ਗੁਰਮਤਿ ਸੰਗੀਤ ਨੂੰ ਰਬਾਬੀਆਂ ਅਤੇ ਸਿੰਧੀ ਸਮਾਜ ਦੀ ਦੇਣ

ਤੀਰਥ ਸਿੰਘ ਢਿੱਲੋਂ
ਫੋਨ: 91-98154-617103
ਰਬਾਬ ਸ਼ਬਦ ਦਾ ਸੰਧੀ-ਛੇਦ ਕਰਨ ‘ਤੇ ਪਤਾ ਲੱਗਦਾ ਹੈ ਕਿ ਇਸ ਦੇ ਅਰਥ ਹਨ-ਰੱਬ+ਆਬ; ਅਰਥਾਤ ਪ੍ਰਭੂ ਪਰਮੇਸ਼ਰ ਅਤੇ ਆਬ ਯਾਨਿ ਪਾਣੀ; ਅਰਥਾਤ ਆਬ-ਏ-ਹਯਾਤ। ਅਜਿਹਾ ਰਸ ਜਿਸ ਦੇ ਪੀਣ ਨਾਲ ਤਨ-ਮਨ ਹਰਿਆ ਹੋ ਜਾਵੇ। ਰਬਾਬ ਪੁਰਾਤਨ ਸੰਗੀਤਕ ਸਾਜ਼ ਹੈ ਜਿਸ ਨੂੰ ਵਜਾਉਣ ਵਾਲਿਆਂ ਨੂੰ ਰਬਾਬੀ ਕਿਹਾ ਜਾਣ ਲੱਗਾ। ਗੁਰਮਤਿ ਸੰਗੀਤ ਨਾਲ ਰਬਾਬ ਦਾ ਸਬੰਧ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇ ਸੰਗੀ ਭਾਈ ਮਰਦਾਨਾ ਤੋਂ ਜੁੜਦਾ ਹੈ।

ਜਦੋਂ ਗੁਰੂ ਨਾਨਕ ਨੇ ਸੁਲਤਾਨਪੁਰ ਲੋਧੀ ਤੋਂ ਆਪਣਾ ਸੰਸਾਰ-ਰਟਨ (ਉਦਾਸੀਆਂ) ਸ਼ੁਰੂ ਕੀਤਾ, ਤਾਂ ਉਨ੍ਹਾਂ ਭਾਈ ਮਰਦਾਨੇ ਨੂੰ ਆਪਣਾ ਸੰਗੀ ਚੁਣਿਆ। ਉਸ ਨੂੰ ਖੁਦ ਰਬਾਬ ਖਰੀਦ ਕੇ ਦਿੱਤੀ ਤੇ ਜਗਤ ਜਲੰਦੇ ਨੂੰ ਆਪਣੀ ਕਿਰਪਾ ਧਾਰ ਕੇ ਰੱਖਣ ਲਈ ਕੀਰਤਨ ਨੂੰ ਆਪਣਾ ਮਾਧਿਅਮ ਬਣਾਇਆ। ਗੁਰੂ ਨਾਨਕ ਤ੍ਰੈਕਾਲ ਦਰਸ਼ੀ ਤਾਂ ਸਨ ਹੀ, ਜਦ ਵੀ ਡੂੰਘੀ ਭਗਤੀ ਦੇ ਰੌਂ ਵਿਚ ਹੁੰਦੇ, ਆਪਣੇ ਸਾਜ਼ਿੰਦੇ ਮਰਦਾਨੇ ਨੂੰ ਇਉਂ ਆਵਾਜ਼ ਦਿੰਦੇ: “ਮਰਦਾਨਿਆ ਰਬਾਬ ਛੇੜ, ਕਾਈ ਸਿਫਤ ਖੁਦਾਇ ਦੀ ਕਰੀਏ।” ਭਾਈ ਗੁਰਦਾਸ ਇਸ ਪ੍ਰਥਾਏ ਲਿਖਦੇ ਨੇ: ਭਲਾ ਰਬਾਬ ਵਜਾਇੰਦਾ ਮਜਲਿਸ ਮਰਦਾਨਾ ਮੀਰਾਸੀ॥
ਅਤੇ ਇਕ ਹੋਰ ਥਾਂ ਲਿਖਦੇ ਹਨ: ਇਕ ਬਾਬਾ ਅਕਾਲ ਰੂਪ ਦੂਜਾ ਮਰਦਾਨਾ ਰਬਾਬੀ॥
ਭਾਈ ਮਰਦਾਨੇ ਨੂੰ ਸਿੱਖ ਧਰਮ ਵਿਚ ਭਾਈ (ਭਰਾ) ਦਾ ਲਕਬ ਹਾਸਲ ਕਰਨ ਦਾ ਸ਼ਰਫ ਸਭ ਤੋਂ ਪਹਿਲਾਂ ਹਾਸਲ ਹੋਇਆ। ਲੰਮੇਰੇ ਸਮੇਂ ਤੱਕ ਦੇਸ਼-ਵਿਦੇਸ਼ ਵਿਚ ਗੁਰੂ ਬਾਬੇ ਦਾ ਸਾਥ ਦੇਣ ਵਾਲੇ ਭਾਈ ਮਰਦਾਨਾ 13 ਮੱਘਰ, 1591 ਨੂੰ ਅਫਗਾਨਿਸਤਾਨ ਦੇ ਕੁਰਮ ਸ਼ਹਿਰ ਵਿਚ ਚਲਾਣਾ ਕਰ ਗਏ। ਉਨ੍ਹਾਂ ਦੀਆਂ ਅੰਤਿਮ ਰਸਮਾਂ ਗੁਰੂ ਨਾਨਕ ਦੇਵ ਨੇ ਖੁਦ ਕੀਤੀਆਂ। ਵੈਰਾਗਮਈ ਅਵਸਥਾ ਵਿਚ ਗੁਰੂ ਸਾਹਿਬ ਨੇ ਉਚਾਰਨ ਕੀਤਾ: ਟੂਟੀ ਤੰਤ ਰਬਾਬ ਕੀ ਵਾਜੈ ਨਹੀਂ ਵਿਯੋਗ।
ਭਾਈ ਮਰਦਾਨਾ ਦੇ ਬੇਟਿਆਂ-ਭਾਈ ਰਜਾਦਾ ਤੇ ਭਾਈ ਸਜਾਦਾ ਨੇ ਵੀ ਕੀਰਤਨ ਕੀਤਾ। ਰਬਾਬੀਆਂ ਦੀ ਗੁਰੂ ਘਰ ਨਾਲ ਸਾਂਝ ਨੂੰ ਭਾਈ ਸੱਤਾ ਤੇ ਬਲਵੰਡ ਦੀ ਜੋੜੀ ਨੇ ਸ੍ਰੀ ਹਰਿਮੰਦਰ ਸਾਹਿਬ ਕੀਰਤਨ ਦੀ ਸੇਵਾ ਰਾਹੀਂ ਪਕੇਰਾ ਕੀਤਾ। ਉਨ੍ਹਾਂ ਵਲੋਂ ਉਚਾਰੀ ‘ਟਿੱਕੇ ਕੀ ਵਾਰ’ ਗੁਰੂ ਗ੍ਰੰਥ ਸਾਹਿਬ ਵਿਚ ਅੰਕਿਤ ਹੈ:
ਹੋਵੈ ਸਿਫੁਤ ਖਸਮ ਦੀ
ਨੂਰ ਅਰਸਹੁ ਕੁਰਸਹੁ ਝਟੀਐ॥
ਤੁਧੁ ਡਿਠੇ ਸਚੇ ਪਾਤਸਾਹਿ
ਮਲ ਜਨਮ ਜਨਮ ਦੀ ਕਟੀਐ॥ (ਪੰਨਾ 967)
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੁਲਕ ਦੀ ਵੰਡ ਤੱਕ ਲੰਮੇਰਾ ਸਮਾਂ ਜ਼ਿਆਦਾਤਰ ਰਬਾਬੀ ਹੀ ਕੀਰਤਨ ਕਰਦੇ ਰਹੇ। ਸੰਗਤਾਂ ਬੜੇ ਪਿਆਰ ਤੇ ਉਮਾਹ ਨਾਲ ਉਨ੍ਹਾਂ ਪਾਸੋਂ ਕੀਰਤਨ ਸਰਵਣ ਕਰਦੀਆਂ। ਪੰਥ ਰਬਾਬੀਆਂ ਦਾ ਬਹੁਤ ਮਾਣ-ਸਤਿਕਾਰ ਸੀ। ਭਾਈ ਬਾਬਕ, ਭਾਈ ਛਬੀਲਾ, ਭਾਈ ਅਬਦੁੱਲਾ, ਭਾਈ ਨੱਥ ਮੱਲ, ਭਾਈ ਸੱਦੂ-ਮੱਦੂ, ਭਾਈ ਨੰਦ, ਭਾਈ ਚੰਦ, ਭਾਈ ਅਮੀਰਾ, ਭਾਈ ਗਿੱਡੂ, ਭਾਈ ਮਹਿਬੂਬ ਅਲੀ ਸਿਤਾਰ ਨਵਾਜ਼, ਭਾਈ ਮਲੰਗ ਖਾਂ, ਭਾਈ ਆਗਾ ਫੈਜ਼, ਭਾਈ ਇਨਾਇਤ, ਭਾਈ ਸੰਤੂ, ਭਾਈ ਰੂੜਾ, ਭਾਈ ਮੋਤੀ, ਭਾਈ ਸਾਈਂ ਦਿੱਤਾ, ਭਾਈ ਤਾਬਾ ਤੇ ਭਾਈ ਲਾਲ (ਵੱਡੇ) ਕੀਰਤਨ ਕਲਾ ਤੇ ਰਾਗ ਸੰਗੀਤ ਦੇ ਧੁਨੰਤਰ ਫਨਕਾਰ ਸਨ। ਮੁਲਕ ਦੀ ਵੰਡ ਤੋਂ ਪਹਿਲਾਂ ਆਲਮ ਇਹ ਸੀ ਕਿ ਭਾਈ ਚਾਂਦ ਅਤੇ ਭਾਈ ਲਾਲ ਦੀ ਕੀਰਤਨ ਚੌਕੀ ਵੇਲੇ ਸੱਚਖੰਡ ਦੀ ਪਰਿਕਰਮਾ ਸਮੇਤ ਕਿਤੇ ਤਿਲ ਸੁੱਟਣ ਜੋਗੀ ਵੀ ਥਾਂ ਨਹੀਂ ਸੀ ਬਚਦੀ। ਕੀਰਤਨ ਵਿਚ ਰਬਾਬੀਆਂ ਦਾ ਕੋਈ ਸਾਨੀ ਨਹੀਂ ਸੀ। ਉਹ ਇੱਕ ਇੱਕ ਸ਼ਬਦ ਨੂੰ ਇੱਕ ਇੱਕ ਘੰਟੇ ਵਿਚ ਗਾਇਨ ਕਰਨ ਦੀ ਸਮਰਥਾ ਰੱਖਦੇ ਸਨ। ਵਿਆਖਿਆ ਨਹੀਂ ਸਨ ਕਰਦੇ।
ਇਸ ਸਮੇਂ ਦੌਰਾਨ ਮਹੰਤ ਗੱਜਾ ਸਿੰਘ, ਬਾਬਾ ਸ਼ਾਮ ਸਿੰਘ, ਭਾਈ ਹੀਰਾ ਸਿੰਘ, ਉਸਤਾਦ ਮਹਿਤਾਬ ਸਿੰਘ (ਅੰਮ੍ਰਿਤਸਰ), ਭਾਈ ਮਨਸਾ ਸਿੰਘ, ਭਾਈ ਸ਼ੇਰ ਸਿੰਘ ਗੁੱਜਰਾਂਵਾਲੀਏ, ਭਾਈ ਉਤਮ ਸਿੰਘ (ਦੋ ਜਥੇ), ਦਲੀਪ ਸਿੰਘ ਬੇਦੀ (ਮਗਰੋਂ ਪੰਡਿਤ ਦਲੀਪ ਚੰਦਰ ਬੇਦੀ), ਭਾਈ ਸੁੱਧ ਸਿੰਘ, ਭਾਈ ਹਰਨਾਮ ਸਿੰਘ (ਜੰਮੂ), ਭਾਈ ਦਲ ਸਿੰਘ, ਭਾਈ ਸੁੰਦਰ ਸਿੰਘ, ਭਾਈ ਪੂਰਨ ਸਿੰਘ (ਤਰਨ ਤਾਰਨ ਵਾਲੇ), ਭਾਈ ਜਵੰਦ ਸਿੰਘ ਇਤਿਆਦ ਗੈਰ-ਰਬਾਬੀ, ਉਚ ਕੋਟੀ ਦੇ ਕੀਰਤਨੀਏ ਵੀ ਸਮੇਂ ਸਮੇਂ ਸੱਚ-ਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਕੀਰਤਨ ਦੀ ਸੇਵਾ ਕਰਦੇ ਰਹੇ।
ਇਨ੍ਹਾਂ ਦੇ ਨਾਲ ਨਾਲ ਭਾਈ ਨਸੀਰਾ, ਭਾਈ ਘਸੀਟਾ ਅਤੇ ਭਾਈ ਛੈਲਾ (ਮਹਾਰਾਜਾ ਪਟਿਆਲਾ ਦੇ ਦਰਬਾਰੀ ਫਨਕਾਰ) ਨੇ ਵੀ ਕੀਰਤਨ ਗਾਇਨ ਕੀਤਾ। ਉਸ ਸਮੇਂ ਰਿਡਾਰਡਿੰਗ ਦੀ ਕੋਈ ਸਹੂਲਤ ਨਾ ਹੋਣ ਕਾਰਨ ਕੀਰਤਨ ਪ੍ਰੇਮੀ ਤੇ ਕਦਰਦਾਨ ਇਨ੍ਹਾਂ ਮਹਾਨ ਤੇ ਗੁਣੀ-ਜਨ/ਰਬਾਬੀਆਂ ਰਾਗੀਆਂ ਵੱਲੋਂ ਗਾਏ ਗਏ ਕੀਰਤਨ ਦੇ ਅਮੋਲ ਖਜਾਨੇ ਤੋਂ ਮਹਿਰੂਮ ਰਹਿ ਗਏ ਹਨ। ਭਾਈ ਛੈਲਾ ਦੀ ਆਵਾਜ਼ ਵਿਚ ਇੱਕ ਸ਼ਬਦ/ਧਾਰਮਿਕ ਗੀਤ ਯੂ-ਟਿਊਬ ਉਤੇ ਸੁਣਿਆ ਜਾ ਸਕਦਾ ਹੈ।
