ਸ਼ਾਹਕੋਟ ਚੋਣ: ਦਲ-ਬਦਲੂਆਂ ਨੇ ਬਦਲੇ ਸਿਆਸੀ ਸਮੀਕਰਨ

ਚੰਡੀਗੜ੍ਹ: ਪੰਜਾਬ ਵਿਚ ਸੱਤਾਧਾਰੀ ਕਾਂਗਰਸ ਤੇ ਮੁੱਖ ਵਿਰੋਧੀ ਆਮ ਆਦਮੀ ਪਾਰਟੀ ਦੇ ਆਗੂਆਂ ਦਾ ਸ਼੍ਰੋਮਣੀ ਅਕਾਲੀ ਦਲ ਵੱਲ ਵਧ ਰਹੇ ਰੁਝਾਨ ਤੋਂ ਸੂਬੇ ਦੀ ਸਿਆਸਤ ਵਿਚ ਨਵੀਂ ਚਰਚਾ ਛੇੜੀ ਹੋਈ ਹੈ। ਕਾਂਗਰਸ ਤੇ ਆਪ ਦੇ ਆਗੂਆਂ ਵੱਲੋਂ ਅਕਾਲੀ ਦਲ ਵਿਚ ਸ਼ਾਮਲ ਹੋਣ ਕਾਰਨ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਦੀ ਕਾਰਗੁਜ਼ਾਰੀ ਅਤੇ ਸਿਆਸੀ ਕਾਰਜਕੁਸ਼ਲਤਾ ਉਤੇ ਵੀ ਸਵਾਲੀਆ ਨਿਸ਼ਾਨ ਲੱਗ ਰਿਹਾ ਹੈ।

ਇਨ੍ਹਾਂ ਸਿਆਸੀ ਗਤੀਵਿਧੀਆਂ ਤੋਂ ਇਹ ਤੱਥ ਵੀ ਸਾਹਮਣੇ ਆਉਂਦੇ ਹਨ ਕਿ ਸੱਤਾ ਵਿਚ ਹੋਣ ਦੇ ਬਾਵਜੂਦ ਕਾਂਗਰਸ ਦੇ ਵਰਕਰ ਤੇ ਆਗੂ ਨਿਰਾਸ਼ਾ ਦੇ ਆਲਮ ਵਿਚ ਨਹੀਂ ਸਗੋਂ Ḕਆਪ’ ਦੇ ਆਗੂ ਵੀ ਕਾਂਗਰਸ ਵੱਲ ਮੂੰਹ ਕਰਨ ਨੂੰ ਤਿਆਰ ਨਹੀਂ ਹਨ।
ਤਾਜ਼ਾ ਰਾਜਨੀਤਕ ਹਾਲਾਤ ਅਕਾਲੀ ਦਲ ਨੂੰ ਰਾਸ ਆ ਰਹੇ ਹਨ ਹਾਲਾਂਕਿ ਲੋਕ ਮਨਾਂ ਵਿਚ ਅਕਾਲੀ ਆਪਣੀ ਭੱਲ ਸੰਵਾਰਨ ਵਿਚ ਕਾਮਯਾਬ ਨਹੀਂ ਹੋਏ ਦਿਖਾਈ ਦੇ ਰਹੇ ਤੇ ਜ਼ਿਮਨੀ ਤੇ ਸਥਾਨਕ ਚੋਣਾਂ ਵਿਚ ਲਗਾਤਾਰ ਝਟਕੇ ਸਹਿਣੇ ਪੈ ਰਹੇ ਹਨ। ਪਿਛਲੇ ਸਾਲ ਪਹਿਲਾਂ ਹੋਈਆਂ ਵਿਧਾਨ ਸਭਾ ਚੋਣਾਂ ਦੌਰਾਨ ਅਕਾਲੀ ਦਲ ਨੂੰ ਅਜਿਹਾ ਝਟਕਾ ਲੱਗਿਆ ਸੀ ਕਿ ਦਸ ਸਾਲ ਸੱਤਾ ਵਿਚ ਰਹਿਣ ਤੋਂ ਬਾਅਦ ਵੀ ਇਹ ਪਾਰਟੀ ਮੁੱਖ ਵਿਰੋਧੀ ਧਿਰ ਦਾ ਰੁਤਬਾ ਹਾਸਲ ਕਰਨ ਵਿੱਚ ਕਾਮਯਾਬ ਨਾ ਹੋ ਸਕੀ ਸੀ। ਇਹੀ ਕਾਰਨ ਹੈ ਕਿ ਸੂਬੇ ਵਿੱਚ ਸੱਤਾ ਤਬਦੀਲੀ ਤੋਂ ਬਾਅਦ ਅਕਾਲੀ ਦਲ ਨੂੰ ਜ਼ਮੀਨੀ ਪੱਧਰ ਉਤੇ ਪੈਰ ਲਾਉਣ ਵਿਚ ਸਖਤ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਨ੍ਹਾਂ ਚੁਣੌਤੀਆਂ ਦੇ ਬਾਵਜੂਦ ਵਿਰੋਧੀ ਪਾਰਟੀਆਂ ਦੇ ਆਗੂਆਂ ਵੱਲੋਂ ਤੱਕੜੀ ਦਾ ਪਲੜਾ ਫੜਿਆ ਜਾ ਰਿਹਾ ਹੈ।
ਪੰਜਾਬ ਦੀ ਸੱਤਾ ਉਤੇ ਇਕ ਦਹਾਕਾ ਕਾਬਜ਼ ਰਹਿਣ ਤੋਂ ਬਾਅਦ ਸਿਆਸੀ ਤੌਰ ‘ਤੇ ਅਕਾਲੀ ਦਲ ਲਈ ਮੁਸ਼ਕਲਾਂ ਭਰਿਆ ਦੌਰ ਮੰਨਿਆ ਜਾਂਦਾ ਸੀ ਪਰ ਕਾਂਗਰਸ ਸਰਕਾਰ ਵੱਲੋਂ ਪਿਛਲੇ ਦਸ ਸਾਲਾਂ ਦੌਰਾਨ ਸਿੰਜਾਈ ਵਿਭਾਗ ਸਮੇਤ ਹੋਰਨਾਂ ਅੱਧੀ ਦਰਜਨ ਵਿਭਾਗਾਂ ਵਿਚ ਹੋਏ ਵੱਡੇ ਘਪਲਿਆਂ ਉਪਰ ਪਰਦਾਪੋਸ਼ੀ ਵਾਲਾ ਰੁਖ ਅਪਨਾਉਣ ਤੋਂ ਬਾਅਦ ਅਕਾਲੀਆਂ ਦੇ ਹੌਸਲੇ ਬੁਲੰਦ ਹੋਣ ਲੱਗੇ। ਇਥੋਂ ਤੱਕ ਕਿ ਕਾਂਗਰਸ ਦੇ ਰਾਜ ਅੰਦਰ ਥਾਣਿਆਂ ਤੋਂ ਲੈ ਕੇ ਉਪਰਲੀਆਂ ਪੁਜੀਸ਼ਨਾਂ ਉਪਰ ਪੁਲਿਸ ਅਧਿਕਾਰੀ ਵੀ ਅਕਾਲੀਆਂ ਦੀ Ḕਪਹਿਲੀ ਪਸੰਦ’ ਦੇ ਹੀ ਕਾਇਮ ਰਹਿਣ ਕਾਰਨ ਲੋਕਾਂ ਵਿਚ ਕਾਂਗਰਸ ਸਰਕਾਰ ਪ੍ਰਤੀ ਸ਼ੰਕੇ ਉਭਰਨ ਲੱਗੇ। ਇਨ੍ਹਾਂ ਬਦਲੀਆਂ ਹੋਈਆਂ ਪ੍ਰਸਥਿਆਂ ਦਾ ਲਾਹਾ ਲੈਂਦਿਆਂ ਅਕਾਲੀ ਦਲ ਨੇ ਜਥੇਬੰਦਕ ਤੌਰ ਉਤੇ ਮਜ਼ਬੂਤੀ ਹਾਸਲ ਕੀਤੀ ਅਤੇ ਪਾਰਟੀ ਦਾ ਕੋਈ ਵੀ ਨਾਮਵਾਰ ਆਗੂ ਸੱਤਾ ਦੇ ਲਾਲਚਵੱਸ ਕਾਂਗਰਸ ਵਿਚ ਜਾਣ ਨਹੀਂ ਦਿੱਤਾ ਬਲਕਿ ਹੋਰਨਾਂ ਲਈ ਦਰਵਾਜ਼ੇ ਖੋਲ੍ਹੇ। ਇਸ ਦੇ ਉਲਟ ਕਾਂਗਰਸ ਦੀ ਸਰਕਾਰ ਹੋਂਦ ਵਿਚ ਆਉਣ ਤੋਂ ਬਾਅਦ ਦਰਜਨ ਦੇ ਕਰੀਬ ਕਾਂਗਰਸੀ ਆਗੂਆਂ ਨੇ ਹੀ ਅਕਾਲੀ ਦਲ ਦਾ ਪੱਲਾ ਫੜਨ ਵਿਚ ਹੀ ਭਲਾਈ ਸਮਝੀ। ਪੰਜਾਬ ਦਾ ਕੋਈ ਕੱਦਵਾਰ ਆਗੂ ਕਾਂਗਰਸ ਵਿਚ ਸ਼ਾਮਲ ਨਹੀਂ ਹੋਇਆ। ਕੁਝ ਦਿਨ ਪਹਿਲਾਂ ਹੀ ਸੁਨਾਮ ਦੇ ਕਾਂਗਰਸੀ ਨੇਤਾ ਰਾਜਿੰਦਰ ਸਿੰਘ ਦੀਪਾ ਅਤੇ ਰਜਿੰਦਰ ਕੌਰ ਮੀਮਸਾ ਅਕਾਲੀ ਦਲ ‘ਚ ਸ਼ਾਮਲ ਹੋਏ। ਸੂਤਰਾਂ ਮੁਤਾਬਕ ਹੋਰ ਵੀ ਕਈ ਕਾਂਗਰਸੀ ਆਗੂ ਅਕਾਲੀ ਦਲ Ḕਚ ਜਾਣ ਲਈ ਤਿਆਰ ਹਨ।
ਗੁਰਦਾਸਪੁਰ ਸੰਸਦੀ ਹਲਕੇ ਅਤੇ ਸ਼ਾਹਕੋਟ ਵਿਧਾਨ ਸਭਾ ਹਲਕੇ ਨਾਲ ਸਬੰਧਤ ਦਰਜਨਾਂ ਆਪ ਨੇਤਾਵਾਂ ਨੇ ਵੀ ਸੱਤਾਧਾਰੀ ਧਿਰ ਵਿਚ ਸ਼ਮੂਲੀਅਤ ਕਰਨ ਦੀ ਥਾਂ ਅਕਾਲੀ ਦਲ ਵਿਚ ਹੀ ਭਵਿੱਖ ਚੰਗਾ ਸਮਝਿਆ। ਕੈਪਟਨ ਵਜ਼ਾਰਤ ਦੇ ਕਈ ਮੰਤਰੀਆਂ ਖਾਸ ਕਰ ਕੇ ਨਵਜੋਤ ਸਿੰਘ ਸਿੱਧੂ, ਮਨਪ੍ਰੀਤ ਸਿੰਘ ਬਾਦਲ, ਤਿਪ੍ਰਤ ਰਾਜਿੰਦਰ ਸਿੰਘ ਬਾਜਵਾ ਆਦਿ ਵੱਲੋਂ ਮੰਤਰੀ ਮੰਡਲ ਦੀਆਂ ਮੀਟਿੰਗ ਵਿਚ ਅਕਾਲੀਆਂ ਦੀ ਚੜ੍ਹਤ ਦਾ ਮਾਮਲਾ ਉਠਾਇਆ ਜਾ ਚੁੱਕਾ ਹੈ। ਕਾਂਗਰਸੀ ਨੇਤਾਵਾਂ ਦਾ ਕਹਿਣਾ ਹੈ ਕਿ ਸੱਤਾ ਵਿਚ ਹੁੰਦੇ ਹੋਏ ਵੀ ਵਿਰੋਧੀ ਧਿਰ ਵਾਲੇ ਹਾਲਾਤ ਪੈਦਾ ਹੋਏ ਪਏ ਹਨ। ਪੰਜਾਬ ਵਿਚ ਲੰਘੇ ਸਾਲ ਮਾਰਚ ਮਹੀਨੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਕਾਂਗਰਸ ਸਰਕਾਰ ਹੋਂਦ ਵਿਚ ਆਈ ਤਾਂ ਸਰਕਾਰ ਦੀ ਕਾਰਗੁਜ਼ਾਰੀ ਉਤੇ ਕਾਂਗਰਸੀਆਂ ਨੇ ਹੀ ਸਵਾਲ ਖੜ੍ਹੇ ਕਰਨੇ ਸ਼ੁਰੂ ਨਹੀਂ ਕੀਤੇ ਸਗੋਂ ਅਕਾਲੀਆਂ ਨਾਲ ਰਲੇ ਹੋਣ ਦੇ ਦੋਸ਼ ਵੀ ਲੱਗਣ ਲੱਗੇ।
ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਦਾ ਕਹਿਣਾ ਹੈ ਕਿ ਸ਼ਾਹਕੋਟ ਅਤੇ ਗੁਰਦਾਸਪੁਰ ਹਲਕਿਆਂ ਨਾਲ ਸਬੰਧਤ ਜਿਹੜੇ ਆਗੂਆਂ ਨੇ ਅਕਾਲੀ ਦਲ ਵਿਚ ਸ਼ਮੂਲੀਅਤ ਕੀਤੀ ਹੈ, ਉਨ੍ਹਾਂ ਨੂੰ ਆਪੋ-ਆਪਣੇ ਖੇਤਰਾਂ ਵਿਚ ਕਾਂਗਰਸ ਪਾਰਟੀ ਅੰਦਰ ਢੁਕਵੀਂ ਥਾਂ ਨਹੀਂ ਮਿਲੀ ਤਾਂ ਅਜਿਹੇ ਆਗੂ ਅਕਾਲੀ ਦਲ ਵਿਚ ਚਲੇ ਗਏ।
___________________
Ḕਆਪ’ ਦੇ ਬਾਗੀਆਂ ਦਾ ਅਕਾਲੀ ਦਲ ਵੱਲ ਝੁਕਾਅ
ਚੰਡੀਗੜ੍ਹ: Ḕਆਪ’ ਨੂੰ ਛੱਡਣ ਵਾਲੇ ਤਕਰੀਬਨ ਸਾਰੇ ਆਗੂ ਹੁਕਮਰਾਨ ਕਾਂਗਰਸ ਦੀ ਥਾਂ ਅਕਾਲੀ ਦਲ ਵਿਚ ਸ਼ਾਮਲ ਹੋਏ ਹਨ। ਵਿਧਾਨ ਸਭਾ ਹਲਕਾ ਸ਼ਾਹਕੋਟ ਉਪ ਚੋਣ ਹੋਣ ਦਾ ਐਲਾਨ ਹੁੰਦਿਆਂ ਹੀ ਸਾਲ 2017 ਵਿਚ ਇਸ ਹਲਕੇ ਤੋਂ Ḕਆਪ’ ਦੀ ਟਿਕਟ ਤੋਂ ਚੋਣ ਲੜ ਕੇ ਵਿਰੋਧੀਆਂ ਨੂੰ ਸਖਤ ਟੱਕਰ ਦੇਣ ਵਾਲੇ ਡਾæ ਅਮਰਜੀਤ ਸਿੰਘ ਥਿੰਦ ਨੇ Ḕਆਪ’ ਦਾ ਸਾਥ ਛੱਡ ਦਿੱਤਾ ਸੀ ਅਤੇ ਉਹ ਅਕਾਲੀ ਦਲ ਵਿਚ ਸ਼ਾਮਲ ਹੋ ਗਏ ਹਨ। Ḕਆਪ’ ਦੀ ਲੀਡਰਸ਼ਿਪ ਨੂੰ ਡਾæ ਥਿੰਦ ਉਪਰ ਭਾਰੀ ਆਸਾਂ ਸਨ। ਫਿਰ Ḕਆਪ’ ਦੇ ਜਲੰਧਰ ਸ਼ਹਿਰੀ ਦੇ ਪ੍ਰਧਾਨ ਬੱਬੂ ਨੀਲਕੰਠ ਨੇ ਵੀ ਪਾਰਟੀ ਨੂੰ ਛੱਡ ਕੇ ਅਕਾਲੀ ਦਲ ਦਾ ਪੱਲਾ ਫੜ ਲਿਆ ਸੀ। ਇਸ ਤੋਂ ਬਾਅਦ ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ Ḕਆਪ’ ਦੀ ਟਿਕਟ ਤੋਂ ਹਲਕਾ ਜਲੰਧਰ ਕੈਂਟ ਤੋਂ ਚੋਣ ਲੜਨ ਵਾਲੇ ਹਰਕ੍ਰਿਸ਼ਨ ਸਿੰਘ ਵਾਲੀਆ ਤੇ ਕਰਨਲ (ਸੇਵਾ ਮੁਕਤ) ਸੀਡੀ ਸਿੰਘ ਕੰਬੋਜ ਵੀ ਪਾਰਟੀ ਨੂੰ ਛੱਡ ਕੇ ਅਕਾਲੀ ਦਲ ਵਿਚ ਸ਼ਾਮਲ ਹੋ ਗਏ ਹਨ। ਦੱਸਣਯੋਗ ਹੈ ਕਿ ਪਿਛਲੇ ਸਮੇਂ ਗੁਰਦਾਸਪੁਰ ਲੋਕ ਸਭਾ ਹਲਕੇ ਦੀ ਹੋਈ ਉਪ ਚੋਣ ਦੌਰਾਨ ਵੀ Ḕਆਪ’ ਨੂੰ ਅਜਿਹੇ ਕਈ ਝਟਕੇ ਲੱਗੇ ਸਨ।
_______________
ਪੰਜਾਬ ਸਿਵਲ ਸਕੱਤਰੇਤ ‘ਚੋਂ ਰੌਣਕਾਂ ਗਾਇਬ
ਚੰਡੀਗੜ੍ਹ: ਮੰਤਰੀ ਮੰਡਲ ਵਿਸਥਾਰ ਵਿਚ 9 ਨਵੇਂ ਮੰਤਰੀ ਬਣਾਏ ਜਾਣ ਮਗਰੋਂ ਵੀ ਪੰਜਾਬ ਸਿਵਲ ਸਕੱਤਰੇਤ ‘ਚੋਂ ਰੌਣਕ ਗਾਇਬ ਹਨ। ਸ਼ਾਹਕੋਟ ਚੋਣਾਂ ‘ਚ ਰੁੱਝੇ ਹੋਣ ਦੇ ਚਲਦੇ ਸਰਕਾਰ ਦੇ ਬਹੁਤੇ ਮੰਤਰੀ ਸਕੱਤਰੇਤ ਵੱਲ ਘੱਟ ਹੀ ਰੁੱਖ ਕਰ ਰਹੇ ਹਨ। ਮੰਤਰੀ ਮੰਡਲ ਦੇ ਵਿਸਥਾਰ ਤੋਂ ਕੁਝ ਦਿਨ ਬਾਅਦ ਤੱਕ ਤਾਂ ਸਕੱਤਰੇਤ ‘ਚ ਰੌਣਕਾਂ ਦੇਖਣ ਨੂੰ ਮਿਲ ਰਹੀਆਂ ਸਨ ਅਤੇ ਮੰਤਰੀਆਂ ਦੇ ਸਮਰਥਕ ਤੇ ਜਾਣਕਾਰਾਂ ਵੱਲੋਂ ਵਧਾਈਆਂ ਦੇਣ ਦਾ ਸਿਲਸਿਲਾ ਵੀ ਜਾਰੀ ਰਿਹਾ ਪਰ ਕੁਝ ਦਿਨਾਂ ਮਗਰੋਂ ਇਹ ਰੌਣਕ ਘੱਟ ਗਈ, ਇਥੋਂ ਤੱਕ ਕਿ ਕਿਸੇ ਕਿਸੇ ਦਿਨ ਇਕਾ-ਦੁੱਕਾ ਮੰਤਰੀਆਂ ਤੋਂ ਇਲਾਵਾ ਕੋਈ ਵੀ ਮੰਤਰੀ ਸਕੱਤਰੇਤ ਆਉਣ ਦੀ ਜ਼ਹਿਮਤ ਨਹੀਂ ਉਠਾਉਂਦਾ।