸੀ। ਸ਼ਹੀਦ ਹਰਜੀਤ ਸਿੰਘ ਦੇ ਪਿਤਾ ਸੂਬੇਦਾਰ ਜੰਗੀਰ ਸਿੰਘ ਤੋਂ ਬਿਨਾਂ ਹੋਰ ਕੋਈ ਵੀ ਨਿੱਤਰ ਕੇ ਸਾਹਮਣੇ ਨਹੀਂ ਆਇਆ ਜਿਸ ਨੇ ਸਰਕਾਰ ਦੇ ਖਿਲਾਫ਼ ਸਟੈਂਡ ਲਿਆ ਹੋਵੇ। ਇਥੋ ਤੱਕ ਕਿ ਕਈ ਤਾਂ ਇਹ ਵੀ ਨਹੀਂ ਦੱਸਦੇ ਕਿ ਉਨ੍ਹਾਂ ਦਾ ਕੋਈ ਜਿਉਂਦਾ ਹੈ ਜਾਂ ਮਰ ਗਿਆ।
ਉਨ੍ਹਾਂ ਦਿਨਾਂ ਵਿਚ ਮੈਂ ਤਾਰਾ ਦੇਵੀ (ਸ਼ਿਮਲਾ) ਐਨæਐਸ਼ਐਸ਼ ਕੈਂਪ ਬ੍ਰਜਿੰਦਰਾ ਕਾਲਜ ਫਰੀਦਕੋਟ ਵੱਲੋਂ ਚਾਰ ਜਣਿਆਂ ਦਾ ਗਰੁਪ ਲੀਡਰ ਬਣ ਕੇ ਅਟੈਂਡ ਕਰ ਰਿਹਾ ਸਾਂ। ਪੰਜ ਅਕਤੂਬਰ ਦੀ ਰਾਤ ਨੂੰ ਉਡਦੀ-ਉਡਦੀ ਖ਼ਬਰ ਮਿਲੀ ਕਿ ਪੁਲਿਸ ਨੇ ਵਿਦਿਆਰਥੀਆਂ ਉਪਰ ਗੋਲੀ ਚਲਾ ਕੇ ਮੋਗਾ ਸ਼ਹਿਰ ਲਹੂ-ਲੁਹਾਣ ਕਰ ਦਿੱਤਾ ਹੈ। ਸਵੇਰੇ ਅਖ਼ਬਾਰ ਦੇਖੇ ਤਾਂ ਮੋਗਾ ਗੋਲੀ ਕਾਂਡ ਦਾ ਵੇਰਵਾ ਹਰ ਅਖ਼ਬਾਰ ਦੇ ਪਹਿਲੇ ਪੰਨੇ ‘ਤੇ ਸੀ। ਸ਼ਿਮਲੇ ਦੇ ਵਿਦਿਆਰਥੀਆਂ ਨਾਲ ਸੰਪਰਕ ਪੈਦਾ ਕਰਨ ਅਤੇ ਹੜਤਾਲਾਂ-ਮੁਜ਼ਾਹਰੇ ਕਰਨ ਲਈ ਚੁੱਪ-ਚੁਪੀਤੇ ਉਥੇ ਜਾਣ ਦਾ ਪ੍ਰੋਗਰਾਮ ਉਲੀਕਿਆ ਗਿਆ। ਇੱਕ ਗੱਦਾਰ ਨੇ ਸਾਡੇ ਸ਼ਿਮਲੇ ਜਾਣ ਦੇ ਪ੍ਰੋਗਰਾਮ ਦੀ ਜਾਣਕਾਰੀ ਕੈਂਪ ਅਧਿਕਾਰੀਆਂ ਨੂੰ ਦੇ ਦਿੱਤੀ ਜਿਸ ਕਾਰਨ ਉਨ੍ਹਾਂ ਨੇ ਮਿੰਨਤਾਂ ਕਰ ਕੇ ਸਾਨੂੰ ਰੋਕ ਲਿਆ। ਕੈਂਪ ਵਿਚ ਸੱਠ ਕੁ ਦੇ ਕਰੀਬ ਮੁੰਡੇ ਕੁੜੀਆਂ ਸਨ ਜੋ ਪੰਜਾਬ ਦੇ ਵੱਖੋ-ਵੱਖ ਕਾਲਜਾਂ ‘ਚੋਂ ਆਏ ਸਨ। ਇਸ ਗੱਦਾਰ ਨੂੰ ਮੇਜਰ ਤੇ ਚਰਨਜੀਤ ਢਿੱਲੋਂ ਨੇ ਕੈਂਪ ਵਾਲੀ ਪਹਾੜੀ ਦੇ ਇੱਕ ਪਾਸੇ ਲਿਜਾ ਕੇ ਮੋਟਰ ਸਾਈਕਲ ਦੀ ਚੇਨ ਨਾਲ ਕੁੱਟਿਆ। ਉਹ ਇੰਨਾ ਡਰ ਗਿਆ ਕਿ ਉਸ ਨੇ ਕੈਂਪ ਅਧਿਕਾਰੀਆਂ ਨੂੰ ਇਸ ਦੀ ਸ਼ਿਕਾਇਤ ਤੱਕ ਨਾ ਕੀਤੀ।
ਰੀਗਲ ਸਿਨੇਮੇ ਦੇ ਅਗਨ ਭੇਂਟ ਹੋਣ ਸਮੇਂ 7 ਅਕਤੂਬਰ ਦੇ ਗੋਲੀ ਕਾਂਡ ਨੇ ਜੁਝਾਰੂਆਂ ਦਾ ਗੁੱਸਾ ਹੋਰ ਵੀ ਪ੍ਰਚੰਡ ਕਰ ਦਿੱਤਾ ਸੀ। ਜਗਰਾਵੀਂ ਇੱਕ ਹੋਰ ਸਿਨੇਮੇ ਨੂੰ ਲਾਬੂੰ ਲਾ ਦਿੱਤਾ ਗਿਆ। ਸਾਡੇ ਅੰਦਰ ਗੁੱਸੇ ਦੇ ਭਾਂਬੜ ਬਲ ਰਹੇ ਸਨ। ਸਾਰੇ ਵਿਦਿਆਰਥੀਆਂ ਨੂੰ ਨਾਲ ਲਿਜਾਣ ਦੀ ਥਾਂ ਅਸੀਂ ਗਿਣਤੀ ਦੇ ਸਾਥੀ ਚੁੱਪ-ਚੁਪੀਤੇ ਸ਼ਿਮਲੇ ਗਏ। ਉਸ ਦਿਨ ਸ਼ਿਮਲੇ ਦੀਆਂ ਲਗਭਗ ਸਾਰੀਆਂ ਵਿੱਦਿਅਕ ਸੰਸਥਾਵਾਂ ਦੇ ਵਿਦਿਆਰਥੀ ਹੜਤਾਲ ਕਰ ਕੇ ਮੋਗਾ ਗੋਲੀ ਕਾਂਡ ਖਿਲਾਫ ਸੜਕਾਂ ਉਤੇ ਉਤਰ ਆਏ ਸਨ। ਮੈਂ ਤੇ ਮੇਰੇ ਸਾਥੀ ਪੂਰੇ ਜੋਸ਼ ਨਾਲ ‘ਪੰਜਾਬ ਪੁਲਿਸ ਮੁਰਦਾਬਾਦ’, ‘ਮੋਗੇ ਦੇ ਸ਼ਹੀਦ ਅਮਰ ਰਹਿਣਗੇ’ ਆਦਿ ਨਾਹਰੇ ਮਾਰਦੇ ਹੋਏ ਉਨ੍ਹਾਂ ਦੀਆਂ ਮੂਹਰਲੀਆਂ ਸਫਾਂ ਵਿਚ ਜਾ ਰਲੇ। ਸ਼ਿਮਲੇ ਦੇ ਗਲੀਆਂ ਬਜ਼ਾਰਾਂ ਵਿਚੋਂ ਦੀ ਹੁੰਦਾ ਹੋਇਆ ਇਹ ਜਲੂਸ ਮਾਲ ਰੋਡ ਉਤੇ ਪੁੱਜ ਕੇ ਰੋਸ ਰੈਲੀ ਵਿਚ ਬਦਲ ਗਿਆ। ਉਥੋਂ ਦੇ ਆਗੂਆਂ ਨੇ ਬੋਲਣ ਲਈ ਸਭ ਤੋਂ ਪਹਿਲਾਂ ਸਮਾਂ ਮੈਨੂੰ ਦਿੱਤਾ। ਮੈਂ ਲਗਭਗ ਅੱਧਾ ਘੰਟਾ ਭਾਸ਼ਣ ਦਿੱਤਾ।
ਪੰਜਾਬ ਵਾਂਗ ਸੰਘਰਸ਼ ਦੀ ਅੱਗ ਪਹਾੜਾਂ ਨੂੰ ਵੀ ਲੱਗ ਗਈ ਤੇ ਰੋਸ ਅਤੇ ਰੰਜ ਨਾਲ ਸ਼ਿਮਲਾ ਵੀ ਲਟ-ਲਟ ਬਲ ਉਠਿਆ। ਸਾਡੀਆਂ ਜੁਝਾਰੂ ਸਰਗਰਮੀਆਂ ਤੋਂ ਘਬਰਾਏ ਕੈਂਪ ਅਧਿਕਾਰੀਆਂ ਨੇ ਸਮੇਂ ਤੋਂ ਪਹਿਲਾਂ ਹੀ ਕੈਂਪ ਸਮਾਪਤ ਕਰ ਕੇ ਸਾਨੂੰ ਵਾਪਿਸ ਭੇਜ ਦਿੱਤਾ। ਫਰੀਦਕੋਟ ਪਹੁੰਚੇ ਤਾਂ ਹੁੱਕੀ ਵਾਲੇ ਚੌਕ ਵਿਚ (ਜਿਸ ਨੂੰ ਵਿਦਿਆਰਥੀਆਂ ਨੇ ਸ਼ਹੀਦ ਭਗਤ ਸਿੰਘ ਦਾ ਨਾਂ ਦਿੱਤਾ ਹੈ) ਦੋ ਸੌ ਦੇ ਕਰੀਬ ਵਿਦਿਆਰਥੀ ਆਪ ਮੁਹਾਰੇ ਖੜ੍ਹੇ ਨਾਹਰੇ ਮਾਰ ਰਹੇ ਸਨ। ਬਾਕੀ ਹੋਰ ਆਗੂ ਗੁਪਤਵਾਸ ਚਲੇ ਗਏ ਸਨ। ਦੋ ਵਿਦਿਆਰਥੀਆਂ ਨੇ ਮੇਰਾ ਅਟੈਚੀ ਤੇ ਬਿਸਤਰਾ ਇੱਕ ਦੁਕਾਨ ਵਿਚ ਸਾਂਭ ਦਿੱਤਾ ਤੇ ਦੁਕਾਨਦਾਰ ਦੁਕਾਨ ਨੂੰ ਜਿੰਦਾ ਲਾ ਕੇ ਘਰ ਨੂੰ ਚਲਾ ਗਿਆ। ਉਸ ਦਿਨ ਪੀæਐਸ਼ਯੂæ ਵੱਲੋਂ ਬੰਦ ਦੇ ਸੱਦੇ ਨੂੰ ਵਾਪਿਸ ਲੈਣ ਦੇ ਬਿਆਨ ਕਾਰਨ ਬਜ਼ਾਰ ਖੁਲ੍ਹ ਗਿਆ ਸੀ ਪਰ ਅਸੀਂ ਫਿਰ ਬੰਦ ਕਰਵਾ ਦਿੱਤਾ। ਇਹ ਬੰਦ ਬਹੁਤ ਜ਼ਬਰਦਸਤ ਸੀ। ਪੀæਐਸ਼ਯੂæ ਦੇ ਸੂਬਾਈ ਆਗੂਆਂ ਦੇ ਬੰਦ ਵਾਪਸ ਲੈਣ ਵਾਲੇ ਬਿਆਨ ਨੂੰ ਸਥਾਨਕ ਆਗੂਆਂ ਨੇ ਕਿਸੇ ਸ਼ਹਿਰ ਵੀ ਨਹੀਂ ਮੰਨਿਆ ਤੇ ਆਪਣੀ ਪੂਰੀ ਤਾਕਤ ਝੋਕ ਕੇ ਪੰਜਾਬ ਬੰਦ ਨੂੰ ਇਤਿਹਾਸਕ ਬਣਾ ਦਿੱਤਾ। ਬਾਅਦ ਵਿਚ ਪੀæਐਸ਼ਯੂæ ਦੇ ਆਗੂਆਂ ਵੱਲੋਂ ਆਪਣੀਆਂ ਸਫਾਂ ਵਿਚ ਗਲਤੀ ਮੰਨੀ ਗਈ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਪੰਜਾਬ ਬੰਦ ਦੇ ਸਬੰਧ ਵਿਚ ਉਸ ਸਮੇਂ ਲੋਕ-ਤਾਕਤ ਦਾ ਅਹਿਸਾਸ ਨਹੀਂ ਸੀ। ਖ਼ੈਰ! ਮੈਂ ਉਸ ਦਿਨ ਵਿਦਿਆਰਥੀਆਂ ਨੂੰ ਆਪਣੇ ਵੱਲੋਂ ਦਿੱਤੇ ਪ੍ਰੋਗਰਾਮ ਅਨੁਸਾਰ ਦੱਸਣ ਲੱਗਿਆ। ਪ੍ਰੋਗਰਾਮ ਅਨੁਸਾਰ ਸ਼ਹਿਰ ਦੇ ਗਲੀ-ਮੁਹੱਲਿਆਂ ਦੇ ਘਰਾਂ ‘ਚ ਜਾ ਕੇ ਵਿਦਿਆਰਥੀਆਂ ਨੂੰ ਜਲੂਸ ਲਈ ਸੜਕਾਂ ‘ਤੇ ਲਿਆਉਣਾ ਸੀ। ਕੁੱਝ ਵਿਦਿਆਰਥੀਆਂ ਨੇ ਸਾਡਾ ਰੌਲਾ ਸੁਣ ਕੇ ਘਰ ਨੂੰ ਜਾ ਰਹੇ ਇਕ ਰੇਹੜੀ ਵਾਲੇ ਤੋਂ ਤਿੰਨ-ਚਾਰ ਗੁੱਛੇ ਵੱਖ-ਵੱਖ ਰੰਗਾਂ ਦੀਆਂ ਵੰਗਾਂ ਦੇ ਖਰੀਦ ਲਏ। ਤੈਅ ਹੋਇਆ ਕਿ ਵਿਦਿਆਰਥੀਆਂ ਦੇ ਘਰ-ਘਰ ਜਾ ਕੇ ਕਿਹਾ ਜਾਵੇ ਕਿ ਜਾਂ ਤਾਂ ਵੰਗਾਂ ਪਾ ਕੇ ਘਰ ਬੈਠ ਜਾਵੋ, ਜਾਂ ਸਾਡੇ ਨਾਲ ਸੰਘਰਸ਼ ਵਿਚ ਕੁੱਦੋ।
ਮਰਦਊਪੁਣੇ ਨੂੰ ਜੋਸ਼ ਦਿਵਾਉਣ ਵਾਲੇ ਇਸ ਜਗੀਰੂ ਸਭਿਆਚਾਰ ਦੇ ਹਥਿਆਰ ਦਾ ਕਾਫੀ ਅਸਰ ਹੋਇਆ ਤੇ ਬਹੁਤ ਸਾਰੇ ਵਿਦਿਆਰਥੀ ਸਾਡੇ ਨਾਲ ਤੁਰ ਪਏ। ਫਰੀਦਕੋਟ ਦੇ ਡੀæਸੀæ ਦੇ ਜੀæਏæ ਭੁਪਿੰਦਰ ਸਿੰਘ ਪੁਲਿਸ ਟੁਕੜੀ ਦੀ ਅਗਵਾਈ ਕਰਦਿਆਂ ਜਲੂਸ ਦੇ ਨਾਲ ਨਾਲ ਇੰਜ ਤੁਰ ਰਹੇ ਸਨ ਜਿਵੇਂ ਉਹ ਵੀ ਇਸ ਦਾ ਹਿੱਸਾ ਹੋਣ। ਕਈ ਘੰਟੇ ਫਰੀਦਕੋਟ ਦੇ ਗਲੀ-ਮੁਹੱਲਿਆਂ ਵਿਚ ਇਸੇ ਤਰ੍ਹਾਂ ਭੁੱਖੇ-ਤਿਹਾਏ ਫਿਰਦੇ-ਫਿਰਾਉਂਦੇ ਰਾਜੇ ਦੇ ਕਿਲੇ ਕੋਲੋਂ ਜਦੋਂ ਫਿਰ ਮੇਨ ਬਾਜ਼ਾਰ ਵਿਚ ਵੜਨ ਲੱਗੇ ਤਾਂ ਪੁਲਿਸ ਨੇ ਰਸਤਾ ਰੋਕ ਲਿਆ। ਭੁਪਿੰਦਰ ਸਿੰਘ (ਆਈæਏæਐਸ਼) ਕਹਿਣ ਲੱਗੇ ਕਿ ‘ਕਾਕਾ, ਬਹੁਤ ਮੁਜ਼ਾਹਰਾ ਹੋ ਗਿਆ; ਹੁਣ ਤੁਸੀਂ ਵੀ ਘਰੋ-ਘਰੀ ਜਾਵੋ ਤੇ ਸਾਨੂੰ ਵੀ ਚਾਹ-ਪਾਣੀ ਪੀਣ ਦੇਵੋ। ਤੁਹਾਡੇ ਨਾਲ-ਨਾਲ ਤੁਰਦਿਆਂ ਤਾਂ ਅੱਜ ਮੈਂ ਵੀ ਸਾਰਾ ਸ਼ਹਿਰ ਗਾਹ ਲਿਆ।’ ਅਜੇ ਉਹ ਇਹ ਕਹਿ ਕੇ ਹਟਿਆ ਹੀ ਸੀ ਕਿ ਕਿਸੇ ਨੇ ਨੇੜਲੀ ਬਿਲਡਿੰਗ ਤੋਂ ਡਲਾ ਚਲਾਇਆ ਜੋ ਉਸ ਦੇ ਕੰਨ ਕੋਲੋਂ ਲੰਘ ਗਿਆ, ਤੇ ਉਸ ਨੇ ਪੁਲਿਸ ਨੂੰ ਲਾਠੀਚਾਰਜ ਦਾ ਹੁਕਮ ਦੇ ਦਿੱਤਾ। ਪੁਲਿਸ ਵਾਲੇ ਕਈ ਘੰਟੇ ਭੁੱਖੇ-ਤਿਹਾਏ ਸਾਡੀਆਂ ਪੈੜਾਂ ਮਿੱਧਦੇ ਰਹੇ ਸਨ। ਉਨ੍ਹਾਂ ਅੱਕੇ ਹੋਇਆਂ ਨੇ ਡਾਗਾਂ ਇੰਜ ਵਾਹੀਆਂ ਜਿਵੇਂ ਜਾਨਵਰਾਂ ਨੂੰ ਕੁੱਟਦੇ ਹੋਣ। ਬਾਕੀ ਤਾਂ ਖਿੰਡ-ਪੁੰਡ ਗਏ, ਅਖੀਰ ਮੇਰੇ ਨਾਲ 3-4 ਜਣੇ ਖੜ੍ਹੇ ਰਹਿ ਗਏ। ਸਾਨੂੰ ਫੜ ਕੇ ਪੁਲਿਸ ਸਿਟੀ ਥਾਣੇ ਲੈ ਗਈ। ਕੁੱਝ ਸਮੇਂ ਬਾਅਦ ਸ਼ਹਿਰ ਦੇ ਕੁੱਝ ਪਤਵੰਤੇ ਸੱਜਣ ਤੇ ਵਕੀਲ ਆਏ ਤੇ ਸਾਨੂੰ ਛੁਡਾ ਕੇ ਲੈ ਆਏ। ਉਨ੍ਹਾਂ ਨੇ ਸਾਨੂੰ ਪੁਲਿਸ ਅਫਸਰ ਦੇ ਸਾਹਮਣੇ ਸਮਝਾਇਆ ਕਿ ਪੁਰਅਮਨ ਰੋਸ ਕਰਨ ਵਿਚ ਕੋਈ ਗੁਨਾਹ ਨਹੀਂ, ਪਰ ਤੁਸੀਂ ਕੋਈ ਵੀ ਹਿੰਸਕ ਕਾਰਵਾਈ ਨਹੀਂ ਕਰਨੀ।
ਇਸ ਘਟਨਾ ਦੀ ਜਾਣਕਾਰੀ ਗੁਪਤਵਾਸ ਹੋਏ ਸਾਥੀਆਂ ਨੂੰ ਵੀ ਮਿਲ ਗਈ ਤੇ ਅਗਲੇ ਦਿਨ ਉਹ ਵੀ ਮੈਨੂੰ ਆ ਮਿਲੇ। ਏæਆਈæਐਸ਼ਐਫ਼ ਨੇ ਮੋਗਾ ਘੋਲ ਨੂੰ ਵਾਪਿਸ ਲੈਣ ਦਾ ਐਲਾਨ ਕਰ ਦਿੱਤਾ ਜਿਸ ਦੇ ਸਿੱਟੇ ਵਜੋਂ ਪੂਰੇ ਪੰਜਾਬ ਵਿਚੋਂ ਇਸ ਦੇ ਬਹੁਤ ਵੱਡੇ ਹਿੱਸੇ ਨੇ ਸੰਘਰਸ਼ ਦਾ ਸਾਥ ਦਿੰਦਿਆਂ ਆਪਣਾ ਨਾਤਾ ਪੀæਐਸ਼ਯੂæ ਨਾਲ ਜੋੜ ਲਿਆ। ਏæਆਈæਐਸ਼ਐਫ਼ ਨੂੰ ਛੱਡ ਕੇ ਪੀæਐਸ਼ਯੂæ ਨਾਲ ਨਾਤਾ ਜੋੜਨ ਵਾਲੇ ਵੱਡੇ ਹਿੱਸੇ ਵਿਚ ਮੈਂ ਵੀ ਸ਼ਾਮਿਲ ਸਾਂ। ਸਰਕਾਰ ਨਾਲ ਸਮਝੌਤਾ ਕਰ ਕੇ ਮੋਗਾ ਘੋਲ ਵਾਪਿਸ ਲੈਣ ਦਾ ਏæਆਈæਐਸ਼ਐਫ਼ ਦਾ ਫੈਸਲਾ ਰਾਜਸੀ-ਖੁਦਕਸ਼ੀ ਵਰਗਾ ਹੀ ਸੀ। ਸਰਕਾਰ ਹੋਰਾਂ ਨੂੰ ਪਲੋਸਣ ਦੇ ਨਾਲ-ਨਾਲ ਪੀæਐਸ਼ਯੂæ ਨੂੰ ਵੀ ਇਸ ਵਲਗਣ ਵਿਚ ਵਲਣ ਦੀ ਸਿਰ-ਤੋੜ ਕੋਸ਼ਿਸ਼ ਕਰ ਰਹੀ ਸੀ। ਸਮਝੌਤਾ ਮਿਸ਼ਨ ਤਹਿਤ ਉਸ ਵੇਲੇ ਦੇ ਮੁੱਖ ਮੰਤਰੀ ਗਿਆਨੀ ਜ਼ੈਲ ਸਿੰਘ ਵੱਲੋਂ ਭੇਜਿਆ ਅੱਠ-ਦਸ ਕਾਂਗਰਸੀਆਂ ਦਾ ਮਿਸ਼ਨਰੀ ਜਥਾ ਮੇਰੇ ਪਿੰਡ ਕੰਮੇਆਣੇ ਆ ਕੇ ਮੇਰੇ ਪਿਤਾ ਜੀ ਨੂੰ ਮਿਲਿਆ ਤੇ ਸੰਘਰਸ਼ ਤਿਆਗਣ ਦੀ ਸ਼ਰਤ ‘ਤੇ ਕਈ ਲਾਲਚ ਦੇ ਕੇ ਚਲਿਆ ਗਿਆ। ਪਤਾ ਲੱਗਣ ‘ਤੇ ਸੰਘਰਸ਼ਮਈ ਸਾਥੀਆਂ ਦੇ ਮੋਢੇ ਨਾਲ ਮੋਢਾ ਜੋੜ ਕੇ ਮੈਂ ਮੋਗਾ ਘੋਲ ਵਿਚ ਹੋਰ ਵੀ ਜੋਸ਼ ਨਾਲ ਅੱਗੇ ਵਧ ਗਿਆ। ਇਸ ਤੋਂ ਬਾਅਦ ਚੰਡੀਗੜ੍ਹ ਵਿਚ ਹੀ ਵਿਦਿਆਰਥੀਆਂ ਨਾਲ ਸਮਝੌਤੇ ਦਾ ਡਰਾਮਾ ਕਰਨ ਲਈ ਨਾਟਕੀ ਮੀਟਿੰਗ ਦਾ ਢੌਂਗ ਰਚਿਆ ਗਿਆ। ਇਸ ਢੌਂਗ ਦਾ ਪ੍ਰਬੰਧ ਚੁੱਪ-ਚੁਪੀਤੇ ਹੀ ਕੀਤਾ ਗਿਆ ਸੀ, ਪਰ ਪੀæਐਸ਼ਯੂæ ਦੇ ਸਾਥੀਆਂ ਨੂੰ ਪਤਾ ਲੱਗਣ ‘ਤੇ ਅਸੀਂ ਕਾਫੀ ਗਿਣਤੀ ਵਿਚ ਚੰਡੀਗੜ੍ਹ ਪਹੁੰਚ ਗਏ। ਫ਼ਰੀਦਕੋਟ ਅਤੇ ਮੁਕਤਸਰ ਵਾਲੇ ਪਾਸਿਓਂ ਨਰਿੰਦਰ ਚਹਿਲ, ਮੇਜਰ ਨਿਆਮੀਵਾਲਾ, ਕੁਲਵੰਤ ਜਲਾਲੇਆਣਾ, ਬਲਜੀਤ ਭਗਤਾ ਭਾਈ ਅਤੇ ਮੈਂ ਖੁਦ ਵੀ ਪੀæਐਸ਼ਯੂæ ਦੀ ਲੀਡਰਸ਼ਿਪ ਨਾਲ ਹਾਜ਼ਰ ਸਾਂ। ਮੋਗਾ ਘੋਲ ਨਾਲ ਸਬੰਧਤ ਮੰਗਾਂ ‘ਤੇ ਪ੍ਰਿਥੀਪਾਲ ਰੰਧਾਵਾ ਤੇ ਨਰਿੰਦਰ ਚਹਿਲ ਬੋਲੇ। ਇਸ ਤੋਂ ਅੱਗੇ ਨਿਰਭੈ ਢੁੱਡੀਕੇ ਨੇ ਵੀ ਆਪਣੇ ਭਾਸ਼ਣ ਰਾਹੀਂ ਮਾਹੌਲ ਗਰਮਾਇਆ ਤੇ ਉਸ ਮੀਟਿੰਗ ਵਿਚ ਗਾਲਿਬ ਕਲਾਂ ਵਾਲਾ ਦਰਸ਼ਨ ਚਹਿਲ ਤੇ ਭੁਪਿੰਦਰ ਸਿੰਘ ਢੁੱਡੀਕੇ ਵੀ ਹੋਰਾਂ ਨਾਲ ਸ਼ਾਮਿਲ ਸਨ।
ਸਰਕਾਰੀ ਸਟੇਜ ਤੋਂ ਫਿਰ ਜ਼ੀਰੇ ਦੇ ਕਾਲਜ ਤੋਂ ਆਈ ਇਕ ਭੈਣ ਸਰਕਾਰ ਵੱਲੋਂ ਲਿਖਿਆ ਭਾਸ਼ਣ ਪੜ੍ਹਨ ਲੱਗ ਪਈ ਜਿਸ ਵਿਚ ਮੰਗਾਂ ਸਨ ਕਿ ‘ਕਾਲਜ ਵਿਚ ਸਟਾਫ ਪੂਰਾ ਕੀਤਾ ਜਾਵੇ, ਚਾਹ ਪਾਣੀ ਲਈ ਕੁੜੀਆਂ ਵਾਸਤੇ ਵੱਖਰੀ ਕੰਟੀਨ ਹੋਵੇ।’ ਕਿੱਥੇ ਮੋਗਾ ਘੋਲ, ਤੇ ਕਿੱਥੇ ਚਾਹ-ਪਕੌੜਿਆ ਦੀਆਂ ਦੁਕਾਨਾਂ। ਮੈਨੂੰ ਬਹੁਤ ਗੁੱਸਾ ਆਇਆ ਤੇ ਸਮਾਂ ਲੈ ਕੇ 4-5 ਮਿੰਟ ਬੋਲਣ ਤੋਂ ਬਾਅਦ ਜਦੋਂ ਮੈ ਕਿਹਾ ਕਿ ‘ਅਜੇ ਤਾਂ ਸ਼ਹੀਦਾਂ ਦੇ ਘਰਾਂ ‘ਚ ਸੱਥਰ ਵੀ ਉਵੇਂ ਹੀ ਵਿਛੇ ਹਨ ਤੇ ਇਸ ਭੈਣ ਨੂੰ ਚਾਹ ਦੀਆਂ ਚੁਸਕੀਆਂ ਲੈਣ ਵਾਸਤੇ ਚਾਹੀਦੀ ਹੈ ਵੱਖਰੀ ਕੰਟੀਨ’, ਤਾਂ ਗੁੱਸੇ ‘ਚ ਪਹਿਲਾਂ ਹੀ ਭਰੇ-ਪੀਤੇ ਬੈਠੇ ਪੀæਐਸ਼ਯੂæ ਦੇ ਸੰਗਰਾਮੀਆਂ ਨੇ ਕੁਰਸੀਆਂ ਚੁੱਕ-ਚੁੱਕ ਸਟੇਜ ਵੱਲ ਵਗਾਹ ਮਾਰੀਆਂ। ਮਿੰਟਾਂ-ਸਕਿੰਟਾਂ ਵਿਚ ਸਰਕਾਰ ਦੇ ਮੰਤਰੀ ਅਤੇ ਸਮਝੌਤਾ ਪਾਖੰਡ ਲਈ ਆਏ ਪੁਲਿਸ ਦੇ ਤੇ ਹੋਰ ਅਫ਼ਸਰ ਸਟੇਜ ਦੇ ਪਿਛਲੇ ਦਰਵਾਜ਼ੇ ਥਾਣੀ ਤਿੱਤਰ ਹੋਏ। ਅਸੀਂ ਨਾਹਰੇ ਮਾਰਦੇ ਮੀਟਿੰਗ ਹਾਲ ‘ਚੋਂ ਬਾਹਰ ਆ ਗਏ। ਫੈਸਲਾ ਕੀਤਾ ਕਿ ਆਪੋ ਆਪਣੇ ਟਿਕਾਣਿਆਂ ‘ਤੇ ਪਹੁੰਚ ਕੇ ਸੰਘਰਸ਼ ਨੂੰ ਹੋਰ ਵੀ ਤਿੱਖਾ ਕੀਤਾ ਜਾਵੇ।