ਭਾਈ ਲਾਲ (ਦੂਜੇ, ਪਾਕਿਸਤਾਨ ਵਾਲੇ) ਰਬਾਬੀ ਪਰੰਪਰਾ ਦੇ ਰੌਸ਼ਨ ਸਿਤਾਰੇ ਸਨ ਪਰ ਅਫਸੋਸ ਇਧਰ, ਅਕਸਰ ਆਉਣ-ਜਾਣ ਦੇ ਬਾਵਜੂਦ ਉਹ ਜੀਵਨ ਦੇ ਆਖਰੀ ਪਹਿਰ ਸ੍ਰੀ ਹਰਿਮੰਦਰ ਸਾਹਿਬ ਵਿਚ ਮੁੜ ਕੇ ਕੀਰਤਨ ਕਰਨ ਦੀ ਸਿਕ ਦਿਲ ਵਿਚ ਹੀ ਲੈ ਕੇ ਕੁਝ ਸਮਾਂ ਪਹਿਲਾਂ ਇਸ ਫਾਨੀ ਸੰਸਾਰ ਤੋਂ ਰੁਖਸਤ ਹੋ ਗਏ। ਉਨ੍ਹਾਂ ਦੇ ਗਾਏ ਅਨੇਕਾਂ ਸ਼ਬਦ ਯੂ-ਟਿਊਬ ਉਤੇ, ਦੇਸ਼-ਵਿਦੇਸ਼ ਦੀਆਂ ਸੰਗਤਾਂ ਕੋਲ ਤੇ ਜਲੰਧਰ ਦੇ ਕੀਰਤਨ ਆਰਕਾਈਵਜ਼ ਵਿਚ ਮਹਿਫੂਜ਼ ਹਨ। ਉਨ੍ਹਾਂ ਨੂੰ ਬਹੁਤ ਸਾਰੀ ਬਾਣੀ, ਦੀਵਾਨ ਨੰਦ ਲਾਲ ਗੋਯਾ ਦੀਆਂ ਫਾਰਸੀ ਗਜ਼ਲਾਂ, ਦਸਮ ਦੀ ਬਾਣੀ ਤੇ ਭਾਈ ਗੁਰਦਾਸ ਦੀਆਂ ਵਾਰਾਂ ਕੰਠ ਸਨ।
ਪਾਕਿਸਤਾਨ ਵਿਚ ਭਾਈ ਚਾਂਦ ਮੁਹੰਮਦ ਦੂਜੇ, ਮਰਹੂਮ ਭਾਈ ਲਾਲ ਦੇ ਦੋ ਪੁੱਤਰ ਤੇ ਇੱਕ ਦੋ ਹੋਰ ਰਬਾਬੀ ਜਥੇ ਇਸ ਮਹਾਨ ਵਿਰਾਸਤ ਨੂੰ ਸੰਭਾਲੀ ਬੈਠੇ ਹਨ, ਪਰ ਮਾਇਕ ਔਕੜਾਂ ਨਾਲ ਜੂਝ ਰਹੇ ਇਹ ਗੁਰੂ ਦੇ ਕੀਰਤਨੀਏ ਕਿੰਨਾ ਕੁ ਚਿਰ ਇਹ ਸੇਵਾ ਜਾਰੀ ਰੱਖਣਗੇ, ਇਹ ਵੱਡਾ ਸਵਾਲ ਹੈ।
ਭਾਈ ਮਰਦਾਨੇ ਦੀ ਅੰਸ-ਬੰਸ, ਰਬਾਬੀਆਂ ਨੂੰ ‘ਮਰਦਾਨੇ ਕੇ’ ਆਖ ਕੇ ਵੀ ਸਤਿਕਾਰ ਦਿੱਤਾ ਜਾਂਦਾ ਹੈ। ਅੱਜ ਲੋੜ ਹੈ, ਉਂਗਲਾਂ ‘ਤੇ ਗਿਣੇ ਜਾਣ ਵਾਲੇ ਰਬਾਬੀਆਂ ਦੀ ਹਰ ਤਰ੍ਹਾਂ ਨਾਲ ਸਾਰ ਲਈ ਜਾਵੇ, ਤਾਂ ਕਿ ਕੀਰਤਨ ਦੀ ਪਰੰਪਰਾ ਜੀਵੰਤ ਰਹਿ ਸਕੇ।
