ਇਤਿਹਾਸ ਦੀ ਗਲਤ ਪੇਸ਼ਕਾਰੀ

ਗੁਰਬਚਨ ਸਿੰਘ ਜਲੰਧਰ
ਫੋਨ: 91-98156-98451
ਅੰਗਰੇਜ਼ ਹੁਕਮਰਾਨਾਂ ਨੇ ਆਪਣੇ ਹਿੱਤਾਂ ਖਾਤਰ ਭਾਰਤ ਵਿਚ ਹਿੰਦੂਆਂ ਤੇ ਮੁਸਲਮਾਨਾਂ ਵਿਚ ਧਰਮ ਦੇ ਆਧਾਰ Ḕਤੇ ਨਫਰਤ ਫੈਲਾਈ ਅਤੇ ਆਮ ਹਿੰਦੂਆਂ ਦੇ ਇਕ ਵਰਗ ਨੂੰ ਇਹ ਗੱਲ ਜਚਾ ਦਿਤੀ ਗਈ ਹੈ ਕਿ ਭਾਰਤ ਦੇ ਮੁਸਲਮਾਨ ਬਾਹਰੋਂ ਆਏ ਹਮਲਾਵਰ ਹਨ, ਜਿਸ ਕਰਕੇ ਇਹ ਵਿਦੇਸ਼ੀ ਹਨ ਅਤੇ ਇਨ੍ਹਾਂ ਦੇ ਮਨਾਂ ਵਿਚ ਦੇਸ਼ ਭਗਤੀ ਦੇ ਜਜ਼ਬੇ ਦੀ ਘਾਟ ਹੈ।

ਏਨਾ ਜਰੂਰ ਹੈ ਕਿ ਹਿੰਦੂ ਸਮਾਜ ਵਰਣ ਵੰਡ ਅਤੇ ਜਾਤਪਾਤ ਵਿਚ ਵੰਡਿਆ ਹੋਣ ਕਰਕੇ ਅਨੇਕ ਵਾਰ ਇਨ੍ਹਾਂ ਹਮਲਾਵਰਾਂ ਨੂੰ ਥੋੜੀ ਜਿਹੀ ਫੌਜ ਨਾਲ ਹੀ, ਇਥੇ ਰਾਜ ਸਥਾਪਤ ਕਰਨਾ ਸੌਖਾ ਹੋ ਜਾਂਦਾ ਸੀ। ਭਾਰਤੀ ਸਮਾਜ ਦੀ ਇਸੇ ਕਮਜੋਰੀ ਦਾ ਫਾਇਦਾ ਅੰਗਰੇਜ਼ ਸਾਮਰਾਜੀਆਂ ਨੇ ਉਠਾਇਆ।
ਸਾਡੇ ਦੇਸ਼ ਵਿਚ ਹੁੰਦੇ ਫਿਰਕੂ ਫਸਾਦਾਂ ਦਾ ਅਸਲ ਕਾਰਨ ਭਾਰਤ ਦੀ ਬਹੁਧਰਮੀ ਖਾਸੀਅਤ ਨਹੀਂ, ਜਿਵੇਂ ਕਿ ਆਰ. ਐਸ਼ ਐਸ਼ ਤੇ ਨਾਸਤਿਕ ਕਮਿਊਨਿਸਟਾਂ ਵਲੋਂ ਪ੍ਰਚਾਰਿਆ ਜਾਂਦਾ ਹੈ। ਸਗੋਂ ਮਹਾਤਮਾ ਗਾਂਧੀ ਦੇ ਦੱਸਣ ਅਨੁਸਾਰ ਸਾਮਰਾਜੀਆਂ ਦੀ Ḕਪਾੜੋ ਤੇ ਰਾਜ ਕਰੋ’ ਦੀ ਨੀਤੀ ਹੈ, ਜਿਸ ਨੂੰ 1947 ਤੋਂ ਬਾਅਦ ਵੀ ਮਨੂਵਾਦੀ ਹਾਕਮਾਂ ਨੇ ਜਾਰੀ ਰਖਿਆ ਹੋਇਆ ਹੈ। ਫਿਰਕੂ ਫਸਾਦਾਂ ਦਾ ਕਾਰਨ ਇਹੀ ਰਾਜਨੀਤੀ ਹੈ, ਕੋਈ ਧਰਮ ਨਹੀਂ।
