ਕਰਨਾਟਕ: ਨਿਆਂਪਾਲਿਕਾ ਅੱਗੇ ਨਾ ਚੱਲੀ ਭਾਜਪਾ ਦੀ ਦਾਦਾਗਿਰੀ

ਬੈਂਗਲੁਰੂ: ਕਰਨਾਟਕ ਵਿਚ ਭਾਜਪਾ ਸਰਕਾਰ ਦੋ ਦਿਨਾਂ ਵਿਚ ਹੀ ਡਿੱਗੀ ਗਈ। ਇਹ ਸਭ ਸੁਪਰੀਮ ਕੋਰਟ ਦੇ ਸਖਤ ਰਵੱਈਏ ਕਾਰਨ ਹੋਇਆ ਤੇ ਭਾਜਪਾ ਨੂੰ ਆਪਣੀ ਦਾਦਾਗਿਰੀ ਵਾਲੀ ਰਣਨੀਤੀ ਤੋਂ ਪਿੱਛੇ ਹਟਣਾ ਪਿਆ। ਸਰਬਉਚ ਅਦਾਲਤ ਦੇ ਹੁਕਮਾਂ ਉਤੇ ਵਿਧਾਨ ਸਭਾ ਵਿਚ ਬਹੁਮਤ ਸਾਬਤ ਨਾ ਕਰ ਸਕਣ ਉਤੇ ਕਰਨਾਟਕ ਦੇ ਨਵੇਂ ਚੁਣੇ ਗਏ ਮੁੱਖ ਮੰਤਰੀ ਯੇਡੀਯੁਰੱਪਾ ਨੂੰ ਆਖਰ ਅਸਤੀਫਾ ਦੇਣ ਲਈ ਮਜਬੂਰ ਹੋਣਾ ਪਿਆ।

ਜਿਸ ਤਰ੍ਹਾਂ ਜਲਦਬਾਜ਼ੀ ਵਿਚ ਸੂਬੇ ਦੇ ਰਾਜਪਾਲ ਵਜੂਭਾਈ ਵਾਲਾ ਨੇ ਵਿਰੋਧੀ ਧਿਰ ਦੇ ਬਹੁਮਤ ਨੂੰ ਅਣਗੌਲਿਆ ਕਰ ਕੇ ਕਰਨਾਟਕ ਭਾਜਪਾ ਨੂੰ ਸਰਕਾਰ ਬਣਾਉਣ ਦਾ ਸੱਦਾ ਦਿੱਤਾ ਅਤੇ ਫਿਰ ਭਾਜਪਾ ਦੇ ਯੇਡੀਯੁਰੱਪਾ ਨੂੰ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਚੁਕਾ ਦਿੱਤੀ, ਇਸ ਨਾਲ ਭਾਜਪਾ ਦੀ ਕੇਂਦਰ ਸਰਕਾਰ ਦੀ ਦਬੰਗਤਾ ਅਤੇ ਸੂਬੇ ਦੇ ਰਾਜਪਾਲ ਦੀ ਪੱਖਪਾਤੀ ਭੂਮਿਕਾ ਵੀ ਸਪੱਸ਼ਟ ਹੋ ਕੇ ਸਾਹਮਣੇ ਆਈ ਹੈ।
ਕਾਂਗਰਸ ਤੇ ਜਨਤਾ ਦਲ (ਐਸ) ਵੱਲੋਂ ਰਾਜਪਾਲ ਦੇ ਇਸ ਫੈਸਲੇ ਨੂੰ ਸਰਬਉਚ ਅਦਾਲਤ ਵਿਚ ਚੁਣੌਤੀ ਦਿੱਤੀ ਗਈ। ਰਾਜਪਾਲ ਦਾ ਇਹ ਫੈਸਲਾ ਇਸ ਲਈ ਵੀ ਸਵਾਲਾਂ ਦੇ ਘੇਰੇ ਵਿਚ ਆਉਂਦਾ ਹੈ, ਕਿਉਂਕਿ ਉਨ੍ਹਾਂ ਨੇ ਨਾ ਸਿਰਫ ਭਾਜਪਾ ਦੇ ਵਿਵਾਦਤ ਨੇਤਾ ਕੇæਜੀæ ਬੋਪਈਆ ਨੂੰ ਪ੍ਰੋਟਾਈਮ ਸਪੀਕਰ ਐਲਾਨ ਦਿੱਤਾ, ਸਗੋਂ ਭਾਜਪਾ ਨੂੰ ਜੋੜ-ਤੋੜ ਅਤੇ ਵਿਧਾਇਕਾਂ ਦੀ ਖਰੀਦੋ-ਫਰੋਖਤ ਕਰਨ ਲਈ ਵੀ 15 ਦਿਨ ਦਾ ਮੌਕਾ ਦੇ ਦਿੱਤਾ ਸੀ, ਪਰ ਅਦਾਲਤ ਨੇ ਭਾਜਪਾ ਨੂੰ 19 ਮਈ ਨੂੰ ਵਿਧਾਨ ਸਭਾ ਵਿਚ ਆਪਣਾ ਬਹੁਮਤ ਸਿੱਧ ਕਰਨ ਦਾ ਨਿਰਦੇਸ਼ ਦੇ ਦਿੱਤੇ। 222 ਸੀਟਾਂ ਉਤੇ ਹੋਈਆਂ ਚੋਣਾਂ ਵਿਚੋਂ 104 ਸੀਟਾਂ ਉਤੇ ਭਾਜਪਾ ਦੀ ਜਿੱਤ ਹੋਈ ਸੀ, ਜਿਸ ਕਾਰਨ ਬਹੁਮਤ ਸਾਬਤ ਕਰ ਸਕਣਾ ਅਸੰਭਵ ਸੀ। ਕਾਂਗਰਸ ਨੇ ਆਪਣੇ 78 ਵਿਧਾਇਕਾਂ ਅਤੇ ਜਨਤਾ ਦਲ (ਐਸ) ਦੇ 38 ਵਿਧਾਇਕਾਂ ਨੂੰ ਇਕਜੁਟ ਰੱਖਣ ਦੀ ਵੱਡੀ ਵਿਵਸਥਾ ਕੀਤੀ ਹੋਈ ਸੀ। ਹੁਣ ਸਥਿਤੀ ਕਾਂਗਰਸ ਅਤੇ ਜਨਤਾ ਦਲ (ਐਸ) ਦੇ ਹੱਕ ਵਿਚ ਆ ਗਈ ਹੈ, ਜਿਨ੍ਹਾਂ ਕੋਲ ਸਾਂਝੇ ਤੌਰ ‘ਤੇ 116 ਵਿਧਾਇਕਾਂ ਦਾ ਬਹੁਮਤ ਹੈ। ਇਨ੍ਹਾਂ ਨੂੰ 2 ਆਜ਼ਾਦ ਵਿਧਾਇਕਾਂ ਦਾ ਸਮਰਥਨ ਵੀ ਪ੍ਰਾਪਤ ਹੈ।
ਕਰਨਾਟਕ ‘ਚ ਭਰੋਸੇ ਦਾ ਵੋਟ ਹਾਸਲ ਕੀਤੇ ਬਿਨਾਂ ਮੁੱਖ ਮੰਤਰੀ ਬੀæਐਸ਼ ਯੇਡੀਯੁਰੱਪਾ ਵੱਲੋਂ ਅਸਤੀਫਾ ਦੇਣ ਨੂੰ ਤ੍ਰਿਣਮੂਲ ਕਾਂਗਰਸ, ਬਸਪਾ ਅਤੇ ਖੱਬੇ-ਪੱਖੀ ਪਾਰਟੀਆਂ ਨੇ Ḕਧਰਮ ਨਿਰਪੱਖ ਜਮਹੂਰੀ ਤਾਕਤਾਂ ਦੀ ਜਿੱਤ’ ਕਰਾਰ ਦਿੱਤਾ ਹੈ। ਦੱਸ ਦਈਏ ਕਿ 15 ਮਈ ਨੂੰ ਟੁੱਟਵਾਂ ਫਤਵਾ ਆਉਣ ਨਾਲ ਸੂਬੇ ਵਿਚ ਰਾਜਸੀ ਸੰਕਟ ਸ਼ੁਰੂ ਹੋ ਗਿਆ ਸੀ ਅਤੇ ਇਨ੍ਹਾਂ ਚੋਣਾਂ ਵਿਚ ਭਾਜਪਾ 104 ਸੀਟਾਂ ਨਾਲ ਸਭ ਤੋਂ ਵੱਡੀ ਪਾਰਟੀ ਬਣ ਕੇ ਉਭਰੀ ਸੀ। ਕਾਂਗਰਸ ਜਿਸ ਨੇ 78 ਸੀਟਾਂ ਉਤੇ ਜਿੱਤ ਹਾਸਲ ਕੀਤੀ ਸੀ, ਨੇ ਤੁਰਤ ਜਨਤਾ ਦਲ (ਐਸ) ਨਾਲ ਗੱਠਜੋੜ ਕਰ ਲਿਆ ਜਿਸ ਨੇ 37 ਸੀਟਾਂ ਜਿੱਤੀਆਂ ਸਨ ਅਤੇ ਇਥੋਂ ਤੱਕ ਕਾਂਗਰਸ ਨੇ ਐਚæਡੀæ ਕੁਮਾਰਸਵਾਮੀ ਲਈ ਮੁੱਖ ਮੰਤਰੀ ਅਹੁਦੇ ਦੀ ਹਮਾਇਤ ਵੀ ਕਰ ਦਿੱਤੀ।
ਭਾਜਪਾ ਉਤੇ ਵਿਧਾਇਕਾਂ ਨੂੰ ਲਾਲਚ ਦੇਣ ਦੇ ਦੋਸ਼ਾਂ ਦਰਮਿਆਨ ਕਾਂਗਰਸ ਆਪਣੇ ਵਿਧਾਇਕਾਂ ਨੂੰ ਬੈਂਗਲੁਰੂ ਤੋਂ ਬਾਹਰ ਇਕ ਰਿਜ਼ਾਰਟ ‘ਤੇ ਲੈ ਗਈ ਜਦਕਿ ਜਨਤਾ ਦਲ (ਐਸ) ਨੇ ਬੈਂਗਲੁਰੂ ਵਿਚ ਆਪਣੇ ਵਿਧਾਇਕਾਂ ਨੂੰ ਇਕ ਹੋਟਲ ਵਿਚ ਠਹਿਰਾਇਆ ਅਤੇ ਬਾਅਦ ਵਿਚ ਉਨ੍ਹਾਂ ਨੂੰ ਹੈਦਰਾਬਾਦ ਦੇ ਇਕ ਹੋਟਲ ਵਿਚ ਲੈ ਗਏ। ਇਸੇ ਦੌਰਾਨ ਕਾਂਗਰਸ ਨੇ ਇਕ ਆਡੀæਓæ ਟੇਪ ਵੀ ਜਾਰੀ ਕਰ ਦਿੱਤੀ ਜਿਸ ਵਿਚ ਸ਼ਾਇਦ ਮੁੱਖ ਮੰਤਰੀ ਯੇਡੀਯੁਰੱਪਾ ਇਕ ਵਿਧਾਇਕ ਨੂੰ ਇਹ ਲਾਲਚ ਦਿੰਦੇ ਸੁਣੇ ਗਏ। ਜ਼ਿਕਰਯੋਗ ਹੈ ਕਿ 224 ਮੈਂਬਰਾਂ ਵਾਲੀ ਵਿਧਾਨ ਸਭਾ ‘ਚ ਇਕ ਸੀਟ ਐਂਗਲੋ ਇੰਡੀਅਨ ਮੈਂਬਰ ਲਈ ਰਾਖਵੀਂ ਹੁੰੰਦੀ ਹੈ, ਜਿਸ ਨੂੰ ਸਰਕਾਰ ਵੱਲੋਂ ਨਾਮਜ਼ਦ ਕੀਤਾ ਜਾਂਦਾ ਹੈ। 