ਮੋਗਾ ਘੋਲ ਲੜਨ ਲਈ ਮੋਗਾ ਐਕਸ਼ਨ ਕਮੇਟੀ ਬਣੀ ਪਰ ਸਮੂਹ ਸੰਗਰਾਮੀਆਂ ਨੇ ਪੀæਐਸ਼ਯੂæ ਨੂੰ ਕੇਂਦਰ ਮੰਨ ਕੇ ਸੰਘਰਸ਼ ਜਾਰੀ ਰੱਖਿਆ। ਪੰਜਾਬ ਦੇ ਵੱਡੇ ਸ਼ਹਿਰਾਂ ਵਿਚ ਕਈ ਥਾਂਈਂ ਫੌਜ ਦੇ ਫਲੈਗ ਮਾਰਚ ਹੋਏ, ਕਰਫਿਊ ਲਾਇਆ ਗਿਆ। ਦਫਾ 144 ਤਾਂ ਹਰ ਕਸਬੇ, ਸ਼ਹਿਰ ਵਿਚ ‘ਭੱਜੀ ਫਿਰਦੀ’ ਸੀ। ਗਿਆਨੀ ਜ਼ੈਲ ਸਿੰਘ ਸਰਕਾਰ ਵੱਲੋਂ ਘੋਲ ਦਬਾਉਣ ਲਈ ਪੂਰੀ ਸਰਕਾਰੀ ਮਸ਼ੀਨਰੀ ਝੋਕ ਦਿੱਤੀ ਗਈ ਸੀ ਅਤੇ ਵਿਦਿਆਰਥੀਆਂ ਤੇ ਜੁਝਾਰੂਆਂ ਨੂੰ ਘਰਾਂ ਵਿਚ ਹੀ ਡੱਕ ਕੇ ਰੱਖਣ ਲਈ ਹਰ ਹੀਲਾ-ਵਸੀਲਾ ਵਰਤਿਆ ਜਾ ਰਿਹਾ ਸੀ। ਜਿਵੇਂ ਹੜ੍ਹ ਦਾ ਪਾਣੀ ਬੰਨ੍ਹ ਮਾਰੇ ਤੋਂ ਇਕੱਠਾ ਹੋ ਕੇ, ਟੁੱਟ ਕੇ ਵੱਧ ਨੁਕਸਾਨ ਕਰਦਾ ਹੈ, ਠੀਕ ਉਸੇ ਤਰ੍ਹਾਂ ਜੁਝਾਰੂਆਂ ਨੇ ਗੁਰੀਲਾ ਐਕਸ਼ਨਾਂ ਰਾਹੀਂ ਬੱਸਾਂ, ਗੱਡੀਆਂ ਦੀ ਸਾੜ-ਫੂਕ ਸ਼ੁਰੂ ਕਰ ਦਿੱਤੀ। ਰੇਲਵੇ ਸਟੇਸ਼ਨਾਂ ਦਾ ਵੀ ਨੁਕਸਾਨ ਕਰਨ ਦੀਆਂ ਕੋਸ਼ਿਸ਼ ਕੀਤੀਆਂ। ਇਹ ਕੋਈ ਮਾਅਰਕੇਬਾਜ਼ੀ ਨਹੀਂ ਸੀ ਸਗੋਂ 5 ਤੇ 7 ਅਕਤੂਬਰ ਦੀ ਗੋਲੀਬਾਰੀ ਅਤੇ ਉਸ ਤੋਂ ਵੀ ਬਾਅਦ ਪ੍ਰਸ਼ਾਸਨ ਵੱਲੋਂ ਘੋਲ ਸਖਤੀ ਨਾਲ ਦਬਾਉਣ ਦੀ ਕੋਸ਼ਿਸ਼ ਦੇ ਪ੍ਰਤੀਕਰਮ ਵਜੋਂ ਲਾਵੇ ਦੇ ਰੂਪ ਵਿਚ ਫੁੱਟਿਆ ਗੁੱਸੇ ਦਾ ਗੁਬਾਰ ਸੀ। ਜਦੋਂ ਸਰਕਾਰ ਨੇ ਹਿਟਲਰੀ ਵਿਹਾਰ ਛੱਡ ਕੇ ਜਮਹੂਰੀ ਅਮਲ ਨੂੰ ਸਮਾਂ ਦਿੱਤਾ ਤਾਂ ਸਾੜ-ਫੂਕ ਬੰਦ ਹੋ ਕੇ ਘੋਲ ਫਿਰ ਰੈਲੀਆਂ, ਮੁਜ਼ਾਹਰਿਆਂ ਦੇ ਰੂਪ ਵਿਚ ਸੜਕਾਂ ‘ਤੇ ਆ ਗਿਆ। ਰੈਲੀਆਂ ਤੇ ਮੁਜ਼ਾਹਰਿਆਂ ਦੌਰਾਨ ਕਈ ਥਾਂਈਂ ਪੁਲਿਸ ਨਾਲ ਟੱਕਰਾਂ ਹੋਈਆਂ, ਪਰ ਮੁੜ ਕੇ ਕੋਈ ਅਫਸਰ ਗੋਲੀ ਦਾ ਹੁਕਮ ਦੇਣ ਦੀ ਹਿੰਮਤ ਨਾ ਕਰ ਸਕਿਆ।
ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਅਤੇ ਖਿੱਤਿਆਂ ਵਿਚ ਜੁਝਾਰੂਆਂ ਨੇ ਮੋਰਚੇ ਮੱਲੇ ਹੋਏ ਸਨ। ਗੁਰਦਾਸਪੁਰ-ਪਠਾਨਕੋਟ ਵਾਲੇ ਪਾਸੇ ਸੁੱਚਾ ਸਿੰਘ ਭਲਵਾਨ ਸਰਗਰਮ ਸੀ। ਅੰਮ੍ਰਿਤਸਰ ਯਸ਼ਪਾਲ ਝਬਾਲ ਤੇ ਰਣਜੀਤ ਸਿੰਘ ਨੇ ਝੰਡਾ ਚੁੱਕਿਆ ਸੀ। ਜਲੰਧਰ, ਹੁਸ਼ਿਆਰਪੁਰ, ਨਵਾਂ ਸ਼ਹਿਰ, ਫਗਵਾੜੇ, ਬੰਗੇ, ਨਡਾਲੇ ਤੇ ਕਪੂਰਥਲੇ ਭੁਪਿੰਦਰ ਸਿੰਘ ਗਿੱਲ, ਬਲਦੇਵ ਸਿੰਘ ਢੀਂਡਸਾ (ਰਹਿਪਾ), ਸਤਵੰਤ ਮਾਹਲ, ਸੁੱਚਾ ਸਿੰਘ ਦੁਸਾਂਝ, ਮਹਿੰਦਰ ਪਾਲ ਪੂੰਨੀ ਤੇ ਜੰਡਿਆਲੇ ਦੇਬਾ ਭਲਵਾਨ ਆਦਿ ਦਿਨ ਰਾਤ ਇੱਕ ਕਰ ਕੇ ਘੋਲ ਬੁਲੰਦ ਕਰ ਰਹੇ ਸਨ। ਰਵਿੰਦਰ ਸਿੰਘ ਸਹਿਰਾਅ ਨੇ ਵੀ ਪੀæਐਸ਼ਯੂæਦੇ ਸੰਪਰਕ ਵਿਚ ਆ ਕੇ ਮੁੱਢਲੀ ਸਰਗਰਮੀ ਸ਼ੁਰੂ ਕਰ ਦਿੱਤੀ ਸੀ। ਪਟਿਆਲੇ ਗੁਰਬਚਨ ਬੱਚੀ, ਗੁਰਤੇਜ ਸਿੰਘ ਤੇ ਬ੍ਰਜਿੰਦਰ ਸੋਹਲ ਰੈਲੀਆਂ ਮੁਜ਼ਾਹਰੇ ਕਰ ਰਹੇ ਸਨ। ਪ੍ਰਮਿੰਦਰ ਪੰਜਾਬੀ ਯੂਨੀਵਰਸਿਟੀ ਤੇ ਬਲਵਿੰਦਰ ਭੱਟੀ ਵੀ ਕਿਸੇ ਨਾਲੋਂ ਘੱਟ ਨਹੀਂ ਸਨ। ਲੁਧਿਆਣੇ ਪਿਰਥੀਪਾਲ ਰੰਧਾਵਾ, ਪ੍ਰਮਿੰਦਰਜੀਤ ਚਹਿਲ (ਜ਼ੈਲਦਾਰ), ਗੁਰਮੀਤ ਖਾਨ, ਮਨਜੀਤ ਸਿੰਘ, ਕੁਲਦੀਪ ਬਰਾੜ, ਬਾਈ ਰਣਜੀਤ ਸਿੰਘ, ਸੰਤੋਖ ਸੋਖੀ ਤੇ ਕਾਬਲ ਸਿੰਘ ਆਦਿ ਘੋਲ ਦੌਰਾਨ ਆਪੋ-ਆਪਣੀ ਭੂਮਿਕਾ ਨਿਭਾ ਰਹੇ ਸਨ। ਸਮਰਾਲੇ ਅਮਰ ਸਿੰਘ ਸੀ ਤੇ ਰੋਪੜ ਵਾਲੇ ਸਾਥੀਆਂ ਦੇ ਨਾਂ ਯਾਦ ਦੀ ਪਕੜ ‘ਚ ਨਹੀਂ ਆ ਰਹੇ। ਸੰਗਰੂਰ, ਬਰਨਾਲਾ, ਮਾਨਸਾ ਤੇ ਤਲਵੰਡੀ ਦਮਦਮਾ ਸਾਹਿਬ ਦਾ ਇਲਾਕਾ ਬਲਵਾਨ ਸਿੰਘ ਗੋਬਿੰਦਪੁਰਾ, ਜਗਰੂਪ ਝਨੀਰ ਤੇ ਜੱਗੇ ਨੇ ਹੋਰ ਜੁਝਾਰੂਆਂ ਨਾਲ ਸਾਂਭ ਰੱਖਿਆ ਸੀ।
ਲੋਕ ਕਵੀ ਸੰਤ ਰਾਮ ਉਦਾਸੀ ਤੇ ਲੋਕ ਪੱਖੀ ਮਾਨਵਵਾਦੀ ਨਾਟਕਕਾਰ ਭਾਅ ਜੀ ਗੁਰਸ਼ਰਨ ਸਿੰਘ ਵੀ ਮੋਗਾ ਘੋਲ ਦੀ ਹਮਾਇਤ ‘ਚ ਨਿੱਤਰੇ। ਹਰਤੇਜ ਝੱਬਰ, ਮਿੱਠੂ ਕਾਨ੍ਹੇਕੇ, ਮੇਜਰ ਦਰੀਆਪੁਰ, ਸੁਖਦੇਵ ਪਾਂਧੀ, ਮੱਘਰ ਕੁਲਰੀਆਂ, ਅਮਰ ਭਦੌੜ, ਮਿੰਦਰ ਪਾਲ, ਬਲਦੇਵ ਮਾਨ, ਹਰਦੇਵ ਸਿੰਘ ਸੰਧੂ, ਪ੍ਰੇਮ ਸਿੰਘ ਚੰਦੂਮਾਜਰਾ, ਬਲਦੇਵ ਮੋਹਲਾਂ ਤੇ ਜੈਮਲ ਪੱਡਾ ਵੀ ਸਮੇਂ-ਸਮੇਂ ਸਰਗਰਮ ਰਹੇ। ਬਠਿੰਡੇ ਬਲਜੀਤ ਬੱਲੀ, ਸਤਨਾਮ ਕੋਟ ਫੱਤਾ, ਬਲਦੇਵ ਸਿਵੀਆ, ਰੇਸ਼ਮ ਸਿੱਧੂ, ਤੇ ਪਿੱਥੋ ਵਾਲਾ ਦਰਸ਼ਨ, ਰਣਧੀਰ ਗਿੱਲਪੱਤੀ ਤੇ ਰਾਮਪੁਰੇ ਭੋਲਾ ਸਿਧਾਣਾ ਆਦਿ ਸਾਥੀਆਂ ਦੀ ਬਦੌਲਤ ਇਸ ਖਿੱਤੇ ਵਿਚ ਵੀ ਮੋਗਾ ਸੰਘਰਸ਼ ਸਿਖ਼ਰ ‘ਤੇ ਸੀ। ਜਗਰਾਵਾਂ ਤੇ ਢੁੱਡੀਕੇ ਦੇ ਰਣ ਤੱਤੇ ਵਿਚ ਜੂਝ ਰਹੇ ਸਨ ਨਿਰਭੈ ਢੁੱਡੀਕੇ, ਕੁੱਕੀ, ਦਰਸ਼ਨ ਚਹਿਲ ਗਾਲਿਬ ਕਲਾਂ, ਬਲਵਿੰਦਰ ਖੋਟੇ, ਪਾਸ਼ੀ ਮੋਗਾ, ਮਹਿੰਦਰ ਸਿੰਘ ਤੋਤਾ ਤੇ ਅਵਤਾਰ ਸਿੰਘ ਢੁੱਡੀਕੇ ਆਦਿ।
