ਚੜ੍ਹਿਆ ਮਾਘ ਤੇ ਮਾਘੀ ਆਈ

ਸਿਆਲ ਦੀ ਠੰਢ ਨਾਲ ਠਰੇ ਮਹੀਨੇ ਪੋਹ ਤੋਂ ਬਾਅਦ ਮਾਘ ਦਾ ਅਰੰਭ ਹੀ ਤਿਉਹਾਰ ਤੋਂ ਹੁੰਦਾ ਹੈ। ਮਾਘ ਦੀ ਸੰਗਰਾਂਦ ਮੌਕੇ ਮਾਘੀ ਦਾ ਮੇਲਾ ਭਰਦਾ ਹੈ। ਇਹੀ ਉਹ ਦਿਨ ਹੁੰਦੇ ਹਨ ਜਦੋਂ ਠੰਢ ਦੀ ਜਕੜ ਟੁੱਟਣ ਲਗਦੀ ਹੈ ਅਤੇ ਬਨਸਪਤੀ ਮੁੜ ਮੌਲਣ ਲਗਦੀ ਹੈ। ਦਰੱਖਤ ਨਿੱਕੀਆਂ, ਮੁਲਾਇਮ ਤੇ ਮਲੂਕ ਪੱਤੀਆਂ ਨਾਲ ਸਜਦੇ ਜਾਪਦੇ ਹਨ। ਦੇਸੀ ਸਾਲ ਦੇ ਇਸ 11ਵੇਂ ਮਹੀਨੇ ਦਾ ਆਪਣਾ ਹੀ ਰੰਗ ਹੁੰਦਾ ਹੈ।

ਇਹ ਮਹੀਨਾ ਅਸਲ ਵਿਚ ਸੁਹਾਵਣੇ ਮੌਸਮ ਦੀ ਦਸਤਕ ਹੈ। ਬਾਰਾਹਮਾਹ ਦੇ ਲੇਖਕ ਆਸਾ ਸਿੰਘ ਘੁਮਾਣ ਨੇ ਇਸ ਲੇਖ ਵਿਚ ਮਾਘ ਦੀ ਖੂਬਸੂਰਤੀ ਬਿਆਨ ਕੀਤੀ ਹੈ। -ਸੰਪਾਦਕ

ਆਸਾ ਸਿੰਘ ਘੁਮਾਣ
ਫੋਨ: 91-98152-53245
ਮਾਘ ਮਹੀਨੇ ਦਾ ਆਗਾਜ਼ ਹੀ ਤਿਉਹਾਰ ਨਾਲ ਹੁੰਦਾ ਹੈ। ਮਾਘ ਦੀ ਸੰਗਰਾਂਦ ਮਾਘੀ ਅਖਵਾਉਂਦੀ ਹੈ। ਇਹ ਦਿਹਾੜਾ ਪੁਰਾਤਨ ਸਮਿਆਂ ਤੋਂ ਹੀ ਸ਼ੁਭ ਮੰਨਿਆ ਜਾਂਦਾ ਹੈ। ਇਸ ਦਿਨ ਵਿਸ਼ੇਸ਼ ਤੌਰ ‘ਤੇ ਧਾਰਮਿਕ ਸਥਾਨਾਂ ਸਥਿਤ ਸਰੋਵਰਾਂ ਵਿਚ ਅਤੇ ਧਾਰਮਿਕ ਮੰਨੀਆਂ ਜਾਂਦੀਆਂ ਨਦੀਆਂ ਵਿਚ ਇਸ਼ਨਾਨ ਕਰਨ ਦਾ ਖਾਸ ਮਹਾਤਮ ਮੰਨਿਆ ਜਾਂਦਾ ਹੈ। ਸ਼ੁਰੂ-ਸ਼ੁਰੂ ਵਿਚ ਤਾਂ ਗੰਗਾ-ਜਮਨਾ ਦਰਿਆਵਾਂ ਵਿਚ ਇਸ਼ਨਾਨ ਕਰਨਾ ਸ਼ੁਭਤਮ ਸਮਝਿਆ ਜਾਂਦਾ ਸੀ ਪਰ ਹੌਲੀ-ਹੌਲੀ ਇਹ ਧਾਰਨਾ ਟੁੱਟਣ ਲੱਗੀ ਤੇ ਕਿਸੇ ਵੀ ਵੇਈਂ, ਦਰਿਆ, ਨਦੀ ਆਦਿ ‘ਤੇ ਇਸ਼ਨਾਨ ਕਰਨ ਦਾ ਰਿਵਾਜ ਚੱਲ ਪਿਆ। ਹੁਣ ਭਾਵੇਂ ਇਹ ਪਰੰਪਰਾਵਾਂ ਟੁੱਟ ਰਹੀਆਂ ਹਨ, ਪਰ ਬਹੁਤ ਸਾਰੇ ਲੋਕ ਐਸੇ ਹੁੰਦੇ ਹਨ ਜਿਨ੍ਹਾਂ ਨੂੰ ਪ੍ਰਥਾ ਜਾਂ ਪਰੰਪਰਾ ਨਾਲੋਂ ਟੁੱਟਣਾ ਔਖਾ ਲੱਗਦਾ ਹੈ, ਇਸ ਲਈ ਇਹ ਕਿਸੇ ਨਾਂ ਕਿਸੇ ਰੂਪ ਵਿਚ ਚੱਲਦੀਆਂ ਰਹਿੰਦੀਆਂ ਹਨ।
