ਕੈਪਟਨ ਵੱਲੋਂ ਸਰਹੱਦੀ ਖੇਤਰਾਂ ਲਈ ਪ੍ਰਾਜੈਕਟਾਂ ਦੀ ਝੜੀ

ਤਰਨ ਤਾਰਨ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਰਹੱਦੀ ਖੇਤਰ ਦੇ ਇਸ ਜਿਲ੍ਹੇ ਲਈ 555 ਕਰੋੜ ਰੁਪਏ ਦੀ ਲਾਗਤ ਵਾਲੇ ਕਈ ਵਿਕਾਸ ਪ੍ਰਾਜੈਕਟਾਂ ਦਾ ਐਲਾਨ ਕੀਤਾ ਹੈ। ਉਨ੍ਹਾਂ ਇਹ ਐਲਾਨ ਰਾਜ ਨੂੰ ਨਸ਼ਾ ਮੁਕਤ ਕੀਤੇ ਜਾਣ ਲਈ ਵਿੱਢੀ ਮੁਹਿੰਮ Ḕਡੈਪੋ’ ਪ੍ਰੋਗਰਾਮ ਦਾ ਦੂਜਾ ਪੜਾਅ ਸੂਬਾ ਵਾਸੀਆਂ ਨੂੰ ਸਮਰਪਤ ਕਰਨ ਮੌਕੇ ਇਕ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ।

ਉਨ੍ਹਾਂ ਤਕਰੀਬਨ 20 ਮਿੰਟ ਦੇ ਭਾਸ਼ਣ ਵਿਚ ਸੂਬੇ ਅੰਦਰ ਸਿੱਖਿਆ ਅਤੇ ਸਿਹਤ ਨੂੰ ਸਰਕਾਰ ਦੀ ਪਰਮ ਅਗੇਤ ਦੇਣ ਦੀ ਗੱਲ ਕੀਤੀ।
ਉਨ੍ਹਾਂ ਇਸ ਮੌਕੇ ਸੂਬੇ ਅੰਦਰ ਨਸ਼ਿਆਂ ਖਿਲਾਫ਼ ਜਾਗ੍ਰਿਤੀ ਫੈਲਾਉਣ ਦਾ ਕਾਰਜ ਕਰਦੀਆਂ ਨਸ਼ਾ ਨਿਗਰਾਨ ਕਮੇਟੀਆਂ, 60 ਓਟ ਕੇਂਦਰਾਂ ਅਤੇ Ḕਬੱਡੀ’ ਪ੍ਰੋਗਰਾਮ ਨੂੰ ਵੀ ਸੂਬਾ ਵਾਸੀਆਂ ਨੂੰ ਸਮਰਪਤ ਕੀਤਾ। ਜਿਲ੍ਹੇ ਅੰਦਰ ਸ਼ੁਰੂ ਕੀਤੇ ਜਾਣ ਵਾਲੇ 555 ਕਰੋੜ ਰੁਪਏ ਦੀ ਲਾਗਤ ਵਾਲੇ ਵਿਕਾਸ ਪ੍ਰਾਜੈਕਟਾਂ ਦਾ ਵਿਸਥਾਰ ਦਿੰਦੇ ਹੋਏ ਉਨ੍ਹਾਂ ਦੱਸਿਆ ਕਿ ਖੇਮਕਰਨ ਤੋਂ ਝਬਾਲ ਰੋਡ ਲਈ 150 ਕਰੋੜ ਰੁਪਏ ਦੇ ਇਲਾਵਾ ਹਰੀਕੇ-ਖਾਲੜਾ ਰੋਡ ਨੂੰ ਚੌੜਾ ਅਤੇ ਅਪਗ੍ਰੇਡ ਕਰਨ ਲਈ 125 ਕਰੋੜ ਰੁਪਏ ਅਤੇ 770 ਕਿਲੋਮੀਟਰ ਦੀ ਲੰਬਾਈ ਵਾਲੀਆਂ 312 ਸੰਪਰਕ ਸੜਕਾਂ ਦੀ ਵਿਸ਼ੇਸ਼ ਮੁਰੰਮਤ ਲਈ 73 ਕਰੋੜ ਰੁਪਏ ਦੇ ਪ੍ਰਾਜੈਕਟ ਸ਼ਾਮਲ ਹਨ।
