ਚੰਡੀਗੜ੍ਹ: ਅਤਿ ਦੀ ਮਹਿੰਗਾਈ ਤੇ ਰੋਜ਼ਾਨਾ ਕੰਮ ਨਾ ਮਿਲਣ ਕਾਰਨ ਮਿਹਨਤਕਸ਼ ਲੋਕ ਦਿਨ ਭਰ ਹੱਡ ਭੰਨਵੀਂ ਮਿਹਨਤ ਕਰ ਕੇ ਵੀ ਆਪਣੇ ਪਰਿਵਾਰਾਂ ਦੀਆਂ ਲੋੜਾਂ ਪੂਰੀਆਂ ਕਰਨ ਤੋਂ ਅਸਮਰਥ ਹੁੰਦੇ ਜਾ ਰਹੇ ਹਨ। ਜੇਕਰ ਕੰਮ ਕਰਦਿਆਂ ਇਹ ਮਜ਼ਦੂਰ ਕਿਸੇ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਹਨ ਤਾਂ ਇਨ੍ਹਾਂ ਦੇ ਪਰਿਵਾਰ ਭੁੱਖਮਰੀ ਦਾ ਸ਼ਿਕਾਰ ਹੋ ਜਾਂਦੇ ਹਨ। ਆਪਣੀ ਸਰੀਰਕ ਸਮਰੱਥਾ ਤੋਂ ਵਧੇਰੇ ਕੰਮ ਕਰਨ ਤੇ ਭਾਰੀ ਆਰਥਿਕ ਤੇ ਮਾਨਸਿਕ ਪਰੇਸ਼ਾਨੀ ਝੱਲਦਿਆਂ ਹੁਣ ਕਿਸਾਨਾਂ ਵਾਂਗ ਮਜ਼ਦੂਰ ਵੀ ਖੁਦਕੁਸ਼ੀਆਂ ਦੇ ਰਾਹ ਤੁਰ ਪਏ ਹਨ।
ਜਾਣਕਾਰੀ ਅਨੁਸਾਰ ਦੇਸ਼ ਵਿਚ ਤਕਰੀਬਨ 49.2 ਕਰੋੜ ਕਿਰਤੀ ਹਨ, ਜਿਨ੍ਹਾਂ ਵਿਚੋਂ ਨਿਰਮਾਣ ਮਜ਼ਦੂਰਾਂ ਦੀ ਗਿਣਤੀ 4 ਕਰੋੜ ਹੈ ਜਦਕਿ ਪੰਜਾਬ ‘ਚ ਨਿਰਮਾਣ ਮਜ਼ਦੂਰਾਂ ਦੀ ਗਿਣਤੀ 15 ਲੱਖ ਤੋਂ ਵਧੇਰੇ ਹੈ। ਦੇਸ਼ ਵਿਚ 14.43 ਕਰੋੜ ਬੇਜ਼ਮੀਨੇ ਖੇਤ ਮਜ਼ਦੂਰ ਹਨ। ਪੰਜਾਬ ਵਿਚ ਤਕਰੀਬਨ 3 ਲੱਖ ਮਜ਼ਦੂਰ ਭੱਠਿਆਂ ਉਤੇ ਕੰਮ ਕਰਦੇ ਹਨ, ਜਿਨ੍ਹਾਂ ਨਾਲ ਇਨ੍ਹਾਂ ਦੀਆਂ ਔਰਤਾਂ ਤੇ ਬੱਚੇ ਵੀ ਕੰਮ ਵਿਚ ਹੱਥ ਵਟਾਉਂਦੇ ਹਨ। ਦੇਸ਼ ਵਿਚ ਸਭ ਤੋਂ ਜ਼ਿਆਦਾ ਗਿਣਤੀ ਨਿਰਮਾਣ ਕੰਮਾਂ ਵਿਚ ਲੱਗੇ ਮਜ਼ਦੂਰਾਂ ਦੀ ਹੈ। ਇਹ ਨਿਰਮਾਣ ਮਜ਼ਦੂਰ ਦੇਸ਼ ਦੀ ਤਰੱਕੀ ‘ਚ ਅਹਿਮ ਰੋਲ ਅਦਾ ਕਰ ਰਹੇ ਹਨ, ਪਰ ਦੇਸ਼ ‘ਚ ਮਜ਼ਦੂਰਾਂ ਦੀ ਭਲਾਈ ਲਈ ਤਕਰੀਬਨ 150 ਕਾਨੂੰਨ ਤੇ ਕਰੀਬ 10 ਹਜ਼ਾਰ ਭਲਾਈ ਸਕੀਮਾਂ ਮੌਜੂਦ ਹੋਣ ਦੇ ਬਾਵਜੂਦ ਵੀ ਇਹ ਮਜ਼ਦੂਰ ਦਿਨ ਪ੍ਰਤੀ ਦਿਨ ਆਰਥਿਕ, ਮਾਨਸਿਕ ਤੇ ਸਮਾਜਿਕ ਸਮੱਸਿਆਵਾਂ ‘ਚ ਘਿਰਦੇ ਜਾ ਰਹੇ ਹਨ। ਇਸ ਦਾ ਮੁੱਖ ਕਾਰਨ ਇਹ ਹੈ ਕਿ ਮਜ਼ਦੂਰਾਂ ਦੀ ਭਲਾਈ ਲਈ ਚਲਾਈਆਂ ਜਾਂਦੀਆਂ ਯੋਜਨਾਵਾਂ ਦਾ ਲਾਭ ਬਹੁ-ਗਿਣਤੀ ਮਜ਼ਦੂਰਾਂ ਤੱਕ ਨਹੀਂ ਪਹੁੰਚਦਾ।
