ਸਤਲੁਜ ਦੇ ਵਹਿਣ

ਬਲਜੀਤ ਬਾਸੀ
ਸਤਲੁਜ, ਪੰਜ ਦਰਿਆਵਾਂ ਦੀ ਧਰਤੀ ਪੰਜਾਬ ਜਾਂ ਪ੍ਰਾਚੀਨ ਕਾਲ ਵਿਚ ਪੰਚਨਦ ਦੇ ਨਾਂ ਨਾਲ ਜਾਂਦੇ ਦੇਸ਼ ਦੇ ਧੁਰ ਉਤਰ-ਪੂਰਬ ਦਾ ਦਰਿਆ ਹੈ। ਭਾਵੇਂ ਢਾਈ ਆਬ ਬਣੇ ਪੂਰਬੀ ਪੰਜਾਬ ਦਾ ਇਹ ਇੱਕ ਪ੍ਰਮੁੱਖ ਦਰਿਆ ਹੈ ਪਰ ਇਸ ਦੇ ਪਾਣੀਆਂ ‘ਚੋਂ ਕੱਢੇ ਡੈਮ ਅਤੇ ਨਹਿਰਾਂ ਕਾਰਨ ਇਸ ਦਾ ਉਹ ਜਲ ਜਲੌਅ ਨਹੀਂ ਰਿਹਾ। ਮੇਰਾ ਪਿੰਡ ਇਸ ਦਰਿਆ ਤੋਂ ਘੱਟੋ ਘੱਟ ਪੰਦਰਾਂ ਵੀਹ ਮੀਲ ਦੂਰ ਹੋਵੇਗਾ

ਪਰ ਸਾਡੇ ਪਿੰਡ ਵਿਚ ਇੱਕ ਦੰਦ ਕਥਾ ਮਸ਼ਹੂਰ ਹੈ ਕਿ ਕਿਸੇ ਵੇਲੇ ਸਤਲੁਜ ਦਰਿਆ ਸਾਡੇ ਪਿੰਡ ਨਾਲ ਖਹਿ ਕੇ ਲੰਘਦਾ ਹੁੰਦਾ ਸੀ, ਸ਼ਾਇਦ ਚਾਰ ਪੰਜ ਸੌ ਸਾਲ ਪਹਿਲਾਂ। ਪਿੰਡ ਦਾ ਇਕ ਪਾਸਾ ਨੀਵਾਂ ਜਿਹਾ ਹੈ, ਤੇ ਦੱਸਿਆ ਜਾਂਦਾ ਹੈ ਕਿ ਦਰਿਆ ਐਨ ਏਥੋਂ ਹੀ ਲੰਘਦਾ ਹੁੰਦਾ ਸੀ। ਹਾਲ ਦੀ ਘੜੀ ਮੈਂ ਇਸ ਦਾਅਵੇ ਦੀ ਸੱਚਾਈ ਪਰਖਣ ਤੋਂ ਅਸਮਰੱਥ ਹਾਂ।
ਇਹ ਗੱਲ ਜ਼ਰੂਰ ਹੈ ਕਿ ਦਰਿਆ ਆਪਣੇ ਰੁੱਖ ਬਦਲਦੇ ਰਹਿੰਦੇ ਹਨ ਤੇ ਨਵੇਂ ਪਿੰਡ-ਥਾਂ ਪਾਣੀ ਦੀ ਸਹੂਲਤ ਨੂੰ ਧਿਆਨ ਵਿਚ ਰੱਖਦਿਆਂ ਅਕਸਰ ਦਰਿਆਵਾਂ ਦੇ ਕੰਢਿਆਂ ‘ਤੇ ਵਸਾਏ ਜਾਂਦੇ ਸਨ। ਉਨ੍ਹੀਂ ਦਿਨੀਂ ‘ਨਿਊ ਸਤਲੁਜ ਟਰਾਂਸਪੋਰਟ’ ਕੰਪਨੀ ਦੀਆਂ ਬੱਸਾਂ ਸਾਡੇ ਪਿੰਡ ਵਿਚੋਂ ਲੰਘ ਕੇ ਅਤੇ ਫਿਲੌਰ ਵਿਚ ਸਤਲੁਜ ਦਰਿਆ ਉਤਲਾ ਪੁਲ ਪਾਰ ਕਰਕੇ ਲੁਧਿਆਣੇ ਜਾਇਆ ਕਰਦੀਆਂ ਸਨ। ਪੁਲ ਪਾਰ ਕਰਦਿਆਂ ਸਵਾਰੀਆਂ ਅਕਸਰ ਬੱਸ ਦੀ ਖਿੜਕੀ ‘ਚੋਂ ਸਿੱਕੇ ਸੁੱਟਿਆ ਕਰਦੀਆਂ ਸਨ। ਸ਼ਾਂਤ ਦਰਿਆ ਜੀਵਨਦਾਤਾ ਵੀ ਹਨ ਤੇ ਕਹਿਰ ਵਿਚ ਆਏ ਜਾਨਲੇਵਾ ਵੀ। ਇਸ ਲਈ ਭਾਰਤ ਵਿਚ ਪਾਣੀਆਂ ਨੂੰ ਪੂਜਿਆ ਜਾਂਦਾ ਸੀ। ਖੂਹਾਂ, ਦਰਿਆਵਾਂ ਆਦਿ ਵਿਚ ਪੈਸੇ ਸੁੱਟਣ ਦੀ ਪਰੰਪਰਾ ਢੇਰ ਪੁਰਾਣੀ ਹੈ। ਹਰ ਕਰਮ ਧਰਮ ਦੀ ਅਜੋਕੇ ਵਿਗਿਆਨਕ ਪਰਿਪੇਖ ਤੋਂ ਵਿਆਖਿਆ ਕਰਨ ਵਾਲੇ ਕਈ ਲੋਕ ਇਹ ਕਹਿੰਦੇ ਹਨ ਕਿ ਸਿੱਕਿਆਂ ਦਾ ਤਾਂਬਾ ਗੰਧਲੇ ਪਾਣੀਆਂ ਨੂੰ ਸਾਫ ਕਰਦਾ ਹੈ। ਦਰਅਸਲ ਤਾਂਬੇ ਦੀ ਖੋਜ ਲੋਹੇ ਤੋਂ ਵੀ ਪਹਿਲਾਂ ਹੋਈ ਸੀ।
ਇੱਕ ਸੰਧੀ ਅਧੀਨ ਸਤਲੁਜ ਦਰਿਆ ਮਹਾਰਾਜਾ ਰਣਜੀਤ ਸਿੰਘ ਅਤੇ ਅੰਗਰੇਜ਼ਾਂ ਦੇ ਰਾਜਾਂ ਵਿਚਕਾਰ ਸਰਹੱਦ ਬਣ ਗਿਆ ਸੀ। ਸਤਲੁਜ ਦੇ ਕੰਢੇ ਪਿੰਡ ਹੁਸੈਨੀਵਾਲਾ ਵਿਚ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦਾ ਸੰਸਕਾਰ ਕੀਤਾ ਗਿਆ ਸੀ। ਇਸੇ ਲਈ ਸਤਲੁਜ ਪੰਜਾਬੀਆਂ ਵਿਚ ਕ੍ਰਾਂਤੀ, ਬਗਾਵਤ, ਆਜ਼ਾਦੀ ਆਦਿ ਦੇ ਆਦਰਸ਼ਾਂ ਪ੍ਰਤੀ ਜੂਝਣ ਲਈ ਪ੍ਰੇਰਨਾ ਦਾ ਪ੍ਰਤੀਕ ਬਣ ਗਿਆ ਹੈ। ਲਾਲ ਸਿੰਘ ਦਿਲ ਕੁਝ ਅਜਿਹੇ ਹੀ ਭਾਵ ਵਿਅਕਤ ਕਰਦਾ ਹੈ,