ਮਧ ਕਾਲ ਦੇ ਇਤਿਹਾਸ ਦੀ ਪੇਸ਼ਕਾਰੀ ਨੇ ਦੇਸ਼ ਭਰ ਦੇ ਲੋਕਾਂ ਦੇ ਮਨਾਂ ਵਿਚ ਇਕ-ਦੂਜੇ ਪ੍ਰਤੀ ਨਫਰਤ ਭਰਨ ਦਾ ਕੰਮ ਕੀਤਾ ਹੈ। ਇਸ ਇਤਿਹਾਸ ਨੂੰ ਲਿਖਵਾਉਣ ਵਾਲੇ ਅੰਗਰੇਜ਼ ਸਾਮਰਾਜੀ ਸਨ। ਅੰਗਰੇਜ਼ ਸਾਮਰਾਜੀਆਂ ਦੇ ਇਥੇ ਆਉਣ ਦਾ ਇਕੋ-ਇਕ ਮੰਤਵ ਇਥੋਂ ਦੀ ਕਿਰਤ ਸ਼ਕਤੀ ਤੇ ਕੁਦਰਤੀ ਵਸੀਲਿਆਂ ਨੂੰ ਲੁਟਣਾ ਤੇ ਸਮੁਚੇ ਦੇਸ਼ ਦੀ ਮੰਡੀ ਉਤੇ ਕਬਜਾ ਕਰਨਾ ਸੀ। ਇਸ ਲੁਟ ਲਈ ਜਿਥੇ ਲੋਕਾਂ ਦੀ ਕੁਟ ਜਰੂਰੀ ਸੀ, ਉਥੇ ਉਨ੍ਹਾਂ ਨੂੰ ਆਪੋ ਵਿਚ ਪਾੜੀ ਰਖਣ ਲਈ, ਉਨ੍ਹਾਂ ਨੂੰ ਗੁੰਮਰਾਹ ਕਰਨਾ ਵੀ ਜਰੂਰੀ ਸੀ।
ਅੰਗਰੇਜ਼ਾਂ ਨੂੰ ਪਤਾ ਸੀ ਕਿ ਬੰਦੇ ਦੀ ਸੋਚ ਹੀ ਬੰਦੇ ਨੂੰ ਚਲਾਉਂਦੀ ਹੈ। ਇਸ ਲਈ ਜੇ ਬੰਦੇ ਦੀ ਸੋਚ ਨੂੰ ਫਿਰਕੂ ਰੰਗਤ ਦੇ ਦਿਤੀ ਜਾਵੇ, ਤਾਂ ਉਹ ਆਪੇ ਹੀ ਸਮਾਜ ਨੂੰ ਪਾੜੀ ਰਖੇਗਾ। ਉਨ੍ਹਾਂ ਨੇ ਦੇਸ਼ ਵਿਚ ਰਹਿੰਦੇ ਅਡ-ਅਡ ਭਾਈਚਾਰਿਆਂ ਦੇ ਮਨਾਂ ਵਿਚ ਇਕ-ਦੂਜੇ ਪ੍ਰਤੀ ਨਫਰਤ ਭਰਨ ਲਈ, ਆਪਣੀ ਤਰਜ ਦੇ ਇਤਿਹਾਸ ਦੀਆਂ ਕਿਤਾਬਾਂ ਲਿਖਵਾਈਆਂ। ਇਨ੍ਹਾਂ ਕਿਤਾਬਾਂ ਵਿਚ ਭਾਰਤ ਦੇ ਇਤਿਹਾਸ ਨੂੰ ਛੁਟਿਆਇਆ ਗਿਆ ਤੇ ਯੂਰਪ ਦੇ ਇਤਿਹਾਸ ਨੂੰ ਵਡਿਆਇਆ ਗਿਆ। ਹੈਰਾਨੀ ਦੀ ਗੱਲ ਹੈ ਕਿ ਭਾਰਤ ਦੇ ਇਤਿਹਾਸ ਨੂੰ ਇੰਜ ਪੇਸ਼ ਕੀਤਾ ਗਿਆ ਜਿਵੇਂ ਇਥੇ ਆਦਿਕਾਲ ਤੋਂ ਲੈ ਕੇ ਹੁਣ ਤਕ ਵਖ-ਵਖ ਕਬੀਲਿਆਂ ਜਾਂ ਭਾਈਚਾਰਿਆਂ ਵਿਚਾਲੇ ਸਿਰਫ ਲੜਾਈਆਂ ਹੀ ਹੁੰਦੀਆਂ ਰਹੀਆਂ ਹਨ। ਜਦੋਂ ਕਿ ਸੱਚਾਈ ਇਹ ਹੈ ਕਿ ਜਿੰਨੀਆਂ ਲੜਾਈਆਂ ਯੂਰਪ ਵਿਚ ਹੋਈਆਂ, ਏਨੀਆਂ ਸ਼ਾਇਦ ਦੁਨੀਆਂ ਭਰ ਵਿਚ ਕਿਤੇ ਵੀ ਨਹੀਂ ਹੋਈਆਂ।
ਮੁਸਲਮਾਨਾਂ ਪ੍ਰਤੀ ਹਿੰਦੂਆਂ ਦੇ ਮਨਾਂ ਵਿਚ ਭਰੀ ਗਈ ਨਫਰਤ ਦੀ ਇਕ ਮਿਸਾਲ ਮੁਸਲਮਾਨ ਭਾਈਚਾਰੇ ਬਾਰੇ ਬਣੀ। ਇਹ ਇਕ ਆਮ ਇਤਿਹਾਸਕ ਧਾਰਨਾ ਹੈ ਕਿ ਮੱਧਕਾਲ ਦੇ ਮੁਸਲਮਾਨ ਹਮਲਾਵਰਾਂ ਨੇ ਭਾਰਤ ਦੇ ਹਿੰਦੂਆਂ ਉਤੇ ਬੜੇ ਜੁਲਮ ਕੀਤੇ ਅਤੇ ਦੇਸ਼ ਦੇ ਸਾਧਨਾਂ ਦੀ ਬੜੀ ਵਡੀ ਪਧਰ ਉਤੇ ਲੁਟਮਾਰ ਕੀਤੀ। ਆਮ ਹਿੰਦੂਆਂ ਦੇ ਇਕ ਵਰਗ ਨੂੰ ਇਹ ਗੱਲ ਜਚਾ ਦਿਤੀ ਗਈ ਹੈ ਕਿ ਭਾਰਤ ਦੇ ਮੁਸਲਮਾਨ ਬਾਹਰੋਂ ਆਏ ਹਮਲਾਵਰ ਹਨ, ਜਿਸ ਕਰਕੇ ਇਹ ਵਿਦੇਸ਼ੀ ਹਨ ਅਤੇ ਇਨ੍ਹਾਂ ਦੇ ਮਨਾਂ ਵਿਚ ਦੇਸ਼ ਭਗਤੀ ਦੇ ਜਜ਼ਬੇ ਦੀ ਘਾਟ ਹੈ। ਮੱਧਕਾਲ ਦੇ ਇਤਿਹਾਸ ਨੂੰ ਵੇਖਣ ਦਾ ਇਹ ਦ੍ਰਿਸ਼ਟੀਕੋਣ ਹੀ ਗਲਤ ਹੈ। ਦਰਅਸਲ ਦੁਨੀਆਂ ਭਰ ਦੇ ਹੋਰਨਾਂ ਸਮਾਜਾਂ ਵਾਂਗ ਮੱਧਕਾਲ ਵਿਚ ਭਾਰਤ ਅੰਦਰ ਵੀ ਬੜੀ ਉਥਲ-ਪੁਥਲ ਮਚੀ ਰਹੀ ਹੈ। ਆਹਾਰ-ਵਿਹਾਰ ਦੀ ਭਾਲ ਵਿਚ ਲੋਕ ਵਡੀ ਪਧਰ ਉਤੇ ਇਧਰ-ਉਧਰ ਪਰਵਾਸ ਕਰਦੇ ਰਹੇ ਹਨ। ਪੰਜਾਬ ਸਮੇਤ ਸਿੰਧ ਦਰਿਆ ਦੇ ਇਧਰਲਾ ਇਲਾਕਾ ਮੁਢ ਤੋਂ ਹੀ ਬੜੀ ਜਰਖੇਜ ਭੌਂਇ ਰਹੀ ਹੈ। ਇਸ ਲਈ ਭਾਰਤ ਉਤੇ ਅਰਬ ਮੁਲਕਾਂ ਵਲੋਂ ਮੁਸਲਮਾਨਾਂ ਦੇ ਹੁੰਦੇ ਹਮਲੇ ਕਿਸੇ ਦੂਜੇ ਧਰਮ ਉਤੇ ਹਮਲਾ ਨਹੀਂ ਸਨ, ਸਗੋਂ ਮੱਧਕਾਲ ਦਾ ਇਹ ਇਕ ਆਮ ਵਰਤਾਰਾ ਸੀ।
