ਮੁੰਬਈ: ਏਸ਼ੀਆ ਦੇ ਇਤਿਹਾਸਕ ਸਥਾਨਾਂ ਦੀ ਸੂਚੀ ਵਿਚ ਸ੍ਰੀ ਹਰਿਮੰਦਰ ਸਾਹਿਬ 10ਵੇਂ ਸਥਾਨ ਉਤੇ ਹੈ। ਉਤਰ ਪ੍ਰਦੇਸ਼ ਦੇ ਆਗਰਾ ਸਥਿਤ ਤਾਜ ਮਹਿਲ 2018 ਦੇ ਚੋਟੀ ਦੇ ਇਤਿਹਾਸਕ ਸਥਾਨਾਂ ਦੀ ਸੂਚੀ ‘ਚ ਵਿਸ਼ਵ ਵਿਚੋਂ ਛੇਵੇਂ ਅਤੇ ਏਸ਼ੀਆ ਵਿਚ ਦੂਜੇ ਨੰਬਰ ਉਤੇ ਹੈ। ਆਲੀਸ਼ਾਨ ਮਕਬਰਾ, ਜਿਹੜਾ ਮੁਗਲ ਆਰਕੀਟੈਕਚਰ ਦੀ ਖੂਬਸੂਰਤ ਉਦਾਹਰਣ ਹੈ, ਇਸ ਸਾਲ ਵਿਸ਼ਵ ਅਤੇ ਏਸ਼ੀਆ ਵਿਚ ਟਰੈਵਲਰ ਚੁਆਇਸ ਦੇ ਸਭ ਤੋਂ ਵੱਧ ਪ੍ਰਭਾਵਸ਼ਾਲੀ ਇਤਿਹਾਸਕ ਸਥਾਨਾਂ ਵਿਚ ਚੋਟੀ ਦੇ 10 ਸਥਾਨਾਂ ਦੀ ਸੂਚੀ ‘ਚ ਬਣਿਆ ਹੋਇਆ ਹੈ। ਇਸ ਸਾਲ 68 ਦੇਸ਼ਾਂ ਅਤੇ 8 ਖੇਤਰਾਂ ਦੇ 759 ਇਤਿਹਾਸਕ ਸਥਾਨਾਂ ਨੂੰ ਵਿਚਾਰੇ ਜਾਣ ਲਈ ਲਿਆ ਗਿਆ ਸੀ।
ਵਿਸ਼ਵ ਦੇ ਪ੍ਰਮੁੱਖ 10 ਟਰੈਵਲਰਜ਼ ਚੁਆਇਸ ਐਵਾਰਡਸ ਲਈ ਚੁਣੇ ਗਏ ਸਥਾਨਾਂ ਵਿਚ ਕੰਬੋਡੀਆ ਦੇ ਸੀਮ ਰੀਪ ‘ਚ ਸਥਿਤ ਅੰਕੋਰ ਵਾਟ ਪਹਿਲੇ ਸਥਾਨ ਉਤੇ ਹੈ ਜਦਕਿ ਦੂਜੇ ਨੰਬਰ ਉਤੇ ਸਪੇਨ ਦੇ ਸੇਵੀਲੇ ਵਿਚ ਪਲਾਜ਼ਾ ਦਿ ਐਸਪਾਨਾ, ਆਬੂਧਾਬੀ ਦਾ ਸ਼ੇਖ ਜ਼ਾਇਦ ਗ੍ਰੈਂਡ ਮਸਜਿਦ, ਇਟਲੀ ਦੇ ਵੈਟੀਕਨ ਸਿਟੀ ‘ਚ ਸੇਂਟ ਪੀਟਰਸ ਬੈਸੀਲਿਕਾ, ਸਪੇਨ ਵਿਚ ਮੇਜ਼ਕੀਵਟਾ ਕੈਥੇਡਰਲ ਦਿ ਕੋਰਦੋਬਾ, ਇਟਲੀ ਦੇ ਮਿਲਾਨ ਦਾ ਦੋਊਮੋ ਦੀ ਮਿਲਾਨੋ, ਅਮਰੀਕਾ ਦੇ ਸਾਨ ਫਰਾਂਸਿਸਕੋ ਦਾ ਅਲਕੈਟਰਜ਼ ਆਈਲੈਂਡ, ਸਾਨ ਫਰਾਂਸਿਸਕੋ ਦਾ ਗੋਲਡਨ ਗੇਟ ਬਰਿਜ ਅਤੇ ਹੰਗਰੀ ਦੇ ਬੁੱਢਾਪੇਸਟ ਦੀ ਸੰਸਦ ਦਾ ਨੰਬਰ ਆਉਂਦਾ ਹੈ। ਹਾਲਾਂਕਿ ਏਸ਼ੀਆ ਦੀ ਦਰਜਾਬੰਦੀ ਵਿਚ ਤਾਜ ਮਹਿਲ ਦੇ ਨਾਲ ਦੋ ਹੋਰ ਭਾਰਤੀ ਸਥਾਨਾਂ ਨੂੰ ਚੋਟੀ ਦੇ 10 ਸਥਾਨਾਂ ਵਿਚ ਜਗ੍ਹਾ ਦਿੱਤੀ ਗਈ ਹੈ।
