ਹੁਣ ਸਿੱਖ ਸੈਂਸਰ ਬੋਰਡ ਕਰੇਗਾ ਧਾਰਮਿਕ ਫਿਲਮਾਂ ਦੀ ਘੋਖ

ਅੰਮ੍ਰਿਤਸਰ: ਅਕਾਲ ਤਖਤ ਨੇ ਸਿੱਖ ਧਰਮ ਬਾਰੇ ਬਣਨ ਵਾਲੀਆਂ ਫਿਲਮਾਂ ਦੀ ਘੋਖ ਲਈ ਸਿੱਖ ਵਿਦਵਾਨਾਂ ਦਾ 21 ਮੈਂਬਰੀ ਸਿੱਖ ਸੈਂਸਰ ਬੋਰਡ ਬਣਾਉਣ ਦਾ ਐਲਾਨ ਕੀਤਾ ਹੈ। ਇਹ ਬੋਰਡ ਅਜਿਹੀਆਂ ਫਿਲਮਾਂ ਨੂੰ ਘੋਖਣ ਮਗਰੋਂ ਆਪਣੀ ਰਿਪੋਰਟ ਅਕਾਲ ਤਖਤ ਨੂੰ ਦੇਵੇਗਾ ਅਤੇ ਮਗਰੋਂ ਤਖਤ ਵੱਲੋਂ ਸਬੰਧਤ ਫਿਲਮ ਨੂੰ ਪ੍ਰਵਾਨਗੀ ਦਿੱਤੀ ਜਾਵੇਗੀ।
ਇਸ 21 ਮੈਂਬਰੀ ਸਿੱਖ ਸੈਂਸਰ ਬੋਰਡ ਵਿਚ ਸ਼ਾਮਲ ਵਿਦਵਾਨਾਂ ਦੇ ਮੈਂਬਰਾਂ ਦੇ ਨਾਂਵਾਂ ਦਾ ਐਲਾਨ ਕਰਦਿਆਂ

ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਫਿਲਮ ਨਿਰਮਾਤਾਵਾਂ ਅਤੇ ਹੋਰਨਾਂ ਨੂੰ ਆਖਿਆ ਕਿ ਸਿੱਖ ਧਰਮ ਨਾਲ ਸਬੰਧਤ ਕੋਈ ਵੀ ਫਿਲਮ, ਨਾਟਕ ਆਦਿ ਬਣਾਉਣ ਤੋਂ ਪਹਿਲਾਂ ਅਕਾਲ ਤਖਤ ਤੋਂ ਪ੍ਰਵਾਨਗੀ ਹਾਸਲ ਕੀਤੀ ਜਾਵੇ। ਸਿੱਖ ਸੈਂਸਰ ਬੋਰਡ ਅਜਿਹੀਆਂ ਫਿਲਮਾਂ, ਨਾਟਕਾਂ, ਡਰਾਮਿਆਂ ਆਦਿ ਵਿਚ ਸਿੱਖ ਇਤਿਹਾਸ, ਵਿਰਾਸਤ, ਮਰਿਆਦਾ ਆਦਿ ਨਾਲ ਸਬੰਧਤ ਦ੍ਰਿਸ਼ਾਂ ਨੂੰ ਮੁਕੰਮਲ ਤੌਰ ਉਤੇ ਘੋਖੇਗਾ ਅਤੇ ਉਸ ਦੀ ਰਿਪੋਰਟ ਮੁਤਾਬਕ ਹੀ ਅਕਾਲ ਤਖਤ ਵੱਲੋਂ ਪ੍ਰਵਾਨਗੀ ਦਿੱਤੀ ਜਾਵੇਗੀ। ਪਹਿਲਾਂ ਸਿੱਖ ਧਰਮ ਸਬੰਧੀ ਬਣੀਆਂ ਫਿਲਮਾਂ ਆਦਿ ਵਿਚ ਸਿੱਖ ਗੁਰੂ ਸਾਹਿਬਾਨ, ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਰੋਲ ਨਿਭਾਉਣ ਅਤੇ ਸਿੱਖ ਇਤਿਹਾਸ ਨੂੰ ਤੋੜ-ਮਰੋੜ ਕੇ ਪੇਸ਼ ਕਰਨ ਕਾਰਨ ਕਈ ਵਾਰ ਵਿਵਾਦ ਪੈਦਾ ਹੋਇਆ ਹੈ, ਜਿਸ ਨੂੰ ਰੋਕਣ ਲਈ ਸਿੱਖ ਸੈਂਸਰ ਬੋਰਡ ਦੀ ਸਥਾਪਨਾ ਕੀਤੀ ਗਈ ਹੈ।
ਸਿੱਖ ਸੈਂਸਰ ਬੋਰਡ ਦੇ ਕੋਆਰਡੀਨੇਟਰ ਸ਼੍ਰੋਮਣੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਮੀਤ ਸਕੱਤਰ ਸਿਮਰਜੀਤ ਸਿੰਘ ਨੂੰ ਬਣਾਇਆ ਗਿਆ ਹੈ। ਬੋਰਡ ਦੇ ਮੈਂਬਰਾਂ ਵਿਚ ਤਖਤ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਹਰਿਮੰਦਰ ਸਾਹਿਬ ਦੇ ਗ੍ਰੰਥੀ ਗਿਆਨੀ ਮਾਨ ਸਿੰਘ, ਅੰਤ੍ਰਿੰਗ ਕਮੇਟੀ ਮੈਂਬਰ ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਹਰਦੀਪ ਸਿੰਘ ਮੁਹਾਲੀ, ਬੀਬੀ ਕਿਰਨਜੋਤ ਕੌਰ, ਧਰਮ ਪ੍ਰਚਾਰ ਕਮੇਟੀ ਦੇ ਸਕੱਤਰ, ਦਿੱਲੀ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਪਰਮਜੀਤ ਸਿੰਘ, ਦਮਦਮੀ ਟਕਸਾਲ ਵਲੋਂ ਗਿਆਨੀ ਪਰਮਿੰਦਰ ਸਿੰਘ, ਸਾਬਕਾ ਜਥੇਦਾਰ ਜਸਬੀਰ ਸਿੰਘ ਰੋਡੇ, ਨਿਹੰਗ ਸਿੰਘ ਜਥੇਬੰਦੀ ਬੁੱਢਾ ਦਲ ਵਲੋਂ ਗਿਆਨੀ ਰੇਸ਼ਮ ਸਿੰਘ, ਬਾਬਾ ਨਾਗਰ ਸਿੰਘ ਚੱਬੇਵਾਲ ਅਤੇ ਸਾਬਕਾ ਜਨਰਲ ਸਕੱਤਰ ਸੁਖਦੇਵ ਸਿੰਘ ਭੌਰ ਸ਼ਾਮਲ ਹਨ। ਦੱਸਣਯੋਗ ਹੈ ਕਿ ਹਾਲ ਹੀ ਵਿਚ ਆਈ ਫਿਲਮ ‘ਨਾਨਕ ਸ਼ਾਹ ਫਕੀਰ’ ਵੱਡੇ ਵਿਵਾਦ ਦਾ ਵਿਸ਼ਾ ਬਣੀ ਸੀ।