ਸਤਲੁਜ ਦੀਏ ‘ਵਾਏ ਨੀ
ਪ੍ਰੀਤ ਤੇਰੇ ਨਾਲ ਸਾਡੀ ‘ਵਾਏ ਨੀ
ਫੇਰ ਅਸੀਂ ਕੋਲ ਤੇਰੇ ਆਏ ਨੀ
ਦਿਲ ਪਹਿਚਾਣ ਸਾਡਾ ਉਠ ਕੇ
ਸਿਰ ਅਸੀਂ ਨਾਲ ਨਾ ਲਿਆਏ ਨੀ।
ਆਏ ਸੱਤਾਂ ਸਾਗਰਾਂ ਨੂੰ ਚੀਰ ਕੇ
ਪਾਣੀ ਤੇਰਿਆਂ ਦੇ ਤ੍ਰਿਹਾਏ ਨੀ।
ਪਿਆਰ ਤੇਰਾ ਛੋਹੇ ਜਿਹੜੇ ਦਿਲ ਨੂੰ
ਉਹ ਸੂਰਜਾਂ ਦੀ ਅੱਗ ਬਣ ਜਾਏ ਨੀ।
ਬੀਜ ਉਹ ਬਗਾਵਤਾਂ ਦੇ ਬੀਜਦਾ
ਗੀਤ ਉਹ ਆਜ਼ਾਦੀਆਂ ਦੇ ਗਾਏ ਨੀ।
ਸਤਲੁਜ ਦਰਿਆ ਨੂੰ ਇਸ ਖਿੱਤੇ ਦਾ ਸਭ ਤੋਂ ਲੰਮਾ ਦਰਿਆ ਕਿਹਾ ਜਾਂਦਾ ਹੈ। ਇਹ ਤਿੱਬਤ ਦੇ ਪੱਛਮ ਵਿਚ ਸਥਿਤ ਰਾਖਸ਼ਸਤਾਲ ਝੀਲ ਦੀ ਉਤਰੀ ਨੋਕ ਤੋਂ ਨਿਕਲਦਾ ਹੈ। ਆਮ ਤੌਰ ‘ਤੇ ਇਹ ਹੀ ਲਿਖਿਆ ਮਿਲਦਾ ਹੈ ਕਿ ਇਸ ਦਰਿਆ ਦਾ ਸ੍ਰੋਤ ਮਾਨਸਰੋਵਰ ਹੈ ਪਰ ਅਜਿਹਾ ਨਹੀਂ ਹੈ। ਦਰਅਸਲ ਮਾਨਸਰੋਵਰ ਝੀਲ ਰਾਖਸ਼ਸਤਾਲ ਦੇ ਨਾਲ ਹੀ ਲਗਦੀ ਹੈ। ਤਿੱਬਤ ਦੇ ਇਸ ਹਿੱਸੇ ਵਿਚ ਵਗਦੇ ਸਤਲੁਜ ਨੂੰ ਲੰਗਕਨ ਜ਼ੰਗਬੋ (ਹਾਥੀ ਦੀ ਸੁੰਡ) ਆਖਦੇ ਹਨ। ਸਤਲੁਜ ਕੈਲਾਸ਼ ਪਰਬਤ ਦੀਆਂ ਦੱਖਣੀ ਢਲਾਣਾਂ ਦੇ ਨਾਲ ਨਾਲ ਉਤਰ-ਪੱਛਮ ਵੱਲ ਵਹਿੰਦਾ ਹੋਇਆ ਰਾਮਪੁਰ ਬਸ਼ਹਿਰ ਤੇ ਕੋਟਗੜ੍ਹ ਭੱਜੀ ਦੇ ਇਲਾਕਿਆਂ ਦੇ ਉਤਰੋ ਉਤਰ ਕਹਿਲੂਰ ਦੇ ਇਲਾਕੇ ਵਿਚ ਦਾਖਲ ਹੋ ਜਾਂਦਾ ਹੈ। ਫਿਰ ਦੱਖਣ-ਪੱਛਮ ਵੱਲ ਮੋੜ ਕੱਟ ਕੇ ਬਿਲਾਸਪੁਰ ਕੋਲੋਂ ਦੀ ਲੰਘਦਾ ਊਨਾ ਵੱਲ ਤੁਰ ਪੈਂਦਾ ਹੈ। ਅੱਗੋਂ ਅੰਬਾਲੇ ਦੀ ਹੱਦ ਛੂੰਹਦਾ ਰੋਪੜ ਦੇ ਉਤਰੋਂ ਸ਼ਿਵਾਲਿਕ ਦੀਆਂ ਪਹਾੜੀਆਂ ਛੱਡ ਕੇ ਮਾਛੀਵਾੜੇ, ਲੁਧਿਆਣੇ ਅਤੇ ਆਲੀਵਾਲ ਵਿਚ ਦੀ ਹੁੰਦਾ ਹੋਇਆ ਧਰਮਕੋਟ ਵੱਲ ਚਾਲੇ ਪਾ ਦਿੰਦਾ ਹੈ। ਇਸ ਪਿਛੋਂ ਪੁਰਾਣਾ ਵਹਿਣ ਛੱਡ ਕੇ ਹਰੀ ਕੇ ਪੱਤਣ ਵਿਚ ਬਿਆਸ ਨਾਲ ਜਾ ਮਿਲਦਾ ਹੈ। ਇੱਕ ਬਣੇ ਸਤਲੁਜ-ਬਿਆਸ ਨੂੰ ਘਾਰਾ ਵੀ ਕਿਹਾ ਜਾਂਦਾ ਹੈ। ਕੁਝ ਲੋਕ ਘਾਰਾ ਦਾ ਅਰਥ ਗਾਰਾ ਜਿਹਾ ਕਰਦੇ ਹਨ ਅਰਥਾਤ ਗਾਰੇ ਵਾਲਾ ਦਰਿਆ, ਪਰ ਮੈਂ ਟਰਨਰ ਨਾਲ ਸਹਿਮਤ ਹਾਂ ਜਿਸ ਅਨੁਸਾਰ ਇਹ ਘਾਰ ਜਾਂ ਘਾਲ ਨਾਲ ਸਬੰਧਤ ਹੈ ਜਿਸ ਦਾ ਅਰਥ ਪਾਣੀ ਦੇ ਵਹਿਣ ਨਾਲ ਬਣਿਆ ਪਾਟ ਹੈ।
ਇਹ ਘਾਰਾ ਪਾਕਿਸਤਾਨ ਦੇ ਲਾਹੌਰ, ਮਿੰਟਗੁਮਰੀ ਨਾਲ ਖਹਿੰਦਾ ਪੰਜਨਦ ਦੇ ਸਥਾਨ ‘ਤੇ ਝਨਾਂ ਅਤੇ ਰਾਵੀ ਨਾਲ ਰਲ ਕੇ ਆ ਰਹੇ ਜੇਹਲਮ ਨਾਲ ਜਾ ਰਲਦਾ ਹੈ। ਫਿਰ ਪੰਜੇ ਦਰਿਆ ਪੰਜਨਦ ਬਣ ਕੇ ਮਿਠਣਕੋਟ ਦੇ ਸਥਾਨ ‘ਤੇ ਸਿੰਧ ਦਰਿਆ ਨੂੰ ਜਾ ਮਿਲਦੇ ਹਨ। ਸਤਲੁਜ ਆਪਣੇ ਲੰਮੇ ਪੰਧ ਦੌਰਾਨ ਕਈ ਨਾਲਿਆਂ, ਚੋਆਂ, ਬਾਹਿਆਂ ਨੂੰ ਵੀ ਆਪਣੇ ਕਲੇਵਰ ਵਿਚ ਲੈਂਦਾ ਹੈ। ਦੋ ਨਦੀਆਂ ਸੁਹਾਂ ਅਤੇ ਸਿਰਸਾ ਵੀ ਇਸ ਵਿਚ ਮਿਲਦੀਆਂ ਹਨ। ਇਨ੍ਹਾਂ ਦੋਹਾਂ ਨਦੀਆਂ ਦੀਆਂ ਆਪਣੀਆਂ ਕਈ ਸ਼ਾਖਾਵਾਂ ਹਨ। ਹਰ ਦਰਿਆ ਦੇ ਕਈ ਮੋੜ ਘੇੜ ਹੁੰਦੇ ਹਨ, ਕਈ ਸ਼ਾਖਾਵਾਂ ਹੁੰਦੀਆਂ ਹਨ, ਹਰ ਦਰਿਆ ਆਪਣੇ ਵਹਿਣ ਬਦਲਦਾ ਰਹਿੰਦਾ ਹੈ। ਇਸ ਲਈ ਵਿਭਿੰਨ ਭੂਗੋਲਿਕ ਅਤੇ ਇਤਿਹਾਸਕ ਖੰਡਾਂ ਕਾਰਨ ਦਰਿਆਵਾਂ ਦੇ ਨਾਂ ਬਦਲਦੇ ਰਹਿੰਦੇ ਹਨ। ਕਹਿੰਦੇ ਹਨ ਕਿ ਦੋ ਕੁ ਸੌ ਸਾਲ ਤੋਂ ਸਤਲੁਜ ਨੇ ਆਪਣਾ ਰਸਤਾ ਨਹੀਂ ਬਦਲਿਆ।
ਝਨਾਂ ਦਰਿਆ ਵਾਲੇ ਲੇਖ ਵਿਚ ਦੱਸਿਆ ਗਿਆ ਸੀ ਕਿ ਭਾਰਤ ਦੇ ਕੁਝ ਇਕ ਹੋਰ ਦਰਿਆ ਹਨ ਜਿਨ੍ਹਾਂ ਦਾ ਨਾਂ ਵੀ ਚਿਨਾਬ ਹੀ ਹੈ। ਮੋਨੀਅਰ ਵਿਲੀਅਮਜ਼ ਅਨੁਸਾਰ ਗੰਗਾ ਦਾ ਇਕ ਨਾਂ ਵੀ ਸਤਲੁਜ ਹੈ। ਪਰ ਹੈਰਾਨੀ ਦੀ ਗੱਲ ਹੈ ਕਿ ਚੀਨ ਦੇ ਪ੍ਰਦੇਸ਼ ਹਾਂਗ ਕਾਂਗ ਵਿਚ ਵੀ ਸਤਲੁਜ ਨਾਮੀਂ ਇਕ ਦਰਿਆ ਹੈ। ਹੋਰ ਤਾਂ ਹੋਰ ਇਸ ਦੇਸ਼ ਵਿਚ ਜੇਹਲਮ ਅਤੇ ਬਿਆਸ ਵੀ ਹਨ। ਹਾਂਗ ਕਾਂਗ ਦੇ ਇਸ ਦਰਿਆ ਦਾ ਚੀਨੀ ਵਿਚ ਨਾਂ ਸ਼ੇਕ ਸ਼ਿਊਂਗ ਹੈ। ਕਿਹਾ ਜਾਂਦਾ ਹੈ ਕਿ 1860 ਵਿਚ ਅੰਗਰੇਜ਼ਾਂ ਨੇ ਪੰਜਾਬੀ ਸੈਨਿਕਾਂ ਨੂੰ ਪੁਲਿਸ ਸਿਪਾਹੀਆਂ ਵਜੋਂ ਭਰਤੀ ਕੀਤਾ। ਹਾਂਗ ਕਾਂਗ ਦੀ ਲੌਂਗ ਵੈਲੀ ਇਸ ਸਤਲੁਜ ਬਿਆਸ ਦਾ ਦੁਆਬ ਬਣੀ ਹੋਈ ਹੈ। ਨਵੇਂ ਵਸੇ ਪੰਜਾਬੀਆਂ ਨੂੰ ਆਪਣੇ ਦੇਸ਼ ਦੇ ਦਰਿਆ ਯਾਦ ਆਏ ਤਾਂ ਉਨ੍ਹਾਂ ਏਹੀ ਨਾਂ ਇਥੋਂ ਦੇ ਦਰਿਆਵਾਂ ਦੇ ਧਰ ਦਿੱਤੇ। ਭੂ-ਹੇਰਵੇ ਕਾਰਨ ਅਕਸਰ ਹੀ ਨਵੀਂ ਥਾਂ ਵਸੇ ਲੋਕ ਆਪਣੀ ਮਾਤਭੂਮੀ ਦੇ ਸਥਾਨਾਂ ਦੇ ਨਾਂ ‘ਤੇ ਨਵੇਂ ਵਸੇਬਿਆਂ ਦੇ ਨਾਂ ਧਰ ਦਿੰਦੇ ਹਨ। ਅਮਰੀਕਾ-ਕੈਨੇਡਾ ਦੇ ਅਨੇਕਾਂ ਸਥਾਨਾਂ ਦੇ ਨਾਂ ਯੂਰਪੀ ਸਥਾਨ ਨਾਂਵਾਂ ਪਿਛੇ ਧਰੇ ਗਏ ਹਨ। ਕੈਨੇਡਾ ਵਿਚ ਪੰਜਾਬੀਆਂ ਨੇ ਕਈ ਵਸੇਬਿਆਂ ਦੇ ਨਾਂ ਪੰਜਾਬ ਦੇ ਪਿੰਡਾਂ ਦੇ ਨਾਂ ‘ਤੇ ਰੱਖੇ ਹਨ ਜਿਵੇਂ ਪਾਲਦੀ।
ਰਿਗ ਵੇਦ ਦੇ ਨਦੀਸੂਕਤ ਵਿਚ ਸਤਲੁਜ ਦਰਿਆ ਦਾ ਜ਼ਿਕਰ ਹੈ। ਇਥੇ ਇਸ ਨੂੰ ਸ਼ੁਤੁਦ੍ਰਿ ਕਿਹਾ ਗਿਆ ਹੈ। ਫਿਰ ਇਸ ਨੂੰ ਸ਼ਤਦਰੂ ਕਿਹਾ ਜਾਣ ਲੱਗਾ। ਰਿਸ਼ੀ ਵਾਲਮੀਕ ਦੀ ਰਮਾਇਣ ਵਿਚ ਭਰਤ ਦੁਆਰਾ ਸ਼ਤਦਰੂ ਪਾਰ ਕਰਨ ਦਾ ਜ਼ਿਕਰ ਹੈ। ਮਹਾਂਭਾਰਤ ਅਤੇ ਸ਼੍ਰੀਮਦਭਗਵਤ ਵਿਚ ਵੀ ਸ਼ਤਦਰੂ ਦਾ ਉਲੇਖ ਮਿਲਦਾ ਹੈ। ਸੰਸਕ੍ਰਿਤ ਵਿਚ ਇਸ ਨਾਂ ਦੇ ਹੋਰ ਰਪਾਂਤਰ ਹਨ: ਸ਼ਤਦ੍ਰੁਜ, ਸ਼ਤਦ੍ਰੁਕਾ, ਸ਼ਿਤਦ੍ਰੂ, ਸ਼ਿਤੂਦ੍ਰੀ ਆਦਿ। ਇਸ ਦਰਿਆ ਨੂੰ ਸੁਛਤਰਾ (ਸੁਹਣੀ ਛਤਰੀ?) ਵੀ ਕਿਹਾ ਗਿਆ ਹੈ। ਅੰਗਰੇਜ਼ੀ ਵਿਚ ਇਹ ਸ਼ਬਦ ਕਈ ਸ਼ਬਦ ਜੋੜਾਂ ਵਿਚ ਲਿਖਿਆ ਜਾਂਦਾ ਰਿਹਾ ਹੈ, ਜਿਵੇਂ ੰਅਟਲਅਦਅਰ, ੁੰਟਲeਦਗe, ੰਅਟਲੁਟ, ੰਅਟਲਅਜ,ੰਅਟਲਅਦਅ, ੰeਟਲeਗe ਆਦਿ। ਅੱਜ ਕਲ੍ਹ ਇਸ ਨੂੰ ੁੰਟਲeਜ ਵਜੋਂ ਲਿਖਿਆ ਜਾਂਦਾ ਹੈ। ਅਲਬਰੂਨੀ ਅਨੁਸਾਰ ਸ਼ਤਲਦਰ ਹਿੰਦ ਦੇ ਇਕ ਪ੍ਰਾਂਤ ਦਾ ਨਾਂ ਵੀ ਹੈ। ਗਰੀਕ ਦੇ ਭੂਗੋਲ ਵਿਗਿਆਨੀ ਨੇ ਇਸ ਨੂੰ ਗਰੀਕ ਵਿਚ ਸਰਦਰੋਸ/ਜ਼ਰਦਰੋਸ ਜਿਹਾ ਲਿਖਿਆ ਹੈ ਅਤੇ ਰੋਮ ਦੇ ਪਲਿਨੀ ਨੇ ਸਿਦਰਸ ਜਾਂ ਹੈਸੂਦਰਸ ਵਜੋਂ ਲਿਖਿਆ ਹੈ।
ਸ਼ਤਦਰੂ ਸ਼ਬਦ ਬਣਿਆ ਹੈ, ਸਤ+ਦ੍ਰੂ ਤੋਂ। ਇਥੇ ਸਤ ਦਾ ਅਰਥ ‘ਸੌ’ ਹੈ ਅਤੇ ਦ੍ਰੂ ਦਾ ਅਰਥ ਹੈ, ਸ਼ਾਖਾ। ਇਸ ਬਾਰੇ ਫਿਰ ਕਦੇ ਲਿਖਿਆ ਜਾਵੇਗਾ। ਨਿਰੁਕਤਸ਼ਾਸਤਰੀ ਗ਼ ਸ਼ ਰਿਆਲ ਨੇ ਦ੍ਰੂ ਦਾ ਅਰਥ ਦੌੜ, ਗਤੀ ਦਸਿਆ ਹੈ, ਪਰ ਮੋਨੀਅਰ ਵਿਲੀਅਮਜ਼ ਸ਼ਤਦ੍ਰੂ ਸ਼ਬਦ ਦਾ ਅੱਖਰੀ ਅਰਥ ‘ਸੌ ਸ਼ਾਖਾਵਾਂ ਵਾਲਾ’ ਦੱਸਦਾ ਹੈ। ਇਸ ਦਾ ਭਾਵ ਹੈ, ਸੌ ਸਹਾਇਕ ਨਦੀਆਂ ਵਾਲੀ। ਇਥੇ ਸੌ ਨੂੰ 100 ਵਜੋਂ ਨਹੀਂ ਬਲਕਿ ਕਈ, ਅਨੇਕਾਂ ਦੇ ਅਰਥ ਵਿਚ ਲਿਆ ਜਾਣਾ ਚਾਹੀਦਾ ਹੈ। ਸੋ, ਦ੍ਰੂ ਦਾ ਅਰਥ ਸ਼ਾਖਾ ਸਹੀ ਹੁੰਦਾ ਹੈ। ਗੇਂਦੇ ਦੇ ਫੁੱਲ ਦੇ ਇਕ ਹੋਰ ਨਾਂ ਸਤਵਰਗ ਦਾ ਸ਼ਾਬਦਿਕ ਅਰਥ ਭਾਵੇਂ ‘ਸੌ ਪੰਖੜੀਆਂ ਵਾਲਾ’ ਫੁੱਲ ਹੈ ਪਰ ਵਿਸਤ੍ਰਿਤ ਅਰਥ ਬਣਿਆ, ਅਨੇਕਾਂ ਪੰਖੜੀਆਂ ਵਾਲਾ।
