ਕੋਲਕਾਤਾ: ਮੁੱਖ ਮੰਤਰੀ ਮਮਤਾ ਬੈਨਰਜੀ ਵੱਲੋਂ ਉੱਤਰ ਪ੍ਰਦੇਸ਼ ‘ਚ ਮਾਇਆਵਤੀ-ਅਖਿਲੇਸ਼ ਨੂੰ ਇਕੱਠੇ ਕਰਨ ਦੇ ਨਾਲ ਹੀ ਕਰਨਾਟਕ ਵਿਚ ਕਾਂਗਰਸ-ਜੇ.ਡੀ. ਐਸ਼ ਨੂੰ ਨੇੜੇ ਲੈ ਕੇ ਆਉਣ, ਗੁਜਰਾਤ ‘ਚ ਹਾਰਦਿਕ ਪਟੇਲ ਅਤੇ ਦੂਜੇ ਵਿਰੋਧੀਆਂ ਨੂੰ ਮੋਦੀ ਵਿਰੁੱਧ ਆਵਾਜ਼ ਬੁਲੰਦ ਕਰਨ ਲਈ ਸ਼ਹਿ ਦੇਣ ਤੋਂ ਬਾਅਦ ਹੁਣ ਫੈਸਲਾ ਕੀਤਾ ਗਿਆ ਹੈ ਕਿ 2019 ‘ਚ ਮੋਦੀ ਨੂੰ ਸੱਤਾ ਤੋਂ ਬਾਹਰ ਕਰਨ ਲਈ ਦੇਸ਼ ਭਰ ਦੇ ਵੱਖ-ਵੱਖ ਰਾਜਾਂ ਦਾ ਦੌਰਾ ਕਰ ਕੇ ਕੇਂਦਰ ਵੱਲੋਂ ਕੀਤੇ ਜਾ ਰਹੇ ਭੰਡੀ ਪ੍ਰਚਾਰ ਦਾ ਪਰਦਾਫਾਸ਼ ਕੀਤਾ ਜਾਵੇਗਾ।
ਤ੍ਰਿਣਮੂਲ ਦੇ ਇਕ ਸੀਨੀਅਰ ਆਗੂ ਨੇ ਦੱਸਿਆ ਕਿ ਮਮਤਾ ਦਾ ਮੰਨਣਾ ਹੈ ਕਿ ਮੋਦੀ ਵਿਰੋਧੀ ਗੱਠਜੋੜ ਇਕੱਠਾ ਹੈ ਅਤੇ ਖੇਤਰੀ ਫਰੰਟ ਨੂੰ ਮਜ਼ਬੂਤ ਕਰਨ ਦਾ ਇਹੋ ਸਭ ਤੋਂ ਵਧੀਆ ਮੌਕਾ ਹੈ। ਤ੍ਰਿਣਮੂਲ ਵੱਲੋਂ ਭਾਜਪਾ ਦੇ ਇਸ ਦਾਅਵੇ ਦੀ ਵੀ ਹਵਾ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਕਿ ਸਾਰੇ ਰਾਜਾਂ ‘ਚ ਪਾਰਟੀ ਦਾ ਬੋਲਬਾਲਾ ਹੈ। ਇਕ ਅਖਬਾਰ ਦੇ ਹਵਾਲੇ ਨਾਲ ਦੱਸਿਆ ਜਾ ਰਿਹਾ ਹੈ ਕਿ ਭਾਜਪਾ ਦੀ 29 ਰਾਜਾਂ ਵਿਚੋਂ ਸਿਰਫ 10 ਰਾਜਾਂ ਵਿਚ ਸਰਕਾਰ ਹੈ ਅਤੇ ਇਨ੍ਹਾਂ ਵਿਚੋਂ 6 ‘ਚ 2014 ਤੋਂ ਪਹਿਲਾਂ ਵੀ ਉਨ੍ਹਾਂ ਦੀ ਸਰਕਾਰ ਸੀ। ਇਨ੍ਹਾਂ ‘ਚੋਂ ਵੀ ਗੋਆ ਵਿਚ ਉਸ ਨੂੰ ਬਹੁਮਤ ਨਹੀਂ ਮਿਲਿਆ। ਭਾਜਪਾ ਦੀ ਉਤਰ ਪ੍ਰਦੇਸ਼ ‘ਚ ਵੀ ਹਾਲਤ ਮਾੜੀ ਹੋਈ ਹੈ। ਇਸ ਦੇ ਨਾਲ ਹੀ ਬੰਗਾਲ, ਪੰਜਾਬ, ਕੇਰਲ, ਤੇਲੰਗਾਨਾ, ਦਿੱਲੀ ਸਮੇਤ ਇਹੋ ਜਿਹੇ 10 ਰਾਜ ਵੀ ਹਨ, ਜਿਥੇ ਭਾਜਪਾ ਦੀਆਂ 10 ਸੀਟਾਂ ਵੀ ਨਹੀਂ ਹਨ।
__________________________________
ਕਰਨਾਟਕ: ਜੇਡੀ (ਐਸ)-ਕਾਂਗਰਸ ਨੇ ਖਦੇੜੀ ਭਾਜਪਾ, ਬਹੁਮਤ ਸਾਬਤ
ਬੰਗਲੌਰ: ਕਰਨਾਟਕ ਵਿਚ ਜੇਡੀ(ਐਸ)-ਕਾਂਗਰਸ ਸਰਕਾਰ ਨੇ ਵਿਧਾਨ ਸਭਾ ਵਿਚ ਮੁਕਾਬਲੇ ਤੋਂ ਬਿਨਾਂ ਹੀ ਭਰੋਸੇ ਦਾ ਵੋਟ ਜਿੱਤ ਲਿਆ, ਕਿਉਂਕਿ ਭਾਜਪਾ ਵਿਧਾਇਕਾਂ ਨੇ ਵੋਟਿੰਗ ਤੋਂ ਪਹਿਲਾਂ ਸਦਨ ਤੋਂ ਵਾਕਆਊਟ ਕਰ ਦਿੱਤਾ। ਇਸ ਦੇ ਨਾਲ ਹੀ ਸੂਬੇ ਵਿਚ ਵਿਧਾਨ ਸਭਾ ਚੋਣਾਂ ਵਿਚ ਕਿਸੇ ਪਾਰਟੀ ਨੂੰ ਬਹੁਮਤ ਨਾ ਮਿਲਣ ਕਾਰਨ ਪੈਦਾ ਹੋਏ ਸਿਆਸੀ ਨਾਟਕ ਦਾ ਪਰਦਾ ਡਿੱਗ ਗਿਆ।
ਇਸ ਤੋਂ ਪਹਿਲਾਂ ਵਿਰੋਧੀ ਧਿਰ ਦੇ ਆਗੂ ਭਾਜਪਾ ਦੇ ਬੀ.ਐਸ਼ ਯੇਡੀਯੁਰੱਪਾ ਨੇ ਹਾਕਮ ਗੱਠਜੋੜ ਉਤੇ ਜ਼ੋਰਦਾਰ ਹੱਲਾ ਬੋਲਦਿਆਂ ਇਸ ਨੂੰ Ḕਨਾਪਾਕ’ ਕਰਾਰ ਦਿੱਤਾ। ਫਿਰ ਉਹ ਆਪਣੇ ਵਿਧਾਇਕਾਂ ਸਣੇ ਵਾਕਆਊਟ ਕਰ ਗਏ, ਜਿਸ ਕਾਰਨ 58 ਸਾਲਾ ਸ੍ਰੀ ਕੁਮਾਰਸਵਾਮੀ ਨੂੰ ਬਹੁਮਤ ਸਾਬਤ ਕਰਨ ਵਿਚ ਕੋਈ ਮੁਸ਼ਕਲ ਨਹੀਂ ਆਈ। ਸਪੀਕਰ ਕੇ.ਆਰ. ਰਮੇਸ਼ ਕੁਮਾਰ ਨੇ ਭਰੋਸੇ ਦੇ ਮਤੇ ਨੂੰ ਜਬਾਨੀ ਵੋਟ ਰਾਹੀਂ ਪਾਸ ਐਲਾਨ ਦਿੱਤਾ। ਸ੍ਰੀ ਕੁਮਾਰਸਵਾਮੀ ਨੇ ਭਾਜਪਾ ਦੇ ਵਾਕਆਊਟ ਨੂੰ ਅਸਲੀਅਤ ਤੋਂ Ḕਮੂੰਹ ਲੁਕਾਉਣ’ ਦੇ ਤੁੱਲ ਕਰਾਰ ਦਿੱਤਾ।
ਭਾਜਪਾ ਵੱਲੋਂ ਵਿਧਾਨ ਸਭਾ ਵਿਚ ਆਪਣੀ ਹਾਰ ਮੰਨ ਲੈਣ ਦੀ ਗੱਲ ਤਾਂ ਉਦੋਂ ਹੀ ਜ਼ਾਹਰ ਹੋ ਗਈ ਸੀ ਜਦੋਂ ਇਸ ਨੇ ਸਪੀਕਰ ਦੇ ਅਹੁਦੇ ਲਈ ਆਪਣੇ ਉਮੀਦਵਾਰ ਸੁਰੇਸ਼ ਕੁਮਾਰ ਦਾ ਨਾਂ ਪਹਿਲਾਂ ਹੀ ਵਾਪਸ ਲੈ ਲਿਆ, ਜਿਸ ਕਾਰਨ ਕਾਂਗਰਸ ਦੇ ਰਮੇਸ਼ ਕੁਮਾਰ ਨੂੰ ਬਿਨਾਂ ਮੁਕਾਬਲਾ ਸਪੀਕਰ ਚੁਣੇ ਗਏ। ਹਾਕਮ ਗੱਠਜੋੜ ਕੁੱਲ 224 ਮੈਂਬਰਾਂ ਵਾਲੇ ਸਦਨ ਦੇ ਅਸਲ 221 ਮੈਂਬਰਾਂ ਵਿਚੋਂ 117 ਵਿਧਾਇਕਾਂ ਦੀ ਹਮਾਇਤ ਦਾ ਦਾਅਵਾ ਕਰ ਰਿਹਾ ਹੈ। ਇਨ੍ਹਾਂ ਵਿਚੋਂ 78 ਵਿਧਾਇਕ ਕਾਂਗਰਸ ਦੇ, 36 ਜੇਡੀ(ਐਸ) ਤੇ ਇਕ ਬਹੁਜਨ ਸਮਾਜ ਪਾਰਟੀ ਦਾ ਹੈ।
ਸਦਨ ਵਿੱਚ ਆਪਣੇ ਭਰੋਸੇ ਦਾ ਮਤਾ ਪੇਸ਼ ਕਰਦਿਆਂ ਸ੍ਰੀ ਕੁਮਾਰਸਵਾਮੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਆਪਣਾ ਪੰਜ ਸਾਲਾ ਕਾਰਜਕਾਲ ਪੂਰਾ ਕਰੇਗੀ। ਉਨ੍ਹਾਂ ਕਿਹਾ ਕਿ ਉਹ ਇਸ ਗੱਲ ਤੋਂ ਸੁਚੇਤ ਹਨ ਕਿ ਉਨ੍ਹਾਂ ਦੀ ਸਰਕਾਰ ਬਹੁਗਿਣਤੀ ਸਰਕਾਰ ਨਹੀਂ ਹੈ, ਪਰ ਉਨ੍ਹਾਂ ਇਸ ਸਮੇਂ Ḕਇਕ ਨਵੀਂ ਤਰ੍ਹਾਂ ਦੀ’ ਕੁਲੀਸ਼ਨ ਸਰਕਾਰ ਦੇਣ ਦਾ ਵਾਅਦਾ ਕੀਤਾ, ਜੋ ਦੇਸ਼ ਭਰ ਲਈ ਮਿਸਾਲ ਬਣੇਗੀ।