ਊਂਘਦੇ ਸ਼ਹਿਰ ਦਾ ਜਾਗਦਾ ਸ਼ਾਇਰ: ਸੁਰਿੰਦਰ ਸੋਹਲ

ਪ੍ਰਸਿੱਧ ਗਜ਼ਲਗੋ ਗੁਰਦਰਸ਼ਨ ਬਾਦਲ ਦੀ ਹੋਣਹਾਰ ਬੇਟੀ ਤਨਦੀਪ ਤਮੰਨਾ ਖੁਦ ਸੰਵੇਦਨਸ਼ੀਲ ਕਵਿੱਤਰੀ ਹੈ। ਉਸ ਦੇ ਦੋ ਕਾਵਿ-ਸੰਗ੍ਰਿਹ ਪੰਜਾਬੀ ਵਿਚ ਅਤੇ ਇਕ ਕਾਵਿ-ਸੰਗ੍ਰਿਹ ਉਰਦੂ ਵਿਚ (ਲਾਹੌਰ ਤੋਂ) ਪ੍ਰਕਾਸ਼ਿਤ ਹੋ ਚੁਕਾ ਹੈ। ਉਸ ਨੂੰ ਸ਼ਬਦਾਂ ਦਾ ਰਿਦਮ ਸਮਝਣ ਦਾ ਵਿਵੇਕ ਵਿਰਸੇ ‘ਚ ਹਾਸਿਲ ਹੋਇਆ। ਇਸੇ ਹਾਸਿਲ ਨੂੰ ਉਹ ਵਾਰਤਕ ਲਿਖਣ ਵੇਲੇ ਕਮਾਲ ਵਾਂਗ ਪੇਸ਼ ਕਰਦੀ ਹੈ। ਸ਼ਬਦ-ਧੁਨੀਆਂ ਨੂੰ ਕਾਵਿ-ਸੁਹਜ ਵਿਚ ਰੂਪਾਂਤ੍ਰਿਤ ਕਰਨ ਦਾ ਹੁਨਰ ਉਸ ਨੂੰ ਖੂਬ ਆਉਂਦਾ ਹੈ। ਸੁਰਿੰਦਰ ਸੋਹਲ ਦੀ ਸ਼ਾਇਰੀ ਤੇ ਸ਼ਖਸੀਅਤ ਨੂੰ ਪੇਸ਼ ਕਰਦੇ ਇਸ ਸ਼ਬਦ-ਚਿੱਤਰ ਵਿਚ ਉਹ ਆਪਣੀ ਵਾਰਤਕ ਦੀ ਸਿਖਰ ਨੂੰ ਛੂੰਹਦੀ ਮਹਿਸੂਸ ਕੀਤੀ ਜਾ ਸਕਦੀ ਹੈ।

ਇਹ ਸ਼ਬਦ-ਚਿੱਤਰ ਡਾ. ਦਵਿੰਦਰ ਮੰਡ ਵਲੋਂ ਸੰਪਾਦਿਤ ਕੀਤੀ ਜਾ ਰਹੀ ਕਿਤਾਬ ‘ਸੁਰਿੰਦਰ ਸੋਹਲ ਦੀ ਸਾਹਿਤ ਸਿਰਜਣਾ: ਵਿਭਿੰਨ ਪਾਸਾਰḔ ਵਿਚ ਸ਼ਾਮਿਲ ਕੀਤਾ ਜਾ ਰਿਹਾ ਹੈ। -ਸੰਪਾਦਕ

ਤਨਦੀਪ ਤਮੰਨਾ (ਸਰੀ, ਕੈਨੇਡਾ)
ਸੁਰਿੰਦਰ ਸੋਹਲ ਨੂੰ ਸ਼ਬਦ ਰਿੜਕਣੇ ਆਉਂਦੇ ਨੇ- ‘ਖੰਡਰ, ਖਾਮੋਸ਼ੀ ਤੇ ਰਾਤ’ ਤੋਂ ‘ਇਬਾਰਤ ਚੁੱਪ ਕਿਉਂ ਹੈ?’ ਦਾ ਸਫਰ ਸ਼ਾਇਰੀ ਦੇ ਨਿੱਤਰਨ ਦਾ ਸਫਰ ਹੈ, ਜਿਵੇਂ ਕੋਈ ਗਲੇਸ਼ੀਅਰ ਆਪਣੀ ਯਾਤਰਾ ‘ਤੇ ਹੋਵੇ, ਤੁਸੀਂ ਬਰਫ ਵੀ ਵੇਖ ਸਕਦੇ ਓ, ਉਸ ਦੇ ਹੇਠ ਵਹਿੰਦਾ ਪਾਣੀ ਅਤੇ ਧੁੱਪ ਪੈਂਦੀ ਤੋਂ ਭਾਫ ਬਣ ਕੇ ਉੱਡਦੇ ਵਾਸ਼ਪ ਵੀ। ਪ੍ਰਕਿਰਤੀ ਵਾਂਗ ਸ਼ਾਇਰੀ ਵਿਚ ਵੀ ਇਹ ਅਵਸਥਾਵਾਂ ਵੱਡੇ ਤੇ ਅਲੌਕਿਕ ਬਦਲਾਵਾਂ ਦੀਆਂ ਸੰਕੇਤਕ ਹਨ।
