ਇੰਡੀਆ ਕਾਫੀ ਹਾਊਸ ਦਾ ਮਹੱਤਵ

ਗੁਲਜ਼ਾਰ ਸਿੰਘ ਸੰਧੂ
ਇਨ੍ਹਾਂ ਦਿਨਾਂ ਵਿਚ ਸਾਬਕਾ ਕੇਂਦਰੀ ਮੰਤਰੀ ਆਨੰਦ ਸ਼ਰਮਾ ਦੀ ਸ਼ਿਮਲਾ ਫੇਰੀ ਸਮੇਂ ਉਸ ਦਾ ਇੰਡੀਆ ਕਾਫੀ ਹਾਊਸ ਵਿਖੇ ਕਾਫੀ ਪੀਣਾ ਹਿਮਾਚਲ ਮੀਡੀਆ ਦੇ ਧਿਆਨ ਵਿਚ ਆਇਆ। ਕਿਸੇ ਸਮੇਂ ਉਹ ਆਮ ਹੀ ਇਥੇ ਆ ਕੇ ਆਪਣੇ ਰਾਜਨੀਤਕ ਵਿਚਾਰ ਆਪਣੇ ਮਿੱਤਰਾਂ ਨਾਲ ਸਾਂਝੇ ਕਰਦਾ ਰਿਹਾ ਹੈ। ਲਿਖਣ ਵਾਲਿਆਂ ਨੇ ਇਹ ਵੀ ਲਿਖਿਆ ਹੈ ਕਿ ਹਿਮਾਚਲ ਦਾ ਰਹਿ ਚੁਕਾ ਮੁੱਖ ਮੰਤਰੀ ਪੀ. ਕੇ. ਧੂਮਲ ਵੀ ਇਥੇ ਆਉਂਦਾ ਰਿਹਾ ਹੈ।

ਮੈਂ ਰਾਜਨੀਤੀ ਵਿਚ ਤਾਂ ਕੋਈ ਥਾਂ ਨਹੀਂ ਬਣਾਇਆ ਪਰ ਮੈਂ ਵੀ ਨਵੀਂ ਦਿੱਲੀ ਤੇ ਜਲੰਧਰ ਦੇ ਕਾਫੀ ਹਾਊਸਾਂ ਵਿਚ ਮਿੱਤਰਾਂ ਨੂੰ ਮਿਲਦਾ ਰਿਹਾ ਹਾਂ। ਮੈਂ ਨਵੀਂ ਦਿੱਲੀ ਦੇ ਕਾਫੀ ਹਾਊਸ ਦਾ ਉਦਘਾਟਨ ਉਸ ਵੇਲੇ ਦੇ ਕੇਂਦਰੀ ਮੰਤਰੀ ਕ੍ਰਿਸ਼ਨਾ ਮੈਨਨ ਵਲੋਂ ਹੁੰਦਾ ਤੱਕਿਆ ਹੈ। ਇੱਕ ਵਾਰੀ ਤ੍ਰੀਵੈਂਦਰਮ (ਕੇਰਲਾ) ਗਿਆ ਤਾਂ ਘੁੰਮਦਾ ਘੁਮਾਉਂਦਾ ਉਥੋਂ ਦੇ ਇੰਡੀਆ ਕਾਫੀ ਹਾਊਸ ਜਾ ਵੜਿਆ। ਬੈਠਣ ਦੀ ਦੇਰ ਸੀ ਕਿ ਇੱਕ ਬੈਰੇ ਨੇ ਸਤਿ ਸ੍ਰੀ ਅਕਾਲ ਆ ਬੁਲਾਈ। ਪਤਾ ਲੱਗਾ ਕਿ ਉਹ ਨਵੀਂ ਦਿੱਲੀ ਤੋਂ ਬਦਲ ਕੇ ਇਥੇ ਆਇਆ ਸੀ। ਮੈਨੂੰ ਨਵੀਂ ਦਿੱਲੀ ਤੋਂ ਪਛਾਣਦਾ ਸੀ। ਉਦੋਂ ਮੈਨੂੰ ਜਾਪਿਆ ਜਿਵੇਂ ਮੈਂ ਉਸ ਕਲੱਬ ਦਾ ਮੈਂਬਰ ਹੋਵਾਂ, ਜਿਸ ਦੀਆਂ ਸ਼ਾਖਾਵਾਂ ਭਾਰਤ ਦੇ ਕੋਨੇ-ਕੋਨੇ ਵਿਚ ਹਨ। ਮੈਂ ਸ਼ਿਮਲੇ ਵਾਲੇ ਕਾਫੀ ਹਾਊਸ ਦੀ ਗੱਲ ਧਰਮਪੁਰ ਬੈਠਿਆਂ ਪੜ੍ਹੀ ਤਾਂ ਇੱਕ ਵਾਰੀ ਫੇਰ ਉਹੀਓ ਅਹਿਸਾਸ ਹੋਇਆ। ਇੰਡੀਆ ਕਾਫੀ ਹਾਊਸ ਜ਼ਿੰਦਾਬਾਦ!