ਦੇਖਿਆ ਜਾਵੇ ਤਾਂ ਮਾਘੀ ਦੇ ਤਿਉਹਾਰ ਦਾ ਪਿਛਲੇ ਦਿਨਾਂ ਦੇ ਤਿਉਹਾਰ ਲੋਹੜੀ ਨਾਲੋਂ ਕਿੰਨਾ ਵੱਡਾ ਫਰਕ ਹੁੰਦਾ ਹੈ। ਲੋਹੜੀ ਅੱਗ ਹੈ, ਮਾਘੀ ਠੰਢਕ ਹੈ। ਲੋਹੜੀ ਦਾ ਸਬੰਧ ਮਘਣ ਨਾਲ ਹੁੰਦਾ ਹੈ, ਮਾਘੀ ਦਾ ਠਰਨ ਨਾਲ। ਲੋਹੜੀ ਦੀ ਰਾਤ ਖਾਧੇ ਗਏ ਗਰਮ ਪਦਾਰਥਾਂ ਨਾਲ ਸੇਕੇ ਗਏ ਪੇਟ ਨੂੰ ਠੰਢਕ ਪਹੁੰਚਾਉਣ ਲਈ ਰਾਤ ਗੰਨੇ ਦੇ ਰਸ ਨਾਲ ਰਿੱਝੀ ਖੀਰ, ਦਹੀਂ ਅਤੇ ਕਾਲੀ ਮਿਰਚ ਪਾ ਕੇ ਸਵੇਰੇ ਖਾਧੀ ਜਾਂਦੀ ਹੈ। ਜਿਸਮ ਦੀ ਚਮੜੀ ਨੂੰ ਵੀ ਤਿਲਾਂ ਦੇ ਤੇਲ ਦੀ ਮਾਲਸ਼ ਨਾਲ ਖੁਸ਼ਕੀ-ਗਰਮੀ ਤੋਂ ਰਾਹਤ ਦਿਵਾਈ ਜਾਂਦੀ ਹੈ। ਠੰਢੇ ਪਾਣੀ ਵਿਚ ਇਸ਼ਨਾਨ ਕਰਨ ਦਾ ਵੀ ਸ਼ਾਇਦ ਇਹੀ ਅਰਥ ਹੋਵੇ। ਉਂਜ ਵੀ ਪੋਹ ਵਿਚ ਨਹਾਉਣਾ ਕਿਤੇ ਸੌਖਾ ਕੰਮ ਹੁੰਦਾ? ਪੁਰਾਣੇ ਪੰਜਾਬੀਆਂ ਕੋਲ ਅੱਜ ਵਾਲੀਆਂ ਸਹੂਲਤਾਂ ਕਿਥੇ ਸਨ? ਨਾ ਬਾਥ-ਰੂਮ ਸਨ ਅਤੇ ਨਾ ਹੀ ਗੀਜ਼ਰ ਤੇ ਨਾ ਹੀ ਹੀਟਰ। ਪਾਣੀ ਦੀ ਵੀ ਕਮੀ ਸੀ, ਖੂਹੀਆਂ ਵਿਚੋਂ ਬਾਲਟੀ ਨਾਲ ਪਾਣੀ ਕੱਢਿਆ ਜਾਂਦਾ ਸੀ। ਠੰਢ ਅਤੇ ਬਰਫ ਪੈਣ ਕਰ ਕੇ ਨਦੀਆਂ ਵਿਚ ਵੀ ਪਾਣੀ ਘਟ ਜਾਂਦਾ ਸੀ।
ਮਾਘੀ ਵਾਲੇ ਦਿਨ ਕਈ ਥਾਂਵਾਂ ‘ਤੇ ਮੇਲੇ ਲੱਗਦੇ ਹਨ। ਪੰਜਾਬ ਵਿਚ ਵੀ ਮੁਕਤਸਰ ਦਾ ਮਾਘੀ ਮੇਲਾ ਮਸ਼ਹੂਰ ਹੈ। ਸੰਗਤਾਂ ਦੂਰ-ਦੂਰ ਤੋਂ ਇਥੇ ਪਹੁੰਚਦੀਆਂ ਹਨ ਅਤੇ 40 ਮੁਕਤਿਆਂ ਦੀ ਕੁਰਬਾਨੀ ਯਾਦ ਕਰਦਿਆਂ ਸ਼ਰਧਾ ਸਹਿਤ ਇਸ਼ਨਾਨ ਕਰਦੀਆਂ ਹਨ। ਬਹੁਤ ਸਾਰੇ ਲੋਕ ਰਾਤ ਮੁਕਤਸਰ ਸਾਹਿਬ ਪਹੁੰਚ ਜਾਂਦੇ ਹਨ ਅਤੇ ਸਵੇਰੇ ਸਾਜਰੇ ਉਠ ਕੇ ਇਸ਼ਨਾਨ ਕਰਦੇ ਹਨ ਪਰ ਅਫਸੋਸ ਕਿ ਕੁਝ ਸਮੇਂ ਤੋਂ ਮੁਕਤਸਰ ਦੀ ਮਾਘੀ ਸਿਆਸੀ ਕਾਨਫਰੰਸਾਂ ਦੀ ਭੇਟ ਚੜ੍ਹ ਗਈ ਹੈ। ਸਾਰੀਆਂ ਹੀ ਪਾਰਟੀਆਂ ਵੱਧ ਤੋਂ ਵੱਧ ਭੀੜ ਇਕੱਠੀ ਕਰਨ ਦੀ ਕੋਸ਼ਿਸ਼ ਵਿਚ ਸ਼ਰਧਾਲੂਆਂ ਲਈ ਟਰੈਫਿਕ ਦੀ ਸਮੱਸਿਆ ਖੜ੍ਹੀ ਕਰ ਦਿੰਦੀਆਂ ਹਨ। ਕਈ ਸ਼ਰਧਾਲੂ ਸਰੋਵਰ ਤੱਕ ਪਹੁੰਚ ਹੀ ਨਹੀਂ ਸਕਦੇ। ਬਜਾਇ ਇਸ ਦੇ ਕਿ ਉਸ ਦਿਨ ਨਾਲ ਸਬੰਧਤ ਸ਼ਖਸੀਅਤਾਂ ਬਾਰੇ ਵਾਕਫੀਅਤ ਹਾਸਲ ਕੀਤੀ ਜਾਵੇ, ਮਾਈ ਭਾਗੋ ਅਤੇ ਚਾਲੀ ਮੁਕਤਿਆਂ ਬਾਰੇ ਜਾਣਿਆ ਜਾਵੇ, ਇਹ ਦਿਹਾੜਾ ਸਿਆਸੀ ਗਾਲੀ-ਗਲੋਚ ਦੀ ਭੇਟ ਚੜ੍ਹ ਜਾਂਦਾ ਹੈ।
ਇਥੇ ਇਹ ਚਿੰਤਾ ਜਾਹਰ ਕਰਨੀ ਵੀ ਜਾਇਜ਼ ਹੋਵੇਗੀ ਕਿ ਪੰਜਾਬੀ ਲੋਕ ਤਾਂ ਪਹਿਲਾਂ ਹੀ ਇਤਿਹਾਸ ਪੱਖੋਂ ਗਾਫਲ ਹਨ। ਮਸਲਨ, ਪੰਜਾਬੀ ਬੱਚੇ ‘ਖੂਬ ਲੜੀ ਮਰਦਾਨੀ, ਵੋ ਤੋ ਝਾਂਸੀ ਵਾਲੀ ਰਾਨੀ ਥੀ’ ਬਾਰੇ ਤਾਂ ਜਾਣਦੇ ਹੋਣਗੇ ਜੋ ਦੇਸ਼ ਦੀ ਆਜ਼ਾਦੀ ਲਈ ਨਹੀਂ ਸਗੋਂ ਆਪਣੀ ਰਿਆਸਤ ਨੂੰ ਬਚਾਉਣ ਲਈ ਮੁਤਬੰਨਾ ਐਕਟ ਦੇ ਖਿਲਾਫ ਲੜੀ ਪਰ ਮਾਈ ਭਾਗੋ ਇਤਿਹਾਸ ਵਿਚ ਇਕੱਲੀ ਐਸੀ ਮਿਸਾਲ ਹੈ ਜਿਸ ਵਿਚ ਸ਼ਰਧਾ, ਧਰਮ ਅਤੇ ਅਣਖ ਖਾਤਰ ਕਿਸੇ ਪੰਜਾਬਣ ਨੇ ਘੋੜ-ਸਵਾਰ ਹੋ ਕੇ, ਹੱਥ ਤਲਵਾਰ ਫੜ੍ਹ ਮਰਦ-ਭਰਾਵਾਂ ਦੇ ਟੁੱਟੇ ਹੌਸਲੇ ਬੁਲੰਦ ਕੀਤੇ ਅਤੇ ਆਪਣੀ ਜਾਨ ਵਾਰ ਦਿੱਤੀ।
ਇਸ ਮਹੀਨੇ ਬਾਰੇ ਗੁਰੂ ਅਰਜਨ ਦੇਵ ਜੀ ਵੀ ਹਿੰਦੁਸਤਾਨੀ ਪਰੰਪਰਾ ਦੀ ਤਰਜ਼ ‘ਤੇ ਲਿਖਦੇ ਹਨ:
ਮਾਘਿ ਮਜਨੁ ਸੰਗਿ ਸਾਧੂਆ
ਧੂੜੀ ਕਰਿ ਇਸ਼ਨਾਨ॥
ਹਰਿ ਕਾ ਨਾਮ ਧਿਆਇ ਸੁਣਿ
ਸਭਨਾ ਨੋ ਕਰਿ ਦਾਨੁ॥
ਜਨਮ ਕਰਮ ਮਲੁ ਉਤਰੈ
ਮਨ ਤੇ ਜਾਇ ਗੁਮਾਨ॥
ਕਾਮਿ ਕਰੋਧਿ ਨ ਮੋਹੀਐ
ਬਿਨਸੈ ਲੋਭੁ ਸੁਆਨ॥
ਸਚੇ ਮਾਰਗ ਚਲਦਿਆ
ਉਸਤਤ ਕਰੇ ਜਹਾਨੁ॥
ਅਠਸਠਿ ਤੀਰਥ ਸਗਲ ਪੁੰਨ
ਜੀਅ ਦਇਆ ਪਰਵਾਨ॥
ਜਿਸ ਨੋ ਦੇਵੇ ਦਇਆ ਕਰਿ
ਸੋਈ ਪੁਰਖੁ ਸੁਜਾਨੁ॥
ਜਿਨਾ ਮਿਲਿਆ ਪ੍ਰਭ ਆਪਣਾ
ਨਾਨਕ ਤਿਨ ਕੁਰਬਾਨੁ॥
ਮਾਘਿ ਸੁਚੇ ਸੇ ਕਾਂਢੀਅਹਿ
ਜਿਨ ਪੂਰਾ ਗੁਰ ਮਿਹਰਵਾਨੁ॥
ਗੁਰੂ ਨਾਨਕ ਦੇਵ ਰਚਿਤ ਮਾਘੁ-ਰਚਨਾ ਵਿਚ ਵੀ ਕੁਦਰਤ ਚਿਤਰਨ ਨਾਲੋਂ ਤੀਰਥ, ਦਾਨ, ਇਸ਼ਨਾਨ ਤੇ ਧਿਆਨ ਦਾ ਵਰਣਨ ਵੱਧ ਹੈ:
ਮਾਘਿ ਪੁਨੀਤ ਭਈ
ਤੀਰਥੁ ਅੰਤਰਿ ਜਾਨਿਆ॥
ਸਾਜਨ ਸਹਜਿ ਮਿਲੇ
ਗੁਣ ਗਹਿ ਅੰਕ ਸਮਾਨਿਆ॥
ਪ੍ਰੀਤਮ ਗੁਣ ਅੰਕੇ ਸੁਣਿ ਪ੍ਰਭ ਬੰਕੇ
ਤੁਧ ਭਾਵਾ ਸਰਿ ਨਾਵਾ॥
ਗੰਗ ਜਮੁਨ ਤਹ ਬੇਣੀ ਸੰਗਮ
ਸਾਤ ਸਮੁੰਦ ਸਮਾਵਾ॥
ਪੁੰਨਿ ਦਾਨ ਪੂਜਾ ਪਰਮੇਸਰ
ਜੁਗਿ ਜੁਗਿ ਏਕੋ ਜਾਤਾ॥
ਨਾਨਕ ਮਾਘਿ ਮਹਾ ਰਸੁ ਹਰਿ ਜਪਿ
ਅਠਸਠਿ ਤੀਰਥ ਨਾਤਾ॥