224 ਵਿਧਾਨ ਸਭਾ ਸੀਟਾਂ ਵਿਚੋਂ ਨਾਮਜ਼ਦ ਮੈਂਬਰ ਦੀ ਇਕ ਸੀਟ ਤੋਂ ਇਲਾਵਾ ਇਕ ਸੀਟ ‘ਤੇ ਚੋਣ ਰੱਦ ਹੋਣ ਕਾਰਨ 222 ਸੀਟਾਂ ਉਤੇ ਚੋਣ ਲੜੀ ਗਈ ਸੀ, ਜਿਸ ‘ਚ ਬਹੁਮਤ ਦੇ 102 ਦੇ ਅੰਕੜੇ ਤੋਂ ਭਾਜਪਾ 8 ਸੀਟਾਂ ਦੀ ਦੂਰੀ ਉਤੇ ਸੀ।
__________________
ਕਾਂਗਰਸ ਦੀ ਨੈਤਿਕ ਜਿੱਤ ਹੋਈ: ਕੈਪਟਨ
ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਰਨਾਟਕ ਦੇ ਸਿਆਸੀ ਘਟਨਾਕ੍ਰਮ ਉਤੇ ਟਿੱਪਣੀ ਕਰਦਿਆਂ ਕਿਹਾ ਕਿ ਬੀæਐਸ਼ ਯੇਡੀਯੁਰੱਪਾ ਦੇ ਅਸਤੀਫੇ ਨਾਲ ਕਾਂਗਰਸ ਪਾਰਟੀ ਦੇ ਨੈਤਿਕ ਅਤੇ ਸਿਆਸੀ ਸਟੈਂਡ ਦੀ ਪੁਸ਼ਟੀ ਹੋਈ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸੱਤਾ ਦੀ ਭੁੱਖੀ ਭਾਜਪਾ ਦੇ ਹੱਥਾਂ ਵਿਚੋਂ ਭਾਰਤੀ ਜਮਹੂਰੀਅਤ ਦੀ ਮੁਕੰਮਲ ਤਬਾਹੀ ਨੂੰ ਬਚਾਇਆ ਗਿਆ ਹੈ ਅਤੇ ਦੇਸ਼ ਦੇ ਸੰਵਿਧਾਨ ਦੇ ਸਿਧਾਂਤਾਂ ਨੂੰ ਕਾਇਮ ਰੱਖਿਆ ਗਿਆ ਹੈ।
___________________
ਬਿਹਾਰ, ਗੋਆ ਤੇ ਮਨੀਪੁਰ ‘ਚ ਭਾਜਪਾ ਦੇ ਤਖਤਾ ਪਲਟ ਦੇ ਦਾਅਵੇ ਪੇਸ਼
ਪਟਨਾ: ਵਿਧਾਨ ਸਭਾਵਾਂ ਵਿਚ ਕਿਸੇ ਵੀ ਪਾਰਟੀ ਨੂੰ ਸਪੱਸ਼ਟ ਬਹੁਮਤ ਨਾ ਮਿਲਣ ਦੀ ਸਥਿਤੀ ਵਿਚ ਇਕਸਾਰ ਨੇਮ ਤਿਆਰ ਕਰਨ ਲਈ ਰਾਸ਼ਟਰੀ ਜਨਤਾ ਦਲ ਵੱਲੋਂ ਬਿਹਾਰ ਵਿਚ, ਕਾਂਗਰਸ ਵੱਲੋਂ ਗੋਆ ਅਤੇ ਮਨੀਪੁਰ ਵਿਚ ਸਰਕਾਰ ਬਣਾਉਣ ਦੇ ਦਾਅਵੇ ਪੇਸ਼ ਕੀਤੇ ਗਏ। ਰਾਸ਼ਟਰੀ ਜਨਤਾ ਦਲ ਦੇ ਆਗੂ ਤੇਜਸਵੀ ਯਾਦਵ ਨੇ ਕਾਂਗਰਸ, ਹਿੰਦੁਸਤਾਨੀ ਆਵਾਮ ਮੋਰਚਾ ਅਤੇ ਸੀæਪੀæਐਮæਐਲ਼ ਦੇ ਆਗੂਆਂ ਨੂੰ ਨਾਲ ਲੈ ਕੇ ਬਿਹਾਰ ਦੇ ਰਾਜਪਾਲ ਸੱਤਿਆਪਾਲ ਮਲਿਕ ਦੇ ਨਾਲ ਮੀਟਿੰਗ ਕਰ ਕੇ ਮੰਗ ਕੀਤੀ ਕਿ ਉਸ ਦੀ ਪਾਰਟੀ ਨੂੰ ਸਰਕਾਰ ਬਣਾਉਣ ਲਈ ਸੱਦਾ ਪੱਤਰ ਦਿੱਤਾ ਜਾਵੇ ਕਿਉਂਕਿ ਉਨ੍ਹਾਂ ਦੀ ਪਾਰਟੀ ਵਿਧਾਨ ਸਭਾ ਵਿਚ ਸਭ ਤੋਂ ਵੱਡੀ ਪਾਰਟੀ ਹੈ ਅਤੇ ਚੋਣਾਂ ਤੋਂ ਪਹਿਲਾਂ ਸਭ ਤੋਂ ਵੱਡਾ ਚੋਣ ਗੱਠਜੋੜ ਵੀ ਉਨ੍ਹਾਂ ਦਾ ਹੈ। ਪਟਨਾ ਵਿਚ ਰਾਜ ਭਵਨ ਬਾਹਰ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਰਾਜਪਾਲ ਨੂੰ ਦੱਸਿਆ ਹੈ ਕਿ ਉਨ੍ਹਾਂ ਕੋਲ 111 ਵਿਧਾਇਕ ਹਨ ਤੇ ਉਨ੍ਹਾਂ ਨੂੰ ਬਹੁਮਤ ਸਾਬਤ ਕਰਨ ਦਾ ਮੌਕਾ ਦਿੱਤਾ ਜਾਵੇ।
ਗੋਆ ਵਿਚ ਕਾਂਗਰਸ ਦੇ ਆਗੂ ਚੰਦਰਕਾਂਤ ਕਾਵਲੇਕਰ ਵੀ ਰਾਜਪਾਲ ਮਿਰਦੁਲਾ ਸਿਨਹਾ ਨੂੰ ਮਿਲੇ ਹਨ ਤੇ ਉਨ੍ਹਾਂ ਵੀ ਰਾਜਪਾਲ ਨੂੰ ਯਾਦ ਪੱਤਰ ਦੇ ਕੇ ਕਾਂਗਰਸ ਨੂੰ ਬਹੁਮਤ ਸਾਬਤ ਕਰਨ ਦਾ ਮੌਕਾ ਦੇਣ ਦੀ ਮੰਗ ਕੀਤੀ ਹੈ। ਮਨੀਪੁਰ ਵਿਚ ਕਾਂਗਰਸ ਕੋਲ ਵਿਧਾਨ ਸਭਾ ਵਿਚ 60 ਵਿਚੋਂ 28 ਸੀਟਾਂ ਹਨ ਤੇ ਉਹ ਸਭ ਤੋਂ ਵੱਡੀ ਪਾਰਟੀ ਹੈ।