ਸੁਰੀਲੀ ਅਵਾਜ਼ ਤੇ ਅੰਦਾਜ਼ ਦਾ ਸੁਮੇਲ ਐਲਬਮ ‘ਮਿਸਟਰ ਰਾਂਝਾ’

ਸਵਰਨ ਸਿੰਘ ਟਹਿਣਾ
ਫੋਨ: 91-98141-78883
ਜਦੋਂ ਵੀ ਮੈਂ ਕਿਸੇ ਕਲਾਕਾਰ ਨਾਲ ਮੁਲਾਕਾਤ ਕਰਨ ਮੌਕੇ ਸਵਾਲ ਪੁੱਛਦਾ ਹਾਂ, ‘ਰਿਆਜ਼ ਕਿੰਨੀ ਕੁ ਦੇਰ ਕਰਦੇ ਓ?’ ਜਵਾਬ ਮਿਲਦੈ, ‘ਸਵੇਰੇ-ਸ਼ਾਮ, ਦੋਹੀਂ ਵੇਲੇ ਘੰਟਾ-ਘੰਟਾ, ਡੇਢ-ਡੇਢ ਘੰਟਾ ਲਾਈਦੈ।’ ਇਹ ਜਵਾਬ ਸੁਣ ਬਹੁਤੀ ਵਾਰ ਮੈਂ ਇਹ ਕਹਿਣੋਂ ਝਿਜਕ ਜਾਂਦਾ ਹਾਂ ਕਿ, ‘ਏਨਾ ਰਿਆਜ਼ ਕਰਨ ਦੇ ਬਾਵਜੂਦ ਪਾਟੇ ਬਾਂਸ ਵਰਗੀ ਤੁਹਾਡੀ ਅਵਾਜ਼ ‘ਚ ਸੁਧਾਰ ਕਿਉਂ ਨਹੀਂ ਹੋਇਆ।’
ਪਰ ਜਿਹੜੇ ਗਾਇਕ ਦੀ ਗੱਲ ਕਰਨ ਜਾ ਰਿਹਾ ਹਾਂ, ਉਸ ਨੂੰ ਰਿਆਜ਼ ਕਰਦਿਆਂ ਇੱਕ ਵਾਰ ਨਹੀਂ, ਪੱਚੀ-ਤੀਹ ਵਾਰ ਤਾਂ ਮੈਂ ਖੁਦ ਹੀ ਦੇਖ ਚੁੱਕਾਂ। ਉਹ ਏਨਾ ਮਿੱਠਾ ਗਾਉਂਦੈ ਕਿ ਸ਼ਬਦ ਮੁੱਕਣ ਲੱਗਦੇ ਨੇ। ਨਾਂ ਏ ਉਸ ਦਾ ਬਲਰਾਜ, ਤੇ ਗਾਉਂਦਿਆਂ ਉਸ ਨੂੰ ਅੱਠ-ਦਸ ਸਾਲ ਹੋ ਚੱਲੇ ਨੇ। ਉਹ ਸੰਗੀਤ ਸਮਰਾਟ ਜਨਾਬ ਚਰਨਜੀਤ ਆਹੂਜਾ ਦਾ ਸ਼ਾਗਿਰਦ ਏ। ਹਾਰਮੋਨੀਅਮ ਕਿਵੇਂ ਫੜੀਦੈ, ਕਿਵੇਂ ਵਜਾਈਦਾ, ‘ਸਾਅ’ ਕੀ ਹੁੰਦੀ ਏ ਤੇ ‘ਸਰਗਮ’ ਕੀ ਏ, ਸਾਰਾ ਕੁਝ ਉਨ੍ਹਾਂ ਤੋਂ ਹੀ ਸਿੱਖਿਆ। ਉਦੋਂ ਹੀ ਉਸ ਦੀ ਪਹਿਲੀ ਐਲਬਮ ‘ਵੈਰਨੇ ਕਿਉਂ ਲਾਈਆਂ’ ਰਿਕਾਰਡ ਹੋਈ ਤੇ ਉਸ ਵਿਚਲਾ ਧੀਆਂ-ਧਿਆਣੀਆਂ ਨਾਲ ਸਬੰਧਤ ਗੀਤ ਉਸ ਦਾ ਹਾਸਲ ਬਣ ਗਿਆ। ਪਾਠਕਾਂ ‘ਚੋਂ ਬਹੁਤਿਆਂ ਨੇ ਸੁਣਿਆ ਹੀ ਹੋਵੇਗਾ, ‘ਮਰਜ਼ੀ ਨਹੀਂਓਂ ਚੱਲਦੀ ਵੇ ਸਾਡੇ ਪਿੰਡ ਵਿਚ ਧੀਆਂ ਦੀ।’ ਕਿੰਨਾ ਖੂਬ ਸੀ ਇਹ ਗੀਤ!
ਪਹਿਲੀ ਐਲਬਮ ਨੇ ਇਹ ਤਾਂ ਦੱਸ ਦਿੱਤਾ ਕਿ ਬਲਰਾਜ ਨਾਂ ਦਾ ਕੋਈ ਗਵੱਈਆ ਏ, ਪਰ ਗੂੜ੍ਹੀ ਪਛਾਣ ਲਈ ਉਸ ਨੂੰ ਨਿਰੰਤਰਤਾ ਜਾਰੀ ਰੱਖਣੀ ਪੈਣੀ ਸੀ, ਕਈ ਕਾਰਨਾਂ ਕਰਕੇ ਉਹ ਕਾਇਮ ਨਾ ਰੱਖ ਸਕਿਆ। ਚਾਰ ਕੁ ਸਾਲ ਬਾਅਦ ਅਗਲੀ ਐਲਬਮ ਆਈ, ‘ਬਲਰਾਜ ਲਾਈਵ।’ ਇਸ ਜ਼ਰੀਏ ਉਸ ਨੇ ਫਿਰ ਦੱਸਿਆ ਕਿ ਉਸ ਨੂੰ ਸਟੇਜੀ ਗਿਆਨ ਵੀ ਹੈ, ਸ਼ੇਅਰਾਂ ਦੀ ਪੇਸ਼ਕਾਰੀ ਦਾ ਢੰਗ ਵੀ ਤੇ ਹਾਜ਼ਰੀਨ ਨੂੰ ਆਪਣੇ ਨਾਲ ਤੋਰਨ ਦਾ ਵੱਲ ਵੀ। ਉਨ੍ਹੀਂ ਦਿਨੀਂ ਪੰਜਾਬ ਦੇ ਕਈ ਕਲਾਕਾਰਾਂ ‘ਲਾਈਵ’ ਐਲਬਮਾਂ ਕੀਤੀਆਂ, ਉਨ੍ਹਾਂ ‘ਚੋਂ ਥੋੜ੍ਹਿਆਂ ਕੁ ਦੀਆਂ ਕਾਮਯਾਬ ਹੋਈਆਂ ਤੇ ਬਲਰਾਜ ਉਨ੍ਹਾਂ ਵਿਚੋਂ ਇਕ ਸੀ।
ਬਲਰਾਜ ਸਿਰਫ਼ ਗਾਉਣ ਬਾਬਤ ਹੀ ਨਹੀਂ ਸੋਚਦਾ, ਸਗੋਂ ਕਾਮਰੇਡ ਪਰਿਵਾਰ ਨਾਲ ਸਬੰਧ ਹੋਣ ਕਰਕੇ ਸਮਾਜ ਵਿਚ ਵਾਪਰਦੀਆਂ ਘਟਨਾਵਾਂ ‘ਤੇ ਵੀ ਤਿੱਖੀ ਨਜ਼ਰ ਰੱਖਦਾ ਏ। ਉਂਜ ਵੀ ਬਿਲਗਾ ਪਿੰਡ ‘ਚੋਂ ਬਹੁਤੇ ਪਰਿਵਾਰ ਕਾਮਰੇਡੀ ਖਿਆਲਾਂ ਨਾਲ ਜੁੜੇ ਹੋਏ ਨੇ ਤੇ ਬਲਰਾਜ ਦਾ ਪਰਿਵਾਰ ਵੀ ਉਨ੍ਹਾਂ ‘ਚੋਂ ਇਕ ਏ।
ਬਲਰਾਜ ਨੂੰ ਬੜੀ ਵਾਰ ਮੈਂ ਕਿਹੈ, ‘ਪਛਾਣ ਗੂੜ੍ਹੀ ਕਰਨ ਲਈ ਨਵੇਂ ਕਲਾਕਾਰ ਨੂੰ ਹਰ ਸਾਲ ਇਕ-ਦੋ ਗੀਤ ਰਿਲੀਜ਼ ਜ਼ਰੂਰ ਕਰਨੇ ਚਾਹੀਦੇ ਨੇ, ਕਿਉਂਕਿ ਸਰੋਤਿਆਂ ਦਾ ਚੇਤਾ ਏਨਾ ਚੰਗਾ ਨਹੀਂ ਕਿ ਇਕੋ ਐਲਬਮ ਨੂੰ ਤਿੰਨ-ਤਿੰਨ ਸਾਲ ਯਾਦ ਰੱਖਣ?’ ਉਹ ਕਹਿ ਛੱਡਦੈ, ‘ਪੈਸੇ ਵੀ ਤਾਂ ਬਹੁਤ ਚਾਹੀਦੇ ਨੇ ਇਸ ਸਭ ਲਈ, ਹੌਲੀ-ਹੌਲੀ ‘ਕੱਠੇ ਕਰਨੇ ਪੈਂਦੇ ਨੇ।’ ਉਸ ਦਾ ਇਹ ਜਵਾਬ ਸੁਰੀਲੇ ਕਲਾਕਾਰਾਂ ਮੂਹਰੇ ਖੜ੍ਹੀਆਂ ਚੁਣੌਤੀਆਂ ਵੱਲ ਇਸ਼ਾਰਾ ਕਰ ਜਾਂਦਾ ਏ।
ਹੁਣ ਬਲਰਾਜ ਕਾਫੀ ਵਕਫ਼ੇ ਬਾਅਦ ‘ਮਿਸਟਰ ਰਾਂਝਾ’ ਟਾਈਟਲ ਵਾਲੀ ਐਲਬਮ ਲੈ ਕੇ ਆਇਐ। ਪਹਿਲੀ ਨਜ਼ਰੇ ਉਸ ਦਾ ਟਾਈਟਲ ਅਵੱਲਾ ਜਿਹਾ ਲੱਗਦੈ, ਪਰ ਜਦੋਂ ਟਾਈਟਲ ਗੀਤ ਸੁਣੀਦੈ ਤਾਂ ਸਭ ਸ਼ੱਕ ਦੂਰ ਹੋ ਜਾਂਦੇ ਨੇ, ‘ਮੇਰੇ ਯਾਰ ਮੈਨੂੰ ਰਾਂਝਾ-ਰਾਂਝਾ ਆਖਦੇ, ਕੰਨੀਂ ਮੁੰਦਰਾਂ ਪਵਾ ਲਵਾਂ ਕੇ ਨਾ।’ ਏਨਾ ਮਿੱਠਾ ਹੈ ਇਹ ਗਾਣਾ ਕਿ ਕਈ ਵਾਰ ਸੁਣਨ ਦੇ ਬਾਵਜੂਦ ਹਰ ਰੋਜ਼ ਦੋ-ਤਿੰਨ ਵਾਰ ਫੇਰ ਸੁਣਨ ਨੂੰ ਮਨ ਕਰਦੈ।
‘ਮਿਸਟਰ ਰਾਂਝਾ’ ਐਲਬਮ ਵਿਚ ਬਲਰਾਜ ਨੇ ਸੈਡ ਵੀ ਗਾਇਐ, ਰੋਮਾਂਟਿਕ ਵੀ, ਬੀਟ ਵੀ ਤੇ ਡਿਊਟ ਵੀ। ਪਰ ਪਹਿਲਾਂ ਨਾਲੋਂ ਫਰਕ ਇਹ ਐ ਕਿ ਪੂਰੀ ਐਲਬਮ ਮੁੰਡਿਆਂ-ਖੁੰਡਿਆਂ ਦੀ ਪਸੰਦ ਵਾਲੀ ਏ। ਅਸੀਂ ਸਵਾਲ ਕੀਤਾ, ‘ਤੁਸੀਂ ਤਾਂ ਧੀਆਂ ਦੀ ਮਰਜ਼ੀ ਵਾਲੇ ਗੀਤ ਗਾਉਂਦੇ ਸੀ, ਹੁਣ ਕੀ ਹੋ ਗਿਆ?’ ਜਵਾਬ ਸੀ, ‘ਗਾਉਣਾ ਤਾਂ ਹੁਣ ਵੀ ਉਹੀ ਕੁਝ ਚਾਹੁੰਦਾ ਹਾਂ ਪਰ ਕਰੀਏ ਕੀ, ਜਿੰਨੇ ਵਿਆਹਾਂ ‘ਤੇ ਅੱਜ ਤੱਕ ਗਾਉਣ ਗਿਆਂ, ਮਸੀਂ ਦਸ ਫ਼ੀਸਦੀ ‘ਤੇ ਹਾਜ਼ਰੀਨ ਨੇ ਕਿਹਾ ਹੋਏਗਾ ਕਿ ‘ਧੀਆਂ’ ਵਾਲਾ ਗਾਣਾ ਵੀ ਗਾਓæææਲੋਕ ਚੱਕ ਲਓ, ਚੱਕ ਲਓ ਭਾਲ਼ਦੇ ਨੇ, ਪਰ ਥੋੜ੍ਹੀ ਪਛਾਣ ਗੂੜ੍ਹੀ ਹੋਣ ‘ਤੇ ਸਮਾਜਿਕ ਸਰੋਕਾਰਾਂ ਵਾਲੇ ਗੀਤ ਵੀ ਗਾਵਾਂਗਾ।’
