ਲੋਕਤੰਤਰ ਵਿਚ ਸਿਆਸੀ ਤਿਕੜਮਬਾਜ਼ੀ ਦੀ ਨਿਰੰਤਰਤਾ

-ਜਤਿੰਦਰ ਪਨੂੰ
ਕਰਨਾਟਕ ਵਿਧਾਨ ਸਭਾ ਅੰਦਰ ਬਹੁ-ਮੱਤ ਦੀ ਪਰਖ ਤੋਂ ਪਹਿਲਾਂ ਦੋ ਦਿਨਾਂ ਦਾ ਮੁੱਖ ਮੰਤਰੀ ਯੇਦੀਯੁਰੱਪਾ ਅਸਤੀਫਾ ਦੇਣ ਨੂੰ ਮਜਬੂਰ ਹੋ ਗਿਆ ਹੈ। ਜਿਹੜਾ ਵਿਹਾਰ ਉਥੋਂ ਦੇ ਗਵਰਨਰ ਵਜੂਭਾਈ ਵਾਲਾ ਨੇ ਕੀਤਾ, ਉਹ ਅਸਲੋਂ ਹੀ ਨਿੰਦਣ ਯੋਗ ਸੀ। ਆਪਣੇ ਪਿਛੋਕੜ ਕਾਰਨ ਉਸ ਨੇ ਏਦਾਂ ਕਰਨਾ ਵੀ ਸੀ। ਜਦੋਂ ਨਰਿੰਦਰ ਮੋਦੀ ਨੇ ਪਹਿਲੀ ਵਾਰੀ ਗੁਜਰਾਤ ਦੇ ਮੁੱਖ ਮੰਤਰੀ ਵਜੋਂ ਵਾਗ ਸੰਭਾਲੀ ਤਾਂ ਉਹ ਵਿਧਾਇਕ ਨਹੀਂ ਸੀ ਹੁੰਦਾ।

ਚੋਣ ਲੜਨ ਲਈ ਜਿਸ ਵਿਧਾਇਕ ਨੂੰ ਉਸ ਨੇ ਸੀਟ ਛੱਡਣ ਨੂੰ ਕਿਹਾ, ਉਹ ਮੰਨਿਆ ਨਹੀਂ ਸੀ। ਫਿਰ ਨਰਿੰਦਰ ਮੋਦੀ ਲਈ ਜਿਹੜੇ ਵਿਧਾਇਕ ਨੇ ਰਾਜਕੋਟ ਸੀਟ ਛੱਡੀ ਸੀ, ਉਹ ਕਰਨਾਟਕ ਦਾ ਅਜੋਕਾ ਗਵਰਨਰ ਵਜੂਭਾਈ ਵਾਲਾ ਹੀ ਸੀ। ਅਗਲੀ ਚੋਣ ਜਿੱਤ ਕੇ ਉਹ ਗੁਜਰਾਤ ਵਿਧਾਨ ਸਭਾ ਦਾ ਸਪੀਕਰ ਅਤੇ ਫਿਰ ਨਰਿੰਦਰ ਮੋਦੀ ਸਰਕਾਰ ਵਿਚ ਮੰਤਰੀ ਵੀ ਬਣਿਆ ਸੀ। ਕਰਨਾਟਕ ਦਾ ਗਵਰਨਰ ਉਸ ਨੂੰ ਬਣਾਇਆ ਹੀ ਇਸ ਕਰ ਕੇ ਸੀ ਕਿ ਲੋੜ ਪੈਣ ਵੇਲੇ ਨਾਲ ਨਿਭਦਾ ਰਹਿ ਸਕਦਾ ਹੈ, ਤੇ ਉਹ ਨਿਭਦਾ ਗਿਆ ਹੈ।
ਉਸ ਗਵਰਨਰ ਦੀ ਗੱਲ ਹੋਰ ਕਿਸੇ ਸਮੇਂ ਲਈ ਛੱਡ ਕੇ ਅਸੀਂ ਬੀਤੇ ਸਾਲ ਲੋਕ ਸਭਾ ਵਿਚ ਦਿੱਤਾ ਨਰਿੰਦਰ ਮੋਦੀ ਦਾ ਭਾਸ਼ਣ ਚੇਤੇ ਕਰੀਏ ਤਾਂ ਵੱਧ ਠੀਕ ਰਹੇਗਾ। ਉਸ ਤੋਂ ਪਤਾ ਲੱਗਦਾ ਹੈ ਕਿ ਮੋਦੀ ਕਿਸ ਸੋਚ ਉਤੇ ਚੱਲ ਰਿਹਾ ਹੈ, ਉਸ ਰੋਗ ਦੀ ਜੜ੍ਹ ਕਿਸ ਨੇ ਲਾਈ ਤੇ ਭੁਗਤਦਾ ਕੌਣ ਫਿਰਦਾ ਹੈ! ਪਿਛਲੇ ਸਾਲ ਇੱਕ ਦਿਨ ਲੋਕ ਸਭਾ ਵਿਚ ਮੋਦੀ ਨੇ ਆਪਣੀ ਗੱਲ ਇਥੋਂ ਸ਼ੁਰੂ ਕੀਤੀ ਕਿ ਮੇਰੀ ਇੱਛਾ ਗਰੀਬੀ ਹਟਾਉਣ ਦੀ ਹੈ, ਵਿਰੋਧੀ ਧਿਰ ਦੇ ਲੋਕ ਮੈਨੂੰ ਹਟਾਉਣ ਦੀ ਗੱਲ ਕਰਦੇ ਰਹਿੰਦੇ ਹਨ। ਵਿਰੋਧੀ ਧਿਰ ਨੇ ਰੌਲਾ ਪਾ ਦਿੱਤਾ ਕਿ ਇਹ ਸਾਡੇ ਉਤੇ ਦੋਸ਼ ਹੈ। ਮੋਦੀ ਕਹਿਣ ਲੱਗਾ ਕਿ ਜਦੋਂ ਇਹੀ ਗੱਲ ਇਸੇ ਲੋਕ ਸਭਾ ਵਿਚ ਇੰਦਰਾ ਗਾਂਧੀ ਨੇ ਕਹੀ ਸੀ, ਉਦੋਂ ਵੀ ਵਿਰੋਧੀ ਧਿਰ ਨੇ ਇਹੋ ਕਿਹਾ ਸੀ, ਇਹ ਮੇਰੇ ਸ਼ਬਦ ਨਹੀਂ, ਇੰਦਰਾ ਗਾਂਧੀ ਦੇ ਹਨ। ਉਸ ਦਿਨ ਇਸ ਤਰ੍ਹਾਂ ਦੀਆਂ ਕਈ ਗੱਲਾਂ ਮੋਦੀ ਨੇ ਕਹੀਆਂ ਸਨ, ਜਿਨ੍ਹਾਂ ਦਾ ਸਾਰ-ਤੱਤ ਸਿਰਫ ਇਹ ਸੀ ਕਿ ਉਹੀ ਕੁਝ ਮੈਂ ਕਹਿੰਦਾ ਤੇ ਕਰਦਾ ਹਾਂ, ਜੋ ਇੰਦਰਾ ਗਾਂਧੀ ਕਰਦੀ ਹੁੰਦੀ ਸੀ। ਲੋਕ ਸਭਾ ਦੀ ਕਾਰਵਾਈ ਦਾ ਰਿਕਾਰਡ ਉਹ ਨਾਲੋ-ਨਾਲ ਪੇਸ਼ ਕਰੀ ਜਾਂਦਾ ਸੀ ਤੇ ਉਹ ਝੁਠਲਾਇਆ ਨਹੀਂ ਸੀ ਜਾ ਸਕਦਾ। ਪਿਛਲੇ ਸਾਲ ਦੀ ਉਸ ਗੱਲ ਤੋਂ ਬਾਅਦ ਇਸ ਚੱਲ ਰਹੇ ਸਾਲ ਦੇ ਪਿਛਲੇ ਮਹੀਨੇ ਉਸ ਨੇ ਫਿਰ ਇੱਕ ਗੱਲ ਕਹੀ ਕਿ ਇੰਦਰਾ ਗਾਂਧੀ ਦੀ ਜਦੋਂ ਚੜ੍ਹਤ ਸੀ, ਉਦੋਂ ਜਿੰਨੇ ਰਾਜਾਂ ਵਿਚ ਉਸ ਦੀ ਪਾਰਟੀ ਦੀਆਂ ਸਰਕਾਰਾਂ ਸਨ, ਮੇਰੇ ਰਾਜ ਹੇਠ ਮੇਰੀ ਪਾਰਟੀ ਦੀਆਂ ਸਰਕਾਰਾਂ ਉਸ ਤੋਂ ਵੱਧ ਹੋ ਗਈਆਂ ਹਨ। ਉਸ ਦੇ ਮੂੰਹੋਂ ਇੱਕ ਗੱਲ ਇਹ ਵੀ ਨਿਕਲ ਗਈ ਕਿ ਇੰਦਰਾ ਗਾਂਧੀ ਆਪਣੇ ਰਾਜ ਦੌਰਾਨ ਕਿਸੇ ਹੋਰ ਪਾਰਟੀ ਦਾ ਰਾਜ ਕਿਸੇ ਸੂਬੇ ਵਿਚ ਚੱਲਦਾ ਬਰਦਾਸ਼ਤ ਨਹੀਂ ਸੀ ਕਰਦੀ। ਭਾਸ਼ਣ ਮੁਕਾਉਣ ਤੋਂ ਪਹਿਲਾਂ ਮੋਦੀ ਨੇ ਇਹ ਗੱਲ ਕਹਿ ਦਿੱਤੀ ਕਿ ਕੁਝ ਥੋੜ੍ਹੇ ਜਿਹੇ ਰਾਜ ਹਾਲੇ ਭਾਜਪਾ ਜਾਂ ਇਸ ਦੇ ਗੱਠਜੋੜ ਦੇ ਰਾਜ ਤੋਂ ਬਾਹਰ ਰਹਿੰਦੇ ਹਨ।
ਉਸ ਦਾ ਉਹ ਸਾਰਾ ਭਾਸ਼ਣ ਗਹੁ ਨਾਲ ਵਿਚਾਰਿਆ ਜਾਵੇ ਤਾਂ ਇਹ ਅਰਥ ਨਿਕਲਦਾ ਹੈ ਕਿ ਸੱਤਾ ਦੇ ਸਿਖਰ ਉਤੇ ਇੰਦਰਾ ਗਾਂਧੀ ਜਦੋਂ ਪਹੁੰਚੀ ਤਾਂ ਜਿਵੇਂ ‘ਇੰਦਰਾ ਇਜ਼ ਇੰਡੀਆ’ ਦਾ ਨਾਅਰਾ ਉਠਿਆ ਸੀ, ਉਸੇ ਤਰ੍ਹਾਂ ਇਸ ਦੇਸ਼ ਦੇ ਕੁਝ ਲੋਕਾਂ ਦੀ ਮਾਨਸਿਕਤਾ ਅੱਜ ਮੋਦੀ ਵਾਸਤੇ ਬਣਦੀ ਜਾਂਦੀ ਹੈ। ਇਸ ਹਫਤੇ ਕਰਨਾਟਕ ਦੀ ਬਹਿਸ ਦੌਰਾਨ ਇੱਕ ਭਾਜਪਾ ਬੁਲਾਰੇ ਨੇ ਇਹ ਵੀ ਕਹਿ ਦਿੱਤਾ ਕਿ ਸਾਨੂੰ ਦੋਸ਼ ਦੇਈ ਜਾਂਦੇ ਹੋ, ਕੇਰਲਾ ਵਿਚ ਪਹਿਲੀ ਕਮਿਊਨਿਸਟ ਸਰਕਾਰ ਬਹੁਮੱਤ ਦੇ ਬਾਵਜੂਦ ਕਿਸ ਨੇ ਤੋੜੀ ਸੀ? ਉਸ ਨੇ ਇਹ ਕਹਿ ਕੇ ਮਜ਼ਾਕ ਉਡਾਇਆ ਕਿ ਉਦੋਂ ਜਿਨ੍ਹਾਂ ਨੇ ਕਮਿਊਨਿਸਟ ਸਰਕਾਰ ਤੋੜੀ ਤੇ ਜਿਹੜੇ ਕਮਿਊਨਿਸਟਾਂ ਦੀ ਸਰਕਾਰ ਤੋੜੀ ਗਈ-ਅੱਜ ਦੋਵੇਂ ਧੜੇ ਮੋਦੀ ਵਿਰੋਧ ਵਿਚ ਖੜ੍ਹੇ ਬੋਲ ਰਹੇ ਹਨ। ਬਿਨਾ ਸ਼ੱਕ ਇਤਿਹਾਸਕ ਪੱਖੋਂ ਇਹ ਚੋਭ ਸੱਚੀ ਹੈ, ਪਰ ਇਸ ਬਹਾਨੇ ਨਾਲ ਭਾਜਪਾ ਨੂੰ ਉਹੋ ਕੁਝ ਕਰਨ ਦਾ ਲਾਇਸੈਂਸ ਤਾਂ ਨਹੀਂ ਮਿਲ ਸਕਦਾ। ਫਿਰ ਵੀ ਨਰਿੰਦਰ ਮੋਦੀ ਤਾਂ ਮੋਦੀ ਹੈ, ਮੋਦੀ ਟੀਮ ਇਹ ਕੰਮ ਕਰ ਰਹੀ ਹੈ। ਇੰਦਰਾ ਗਾਂਧੀ ਦੇ ਸੁੱਟੇ ਹੋਏ ਕੰਡੇ ਅੱਜ ਉਸ ਦਾ ਪੋਤਾ ਆਪਣੇ ਸਲਾਹਕਾਰਾਂ ਦੀ ਕੱਚ-ਘਰੜ ਟੀਮ ਨਾਲ ਚੁਗਣ ਦੇ ਯਤਨ ਕਰ ਰਿਹਾ ਹੈ, ਪਰ ਅਗਲੇ ਪਾਸੇ ਵਾਲੇ ਛੇਤੀ ਕੀਤੇ ਕੋਈ ਰਾਹ ਨਹੀਂ ਦੇ ਰਹੇ। ਇਹ ਖਿੱਚੋਤਾਣ ਹਾਲੇ ਕਾਫੀ ਲੰਬਾ ਸਮਾਂ ਚੱਲੇਗੀ।
ਰਹੀ ਗੱਲ ਕਰਨਾਟਕਾ ਦੀ, ਇਤਿਹਾਸ ਪੱਖੋਂ ਉਥੇ ਸੱਚਾ ਕੌਣ ਅਤੇ ਝੂਠਾ ਕੌਣ ਜਾਂ ਫਿਰ ਅਗਲੀ ਗੱਲ ਕਿ ਕਿਸੇ ਦੇ ਨਾਲ ਪੱਕੀ ਤਰ੍ਹਾਂ ਖੜ੍ਹਾ ਕੌਣ ਤੇ ਛੜੱਪੇ ਮਾਰਨ ਵਾਲਾ ਕੌਣ ਹੈ? ਇਸ ਦੀ ਵੀ ਬੜੀ ਲੰਮੀ ਦਾਸਤਾਨ ਹੈ।
ਹੈਰਾਨੀ ਦੀ ਗੱਲ ਹੈ ਕਿ ਜਦੋਂ ਸੁਪਰੀਮ ਕੋਰਟ ਹਰ ਗੱਲ ਖੁਦ ਵੇਖ ਰਹੀ ਸੀ, ਕਰਨਾਟਕਾ ਦੇ ਗਵਰਨਰ ਵਜੂਭਾਈ ਵਾਲਾ ਨੇ ਉਦੋਂ ਪ੍ਰੋ. ਟੈਮ ਸਪੀਕਰ ਵਜੋਂ ਉਸ ਵਿਧਾਇਕ ਨੂੰ ਮੋਹਰੇ ਲਾ ਦਿੱਤਾ, ਜਿਸ ਉਤੇ ਕਈ ਦਾਗ ਲੱਗੇ ਹੋਏ ਹਨ। ਉਸ ਨੂੰ ਦਾਗੀ ਸਿਰਫ ਇਸ ਲਈ ਨਹੀਂ ਕਿਹਾ ਜਾ ਰਿਹਾ ਕਿ ਉਹ ਕਾਂਗਰਸ ਜਾਂ ਜਨਤਾ ਦਲ (ਐਸ) ਦਾ ਵਿਰੋਧ ਕਰ ਚੁਕਾ ਸੀ, ਸਗੋਂ ਅੱਜ ਦੀ ਘੜੀ ਜਿਸ ਯੇਦੀਯੁਰੱਪਾ ਦੀ ਬੇੜੀ ਪਾਰ ਲਾਉਣ ਲਈ ਉਸ ਨੂੰ ਅੱਗੇ ਕੀਤਾ, ਉਸ ਵੱਲ ਵੀ ਉਸ ਵਿਧਾਇਕ ਦਾ ਸਪੀਕਰ ਵਜੋਂ ਦੋਗਲਾ ਕਿਰਦਾਰ ਰਿਹਾ ਅਤੇ ਯੇਦੀਯੁਰੱਪਾ ਉਸ ਦੀ ਇੱਕ ਵਾਰ ਸਿਫਤ ਤੇ ਦੂਸਰੀ ਵਾਰ ਨਿਖੇਧੀ ਕਰ ਚੁਕਾ ਸੀ। ਪਹਿਲਾਂ ਯੇਦੀਯੁਰੱਪਾ ਨੇ ਜਦੋਂ ਭਰੋਸੇ ਦਾ ਵੋਟ ਲੈਣਾ ਸੀ ਤਾਂ ਇਸੇ ਬੰਦੇ ਨੇ ਉਸ ਦੇ ਪੱਖ ਵਿਚ ਬੇਅਸੂਲੀ ਕੀਤੀ ਤੇ ਅਦਾਲਤ ਨੇ ਉਸ ਵਿਰੁਧ ਟਿੱਪਣੀਆਂ ਕੀਤੀਆਂ ਸਨ। ਫਿਰ ਯੇਦੀਯੁਰੱਪਾ ਨੇ ਜਦੋਂ ਭਾਜਪਾ ਦੇ ਜਗਦੀਸ਼ ਸ਼ੇਟਰ ਦੀ ਸਰਕਾਰ ਡੇਗਣੀ ਸੀ ਤਾਂ ਉਦੋਂ ਯੇਦੀਯੁਰੱਪਾ ਧੜੇ ਖਿਲਾਫ ਇਹੋ ਕੀਤਾ ਤੇ ਫਿਰ ਅਦਾਲਤ ਨੇ ਇਸੇ ਬੰਦੇ ਖਿਲਾਫ ਟਿੱਪਣੀਆਂ ਕੀਤੀਆਂ ਤੇ ਉਸ ਦੀ ਕਾਰਵਾਈ ਨੂੰ ਅਸੂਲਾਂ ਉਤੇ ਸ਼ੱਕ ਦੀ ਰੇਖਾ ਖਿੱਚਣ ਵਾਲੀ ਕਿਹਾ ਸੀ। ਉਸ ਵਕਤ ਯੇਦੀਯੁਰੱਪਾ ਉਸੇ ਬੰਦੇ ਬਾਰੇ ਏਦਾਂ ਹੱਦੋਂ ਵੱਧ ਭੈੜੇ ਸ਼ਬਦ ਕਹਿੰਦਾ ਸੀ, ਜਿਹੜੇ ਹਾਲ ਦੀ ਘੜੀ ਕਾਂਗਰਸ ਵਾਲਿਆਂ ਨੇ ਵੀ ਨਹੀਂ ਕਹੇ।
