ਸਤਵਿੰਦਰ ਬਸਰਾ
ਫੋਨ: 91-98766-53143
ਜਗ ਜਾਣਦਾ ਹੈ ਕਿ ਸੂਰਮਿਆਂ ਦੀ ਜਨਮ ਭੂਮੀ ‘ਤੇ ਜਨਮ ਲੈਣ ਵਾਲੇ ਹਰ ਜੀਅ ਦੇ ਅੰਦਰ ਕੁਝ ਕਰ ਕੇ ਦਿਖਾਉਣ ਦੀ ਸੋਚ ਦਾ ਹੋਣਾ ਸੁਭਾਵਿਕ ਹੈ। ਅਜਿਹੀ ਹੀ ਇਕ ਸ਼ਖਸੀਅਤ ਹੈ-ਸੰਜੀਵ ਕੁਮਾਰ ਪੁਰੀ ਉਰਫ ਬਬਲੂ। ‘ਪੁਰੀ ਸਰਾਭੇ ਵਾਲਾ’ ਦੇ ਨਾਂ ਨਾਲ ਜਾਣੇ ਜਾਂਦੇ ਇਸ ਨੌਜਵਾਨ ਦਾ ਜਨਮ ਇਥੋਂ ਦੇ ਪੱਖੋਵਾਲ ਰੋਡ ‘ਤੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਜਨਮ ਭੂਮੀ ਸਰਾਭੇ ਦੀ ਸੱਦਾ ਪੱਤੀ ਵਿਚ ਪਿਤਾ ਭਗਵੰਤ ਕਿਸ਼ੋਰ ਪੁਰੀ ਅਤੇ ਮਾਤਾ ਸੀਤਾ ਪੁਰੀ ਦੇ ਘਰ ਹੋਇਆ। ਅੱਜ ਕਲ੍ਹ ਉਹ ਪੱਖੋਵਾਲ ਦੇ ਪੰਜਾਬ ਮਾਤਾ ਨਗਰ ਵਿਚ ਰਹਿੰਦਾ ਹੈ। ਸੰਜੀਵ ਪੁਰੀ ਆਪਣੇ ਸੱਭਿਆਚਾਰ ਅਤੇ ਆਪਣੀ ਵਿਰਾਸਤ ਦਾ ਝੰਡਾ ਚੁੱਕੀ, ਇਸ ਨੂੰ ਸੰਭਾਲਣ ਦਾ ਹੋਕਾ ਦੇ ਰਿਹਾ ਹੈ।
ਜਦੋਂ ਮੈਨੂੰ ਸੰਜੀਵ ਦੇ ਹਿੰਦੀ-ਪੰਜਾਬੀ ਗਾਣਿਆਂ ਦੇ ਰਿਕਾਰਡਾਂ ਨਾਲ ਭਰੇ ਕਮਰੇ ਵਿਚ ਜਾਣ ਦਾ ਮੌਕਾ ਮਿਲਿਆ ਤਾਂ 80ਵਿਆਂ ਤੋਂ ਪਹਿਲਾਂ ਦਾ ਇੱਕ ਦ੍ਰਿਸ਼ ਮੇਰੀਆਂ ਅੱਖਾਂ ਸਾਹਮਣੇ ਘੁੰਮ ਗਿਆ। ਯਾਦ ਆਇਆ ਕਿ ਮੇਰੇ ਮਾਮੇ ਦੀ ਲੜਕੀ ਦਾ ਵਿਆਹ ਸੀ ਤਾਂ ਇੱਕ ਵਿਅਕਤੀ ਸਿਰ ‘ਤੇ ਦੋ ਲੱਕੜ ਦੇ ਬਕਸੇ ਰੱਖੀ ਸਾਡੇ ਘਰ ਦੀਆਂ ਪੌੜੀਆਂ ਚੜ੍ਹ ਰਿਹਾ ਸੀ। ਉਸ ਨੇ ਪਹਿਲਾਂ ਇੱਕ ਲੋਹੇ ਦਾ ਸਪੀਕਰ ਸਾਡੇ ਘਰ ਦੇ ਬਨ੍ਹੇਰੇ ‘ਤੇ ਮੁਹੱਲੇ ਵੱਲ ਨੂੰ ਮੂੰਹ ਕਰਕੇ ਰੱਖ ਦਿੱਤਾ। ਲੱਕੜ ਦੇ ਬਕਸਿਆਂ ਵਿਚੋਂ ਇੱਕ ਵਿਚ ਰਿਕਾਰਡ ਚਲਾਉਣ ਵਾਲੀ ਮਸ਼ੀਨ ਅਤੇ ਦੂਜੇ ਵਿਚ ਲਿਫਾਫਿਆਂ ‘ਚ ਪਾ ਕੇ ਤਵੇ ਚਿਣ ਕੇ ਰੱਖੇ ਹੋਏ ਸਨ। ਉਸ ਨੇ ਇੱਕ ਹਿੰਦੀ ਫਿਲਮ (ਸੁਹਾਗ) ਦਾ ਗਾਣਾ ‘ਤੇਰੀ ਰੱਬ ਨੇ ਬਣਾ’ਤੀ ਜੋੜੀ, ਤੂੰ ਨਾਂਹ ਕਰ ਜਾਂ ਹਾਂ ਕਰ ਯਾਰਾ’ ਲਾਇਆ ਜੋ ਅੱਜ ਵੀ ਮੇਰੇ ਮਨ ਦੀ ਕਿਸੇ ਨੁਕਰ ਵਿਚ ਜਿਉਂ ਦਾ ਤਿਉਂ ਵਜਦਾ ਸੁਣਾਈ ਦੇ ਰਿਹਾ ਹੈ। ਇਹ ਉਹ ਸਮਾਂ ਸੀ ਜਦੋਂ ਕੋਠੇ ‘ਤੇ ਦੋ ਮੰਜੇ ਜੋੜ ਸਪੀਕਰ ਲੱਗਿਆ ਕਰਦੇ ਸਨ।
ਸੰਜੀਵ ਦੇ ਘਰ ਇੰਨੀ ਵੱਡੀ ਗਿਣਤੀ ਵਿਚ ਪੁਰਾਣੇ ਰਿਕਾਰਡ ਦੇਖ ਕੇ ਮੇਰੇ ਮਨ ਅੰਦਰ ਉਤੇਜਨਾ ਜਿਹੀ ਜਾਗੀ ਅਤੇ ਮੈਂ ਉਸ ਤੋਂ ਇਨ੍ਹਾਂ ਰਿਕਾਰਡਾਂ ਬਾਰੇ ਪੁੱਛਿਆ। ਉਸ ਕੋਲ ਗ੍ਰਾਮੋਫੋਨ ਦੇ 40 ਕੁ ਵੱਖ ਵੱਖ ਮਾਡਲ ਸੰਭਾਲੇ ਹੋਏ ਹਨ। ਇਨ੍ਹਾਂ ਵਿਚੋਂ ਇੱਕ ਉਸ ਦੇ ਦਾਦਾ ਲਾਲਾ ਰੌਣਕੀ ਰਾਮ ਪੁਰੀ 1945 ਵਿਚ ਲਾਹੌਰ ਤੋਂ ਖਰੀਦ ਕੇ ਲਿਆਏ ਸਨ ਜੋ 1924 ਦਾ ਬਣਿਆ ਹੋਇਆ ਸੀ। ਇਹ ਉਹ ਸਮਾਂ ਸੀ ਜਦੋਂ ਪਰਿਵਾਰ ਨੂੰ ਗੀਤ-ਸੰਗੀਤ ਸੁਣਨ ਦੀ ਚੇਟਕ ਲੱਗੀ।
ਸੰਜੀਵ ਪੁਰੀ ਨੇ ਦੱਸਿਆ ਕਿ ਉਸ ਦੇ ਦਾਦਾ ਜੀ 1920 ਦਾ ਇੱਕ ਰੇਡੀਓਗ੍ਰਾਮ ਵੀ ਲੈ ਕੇ ਆਏ ਸਨ ਜੋ ਇੰਗਲੈਂਡ ਦਾ ਬਣਿਆ ਹੋਇਆ ਸੀ। 1955 ਵਿਚ ਉਸ ਦੇ ਪਿਤਾ ਨੇ ਸਾਊਂਡ ਦੀ ਦੁਕਾਨ ਖੋਲ੍ਹੀ ਅਤੇ ਲੋਕਾਂ ਦੇ ਵਿਆਹਾਂ-ਸ਼ਾਦੀਆਂ ‘ਤੇ ਗ੍ਰਾਮੋਫੋਨ ਲੈ ਜਾਣੇ ਸ਼ੁਰੂ ਕਰ ਦਿੱਤੇ। ਉਸ ਦੇ ਪਿਤਾ ਨੂੰ ਗੀਤ ਲਿਖਣ ਦਾ ਵੀ ਸ਼ੌਕ ਸੀ। ਉਨ੍ਹਾਂ ਦੇ ਲਿਖੇ ਗੀਤ ਉਸ ਸਮੇਂ ਦੇ ਕਈ ਮਸ਼ਹੂਰ ਗਾਇਕਾਂ ਦੀ ਅਵਾਜ਼ ਵਿਚ ਰਿਕਾਰਡ ਹੋਏ। ਕੁਝ ਸਾਲ ਬਾਅਦ ਸਾਂਝੇ ਪਰਿਵਾਰ ਦੀ ਵੰਡ ਹੋ ਗਈ ਤਾਂ ਇਹ ਰਿਕਾਰਡਾਂ ਦਾ ਭੰਡਾਰ ਕਈ ਹਿੱਸਿਆਂ ਵਿਚ ਵੰਡਿਆ ਗਿਆ। ਇਸ ਵੰਡ ਕਾਰਨ ਸੰਜੀਵ ਦੇ ਮਨ ਨੂੰ ਠੇਸ ਪੁੱਜੀ ਅਤੇ ਉਸ ਨੇ ਅਜਿਹਾ ਖਜ਼ਾਨਾ ਮੁੜ ਇਕੱਠਾ ਕਰਨ ਲਈ ਸੰਘਰਸ਼ ਅਰੰਭ ਦਿੱਤਾ। ਇਸ ਮਕਸਦ ਨੂੰ ਸਰ ਕਰਨ ਲਈ ਉਹ ਦੇਸ਼ ਦੇ ਕਈ ਸ਼ਹਿਰਾਂ ਵਿਚ ਗਿਆ ਅਤੇ ਜਿੱਥੋਂ ਕਿਤੋਂ ਵੀ ਕੋਈ ਪੁਰਾਣੇ ਰਿਕਾਰਡ ਮਿਲਦੇ, ਉਹ ਲਿਆ ਕੇ ਘਰ ਦੇ ਕਮਰੇ ਵਿਚ ਸਜਾ ਦਿੰਦਾ। 1995 ਵਿਚ ਸ਼ੁਰੂ ਹੋਇਆ ਇਹ ਸਿਲਸਲਾ ਅਜੇ ਤੱਕ ਜਾਰੀ ਹੈ।
ਸੰਜੀਵ ਨੇ ਦੱਸਿਆ ਕਿ ਉਸ ਕੋਲ ਹਿੰਦੀ ਗਾਣਿਆਂ ਦੇ 8000 ਅਤੇ ਪੰਜਾਬੀ ਗਾਣਿਆਂ ਦੇ 6000 ਦੇ ਕਰੀਬ ਰਿਕਾਰਡ (ਤਵੇ) ਸੰਭਾਲੇ ਹੋਏ ਹਨ। ਇਨ੍ਹਾਂ ਤੋਂ ਇਲਾਵਾ 500 ਦੇ ਕਰੀਬ ਅੰਗਰੇਜ਼ੀ ਗਾਣਿਆਂ ਦੇ ਰਿਕਾਰਡ ਵੀ ਹਨ। ਇਨ੍ਹਾਂ ਵਿਚੋਂ ਬਹੁਤੇ ਰਿਕਾਰਡ ਉਸ ਸਮੇਂ ਦੀਆਂ ਮਸ਼ਹੂਰ ਕੰਪਨੀਆਂ ਐਚæਐਮæਵੀæ, ਕੋਲੰਬੀਆ, ਕੋਹੇਨੂਰ, ਹਿੰਦੋਸਤਾਨ ਦੇ ਬਣੇ ਹੋਏ ਹਨ। ਸੰਜੀਵ ਨੇ ਰੁਮਾਲੀ ਰਿਕਾਰਡ ਦੀ ਗੱਲ ਕਰਦਿਆਂ ਦੱਸਿਆ ਕਿ ਇਨ੍ਹਾਂ ਦਾ ਸਾਈਜ਼ 7 ਇੰਚ ਹੈ ਅਤੇ ਇਨ੍ਹਾਂ ਨੂੰ 33 ਆਰæਐਮæਪੀæ ਦੀ ਸਪੀਡ ‘ਤੇ ਚਲਾਇਆ ਜਾਂਦਾ ਹੈ। ਇਨ੍ਹਾਂ ਵਿਚੋਂ 2 ਰਿਕਾਰਡ ਰੂਸੀ ਭਾਸ਼ਾ, 2 ਅੰਗਰੇਜ਼ੀ ਅਤੇ 3 ਹਿੰਦੀ ਗਾਣਿਆਂ ਦੇ ਹਨ।
ਪੁਰਾਣੇ ਰਿਕਾਰਡਾਂ ਦਾ ਭੰਡਾਰ ਸੰਜੀਵ ਨੇ ਇੰਨਾ ਸੰਭਾਲ ਕੇ ਰੱਖਿਆ ਹੋਇਆ ਹੈ ਕਿ ਅੱਜ ਵੀ ਇਨ੍ਹਾਂ ਦੀ ਬਾਹਰੀ ਚਮਕ ਜਿਉਂ ਦੀ ਤਿਉਂ ਕਾਇਮ ਹੈ। ਉਸ ਕੋਲ 4, 6, 7, 9, 10 ਅਤੇ 12 ਇੰਚ ਦੇ ਰਿਕਾਰਡ ਪਏ ਹੋਏ ਹਨ। ਇਨ੍ਹਾਂ ਰਿਕਾਰਡਾਂ ਨੂੰ ਚਲਾਉਣ ਲਈ ਜਿਆਦਾਤਰ ਮਸ਼ੀਨਾਂ ਦੇ ਰਿਕਾਰਡ ਪਲੇਅਰ ਦਾ ਸਾਈਜ਼ 7, 10 ਅਤੇ 12 ਇੰਚ ਹੁੰਦਾ ਸੀ। ਇਸ ਵਿਚ ਡਾਇਰੈਕਟਰ ਡਰਾਈਵ ਲੱਗੀ ਹੁੰਦੀ ਸੀ ਜਿਸ ਨਾਲ ਲੱਗੀ ਸੂਈ ਦੇ ਮੂੰਹ ‘ਤੇ ਜਿਆਦਾਤਰ ਹੀਰੇ ਦਾ ਅੰਸ਼ ਲੱਗਾ ਹੁੰਦਾ ਸੀ। ਸੂਈ ਰਿਕਾਰਡ ‘ਤੇ ਰੱਖਦਿਆਂ ਹੀ ਟੁਣਕਵੇਂ ਗਾਣੇ ਵੱਜਣੇ ਸ਼ੁਰੂ ਹੋ ਜਾਂਦੇ। ਸੂਈਆਂ ਵੀ ਅੱਗੋਂ ਦਰਜਨਾਂ ਕਿਸਮ ਦੀਆਂ ਸਨ। ਸੰਜੀਵ ਨੇ ਜਿੰਨੇ ਵੀ ਰਿਕਾਰਡ ਮੈਨੂੰ ਦਿਖਾਏ, ਉਨ੍ਹਾਂ ਦੇ ਪਿਛੋਕੜ ਬਾਰੇ ਵੀ ਦੱਸਿਆ। ਉਸ ਦੇ ਦਾਦਾ ਜੀ ਨੇ ਇੱਕ ਪੱਥਰ ਦਾ ਰਿਕਾਰਡ ਵੀ ਖਰੀਦ ਕੇ ਲਿਆਂਦਾ ਸੀ ਜੋ 1905 ਦਾ ਬਣਿਆ ਹੋਇਆ ਸੀ। ਰਿਕਾਰਡ ਜਿਸ ਮਸ਼ੀਨ ‘ਤੇ ਵਜਾਇਆ ਜਾਂਦਾ ਸੀ, ਉਹ ਚਾਬੀ ਨਾਲ ਚਲਦੀ ਸੀ। ਗੀਤ ਚੰਗੀ ਤਰ੍ਹਾਂ ਸੁਣਨ ਲਈ ਇਸ ਨੂੰ 78 ਆਰæਐਮæਪੀæ ਦੀ ਸਪੀਡ ‘ਤੇ ਚਲਾਉਣਾ ਪੈਂਦਾ ਸੀ। ਅਜਿਹੇ ਇੱਕ ਰਿਕਾਰਡ ਦਾ ਵਜ਼ਨ 100 ਤੋਂ 200 ਗ੍ਰਾਮ ਹੁੰਦਾ ਸੀ। ਇਨ੍ਹਾਂ ਦੇ ਟੁੱਟਣ ਦਾ ਡਰ ਬਣਿਆ ਰਹਿੰਦਾ ਸੀ। ਇਹ ਰਿਕਾਰਡ ਵੀ 6, 7, 9, 10 ਅਤੇ 12 ਇੰਚ ਦੇ ਅਕਾਰ ਵਿਚ ਹੁੰਦੇ ਸਨ। ਪੱਥਰ ਦੇ ਇਨ੍ਹਾਂ ਰਿਕਾਰਡਾਂ ਵਿਚ 1-1 ਗਾਣਾ ਹੀ ਹੁੰਦਾ ਸੀ। ਇਨ੍ਹਾਂ ਤਵਿਆਂ ਨੂੰ ਚਲਾਉਣ ਵਾਲੀ ਮਸ਼ੀਨ ਦੀ ਸੂਈ ਲੋਹੇ, ਪਿੱਤਲ ਅਤੇ ਸਟੀਲ ਆਦਿ ਧਾਤਾਂ ਦੀ ਬਣੀ ਹੁੰਦੀ ਸੀ। ਹੌਲੀ ਹੌਲੀ ਇਨ੍ਹਾਂ ਦੀ ਥਾਂ ਪਲਾਸਟਿਕ ਤੇ ਲਾਖ ਤੋਂ ਤਿਆਰ ਕੀਤੇ ਤਵੇ ਬਜ਼ਾਰ ਵਿਚ ਆਉਣੇ ਸ਼ੁਰੂ ਹੋ ਗਏ। ਇਹ ਜਿੱਥੇ ਭਾਰ ਵਿਚ ਹਲਕੇ ਸਨ, ਉਥੇ ਇਨ੍ਹਾਂ ਨੂੰ ਇੱਕ-ਥਾਂ ਤੋਂ ਦੂਜੀ ਥਾਂ ਲੈ ਕੇ ਜਾਣਾ ਵੀ ਅਸਾਨ ਸੀ।
ਸੰਜੀਵ ਨੇ ਦੱਸਿਆ ਕਿ ਇਨ੍ਹਾਂ ਰਿਕਾਰਡਾਂ ਵਿਚੋਂ 12 ਇੰਚ ਦੇ (ਐਲ਼ਪੀæ) ਰਿਕਾਰਡ ਵਿਚ 4 ਤੋਂ 12, 10 ਇੰਚ ਵਿਚ 1 ਤੋਂ 4 ਜਦਕਿ 7 ਇੰਚ ਦੇ ਤਵੇ (ਈæਪੀæ) ‘ਤੇ 2 ਤੋਂ 6 ਤੱਕ ਗਾਣੇ ਰਿਕਾਰਡ ਹੁੰਦੇ ਸਨ। ਇਨ੍ਹਾਂ ਨੂੰ ਵੀ ਵੱਖ ਵੱਖ ਸਪੀਡ ‘ਤੇ ਚਲਾਇਆ ਜਾਂਦਾ ਸੀ।
