ਸਿੱਖ ਇਤਿਹਾਸ ਦੀ ਪੁਣਛਾਣ ਵਾਸਤੇ ਸ਼੍ਰੋਮਣੀ ਕਮੇਟੀ ਨੇ ਫੜੀ ਸਰਗਰਮੀ

ਅੰਮ੍ਰਿਤਸਰ: ਪੰਜਾਬ ਸਕੂਲ ਸਿੱਖਿਆ ਬੋਰਡ ਦੀ ਪਾਠ ਪੁਸਤਕ ਵਿਚ ਸਿੱਖ ਇਤਿਹਾਸ ਮਨਫੀ ਕਰਨ ਦੀ ਘਟਨਾ ਤੋਂ ਬਾਅਦ ਚੌਕਸ ਹੋਈ ਸ਼੍ਰੋਮਣੀ ਕਮੇਟੀ ਵੱਲੋਂ ਦੇਸ਼ ਭਰ ਦੇ ਸਿੱਖਿਆ ਬੋਰਡਾਂ ਦੀਆਂ ਪਾਠ ਪੁਸਤਕਾਂ ਵਿਚ ਸਿੱਖ ਇਤਿਹਾਸ ਦੀ ਪੁਣਛਾਣ ਕਰਨ ਦਾ ਫੈਸਲਾ ਕੀਤਾ ਗਿਆ ਹੈ ਤੇ ਇਸ ਬਾਬਤ ਸਿੱਖ ਇਤਿਹਾਸਕਾਰਾਂ ਅਤੇ ਵਿਦਵਾਨਾਂ ਦੀ 15 ਮੈਂਬਰੀ ਕਮੇਟੀ ਬਣਾਈ ਗਈ ਹੈ।

ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਦੱਸਿਆ ਕਿ ਇਸ ਕਮੇਟੀ ਦੀ ਅਗਵਾਈ ਡਾæ ਤੇਜਿੰਦਰ ਕੌਰ ਧਾਲੀਵਾਲ ਨੂੰ ਸੌਂਪੀ ਗਈ ਹੈ, ਜਦੋਂਕਿ ਇਸ ਦੇ ਮੈਂਬਰਾਂ ਵਿਚ ਬੀਬੀ ਹਰਜਿੰਦਰ ਕੌਰ ਚੰਡੀਗੜ੍ਹ ਤੇ ਬੀਬੀ ਕਿਰਨਜੋਤ ਕੌਰ (ਮੈਂਬਰ, ਸ਼੍ਰੋਮਣੀ ਕਮੇਟੀ), ਸਿੱਖ ਵਿਦਵਾਨ ਡਾæ ਬਲਵੰਤ ਸਿੰਘ ਢਿੱਲੋਂ (ਗੁਰੂ ਨਾਨਕ ਦੇਵ ਯੂਨੀਵਰਸਿਟੀ), ਡਾæ ਇੰਦਰਜੀਤ ਸਿੰਘ ਗੋਗੋਆਣੀ, ਡਾæ ਧਰਮਿੰਦਰ ਸਿੰਘ ਉੱਭਾ (ਪ੍ਰਿੰਸੀਪਲ, ਖ਼ਾਲਸਾ ਕਾਲਜ ਪਟਿਆਲਾ), ਡਾæ ਧਰਮਵੀਰ ਸਿੰਘ (ਚੀਫ ਖਾਲਸਾ ਦੀਵਾਨ,) ਬੀਬੀ ਅਮਰਜੀਤ ਕੌਰ (ਸਕਾਲਰ, ਸਿੱਖ ਇਤਿਹਾਸ ਰਿਸਰਚ ਬੋਰਡ), ਪ੍ਰੋਫੈਸਰ ਮਨਜੀਤ ਕੌਰ (ਸਿੱਖ ਮਿਸ਼ਨਰੀ ਕਾਲਜ ਅੰਮ੍ਰਿਤਸਰ), ਪ੍ਰਿੰਸੀਪਲ ਹਰਮੀਤ ਕੌਰ ਲੁਧਿਆਣਾ, ਪ੍ਰਿੰਸੀਪਲ ਸਤਵੰਤ ਕੌਰ (ਸਹਾਇਕ ਡਾਇਰੈਕਟਰ), ਪ੍ਰਿੰਸੀਪਲ ਤਰਨਜੀਤ ਸਿੰਘ, ਬਲਬੀਰ ਸਿੰਘ ਢੋਲ (ਸਾਬਕਾ ਡੀæਪੀæਆਈ), ਬੀਬੀ ਦਰਸ਼ਨ ਕੌਰ (ਸਾਬਕਾ ਡੀæਪੀæਆਈ), ਪ੍ਰਿੰਸੀਪਲ ਡਾæ ਪ੍ਰੀਤ ਮਹਿੰਦਰਪਾਲ ਸਿੰਘ ਗੜ੍ਹਸ਼ੰਕਰ ਤੇ ਪ੍ਰੋਫ਼ੈਸਰ ਬਲਦੇਵ ਸਿੰਘ ਬੱਲੂਆਣਾ ਨੂੰ ਸ਼ਾਮਲ ਕੀਤਾ ਗਿਆ ਹੈ। ਇਸ 15 ਮੈਂਬਰੀ ਕਮੇਟੀ ਵਿਚ 8 ਮਹਿਲਾ ਵਿਦਵਾਨ ਵੀ ਸ਼ਾਮਲ ਹਨ।
ਉਨ੍ਹਾਂ ਕਿਹਾ ਕਿ ਜਲਦੀ ਹੀ ਉਚ ਸਿੱਖਿਆ ਨਾਲ ਸਬੰਧਤ ਪਾਠਕ੍ਰਮ ਲਈ ਵੀ ਇਕ ਕਮੇਟੀ ਬਣਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਇਹ ਕਮੇਟੀ ਦੇਸ਼ ਭਰ ਦੇ ਸਾਰੇ ਸੂਬਿਆਂ ਦੇ ਸਕੂਲ ਬੋਰਡਾਂ ਦੀਆਂ ਪਾਠ ਪੁਸਤਕਾਂ ਦੀ ਘੋਖ ਕਰੇਗੀ ਅਤੇ ਜੇਕਰ ਸਿੱਖ ਇਤਿਹਾਸ ਸਬੰਧੀ ਕੋਈ ਗ਼ਲਤ ਜਾਣਕਾਰੀ ਸਾਹਮਣੇ ਆਈ ਤਾਂ ਉਸ ਬਾਰੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਰਿਪੋਰਟ ਕਰੇਗੀ। ਦੱਸਣਯੋਗ ਹੈ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਦੀ 12ਵੀਂ ਦੀ ਪੁਸਤਕ ਵਿਚੋਂ ਸਿੱਖ ਇਤਿਹਾਸ ਮਨਫੀ ਕੀਤੇ ਜਾਣ ਉਤੇ ਸ਼੍ਰੋਮਣੀ ਕਮੇਟੀ ਸਮੇਤ ਸਿੱਖ ਜਥੇਬੰਦੀਆਂ ਨੇ ਸਖਤ ਇਤਰਾਜ਼ ਪ੍ਰਗਟਾਇਆ ਸੀ।