ਇਸ ਦੀ ਸਭ ਤੋਂ ਵੱਡੀ ਮਿਸਾਲ ਇਹ ਹੈ ਕਿ ਦੇਸ਼ ਅੰਦਰ ਬਹੁ-ਗਿਣਤੀ ਗਰੀਬ ਮਜ਼ਦੂਰ ਅਜੇ ਵੀ ਬੇਹੱਦ ਖਸਤਾ ਹਾਲਤ ਕੋਠਿਆਂ ‘ਚ ਰਹਿ ਰਹੇ ਹਨ, ਪਰ ਇਨ੍ਹਾਂ ਨੂੰ ਕੋਠੇ ਬਣਾਉਣ ਲਈ ਕੇਂਦਰ ਸਰਕਾਰ ਵੱਲੋਂ ਚਲਾਈ ਜਾ ਰਹੀ ਪ੍ਰਧਾਨ ਮੰਤਰੀ ਆਵਾਸ ਯੋਜਨਾ ਦਾ ਲਾਭ ਨਹੀਂ ਮਿਲ ਸਕਦਾ ਕਿਉਂਕਿ ਇਨ੍ਹਾਂ ਕੋਲ ਬੀ.ਪੀ.ਐਲ਼ ਨੰਬਰ ਨਹੀਂ ਹਨ। ਇਸੇ ਤਰ੍ਹਾਂ ਜੇਕਰ 100 ਦਿਨ ਰੁਜ਼ਗਾਰ ਦੀ ਗਰੰਟੀ ਵਾਲੀ ਮਗਨਰੇਗਾ ਯੋਜਨਾ ਸ਼ੁਰੂ ਹੋਈ ਤਾਂ ਇਨ੍ਹਾਂ ਗਰੀਬ ਮਜ਼ਦੂਰਾਂ ਦੇ ਜਾਬ ਕਾਰਡ ਤੇ ਬੈਂਕ ਖਾਤੇ ਵਾਲੀਆਂ ਕਾਪੀਆਂ ਬਹੁ-ਗਿਣਤੀ ਸਰਪੰਚਾਂ ਨੇ ਹੀ ਆਪਣੇ ਕੋਲ ਰੱਖ ਲਈਆਂ। ਇਥੋਂ ਤੱਕ ਕਿ ਅਨੇਕਾਂ ਯੋਗ ਮਜ਼ਦੂਰਾਂ ਨੂੰ ਛੱਡ ਕੇ ਕਈ ਅਯੋਗ ਲੋਕਾਂ ਦੀਆਂ ਕਾਪੀਆਂ ਵੀ ਬਣਾ ਦਿੱਤੀਆਂ। ਇਸੇ ਤਰ੍ਹਾਂ ਗਰੀਬ ਲੋਕਾਂ ਨੂੰ ਜੇਕਰ ਪਿੰਡਾਂ ਅੰਦਰ 5-5 ਮਰਲੇ ਦੇ ਪਲਾਟ ਵੰਡੇ ਜਾਂਦੇ ਹਨ ਤਾਂ ਉਨ੍ਹਾਂ ਤੋਂ ਵੀ ਬਹੁ-ਗਿਣਤੀ ਵਾਂਝੇ ਰਹਿ ਜਾਂਦੇ ਹਨ।
ਕਈ ਖੇਤ ਮਜ਼ਦੂਰ ਕਰਜ਼ੇ ਦੇ ਜਾਲ ‘ਚ ਫਸ ਕੇ ਇਕ ਤਰ੍ਹਾਂ ਨਾਲ ਬੰਧੂਆ ਮਜ਼ਦੂਰਾਂ ਵਾਂਗ ਜ਼ਿੰਦਗੀ ਬਤੀਤ ਕਰ ਰਹੇ ਹਨ। ਇਸ ਸਬੰਧੀ ਪੇਂਡੂ ਮਜ਼ਦੂਰ ਯੂਨੀਅਨ ਜਿਲ੍ਹਾ ਗੁਰਦਾਸਪੁਰ ਦੇ ਪ੍ਰਧਾਨ ਕਾਮਰੇਡ ਰਾਜ ਕੁਮਾਰ ਪੰਡੋਰੀ ਤੇ ਇਫਟੂ ਦੇ ਜਿਲ੍ਹਾ ਪ੍ਰਧਾਨ ਜੋਗਿੰਦਰ ਪਾਲ ਨੇ ਦੱਸਿਆ ਕਿ ਪੰਜਾਬ ਬਿਲਡਿੰਗ ਐਂਡ ਅਦਰ ਕੰਸਟਰੱਕਸ਼ਨ ਵਰਕਰਜ਼ ਵੈੱਲਫੇਅਰ ਬੋਰਡ ਵੱਲੋਂ ਮਜ਼ਦੂਰਾਂ ਦੀ ਭਲਾਈ ਲਈ ਕਾਪੀਆਂ ਬਣਾਈਆਂ ਗਈਆਂ ਹਨ, ਜਿਨ੍ਹਾਂ ਨਾਲ ਮਜ਼ਦੂਰ ਦਾ 3 ਲੱਖ ਰੁਪਏ ਦਾ ਬੀਮਾ ਹੋਣ ਦੇ ਨਾਲ-ਨਾਲ ਉਸ ਦੇ ਬੱਚਿਆਂ ਦੀ ਪੜ੍ਹਾਈ ਲਈ ਵਜ਼ੀਫ਼ਾ ਵੀ ਮਿਲਦਾ ਹੈ, ਪਰ ਬਹੁ-ਗਿਣਤੀ ਮਜ਼ਦੂਰ ਇਸ ਤੋਂ ਅਜੇ ਵੀ ਵਾਂਝੇ ਹਨ।