ਸਿੰਧੀ ਸਮਾਜ ਅਤੇ ਗੁਰਮਤਿ ਸੰਗੀਤ: ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਦੀਆਂ ਪ੍ਰਚਾਰ ਫੇਰੀਆਂ ਦੌਰਾਨ ਜਦੋਂ ਉਹ ਸਿੰਧ ਇਲਾਕੇ ਵਿਚ ਗਏ ਤਾਂ ਉਨ੍ਹਾਂ ਵੱਲੋਂ ਦਿੱਤੇ ਸਰਬ ਸਾਂਝੀਵਾਲਤਾ ਦੇ ਉਪਦੇਸ਼ਾਂ ਅਤੇ ਕੀਤੇ ਗਏ ਰਸ ਭਿੰਨੇ ਕੀਰਤਨ ਤੋਂ ਪ੍ਰਭਾਵਿਤ ਹੋ ਕੇ ਅਣਗਿਣਤ ਸਿੰਧੀ, ਜੋ ਹਿੰਦੂ ਮੱਤ ਨੂੰ ਮੰਨਣ ਵਾਲੇ ਸਨ, ਗੁਰੂ ਘਰ ਨਾਲ ਜੁੜ ਗਏ। ਉਘੇ ਸਿੰਧੀ ਕੀਰਤਨੀਏ ਸਵਰਗੀ ਦਾਦਾ ਚੇਲਾ ਰਾਮ ਦੀ ਲਿਖਤ ਮੁਤਾਬਕ ਉਸ ਵੇਲੇ ਤੋਂ ਲੈ ਕੇ ਅੱਜ ਤੱਕ ਭਾਰਤ ਅਤੇ ਦੁਨੀਆਂ ਭਰ ਵਿਚ ਵਸ ਰਹੇ ਸਿੰਧੀ ਗੁਰਬਾਣੀ ਕੀਰਤਨ ਅਤੇ ਗੁਰੂ ਘਰ ਨਾਲ ਜੁੜੇ ਹੋਏ ਹਨ।
ਗੁਰਬਾਣੀ ਕੀਰਤਨ ਦੇ ਖੇਤਰ ਵਿਚ ਸਿੰਧੀਆਂ ਦਾ ਯੋਗਦਾਨ ਸੁਨਹਿਰੀ ਅੱਖਰਾਂ ਵਿਚ ਲਿਖਣ ਯੋਗ ਹੈ। ਸਭ ਤੋਂ ਪਹਿਲਾ ਜਥਾ ਦਾਦਾ ਚੇਲਾ ਰਾਮ ਨੇ ਬਣਾਇਆ। ਉਨ੍ਹਾਂ ਦਾ ਜਨਮ 1904 ਵਿਚ ਹੈਦਰਾਬਾਦ (ਸਿੰਧ, ਪਾਕਿਸਤਾਨ) ਵਿਚ ਡਾਕਟਰ ਟੇਕ ਚੰਦ ਆਰ ਮਨਸੁਖਾਨੀ ਦੇ ਘਰ ਮਾਤਾ ਚੇਤ ਬਾਈ ਦੀ ਕੁੱਖੋਂ ਹੋਇਆ। ਘਰ ਵਿਚ ਉਪਰੋ ਥੱਲੀ ਹੋਈਆਂ ਕਈ ਮੌਤਾਂ ਨੇ ਨੌਜਵਾਨ ਚੇਲਾ ਰਾਮ ਦੇ ਮਨ ਵਿਚ ਵੈਰਾਗ ਦੀ ਅਵਸਥਾ ਪੈਦਾ ਕਰ ਦਿੱਤੀ ਅਤੇ ਉਨ੍ਹਾਂ ਨੇ ਰੂਹਾਨੀ ਸ਼ਾਂਤੀ ਲਈ ਗੁਰਬਾਣੀ ਅਤੇ ਕੀਰਤਨ ਦਾ ਓਟ ਆਸਰਾ ਲਿਆ। ਕਰਾਚੀ ਦੇ ਗੁਰਦੁਆਰੇ ਵਿਖੇ ਉਨ੍ਹਾਂ ਨੇ ਆਪਣੇ ਜਥੇ ਸਮੇਤ ਪਹਿਲੀ ਵਾਰ ਜਦੋਂ ਕੀਰਤਨ ਕੀਤਾ ਤਾਂ ਸੰਗਤ ਉਤੇ ਵਿਸਮਾਦ ਦਾ ਆਲਮ ਤਾਰੀ ਹੋ ਗਿਆ। ਉਨ੍ਹਾਂ ਨੇ ਆਪਣੇ ਜਥੇ ਸਮੇਤ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਅਤੇ 1938 ਵਿਚ ਅੰਮ੍ਰਿਤਸਰ ‘ਚ ਵੀ ਕੀਰਤਨ ਦੀ ਹਾਜ਼ਰੀ ਭਰੀ। ਕਰਾਚੀ ਵਿਚ ਉਨ੍ਹਾਂ ਕੀਰਤਨ ਦੇ ਪ੍ਰਚਾਰ ਪ੍ਰਸਾਰ ਲਈ ਸੰਨ 1938 ਦੇ ਅੱਧ ਵਿਚ ਗੁਰਮਤਿ ਸੰਗੀਤ ਆਸ਼ਰਮ ਸ਼ੁਰੂ ਕੀਤਾ।
ਦੇਸ਼ ਦੀ ਵੰਡ ਤੋਂ ਬਾਅਦ ਦਾਦਾ ਚੇਲਾ ਰਾਮ ਦਾ ਪਰਿਵਾਰ ਦਿੱਲੀ ਆ ਵਸਿਆ। ਦਾਦਾ ਚੇਲਾ ਰਾਮ ਨੇ ‘ਨਿਰਗੁਨ ਬਾਲਕ ਸਤਿਸੰਗ’ ਸਥਾਪਤ ਕਰ ਕੇ ਮੁੰਬਈ, ਪੁਣੇ ਅਤੇ ਹਿਮਾਚਲ ਦੇ ਸੋਲਨ ਵਿਚ ਗੁਰੂ ਘਰ ਸਥਾਪਤ ਕੀਤੇ ਜਿਨ੍ਹਾਂ ਦਾ ਨਾਂ ‘ਨਿਜ ਥਾਓਂ’ ਰੱਖਿਆ ਗਿਆ। ਹਰ ਸਾਲ ਗੁਰੂ ਅਰਜਨ ਦੇਵ ਦੇ ਸ਼ਹੀਦੀ ਦਿਹਾੜੇ ‘ਤੇ ਸ਼੍ਰੋਮਣੀ ਕਮੇਟੀ ਵੱਲੋਂ ਉਨ੍ਹਾਂ ਦੇ ਜਥੇ ਤੋਂ ਸ੍ਰੀ ਦਰਬਾਰ ਸਾਹਿਬ, ਤਰਨ ਤਾਰਨ ਵਿਖੇ ਅੰਮ੍ਰਿਤ ਵੇਲੇ ਕੀਰਤਨ ਕਰਵਾਇਆ ਜਾਂਦਾ ਸੀ, ਜਿਸ ਦਾ ਆਲ ਇੰਡੀਆ ਰੇਡੀਓ ‘ਤੇ ਸਿੱਧਾ ਪ੍ਰਸਾਰਨ ਹੁੰਦਾ ਸੀ।
ਦਾਦਾ ਚੇਲਾ ਰਾਮ ਸਿੰਧੀ ਦੇ ਜਥੇ ਵਿਚ ਉਨ੍ਹਾਂ ਦੀ ਪਤਨੀ ਬੀਬੀ ਕਮਲਾ ਜੀ ਅਤੇ ਹੋਰ ਪਰਿਵਾਰਕ ਮੈਂਬਰ ਸ਼ਰਧਾ ਸਹਿਤ ਕੀਰਤਨ ਕਰਦੇ। ਉਨ੍ਹਾਂ ਦੇ ਜਥੇ ਨੇ ਵਿਦੇਸ਼ਾਂ ਵਿਚ ਜਾ ਕੇ ਵੀ ਗੁਰਬਾਣੀ ਕੀਰਤਨ ਦੀ ਛਹਿਬਰ ਲਾਈ। ਉਨ੍ਹਾਂ ਦੇ ਅਕਾਲ ਚਲਾਣੇ ਤੋਂ ਬਾਅਦ ਉਨ੍ਹਾਂ ਦੇ ਪੁੱਤਰ ਲਛਮਣ ਚੇਲਾ ਰਾਮ ਨੇ ਗੁਰਬਾਣੀ ਕੀਰਤਨ ਦੇ ਇਸ ਪ੍ਰਵਾਹ ਨੂੰ ਜਾਰੀ ਰੱਖਿਆ। ਉਨ੍ਹਾਂ ਨੇ ਕੀਰਤਨ ਦੇ ਨਾਲ ਨਾਲ ਗੁਰਬਾਣੀ ਅਤੇ ਦਸਮ ਗ੍ਰੰਥ ਦਾ ਸਿੰਧੀ, ਅਰਬੀ ਅਤੇ ਦੇਵਨਾਗਰੀ ਭਾਸ਼ਾਵਾਂ ਵਿਚ ਉਲੱਥਾ ਵੀ ਕੀਤਾ।
ਸਾਬਕਾ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਨੇ ਇਸ ਸਿੰਧੀ ਪਰਿਵਾਰ ਨੂੰ ਗੁਰੂ ਘਰ ਦਾ ਸੱਚਾ ਸ਼ਰਧਾਲੂ ਦੱਸਦਿਆਂ ਗੁਰੂ ਗ੍ਰੰਥ ਸਾਹਿਬ ਦੀ ਗੁਰਤਾ ਗੱਦੀ ਦੀ ਤੀਜੀ ਸ਼ਤਾਬਦੀ ਮੌਕੇ ਸਚਖੰਡ ਸ੍ਰੀ ਹਜ਼ੂਰ ਸਾਹਿਬ ਨੰਦੇੜ ਵਿਖੇ ਸਨਮਾਨਿਤ ਵੀ ਕੀਤਾ। ਅੱਜ ਕੱਲ੍ਹ ਦਾਦਾ ਚੇਲਾ ਰਾਮ ਦੇ ਪਰਿਵਾਰ ਵਿਚੋਂ ਬੀਬੀ ਰਾਧਿਕਾ ਦੇਵੀ ਕੀਰਤਨ ਦੀ ਪਰੰਪਰਾ ਨੂੰ ਅੱਗੇ ਤੋਰ ਰਹੇ ਹਨ। ਇੱਕ ਹੋਰ ਸਿੰਧੀ ਜਥਾ ਸੁਨੀਲ ਜੀ ਦਾ ਹੈ, ਜੋ ਦੇਹਰਾਦੂਨ ਰਹਿੰਦੇ ਹਨ ਅਤੇ ਜਥੇ ਵਿਚ ਉਨ੍ਹਾਂ ਦੇ ਮਾਤਾ ਜੀ ਤਾਨਪੁਰੇ ਉਤੇ ਉਨ੍ਹਾਂ ਨਾਲ ਸੰਗਤ ਕਰਦੇ ਹਨ।
ਸਿੰਧੀਆਂ ਦੀ ਗੁਰਬਾਣੀ ਅਤੇ ਗੁਰੂ ਘਰ ਪ੍ਰਤੀ ਅਥਾਹ ਸ਼ਰਧਾ ਨੂੰ ਲਫਜ਼ਾਂ ਵਿਚ ਬਿਆਨ ਕਰਨਾ ਮੁਸ਼ਕਿਲ ਹੈ। ਕੀਰਤਨ ਦੇ ਨਾਲ ਨਾਲ ਸਾਧੂ ਟੀ. ਐਲ਼ ਵਾਸਵਾਨੀ ਨੇ ਗੁਰਬਾਣੀ ਦੀ ਬਹੁਤ ਸੁੰਦਰ ਵਿਆਖਿਆ ਵੀ ਕੀਤੀ ਹੈ। ਇਹ ਸਾਰੇ ਸਿੰਧੀ ਸ਼ਰਧਾਲੂ ਸਹਿਜਧਾਰੀ ਹੁੰਦੇ ਹੋਏ ਵੀ ਸਿੱਖ ਫੁਲਵਾੜੀ ਦਾ ਅਭਿੰਨ ਅੰਗ ਹਨ ।
ਇਥੇ ਮੈਂ ਦੋ ਪ੍ਰਸਿਧ ਸਿੰਧੀ ਰਾਗੀ ਜਥਿਆਂ ਦਾ ਉਚੇਚੇ ਤੌਰ ਉਤੇ ਜ਼ਿਕਰ ਕਰਨਾ ਚਾਹਾਂਗਾ ਜਿਨ੍ਹਾਂ ਨੇ ਲੰਮੇ ਸਮੇਂ ਤੱਕ ਗੁਰਬਾਣੀ ਕੀਰਤਨ ਰਾਹੀਂ ਸੰਗਤ ਨੂੰ ਗੁਰੂ ਘਰ ਨਾਲ ਜੋੜਿਆ ਹੈ। ਪਹਿਲੇ ਸਨ, ਸਚਖੰਡ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਪੁਰਾਤਨ ਰਾਗੀ ਭਾਈ ਉਤਮ ਸਿੰਘ ਸਿੰਧੀ, ਜਿਨ੍ਹਾਂ ਦਾ ਗਾਇਆ ਸ਼ਬਦ ‘ਮੇਰੇ ਸਤਿਗੁਰੂ ਪੂਰੇ ਮੈਂ ਗਰੀਬ ਸਚੁ ਟੇਕ ਤੂੰ’ ਅੱਜ ਵੀ ਆਕਾਸ਼ਵਾਣੀ ਜਲੰਧਰ ਤੋਂ ਸੁਣਿਆ ਜਾ ਸਕਦਾ ਹੈ। ਦੂਜੇ ਹਨ, ਭਾਈ ਚਤਰ ਸਿੰਘ ਸਿੰਧੀ ਜੋ ਇਸ ਸਮੇਂ ਵੀ ਸਾਡੇ ਵਿਚ ਮੌਜੂਦ ਹਨ ਅਤੇ ਆਪਣੇ ਵਿਲੱਖਣ ਅੰਦਾਜ਼ ਰਾਹੀਂ ਕੀਰਤਨ ਕਰਕੇ ਸੰਗਤ ਨੂੰ ਸਰਸ਼ਾਰ ਕਰ ਰਹੇ ਹਨ।
