ਨੀਂਦ-ਸਰਗੋਸ਼ੀਆਂ

ਡਾ. ਗੁਰਬਖਸ਼ ਸਿੰਘ ਭੰਡਾਲ ਆਪਣੀ ਨਿਵੇਕਲੀ ਸ਼ੈਲੀ ਵਿਚ ਜੀਵਨ ਦੀਆਂ ਪਰਤਾਂ ਫਰੋਲਦੇ ਜ਼ਿੰਦਗੀ ਦੇ ਨਾਦ ਦੀ ਤਲਾਸ਼ ਵਿਚ ਰਹਿੰਦੇ ਹਨ। ਉਹ ਹੈ ਤਾਂ ਫਿਜ਼ਿਕਸ ਜਿਹੇ ਖੁਸ਼ਕ ਵਿਸ਼ੇ ਦੇ ਅਧਿਆਪਕ, ਪਰ ਉਨ੍ਹਾਂ ਦੀ ਵਾਰਤਕ ਵਿਚ ਕਵਿਤਾ ਜਿਹੀ ਰਵਾਨਗੀ ਹੈ। ਉਹ ਸ਼ਬਦਾਂ ਦੀ ਅਜਿਹੀ ਜੁਗਤ ਬੰਨਦੇ ਹਨ ਕਿ ਪਾਠਕ ਦੇ ਮੂੰਹੋਂ ਸੁਤੇ ਸਿਧ ਨਿਕਲ ਜਾਂਦਾ ਹੈ, ਕਿਆ ਬਾਤ ਹੈ! ਪਿਛਲੇ ਕੁਝ ਲੇਖਾਂ ਵਿਚ ਉਨ੍ਹਾਂ ਕੁਦਰਤ ਦੀਆਂ ਨਿਆਮਤਾਂ ਨੂੰ ਸਲਾਮ ਕੀਤਾ ਸੀ ਅਤੇ ਮਨੁੱਖ ਦੀ ਇਨ੍ਹਾਂ ਪ੍ਰਤੀ ਅਕ੍ਰਿਤਘਣਤਾ ਉਤੇ ਅਫਸੋਸ ਜਾਹਰ ਕੀਤਾ ਸੀ।

ਪਿਛਲੇ ਲੇਖ ਵਿਚ ਡਾ. ਭੰਡਾਲ ਨੇ ਬਚਪਨ ਦੀ ਮਾਸੂਮੀਅਤ ਦੀ ਬਾਤ ਪਾਉਂਦਿਆਂ ਕਿਹਾ ਸੀ, “ਬੱਚੇ, ਕੁਦਰਤ ਦੀ ਅਜ਼ੀਮ ਨਿਆਮਤ, ਸੱਚੀ ਸੁੱਚੀ ਇਬਾਦਤ ਅਤੇ ਮਾਂ ਦੀ ਗੋਦ ‘ਚ ਲਿਖੀ ਉਚਤਮ ਇਬਾਰਤ।” ਹਥਲੇ ਲੇਖ ਵਿਚ ਡਾ. ਭੰਡਾਲ ਨੇ ਕੁਦਰਤ ਦੇ ਉਪਾਏ ਹਰ ਜੀਵ-ਜੰਤ ਲਈ ਨੀਂਦ ਦੀ ਅਹਿਮੀਅਤ ਦੀ ਗੱਲ ਕੀਤੀ ਹੈ। ਉਹ ਕਹਿੰਦੇ ਹਨ, “ਨੀਂਦ, ਮਨੁੱਖੀ ਸਰੀਰ ਲਈ ਊਰਜਾ-ਸਰੋਤ, ਥੱਕੇ ਹਾਰਿਆਂ ਲਈ ਸੁਖਨ-ਸੇਜ ਅਤੇ ਮਾਨਸਿਕ ਰੁਮਕਣੀ ਸੁਪਨ-ਸਾਜ਼।…ਨੀਂਦ ਵਿਚ ਮਨੁੱਖ ਆਪਣੇ ਪਿਛੋਕੜ ਤੇ ਭਵਿੱਖ ਦੇ ਸਭ ਤੋਂ ਕਰੀਬ, ਬੀਤੀਆਂ ਤੇ ਮੌਜੂਦਾ ਘਟਨਾਵਾਂ ਦਾ ਸੰਗਮ ਅਤੇ ਨੀਂਦ ਵਿਚ ਇਨ੍ਹਾਂ ਦੇ ਪ੍ਰਤੀਕਰਮ ਬਹੁਤ ਕੁਝ ਸੰਕੇਤਕ ਰੂਪ ਵਿਚ ਸਾਡੀ ਸੋਚ-ਧਰਾਤਲ ਦੇ ਨਾਮ ਕਰਦੇ।” -ਸੰਪਾਦਕ

ਡਾ. ਗੁਰਬਖਸ਼ ਸਿੰਘ ਭੰਡਾਲ
ਨੀਂਦ, ਸਰਗੋਸ਼ੀਆਂ ਦਾ ਪਹਿਰ, ਸੰਦਲੀ ਸੁਪਨਿਆਂ ਦੀ ਦੁਪਹਿਰ, ਗਹਿਰੀ ਗਜ਼ਲ ਦੀ ਬਹਿਰ ਅਤੇ ਨਿੰਦਰਾਈਆਂ ਤੇ ਅੰਗੜਾਈਆਂ ਆਸਾਂ ਦੀ ਨਹਿਰ।
ਨੀਂਦ, ਇਕ ਭਗਤੀ ਜੋ ਅਸੀਂ ਚਾਹੇ-ਅਣਚਾਹੇ ਕਰਦੇ ਅਤੇ ਜੀਵਨ ਦੇ ਇਕ ਤਿਹਾਈ ਹਿੱਸੇ ਦੌਰਾਨ ਇਸ ਭਗਤੀ ਦਾ ਦਮ ਭਰਦੇ। ਪਰ ਅਸੀਂ ਇਸ ਤੋਂ ਕੀ ਪ੍ਰਾਪਤ ਕਰਦੇ, ਇਹ ਸਾਡੀ ਜੀਵਨ-ਸ਼ੈਲੀ, ਨੀਂਦ-ਅਵਸਥਾ ਅਤੇ ਇਸ ਤੋਂ ਮਿਲੀ ਊਰਜਾ ‘ਤੇ ਨਿਰਭਰ।
ਨੀਂਦ, ਸੁਪਨ-ਧਰਾਤਲ। ਅਚੇਤ ਮਨ ਵਿਚ ਬੈਠੀਆਂ ਅਪੂਰਨ ਖਾਹਸ਼ਾਂ ਦਾ ਖਾਕਾ। ਪੂਰਨਤਾ ਵੱਲ ਤੁਰਨ ਦਾ ਉਦਮ, ਨੀਂਦ ਦੇ ਸਦਕੇ ਜਾਂਦਾ।
ਅੱਖਾਂ ਬੰਦ ਕਰਕੇ ਪਿਆ ਹਰ ਵਿਅਕਤੀ ਸੁੱਤਾ ਨਹੀਂ ਹੁੰਦਾ। ਕੁਝ ਲੋਕ ਜਾਗਦਿਆਂ ਵੀ ਸੁੱਤੇ ਹੁੰਦੇ ਜਦ ਕਿ ਕੁਝ ਲੋਕ ਸੁੱਤਿਆਂ ਵੀ ਜਾਗਦੇ ਰਹਿੰਦੇ।
ਨੀਂਦ, ਮਨੁੱਖੀ ਸਰੀਰ ਲਈ ਊਰਜਾ-ਸਰੋਤ, ਥੱਕੇ ਹਾਰਿਆਂ ਲਈ ਸੁਖਨ-ਸੇਜ ਅਤੇ ਮਾਨਸਿਕ ਰੁਮਕਣੀ ਸੁਪਨ-ਸਾਜ਼।
ਨੀਂਦ, ਨਿਆਮਤਾਂ ਦੀ ਨੱਕੜ ਦਾਦੀ, ਨਿਆਮਤਾਂ ਦਾ ਕੇਂਦਰ ਬਿੰਦੂ, ਨੀਂਦ ਦੌਰਾਨ ਬੰਦਾ ਖੁਦ ਦੇ ਸਭ ਤੋਂ ਕਰੀਬ ਅਤੇ ਮਾਨਸਿਕ ਤੇ ਸਰੀਰਕ ਸ਼ਕਤੀ ਨੂੰ ਸਾਧਦਾ।
ਨੀਂਦ, ਬੇਫਿਕਰੀ ਦਾ ਪੈਮਾਨਾ, ਚਿੰਤਨ ਰਾਹੀਂ ਖੁਦ ਦਾ ਸੰਵਰਿਆ ਸਰੂਪ ਅਤੇ ਖੁਦ ਦੀ ਜਾਮਾ-ਤਲਾਸ਼ੀ ਰਾਹੀਂ ਨਿਖਰਿਆ ਸਮਰੂਪ।
ਨੀਂਦ, ਪਰੀਆਂ ਦਾ ਦੇਸ਼, ਖਾਮੋਸ਼ੀਆਂ ਦਾ ਮੰਦਿਰ, ਉਦਾਸੀਆਂ ਦੀ ਵਰਣਮਾਲਾ ਅਤੇ ਖੁਸ਼ੀਆਂ ਦੇ ਖਜਾਨੇ ਨੂੰ ਲੁਟਾਉਣਾ।
ਨੀਂਦ ਵਿਚ ਮਨੁੱਖ ਆਪਣੇ ਪਿਛੋਕੜ ਤੇ ਭਵਿੱਖ ਦੇ ਸਭ ਤੋਂ ਕਰੀਬ, ਬੀਤੀਆਂ ਤੇ ਮੌਜੂਦਾ ਘਟਨਾਵਾਂ ਦਾ ਸੰਗਮ ਅਤੇ ਨੀਂਦ ਵਿਚ ਇਨ੍ਹਾਂ ਦੇ ਪ੍ਰਤੀਕਰਮ ਬਹੁਤ ਕੁਝ ਸੰਕੇਤਕ ਰੂਪ ਵਿਚ ਸਾਡੀ ਸੋਚ-ਧਰਾਤਲ ਦੇ ਨਾਮ ਕਰਦੇ।
ਸੌਣ ਤੋਂ ਪਹਿਲਾਂ ਬੀਤੇ ਦਿਨ ਦਾ ਸ਼ੁਕਰਗੁਜਾਰ ਹੋਵੋ, ਦਿਨ ਦੀ ਕਰਮ-ਸਾਧਨਾ ਨੂੰ ਨਿਹਾਰੋ ਤੇ ਵਿਚਾਰੋ, ਖਾਮੀਆਂ ਤੇ ਉਪਲਬਧੀਆਂ ਦਾ ਲੇਖਾ ਜੋਖਾ ਕਰੋ, ਅਗਲੇ ਦਿਨ ਦੀ ਯੋਜਨਾਬੰਦੀ ਕਰੋ ਅਤੇ ਸਵੈ-ਸੰਵਾਦ ਦੀ ਸੰਤੁਸ਼ਟੀ ਨਾਲ ਨੀਂਦ ਦਾ ਅਨੰਦ ਮਾਣੋ। ਸਾਡੀਆਂ ਮਾਂਵਾਂ ਦੇ ਮਨਾਂ ਵਿਚ ਚਾਨਣ ਦੀ ਸ਼ੁਕਰਗੁਜਾਰੀ ਝਲਕਦੀ ਸੀ ਜਦ ਉਹ ਰਾਤ ਨੂੰ ਦੀਵਾ ਸੰਤੋਖਣ ਵੇਲੇ, ਦੀਵੇ ਨੂੰ ਆਪਣੇ ਘਰ ਪਰਤਣ ਅਤੇ ਅਗਲੀ ਸ਼ਾਮ ਨੂੰ ਫਿਰ ਵਾਪਸ ਪਰਤਣ ਦੀ ਅਰਦਾਸ ਕਰਦੀਆਂ ਸਨ। ਉਨ੍ਹਾਂ ਦੀ ਸੋਚ ਵਿਚ ਸਰਬੱਤ ਦਾ ਭਲਾ ਅਤੇ ਉਸਾਰੂ-ਬਿਰਤੀ ਦਾ ਬਸੇਰਾ ਹੁੰਦਾ ਸੀ।