ਆਸਲ ਉਤਾੜ ਤੋਂ ਖੇਮਕਰਨ ਤੱਕ ਨਵੀਂ ਸੜਕ ਦੀ ਉਸਾਰੀ ਲਈ 9æ25 ਕਰੋੜ ਰੁਪਏ, ਪੱਟੀ-ਸਰਹਾਲੀ ਰੋਡ ਤੋਂ ਹਰੀਕੇ ਖਾਲੜਾ ਵਾਇਆ ਆਸਲ-ਭੱਗੂਪੁਰ ਰੋਡ ਨੂੰ ਚੌੜਾ ਤੇ ਮੁਰੰਮਤ ਕਰਨ ਲਈ ਤਿੰਨ ਕਰੋੜ ਰੁਪਏ ਅਤੇ ਘੜਕਾ ਪਿੰਡ ਦੀ ਆਬਾਦੀ ਨੂੰ ਬਿਆਸ ਦਰਿਆ ਤੋਂ ਪਾਰ ਖੇਤਾਂ ਲਈ ਪਲਟੂਨ ਪੁਲ ਲਈ ਵੀ 3 ਕਰੋੜ ਰੁਪਏ ਵੀ ਸ਼ਾਮਲ ਕੀਤੇ ਗਏ ਹਨ। ਉਨ੍ਹਾਂ ਜਿਲ੍ਹੇ ਦੇ 779 ਸਕੂਲਾਂ ਦੇ ਵਿਕਾਸ ਲਈ 60 ਕਰੋੜ ਰੁਪਏ, ਵੱਖ-ਵੱਖ ਮੰਡੀਆਂ ਦੇ ਵਿਕਾਸ ਕੰਮਾਂ ਲਈ 44 ਕਰੋੜ ਰੁਪਏ ਰੱਖੇ ਜਾਣ ਦਾ ਵੀ ਐਲਾਨ ਕੀਤਾ ਅਤੇ 12 ਕਰੋੜ ਰੁਪਏ ਦੀ ਲਾਗਤ ਨਾਲ ਖਡੂਰ ਸਾਹਿਬ ਅੰਦਰ ਸਰਕਾਰੀ ਡਿਗਰੀ ਕਾਲਜ ਸਥਾਪਤ ਕਰਨ ਦਾ ਵੀ ਐਲਾਨ ਕੀਤਾ। ਮੁੱਖ ਮੰਤਰੀ ਨੇ ਪੱਟੀ ਵਿਚ ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ ਸਾਇੰਸਿਜ਼ ਯੂਨੀਵਰਸਿਟੀ ਵੱਲੋਂ 10 ਕਰੋੜ ਰੁਪਏ ਦੀ ਲਾਗਤ ਨਾਲ ਮੱਝਾਂ ਦਾ ਖੋਜ ਕੇਂਦਰ ਸਥਾਪਤ ਕਰਨ ਦਾ ਐਲਾਨ ਕੀਤਾ। ਮੁੱਖ ਮੰਤਰੀ ਵੱਲੋਂ ਕੀਤੇ ਹੋਰ ਐਲਾਨਾਂ ਵਿਚ ਪੰਜ ਕਰੋੜ ਰੁਪਏ ਦੀ ਲਾਗਤ ਨਾਲ ਪੱਟੀ-ਸਰਹਾਲੀ ਰੋਡ ਉਤੇ ਪੱਟੀ ਡਰੇਨ ਉਪਰ ਉਚੇ ਪੁਲ ਦਾ ਨਿਰਮਾਣ ਕਰਨ ਅਤੇ ਪੱਟੀ-ਸਰਹਾਲੀ ਰੋਡ ਤੋਂ ਪੀਰ ਸ਼ਾਹ ਤੱਕ ਰਸਤੇ ਨੂੰ ਜੋੜਨ ਲਈ 4æ50 ਕਰੋੜ ਦੀ ਲਾਗਤ ਨਾਲ ਉਚੇ ਪੁਲ ਦਾ ਨਿਰਮਾਣ ਕਰਨ ਦਾ ਐਲਾਨ ਕੀਤਾ।