ਜੇ ਪੀæਐਸ਼ਯੂæ ਦੇ ਚੰਗਿਆੜੀ ਜ਼ੋਨ ਮੋਗੇ ਦੀ ਗੱਲ ਕਰਨੀ ਹੋਵੇ ਤਾਂ ਕਿੱਕਰ ਗਿੱਲ, ਕੰਵਰ ਥਰਾਜ, ਸੁਖਦਰਸ਼ਨ ਦੁਸਾਂਝ, ਕੁਲਵੀਰ ਬਹੋਨਾ, ਬੰਤ ਮਾਣੂੰਕੇ, ਨਛੱਤਰ ਰੋਡੇ ਆਦਿ ਜੂਝ ਰਹੇ ਸਨ। ਮਾਣੂੰਕੇ ਦੇ ਚਰਨ, ਚਲਾਕੂ, ਸ਼ਿੰਗਾਰਾ, ਨਛੱਤਰ, ਚਾਚਾ ਗਿੱਦਾ ਤੇ ਰੋਡੇ ਦਾ ਜਰਨੈਲ ਪਟਵਾਰੀ, ਹਰੀ ਨੌਂ ਵਾਲਾ ਪੰਡਤ ਦਰਸ਼ਨ ਸਿੰਘ, ਅਜੈਬ ਕੱਬਾਵੀ ਸਰਗਰਮ ਸਨ। ਇਸ ਦੇ ਨਾਲ-ਨਾਲ ਸੋਹਣ ਲਧਾਈਕੇ, ਨਾਹਰ ਨੱਥੋਕੇ, ਸ਼ਰਨਜੀਤ ਭੱਟੀ, ਘੋਲੀਏ ਖੁਰਦ ਦੇ ਨੌਜਵਾਨ ਆਗੂ ਜੁਗਿੰਦਰ, ਰਜਿੰਦਰ ਤੇ ਗੁਰਦੀਪ, ਸੁਰਜੀਤ ਖੋਟੇ ਆਦਿ ਦੀਆਂ ਸਰਗਰਮੀਆਂ ਕਾਰਨ ਰੋਡੇ ਕਾਲਜ ਤੇ ਇਲਾਕੇ ਵਿਚ ਸੰਘਰਸ਼ ਬੁਲੰਦੀਆਂ ‘ਤੇ ਸੀ। ਕੁਲਵੰਤ ਰਾਏ ਕੰਤਾ ਤੇ ਦੇਵਰਾਜ ਵੀ ਪੂਰੇ ਸਰਗਰਮ ਸਨ। ਮੁਕਤਸਰ ਕਾਲਜ ਤੇ ਖਿੱਤੇ ਵਿਚ ਸੰਘਰਸ਼ ਦਾ ਪਿੜ ਮੱਲੀ ਬੈਠੇ ਸਨ ਨਰਿੰਦਰ ਸਿੰਘ ਚਹਿਲ, ਬੂਟਾ ਸਿੰਘ ਅਸ਼ਾਂਤ, ਸੁਖਵਿੰਦਰ ਕੰਬੋਜ, ਮਨਮੋਹਣ ਸੰਧੂ ਤੇ ਜੁਗਿੰਦਰ ਰੁਪਾਣਾ ਆਦਿ। ਫ਼ਿਰੋਜ਼ਪੁਰ, ਅਬੋਹਰ, ਫ਼ਾਜ਼ਿਲਕਾ, ਗਿੱਦੜਬਾਹਾ ਤੇ ਕਿੱਲਿਆਂ ਵਾਲੀ ਦਾ ਇਲਾਕਾ ਵੀ ਮੋਗਾ ਘੋਲ ਦੌਰਾਨ ਕਾਫੀ ਸਰਗਰਮ ਸੀ। ਪੰਜਗਰਾਈਂ ਕਲਾਂ ਦੇ ਰੂਪ, ਠਾਣਾ, ਗੁਰਮੇਲ, ਮਾਸਟਰ ਗੁਰਦੇਵ ਤੇ ਚਮਕੌਰ ਅਤੇ ਮੀਤਾ ਵੀ ਮੁੱਢਲੀ ਸਰਗਰਮੀ ਫੜ ਰਹੇ ਸਨ ਤੇ ਨਾਜ਼ਰ ਸਿੰਘ ਬਰਾੜ ਨਿਆਮੀ ਵਾਲਾ, ਕਾਲਜ ‘ਚ ਨਾ ਪੜ੍ਹਦਿਆਂ ਵੀ ਸੰਘਰਸ਼ ਦਾ ਸਾਥੀ ਹੁੰਦਾ ਸੀ। ਹਰਤੇਜ ਸਿੰਘ ਬਰਾੜ ਵੀ ਮੁਢਲੀ ਸਰਗਰਮੀ ਸ਼ੁਰੂ ਕਰ ਗਿਆ ਸੀ। ਉਸ ਸਮੇਂ ਪੰਜਾਬ ਦੇ ਚੱਪੇ-ਚੱਪੇ ‘ਤੇ ਰੋਹ ਅਤੇ ਰੋਸ ਸੀ ਅਤੇ ਪੈਰ-ਪੈਰ ‘ਤੇ ਜੁਝਾਰੂ ਸੰਘਰਸ਼ ਕਰ ਰਹੇ ਸਨ।
(ਚੱਲਦਾ)
*ਸਾਬਕਾ ਜਨਰਲ ਸਕੱਤਰ, ਪੰਜਾਬ ਸਟੂਡੈਂਟਸ ਯੂਨੀਅਨ।
Leave a Reply