ਏਸ਼ੀਆ ਦੀ ਸੂਚੀ ਵਿਚ ਜੈਪੁਰ ਦਾ ਅੰਬੇਰ ਕਿਲ੍ਹਾ ਨੌਵੇਂ ਨੰਬਰ ਅਤੇ ਪੰਜਾਬ ਦੇ ਅੰਮ੍ਰਿਤਸਰ ਸਥਿਤ ਸ੍ਰੀ ਹਰਿਮੰਦਰ ਸਾਹਿਬ 10ਵੇਂ ਸਥਾਨ ਉਤੇ ਹੈ। ਏਸ਼ੀਆ ਦੀ ਸੂਚੀ ‘ਚ ਅੰਗਕੋਰ ਵਾਟ ਚੋਟੀ ਉਤੇ ਹੈ, ਉਸ ਤੋਂ ਬਾਅਦ ਤਾਜ ਮਹਿਲ ਦਾ ਨਾਂ ਆਉਂਦਾ ਹੈ, ਉਸ ਤੋਂ ਬਾਅਦ ਬੈਂਕਾਕ ‘ਚ ਟੈਂਪਲ ਆਫ ਰੈਕਲੀਨਿੰਗ ਬੁੱਧਾ, ਚੀਨ ਦੇ ਬੀਜਿੰਗ ਦੀ ਕੰਧ, ਜਾਪਾਨ ਦੇ ਕਿਓਟੋ ਦਾ ਫੂਸ਼ਿਮੀ ਇਨਾਰੀ ਤਾਇਸ਼ਾ ਮੰਦਰ, ਮਿਆਂਮਾਰ ‘ਚ ਸ਼ਵੇਦਾਗੋਨ ਪਗੋਡਾ, ਕੁਆਲਾਲੰਪੁਰ ਦੇ ਪੈਟਰੋਨਾਸ ਟਵਿਨ ਟਾਵਰ, ਵਿਅਤਨਾਮ ਦੇ ਹੋ ਚੀ ਮਿਨ੍ਹ ਸਿਟੀ ‘ਚ ਕੂ ਚੀ ਸੁਰੰਗ ਦਾ ਨੰਬਰ ਆਉਂਦਾ ਹੈ।
______________________
ਭਾਰਤ ‘ਚ ਸਿੱਖਾਂ ਦੀ ਆਬਾਦੀ ਘਟਣ ‘ਤੇ ਚਿੰਤਾ
ਲੁਧਿਆਣਾ: ਕੌਮੀ ਘੱਟ ਗਿਣਤੀ ਕਮਿਸ਼ਨ ਦੇ ਮੈਂਬਰ ਮਨਜੀਤ ਸਿੰਘ ਰਾਏ ਨੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਉਚ-ਪੱਧਰੀ ਮੀਟਿੰਗ ਕਰਨ ਤੋਂ ਬਾਅਦ ਕਿਹਾ ਕਿ 1941 ਦੀ ਜਨਗਣਨਾ ਦੌਰਾਨ ਦੇਸ਼ ਵਿਚ ਸਿੱਖਾਂ ਦੀ ਗਿਣਤੀ 1.89 ਫੀਸਦੀ ਸੀ, ਪਰ ਹੁਣ 2011 ਦੀ ਜਨਗਣਨਾ ਅਨੁਸਾਰ ਸਿੱਖਾਂ ਦੀ ਗਿਣਤੀ ‘ਚ ਵਾਧਾ ਹੋਣ ਦੀ ਬਜਾਏ ਆਬਾਦੀ ਘਟ ਕੇ 1.72 ਫੀਸਦੀ (2.08 ਕਰੋੜ) ਰਹਿ ਗਈ ਹੈ, ਜੋ ਗੰਭੀਰ ਚਿੰਤਾ ਵਾਲੀ ਗੱਲ ਹੈ।
ਸ਼ ਰਾਏ ਨੇ ਕਿਹਾ ਕਿ ਦੇਸ਼ ਵਿਚ 2011 ਦੀ ਜਨਗਣਨਾ ਅਨੁਸਾਰ ਘੱਟ ਗਿਣਤੀਆਂ ਦੀ ਆਬਾਦੀ 20.20 ਫੀਸਦੀ ਹੈ, ਜਿਸ ‘ਚ ਮੁਸਲਮਾਨਾਂ ਦੀ ਆਬਾਦੀ 17.22 ਕਰੋੜ (14.23 ਫੀਸਦੀ), ਇਸਾਈਆਂ ਦੀ ਆਬਾਦੀ 2.78 ਕਰੋੜ (2.30 