ਸੀ.ਬੀ.ਐਸ਼ਈ: ਬਾਰ੍ਹਵੀਂ ਦੀ ਪ੍ਰੀਖਿਆ ‘ਚ ਕੁੜੀਆਂ ਨੇ ਮਾਰੀ ਬਾਜ਼ੀ

ਨਵੀਂ ਦਿੱਲੀ: ਸੀ.ਬੀ.ਐਸ਼ਈ. 12ਵੀਂ ਕਲਾਸ ਦੇ ਨਤੀਜਿਆਂ ਵਿਚ ਕੁੜੀਆਂ ਨੇ ਬਾਜ਼ੀ ਮਾਰ ਲਈ। ਨੋਇਡਾ ਦੀ ਕੁੜੀ ਮੇਘਨਾ ਸ੍ਰੀਵਾਸਤਵਾ 500 ਵਿਚੋਂ 499 ਅੰਕ ਲੈ ਕੇ ਅੱਵਲ ਰਹੀ। ਓਵਰਆਲ ਪਾਸ ਪ੍ਰਤੀਸ਼ਤਤਾ 83.01 ਫੀਸਦੀ ਰਹੀ ਜੋ ਪਿਛਲੇ ਸਾਲ 82.02 ਫੀਸਦੀ ਸੀ। ਕੁੜੀਆਂ ਦੀ ਪਾਸ ਪ੍ਰਤੀਸ਼ਤਤਾ 88.31 ਫੀਸਦੀ ਜਦਕਿ ਮੁੰਡਿਆਂ ਦੀ ਪਾਸ ਪ੍ਰਤੀਸ਼ਤਤਾ 78.99 ਫੀਸਦੀ ਰਹੀ।

ਐਸ਼ਏ.ਜੇ. ਸਕੂਲ ਵਸੁੰਧਰਾ, ਗਾਜ਼ੀਆਬਾਦ ਦੀ ਅਨੁਸ਼ਕਾ ਚੰਦਰਾ ਨੇ 498 ਅੰਕ ਲੈ ਕੇ ਦੂਜਾ ਸਥਾਨ ਤੇ ਨੀਰਜਾ ਮੋਦੀ ਸਕੂਲ ਜੈਪੁਰ ਦੀ ਵਿਦਿਆਰਥਣ ਚਾਹਤ ਬੋਧਰਾਜ 497 ਅੰਕ ਲੈ ਕੇ ਤੀਜੇ ਸਥਾਨ ਉਤੇ ਆਈ। ਚੇਨੱਈ ਵਿਚ 93.87 ਤੇ ਦਿੱਲੀ ਵਿਚ 89 ਫੀਸਦੀ ਰਿਹਾ। ਸਹਾਇਤਾ ਪ੍ਰਾਪਤ ਸਕੂਲਾਂ ਦਾ ਨਤੀਜਾ 84.88 ਫੀਸਦੀ, ਸਰਕਾਰੀ ਸਕੂਲਾਂ ਦਾ ਨਤੀਜਾ 84.39 ਫੀਸਦੀ, ਜਵਾਹਰ ਨਵੋਦਿਆ ਸਕੂਲਾਂ ਦਾ ਨਤੀਜਾ 97.7 ਫੀਸਦੀ, ਕੇਂਦਰੀ ਵਿਦਿਆਲਿਆਂ ਦਾ 97.78 ਫੀਸਦੀ ਨਤੀਜਾ ਰਿਹਾ। ਕੁੱਲ 2914 ਦਿਵਯਾਂਗ ਵਿਦਿਆਰਥੀ ਪ੍ਰੀਖਿਆ ਵਿਚ ਬੈਠੇ। 12 ਹਜ਼ਾਰ 737 ਵਿਦਿਆਰਥੀਆਂ ਨੇ 95 ਫੀਸਦੀ ਤੋਂ ਵਧੇਰੇ ਅੰਕ ਹਾਸਲ ਕੀਤੇ ਤੇ 72599 ਵਿਦਿਆਰਥੀਆਂ ਨੇ 90 ਫੀਸਦੀ ਅੰਕ ਹਾਸਲ ਕੀਤੇ।
ਸਟੈੱਪ ਬਾਇ ਸਟੈੱਪ ਸਕੂਲ, ਨੋਇਡਾ ਦੀ ਵਿਦਿਆਰਥਣ ਮੇਘਨਾ ਨੇ ਅੰਗਰੇਜ਼ੀ ਕੋਰ ਵਿਚ 99 ਜਦਕਿ ਸਾਇਕੋਲੋਜੀ, ਹਿਸਟਰੀ, ਜੌਗਰਾਫੀ ਤੇ ਇਕੋਨੌਮਿਕਸ ਵਿਚ 100-100 ਅੰਕ ਹਾਸਲ ਕੀਤੇ। ਉਸ ਨੇ ਆਪਣੀ ਸਫਲਤਾ ਦਾ ਸਿਹਰਾ ਸਕੂਲ ਅਤੇ ਮਾਪਿਆਂ ਨੂੰ ਦਿੰਦਿਆਂ ਕਿਹਾ ਕਿ ਉਸ ਨੇ ਪ੍ਰੀਖਿਆ ਦੀ ਸਫਲਤਾ ਲਈ ਕੋਈ ਵੱਖਰਾ ਢੰਗ ਨਹੀਂ ਅਪਣਾਇਆ, ਸਗੋਂ ਆਪਣੀ ਰੋਜ਼ਾਨਾ ਨੇਮਬੱਧ ਪੜ੍ਹਾਈ ਕਰਦੀ ਰਹੀ ਸੀ, ਪਰ ਉਸ ਨੇ ਹਰ ਵਿਸ਼ੇ ਨੂੰ ਪੂਰੀ ਗਹਿਰਾਈ ਨਾਲ ਪੜ੍ਹਨ ਦੀ ਕੋਸ਼ਿਸ਼ ਕੀਤੀ। ਇਸ ਵਾਰ 91818 ਵਿਦਿਆਰਥੀਆਂ ਦੀ ਕੰਪਾਰਟਮੈਂਟ ਆਈ ਹੈ। ਤਕਰੀਬਨ 11 ਲੱਖ ਵਿਦਿਆਰਥੀ ਪ੍ਰੀਖਿਆ ਲਈ ਰਜਿਸਟਰ ਕੀਤੇ ਗਏ ਸਨ। ਇਸ ਵਾਰ ਬਾਰ੍ਹਵੀਂ ਦੀ ਪ੍ਰੀਖਿਆ ਪੇਪਰ ਲੀਕ ਕਾਂਡ ਕਾਰਨ ਸੁਰਖੀਆਂ ਵਿਚ ਆਈ ਸੀ ਤੇ 25 ਅਪਰੈਲ ਨੂੰ ਇਕੋਨੌਮਿਕਸ ਦਾ ਦੁਬਾਰਾ ਪੇਪਰ ਲਿਆ ਗਿਆ ਸੀ।
___________________________
ਪੰਜਾਬ ਦੀ ਆਸਥਾ ਨੇ ਕੌਮੀ ਪੱਧਰ ‘ਤੇ ਮੱਲੀ ਤੀਜੀ ਥਾਂ
ਲੁਧਿਆਣਾ: ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀ.ਬੀ.ਐਸ਼ਈ.) ਵੱਲੋਂ ਐਲਾਨੇ ਬਾਰ੍ਹਵੀਂ ਦੇ ਨਤੀਜੇ ਵਿਚੋਂ ਲੁਧਿਆਣਾ ਦੇ ਬੀ.ਸੀ.ਐਮ. ਆਰੀਆ ਮਾਡਲ ਸਕੂਲ ਦੀ ਵਿਦਿਆਰਥਣ ਆਸਥਾ ਬਾਂਬਾ ਨੇ ਆਰਟਸ ਗਰੁੱਪ ਵਿਚੋਂ ਕੌਮੀ ਪੱਧਰ ਉਤੇ ਤੀਜਾ ਸਥਾਨ ਪ੍ਰਾਪਤ ਕਰ ਕੇ ਪੰਜਾਬ ਦਾ ਨਾਂ ਰੌਸ਼ਨ ਕੀਤਾ ਹੈ। ਉਸ ਨੇ 99.4 ਫੀਸਦੀ ਅੰਕ ਪ੍ਰਾਪਤ ਕੀਤੇ ਹਨ। ਆਸਥਾ ਬਾਂਬਾ ਦਾ ਕਹਿਣਾ ਹੈ ਕਿ ਸੱਤ ਸਾਲ ਪਹਿਲਾਂ ਕੌਮੀ ਪੱਧਰ ਉਤੇ ਚੰਗੀ ਪੁਜ਼ੀਸ਼ਨ ਪ੍ਰਾਪਤ ਕਰਨ ਵਾਲੀ ਇਸ ਸਕੂਲ ਦੀ ਸ਼ਿਵਾਨੀ ਸੂਦ ਹੀ ਉਸ ਦੀ ਪ੍ਰੇਰਨਾ ਸ੍ਰੋਤ ਹੈ।
_____________________
ਵੱਖਵਾਦੀ ਆਗੂ ਸ਼ਬੀਰ ਸ਼ਾਹ ਦੀ ਧੀ ਨੇ ਕੀਤਾ ਟੌਪ
ਸ੍ਰੀਨਗਰ: ਸੀ.ਬੀ.ਐਸ਼ਈ. ਵੱਲੋਂ ਐਲਾਨੇ ਗਏ 12ਵੀਂ ਜਮਾਤ ਦੇ ਨਤੀਜੇ ਵਿਚੋਂ ਵੱਖਵਾਦੀ ਆਗੂ ਸ਼ਬੀਰ ਸ਼ਾਹ ਦੀ ਧੀ ਸ਼ਮਾ ਸ਼ਬੀਰ ਨੇ ਜੰਮੂ ਕਸ਼ਮੀਰ ਸੂਬੇ ਵਿਚੋਂ ਟੌਪ ਕੀਤਾ ਹੈ। ਸਮਾ ਸ਼ਬੀਰ ਨੇ 97.8 ਫੀਸਦੀ ਅੰਕ ਹਾਸਲ ਕੀਤੇ ਹਨ ਤੇ ਉਹ ਜੰਮੂ ਕਸ਼ਮੀਰ ਦੀ ਡੈਮੋਕਰੈਟਿਕ ਫਰੀਡਮ ਪਾਰਟੀ ਦੇ ਮੁਖੀ ਸ਼ਬੀਰ ਸ਼ਾਹ ਦੀ ਧੀ ਜੋ ਇਸ ਸਮੇਂ ਤਿਹਾੜ ਜੇਲ੍ਹ ‘ਚ ਬੰਦ ਹੈ।