ਇਕ ਪਾਸੇ ਉਹ ਪਿੰਡ ਦੀ ਕੱਜੀ ਹੋਈ ਤਹਿਜ਼ੀਬ ਦਾ ਜ਼ਿਕਰ ਬਾਖੂਬੀ ਕਰਦਾ ਹੈ ਤੇ ਦੂਜੇ ਪਾਸੇ ਮਹਾਨਗਰ ਦੀ ਨਿਰਵਸਤਰ ਸੋਚ ਦਾ ਚਿਤਰਣ ਕਰਦਿਆਂ ਐਸੀ ਸ਼ਾਇਰੀ ਕਰਦਾ ਹੈ, ਜੋ ਡਾਇਰੀ ਦੇ ਹਾਸ਼ੀਏ ਪਾਰ ਕਰ ਕੇ ਬ੍ਰਹਿਮੰਡ ਦੇ ਕੈਨਵਸ ‘ਤੇ ਕਲਾ-ਕ੍ਰਿਤ ਬਣ ਕੇ ਫੈਲ ਜਾਂਦੀ ਹੈ। ਕੈਨਵਸ ਤੇ ਕ੍ਰਿਤ ਦੋਵੇਂ ਡਾਇਮੈਨਸ਼ਨਜ਼ ਤੋਂ ਪਾਰ ਚਲੇ ਜਾਂਦੇ ਹਨ, ਸ਼ਬਦ ਅਨੰਤ ਖਲਾਅ ਨੂੰ ਛੂਹ ਕੇ ਆਉਂਦੀ ਰੂਹਾਨੀ ਆਵਾਜ਼ ਬਣ ਜਾਂਦੇ ਹਨ। ਉਸ ਦੀ ਸ਼ਾਇਰੀ ਵਿਚ ਅਹਿਸਾਸ ਦਾ ਬਹੁ-ਪਰਤੀ ਵਰਤਾਰਾ ਕੀਲ ਲੈਂਦਾ ਹੈ।
ਰਿਸ਼ਤਿਆਂ ਨੂੰ ਉਨ੍ਹਾਂ ਦੇ ਮਨੋ-ਵਿਗਿਆਨਕ ਪੱਧਰ ‘ਤੇ ਜਾ ਕੇ ਲਿਖਣ ਦਾ ਹੁਨਰ ਬਹੁਤ ਘੱਟ ਸ਼ਾਇਰਾਂ ਦੇ ਹਿੱਸੇ ਆਇਆ ਹੈ, ਸੋਹਲ ਉਨ੍ਹਾਂ ਵਿਚੋਂ ਇਕ ਹੈ। ਜੇ ਮੈਨੂੰ ਇਕ ਸਤਰ ‘ਚ ਉਸ ਦੀ ਕਵਿਤਾ ਦਾ ਸਾਰ ਲਿਖਣ ਲਈ ਕਿਹਾ ਜਾਵੇ ਤਾਂ ਇਹੀ ਕਹਾਂਗੀ ਕਿ ਉਸ ਦੀ ਸ਼ਾਇਰੀ ਸਮਾਜਕ ਵਰਗ ‘ਚ ਉਲਝੇ ਮਨੁੱਖੀ ਰਿਸ਼ਤਿਆਂ ਦਾ ਤਾਂਡਵ ਹੈ। ਇਹ ਤਾਂਡਵ ਸਾਰਾ ਕੁਝ ਆਪਣੇ ਅੰਦਰ ਸਮੇਟਦਾ ਹੋਇਆ ਅਨੰਦਮਈ ਵੀ ਹੈ, ਸਿਰਜਣਾਤਮਕ ਵੀ। ਨਿਊਡ ਕਲੱਬਾਂ, ਨਾਈਟ ਕਲੱਬਾਂ, ਮਹਾਨਗਰ ਦੀ ਜ਼ਿੰਦਗੀ ਦੇ ਦ੍ਰਿਸ਼ ਓਨੇ ਹੀ ਸਜੀਵ ਹਨ, ਜਿੰਨੇ ਪਿੰਡ ਵਿਚ ਬਿਤਾਏ ਜੀਵਨ ਦੇ। ਸ਼ਬਦ, ਜ਼ਿਹਨ ਅਤੇ ਜ਼ਿਹਨ ਤੋਂ ਪਾਰ ਦੀ ਸੱਤਾ ਤੋਂ ਕਿੰਜ ਸ਼ਾਇਰੀ ‘ਚ ਉਤਰਦੇ ਹਨ, ਤੁਸੀਂ ਇਸ ਦਾ ਅੰਦਾਜ਼ਾ ਸੋਹਲ ਦੀ ਇੱਕੋ ਨਜ਼ਮ ਪੜ੍ਹ ਕੇ ਲਾ ਸਕਦੇ ਹੋ।
ਉਸ ਨੂੰ ਦੀਵੇ ਦੀ ਪੀਲੀ-ਸੰਗਤਰੀ ਲੋਅ ਵਿਚੋਂ ਸੂਰਜ ਵੇਖਣਾ ਆਉਂਦੈ ਤੇ ਹਲਕੀ ਨੀਲੀ ਲੋਅ ਵਿਚੋਂ ਚੰਨ ਦਾ ਮੁਹਾਂਦਰਾ। ਅਚੰਭਿਆਂ ਦਾ ਉਸ ਦੀ ਸ਼ਾਇਰੀ ਵਿਚ ਕੋਈ ਸਥਾਨ ਨਹੀਂ, ਜੋ ਕੁਝ ਵੀ ਘਟਦਾ, ਉਹ ਸਭ ਸਹਿਜ ਵਰਤਾਰੇ ਹਨ। ਕਾਲ ਦੇ ਅਨੰਤ ਪ੍ਰਵਾਹ ‘ਚ ਪਲ-ਪਲ ਵਾਪਰਦੀਆਂ ਹੋਣੀਆਂ-ਅਣਹੋਣੀਆਂ ਲਈ ਉਸ ਨੇ ਇਕ ਵੱਖਰੀ ਹੀ ਸ਼ਬਦਾਵਲੀ ਘੜ ਲਈ ਹੈ। ਦਰਅਸਲ ਉਸ ਦੀ ਸ਼ਾਇਰੀ ਬੇਦਾਵਾ ਦੇਣ ਤੇ ਪਾੜਨ ਦਾ ਲੰਬਾ ਇਤਿਹਾਸ ਹੈ। ਇਤਿਹਾਸ, ਜਿਸ ਵਿਚ ਪਾਤਰ ਆਪਣੀ ਭੂਮਿਕਾ ਨਿਭਾਉਂਦੇ ਹੋਏ, ਬਿਨਾ ਕਿਸੇ ਖਲਲ ਦੇ ਕਿਸੇ ਛਿਣ ‘ਤੇ ਆਪਣੇ ਦਸਤਖਤ ਕਰਦੇ ਤੁਰ ਜਾਂਦੇ ਹਨ।
ਜੀਵਨ ਦੇ ਸੰਘਰਸ਼, ਨਿਰੰਤਰ ਅਧਿਐਨ ਅਤੇ ਅਦਬੀ ਖੇਮਿਆਂ ‘ਚ ਚੱਲਦੀ ਆਧਾਰਹੀਣ ਮੁਖਾਲਫਤ ਨੇ ਉਸ ਦੀ ਸ਼ਾਇਰੀ ਦਾ ਚਿਹਰਾ-ਮੋਹਰਾ ਤਰਾਸ਼ਿਆ ਹੈ। ਜਦੋਂ ਚਾਰੇ-ਪਾਸਿਉਂ ਵਿਰੋਧ ਉਠਦਾ ਹੈ ਤਾਂ ਸੂਝਵਾਨ ਲੇਖਕ ਆਪਣੇ ਸਤਰ ਤੋਂ ਹੋਰ ਉਤਾਂਹ ਉਠ ਜਾਂਦਾ ਹੈ। ਧਰਤੀ ਤੇ ਆਕਾਸ਼ ਦੇ ਆਕਰਸ਼ਣ ਦੇ ਵਿਰੋਧ ‘ਚੋਂ ਪੈਦਾ ਹੋਇਆ ਇਹ ਉਥਾਨ, ਤੁਸੀਂ ਸੋਹਲ ਦੀ ਸ਼ਾਇਰੀ ‘ਚ ਵੇਖ ਸਕਦੇ ਹੋ।
ਧਾਰਮਿਕ, ਮਿਥਿਹਾਸਕ, ਇਤਿਹਾਸਕ ਅਤੇ ਭੂਗੋਲਕ ਹਵਾਲੇ ਉਸ ਦੀ ਕਵਿਤਾ ਦੀ ਨੀਂਹ ਵਿਚ ਨਿਰ-ਵਿਰੋਧ ਆਪੋ-ਆਪਣਾ ਥਾਂ ਮੱਲੀ ਬੈਠੇ ਹਨ। ਸ਼ੋਰ ਦੇ ਸ਼ਹਿਰ ਵਿਚ ਉਸ ਨੇ ਚੁੱਪ ਦੀ ਕਵਿਤਾ ਰਚੀ ਹੈ ਤੇ ਖੂਬਸੂਰਤ ਬਿੰਬਾਂ ਨੂੰ ਬੋਲਣ ਲਾ ਦਿੱਤਾ ਹੈ। ਪਠਾਰ ਬਾਰੇ ਲਿਖਦਿਆਂ ਉਸ ਨੂੰ ਪਤੈ ਕਿ ਜੀਵਨ ਦੇ ਸੰਕੇਤ ਲਈ ਨਿੱਕਾ ਜਿਹਾ ਰੁੱਖ ਕਿੱਥੇ ਖੜ੍ਹਾ ਕਰਨੈ ਤੇ ਘਣੇ ਜੰਗਲ ਦੀ ਬਾਤ ਕਰਦਿਆਂ ਪੱਥਰ ਦੀ ਛੋਹ ਕਿੰਜ ਤੇ ਕਿੱਥੇ ਦੇ ਜਾਣੀ ਹੈ। ਏਨੀ ਸੁਚੇਤ ਅਵੱਸਥਾ ‘ਚ ਬਹੁਤ ਘੱਟ ਸ਼ਾਇਰ ਲਿਖਦੇ ਹਨ, ਬਹੁਤੇ ਤਾਂ ਜਿਉਂਦੇ ਜੀਅ ਆਤਮਿਕ ਬੇਹੋਸ਼ੀ ਦੇ ਆਲਮ ‘ਚ ਹੀ ਲਿਖਦੇ ਹਨ। ਉਸ ਦੀ ਕਵਿਤਾ ਇਕ ਐਸੇ ਬੋਧ ‘ਤੇ ਲੈ ਜਾਂਦੀ ਹੈ, ਜਿੱਥੇ ਤੁਸੀਂ ਉਸ ਨੂੰ ਇਕ ਹੀ ਸਮੇਂ ਕਈ ਸਥਾਨਾਂ ਅਤੇ ਦ੍ਰਿਸ਼ਾਂ ‘ਤੇ ਢੁਕਾ ਕੇ ਵੇਖ ਸਕਦੇ ਹੋ।
ਸੱਚ ਜਾਂ ਯਥਾਰਥ ਰੂਹ ਲਈ ਸ਼ਬਦ ਰੂਪ ਹੈ। ਜੀਵਨ ਸੱਚ ਹੈ ਤੇ ਉਹ ਵੀ ਆਤਮ ਰੂਪ ਹੈ, ਜਿਸ ਦੀ ਧਾਰਾ ਨਿਰੰਤਰ ਵਹਿੰਦੀ ਰਹਿੰਦੀ ਹੈ। ਜੀਵਨ ਦੀ ਹਰ ਅਵੱਸਥਾ ਦਾ ਅਸਤਿੱਤਵ ਕਾਲ ਤੋਂ ਪਾਰ ਕਿਸੇ ਰਹੱਸਮਈ ਤਾਣੇ-ਬਾਣੇ ‘ਤੇ ਬੁਣਿਆ ਜਾਂਦਾ ਹੈ। ਕਵੀ ਮਨ ਦੀ ਕਲਪਨਾ ਮੰਨ ਕੇ ਸ਼ਬਦਾਂ ਨੂੰ ਮਨ ਦੀ ਸੀਮਾ ‘ਚ ਬੰਨ੍ਹਣਾ ਸਹੀ ਨਹੀਂ ਹੋਵੇਗਾ। ਪਦਾਰਥ ਜਗਤ ਦੀਆਂ ਘਟਨਾਵਾਂ ਸ਼ਾਇਰ ਦੇ ਸੂਖਮ ਮਨ ‘ਤੇ ਯਕੀਨਨ ਗਹਿਰਾ ਅਸਰ ਛੱਡਦੀਆਂ ਹਨ।