ਦੂਸਰਾ ਕਿਰਦਾਰ ਖੁਦ ਬੀ. ਐਸ਼ ਯੇਦੀਯੁਰੱਪਾ ਹੈ, ਜੋ ਭਾਜਪਾ ਦਾ ਬੜਾ ਭਰੋਸੇਮੰਦ ਕਿਹਾ ਜਾਂਦਾ ਹੈ, ਪਰ ਉਹ ਵੀ ਇਸ ਪਾਰਟੀ ਨੂੰ ਅੰਗੂਠਾ ਵਿਖਾ ਕੇ ਇੱਕ ਵਾਰ ਵੱਖਰੀ ਪਾਰਟੀ ਬਣਾ ਚੁਕਾ ਹੈ। ਜਦੋਂ ਭ੍ਰਿਸ਼ਟਾਚਾਰ ਦੇ ਦੋਸ਼ ਕਾਰਨ ਉਹ ਗੱਦੀ ਤੋਂ ਉਠਾਇਆ ਗਿਆ ਤਾਂ ਵਿਰੋਧੀ ਧਿਰ ਨੇ ਨਹੀਂ ਸੀ ਉਠਾਇਆ, ਭਾਜਪਾ ਲੀਡਰਸ਼ਿਪ ਨੂੰ ਖੁਦ ਉਠਾਉਣ ਵਾਲਾ ਫੈਸਲਾ ਲੈਣਾ ਪਿਆ ਸੀ। ਇਸ ਕਾਰਨ ਉਹ ਭੜਕ ਉਠਿਆ ਤੇ ਭਾਜਪਾ ਸਰਕਾਰ ਚੱਲਣ ਨਹੀਂ ਸੀ ਦਿੰਦਾ। ਫਿਰ ਵੱਖਰੀ ਪਾਰਟੀ ਦਾ ਝੰਡਾ ਉਦੋਂ ਤੱਕ ਚੁੱਕੀ ਰੱਖਿਆ, ਜਦੋਂ ਤੱਕ ਪਿਛਲੀਆਂ ਚੋਣਾਂ ਵਿਚ ਪ੍ਰਧਾਨ ਮੰਤਰੀ ਲਈ ਭਾਜਪਾ ਉਮੀਦਵਾਰ ਬਣਾਏ ਗਏ ਨਰਿੰਦਰ ਮੋਦੀ ਨੇ ਆਪ ਆ ਕੇ ਅਗਲੀ ਵਾਰ ਮੁੱਖ ਮੰਤਰੀ ਬਣਾਉਣ ਦਾ ਸੌਦਾ ਨਹੀਂ ਸੀ ਮਾਰਿਆ। ਦੋਵੇਂ ਜਣੇ ਕਿੰਨੇ ਦਿਨ ਇਕੱਠੇ ਰਹਿਣਗੇ, ਕੋਈ ਨਹੀਂ ਜਾਣਦਾ, ਕਿਉਂਕਿ ਸੋਨੇ ਦੇ ਮੇਜ਼-ਕੁਰਸੀਆਂ ਵਾਲੇ ਰੈਡੀ ਭਰਾਵਾਂ ਦਾ ਦਬਦਬਾ ਇਸ ਵਕਤ ਭਾਜਪਾ ਵਿਚ ਯੇਦੀਯੁਰੱਪਾ ਤੋਂ ਵੱਧ ਸੁਣਿਆ ਜਾ ਰਿਹਾ ਹੈ ਤੇ ਭਾਜਪਾ ਵੀ ਪਹਿਲਾਂ ਵਾਲੀ ਭਾਜਪਾ ਨਹੀਂ।