ਬਲਜੀਤ ਬਾਸੀ ਤੇ ਮਿਰਕਣ ਆਦਿਵਾਸੀ: ਬਲਜੀਤ ਬਾਸੀ ਦਾ ਜੱਦੀ ਪਿੰਡ ਬੰਡਾਲਾ ਹੈ। ਹਰਕਿਸ਼ਨ ਸਿੰਘ ਸੁਰਜੀਤ ਵਾਲਾ। ਜਦੋਂ ਮੈਂ 1995 ਵਿਚ ਅਖਬਾਰ ‘ਦੇਸ਼ ਸੇਵਕ’ ਦੀ ਸੰਪਾਦਕੀ ਸੰਭਾਲੀ ਤਾਂ ਉਹ ਪੰਜਾਬ ਯੂਨੀਵਰਸਟੀ ਵਿਚ ਪੜ੍ਹਾ ਕੇ ਸਿੱਧਾ ਮੇਰੇ ਦਫਤਰ ਆ ਜਾਂਦਾ, ਮੇਰਾ ਹੱਥ ਵਟਾਉਣ। ਉਹ 2001 ਤੋਂ ਅਮਰੀਕਾ ਰਹਿ ਰਿਹਾ ਹੈ। ਇਸ ਵਾਰੀ ਪੰਜਾਬ ਆਇਆ ਤਾਂ ਮਿਲ ਕੇ ਗਿਆ। ਅਸੀਂ ਮਿਰਕਣ ਆਦਿਵਾਸੀਆਂ ਨੂੰ ਚੇਤੇ ਕੀਤਾ। ਮੇਰੀ ਅਮਰੀਕਾ ਫੇਰੀ ਸਮੇਂ ਉਹ ਐਨਾਰਬਰ ਦੇ ਨੇੜੇ, ਜਿੱਥੇ ਕਦੀ ਗੁਰਬਖਸ਼ ਸਿੰਘ ਪ੍ਰੀਤ ਲੜੀ ਪੜ੍ਹਦਾ ਰਿਹਾ ਸੀ, ਡਿਟਰਾਇਟ ਖੇਤਰ ਵਿਚ ਰਹਿੰਦਾ ਸੀ, ਕੌਨਸਟੈਂਟਿਨ ਪਿੰਡ ਵਿਚ। ਉਹ ਤੇ ਉਸ ਦੀ ਪਤਨੀ ਰੂਪਿੰਦਰ ਵੀਹ ਮੀਲ ਦੀ ਦੂਰੀ ਉਤੇ ਕੋਈ ਆਮ ਜਿਹਾ ਕੰਮ ਕਰਦੇ ਸਨ। ਧੰਦਾ ਆਮ ਤੇ ਪੈਸਾ ਖਾਸਾ, ਡਾਲਰ ਹੀ ਡਾਲਰ। ਇਥੇ ਬਾਸੀ ਪ੍ਰੋਫੈਸਰ ਸੀ ਤੇ ਰੂਪਿੰਦਰ ਕੰਪਿਊਟਰ ਦੀ ਮਾਹਰ। ਉਨ੍ਹਾਂ ਨੂੰ ਮਤ੍ਰੇਈ ਧਰਤੀ ਨੇ ਆਪਣੀ ਗੋਦ ਵਿਚ ਲੈ ਲਿਆ ਸੀ। ਬੱਚੇ (ਟਿਮਟਿਮ ਤੇ ਕੈਂਡੀ) ਉਨ੍ਹਾਂ ਨਾਲੋਂ ਵੀ ਖੁਸ਼। ਪੜ੍ਹਾਈ ਵਿਚ ਸਭ ਤੋਂ ਵੱਧ ਨੰਬਰ ਲੈਣ ਵਾਲੇ। ਉਹ ਮੈਨੂੰ ਕੈਲਮਜ਼ੂ ਸਟੇਸ਼ਨ ਤੋਂ ਲੈਣ ਆਇਆ। ਰਸਤੇ ਵਿਚ ਆਮਿਸ਼ ਆਦਿਵਾਸੀਆਂ ਦੇ ਪਿੰਡ ਸਨ। ਉਹ ਲੋਕ ਅਮਰੀਕਨਾਂ ਵਿਚ ਨਹੀਂ ਰਲਦੇ। ਘੋੜੇ ਪਾਲਦੇ, ਤਾਂਗੇ ਵਾਹੁੰਦੇ ਤੇ ਖੇਤੀ ਕਰਦੇ ਹਨ। ਪੁਰਾਤਨਤਾ ਵਿਚ ਮਸਤ। ਬਾਸੀ ਨੇ ਉਨ੍ਹਾਂ ਦੇ ਪਿੰਡ ਤੇ ਘਰ ਵਿਖਾਏ। ਰਹਿਣੀ-ਸਹਿਣੀ ਤੇ ਕੰਮ ਧੰਦਾ, ਸਭ ਕੁਝ।
ਸੱਜਰੀ ਮਿਲਣੀ ਵਿਚ ਉਦੋਂ ਵਾਲੀਆਂ ਗੱਲਾਂ ਵੀ ਹੋਈਆਂ ਤੇ ਹੋਰ ਵੀ। ਮੈਂ ਉਨ੍ਹਾਂ ਨੂੰ ਮਿਰਕਣ ਰੈਡ ਇੰਡੀਅਨਜ਼ ਬਾਰੇ ਦੱਸਿਆ। ਉਨ੍ਹਾਂ ਨਾਲ ਖਾਧੇ ਇੱਕ ਭੋਜਨ ਬਾਰੇ, ਜਿੱਥੇ ਉਨ੍ਹਾਂ ਦੇ ਵਡੇਰੇ ਨੇ ਖਾਣਾ ਖਾਣ ਤੋਂ ਪਹਿਲਾਂ ਜਿਹੜੀ ਆਪਣੀ ਭਾਸ਼ਾ ਵਿਚ ਅਰਦਾਸ ਕੀਤੀ ਸੀ। ਉਹ ਪੇਂਡੂ ਪੰਜਾਬੀਆਂ ਦੀ ਉਸ ਅਰਦਾਸ ਵਰਗੀ ਸੀ, ਜੋ ਪੰਜਾਬ ਦੇ ਟਾਵੇਂ-ਟਾਵੇਂ ਬਜ਼ੁਰਗ ਅੱਜ ਵੀ ਕਰਦੇ ਹਨ:
ਦੱਦਾ ਦਾਤਾ ਏਕ ਹੈ
ਸਭ ਕੋ ਦੇਵਣਹਾਰ
ਦਿੰਦਿਆਂ ਟੋਟ ਨਾ ਆਵਈ
ਅਟੁੱਟ ਭਰੇ ਭੰਡਾਰ
ਜਿਸਦਾ ਦਿੱਤਾ ਖਾਵਣਾ
ਤਿਸ ਕਹੀਏ ਸ਼ਾਬਾਸ਼।
ਬਲਜੀਤ ਬਾਸੀ ਨਾਲ ਇਸ ਮਿਲਣੀ ਸਮੇਂ, ਜਿਸ ਵਿਚ ਰਘਬੀਰ ਸਿੰਘ ਸਿਰਜਣਾ ਵੀ ਸ਼ਾਮਲ ਸੀ, ਅਸੀਂ ਅਰਦਾਸ ਤਾਂ ਨਹੀਂ ਕੀਤੀ ਪਰ ਅਮਰੀਕਾ ਤੇ ਪੰਜਾਬ ਦੀ ਪੁਰਾਤਨਤਾ ਨੂੰ ਖੂਬ ਚੇਤੇ ਕੀਤਾ। ਚਰਖੇ, ਚੱਕੀਆਂ ਤੇ ਚਿਮਟਿਆਂ ਸਮੇਤ ਮਜ਼ਾ ਆ ਗਿਆ।