ਨੀਂਦ, ਨਿੰਦਰਾਏ ਨੈਣਾਂ ਦੀ ਠਾਹਰ, ਕਿਸੇ ਦੀ ਆਗੋਸ਼ ਬਣਨ ਦਾ ਹੁਲਾਰ ਅਤੇ ਕਿਸੇ ਦੇ ਦੀਦਿਆਂ ਵਿਚ ਠਹਿਰਿਆ ਖੁਮਾਰ।
ਨੀਂਦ, ਕਣਕ/ਝੋਨੇ ਦੇ ਵੱਢ, ਵਾਹਣ ਦੀਆਂ ਢੀਮਾਂ ਜਾਂ ਮੂੰਗਫਲੀ ਦੇ ਲਾਂਗੇ ‘ਤੇ ਕੁਝ ਪਲ ਸੁਸਤਾਉਣ ਦਾ ਹੁਲਾਰ। ਮੁਸ਼ੱਕਤੀ ਜਿਸਮਾਂ ਨੂੰ ਨਿਵੇਕਲੀ ਊਰਜਾ ਦਾ ਪਸਾਰ। ਕਾਮੇ ਦੀ ਮਿਹਨਤ, ਜਾਲੇ ਜਫਰ ਅਤੇ ਘਾਲਣਾ ਜਦ ਖੁਦਕੁਸ਼ੀ ਦੀ ਉਂਗਲ ਫੜ੍ਹਨ ਲਈ ਮਜਬੂਰ ਹੋ ਜਾਣ ਤਾਂ ਫਿਜ਼ਾ ਨੂੰ ਵੀ ਤਰੇਲੀਆਂ ਆਉਂਦੀਆਂ।
ਨੀਂਦ, ਭੁੱਖ ਨਾਲੋਂ ਮਾੜੀ। ਰੋੜਿਆਂ ਜਾਂ ਫੁੱਟਪਾਥਾਂ ‘ਤੇ ਸੌਣ ਲਈ ਭੁੱਖੇ ਢਿੱਡਾਂ ਦੀ ਕੌਣ ਸਾਰ ਲੈਂਦਾ। ਕਈ ਤਾਂ ਭੁੱਖ ਤੋਂ ਉਕਤਾਏ, ਸਦਾ ਲਈ ਨੀਂਦ ਦੀ ਆਗੋਸ਼ ਵਿਚ ਸਮਾ ਜਾਂਦੇ।
ਨੀਂਦ, ਹਰ ਉਮਰ ਵਿਚ ਸਰੀਰਕ ਅਤੇ ਮਾਨਸਿਕ ਤੰਦਰੁਸਤੀ ਲਈ ਜਰੂਰੀ। ਬੱਚਿਆਂ ਲਈ ਦਸ ਘੰਟੇ ਅਤੇ ਬਾਲਗਾਂ ਲਈ ਅੱਠ ਕੁ ਘੰਟੇ ਸੌਣਾ ਜਰੂਰੀ।
ਨੀਂਦ, ਕੁਦਰਤ ਦੀ ਸਭ ਤੋਂ ਕੀਮਤੀ ਸੁਗਾਤ। ਕਿੰਨੇ ਖੁਸ਼ਕਿਸਮਤ ਨੇ ਉਹ ਲੋਕ ਜੋ ਆਪਣੀ ਨੀਂਦੇ ਸੌਂਦੇ ਜਾਂ ਜਾਗਦੇ। ਨੀਂਦ ਹੰਗਾਲਣ ਵਾਲੇ ਲੋਕਾਂ ਦੀ ਤ੍ਰਾਸਦੀ, ਮਨ ‘ਚ ਖਲਲ ਪੈਦਾ ਕਰਦੀ। ਸਰੀਰ ਕਦੇ ਵੀ ਗੈਰ-ਕੁਦਰਤੀ ਵਰਤਾਰੇ ਅਨੁਸਾਰ ਨਹੀਂ ਢਲਦਾ। ਰਾਤ ਨੂੰ ਕੰਮ ਕਰਨ ਵਾਲੇ ਦਰਅਸਲ ਕੁਦਰਤੀ ਕਿਰਿਆਵਾਂ ਦੀ ਅਵੱਗਿਆ ਕਰਦੇ ਜਿਸ ਦਾ ਇਵਜ਼ਾਨਾ ਸਰੀਰਕ ਅਤੇ ਮਾਨਸਿਕ ਬਿਮਾਰੀਆਂ ਦੇ ਰੂਪ ਵਿਚ ਭਰਨਾ ਪੈਂਦਾ।
ਨੀਂਦ ਦੇ ਤੋਹਫੇ ਨਾਲ ਕੁਝ ਕੁ ਲੋਕ ਨਿਵਾਜੇ ਜੋ ਜਦ ਚਾਹੁਣ ਸੌਂ ਸਕਦੇ। ਕੇਹੀ ਹੋਣੀ ਏ ਉਨ੍ਹਾਂ ਦੀ, ਜੋ ਸੋਨੇ ਦੇ ਮਹੱਲੀਂ, ਸੋਨਾ ਖਾਂਦੇ, ਸੋਨੇ ਦੇ ਵਿਛੌਣੇ ‘ਤੇ, ਗੋਲੀਆਂ ਖਾ ਕੇ, ਨੀਂਦ ਦੀਆਂ ਲਿਲਕੜੀਆਂ ਕੱਢਦੇ। ਪਰ ਬਹੁਤੀ ਵਾਰ ਉਨ੍ਹਾਂ ਦੀ ਸਾਰੀ ਰਾਤ ਉਸਲਵਾਟੇ ਲੈਂਦਿਆਂ ਲੰਘ ਜਾਂਦੀ।