ਮਾਸਟਰ ਚੰਦਰ, ਐਚ. ਕੇ. ਚੇਨਾਨੀ, ਭਾਈ ਪ੍ਰਤਾਪ, ਪ੍ਰੇਮ ਰਾਮਚਨਦਾਨੀ, ਰਾਮ ਜਵਾਹਰਆਨੀ, ਭਾਈ ਅਨਿਲ ਹੰਸਲਸ ਭਈਆ ਜੀ, ਭਾਈ ਗੋਵਰਧਨ ਅਤੇ ਭਾਈ ਦਲੀਪ, ਸਾਈ ਗੁਰਮਖ ਦਾਸ ਇੰਦੌਰ ਤੇ ਭਾਈ ਗੁਰਦਾਸ ਸਿੰਘ ਸਿੰਧੀ ਨੇ ਵੀ ਗੁਰਬਾਣੀ ਕੀਰਤਨ ਦੇ ਖੇਤਰ ਵਿਚ ਵਰਣਨਯੋਗ ਸੇਵਾ ਕੀਤੀ ਹੈ ਅਤੇ ਕਰ ਰਹੇ ਹਨ। ਬਹੁਤ ਸੰਘਣੀ ਵਸੋਂ ਵਾਲੇ ਸਿੰਧੀ ਇਲਾਕੇ ਪਾਕਿਸਤਾਨ ਦੇ ਸਿੰਧ ਖੇਤਰ ਵਿਚ ਅੱਜ ਵੀ ਲੋਕ ਗੁਰਬਾਣੀ ਕੀਰਤਨ ਦੇ ਨਾਲ ਜੁੜੇ ਹੋਏ ਹਨ।
ਇਥੇ ਬੀਬੀ ਭਾਗਵੰਤੀ ਨਾਵਾਨੀ ਦਾ ਖਾਸ ਜ਼ਿਕਰ ਕਰਨਾ ਚਾਹਾਂਗਾ ਜਿਨ੍ਹਾਂ ਨੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦਾ ਏਨਾ ਭਿੱਜ ਕੇ ਗਾਇਨ ਕੀਤਾ ਹੈ ਕਿ ਸਿੰਧੀ ਜ਼ੁਬਾਨ ਨੂੰ ਨਾ ਸਮਝਣ ਵਾਲਾ ਕੋਈ ਕੀਰਤਨ ਪ੍ਰੇਮੀ ਵੀ ਇਸ ਨੂੰ ਸੁਣ ਕੇ ਵਿਸਮਾਦ ਦੀ ਅਵਸਥਾ ਵਿਚ ਆ ਜਾਵੇਗਾ। ਸਾਰੇ ਸਿੰਧੀ ਜਥਿਆਂ ਵੱਲੋਂ ਗੁਰੂ ਨਾਨਕ ਦੇਵ ਦਾ ਪ੍ਰਕਾਸ਼ ਪੁਰਬ ਹਰ ਸਿੰਧੀ ਵਸੋਂ ਵਾਲੇ ਸ਼ਹਿਰ ਵਿਚ ਬੜੀ ਸ਼ਰਧਾ ਨਾਲ ਮਨਾ ਕੇ ਕਥਾ ਕੀਰਤਨ ਪ੍ਰਵਾਹ ਚਲਾਏ ਜਾਂਦੇ ਹਨ।
ਸਿੰਧੀ ਸਮਾਜ ਨੇ ਇਸ ਗੱਲ ਦਾ ਗਿਲਾ ਕਈ ਵਾਰ ਕੀਤਾ ਹੈ ਕਿ ਸ਼੍ਰੋਮਣੀ ਕਮੇਟੀ ਅਤੇ ਹੋਰ ਸਿੱਖ ਸੰਸਥਾਵਾਂ ਨੇ ਸਿੰਧੀ ਵਸੋਂ ਵਾਲੇ ਖੇਤਰਾਂ ਵਿਚ ਕੀਰਤਨ ਅਤੇ ਗੁਰਬਾਣੀ ਦੇ ਪ੍ਰਚਾਰ ਲਈ ਧਿਆਨ ਨਹੀਂ ਦਿੱਤਾ। ਸਿੰਧੀ ਸਮਾਜ ਹਾਲੇ ਵੀ ਇਸ ਗੱਲ ਦੀ ਲੋੜ ਉਤੇ ਜ਼ੋਰ ਦਿੰਦਾ ਹੈ ਕਿ ਸ਼੍ਰੋਮਣੀ ਕਮੇਟੀ ਅਤੇ ਹੋਰ ਸਿੱਖ ਸੰਸਥਾਵਾਂ ਨੂੰ ਸਿੰਧੀ ਵਸੋਂ ਵਾਲੇ ਖੇਤਰਾਂ ਵਿਚ ਕੀਰਤਨ ਅਤੇ ਗੁਰਬਾਣੀ ਦੇ ਪ੍ਰਚਾਰ ਲਈ ਆਉਣਾ ਚਾਹੀਦਾ ਹੈ ਤਾਂ ਕਿ ਸਿੰਧੀ ਸਮਾਜ ਗੁਰੂ ਘਰ ਅਤੇ ਗੁਰਬਾਣੀ ਨਾਲ ਜੁੜਿਆ ਰਹਿ ਸਕੇ।