ਰਜਵਾੜਾਸ਼ਾਹੀ ਰਾਜ ਪ੍ਰਬੰਧ ਅਧੀਨ ਰਾਜ ਦੀ ਮੁਖ ਸ਼ਕਤੀ ਫੌਜੀ ਤਾਕਤ ਹੁੰਦੀ ਸੀ। ਇਸ ਲਈ ਜਿਹੜਾ ਵੀ ਕੋਈ ਲੋਕਾਂ ਦੇ ਇਕ ਜੁਝਾਰੂ ਹਿੱਸੇ ਨੂੰ ਫੌਜ ਦੇ ਰੂਪ ਵਿਚ ਜਥੇਬੰਦ ਕਰ ਲੈਂਦਾ, ਉਹ ਹਮਲਾਵਰ ਬਣ ਕੇ ਉਪਜਾਊ ਧਰਤੀਆਂ ਨੂੰ ਲੁਟਣ ਦੇ ਯਤਨ ਕਰਦਾ ਰਹਿੰਦਾ। ਅਨੇਕ ਵਾਰ ਇਹ ਯਤਨ ਸਥਾਈ ਰਾਜ ਵਿਚ ਬਦਲ ਜਾਂਦੇ ਸਨ। ਏਨਾ ਜਰੂਰ ਹੈ ਕਿ ਹਿੰਦੂ ਸਮਾਜ ਵਰਣ ਵੰਡ ਅਤੇ ਜਾਤਪਾਤ ਵਿਚ ਵੰਡਿਆ ਹੋਣ ਕਰਕੇ ਅਨੇਕ ਵਾਰ ਇਨ੍ਹਾਂ ਹਮਲਾਵਰਾਂ ਨੂੰ ਥੋੜੀ ਜਿਹੀ ਫੌਜ ਨਾਲ ਹੀ, ਇਥੇ ਰਾਜ ਸਥਾਪਤ ਕਰਨਾ ਸੌਖਾ ਹੋ ਜਾਂਦਾ ਸੀ। ਭਾਰਤੀ ਸਮਾਜ ਦੀ ਇਸੇ ਕਮਜੋਰੀ ਦਾ ਫਾਇਦਾ ਅੰਗਰੇਜ਼ ਸਾਮਰਾਜੀਆਂ ਨੇ ਉਠਾਇਆ।
ਗੁਰੂ ਨਾਨਕ ਸਾਹਿਬ ਨੇ ਹਿੰਦੁਸਤਾਨ ਉਤੇ ਮੁਗਲ ਬਾਦਸ਼ਾਹ ਬਾਬਰ ਦੇ ਹਮਲੇ ਦਾ ਜ਼ਿਕਰ ਆਪਣੀ ਬਾਣੀ ਵਿਚ ਕੀਤਾ ਹੈ। ਜੇ ਕਿਸੇ ਨੇ ਇਤਿਹਾਸ ਨੂੰ ਧਰਮ ਨਿਰਪਖ ਨਜ਼ਰੀਏ ਨਾਲ ਬਿਆਨ ਕਰਨ ਦੀ ਮਿਸਾਲ ਦੇਣੀ ਹੋਵੇ, ਤਾਂ ਇਸ ਤੋਂ ਵਧੀਆ ਹੋਰ ਕੋਈ ਮਿਸਾਲ ਨਹੀਂ ਦਿਤੀ ਜਾ ਸਕਦੀ। ਬਾਬਰ ਦੇ ਇਸ ਹਮਲੇ ਬਾਰੇ ਗੁਰੂ ਸਾਹਿਬ ਦਾ ਨਿਵੇਕਲਾ ਪ੍ਰਤੀਕਰਮ ਹੈ:
ਪਾਪ ਕੀ ਜੰਞ ਲੈ ਕਾਬਲਹੁ ਧਾਇਆ
ਜੋਰੀ ਮੰਗੈ ਦਾਨੁ ਵੇ ਲਾਲੋ॥
ਸਰਮੁ ਧਰਮੁ ਦੁਇ ਛਪਿ ਖਲੋਏ
ਕੂੜੁ ਫਿਰੈ ਪਰਧਾਨੁ ਵੇ ਲਾਲੋ॥ (ਪੰਨਾ 722)