ਕੁਦਰਤ ਵੀ ਨੀਂਦ ਦੀ ਆਗੋਸ਼ ਦਾ ਨਿੱਘ ਮਾਣਦੀ। ਕੁਦਰਤੀ ਜੀਵ ਇਸ ਦੀ ਆਮਦ ਉਡੀਕਦੇ। ਜਦ ਰਾਤ ਉਤਰਦੀ ਤਾਂ ਪਰਿੰਦੇ ਆਪਣੇ ਆਲ੍ਹਣਿਆਂ ਵੰਨੀਂ ਉਡਾਰੀ ਭਰਦੇ, ਪਰਿਵਾਰ ਵਿਚ ਦਿਨ ਦੇ ਛੇਕੜਲੇ ਪਲਾਂ ਨੂੰ ਮਾਣਦੇ, ਊਂਘਣ ਲੱਗ ਪੈਂਦੇ ਅਤੇ ਫਿਰ ਹੌਲੀ ਹੌਲੀ ਆਪਣੇ ਆਪ ਨੂੰ ਨੀਂਦ ਦੀਆਂ ਬਾਹਾਂ ਦੇ ਹਵਾਲੇ ਕਰਦੇ।
ਕਦੇ ਕਿਸੇ ਬੱਚੇ, ਫੱਕਰ, ਦਰਵੇਸ਼, ਮਜਦੂਰ ਜਾਂ ਵਾਹਣੀਂ ਸੁੱਤੇ ਕਿਸਾਨ ਨੂੰ ਨੀਂਦ ਦੇ ਹਿਲੋਰੇ ਲੈਂਦੇ ਦੇਖਣਾ, ਤੁਹਾਡੇ ਮਨ ਵਿਚ ਅਜਿਹੀ ਨੀਂਦ ਮਾਣਨ ਦੀ ਹਿਰਸ ਜਰੂਰ ਪੈਦਾ ਹੋਵੇਗੀ।
ਕੇਹਾ ਇਲਾਹੀ ਆਲਮ ਤੇ ਮੰਜ਼ਰ ਗੁਰੂ ਗੋਬਿੰਦ ਸਿੰਘ ਜੀ ਦੀ ਮਾਨਸਿਕਤਾ ਵਿਚ ਉਕਰਿਆ ਹੋਵੇਗਾ ਜਦ ਉਨ੍ਹਾਂ ਚਮਕੌਰ ਦੀ ਗੜ੍ਹੀ ਵਿਚ ਬਹੁਤ ਸਾਰੇ ਸਿੰਘਾਂ ਅਤੇ ਵੱਡੇ ਸਾਹਿਜ਼ਾਦਿਆਂ ਦੀ ਸ਼ਹਾਦਤ ਨੂੰ ਅੱਖੀਂ ਦੇਖ, ਮਾਛੀਵਾੜੇ ਦੇ ਜੰਗਲ ‘ਚ, ਖੂਹ ਦੀ ਮੌਣ ਦਾ ਸਹਾਰਾ ਲੈ, ਸੌਂਦੇ ਸਮੇਂ, ਕਾਦਰ ਦੇ ਸ਼ੁਕਰਾਨੇ ਲਈ ਰੂਹ ਦੀ ਕਸ਼ੀਦਗੀ ‘ਚੋਂ ਗੁਣਗੁਣਾਇਆ ਹੋਵੇਗਾ, “ਮਿਤ੍ਰ ਪਿਆਰੇ ਨੂੰ ਹਾਲੁ ਮੁਰੀਦਾ ਦਾ ਕਹਣਾ…।” ਮਖਮਲੀ ਸੇਜਾਂ ਮਾਣ ਰਹੇ, ਅਜੋਕੇ ਬਹੁਰੂਪੀਏ ਰਹਿਬਰ ਅਜਿਹੀ ਸੋਚ-ਉਡਾਣ ਦੇ ਕਿੰਜ ਹਾਣੀ ਹੋ ਸਕਦੇ?
ਨੀਂਦ ਲਈ ਵਿਸ਼ੇਸ਼ ਬਿਸਤਰਾ, ਮਾਹੌਲ, ਸਮਾਂ, ਸਥਾਨ, ਅਜੋਕੇ ਰੋਬੋਟੀ ਮਨੁੱਖ ਦੇ ਚੋਚਲੇ। ਥੱਕੇ ਹੋਏ ਅਤੇ ਫੱਕਰ ਵਿਅਕਤੀ ਕਿਸੇ ਵੀ ਹਾਲਤ ਵਿਚ ਨੀਂਦ ਮਾਣ, ਫਿਰ ਆਪਣੀ ਮੰਜ਼ਿਲ ਵੱਲ ਤੁਰ ਪੈਂਦੇ। ਬੀਤੇ ਸਮੇਂ ਵਿਚ ਮੁਗਲਈ ਫੌਜ ਖਿਲਾਫ ਗੁਰੀਲਾ ਯੁੱਧ ਦੌਰਾਨ ਤਾਂ ਸਿੰਘ ਘੋੜਿਆਂ ‘ਤੇ ਬੈਠੇ ਹੀ ਨੀਂਦ ਪੂਰੀ ਕਰ ਲਿਆ ਕਰਦੇ ਸਨ।
ਨੀਂਦ ਅਤੇ ਮੌਤ ਦਾ ਕਰੀਬੀ ਸਬੰਧ। ਸੌਣ ਤੋਂ ਬਾਅਦ ਜਾਗਿਆ ਮਨੁੱਖ, ਜਿੰਦਾ ਹੋਣ ਦੀ ਨਿਸ਼ਾਨੀ ਅਤੇ ਨੀਂਦ ਵਿਚੋਂ ਨਾ ਪਰਤਣਾ, ਮਨੁੱਖ ਤੋਂ ਮਿੱਟੀ ਬਣਨ ਦਾ ਸਫਰਨਾਮਾ।