ਗੁਰੂ ਨਾਨਕ ਬਹੁਤ ਵੱਡੇ ਤਰਕਸ਼ੀਲ ਤੇ ਸਮਾਜ ਸੁਧਾਰਕ ਸਨ ਅਤੇ ਧਾਰਮਿਕ ਅਡੰਬਰਾਂ ਦੇ ਖਿਲਾਫ ਸਨ। ਉਚ ਪਾਏ ਦੀ ਵਿਦਿਆ ਪ੍ਰਾਪਤ ਹੋਣ ਕਰ ਕੇ ਉਹ ਸਮਾਜਕ ਵਰਤਾਰਿਆਂ ਨੂੰ ਚੰਗੀ ਤਰ੍ਹਾਂ ਸਮਝਦੇ ਸਨ। ਉਹ ਜਾਣਦੇ ਸਨ ਕਿ ਜਿੰਨੀ ਦੇਰ ਤੱਕ ਮਨੁੱਖ ਆਪਣੇ ਮਨ ਦੀ ਸ਼ੁਧੀ ਨਹੀਂ ਕਰਦਾ, ਆਪਣੇ ਅੰਦਰ ਦੀ ਤੀਰਥ ਯਾਤਰਾ ਨਹੀਂ ਕਰਦਾ, ਓਨੀ ਦੇਰ ਤੱਕ ਗੰਗਾ-ਜਮਨਾ ਦੇ ਸੰਗਮ ਦੀ ਯਾਤਰਾ ਅਤੇ ਇਸ਼ਨਾਨ ਫਜ਼ੂਲ ਹਨ। ਇਹ ਸਾਰੀ ਪ੍ਰਕਿਰਿਆ ਅੰਦਰੂਨੀ ਅਤੇ ਨਿਰੰਤਰ ਹੋਣੀ ਚਾਹੀਦੀ ਹੈ। ਇਹ ਜੀਵਨ ਜਾਚ ਬਣਨੀ ਚਾਹੀਦੀ ਹੈ। ਇਕ ਦਿਨ ਦੇ ਮਾਘੀ ਇਸ਼ਨਾਨ ਨਾਲ ਸੁੱਚਮ ਪ੍ਰਾਪਤੀ ਨਹੀਂ ਹੋ ਸਕਦੀ।
ਮਾਘ ਮਹੀਨੇ ਕੀਤੇ ਜਾਂਦੇ ਪੁੰਨ-ਦਾਨ, ਇਸ਼ਨਾਨ ਬਾਰੇ ਲੋਕ ਗੀਤਾਂ ਵਿਚ ਵੀ ਅਜਿਹਾ ਹੀ ਜ਼ਿਕਰ ਹੈ:
ਮਾਘ ਦੇ ਮਹੀਨੇ ਜੀ ਮੈਂ ਇਸ਼ਨਾਨ ਕਰਦੀ
ਮੋਤੀਆਂ ਦੇ ਲਾਲ ਹੱਥੋਂ, ਪੁੰਨ-ਦਾਨ ਕਰਦੀ।
ਵੀਹਵੀਂ ਸਦੀ ਦਾ ਹਰਮਨ ਪਿਆਰਾ ਸ਼ਾਇਰ ਸ਼ਿਵ ਕੁਮਾਰ ਬਟਾਲਵੀ ਵੀ ਬੜੇ ਪਿਆਰੇ ਅੰਦਾਜ਼ ਵਿਚ ਮਾਘ ਦੀ ਸੰਗਰਾਂਦ ਨੂੰ ਉਚੇ-ਸੁੱਚੇ ਅਹਿਸਾਸ ਨਾਲ ਜੋੜਦਾ ਹੈ:
ਮਾਂ ਨੀ ਮਾਂ
ਜੇ ਇਜਾਜ਼ਤ ਦਏ ਤਾਂ
ਮੈਂ ਇਕ ਵਾਰੀ ਲੈ ਲਵਾਂ
ਮਾਘ ਦੀ ਹਾਏ ਸੁੱਚੜੀ
ਸੰਗਰਾਂਦ ਵਰਗਾ ਤੇਰਾ ਨਾਂ।
ਮਾਘ ਦਾ ਮਹੀਨਾ ਅੰਗਰੇਜ਼ੀ ਮਹੀਨਿਆਂ ਦੇ ਹਿਸਾਬ ਨਾਲ 14 ਜਨਵਰੀ ਤੋਂ 13 ਫਰਵਰੀ ਤੱਕ ਚੱਲਦਾ ਹੈ। ਲੋਹੜੀ-ਮਾਘੀ ਕਿਉਂਕਿ ਸੂਰਜ ਵਰ੍ਹੇ ਅਨੁਸਾਰ ਆਉਂਦੇ ਹਨ, ਇਸ ਕਰ ਕੇ ਮਾਘੀ ਪੱਕੇ ਤੌਰ ‘ਤੇ ਹੀ 14 ਜਨਵਰੀ ਨੂੰ ਆਉਂਦੀ ਹੈ ਤੇ ਲੀਪ ਵਾਲੇ ਸਾਲ ਇਕ ਦਿਨ ਅੱਗੇ ਚਲੀ ਜਾਂਦੀ ਹੈ। ਪੰਜਾਬ ਵਿਚ ਮਾਘੀ ਦੀ ਸੰਗਰਾਂਦ ਨੂੰ ਸੂਰਜ 7:31 ‘ਤੇ ਸਵੇਰੇ ਨਿਕਲਦਾ ਹੈ ਅਤੇ 5:48 ‘ਤੇ ਡੁੱਬਦਾ ਹੈ। ਮਾਘ ਦੇ ਮਹੀਨੇ ਸਹਿਜ ਭਾ ਦਿਨ-ਬ-ਦਿਨ ਸਰਦੀ ਘਟਣ ਲੱਗਦੀ ਹੈ ਪਰ ਕਦੀ-ਕਦੀ ਬਰਸਾਤ ਹੋਣ ਨਾਲ ਠੰਢ ਇਕ ਦਮ ਵਧ ਜਾਂਦੀ ਹੈ ਅਤੇ ਧੁੰਦਾਂ ਪੈਣ ਲੱਗਦੀਆਂ ਹਨ। ਪੰਜਾਬੀਆਂ ਦਾ ਪਾਲੇ ਬਾਰੇ ਬੜਾ ਵਧੀਆ ਅਖਾਣ ਹੈ: “ਪਾਲਾ ਪੋਹ ਦਾ ਨਾ ਮਾਘ ਦਾ, ਪਾਲਾ ਵਾਓ ਦਾ।” ਸੋ ਇਸ ਮਹੀਨੇ ਵੀ ਮੀਂਹ ਦੀਆਂ ਚਾਰ ਛਿੱਟਾਂ ਪੈ ਜਾਣ ਅਤੇ ਹਵਾ ਚੱਲ ਪਵੇ ਤਾਂ ਫਿਰ ਭਰ-ਸਿਆਲਾ ਬਣ ਜਾਂਦਾ ਹੈ।