ਖੈਰ, ਇਹ ਸਾਰੇ ਮੁੱਦੇ ਕਿਸੇ ਹੋਰ ਵੇਲੇ ਲਈ ਰੱਖੇ ਜਾ ਸਕਦੇ ਹਨ। ਇਸ ਵੇਲੇ ਵੱਡਾ ਮੁੱਦਾ ਇਹ ਹੈ ਕਿ ਕਰਨਾਟਕ ਦੀ ਬਹਿਸ ਵਿਚ ਜਿਹੜਾ ਸਰਕਾਰਾਂ ਨੂੰ ਭੰਨਣ-ਘੜਨ ਦੇ ਫਾਰਮੂਲਿਆਂ ਦਾ ਬੇਅਸੂਲਾਪਣ ਹੋਇਆ ਹੈ ਤੇ ਜਿਸ ਬਾਰੇ ਕਿਹਾ ਜਾਂਦਾ ਹੈ ਕਿ ਇੰਦਰਾ ਗਾਂਧੀ ਦੇ ਵੇਲੇ ਤੋਂ ਚੱਲਦਾ ਰਿਹਾ ਹੈ, ਇਹ ਕਦੋਂ ਤੱਕ ਏਦਾਂ ਚੱਲਦਾ ਰੱਖਣਾ ਹੈ? ਇੱਕ ਜਵਾਕ ਨੂੰ ਉਸ ਦੇ ਬਾਪ ਨੇ ਥੱਪੜ ਮਾਰਿਆ ਸੀ। ਅਜੋਕੇ ਸਮੇਂ ਦੇ ਜਵਾਕ ਨੇ ਬਾਪ ਨੂੰ ਪੁੱਛਿਆ ਕਿ ਮਾਰਿਆ ਕਿਉਂ ਹੈ? ਬਾਪ ਨੇ ਕਿਹਾ ਕਿ ਮੇਰਾ ਬਾਪ ਵੀ ਮੈਨੂੰ ਮਾਰਦਾ ਹੁੰਦਾ ਸੀ। ਬੱਚੇ ਨੇ ਪੁੱਛਿਆ ਕਿ ਤੁਹਾਡਾ ਬਾਪ ਤੁਹਾਨੂੰ ਕਿਉਂ ਮਾਰਦਾ ਸੀ? ਬਾਪ ਨੇ ਕਿਹਾ ਕਿ ਮੇਰੇ ਬਾਪ ਦਾ ਬਾਪ ਵੀ ਉਸ ਨੂੰ ਮਾਰਦਾ ਹੁੰਦਾ ਸੀ। ਬੱਚੇ ਨੇ ਨਵਾਂ ਸਵਾਲ ਪੁੱਛ ਲਿਆ ਕਿ ਇਹ ਖਾਨਦਾਨੀ ਗੁੰਡਾਗਰਦੀ ਹਾਲੇ ਕਿੰਨੀਆਂ ਕੁ ਪੀੜ੍ਹੀਆਂ ਤੱਕ ਚੱਲਦੀ ਰੱਖਣ ਦਾ ਇਰਾਦਾ ਹੈ? ਕਰਨਾਟਕ ਦੇ ਇਸ ਵਾਰੀ ਦੇ ਸੱਤਾ ਸੰਘਰਸ਼ ਨੇ ਇਹੀ ਸਵਾਲ ਸਾਡੇ ਲੋਕਾਂ ਤੇ ਸਾਡੇ ਆਗੂਆਂ ਸਾਹਮਣੇ ਲਿਆ ਰੱਖਿਆ ਹੈ। ਪੰਡਿਤ ਨਹਿਰੂ ਦੇ ਸਮੇਂ ਜਾਂ ਇੰਦਰਾ ਗਾਂਧੀ ਦੇ ਵੇਲੇ ਜੋ ਵੀ ਹੋਇਆ ਹੋਵੇ ਅਤੇ ਨਰਿੰਦਰ ਮੋਦੀ ਨੇ ਅੱਜ ਤੱਕ ਜੋ ਕੁਝ ਕੀਤਾ ਹੈ, ਲੋਕਤੰਤਰ ਵਿਚ ਸਿਆਸੀ ਤਿਕੜਮਬਾਜ਼ੀ ਦੀ ਇਹ ਦੌੜ ਕਿੰਨੀਆਂ ਕੁ ਪੀੜ੍ਹੀਆਂ ਤੱਕ ਚੱਲਦੀ ਰੱਖਣ ਦਾ ਇਰਾਦਾ ਹੈ? ਕੀ ਏਨੀ ਹੋਈ ਬਥੇਰੀ ਨਹੀਂ?