ਕੁਝ ਲੋਕ ਬਾਹਰੀ ਰੂਪ ਵਿਚ ਸੌਂਦੇ ਪਰ ਅੰਤਰੀਵ ਰੂਪ ਵਿਚ ਸੁਲੱਗ ਅਤੇ ਸੁਚੇਤ। ਅਜਿਹੇ ਲੋਕ ਚੇਤਨਾ ਅਤੇ ਚਿੰਤਨ ਦਾ ਸੰਯੋਗ ਜੋ ਨਰੋਈ ਪਰਵਾਜ਼ ਲਈ ਖੰਭ ਹੁੰਦੇ।
ਨੀਂਦ, ਨਵੀਆਂ ਧਰਾਤਲਾਂ ਦੀ ਨਿਸ਼ਾਨਦੇਹੀ। ਨਵੀਆਂ ਸੰਭਾਵਨਾਵਾਂ ਨੂੰ ਅੰਤਰੀਵ ਵਿਚ ਸੋਚਣ ‘ਤੇ ਸਮਝਣ ਦੀ ਪ੍ਰਕਿਰਿਆ ਅਤੇ ਇਸ ਵਿਚੋਂ ਹੀ ਉਭਰਦਾ ਮਨੁੱਖੀ ਕਿਰਦਾਰ।
ਨੀਂਦ, ਪੀੜ ਤੋਂ ਰਾਹਤ, ਮਾਨਸਿਕ ਬੋਝ ਤੋਂ ਛੁਟਕਾਰਾ, ਨਾੜੀ-ਤੰਤਰ ਨੂੰ ਸੁੱਖ ਦਾ ਸਾਹ ਅਤੇ ਪੈਰ-ਭਟਕਣਾ ਨੂੰ ਕੁਝ ਚਿਰ ਠਹਿਰਨ ਦਾ ਸੁਝਾਅ।
ਨੀਂਦ, ਅਜੋਕੀ ਜੀਵਨ-ਸ਼ੈਲੀ ਤੋਂ ਉਕਤਾਈ, ਪ੍ਰੇਸ਼ਾਨੀ ਵਿਚ ਖੁਦ ਨੂੰ ਕੋਂਹਦੀ ਕਿਉਂਕਿ ਬੇਘਰ ਹੋਈ ਨੀਂਦ, ਕਿਧਰ ਨੂੰ ਜਾਵੇ, ਕਿਹੜਾ ਦਰ ਖੜਕਾਵੇ ਅਤੇ ਕਿਸ ਦੇ ਆਗੋਸ਼ ਵਿਚ ਸੁਸਤਾਵੇ?
ਕਦੇ ਨੀਂਦ, ਸੁਖਨ, ਸੰਤੋਖ, ਸਬਰ, ਸੰਤੁਸ਼ਟੀ ਤੇ ਸਹਿਜ ਦੀ ਦਾਸੀ ਹੁੰਦੀ ਸੀ। ਅਜਿਹੇ ਗੁਣਾਂ ਤੋਂ ਵਿਰਵੇ ਮਨੁੱਖ ਕੋਲ ਨੀਂਦ ਕੀ ਕਰਨ ਆਵੇ?
ਨੀਂਦ ਜਦ ਨੀਂਦ ਨਾਲ ਅੰਗ ਛੁਹਾਵੇ ਤਾਂ ਨੀਂਦ ਨੂੰ ਹਰ ਕੋਈ ਸਿਰ ਝੁਕਾਵੇ। ਨੀਂਦ ਦਾ ਕਾਸਾ ਭਰਿਆ ਹੋਵੇ, ਸਾਹ-ਸੂਲੀ ਬੰਦਾ ਚੜ੍ਹਿਆ ਹੋਵੇ ਅਤੇ ਖੁਦ ਨਾਲ ਭਾਵੇਂ ਲੜਿਆ ਹੋਵੇ ਪਰ ਫਿਰ ਵੀ ਨੀਂਦਰ ਗਲ ਨਾਲ ਲਾਵੇ, ਉਸ ਦੇ ਗਮਾਂ ਨੂੰ ਝੋਲੀ ਪਾਵੇ ਅਤੇ ਬੰਦੇ ਦਾ ਦੁੱਖ-ਦਰਦ ਭੁਲਾਵੇ।
ਨੀਂਦ, ਅਸਹਿ ਪੀੜ, ਗਮ, ਦਰਦ ਅਤੇ ਅਕਹਿ ਮਾਨਸਿਕ ਝਟਕੇ ਤੋਂ ਉਭਰਨ ਦੀ ਦਵਾ। ਤਾਂਹੀਂਏਂ ਅਜਿਹੇ ਵਿਅਕਤੀ ਨੂੰ ਸੁਚੇਤ ਰੂਪ ਦਵਾਈ ਰਾਹੀਂ ਲੰਮੇਂ ਸਮੇਂ ਲਈ ਸੁਆਇਆ ਜਾਂਦਾ ਤਾਂ ਕਿ ਉਸ ਦਾ ਨਾੜੀ-ਤੰਤਰ ਸਹਿਜ ‘ਚ ਆ ਸਕੇ।
ਨੀਂਦ, ਸੁਪਨ-ਉਡਾਣ, ਭਵਿੱਖੀ-ਪਹਿਚਾਣ, ਜੀਅ-ਪਰਾਣ, ਰੰਗੀਂ ਵੱਸਦਾ ਜਹਾਨ ਅਤੇ ਤਾਰਿਆਂ ਨਾਲ ਅੱਟਿਆ ਦੂਧੀਆ ਆਸਮਾਨ।
ਬੱਚਿਆਂ ਦੀ ਨੀਦ, ਬੇਫਿਕਰੀ ਦਾ ਸਿਰਨਾਵਾਂ। ਦਾਦੇ/ਦਾਦੀਆਂ ਜਾਂ ਨਾਨੇ/ਨਾਨੀਆਂ ਦੇ ਢਿਡ ‘ਤੇ ਸਿਰ ਰੱਖ, ਕਹਾਣੀਆਂ ਸੁਣਦਿਆਂ ਨੀਂਦ ਦੇ ਆਗੋਸ਼ ਮਾਣਨਾ ਅਤੇ ਸੁਪਨਈ ਦੁਨੀਆਂ ਦੇ ਰੰਗਾਂ ਨੂੰ ਅਣਭੋਲਤਾ ਨਾਲ ਮਾਣਨਾ, ਸਿਰਫ ਬੱਚਿਆਂ ਦੇ ਹਿੱਸੇ। ਵੱਡੇ ਹੋ ਕੇ ਸਾਡੀ ਨੀਂਦ ਤੇ ਸੁਪਨੇ ਬੇਰੁਖੇ, ਖਰਵੇਂ ਤੇ ਚਿੜਚਿੜੇ ਹੋ ਜਾਂਦੇ। ਤਾਂਹੀਂ ਮਨੁੱਖ ਖੁਦ ਤੋਂ ਬਹੁਤ ਦੂਰ ਹੋ ਜਾਂਦਾ।
“ਛੇਤੀ ਸੌਂ ਸੁਵੱਖਤੇ ਜਾਣ, ਵਧੇ ਉਮਰ ਤੇ ਲੱਗਣ ਭਾਗ” ਦੀ ਜੀਵਨ-ਸ਼ੈਲੀ, ਇਕ ਵਿਗਿਆਨਕ ਸੱਚ ਜੋ ਹੁਣ ਬੀਤੇ ਦਾ ਜ਼ਰਜ਼ਰੀ ਸਫਾ। ਇੰਟਰਨੈਟ ਅਤੇ ਸ਼ੋਸ਼ਲ ਮੀਡੀਆ ਨੇ ਜੀਵਨ-ਜਾਚ ਨੂੰ “ਦੇਰ ਨਾਲ ਸੌਂ ਤੇ ਦੇਰ ਨਾਲ ਜਾਗ, ਘਟੇ ਉਮਰ ‘ਤੇ ਫੁੱਟਣ ਭਾਗ” ਵਿਚ ਬਦਲ ਦਿਤਾ ਏ। ਦੇਖਣਾ! ਅਸੀਂ ਕਿੰਨਾ ਕੁ ਸਮਾਂ ਅਜਿਹੀ ਜੀਵਨ-ਰੰਗ ਜਿਉ ਸਕਾਂਗੇ?
ਨੀਂਦ, ਨੈਣਾਂ ਨੂੰ ਬੇਦਾਵਾ ਦੇ ਜਾਂਦੀ ਜਦ ਚਿੱਟੀ ਚੁੰਨੀ ਕਿੱਕਰਾਂ ਦੇ ਕੰਡਿਆਂ ਨਾਲ ਝਰੀਟੀ ਲੀਰੋ ਲੀਰ ਹੋ ਜਾਂਦੀ। ਘਰ ਨੂੰ ਪਰਦੇਸੀ ਹੋਣ ਦਾ ਹੇਰਵਾ ਹੰਢਾਉਣਾ ਪੈਂਦਾ। ਵਿਹੜੇ ਦੀ ਮੁਥਾਜ ਡੰਗੋਰੀ ਨੂੰ, ਸਾਹਾਂ ‘ਚ ਸੰਤਾਪ ਰਚਾਉਣਾ ਪੈਂਦਾ। ਆਪਣਿਆਂ ਨੂੰ ਉਡੀਕਦੇ ਦਰ ਆਪਣੀ ਹੋਣੀ ‘ਤੇ ਝੂਰਨ ਜੋਗੇ ਰਹਿ ਜਾਂਦੇ। ਬੱਚਿਆਂ ਨੂੰ ਲਾਡ ਲਡਾਉਣ ਵਾਲੀ ਕੰਨਹੇੜੀ, ਬਰਫ ਮਿੱਧਦੀ ਰੋਜ਼ੀ ਦੇ ਜੁਗਾੜ ‘ਚ ਹਉਕਾ ਬਣ ਜਾਵੇ। ਘਰ ਦੀਆਂ ਛੱਤਾਂ ਨੂੰ ਚੋਣ ਦਾ ਸਰਾਪ ਮਿਲ ਜਾਵੇ ਜਾਂ ਖੇਤ, ਸਿਵੇ ਬਣ ਜਾਣ।
ਮਾਂ ਦੇ ਆਗੋਸ਼ ਵਿਚ ਬਚਪਨੀ ਨੀਂਦ, ਅਲੋਕਾਰੀ। ਪਿਆਰੇ ਦੀਆਂ ਬਾਹਾਂ ਵਿਚ ਸੱਜਣਾਂ ਨੂੰ ਨੀਂਦ ਹੁੰਦੀ ਬਹੁਤ ਪਿਆਰੀ। ਵੀਰੇ ਦੀ ਗਲਵਕੜੀ ‘ਚ, ਵੀਰ ਲਈ ਹੁੰਦੀ ਨੀਂਦ-ਖੁਮਾਰੀ ਅਤੇ ਮੌਤ ਦੇ ਆਾਗੋਸ਼ ‘ਚ ਆਈ ਨੀਂਦ, ਅਜ਼ਲੀ ਰਾਹਾਂ ਵੰਨੀਂ ਉਡਾਰੀ।
ਨੀਂਦ ਵਿਚ ਅੱਭੜਵਾਹੇ ਤ੍ਰਭਕਣਾ ਉਨ੍ਹਾਂ ਲੋਕਾਂ ਦੀ ਕਿਸਮਤ ਬਣ ਜਾਂਦਾ ਜਿਨ੍ਹਾਂ ਦੇ ਚੁੱਲ੍ਹੇ ਦੀ ਅੱਗ ਬੁੱਝ ਜਾਵੇ, ਜਿਨ੍ਹਾਂ ਦੇ ਨੈਣਾਂ ਵਿਚ ਜੀਵਨ-ਆਸ ਹਟਕੋਰੇ ਲੈਣ ਲੱਗ ਪਵੇ, ਜਿਹੜੇ ਮਾਂ-ਮਛੋਰਾਂ ਨੂੰ ਝਿੜਕਾਂ ‘ਚ ਸਾਹ-ਪੂਰਤੀ ਦੀ ਸਜ਼ਾ ਸੁਣਾਈ ਦਿਤੀ ਜਾਵੇ, ਜਿਨ੍ਹਾਂ ਦੇ ਗਲਾਂ ਵਿਚ ਬਸਤਿਆਂ ਦੀ ਥਾਂ ਬੰਬ ਲਟਕਾ ਦਿਤੇ ਜਾਣ ਜਾਂ ਜਿਹੜੇ ਚਾਨਣ ਦਾ ਹਾਣ ਭਾਲਦੇ ਭਾਲਦੇ ਹਨੇਰੇ ਰਾਹਾਂ ਦੇ ਮਾਰਗੀ ਬਣ ਜਾਣ।
ਨੀਂਦਰੇ ਨੀ ਉਸ ਵਿਹੜੇ ਜਾਈਂ ਜਿਥੇ ਵੱਸਦੇ ਸੋਗ। ਤੇਰੀ ਇਕ ਸਵੱਲੀ ਨਜ਼ਰੇ, ਸ਼ਾਇਦ ਮਿੱਟ ਜਾਵਣ ਰੋਗ। ਨੀਂਦਰੇ ਨੀ ਉਸ ਖੇਤ ਨੂੰ ਜਾਈਂ, ਜਿਸ ਨੂੰ ਲੱਗੀਆਂ ਨਜ਼ਰਾਂ। ਫਸਲਾਂ ਦੀ ਹਰਿਆਲੀ ਬੀਜੇ, ਨਿੱਤ ਤਾਜ਼ੀਆਂ ਕਬਰਾਂ। ਨੀਂਦਰੇ ਨੀ ਉਸ ਸੋਚ ‘ਚ ਉਗੀਂ, ਜਿਹੜੀ ਭੁੱਖਣਭਾਣੀ। ਹੱਥ ‘ਚ ਫੜੀਆਂ ਡਿਗਰੀਆਂ ਨੇ ਵੀ, ਨਾ ਸੁਲਝਾਈ ਤਾਣੀ। ਨੀਂਦਰੇ ਨੀ ਉਸ ਮਾਂ ਨੂੰ ਪੁੱਛੀਂ, ਕਿੰਨੇ ਦਿਨਾਂ ਤੋਂ ਜਾਗੇ? ਹੱਥੀਂ ਬੁਣੀ ਫੁਲਕਾਰੀ ਜਿਸ ਦੀ, ਹੋਈ ਧਾਗੇ ਧਾਗੇ। ਨੀਂਦਰੇ ਨੀ ਉਸ ਬਾਗ ਦੀ ਬਗਲੀ, ਜਰਾ ਕੁ ਕਰੀਂ ਟਿਕਾਣਾ। ਜਿਹੜਾ ਹਰਦਮ ਸੋਚੀ ਜਾਵੇ, ਮੇਰੇ ਪੁੱਤਰਾਂ ਸਿਵਾ ਸਜਾਣਾ। ਨੀਂਦਰੇ ਨੀ ਉਸ ਘਰ ਦੀ ਜੂਹੇ, ਇਕ ਤਾਂ ਫੇਰਾ ਪਾ। ਜਿਸ ਦੀ ਹਰ ਨੁੱਕਰ ‘ਚੋਂ ਉਠੇ, ਹਉਕਿਆਂ ਸੰਦੀ ਹਾਅ। ਨੀਂਦਰੇ ਨੀ ਉਨ੍ਹਾਂ ਸੁੱਤੇ ਹਰਫੀਂ, ਜਾ ਕੇ ਜਰਾ ਹਲੂਣ। ਜਿਨ੍ਹਾਂ ‘ਚ ਨਿੱਤ ਸੂਲੀ ਲਟਕੇ, ਸੱਜਰਾ ਅਰਥ-ਭਰੂਣ। ਨੀਂਦਰੇ ਨੀ ਉਹ ਪੁਸਤਕ ਪੰਨਾ, ਮਸਤਕ ਵਿਚ ਉਤਾਰ। ਜਿਹੜਾ ਕਿਸ਼ਤੀ ਜਿੰਦ ਦੀ ਚੜ੍ਹਿਆ, ਨਾ ਉਰਵਾਰ ਨਾ ਪਾਰ। ਨੀਂਦਰੇ ਨੀ ਕਦੇ ਖੁਦ ਨੂੰ ਮਿਲ, ਕਾਹਤੋਂ ਰਹਿੰਦੀ ਏਂ ਦੂਰ। ਖੁਦ ਜਾਂ ਖੁਦ ਦੀ ਬੀਹੀ ਆਵੇਂ, ਤਾਂ ਮਾਣੇ ਅਗੰਮ-ਸਰੂਰ।
ਨੀਂਦ, ਸਹਿਜ ਅਵਸਥਾ, ਨਿਵੇਕਲਾ ਪੜਾਅ, ਅੰਦਰੂਨੀ ਪਰਵਾਹ, ਬਹਿਰੂਨੀ ਠਹਿਰਾਅ, ਕਿਰਿਆਤਮਕ ਸੁਝਾਅ ਅਤੇ ਆਪੇ ਤੋਂ ਆਪੇ ਤੀਕ ਦਾ ਸਫਲ ਦੁਹਰਾਅ।
ਨੀਂਦ, ਦਿਨ ਭਰ ਦੀ ਮਿਹਨਤ ਮੁਸ਼ੱਕਤ, ਸਰੀਰਕ ਥਕਾਵਟ, ਮਾਨਸਿਕ ਤਣਾਅ ਤੇ ਰੁਝੇਵਿਆਂ ਤੋਂ ਮੁਕਤੀ, ਖੱਜਲਗਣਾਂ ਨੂੰ ਕੁਝ ਦੇਰ ਹੋਰ ਰੁਕਣ ਦਾ ਸੰਦੇਸ਼ ਅਤੇ ਸੁੰਦਰ ਤੇ ਸੁਪਨ-ਮੰਡਲ ਦੀ ਸੈਰ।