ਸੰਜੀਵ ਕੋਲ ਸਾਂਭੇ ਰਿਕਾਰਡਾਂ ਵਿਚ ਚਾਂਦੀ ਰਾਮ ਚਾਂਦੀ, ਸਾਦੀ ਬਖਸ਼ੀ, ਯਮਲਾ ਜੱਟ, ਸਵਰਨ ਲਤਾ, ਸਾਜਨ ਰਾਏਕੋਟ, ਦੀਦਾਰ ਸਿੰਘ, ਸੁਰਿੰਦਰ ਕੌਰ, ਪ੍ਰਕਾਸ਼ ਕੌਰ, ਅਮਰ ਸਿੰਘ ਚਮਕੀਲਾ, ਦੀਦਾਰ ਸੰਧੂ, ਕੁਲਦੀਪ ਪਾਰਸ, ਅਮਰ ਨੂਰੀ, ਮਹਿੰਦਰ ਕਪੂਰ, ਚਿਤਰਾ ਸਿੰਘ, ਅਸ਼ੋਕ ਸਹਿਗਲ, ਅਕਬਰ ਅਲੀ ਜੋਧਾ, ਸਮਸ਼ਾਦ ਬੇਗਮ, ਨੂਰ ਜਹਾਂ, ਲਤਾ ਮੰਗੇਸ਼ਕਰ, ਨਰਿੰਦਰ ਬੀਬਾ, ਆਸ਼ਾ ਭੋਂਸਲੇ, ਸੁਰਿੰਦਰ ਛਿੰਦਾ, ਕੁਲਦੀਪ ਮਾਣਕ, ਕਰਮਜੀਤ ਧੂਰੀ, ਰਣਜੀਤ ਧੂਰੀ-ਬਿਮਲਾ, ਜਗਜੀਤ ਸਿੰਘ, ਸ਼ਿਵ ਕੁਮਾਰ, ਜਗਤ ਸਿੰਘ ਜੱਗਾ ਤੋਂ ਇਲਾਵਾ ਅਨੇਕਾਂ ਹੀ ਹੋਰ ਗਾਇਕਾਂ ਦੇ ਹਿੰਦੀ ਅਤੇ ਪੰਜਾਬੀ ਗੀਤ ਸ਼ਾਮਲ ਹਨ।
ਸੰਜੀਵ ਇੱਕ ਚੰਗਾ ਸਟੰਟਮੈਨ ਵੀ ਹੈ। ਉਹ ਹਿੰਦੀ ਫਿਲਮ ਗਦਰ ਤੋਂ ਇਲਾਵਾ ਪੰਜਾਬੀ ਫਿਲਮਾਂ ਮੇਲਾ, ਬਾਗੀ, ਜਾਵਰ ਆਦਿ ਵਿਚ ਸਟੰਟਮੈਨ ਵਜੋਂ ਕੰਮ ਕਰ ਚੁੱਕਾ ਹੈ। ਉਸ ਦਾ ਕਹਿਣਾ ਹੈ ਕਿ ਉਹ ਇਸ ਮੁਕਾਮ ‘ਤੇ ਕਦੇ ਨਾ ਪੁੱਜਦਾ ਜੇ ਪਰਿਵਾਰ ਵੱਲੋਂ ਉਸ ਨੂੰ ਸਹਿਯੋਗ ਨਾਲ ਮਿਲਦਾ। ਉਸ ਦੀ ਪ੍ਰਾਪਤੀ ਪਿੱਛੇ ਮਾਤਾ ਸੀਤਾ ਪੁਰੀ ਅਤੇ ਭੈਣ ਮੀਰਾ ਪੁਰੀ ਦਾ ਅਹਿਮ ਯੋਗਦਾਨ ਹੈ। ਕਿਸੇ ਯੂਨੀਵਰਸਿਟੀ ਜਾਂ ਸੰਸਥਾ ਤੋਂ ਵੱਧ ਖਜ਼ਾਨਾ ਸੰਭਾਲੀ ਬੈਠੇ ਇਕੱਲੇ ਸੰਜੀਵ ਨੂੰ ਇਸ ਗੱਲ ਦਾ ਗਿਲਾ ਹੈ ਕਿ ਕਿਸੇ ਸਰਕਾਰੀ ਅਫਸਰ ਜਾਂ ਰਾਜਨੀਤਕ ਆਗੂ ਨੇ ਉਸ ਦੀ ਇਸ ਘਾਲਣਾ ਲਈ ਗੱਲੀਂ-ਬਾਤੀਂ ਵੀ ਕਦੇ ਹੌਸਲਾ ਅਫਜਾਈ ਨਹੀਂ ਕੀਤੀ।
Leave a Reply