ਸੋਹਲ ਕੋਲ ਸਿਮਰਤੀਆਂ ਦਾ ਵੀ ਵਿਸ਼ਾਲ ਭੰਡਾਰ ਹੈ। ਉਹ ਸਿਮਰਤੀਆਂ ਦੇ ਸੰਮੋਹਨ ‘ਚ ਹੀ ਲਿਖਦਾ ਹੈ। ਉਸ ਦੀ ਕਵਿਤਾ ਨੂੰ ਮਹਿਜ ਕਲਪਨਾ ਸਮਝ ਕੇ ਸੀਮਿਤ ਬੁੱਧੀ ਨਾਲ ਉਸ ਦਾ ਵਿਸ਼ਲੇਸ਼ਣ ਕਰਨਾ ਨਿਆਂ ਨਹੀਂ ਹੋਵੇਗਾ। ਇਹ ਸੂਖਮ ਮਨ ਦੇ ਅਨੁਭਵ ਹਨ। ਮਨ ਪ੍ਰਭਾਵਾਂ ਨੂੰ ਕਿੰਜ ਗ੍ਰਹਿਣ ਕਰਦੈ, ਇਹ ਸਰੋਤ ਅਜੇ ਤਕ ਰਾਜ਼ ਹੀ ਹੈ। ਭਾਵ, ਭਾਵਨਾ ਅਤੇ ਸ਼ਬਦ ਤੋਂ ਪਾਰ ਇਨ੍ਹਾਂ ਦਾ ਰੂਪ ਹੋਰ ਹੀ ਹੋ ਜਾਂਦਾ ਹੈ। ਕੋਈ ਇਕ ਘਟਨਾ ਜਾਂ ਮੌਤ ਵੀ ਜ਼ਿੰਦਗੀ ਦੀ ਹੋਂਦ ਨੂੰ ਖਤਮ ਨਹੀਂ ਕਰ ਸਕਦੀ, ਇਸ ਦਾ ਬੋਧ ਸਾਨੂੰ ਸੋਹਲ ਦੀ ਸ਼ਾਇਰੀ ਦੀ ਅਮੀਰ ਤੇ ਖੂਬਸੂਰਤ ਸ਼ਬਦਾਵਲੀ ਕਰਵਾਉਂਦੀ ਹੈ। ਜਿਹੜੇ ਸਾਂਚੇ ‘ਚ ਮਨੁੱਖ ਨੂੰ ਪਰਮੇਸ਼ਰ ਨੇ ਢਾਲਿਆ ਹੈ, ਇਹ ਪਲ-ਪਲ ਬੀਤਦੀ ਜ਼ਿੰਦਗੀ ਉਨ੍ਹਾਂ ਸਾਂਚਿਆਂ ਦਾ ਹੀ ਕੌਤਕ ਹੈ। ਏਸੇ ਕੌਤਕ ‘ਚ ਉਸ ਦਾ ਮਨ ਤੇ ਚੇਤਨਾ ਵੀ ਢਲੇ ਹਨ ਅਤੇ ਉਸ ਦੀ ਸ਼ਾਇਰੀ ਦਾ ਪੁਖਤਾ ਸਾਂਚਾ ਤਿਆਰ ਹੋਇਆ ਹੈ।
ਉਸ ਦੀ ਸ਼ਾਇਰੀ ਪੜ੍ਹਦਿਆਂ ਮੈਨੂੰ ਅਕਸਰ ਇੰਜ ਮਹਿਸੂਸ ਹੁੰਦੈ ਕਿ ਉਹ ਦੋ ਪਲਾਂ ਵਿਚਕਾਰ ਠਹਿਰਨਾ ਜਾਣਦਾ ਹੈ ਤੇ ਪ੍ਰਤੱਖ-ਅਪ੍ਰਤੱਖ ਵਿਚੋਂ ਕਵਿਤਾ ਕਸ਼ੀਦ ਕਰ ਲੈਣ ਦੀ ਇਹ ਉਸ ਦੀ ਸ਼ਾਇਰ ਦੇ ਤੌਰ ‘ਤੇ ਸਭ ਤੋਂ ਵੱਡੀ ਕਲਾ ਹੈ। ਇਨ੍ਹਾਂ ਪਲਾਂ ਦੌਰਾਨ ਠਹਿਰਦਿਆਂ, ਉਸ ਦੇ ਜ਼ਿਹਨ ਦਾ ਸਿੱਧਾ ਸਬੰਧ ਲੌਕਿਕ ਘਟਨਾਵਾਂ ਨਾਲ ਹੋ ਜਾਂਦੈ। ਉਹ ਯਥਾਰਥਕਤਾ ਦੇ ਸਾਰ ਪੱਧਰ ‘ਤੇ ਹੀ ਵਿਚਰਦਾ ਹੈ। ਉਸ ਦੀ ਕਵਿਤਾ ਦਾ ਅਣੂ-ਅਣੂ, ਅਸੰਖ ਰਚਨਾਵਾਂ ਦੇ ਅੰਸ਼ ਸਮੋਈ ਬੈਠਾ ਹੈ।
ਕਾਲ ਦੇ ਚੱਕਰ ‘ਚ ਪਿਸਦੇ ਮਨੁੱਖ ਦਾ ਜੀਵਨ ਵੀ ਚੱਕਰ ਹੀ ਬਣ ਜਾਂਦਾ ਹੈ। ਚੱਕਰ ‘ਚ ਘੁੰਮਦਿਆਂ-ਘੁੰਮਦਿਆਂ, ਕਮਜ਼ੋਰ ਧੁਰੀ ਟੁੱਟ ਜਾਂਦੀ ਹੈ, ਬਸ ਸੋਹਲ ਦੀ ਕਵਿਤਾ ਵੀ ਏਸੇ ਬੋਧ ਦਾ ਅਨੁਭਵ ਹੈ। ਏਸੇ ਅਨੁਭਵ ਨਾਲ ਉਸ ਦੀ ਕਵਿਤਾ ਦੀ ਮਹਾਂਧੁਰੀ ਦੇ ਸੂਤਰ ਇਕ-ਇਕ ਕਰ ਕੇ ਜੁੜਦੇ ਜਾਂਦੇ ਹਨ। ਤੁਸੀਂ ਪਾਰਖੂ ਨਜ਼ਰ ਰੱਖਦੇ ਹੋ ਤਾਂ ਉਸ ਦੀ ਸਮੁੱਚੀ ਸ਼ਾਇਰੀ ਦਾ ਮੁਤਾਲਿਆ ਕਰ ਕੇ ਸੂਤਰਾਂ ਦਾ ਮੂਲ ਲੱਭ ਸਕਦੇ ਹੋ।
ਸੋਹਲ ਦੀ ਕਵਿਤਾ ਦੀ ਭਾਸ਼ਾ ਲਟ-ਲਟ ਬਲਦੀ ਤੇ ਚਿੰਤਨਸ਼ੀਲ ਹੈ, ਜਿਸ ‘ਤੇ ਉਸ ਦਾ ਸ਼ਾਇਰ ਦੇ ਤੌਰ ‘ਤੇ ਪੂਰਾ ਅਧਿਕਾਰ ਹੈ। ਉਸ ਦੀ ਹੁਣ ਤਕ (ਪ੍ਰਕਾਸ਼ਿਤ ਅਤੇ ਅਪ੍ਰਕਾਸ਼ਿਤ) ਸਮੁੱਚੀ ਸ਼ਾਇਰੀ ਮੈਂ ਨਿੱਠ ਕੇ ਪੜ੍ਹੀ-ਮਾਣੀ ਹੋਈ ਹੈ ਤੇ ਇਹੀ ਅਨੁਭਵ ਕੀਤਾ ਹੈ ਕਿ ਉਸ ਦੀ ਸਿਰਜਣਾਤਮਕ ਪ੍ਰਕ੍ਰਿਆ ਦਾ ਰਹੱਸ ਹੈ, ਇੱਕੋ ਛਾਲ ਨਾਲ ਮਾਇਆਵੀ ਵਾਸਨਾ ਦੇ ਪਸਾਰ ‘ਚੋਂ ਆਈਨਸਟਾਈਨ ਵਾਂਗ ਬੋਧ ਦੇ ਉਚੇ ਪੱਧਰ ‘ਤੇ ਪਹੁੰਚ ਜਾਣਾ।
ਅੱਜ ਕੱਲ ਸਾਹਿਤ ਸਿਰਜਣਾ ਦੇ ਨਾਂ ‘ਤੇ ਤੂੜੀ ਦੇ ਢੇਰ ਲਾਏ ਜਾ ਰਹੇ ਹਨ, ਤੰਗਲੀ ਮਾਰਿਆਂ ਉਸ ਵਿਚੋਂ ਇਕ ਦਾਣਾ ਵੀ ਨਹੀਂ ਲੱਭਦਾ। ਸੋਹਲ ਦੀ ਸ਼ਾਇਰੀ ਮੰਗਵੇਂ ਵਸਤਰਾਂ ਦੀ ਸ਼ਾਇਰੀ ਨਹੀਂ ਹੈ। ਦੇਵੀ ਸਰਸਵਤੀ ਦੀ ਕਿਰਪਾ ਨਾਲ ਉਸ ਕੋਲ ਜ਼ੁਬਾਨ ਦੀ ਅਮੀਰੀ ਹੈ। ਉਸ ਦਾ ਕਲਾਸਿਕ ਅਤੇ ਆਧੁਨਿਕ ਸਾਹਿਤ ਦਾ ਅਧਿਐਨ ਬੜਾ ਗਹਿਰਾ ਹੈ। ਮਿਸੀਸਿਪੀ ‘ਚ ਕਿੰਨੀਆਂ ਨਦੀਆਂ ਵਹਿੰਦੀਆਂ ਹਨ, ਦਜਲਾ, ਫਰਾਤ ਦਰਿਆਵਾਂ ਦਾ ਵਹਿਣ ਕਿੱਧਰ ਹੈ, ਬ੍ਰਹਮਪੁੱਤਰ ‘ਚੋਂ ਕਿੰਨੀਆਂ ਸ਼ਾਖਾਵਾਂ ਨਿਕਲਦੀਆਂ ਹਨ, ਉਸ ਨੂੰ ਪਤਾ ਹੁੰਦਾ ਹੈ। ਜੇ ਸੱਤਾਂ ਮਹਾਂਦੀਪਾਂ ਤੋਂ ਪਾਰ ਕਿਸੇ ਦੇਸ, ਸ਼ਹਿਰ, ਅਦਬ ਅਤੇ ਸ਼ਾਇਰੀ ਦੀ ਗੱਲ ਚੱਲਦੀ ਹੋਵੇ ਤਾਂ ਇਸ ਦਾ ਵੀ ਜ਼ਿਕਰ ਉਸ ਦੀ ਵਿਸ਼ਾਲ ਜਾਣਕਾਰੀ ਦੀ ਕਿਤਾਬ ‘ਚ ਦਰਜ ਹੁੰਦਾ ਹੈ।