‘ਮਿਸਟਰ ਰਾਂਝਾ’ ਨੂੰ ਰਿਲੀਜ਼ ‘ਟੀ ਸੀਰੀਜ਼’ ਕੰਪਨੀ ਨੇ ਕੀਤਾ ਏ ਤੇ ਇਸ ਦਾ ਸੰਗੀਤ ਆਹੂਜਾ ਪਰਿਵਾਰ ‘ਚੋਂ ਹੀ ਸਚਿਨ ਆਹੂਜਾ ਨੇ ਤਿਆਰ ਕੀਤਾ ਏ। ਐਲਬਮ ਦੇ ਗੀਤ ਮਿੰਟੂ ਹੇਅਰ, ਲਾਲ ਅਠੌਲੀ ਵਾਲਾ, ਸੱਤੀ ਲੋਹੇਖੇੜੇ ਵਾਲਾ, ਸੰਜੀਵ ਆਨੰਦ ਤੇ ਮੱਟ ਸ਼ੇਰੋਵਾਲੀਆ ਦੇ ਲਿਖੇ ਹੋਏ ਨੇ। ਤਿੰਨ ਗੀਤਾਂ ਦੇ ਵੀਡੀਓ ਬਣੇ ਨੇ, ਪਹਿਲਾ ਚੈਨਲਾਂ ‘ਤੇ ਚੱਲ ਰਿਹੈ, ‘ਅੱਜ ਸਾਨੂੰ ਦੱਸ ਦੇ’, ਦੂਜਾ ਚੱਲਣ ਲਈ ਤਿਆਰ ਏ, ‘ਰਾਂਝਾ ਰਾਂਝਾ’ ਤੇ ਤੀਜਾ ਤਿਆਰ ਹੋ ਰਿਹੈ, ‘ਇਹ ਇਲਾਕਾ ਸ਼ੇਰਾਂ ਦਾ।’ ‘ਇਲਾਕਾ’ ਗਾਣਾ ਬਲਰਾਜ ਨੇ ਕੇæਐਸ਼ ਮੱਖਣ ਨਾਲ ਮਿਲ ਕੇ ਗਾਇਐ।
ਬਲਰਾਜ ਨੂੰ ਇਸ ਗੱਲ ਦੀ ਪੂਰੀ ਸਮਝ ਹੈ ਕਿ ਹੁਣ ਉਦਾਸ ਗਾਇਕੀ ਵੀ ਪਹਿਲਾਂ ਵਰਗੀ ਨਹੀਂ ਰਹੀ। ਪਹਿਲੇ ਵੇਲਿਆਂ ਵਿਚ ਸੈਡ ਗਾਇਕੀ ਦੇ ਨਾਂ ‘ਤੇ ਕੀਰਨੇ ਪੈਂਦੇ ਸਨ, ਪਰ ਹੁਣ ਇਹ ਸਿਨਫ਼ ਵੀ ਹਾਈਟੈਕ ਹੋ ਚੁੱਕੀ ਏ। ਇਸੇ ਕਰਕੇ ਨਵੇਂ ਰੰਗ ਦੇ ਸੰਗੀਤ ਨਾਲ ਸਜਿਆ ਗੀਤ ‘ਉਹਨੂੰ ਹੁਣ ਸਾਡੇ ਨਾਲ ਪਿਆਰ ਹੋਣ ਵਾਲਾ ਏ’ ਜਵਾਨੀ ਦਾ ਧਿਆਨ ਆਪਣੇ ਵੱਲ ਖਿੱਚਦਾ ਏ।