ਚੰਗੇਰੀ ਨੀਂਦ ਲਈ ਜਰੂਰੀ ਹੈ ਕਿ ਤੁਸੀਂ ਸ਼ੁਭ-ਕਰਮਨ ਦੇ ਕਰਮ-ਯੋਗੀ ਹੋਵੋ, ਕਿਸੇ ਰੋਂਦੇ ਨੂੰ ਵਰਾਇਆ ਹੋਵੇ, ਡਿਗੇ ਨੂੰ ਉਠਾਇਆ ਹੋਵੇ, ਲੋੜਵੰਦ ਨੂੰ ਗਲੇ ਲਾਇਆ ਹੋਵੇ, ਗਿਆਨਹੀਣ ਦੇ ਨੈਣਾਂ ਵਿਚ ਗਿਆਨ ਦਾ ਦੀਪਕ ਜਗਾਇਆ ਹੋਵੇ ਅਤੇ ਕਰਮ ਖੇਤੀ ਵਿਚ ਸੰਤੁਸ਼ਟੀ ਦਾ ਰਾਗ ਉਗਾਇਆ ਹੋਵੇ। ਖੁਦੀ ਤੋਂ ਦੂਰ ਰਹਿਣ ਵਾਲੇ ਹੀ ਸੁਖਨ, ਸਹਿਜ ਅਤੇ ਸੰਤੋਖੀ ਨੀਂਦ ਦਾ ਅਨਹਦੀ ਅਨੰਦ ਮਾਣਦੇ।
ਨੀਂਦ ਸਭ ਤੋਂ ਖੂਬਸੂਰਤ ਮੌਕਾ, ਜਦ ਤੁਸੀਂ ਮਨਪਸੰਦ ਥਾਂਵਾਂ ਦੇਖਦੇ, ਮਿੱਤਰ ਪਿਆਰਿਆਂ ਦੀ ਸੰਗਤ ਮਾਣਦੇ, ਪੁਰਖੀ ਥਾਂਵਾਂ ‘ਚ ਘੁੰਮਦੇ, ਬਚਪਨੀ ਸਾਂਝ ਨੂੰ ਨਵਿਆਉਂਦੇ, ਖੁਬਸੂਰਤ ਯਾਦਾਂ ਦੀ ਤਸ਼ਬੀਹ ਸਿਰਜਦੇ, ਸੁਪਨਿਆਂ ‘ਚ ਸੁਪਨਾ ਬਣਦੇ ਹੋ।
ਨੀਂਦ, ਸੁਪਨ-ਰਾਜ਼, ਸੁਪਨ-ਸੰਯੋਗ, ਸੁਪਨ-ਸਫਲਤਾ, ਸੁਪਨ-ਸੰਸਾਰ, ਸੁਪਨ-ਸੇਧ ਅਤੇ ਸੁਪਨ-ਸਿਰਨਾਵਾਂ।
ਨੀਂਦ ਵਿਚ ਲਏ ਸੁਪਨਿਆਂ ਦੇ ਹਾਣੀ ਬਣਨ ਲਈ ਸਵੇਰੇ ਉਠਦੇ ਸਾਰ ਖੁਦ ਨੂੰ ਅਤੇ ਫਿਰ ਸੁਪਨਿਆਂ ਦੀ ਪੂਰਨਤਾ ਨੂੰ ਮੁਖਾਤਬ ਹੋਵੋ।
ਨੀਂਦ ਲਈ ਨਿੱਘਾ ਸਾਥ ਹੋਵੇ ਤਾਂ ਬਹੁਤ ਵਧੀਆ। ਪਰ ਨੀਂਦ ‘ਚੋਂ ਉਠਾਉਣ ਲਈ ਇਕ ਅਜਿਹੇ ਸਾਥੀ ਦੀ ਲੋੜ ਹੁੰਦੀ ਜੋ ਖੁਦ ਜਾਗਿਆ ਹੋਵੇ ਅਤੇ ਉਸ ਵਿਚ ਸੁੱਤੇ ਜਗਾਉਣ ਦੀ ਜਗਿਆਸਾ ਹੋਵੇ।
ਸੌਣ ਤੋਂ ਪਹਿਲਾਂ ਖੁਦ ਦੇ ਰੂਬਰੂ ਹੋਣਾ, ਨਿਤ ਪ੍ਰਤੀ ਦੀ ਜ਼ਿੰਦਗੀ ਨੂੰ ਖੁਦ ਦੀ ਅੱਖ ਨਾਲ ਵਾਚਣਾ, ਇਸ ਦੇ ਚਾਨਣ ਪੱਖਾਂ ਤੇ ਹਨੇਰ ਨਗਰੀ ਨੂੰ ਜਾਣਨਾ ਅਤੇ ਚਾਨਣ-ਰੁੱਤ ਨੂੰ ਹੋਰ ਉਜਿਆਰਾ ਕਰਨ ਦੀ ਕਸਮ ਪਾ ਕੇ ਸੋਂਵੋਂਗੇ ਤਾਂ ਨੀਂਦ-ਹੁਲਾਰੇ ਫਖਰ ਮਹਿਸੂਸ ਕਰਨਗੇ।
ਨੀਂਦ ਨਿੱਤਨੇਮੀ ਹੋਵੇ, ਨੂਰੀ ਰੰਗ ਵਿਚ ਰੰਗੀ ਹੋਵੇ, ਨਰਾਇਣੀ ਵਿਰਾਸਤ ਨਾਲ ਵਰੋਸਾਈ ਹੋਵੇ ਅਤੇ ਨਿਰਵਿਘਨਤਾ ਨਾਲ ਲਬਰੇਜ਼ ਹੋਵੇ ਤਾਂ ਨੀਂਦ ਦੇ ਹਰ ਅਦੁੱਤੀ ਸਰੂਪ ਨੂੰ ਉਸ ਦੀ ਅਨੂਠੇਪਨ ਸੰਗ ਮਾਣਿਆ ਜਾ ਸਕਦਾ। ਸੁਭਾਗੀ ਨੀਂਦੜੀਏ ਤੂੰ ਹਰੇਕ ਦਾ ਧੰਨਭਾਗ ਬਣੀ, ਕਲਮ ਦੀ ਕਾਮਨਾ ਏ।