ਯੁੱਧ ਨਾਲ ਜੁੜੇ ਸਾਰੇ ਬਿੰਬ ਭਿਆਨਕ ਹੁੰਦੇ ਹਨ, ਪਰ ਜੋ ਯੁੱਧ ਸਮਾਜ ਨਾਲ, ਪਰਿਵਾਰ ਨਾਲ ਤੇ ਜਾਂ ਫੇਰ ਖੁਦ ਨਾਲ ਲੜੇ ਜਾਂਦੇ ਹਨ, ਉਹੀ ਅਸਲੀ ਹੁੰਦੇ ਹਨ। ਸੋਹਲ ਨੇ ਹਰ ਸ਼ਬਦ ‘ਚ ਜ਼ਖਮ ਤਰਾਸ਼ੇ ਹਨ ਤੇ ਗਜ਼ਲ ਦੇ ਹਰ ਮਕਤੇ, ਹਰ ਨਜ਼ਮ ਦੀ ਅੰਤਿਕਾ ਵਿਚ ਆਪਣਾ ਹੀ ਚਿਹਰਾ ਲੱਭਿਆ ਹੈ। ਸੀਤ ਲਹਿਰਾਂ, ਤੱਤੀਆਂ ਲੂਆਂ, ਸਾਂਵਲੀਆਂ ਸ਼ਾਮਾਂ, ਸੋਹਣੀਆਂ ਸਵੇਰਾਂ ਉਸ ਨੂੰ ਰੋਜ਼ਗਾਰ ਖਾਤਿਰ ਮਹਾਨਗਰ ਦੀਆਂ ਸੜਕਾਂ ‘ਤੇ ਲਈ ਫਿਰਦੀਆਂ ਹਨ। ਜਿਉਂ-ਜਿਉਂ ਉਸ ਦੀ ਗੱਡੀ ਸ਼ਾਹਰਾਹਾਂ ‘ਤੇ ਭੱਜਦੀ ਹੈ, ਸ਼ਾਇਰੀ ਮਾਲਾ ਦੇ ਮਣਕਿਆਂ ਵਾਂਗ ਆਪੇ ਰੂਹ ਦੇ ਪੋਟਿਆਂ ‘ਤੇ ਗਿੜਦੀ ਅਜਪਾ ਜਾਪ ਬਣ ਜਾਂਦੀ ਹੈ।
ਸੋਹਲ ਦੀ ‘ਗਜ਼ਲ ਮੁਟਿਆਰ’ ਜਿੱਥੇ ਬੋਚ-ਬੋਚ ਕੇ ਪੋਲੇ-ਪੋਲੇ ਪੈਰ ਧਰਦੀ ਹੈ, ਉਥੇ ਕੱਚਿਆਂ ਘਰਾਂ, ਖੁੱਲ੍ਹੇ ਵਿਹੜਿਆਂ, ਮਘਦੇ ਚੁੱਲ੍ਹਿਆਂ, ਧੜਕਦੀਆਂ ਪਤਿੱਖਣਾਂ ਵਿਚੋਂ ਪਿੰਡ ਦੀ ਮਿੱਟੀ ਦੀ ਖੁਸ਼ਬੂ ਚੁਫੇਰੇ ਫੈਲਾਉਂਦੀ, ਆਲਾ-ਦੁਆਲਾ ਨਸ਼ਿਆਉਂਦੀ, ਮਾਂ ਦੀ ਗੋਦੀ ਵਿਚ ਮਾਣੀਆਂ ਲੋਰੀਆਂ ਜਿਹੀ ਪਵਿੱਤਰ ਹੋ ਜਾਂਦੀ ਹੈ। ਜਿਸ ਫਿਜ਼ਾ ਵਿਚ ਇਹ ਮੁਟਿਆਰ ਸਾਹ ਲੈਂਦੀ ਹੈ, ਉਥੇ ਮੁਹੱਬਤ ਦੀ ਕਪਾਹ ਨੂੰ ਅਜੇ ਵੀ ਇੰਤਜ਼ਾਰ ਦੇ ਫੁੱਲ ਪੈਂਦੇ, ਹਯਾਤੀ ਦੇ ਪਿੱਪਲਾਂ ‘ਤੇ ਪਈਆਂ ਪੀਂਘਾਂ ਨੂੰ ਸੋਚਾਂ ਦੇ ਨਵੇਂ ਹੁਲਾਰੇ ਆਉਂਦੇ, ਕੰਧਾਂ-ਕੰਧੋਲੀਆਂ ਉਤੇ ਉਕਰੇ ਮੋਰ, ਜ਼ਿੰਦਗੀ ਦੇ ਕੰਡਿਆਂ ਦੀ ਕੱਕੀ-ਕੱਕੀ ਰੇਤ ‘ਤੇ ਪੈਲ ਪਾਉਂਦੇ, ਪੁਰਾਣੇ ਬੋਹੜਾਂ ਦੇ ਮੱਥੇ ਬਜ਼ੁਰਗਾਂ ਦੇ ਚਿਹਰਿਆਂ ਵਾਂਗ ਦਗਦੇ ਹਨ। ਉਮੰਗਾਂ ਦੀਆਂ ਭੋਲੀਆਂ ਤਿਤਲੀਆਂ ਸੁਫਨਿਆਂ ਦਾ ਹਰ ਰੰਗ ਪਰਾਂ ਵਿਚ ਸਮੋਈ ਕੁਦਰਤ ਨਾਲ ਰਾਜ਼ ਦੀਆਂ ਬਾਤਾਂ ਪਾਉਂਦੀਆਂ ਨੇ, ਉਥੇ ਅੱਜ ਵੀ ਖੂਹਾਂ ‘ਤੇ ਉਗੀਆਂ ਬੇਰੀਆਂ ਨੂੰ ਦੁਨੀਆਂ ਤੋਂ ਚੋਰੀ-ਚੋਰੀ ਇਕਰਾਰਾਂ ਦੇ ਬੇਰ ਲੱਗਦੇ ਨੇ ਅਤੇ ਪਤਿੱਖਣਾਂ ਵਿਚ ਮੁਹੱਬਤ ਦੀ ਹੋਲੀ ਦੇ ਰੰਗ ਛੁਪਾ ਕੇ ਰੱਖੇ ਜਾਂਦੇ ਹਨ।