ਬਲਰਾਜ ਦਾ ‘ਅੱਜ ਸਾਨੂੰ ਦੱਸ ਦੇ’ ‘ਯੂ ਟਿਊਬ’ ‘ਤੇ ਹਫ਼ਤੇ ਵਿਚ ਡੇਢ ਲੱਖ ਲੋਕਾਂ ਦੀ ਪਸੰਦ ਬਣਿਆ ਤੇ ‘ਮਰਜ਼ੀ ਨਹੀਂਓਂ ਚੱਲਦੀ ਸਾਡੇ ਪਿੰਡ ਵਿਚ ਧੀਆਂ ਦੀ’ ਪੰਜ ਸਾਲ ਬਾਅਦ ਪੰਜਾਹ ਕੁ ਹਜ਼ਾਰ ਦੇ ਅੰਕੜੇ ‘ਤੇ ਖੜ੍ਹਾ ਏ, ਜਿਸ ਨੂੰ ਦੇਖ ਹੈਰਾਨੀ ਹੋਣੀ ਕੁਦਰਤੀ ਏ। ਚੰਗੀ ਗਾਇਕੀ ਸਾਡੀ ਸੋਚ ਦਾ ਹਿੱਸਾ ਬਣਨੀ ਚਾਹੀਦੀ ਏ, ਪਰ ਅਸੀਂ ਉਤੋਂ ਉਤੋਂ ਦੈਂਗੜ-ਦੈਂਗੜ ਵਾਲੀ ਗਾਇਕੀ ਖਿਲਾਫ਼ ਬੋਲਦੇ ਹਾਂ ਤੇ ਅੰਦਰੋਂ ਉਨ੍ਹਾਂ ਗੀਤਾਂ ਨੂੰ ਹੀ ਪਿਆਰਦੇ ਹਾਂ।
ਬਲਰਾਜ ਬਾਰੇ ਮੇਰੀ ਸੋਚ ਇਕਪਾਸੜ ਨਹੀਂ। ਹਾਂ, ਉਸ ਦਾ ਸ਼ੁਭਚਿੰਤਕ ਜ਼ਰੂਰ ਹਾਂ ਤੇ ਉਹ ਇਸ ਕਰਕੇ ਕਿ ਉਹ ਕਾਮਰੇਡ ਪਰਿਵਾਰ ਨਾਲ ਜੁੜਿਆ ਏ, ਦੂਜਾ ਚਰਨਜੀਤ ਆਹੂਜਾ ਦਾ ਲਾਡਲਾ ਸ਼ਾਗਿਰਦ ਏ, ਤੀਜਾ ਉਸ ਨੂੰ ਸੱਚੀਂਮੁੱਚੀਂ ਗਾਉਣਾ ਆਉਂਦਾ ਏ ਤੇ ਚੌਥਾ ਉਹ ਯਾਰਾਂ ਦਾ ਯਾਰ ਏ।
ਗਾਇਕਾਂ ਦਾ ਡਰ
ਪਿਛਲੇ ਕੁਝ ਦਿਨਾਂ ਤੋਂ ਪੰਜਾਬ ਦੇ ਕਲਾਕਾਰਾਂ ਨੂੰ ਅਜੀਬ ਜਿਹਾ ਭੈਅ ਸਤਾ ਰਿਹੈ। ਭੈਅ ਹੈ ਵੀ ਜਾਇਜ਼, ਕਿਉਂਕਿ ਇਨ੍ਹਾਂ ਦੇ ਇਕ ਸਾਥੀ ‘ਤੇ ਇੱਕ ਕੁੜੀ ਵਲੋਂ ਜ਼ਬਰ ਜਨਾਹ ਦੇ ਦੋਸ਼ ਲਾਏ ਗਏ ਨੇ। ਦੋਸ਼ ਸਹੀ ਨੇ ਜਾਂ ਗ਼ਲਤ, ਕੁਝ ਨਹੀਂ ਕਿਹਾ ਜਾ ਸਕਦਾ ਪਰ ਇਹ ਗੱਲ ਪੱਕੀ ਏ ਕਿ ਹੁਣ ਗਾਉਣ ਵਾਲੇ ਪਹਿਲਾਂ ਵਾਂਗ ਫੋਨ ਕਰਨ ਵਾਲੀਆਂ ਕੁੜੀਆਂ ਨੂੰ ‘ਡਾਰਲਿੰਗ’ ਕਹਿ ਕੇ ਸੰਬੋਧਨ ਕਰਨੋਂ ਗੁਰੇਜ਼ ਕਰਦੇ ਨੇ। ਜਿਸ ਕਲਾਕਾਰ ‘ਤੇ ਕੁੜੀ ਨੇ ਦੋਸ਼ ਲਾਏ ਨੇ, ਉਸ ਨੇ ਇਹ ਵੀ ਕਿਹੈ ਕਿ ਮੇਰੇ ਇਸ ਨਾਲ 2006 ਤੋਂ ਸਬੰਧ ਨੇ ਤੇ ਇਹਨੇ ਮੈਨੂੰ ਵਾਰ-ਵਾਰ ਬਲੈਕਮੇਲ ਕੀਤੈ। ਸਵਾਲ ਇਹ ਵੀ ਐ ਕਿ ਜੇ ਬਲੈਕਮੇਲ 2006 ਤੋਂ ਕੀਤਾ ਜਾ ਰਿਹੈ ਤਾਂ ਹੁਣ ਤੱਕ ਬੁੱਲ੍ਹ ਕਿਉਂ ਸਿਊਂਤੇ ਰੱਖੇ ਤੇ ਜੇ ਹੁਣ ਕਲਾਕਾਰ ਦਾ ਨਾਂ ਲੈਣਾ ਹੀ ਸੀ ਤਾਂ ਨਾਲ ਦੇ ਤਿੰਨ ਸਾਥੀਆਂ ਦਾ ਜ਼ਿਕਰ ਵਿਚ ਕਿਵੇਂ ਆ ਗਿਆ? ਜੇ ਉਹ ਵੀ ਆ ਗਿਆ ਤਾਂ ਤੁਸੀਂ ਮਾਡਲਿੰਗ ਦੇ ਨਾਂ ‘ਤੇ ਆਪਣੇ ਸਰੀਰ ਦਾ ਸੋਸ਼ਣ ਕਿਉਂ ਕਰਾਉਂਦੇ ਰਹੇ?
ਖੈਰ, ਇਨ੍ਹਾਂ ਗੱਲਾਂ ਦੀ ਜਾਂਚ ਪੁਲਿਸ ਵਲੋਂ ਕੀਤੀ ਜਾ ਰਹੀ ਏ, ਪਰ ਜਾਪਦੈ ਮਾਮਲਾ ਦਬ ਜਾਣੈ, ਕਿਉਂਕਿ ਅੰਦਰਖਾਤੇ ਕਈ ਤਰ੍ਹਾਂ ਦੀਆਂ ਗੱਲਾਂ ਉਠ ਰਹੀਆਂ। ਦੂਜੇ ਪਾਸੇ ਜਿਸ ਦਿਨ ਤੋਂ ਇਹ ਗੱਲ ਉਠੀ ਏ, ਪੰਜਾਬ ਦੇ ਬਹੁਗਿਣਤੀ ਕਲਾਕਾਰਾਂ ਨੇ ‘ਚਾਹੁਣ ਵਾਲੀਆਂ’ ਨੂੰ ਮਿਲਣਾ ਬੰਦ ਕਰ ਦਿੱਤਾ ਏ ਤੇ ਇੱਕ ਕਲਾਕਾਰ ਜਦੋਂ ਪਿਛਲੇ ਦਿਨੀਂ ਸਾਡੇ ਕੋਲ ਬੈਠਾ ਸੀ ਤਾਂ ਉਸ ਨੂੰ ਫੈਨ ਕੁੜੀ ਦਾ ਫੋਨ ਆ ਗਿਆ। ਉਸ ਵਲੋਂ ਕੁੜੀ ਨੂੰ ਜਦੋਂ ਵਾਰ-ਵਾਰ ‘ਭੈਣ ਜੀ’ ਕਿਹਾ ਜਾ ਰਿਹਾ ਸੀ ਤਾਂ ਸਾਡਾ ਹਾਸਾ ਨਿਕਲ ਰਿਹਾ ਸੀ, ਕਿਉਂਕਿ ਕਲਾਕਾਰਾਂ ਵਲੋਂ ਕੁੜੀ ਨੂੰ ‘ਭੈਣ’ ਕਹਿਣ ਦੀ ਬਹੁਤੀ ਉਮੀਦ ਨਹੀਂ ਕੀਤੀ ਜਾ ਸਕਦੀ।

Be the first to comment

Leave a Reply

Your email address will not be published.