ਮਾਘ-ਫੱਗਣ ਦੀ ਰੁੱਤ ਪੰਜਾਬੀ ਰੁੱਤ-ਚੱਕਰ ਵਿਚ ਬਸੰਤ ਰੁੱਤ ਅਖਵਾਉਂਦੀ ਹੈ, ਭਾਵੇਂ ਬਸੰਤ ਦਾ ਪਹਿਲਾ ਦਿਨ ਬਸੰਤ ਪੰਚਮੀ ਦਾ ਦਿਨ ਮੰਨਿਆ ਜਾਂਦਾ ਹੈ। ਇਸ ਰੁੱਤ ਨੂੰ ਪੰਜਾਬ ਦੀ ਸਭ ਤੋਂ ਮਿੱਠੀ ਰੁੱਤ ਕਿਹਾ ਜਾਂਦਾ ਹੈ ਅਤੇ ਰਿਤੂ-ਰਾਜ ਕਰ ਕੇ ਜਾਣਿਆ ਜਾਂਦਾ ਹੈ। ਖੇਤਾਂ ਵਿਚ ਇਸ ਮੌਸਮ ਵਿਚ ਦੂਰ-ਦੂਰ ਤੱਕ ਹਰਿਆਵਲ ਅਤੇ ਸੋਨੇ-ਰੰਗੀ ਸਰੋਂ ਅਲੌਕਿਕ ਨਜ਼ਾਰਾ ਸਿਰਜ ਰਹੀ ਹੁੰਦੀ ਹੈ। ਕਿਤੇ-ਕਿਤੇ ਅਲਸੀ ਦੇ ਨੀਲੇ-ਨੀਲੇ ਫੁੱਲ ਆਪਣੀ ਹਾਜ਼ਰੀ ਲੁਆ ਰਹੇ ਹੁੰਦੇ ਹਨ। ਉਧਰੋਂ ਅੰਬਾਂ ਨੂੰ ਨਿੱਕਾ-ਨਿੱਕਾ ਬੂਰ ਪੈਣ ਲੱਗਦਾ ਹੈ। ਸਰਦੀਆਂ ਦੇ ਨਿਕਲਣ ਨਾਲ ਕੋਇਲ ਵੀ ਆਪਣਾ ਸੰਗੀਤ ਸੁਣਾਉਣ ਲੱਗਦੀ ਹੈ। ਸਰੋਂ ਦੇ ਖੇਤਾਂ ਦੁਆਲੇ ਬੰਨਿਆਂ ਉਤੇ ਅਤੇ ਆਡਾਂ ਵਿਚ ਘੁੱਗੀਆਂ ਵੀ ਘੂੰ-ਘੂੰ ਕਰਨ ਲੱਗਦੀਆਂ ਹਨ।
ਅੱਜ ਦੇ ਯੁੱਗ ਵਿਚ ਮਨੁੱਖ ਭਾਵੇਂ ਕੁਦਰਤ ਤੋਂ ਦੂਰ ਹੋ ਰਿਹਾ ਹੈ, ਪਰ ਬੁਨਿਆਦੀ ਤੌਰ ‘ਤੇ ਪੰਜਾਬੀ ਲੋਕ ਕੁਦਰਤ ਦੇ ਅੰਗ-ਸੰਗ ਰਹਿਣ ਵਾਲੇ ਹਨ। ਇਸ ਮੌਸਮ ਵਿਚ ਉਹ ਕੁਦਰਤ ਦੇ ਰੰਗਾਂ ਵਿਚ ਘੁਲ ਮਿਲ ਜਾਣਾ ਲੋਚਦੇ ਹਨ। ਬਸੰਤ ਪੰਚਮੀ ਦੇ ਮੌਕੇ ‘ਤੇ ਪੰਜਾਬੀ ਗੱਭਰੂ ਖੇਤਾਂ ਵਿਚ ਪਸਰੇ ਪੀਲੇ ਰੰਗ ਦੇ ਨਾਲ ਰਲ ਮਿਲ ਜਾਣ ਲਈ ਸਿਰਾਂ ‘ਤੇ ਬਸੰਤੀ ਚੀਰੇ ਸਜਾ ਲੈਂਦੇ ਹਨ ਅਤੇ ਪੰਜਾਬਣਾਂ ਪੀਲੇ ਦੁਪੱਟੇ। ਪੰਜਾਬ ਵਿਚ ਬਸੰਤ ਪੰਚਮੀ ਮੌਕੇ ਕਈ ਸ਼ਹਿਰਾਂ ਵਿਚ ਮੇਲੇ ਲੱਗਦੇ ਹਨ। ਖਾਸ ਤੌਰ ‘ਤੇ ਕਪੂਰਥਲੇ ਸ਼ਾਲਾਮਾਰ ਬਾਗ ਵਿਖੇ ਅਤੇ ਛੇਹਰਟੇ ਤੇ ਪਟਿਆਲਾ ਵਿਖੇ ਬਸੰਤ ਪੰਚਮੀ ਮੌਕੇ ਅਨੇਕਾਂ ਸਾਲਾਂ ਤੋਂ ਮੇਲਾ ਲੱਗਦਾ ਆ ਰਿਹਾ ਹੈ।
ਇਸ ਮੌਸਮ ਵਿਚ ਫੁੱਲਾਂ ‘ਤੇ ਬਹਾਰ ਆਉਣ ਲੱਗਦੀ ਹੈ। ਗੁਲਾਬ ਅਤੇ ਗੇਂਦਾ ਭਰ ਜੋਬਨ ‘ਤੇ ਹੁੰਦੇ ਹਨ। ਪਸੂ-ਪੰਛੀ, ਫੁੱਲ-ਬੂਟੇ ਸਰਦੀਆਂ ਦੇ ਸੂਤਕ ਵਿਚੋਂ ਬਾਹਰ ਆਉਂਦੇ ਹਨ। ਮਰਦ-ਔਰਤ ਵੀ ਟਹਿਕਣ ਲੱਗਦੇ ਹਨ। ਨਵਾਂ ਖੂਨ ਚੱਲਦਾ ਹੈ। ਮੌਸਮ ਵਿਚ ਵੀ ਠਹਿਰਾਓ ਆ ਜਾਂਦਾ ਹੈ। ਅਸਮਾਨ ਵਿਚ ਨਾ ਤਾਂ ਬੱਦਲਾਂ ਦੀ ਹਾਜ਼ਰੀ ਹੁੰਦੀ ਹੈ ਤੇ ਨਾ ਹੀ ਹਵਾ ਅਠਖੇਲੀਆਂ ਕਰਦੀ ਹੈ, ਇਸ ਲਈ ਪਤੰਗਬਾਜ਼ੀ ਲਈ ਵੀ ਇਹ ਬੜਾ ਸੋਹਣਾ ਮੌਸਮ ਹੁੰਦਾ ਹੈ। ਬਸੰਤ ਪੰਚਮੀ ਤਾਂ ਇਸ ਸ਼ੌਕ ਦਾ ਸਿਖਰ ਹੋ ਨਿਬੜਦਾ ਹੈ। ਇਸ ਦਿਨ ਭਾਰਤ ਵਿਚ ਹੀ ਨਹੀਂ, ਪਾਕਿਸਤਾਨ ਵਿਚ ਵੀ ਪਤੰਗਾਂ ਦੇ ਮੁਕਾਬਲੇ ਬੜੇ ਜੋਸ਼ੋ-ਖਰੋਸ਼ ਨਾਲ ਕੀਤੇ-ਕਰਾਏ ਜਾਂਦੇ ਹਨ। ਕਿਹਾ ਜਾਂਦਾ ਹੈ ਕਿ ਮਾਧੋ ਲਾਲ ਹੁਸੈਨ ਪਤੰਗਬਾਜ਼ੀ ਦਾ ਬੜਾ ਸ਼ੌਕੀਨ ਸੀ, ਇਸ ਲਈ ਬਸੰਤ ਪੰਚਮੀ ਦੇ ਮੌਕੇ ‘ਤੇ ਬਸੰਤ ਦਾ ਮੇਲਾ ਬੜੇ ਉਤਸ਼ਾਹ ਨਾਲ ਕਰਾਇਆ ਜਾਂਦਾ ਹੈ; ਹਾਲਾਂਕਿ ਐਸੇ ਮੌਕੇ ਵੀ ਆਏ ਜਦ ਪਾਕਿਸਤਾਨ ਦੀਆਂ ਤੰਗ-ਦਿਲ ਅਤੇ ਕੱਟੜ ਸਰਕਾਰਾਂ ਵੱਲੋਂ ਬਸੰਤ ਪੰਚਮੀ ਦੇ ਮੌਕੇ ਪਤੰਗਬਾਜ਼ੀ ‘ਤੇ ਪਾਬੰਦੀਆਂ ਵੀ ਲਾਈਆਂ ਗਈਆਂ ਪਰ ਆਮ ਲੋਕਾਂ ਵੱਲੋਂ ਸਮੂਹਿਕ ਰੂਪ ਵਿਚ ਇਨ੍ਹਾਂ ਪਾਬੰਦੀਆਂ ਦੀ ਉਲੰਘਣਾ ਕੀਤੀ ਗਈ। ਕੱਟੜ ਪੰਥੀਆਂ, ਮੁਲਾਣਿਆਂ ਅਤੇ ਕਾਜ਼ੀਆਂ ਵੱਲੋਂ ਇਹ ਵੀ ਕਿਹਾ ਜਾਂਦਾ ਰਿਹਾ ਹੈ ਕਿ ਬਸੰਤ ਪੰਚਮੀ ਹਿੰਦੂ ਤਿਉਹਾਰ ਹੈ, ਇਸ ਲਈ ਮੁਸਲਮਾਨਾਂ ਨੂੰ ਇਹ ਤਿਉਹਾਰ ਇਸ ਕਦਰ ਉਤਸ਼ਾਹ ਨਾਲ ਮਨਾਉਣਾ ਠੀਕ ਨਹੀਂ, ਪਰ ਆਮ ਜਨਤਾ ਹਮੇਸ਼ਾ ਪਾਕ-ਦਿਲ ਅਤੇ ਸਾਫ ਸਪਸ਼ਟ ਹੁੰਦੀ ਹੈ।
ਆਮ ਜਨਤਾ ਇਹ ਸਮਝਦੀ ਹੈ ਕਿ ਇਹ ਤਿਉਹਾਰ ਯੁੱਗਾਂ-ਯੁੱਗਾਂ ਤੋਂ ਬਸੰਤ ਰੁੱਤ ਦੇ ਆਗਮਨ ਦੀ ਖੁਸ਼ੀ ਵਿਚ ਮਨਾਇਆ ਜਾਂਦਾ ਰਿਹਾ ਹੈ। ਇਹ ਬਸੰਤ ਰੁੱਤ ਦਾ ਸਵਾਗਤੀ ਤਿਉਹਾਰ ਹੈ। ਇਹ ਖੁਸ਼ੀਆਂ-ਖੇੜਿਆਂ ਨੂੰ ਕਲਾਵੇ ਵਿਚ ਭਰ ਲੈਣ ਦੀ ਚਾਹਨਾ ਹੈ। ਇਹ ਕੁਦਰਤ ਦੇ ਰੰਗਾਂ ਵਿਚ ਰੰਗੇ ਜਾਣ ਦਾ ਮੌਕਾ ਹੈ, ਇਹ ਚੁੰਗੀਆਂ ਭਰਦੀ ਰੂਹ ਦੇ ਉਡੂੰ-ਉਡੂੰ ਕਰਨ ਦੀ ਤਰਜਮਾਨੀ ਹੈ। ਇਹ ਫੁੱਲਾਂ ਦੇ ਖਿੜਨ ਅਤੇ ਰੂਹਾਂ ਦੇ ਮੌਲਣ ਦਾ ਤਿਉਹਾਰ ਹੈ। ਇਹ ਸਾਰਾ ਕੁਝ ਵਾਘਾ ਬਾਰਡਰ ਦੇ ਦੋਹੀਂ ਪਾਸੀਂ ਇਕੋ ਜਿਹਾ ਹੈ। ਦੋਵੀਂ ਪਾਸੀ ਸਰੋਂ ਅਤੇ ਕਣਕ ਭਰ ਜੋਬਨ ‘ਤੇ ਹੁੰਦੀ ਹੈ। ਦੋਵੀਂ ਪਾਸੀਂ ‘ਰੁਤ ਫਿਰੀ ਵਣ ਕੰਬਿਆ’ ਦਾ ਪ੍ਰਤਾਪ ਪ੍ਰਤੱਖ ਨਜ਼ਰੀਂ ਆਉਂਦਾ ਹੈ। ਦੋਵੇਂ ਪਾਸੇ ਹਵਾਵਾਂ ਸੁਗੰਧੀਆਂ ਬਖੇਰਦੀਆਂ ਹਨ। ਦੋਵੀਂ ਪਾਸੀਂ ਮਲਕਾ ਪੁਖਰਾਜ ਦਾ ਰਾਗ ਬਸੰਤ ਵਿਚ ਗਾਇਆ ਗੀਤ ਮਨ ਨੂੰ ਝੂਮਣ ਲਾ ਦਿੰਦਾ ਹੈ:
ਲੋ ਫਿਰ ਬਸੰਤ ਆਈ
ਵਜਨੇ ਲਗੀ ਸ਼ਹਿਨਾਈ…।
ਪੰਜਾਬੀ ਲੋਕ ਆਮ ਕਹਿੰਦੇ ਹਨ:
ਆਈ ਬਸੰਤ ਪਾਲਾ ਉਡੰਤ।
ਪਰ ਬਸੰਤ ਤੱਕ ਪਾਲਾ ਉਡੰਤ ਨਹੀਂ ਹੁੰਦਾ, ਇਸ ਲਈ ਕਈ ਵਿਦਵਾਨ ਸੱਜਣ ਇਹ ਭੁਲੇਖਾ ਖਾਣ ਲੱਗਦੇ ਹਨ ਕਿ ਇਹ ਅਖਾਣ ਗਲਤ ਹੈ। ਮਾਘ ਮਹੀਨੇ ਵਿਚ ਕਈ ਵਾਰ ਠੰਢ ਮੁੜ ਆਣ ਪੈਂਦੀ ਹੈ, ਧੁੰਦ ਵੀ ਪੈ ਜਾਂਦੀ ਹੈ। ਮੀਂਹ ਪੈ ਜਾਵੇ ਤਾਂ ਇਕ ਵਾਰੀ ਫਿਰ ਪੂਰਾ ਸਿਆਲ ਬਣ ਜਾਂਦਾ ਹੈ। ਉਸ ਮੌਸਮ ਵਿਚ Ḕਪਾਲਾ ਉਡੰਤḔ ਵਾਲੀ ਗੱਲ ਹੋਰ ਵੀ ਝੂਠੀ ਲੱਗਦੀ ਹੈ, ਪਰ ਅਸਲੀਅਤ ਇਹ ਹੈ ਕਿ ਬਸੰਤ ਕਿਸੇ ਦਿਹਾੜੇ ਦਾ ਨਾਂ ਨਹੀਂ, ਇਹ ਤਾਂ ਰੁੱਤ ਦਾ ਨਾਂ ਹੈ ਜੋ ਬਸੰਤ ਪੰਚਮੀ ਤੋਂ ਹੋਲੀ ਤੱਕ ਚੱਲਦੀ ਹੈ। ਇਹ ਅਰਸਾ ਮੌਜ-ਮਸਤੀ ਦਾ ਹੈ। ਇਹ ਰੁੱਤ ਚੇਤਨਾ, ਚਾਨਣ ਅਤੇ ਚਿੰਤਨ ਦੀ ਵੀ ਮੰਨੀ ਜਾਂਦੀ ਹੈ। ਕਈ ਰਾਜਾਂ ਵਿਚ ਬਸੰਤ ਪੰਚਮੀ ਦੇ ਦਿਨ ਸਰਸਵਤੀ ਦੀ ਪੂਜਾ ਕੀਤੀ ਜਾਂਦੀ ਹੈ। ਸਕੂਲਾਂ ਵਿਚ ਹੋਣਹਾਰ ਵਿਦਿਆਰਥੀਆਂ ਨੂੰ ਇਨਾਮ ਦਿੱਤੇ ਜਾਂਦੇ ਹਨ। ਬਸੰਤ ਰੁੱਤ ਵਿਚ ਰਾਗ ਹੰਡੋਲ ਅਤੇ ਰਾਗ ਬਸੰਤ ਗਾਏ ਜਾਂਦੇ ਹਨ। ਹਰਿਮੰਦਰ ਸਾਹਿਬ, ਅੰਮ੍ਰਿਤਸਰ ਵਿਖੇ ਵੀ ਰਾਗੀ ਸਿੰਘ ਬਸੰਤ ਰਾਗ ਵਿਚ ਕੀਰਤਨ ਕਰਦੇ ਹਨ।
