ਬਿਆਸ ਦਰਿਆ ਵਿਚ ਘੁਲੇ ਜ਼ਹਿਰ ਨੇ ਸਰਕਾਰ ਦੀ ਪੋਲ ਖੋਲ੍ਹੀ
ਚੰਡੀਗੜ੍ਹ: ਪੰਜਾਬ ਦੀਆਂ ਨਹਿਰਾਂ ਵਿਚ ਇਨ੍ਹੀ ਦਿਨੀਂ ਪਾਣੀ ਦੀ ਥਾਂ ਜ਼ਹਿਰ ਵਗ ਰਿਹਾ ਹੈ। ਸ੍ਰੀ ਹਰਗੋਬਿੰਦਪੁਰ ਨੇੜੇ ਪਿੰਡ ਕੀੜੀ ਅਫਗਾਨਾ ਸਥਿਤ ਖੰਡ ਮਿੱਲ ਵਿਚੋਂ ਨਿਕਲੇ ਇਸ ਸੀਰਾ ਰੂਪੀ ਜ਼ਹਿਰ ਨੇ ਪੰਜਾਬ ਸਮੇਤ ਹਰਿਆਣਾ ਤੇ ਰਾਜਸਥਾਨ ਨੂੰ ਵੀ ਆਪਣੇ ਲਪੇਟੇ ਵਿਚ ਲੈ ਲਿਆ ਹੈ।
ਰਾਜਸਥਾਨ ਤੇ ਸਰਹਿੰਦ ਨਹਿਰਾਂ ਰਾਹੀਂ ਇਹ ਜ਼ਹਿਰੀਲਾ ਪਾਣੀ ਹੁਣ ਲੋਕਾਂ ਦੇ ਘਰਾਂ ਤੱਕ ਅੱਪੜ ਗਿਆ ਹੈ। ਪੰਜਾਬ ਦੇ ਦੱਖਣੀ ਹਿੱਸੇ ਦੀ ਵੱਡੀ ਆਬਾਦੀ ਇਨ੍ਹਾਂ ਨਹਿਰਾਂ ਦੇ ਪਾਣੀ ਨੂੰ ਹੀ ਵਰਤਦੀ ਹੈ। ਜਲ ਸਪਲਾਈ ਵਿਭਾਗ ਨੇ ਨਹਿਰਾਂ ਤੋਂ ਪਾਣੀ ਦੀ ਸਪਲਾਈ ਲੈਣੀ ਬੰਦ ਕਰ ਦਿੱਤੀ ਹੈ। ਪੰਜਾਬ ਤੋਂ ਇੰਦਰਾ ਨਹਿਰ ਰਾਹੀਂ ਮਰੀਆਂ ਮੱਛੀਆਂ ਅਤੇ ਸੱਪਾਂ ਨਾਲ ਦੂਸ਼ਿਤ ਹੋਇਆ ਪਾਣੀ ਰਾਜਸਥਾਨ ਵਿਚ ਦਾਖਲ ਹੋ ਗਿਆ ਹੈ। ਉਥੋਂ ਦੀ ਸਰਕਾਰ ਨੇ ਵੀ ਪੀਣ ਵਾਲੇ ਪਾਣੀ ਦੀ ਸਪਲਾਈ ਰੋਕ ਦਿੱਤੀ ਹੈ। ਨਹਿਰ ਦਾ ਪਾਣੀ ਕਾਲਾ ਅਤੇ ਲਾਲ ਰੰਗ ਦਾ ਹੋ ਗਿਆ ਹੈ ਤੇ ਇਸ ਵਿਚੋਂ ਬਦਬੂ ਆਉਂਦੀ ਹੈ। ਪਾਣੀ ‘ਚ ਮਰੀਆਂ ਮੱਛੀਆਂ ਅਤੇ ਸੱਪ ਦਿਖਾਈ ਦਿੱਤੇ ਹਨ ਜਿਸ ਕਾਰਨ ਸਟੋਰੇਜ ਟੈਂਕ ਨੂੰ ਪਾਣੀ ਦੀ ਸਪਲਾਈ ਰੋਕ ਦਿੱਤੀ ਗਈ ਹੈ। ਸ੍ਰੀ ਗੰਗਾਨਗਰ ਜ਼ਿਲ੍ਹੇ ਦੀ ਰੋਜ਼ਾਨਾ ਪਾਣੀ ਦੀ ਸਪਲਾਈ 50 ਹਜ਼ਾਰ ਕਿਲੋ ਲਿਟਰ ਹੈ। ਪ੍ਰਸ਼ਾਸਨ ਇਹੀ ਦਾਅਵੇ ਕਰ ਰਿਹਾ ਹੈ ਕਿ ਅਜੇ ਉਸ ਕੋਲ ਸਟੋਰ ਪਾਣੀ ਮੌਜੂਦ ਹੈ ਜੋ ਅਗਲੇ ਕੁਝ ਦਿਨ ਚੱਲੇਗਾ।
ਲੋਕਾਂ ਤੇ ਪਸ਼ੂ ਪੰਛੀਆਂ ਲਈ ਪਰੇਸ਼ਾਨੀ ਦਾ ਇਹ ਸਿਲਸਿਲਾ ਉਸ ਵੇਲੇ ਸ਼ੁਰੂ ਹੋਇਆ ਸੀ ਜਦੋਂ ਕੀੜੀ ਅਫਗਾਨਾ ਸਥਿਤ ਖੰਡ ਮਿੱਲ ਵਿਚੋਂ ਹਜ਼ਾਰਾਂ ਟਨ ਸੀਰਾ ਬਿਆਸ ਦਰਿਆ ਵਿਚ ਸੁੱਟਿਆ ਗਿਆ। ਦਾਅਵਾ ਭਾਵੇਂ ਇਹ ਕੀਤਾ ਜਾ ਰਿਹਾ ਹੈ ਕਿ ਖੰਡ ਮਿਲ ਦਾ ਬਾਇਲਰ ਫਟਣ ਕਾਰਨ ਇਹ ਹਾਦਸਾ ਵਾਪਰਿਆ ਪਰ ਸਥਾਨਕ ਲੋਕ ਦਾਅਵਾ ਕਰ ਰਹੇ ਹਨ ਕਿ ਇਸ ਮਿਲ ਵੱਲੋਂ ਪਹਿਲਾਂ ਵੀ ਕਾਫੀ ਸਮੇਂ ਤੋਂ ਇਹ ਜ਼ਹਿਰ ਦਰਿਆ ਵਿਚ ਸੁੱਟਿਆ ਜਾ ਰਿਹਾ ਸੀ। ਇਸ ਵਾਰ ਸੀਰੇ ਦੀ ਇੰਨੀ ਮਾਤਰਾ ਛੱਡ ਦਿੱਤੀ ਗਈ ਕਿ ਕੁਝ ਘੰਟਿਆਂ ਵਿਚ ਲੱਖਾਂ ਮੱਛੀਆਂ ਦੀ ਮੌਤ ਦਾ ਕਾਰਨ ਬਣ ਗਈ।
ਦਰਿਆ ਦੇ ਨਾਲ ਲੱਗਦੇ ਸਮੁੱਚੇ ਇਲਾਕਿਆਂ ਵਿਚ ਹਲਚਲ ਮੱਚੀ ਹੋਈ ਹੈ। ਪ੍ਰਸ਼ਾਸਨ ਨੂੰ ਇਹ ਗੱਲ ਉਦੋਂ ਪਤਾ ਲੱਗੀ ਜਦੋਂ ਲੋਕ ਮਰੀਆਂ ਮੱਛੀਆਂ ਚੁੱਕ ਕੇ ਵੇਚਣ ਲਈ ਸ਼ਹਿਰ ਵੱਲ ਨੂੰ ਭੱਜੇ। ਤੁਰੰਤ ਇਸ ਮਿੱਲ ਨੂੰ ਬੰਦ ਕਰਵਾ ਦਿੱਤਾ ਗਿਆ, ਪਰ ਉਦੋਂ ਤੱਕ ਬੜੀ ਦੇਰ ਹੋ ਚੁੱਕੀ ਸੀ। ਇੰਨੀ ਵੱਡੀ ਤਬਾਹੀ ਦੇ ਬਾਵਜੂਦ ਸਰਕਾਰ ਮਿੱਲ ਪ੍ਰਬੰਧਕਾਂ ਨੂੰ ਹੱਥ ਪਾਉਣ ਤੋਂ ਟਾਲੇ ਦੀਆਂ ਜੁਗਤਾਂ ਘੜ ਰਹੀ ਹੈ। ਇਹ ਮਿੱਲ ਰਸੂਖਵਾਨ ਚੱਢਾ ਪਰਿਵਾਰ ਦੀ ਹੈ। ਮਿੱਲ ਮਾਲਕ ਜਸਦੀਪ ਕੌਰ ਚੱਢਾ ਮੁੱਖ ਮੰਤਰੀ ਕੈਪਟਨ ਦੇ ਧਾਰਮਿਕ ਮਾਮਲਿਆਂ ਬਾਰੇ ਸਲਾਹਕਾਰ ਪਰਮਜੀਤ ਸਿੰਘ ਸਰਨਾ ਦੀ ਭਤੀਜੀ ਹੈ। ਇਹ ਵੀ ਚਰਚਾ ਹੈ ਕਿ ਸਰਨਾ ਵੱਲੋਂ ਸਰਕਾਰ ਉਤੇ ਕਾਰਵਾਈ ਨਾ ਕਰਨ ਲਈ ਦਬਾਅ ਬਣਾਇਆ ਜਾ ਰਿਹਾ ਹੈ। ਉਨ੍ਹਾਂ ਦੀ ਪੰਜਾਬ ਫੇਰੀ ਕਾਫੀ ਚਰਚਾ ਵਿਚ ਹੈ।
ਦੱਸ ਦਈਏ ਕਿ ਖੰਡ ਮਿੱਲਾਂ, ਫਾਰਮਾਸਿਊਟੀਕਲ ਯੂਨਿਟਾਂ ਅਤੇ ਰੰਗਾਈ ਸਨਅਤ ਵੱਲੋਂ ਪੰਜਾਬ ਦੀਆਂ ਨਦੀਆਂ-ਨਾਲਿਆਂ ਵਿਚ ਰਸਾਇਣਕ ਤੇ ਜ਼ਹਿਰੀਲਾ ਪਾਣੀ ਛੱਡਣ ਦੀਆਂ ਘਟਨਾਵਾਂ ਆਮ ਹੀ ਵਾਪਰਦੀਆਂ ਹਨ। ਦਰਿਆਈ ਪਾਣੀਆਂ ਵਿਚ ਰਸਾਇਣਕ ਤਰਲ ਰੋੜ੍ਹਨੇ ਜਾਂ ਰੁੜ੍ਹਨ ਦੇਣੇ ਜਲ ਐਕਟ, 1974 ਦੀ ਉਲੰਘਣਾ ਹੈ ਅਤੇ ਉਲੰਘਣਾ ਕਰਨ ਵਾਲਿਆਂ ਖਿਲਾਫ਼ ਫੌਜਦਾਰੀ ਤੇ ਦੀਵਾਨੀ ਕਾਰਵਾਈ ਬਣਦੀ ਹੈ। ਖੰਡ ਮਿੱਲ ਵਾਲੇ ਤੇ ਪ੍ਰਸ਼ਾਸਨ ਇਸ ਨੂੰ ਹਾਦਸਾ ਦੱਸ ਕੇ ਮਾਮਲੇ ਨੂੰ ਠੰਢਾ ਕਰਨ ਵਿਚ ਜੁਟੇ ਹੋਏ ਹਨ, ਜਦਕਿ ਹਾਲਾਤ ਇਹ ਹਨ ਕਿ ਸਤਲੁਜ ਦਰਿਆ ਬੁਰੀ ਤਰ੍ਹਾਂ ਪ੍ਰਦੂਸ਼ਿਤ ਹੋ ਚੁੱਕਿਆ ਹੈ। ਸ਼ਹਿਰਾਂ ਅਤੇ ਸਨਅਤੀ ਖੇਤਰਾਂ ਦੇ ਗੰਦੇ ਨਾਲਿਆਂ ਦਾ ਪਾਣੀ ਬਿਨਾਂ ਸੋਧੇ ਇਸ ਵਿਚ ਪੈਂਦਾ ਹੈ। ਸਤਲੁਜ ਭਾਖੜਾ ਡੈਮ ਤੋਂ ਮੈਦਾਨੀ ਇਲਾਕੇ ਵਿਚ ਦਾਖਲ ਹੁੰਦਾ ਹੈ ਅਤੇ ਇਹ ਪਾਕਿਸਤਾਨ ਵਿਚ ਜਾਣ ਤੋਂ ਪਹਿਲਾਂ ਰਾਹ ਦੇ ਮੈਦਾਨ ਵਿਚੋਂ ਤਕਰੀਬਨ 277 ਕਿਲੋਮੀਟਰ ਦੂਰੀ ਤੈਅ ਕਰਦਾ ਹੈ। ਨੰਗਲ ਟਾਊਨਸ਼ਿਪ, ਨਯਾ ਨੰਗਲ, ਆਨੰਦਪੁਰ ਸਾਹਿਬ, ਰੋਪੜ, ਨਵਾਂ ਸ਼ਹਿਰ, ਫਿਲੌਰ, ਲੁਧਿਆਣਾ, ਫਗਵਾੜਾ, ਜਲੰਧਰ, ਹੁਸ਼ਿਆਰਪੁਰ, ਕਪੂਰਥਲਾ ਤੇ ਸੁਲਤਾਨਪੁਰ ਲੋਧੀ ਦਾ ਘਰੇਲੂ ਅਤੇ ਸਨਅਤੀ ਪਾਣੀ ਆਖਰ ਸਿੱਧਾ ਜਾਂ ਨਾਲਿਆਂ ਰਾਹੀਂ ਸਤਲੁਜ ਵਿਚ ਪੈਂਦਾ ਹੈ। ਇਸ ਪਾਣੀ ਨੂੰ ਦਰਿਆ ਵਿਚ ਡਿੱਗਣ ਤੋਂ ਪਹਿਲਾਂ ਸੋਧਿਆ ਜਾਂ ਸਾਫ ਨਹੀਂ ਕੀਤਾ ਜਾਂਦਾ। ਇਕ ਅਧਿਐਨ ਦਰਸਾਉਂਦਾ ਹੈ ਕਿ ਫੈਕਟਰੀਆਂ ਸਭ ਤੋਂ ਵੱਧ ਜਲ ਦੂਸ਼ਿਤ ਕਰਦੀਆਂ ਹਨ। ਉਹ ਪਾਣੀ ਨੂੰ ਬਿਨਾਂ ਸੋਧੇ ਹੀ ਬਾਹਰ ਛੱਡ ਦਿੰਦੀਆਂ ਹਨ।
ਸਰਕਾਰੀ ਅੰਕੜਿਆਂ ਮੁਤਾਬਕ ਅੱਜ ਭਾਰਤ ਦੇ 16 ਕਰੋੜ ਤੋਂ ਵੀ ਵਧੇਰੇ ਲੋਕਾਂ ਨੂੰ ਸਾਫ ਪਾਣੀ ਪੀਣ ਲਈ ਨਹੀਂ ਮਿਲਦਾ। ਸਿਆਸਤਦਾਨਾਂ ਅਤੇ ਕਾਰਪੋਰੇਟਰਾਂ ਦੀ ਮਿਲੀਭੁਗਤ ਨੇ ਵਾਤਾਵਰਣ ਦੀ ਖਰਾਬੀ ਹੋਰ ਵਧਾਈ ਹੈ। ਪੰਜਾਬ ਦੀਆਂ ਸਨਅਤੀ ਇਕਾਈਆਂ ਦਰਿਆਈ ਪਾਣੀਆਂ ਵਿਚ ਜ਼ਹਿਰ ਘੋਲ ਰਹੀਆਂ ਹਨ। ਸਨਅਤੀ ਇਕਾਈਆਂ ਦਾ ਕੈਮੀਕਲ ਵਾਲਾ ਪਾਣੀ ਬੁੱਢੇ ਨਾਲੇ ਰਾਹੀਂ ਸਤਲੁਜ ਦਰਿਆ ਵਿਚ ਮਿਲ ਕੇ ਸ਼ੁੱਧ ਪਾਣੀ ਨੂੰ ਪ੍ਰਦੂਸ਼ਿਤ ਕਰ ਰਿਹਾ ਹੈ। ਇਹ ਪ੍ਰਦੂਸ਼ਿਤ ਪਾਣੀ ਮਾਲਵਾ ਸਮੇਤ ਰਾਜਸਥਾਨ ਦੇ ਲੋਕਾਂ ਨੂੰ ਗੰਭੀਰ ਬਿਮਾਰੀਆਂ ਦੀ ਲਪੇਟ ਵਿਚ ਲੈ ਰਿਹਾ ਹੈ। ਹਕੀਕਤ ਇਹ ਹੈ ਕਿ ਪੰਜਾਬ ਵਿਚ ਹੁਣ ਮਨੁੱਖਾਂ ਦੇ ਨਾਲ-ਨਾਲ ਪਸ਼ੂ ਵੀ ਬਿਮਾਰੀਆਂ ਦੀ ਲਪੇਟ ਵਿਚ ਆ ਰਹੇ ਹਨ।
—————————–
ਬਾਦਲਾਂ ਨੇ ਬਣਾਇਆ ਸਿਆਸੀ ਮੁੱਦਾ
ਸ਼ਾਹਕੋਟ ਜ਼ਿਮਨੀ ਚੋਣ ਸਿਰ ਉਤੇ ਹੋਣ ਕਾਰਨ ਅਕਾਲੀ ਦਲ ਬਾਦਲ ਨੇ ਬਿਆਸ ਦਰਿਆ ਵਿਚ ਘੋਲੇ ਜ਼ਹਿਰ ਨੂੰ ਸਿਆਸੀ ਮੁੱਦਾ ਬਣਾ ਲਿਆ ਹੈ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਮੇਤ ਹੋਰ ਸੀਨੀਅਰ ਅਕਾਲੀ ਆਗੂ ਮਿੱਲ ਮਾਲਕ ਚੱਢਾ ਪਰਿਵਾਰ ‘ਤੇ ਕਾਰਵਾਈ ਵਿਚ ਢਿੱਲ ਕਾਰਨ ਕਾਂਗਰਸ ਸਰਕਾਰ ਨੂੰ ਘੇਰ ਰਹੇ ਹਨ। ਦਰਅਸਲ, ਇਹ ਮਿੱਲ ਪਰਮਜੀਤ ਸਰਨਾ ਦੇ ਰਿਸ਼ਤੇਦਾਰ ਦੀ ਹੈ ਜੋ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚ ਮੁੱਖ ਵਿਰੋਧੀ ਧਿਰ ਹੈ। ਅਕਾਲੀ ਦਲ ਇਹ ਮੁੱਦਾ ਚੁੱਕ ਕੇ ਦੋਵਾਂ ਪਾਸਿਉਂ ਸਿਆਸੀ ਫਾਇਦੇ ਦੀਆਂ ਜੁਗਤਾਂ ਵਿਚ ਜੁਟਿਆ ਹੋਇਆ ਹੈ।