ਪਰ ਜਦੋਂ ਕਦੇ ਇਹ ਗਜ਼ਲ ਮੁਟਿਆਰ ਝਾਂਜਰਾਂ ਵਾਲੇ ਗੋਰੇ ਪੈਰ ਪਿੰਡ ਦੀ ਜੂਹ ਤੋਂ ਬਾਹਰ ਧਰਦੀ ਹੈ ਤਾਂ ਠਾਠਾਂ ਮਾਰਦੇ ਸਮੁੰਦਰ, ਸੁੰਨੇ ਸ਼ਹਿਰਾਂ ਬਣ ਜਾਂਦੇ ਹਨ। ਇਸ ਮੁਟਿਆਰ ਦੀ ਰੂਹ ਸੱਸੀ ਵਾਂਗ ਤਪਦੇ ਥਲਾਂ ਵਿਚ ਤੜਫਦੀ ਹਾਲੋਂ-ਬੇਹਾਲ ਹੋ ਜਾਂਦੀ ਹੈ। ਪੱਛਮ ਦੀ ਤੇਜ਼ ਰਫਤਾਰ ਜ਼ਿੰਦਗੀ ਉਸ ਦੇ ਮੁੱਖ ਦਾ ਨੂਰ ਖੋਹ ਲੈਂਦੀ ਹੈ। ਉਸ ਦਾ ਹਾਰ-ਸ਼ਿੰਗਾਰ ਫਿੱਕਾ ਪੈ ਜਾਂਦਾ ਹੈ। ਉਸ ਦੇ ਚਾਵਾਂ, ਸੱਧਰਾਂ ‘ਤੇ ਗਰਜ਼ਾਂ ਅਤੇ ਰੋਜ਼ੀ-ਰੋਟੀ ਦੇ ਫਿਕਰਾਂ ਦਾ ਪਰਛਾਵਾਂ ਪੈ ਜਾਂਦਾ ਹੈ ਤੇ ਪਰਦੇਸਣ ਹੋਈ ਇਹ ਮੁਟਿਆਰ ਉਸੇ ਜਗ੍ਹਾ ਉਤੇ ਅਤੇ ਵਕਤ ਵਿਚ ਮੁੜਨ ਦੀ ਲੋਚਾ ਕਰਦੀ ਹੈ, ਜਿੱਥੇ ਕਦੇ ਕਿਸੇ ਨੇ ਪਹਿਲੀ ਵਾਰ ਮੁਹੱਬਤ ਵਿਚ ਉਸ ਦੀ ਕੋਮਲ ਬਾਂਹ ਮਰੋੜੀ ਸੀ ਅਤੇ ਚੂੜੀਆਂ ਤਿੜਕਣ ਦੀ ਆਵਾਜ਼ ਉਸ ਅੰਦਰੋਂ ਨਿਕਲੀ ਮਿੱਠੀ ਚੀਸ ਨਾਲ ਰਲ ਕੇ ਲਾਜਵੰਤੀ ਦੇ ਪੱਤਿਆਂ ਦੀ ਰੂਹ ਵਿਚ ਕਿਤੇ ਡੂੰਘੀ ਲਹਿੰਦੀ, ਉਨ੍ਹਾਂ ਨੂੰ ਸੰਗ ਦੇ ਗੂੜ੍ਹੇ ਰੰਗ ਵਿਚ ਰੰਗ ਗਈ ਸੀ।
ਸੁਰਿੰਦਰ ਸੋਹਲ ਦੀ ਸ਼ਾਇਰੀ ਦੀ ਜਮੀਨ ਤਾਂ ਠੋਸ ਹੈ ਹੀ, ਉਸ ਕੋਲ ਆਪਣਾ ਅਸਮਾਨ ਵੀ ਹੈ। ਉਸ ਦੀ ਸ਼ਬਦ ਬਣਤਰ, ਖੂਬਸੂਰਤ ਅਤੇ ਵੰਨ-ਸੁਵੰਨਾ ਰੁੱਤ-ਚੱਕਰ ਹੈ, ਇਸ ਕਰ ਕੇ ਮੈਂ ਉਸ ਦੀ ਸ਼ਾਇਰੀ ਨੂੰ ਮਹਿਜ਼ ਸ਼ਾਇਰੀ ਸਮਝ ਕੇ ਨਹੀਂ ਪੜ੍ਹਦੀ। ਤੁਸੀਂ ਕੀ ਸਮਝ ਕੇ ਪੜ੍ਹੋਗੇ, ਇਹ ਤੁਹਾਡੇ ‘ਤੇ ਮੁਨੱਸਰ ਹੈ।
ਉਸ ਦੀ ਸਮੁੱਚੀ ਕਾਵਿ-ਰਚਨਾ ਦੇ ਪ੍ਰਤੀਕ ਤੇ ਬਿੰਬ ਬਹੁਤ ਵੱਖਰੇ ਹੋਣ ਦੇ ਬਾਵਜੂਦ ਪਾਠਕ ਲਈ ਕੋਈ ਉਲਝਣ ਪੈਦਾ ਨਹੀਂ ਕਰਦੇ। ਸ਼ਾਇਰ ਦੇ ਤੌਰ ‘ਤੇ ਉਹ ਜਿੰਨਾ ਪਾਰਦਰਸ਼ੀ ਹੋ ਸਕਦਾ ਹੈ, ਓਨਾ ਹੈ ਤੇ ਓਨੀ ਹੀ ਉਸ ਦੀ ਭਾਸ਼ਾ ਵੀ ਪਾਰਦਰਸ਼ੀ ਹੈ। ਜੋ ਤੇ ਜਿੰਨਾ-ਜਿੰਨਾ ਜ਼ਰੂਰੀ ਹੈ, ਉਹ ਇਕ ਲੈਅ ਵਿਚ ਪਰੋਇਆ ਹੋਇਆ ਹੈ। ਮੈਨੂੰ ਕਦੇ ਉਸ ਦੀ ਲਿਖਤ ਵਿਚ ਆਕਾਸ਼-ਗੰਗਾ ਵੀ ਮਹਿਕਦੀ ਲੱਗਦੀ ਹੈ ਤੇ ਕਦੇ ਝੀਲ ਵੀ ਅਸਮਾਨੀ ਬਿਜਲੀ ਵਾਂਗ ਚਮਕਦੀ ਲੱਗਦੀ ਹੈ।
ਸਮਕਾਲੀ ਸ਼ਾਇਰ ਸੋਹਲ ਮੈਨੂੰ ਬਹੁਤੀ ਵਾਰ ਕਿਸੇ ਮਹਾਰਿਸ਼ੀ ਵਾਂਗ ਅਜੋਕੇ ਵਿਗਿਆਨੀਆਂ ਦੇ ḔਕਵਾਂਟਮḔ ਸਿਧਾਂਤ ਦੀ ਖੋਜ ‘ਤੇ ਹੱਸਦਾ ਲੱਗਦਾ ਹੈ ਤੇ ਕਦੇ ਕਾਲ-ਚੱਕਰ ‘ਚ ਪੀਸੇ ਜਾ ਰਹੇ ਮਨੁੱਖ ਸਾਹਵੇਂ ਵਿਛੀ ਸ਼ਤਰੰਜ ਦਾ ਹੀ ਇਕ ਮੋਹਰਾ ਜਾਪਦਾ ਹੈ। ਜਿੰਨੇ ਉਸ ਦੇ ਤਖੱਯੁਲ-ਪਰਿੰਦੇ ਸਜੀਵ ਹਨ, ਓਨੇ ਹੀ ਉਸ ਦੇ ਸ਼ਬਦ-ਆਲ੍ਹਣੇ ਪੁਖਤਾ ਤੇ ਨਿਵੇਕਲੇ ਹਨ।
ਮੈਂ ਤਾਂ ਉਸ ਦੀ ਸ਼ਾਇਰੀ ਵਿਚ ਸਤਰੰਗੀ ਪੀਂਘ ਤੋਂ ਪਾਰ ਦੇ ਰੰਗ ਵੇਖੇ ਹਨ, ਤੁਸੀਂ ਕਿਹੜੇ ਰੰਗ ਤੇ ਕਿਵੇਂ ਵੇਖਣੇ ਹਨ, ਇਹ ਫੈਸਲਾ ਤੁਹਾਡੇ ‘ਤੇ ਛੱਡਦੀ ਹਾਂ, ਪਰ ਇਕ ਗੱਲ ਯਕੀਨ ਨਾਲ ਕਹਿ ਸਕਦੀ ਹਾਂ ਕਿ ਵਿਰਲੀਆਂ ਕਿਤਾਬਾਂ ਦੇ ਹੀ ਸ਼ਬਦ-ਸ਼ਬਦ ‘ਚੋਂ ਕਿਰਦਾਰ ਜਾਗ ਕੇ, ਖਲਾਅ ਦੇ ਪਾਰ ਜਾਣ ਦੀ ਸਮਰੱਥਾ ਰੱਖਦੇ ਹੁੰਦੇ ਨੇ। ਸੋਹਲ ਦੀ ਸ਼ਾਇਰੀ ਦੀ ਇਹ ਸਮਰੱਥਾ ਉਸ ਦਾ ਸ਼ੁਮਾਰ ਪੰਜਾਬੀ ਦੇ ਬਿਹਤਰੀਨ ਸ਼ਾਇਰਾਂ ‘ਚ ਕਰਵਾਉਂਦੀ ਹੈ। ਉਸ ਦੀ ਸ਼ਾਇਰੀ ਤੁਹਾਨੂੰ ਆਪਣੀਆਂ ਹੀ ਅੱਖਾਂ ‘ਚੋਂ ਸੂਰਜ ਬਣ ਕੇ ਉਗਦਾ ਆਪਣਾ ਹੀ ਅਫਸਾਨਾ ਲੱਗੇਗੀ। ਬਸ ਤੁਸੀਂ ਸ਼ਬਦਾਂ ਵਿਚੋਂ ਕਦੇ ਫੁੱਲ, ਕਦੇ ਪੱਥਰ ‘ਤੇ ਬਹਿੰਦੀ ਸ਼ੋਖ ਜਿਹੀ ਤਿਤਲੀ ਨੂੰ ਵੇਖਣਾ ਹੈ, ਫੇਰ ਫੁੱਲ, ਪੱਥਰ, ਤਿਤਲੀ ਸਭ ਭੁੱਲ ਕੇ, ਸ਼ੂਨਯਤਾ ਵਿਚ ਉਸ ਦੀਆਂ ਨਜ਼ਮਾਂ, ਗਜ਼ਲਾਂ ਅਚੇਤ ਮਨ ‘ਚ ਸੁਲਘਣ ਦੇਣੀਆਂ ਨੇ। ਮੈਂ ਤਾਂ ਕਿਤੇ ਵੀ ਹਵਾ ਤੇ ਚਿਣਗਾਂ ਦਾ ਜ਼ਿਕਰ ਨਹੀਂ ਕੀਤਾ, ਇਹ ਕਲਪਨਾ ਤੁਸੀਂ ਖੁਦ ਕੀਤੀ ਹੈ ਤੇ ਇਹੀ ਸ਼ਾਇਰ ਦੇ ਤੌਰ ‘ਤੇ ਸੋਹਲ ਦਾ ਹਾਸਿਲ ਹੈ। ਆਮੀਨ!