‘ਮਹਾਨ ਕੋਸ਼’ ਦਾ ਇੰਦਰਾਜ ‘ਸਤਲੁਜ’ ‘ਸਤਦ੍ਰਵ’ ਵੱਲ ਭਜਾਉਂਦਾ ਹੈ। ਪਰ ਸ਼ਤਦ੍ਰਵ ਇੰਦਰਾਜ ਵਿਚ ਇਸ ਨੂੰ ‘ਸ਼ਤ (ਸੌ) ਧਾਰਾ ਕਰਕੇ ਵਹਿਣ ਵਾਲਾ ਦਰਿਆ’ ਕਿਹਾ ਗਿਆ ਹੈ। ਇਸ ਵਿਚਲੇ ਕਥਿਤ ਦ੍ਰਵ ਦੀ ਕੋਈ ਵਿਆਖਿਆ ਨਹੀਂ। ਦਰਅਸਲ ਰਾਮਾਵ ਵਿਚ ਸਤਲੁਜ ਦੇ ਅਜਿਹੇ ਰੂਪ ਦਾ ਉਲੇਖ ਹੈ, ‘ਨੇਤ੍ਰਤੁੰਗ ਕੇ ਚਰਨ ਤਰ ਸਤਦ੍ਰਵ ਤੀਰ ਤਰੰਗ’ ਦ੍ਰਵ ਤਰਲ ਜਾਂ ਪਾਣੀ ਨੂੰ ਕਿਹਾ ਜਾਂਦਾ ਹੈ ਪਰ ਸਤਲੁਜ ਦੇ ਸਤਦ੍ਰਵ ਰੂਪ ਦਾ ਹੋਰ ਕਿਧਰੇ ਜ਼ਿਕਰ ਨਹੀਂ ਮਿਲਦਾ। ਮਹਾਨ ਕੋਸ਼ ਵਿਚ ਦਰਿਆ ਦੀ ਇਕ ਪੌਰਾਣਿਕ ਵਿਆਖਿਆ ਜ਼ਰੂਰ ਦਿੱਤੀ ਗਈ ਹੈ, “ਪੁਰਾਣ ਕਥਾ ਹੈ ਕਿ ਵਸਿਸਠ ਰਿਖੀ ਪੁਤ੍ਰਾਂ ਦੇ ਸ਼ੋਕ ਨਾਲ ਇਸ ਵਿਚ ਡੁੱਬ ਕੇ ਮਰਨ ਲੱਗਾ ਸੀ, ਦਰਿਆ ਨੇ ਆਪਣੇ ਪ੍ਰਵਾਹ ਨੂੰ ਸੌ ਥਾਂ ਕਰਕੇ ਡੁੱਬਣੋਂ ਬਚਾ ਲੀਤਾ।”
ਸ਼ਤਦ੍ਰੂ ਸ਼ਬਦ ਵਿਚਲਾ ਸ਼ਤ ਸ਼ਬਦ ਤੋਂ ਹੀ ਸ਼ਤਕ ਸ਼ਬਦ ਬਣਿਆ ਜਿਸ ਦਾ ਅਰਥ ‘ਸੌ’ ਹੁੰਦਾ ਹੈ ਜਿਵੇਂ ਵਿਰਾਟ ਕੋਹਲੀ ਨੇ ਰੰਨਾਂ (ਦੌੜਾਂ) ਦਾ ਸ਼ਤਕ ਬਣਾਇਆ। ਸ਼ਤ ਪ੍ਰਤੀ ਸ਼ਤ ਵਿਚ ਵੀ ਇਹ ਬੋਲਦਾ ਹੈ। ਸੌ, ਸੈਅ, ਸੈਂਕੜਾ ਸ਼ਬਦ ਵੀ ਸ਼ਤ ਦੇ ਹੀ ਵਿਗੜੇ ਰੂਪ ਹਨ। ਇਸ ਤੋਂ ਸ਼ਤਾਬਦੀ ਸ਼ਬਦ ਬਣਿਆ। ਇਹ ਸ਼ਬਦ ਭਾਰੋਪੀ ਖਾਸੇ ਵਾਲਾ ਹੈ। ਫਾਰਸੀ ਦਾ ਸਦੀ ਸ਼ਬਦ ਅਤੇ ਅੰਗਰੇਜ਼ੀ ਦਾ ਸੈਂਚੁਰੀ, ਸੈਂਟ, (ਸਿੱਕੇ ਵਾਲਾ ਅਤੇ ਪਰ ਸੈਂਟ ਵਿਚਲਾ) ਸ਼ਬਦ ਇਸ ਦੇ ਸਜਾਤੀ ਹਨ।