ਫੀਸਦੀ), ਬੋਧੀਆਂ ਦੀ 84.43 ਲੱਖ (0.70 ਫੀਸਦੀ), ਜੈਨੀਆਂ ਦੀ ਆਬਾਦੀ 44.52 ਲੱਖ (0.37 ਫੀਸਦੀ) ਤੇ ਪਾਰਸੀਆਂ ਦੀ ਆਬਾਦੀ 57 ਹਜ਼ਾਰ 264 ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਜੋ ਵੀ ਦੇਸ਼ ਦੇ ਘੱਟ ਗਿਣਤੀ ਲੋਕਾਂ ਦੀ ਸਹੂਲਤ ਲਈ ਯੋਜਨਾਵਾਂ ਤੇ ਸਕੀਮਾਂ ਲਿਆਂਦੀਆਂ ਗਈਆਂ ਹਨ, ਉਨ੍ਹਾਂ ਨੂੰ ਲੋਕਾਂ ਤੱਕ ਸਹੀ ਤਰੀਕੇ ਨਾਲ ਪੁੱਜਦਾ ਕਰਨ ਲਈ ਦੇਸ਼ ਭਰ ਵਿਚ ਜਾਗਰੂਕਤਾ ਮੁਹਿੰਮ ਚਲਾਈ ਜਾਵੇਗੀ, ਜਿਸ ਦੌਰਾਨ ਕੌਮੀ ਘੱਟ ਗਿਣਤੀ ਕਮਿਸ਼ਨਰ ਦੇ ਮੈਂਬਰਾਂ ਨੂੰ ਸੂਬੇ ਵੰਡੇ ਗਏ ਹਨ, ਉਨ੍ਹਾਂ ਦੇ ਹਿੱਸੇ ਪੰਜਾਬ, ਹਰਿਆਣਾ, ਚੰਡੀਗੜ੍ਹ, ਉਤਰ ਪ੍ਰਦੇਸ਼ ਆਏ ਹਨ, ਉਹ ਆਪ ਜਾ ਕੇ ਘੱਟ ਗਿਣਤੀਆਂ ਨੂੰ ਕਾਰੋਬਾਰ ਕਰਨ ਲਈ ਜਿਥੇ ਬੈਂਕਾਂ ਤੋਂ ਛੇਤੀ ਕਰਜ਼ਾ ਦੁਆਉਣ ਲਈ ਬੈਂਕਾਂ ਨਾਲ ਮੀਟਿੰਗਾਂ ਕਰ ਰਹੇ ਹਨ, ਉਥੇ ਉਹ ਵੱਖ-ਵੱਖ ਵਿਭਾਗਾਂ ਦੇ ਨਾਲ ਮੀਟਿੰਗਾਂ ਕਰ ਰਹੇ ਹਨ।
ਉਨ੍ਹਾਂ ਲੁਧਿਆਣਾ ਵਿਚ 17 ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਦੇ ਨਾਲ ਮੀਟਿੰਗ ਕਰ ਕੇ ਜਿਥੇ ਕੇਂਦਰ ਸਰਕਾਰ ਦੀਆਂ ਘੱਟ ਗਿਣਤੀਆਂ ਨਾਲ ਸਬੰਧਤ ਯੋਜਨਾਵਾਂ ਦੀ ਸਮੀਖਿਆ ਕੀਤੀ, ਉਥੇ ਉਨ੍ਹਾਂ ਘੱਟ ਗਿਣਤੀਆਂ ਨਾਲ ਸਬੰਧਤ ਕੇਸਾਂ ਦਾ ਨਿਪਟਾਰਾ ਛੇਤੀ ਕਰਨ ਦੀ ਹਦਾਇਤ ਵੀ ਕੀਤੀ ਹੈ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਘੱਟ ਗਿਣਤੀ ਫਿਰਕਿਆਂ ਨਾਲ ਸਬੰਧਤ ਲੋਕਾਂ ਨੂੰ ਉਨ੍ਹਾਂ ਦੀ ਭਲਾਈ ਲਈ ਜਾਰੀ ਯੋਜਨਾਵਾਂ ਬਾਰੇ ਜਾਣੂ ਕਰਾਉਣ ਲਈ ਜਾਗਰੂਕਤਾ ਮੁਹਿੰਮ ਆਰੰਭੀ ਜਾਵੇ।