ਹੁਲਾਸ ਦਾ ਇਹ ਮਾਹੌਲ ਸਭ ਨੂੰ ਖੁਸ਼ੀ ਬਖਸ਼ਦਾ ਹੈ, ਕਿਉਂਕਿ ਅਸਲੀਅਤ ਤਾਂ ਇਹੀ ਹੈ ਕਿ ਸਿਆਲ ਦੀ ਰੁੱਤ ਪੰਜਾਬੀਆਂ ਨੂੰ ਬਹੁਤੀ ਰਾਸ ਨਹੀਂ ਆਉਂਦੀ। ਸਰਦੀਆਂ ਵਿਚ ਉਨ੍ਹਾਂ ਦੀਆਂ ਸਾਰੀਆਂ ਸਰਗਰਮੀਆਂ ਮੱਠੀਆਂ ਪੈ ਜਾਂਦੀਆਂ ਹਨ। ਆਲਾ-ਦੁਆਲਾ ਨਿਰਉਤਸ਼ਾਹਤ ਹੋ ਜਾਂਦਾ ਹੈ। ਰੁੱਖਾਂ ਦੀਆਂ ਨੰਗੀਆਂ-ਬੁੱਚੀਆਂ ਟਾਹਣੀਆਂ ਉਦਾਸ ਮਾਹੌਲ ਸਿਰਜੀ ਰੱਖਦੀਆਂ ਹਨ। ਪਸੂ-ਪੰਛੀ ਵੀ ਗੰਦੇ-ਮੰਦੇ ਨਜ਼ਰ ਆਉਂਦੇ ਹਨ। ਖੇਤੀ ਦੇ ਕੰਮ-ਧੰਦੇ ਕਰਨੇ ਵੀ ਔਖੇ ਹੋ ਜਾਂਦੇ ਹਨ। ਇਹੀ ਵਜ੍ਹਾ ਹੈ ਕਿ ਬਸੰਤ ਰੁੱਤ ਨੂੰ ਚਾਅ ਨਾਲ ਉਡੀਕਿਆ ਜਾਂਦਾ ਹੈ। ਬਸੰਤ ਆਉਣ ਨਾਲ ਹਰ ਜੀਵੰਤ ਵਸਤੂ ਅੰਗੜਾਈਆਂ ਲੈਣ ਲੱਗਦੀ ਹੈ, ਪੌਣਾਂ ਮਹਿਕਾਂ ਛੱਡਣ ਲੱਗਦੀਆਂ ਹਨ, ਸ਼ਾਮਾਂ ਸੁਹਾਵਣੀਆਂ ਹੋਣ ਲੱਗਦੀਆਂ ਹਨ। ਪਾਲਾ ਭਾਵੇਂ ਉਡੰਤ ਨਾ ਹੀ ਹੋਵੇ, ਘਟੰਤ ਜ਼ਰੂਰ ਹੋ ਜਾਂਦਾ ਹੈ।
ਬਹਾਰ ਦਾ ਪੱਖ ਲੱਗਣ ਨਾਲ ਪੰਜਾਬ ਦੇ ਰੁੱਖਾਂ ‘ਤੇ ਵੀ ਪੁੰਗਾਰਾ ਆਉਣ ਲੱਗਦਾ ਹੈ। ਨਿੱਕੀਆਂ ਪਿਆਰੀਆਂ ਪੱਤੀਆਂ ਨਿਕਲਣ ਲੱਗਦੀਆਂ ਹਨ। ਸਿੰਬਲ ਰੁੱਖ ਦਾ ਹੁਸਨ ਦੇਖਣ ਲਾਇਕ ਹੁੰਦਾ ਹੈ। ਮਾਘ-ਫੱਗਣ ਤੱਕ ਵੈਸੇ ਇਸ ਰੁੱਖ ਉਤੇ ਕੋਈ ਪੱਤਾ ਨਹੀਂ ਹੁੰਦਾ, ਪਰ ਸੜਕਾਂ ਦੇ ਕੰਢਿਆਂ ‘ਤੇ ਖੜ੍ਹੇ ਸਿੰਬਲ ਦੇ ਰੁੱਖ ਚਮਕਦਾਰ ਲਾਲ ਸੂਹੇ ਫੁੱਲਾਂ ਨਾਲ ਭਰੇ ਜਾਣ ਦੀ ਤਿਆਰੀ ਵਿਚ ਖੂਬਸੂਰਤ ਲੱਗਣ ਲੱਗਦੇ ਹਨ। ਇਹੀ ਹਾਲ ਪਠਾਨਕੋਟ-ਅਨੰਦਪੁਰ ਸਾਹਿਬ ਦੇ ਪਹਾੜੀ ਹਿੱਸਿਆਂ ਵਿਚ ਉਗਦੇ ਕੈਂਥ ਰੁੱਖ ਦਾ ਹੁੰਦਾ ਹੈ।
ਸਰਦੀਆਂ ਵਿਚ ਇਹ ਰੁੱਖ ਬੁੱਚੀਆਂ-ਰੁਸੀਆਂ ਝਾੜੀਆਂ ਜਿਹਾ, ਬਿਲਕੁਲ ਬੇ-ਰੌਣਕਾ ਜਿਹਾ ਨਜ਼ਰ ਆਉਂਦਾ ਹੈ, ਪਰ ਮਾਘ ਦੇ ਅਖੀਰ ਤੱਕ ਇਹ ਵੀ ਚਿੱਟੇ ਰੰਗ ਦੇ ਫੁੱਲਾਂ ਦੇ ਗੁੱਛਿਆਂ ਨਾਲ ਭਰਨਾ ਸ਼ੁਰੂ ਹੋ ਜਾਂਦਾ ਹੈ। ਆੜੂ ਅਤੇ ਅਲੂਚੇ ਦੇ ਬੂਟਿਆਂ ਨੂੰ ਫੁੱਲ ਨਿਕਲਣੇ ਸ਼ੁਰੂ ਹੋ ਜਾਂਦੇ ਹਨ। ਟਾਹਲੀਆਂ ਦੀਆਂ ਬੇ-ਜਾਨ ਟਾਹਣੀਆਂ ਵਿਚੋਂ ਵੀ ਬੜੀਆਂ ਮੁਲਾਇਮ ਪੱਤੀਆਂ ਨਿਕਲਣ ਲੱਗਦੀਆਂ ਹਨ। ਹੌਲੀ-ਹੌਲੀ ਬਹਾਰ ਦਾ ਮੌਸਮ ਜਵਾਨੀ ਭਰਨ ਲੱਗਦਾ ਹੈ: ‘ਮੌਲੀ ਧਰਤੀ ਮੌਲਿਆ ਆਕਾਸ਼’ ਸੱਚ ਹੋਣ ਲੱਗਦਾ ਹੈ। ਇਸ ਦਾ ਵਿਸਥਾਰ ਅਗਲੇ ਮਹੀਨੇ ਭਾਵ ਫੱਗਣ ਦੇ ਮਹੀਨੇ ਤੱਕ ਚੱਲਦਾ ਰਹਿੰਦਾ ਹੈ।