ਭਗਤ ਸਿੰਘ ਸ਼ਹੀਦ ਦਾ ਨਸੀਮ ਚੰਗੇਜ਼ੀ: ਪਿਛਲੇ ਹਫਤੇ ਦਿੱਲੀ ਦੇ ਇਕ ਬਿਰਧ ਸੁਤੰਤਰਤਾ ਸੰਗਰਾਮੀ ਨਸੀਮ ਮਿਰਜ਼ਾ ਚੰਗੇਜ਼ੀ ਦੇ ਤੁਰ ਜਾਣ ਦੀ ਖਬਰ ਮਿਲੀ। ਉਹ 106 ਸਾਲ ਦਾ ਹੋ ਕੇ ਗਿਆ। ਉਹ ਪੁਰਾਣੀ ਦਿੱਲੀ ਦੀ ਜਾਮਾ ਮਸਜਿਦ ਨੇੜੇ ਰਹਿੰਦਾ ਸੀ।
ਮੀਡੀਆ ਅਨੁਸਾਰ ਅਸੈਂਬਲੀ ਵਿਚ ਬੰਬ ਸੁੱਟਣ ਤੋਂ ਮਹੀਨਾ ਪਹਿਲਾਂ ਸ਼ਹੀਦ ਭਗਤ ਸਿੰਘ ਵੀ ਜਾਮਾ ਮਸਜਿਦ ਦੇ ਪਿਛਲੇ ਪਾਸੇ ਦਿੱਲੀ ਦੇ ਇੱਕ ਪਿਆਓ ਵਿਚ ਪੰਡਿਤ ਬਣ ਕੇ ਰਿਹਾ ਸੀ, ਨਵੀਂ ਦਿੱਲੀ ਦੀ ਅਸੈਂਬਲੀ ਬਾਰੇ ਸੂਹ ਲੈਣ ਲਈ। ਚੰਗੇਜ਼ੀ ਦੇ ਕਥਨ ਅਨੁਸਾਰ ਭਗਤ ਸਿੰਘ ਉਸ ਦੇ ਘਰ ਨਹੀਂ ਸੀ ਰਹਿ ਸਕਦਾ, ਜਿੱਥੇ ਮਾਸ ਬਣਦਾ ਸੀ। ਪਰ ਚੰਗੇਜ਼ੀ ਤੇ ਉਸ ਦੇ ਮਾਪਿਆਂ ਨੇ ਸ਼ਹੀਦ ਨੂੰ ਪਿਆਓ ‘ਤੇ ਠਹਿਰਾ ਦਿੱਤਾ ਸੀ। ਨਸੀਮ ਚੰਗੇਜ਼ੀ ਖੁਦ ਪੜ੍ਹਨ-ਲਿਖਣ ਵਾਲਾ ਬੰਦਾ ਸੀ। ਉਹ ਆਪਣੇ ਪਿੱਛੇ ਦੋ ਪੁੱਤਾਂ ਤੇ ਸੱਤ ਧੀਆਂ ਦਾ ਵੱਡਾ ਪਰਿਵਾਰ ਛੱਡ ਕੇ ਗਿਆ ਹੈ। ਆਮੀਨ!
ਅੰਤਿਕਾ: ਮਿਰਜ਼ਾ ਗਾਲਿਬ
ਚਾਹੀਏ ਅੱਛੋਂ ਕੋ ਜਿਤਨਾ ਚਾਹੀਏ
ਯੀਹ ਅਗਰ ਚਾਹੇਂ ਤੋਂ ਫਿਰ ਕਯਾ ਚਾਹੀਏ।
ਮੁਨਹਸਰ ਮਰਨੇ ਪੇ ਹੋ ਜਿਸ ਕੀ ਉਮੀਦ
ਨਾਉਮੀਦੀ ਉਸ ਕੀ ਦੇਖਾ ਚਾਹੀਏ।