ਪੰਜਾਬ ਦੇ 14 ਜੇਲ੍ਹ ਅਧਿਕਾਰੀਆਂ ਵਿਰੁਧ ਕਾਰਵਾਈ ਦੀ ਤਿਆਰੀ

ਪਟਿਆਲਾ: ਪੰਜਾਬ ਦੀਆਂ ਜੇਲ੍ਹਾਂ ਵਿਚ ਬੰਦ ਪਾਕਿਸਤਾਨੀ ਕੈਦੀਆਂ ਵੱਲੋਂ ਪਾਕਿਸਤਾਨ ਵਿਚ ਬੈਠੇ ਆਪਣੇ ਸਰਗਣਿਆਂ ਨਾਲ ਮੋਬਾਈਲ ਫੋਨ ਉਤੇ ਰਾਬਤਾ ਰੱਖਣ, ਜੇਲ੍ਹ ਵਿਚੋਂ ਹੀ ਅਤਿਵਾਦੀਆਂ ਦੀ ਭਰਤੀ ਦੇ ਯਤਨ ਕਰਨ ਅਤੇ ਭਾਰਤ ਵਿਰੁੱਧ ਸਾਜਿਸ਼ਾਂ ਰਚਣ ਦੇ ਦੋਸ਼ਾਂ ਤਹਿਤ ਪੰਜਾਬ ਜੇਲ੍ਹ ਵਿਭਾਗ ਦੇ ਤਕਰੀਬਨ ਇਕ ਦਰਜਨ ਅਧਿਕਾਰੀਆਂ ਵਿਰੁੱਧ ਗੰਭੀਰ ਵਿਭਾਗੀ ਕਾਰਵਾਈ ਹੋ ਸਕਦੀ ਹੈ। ਹੁਣ ਜੇਲ੍ਹ ਵਿਭਾਗ ਨੇ ਇਨ੍ਹਾਂ ਵਿਰੁੱਧ ਆਈ ਜਾਂਚ ਰਿਪੋਰਟ ਤੋਂ ਬਾਅਦ ਪੰਜਾਬ ਸਰਕਾਰ ਨੂੰ ਸਖਤ ਕਾਰਵਾਈ ਕਰਨ ਲਈ ਸਿਫਾਰਸ਼ ਕਰ ਦਿੱਤੀ ਹੈ। ਇਹ ਰਿਪੋਰਟ ਆਈæਜੀæ (ਜੇਲ੍ਹਾਂ) ਰੂਪ ਕੁਮਾਰ ਅਰੋੜਾ ਵੱਲੋਂ ਤਿਆਰ ਕੀਤੀ ਗਈ ਹੈ।

ਇਸ ਸਬੰਧੀ ਡੀæਜੀæਪੀæ (ਜੇਲ੍ਹਾਂ) ਆਈæਪੀæਐਸ਼ ਸਹੋਤਾ ਨੇ ਦੱਸਿਆ ਕਿ ਉਨ੍ਹਾਂ ਨੂੰ ਅਦਾਲਤ ਦੇ ਹੁਕਮ ਮਿਲ ਗਏ ਹਨ। ਸਰਕਾਰ ਨੇ ਮਾਮਲੇ ਦੀ ਜਾਂਚ ਆਰੰਭੀ ਹੋਈ ਹੈ। ਵਿਭਾਗੀ ਜਾਂਚ ਵਿਚ 14 ਅਧਿਕਾਰੀ ਸਬੰਧਤ ਜੇਲ੍ਹਾਂ ਵਿਚ ਡਿਊਟੀ ਦੌਰਾਨ ਕੁਤਾਹੀ ਅਤੇ ਅਣਗਹਿਲੀ ਵਰਤਣ ਦੇ ਦੋਸ਼ੀ ਪਾਏ ਗਏ ਹਨ। ਇਨ੍ਹਾਂ ਵਿਰੁੱਧ ਪੰਜਾਬ ਸਰਕਾਰ ਨੂੰ ਕਾਰਵਾਈ ਕਰਨ ਦੀ ਸਿਫਾਰਸ਼ ਕਰ ਦਿੱਤੀ ਹੈ। ਮੁਢਲੀ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਲਸ਼ਕਰ ਏ ਤੋਇਬਾ ਦੇ ਅਤਿਵਾਦੀਆਂ ਨੂੰ ਪੰਜਾਬ ਦੀਆਂ ਜੇਲ੍ਹਾਂ ਵਿਚ ਮੋਬਾਈਲ ਫੋਨ ਵਰਤਣ ਦੀ ਖੁੱਲ੍ਹ ਦਿੱਤੀ ਗਈ।
ਇਸ ਦੋਸ਼ ਵਿਚ ਇਕ ਡੀæਆਈæਜੀæ ਰੈਂਕ ਦੇ ਅਧਿਕਾਰੀ ਸਮੇਤ 14 ਅਧਿਕਾਰੀਆਂ ਦੇ ਨਾਂ ਸਾਹਮਣੇ ਆਏ ਹਨ। ਇਹ ਅਧਿਕਾਰੀ ਸਾਲ 2009 ਤੋਂ ਲੈ ਕੇ 2011 ਤੱਕ ਪੰਜਾਬ ਦੀਆਂ ਦੋ ਜੇਲ੍ਹਾਂ ਵਿਚ ਤਾਇਨਾਤ ਸਨ ਜਿਥੋਂ ਲਸ਼ਕਰ ਦੇ ਅਤਿਵਾਦੀ ਬਿਨਾਂ ਕਿਸੇ ਰੋਕ ਟੋਕ ਦੇ ਪਾਕਿਸਤਾਨ ਵਿਚ ਫੋਨ ਕਰਦੇ ਰਹੇ। ਸਾਲ 2017 ਵਿਚ ਜੈਪੁਰ ਦੀ ਅਦਾਲਤ ਨੇ ਪੰਜਾਬ ਸਰਕਾਰ ਨੂੰ ਸਿਫਾਰਸ਼ ਕੀਤੀ ਸੀ ਕਿ ਪੰਜਾਬ ਦੀਆਂ ਜੇਲ੍ਹਾਂ ਵਿਚ ਬੰਦ ਪਾਕਿਸਤਾਨ ਦੇ ਅਤਿਵਾਦੀਆਂ ਵੱਲੋਂ ਮੋਬਾਈਲ ਫੋਨ ਉਤੇ ਪਾਕਿਸਤਾਨ ਅਤੇ ਭਾਰਤ ਵਿਚ ਆਪਣੇ ਸਮਰਥਕਾਂ ਨਾਲ ਸੰਪਰਕ ਕਰਨ ਦੇ ਦੋਸ਼ ਸਖਤ ਕਾਰਵਾਈ ਕੀਤੀ ਜਾਵੇ। 10 ਦਸੰਬਰ ਨੂੰ ਜੈਪੁਰ ਦੀ ਅਦਾਲਤ ਨੇ ਲਸ਼ਕਰ ਦੇ ਅੱਠ ਅਤਿਵਾਦੀਆਂ ਨੂੰ ਉਮਰ ਕੈਦ ਦੀ ਸਜ਼ਾ ਦਿੱੱਤੀ ਸੀ। ਇਨ੍ਹਾਂ ਵਿਚੋਂ ਬੀਕਾਨੇਰ ਜੇਲ੍ਹ ਵਿਚ ਬੰਦ ਅਸਗਰ ਅਲੀ, ਨਾਭਾ ਜੇਲ੍ਹ ਵਿਚ ਬੰਦ ਸ਼ਾਕਰ ਉਲਾ ਅੰਮ੍ਰਿਤਸਰ ਅਤੇ ਪਟਿਆਲਾ ਦੀਆਂ ਜੇਲ੍ਹਾਂ ਵਿਚ ਬੰਦ ਰਿਹਾ ਮੁਹੰਮਦ ਇਕਬਾਲ ਪਾਕਿਸਤਾਨ ਵਿਚ ਆਪਣੇ ਸਰਗਣਿਆਂ ਨਾਲ ਮਿਲ ਕੇ ਜੇਲ੍ਹ ਅੰਦਰੋਂ ਹੀ ਅਤਿਵਾਦੀਆਂ ਦੀ ਭਰਤੀ ਕਰਦੇ ਰਹੇ।