ਬਾਬਰ ਕਾਬਲ ਤੋਂ ਪਾਪ ਦੀ ਜੰਞ ਲੈ ਕੇ ਹਿੰਦੁਸਤਾਨ ਉਤੇ ਹਮਲਾਵਰ ਹੋਇਆ ਹੈ ਅਤੇ ਲੋਕਾਂ ਕੋਲੋਂ ਜੋਰੀਂ ਦਾਨ ਮੰਗਦਾ ਹੈ। ਇਸ ਹਾਲਤ ਵਿਚ ਸ਼ਰਮ ਅਤੇ ਧਰਮ-ਦੋਵੇਂ ਨਜ਼ਰ ਨਹੀਂ ਆਉਂਦੇ। ਭਾਵ ਹਮਲਾਵਰ ਫੌਜੀਆਂ ਦੇ ਮਨਾਂ ਵਿਚੋਂ ਮਜ਼ਲੂਮਾਂ ਪ੍ਰਤੀ ਦਇਆ ਅਤੇ ਸੰਤੋਖ ਦਾ ਜਜ਼ਬਾ ਪਰ ਲਾ ਕੇ ਉਡ ਗਏ ਹਨ ਤੇ ਹਰ ਪਾਸੇ ਝੂਠ ਦਾ ਬੋਲ ਬਾਲਾ ਹੈ।
ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨੁ ਡਰਾਇਆ॥
ਆਪੈ ਦੋਸੁ ਨ ਦੇਈ ਕਰਤਾ ਜਮੁ ਕਰਿ ਮੁਗਲੁ ਚੜਾਇਆ॥
ਏਤੀ ਮਾਰ ਪਈ ਕਰਲਾਣੇ ਤੈਂ ਕੀ ਦਰਦੁ ਨ ਆਇਆ॥ (ਪੰਨਾ 360)
ਬਾਬਰ ਦੀਆਂ ਫੌਜਾਂ ਨੂੰ ਸੈਦਪੁਰ (ਐਮਨਾਬਾਦ) ਵਿਚ ਆਪਣੀਆਂ ਅੱਖਾਂ ਦੇ ਸਾਹਮਣੇ ਲੋਕਾਂ ਦਾ ਕਤਲੇਆਮ ਕਰਦਿਆਂ ਵੇਖ ਕੇ ਗੁਰੂ ਸਾਹਿਬ ਦੇ ਬਚਨ ਹਨ ਕਿ ਖੁਰਾਸਾਨ ਉਤੇ ਆਪਣੀ ਮਾਲਕੀ ਕਾਇਮ ਕਰਨ ਤੋਂ ਬਾਅਦ ਬਾਬਰ ਹਿੰਦੁਸਤਾਨ ਵਿਚ ਦਹਿਸ਼ਤ ਪਾਉਣ ਆਇਆ ਹੈ। ਪਰ ਇਸ ਦਾ ਦੋਸ਼ੀ ਸਿਰਜਣਹਾਰ ਕਰਤਾ ਨਹੀਂ, ਸਗੋਂ ਇਸ ਦੇ ਅਸਲ ਦੋਸ਼ੀ ਜਮਦੂਤਾਂ ਦੇ ਰੂਪ ਵਿਚ ਮੁਗਲ ਹਨ। ਆਮ ਲੋਕਾਂ ਨੂੰ ਮੁਖਾਤਿਬ ਹੋ ਕੇ ਗੁਰੂ ਸਾਹਿਬ ਸੁਆਲ ਕਰਦੇ ਹਨ ਕਿ ਮਜ਼ਲੂਮ ਅਤੇ ਨਿਰਦੋਸ਼ ਲੋਕਾਂ ਦਾ ਏਨੀ ਵਡੀ ਪੱਧਰ ਉਤੇ ਘਾਣ ਹੋਇਆ ਹੈ, ਪਰ ਕੀ ਤੁਹਾਨੂੰ ਇਨ੍ਹਾਂ ਦਾ ਦਰਦ ਮਹਿਸੂਸ ਨਹੀਂ ਹੋਇਆ?
ਅਗੋ ਦੇ ਜੇ ਚੇਤੀਐ ਤਾਂ ਕਾਇਤੁ ਮਿਲੈ ਸਜਾਇ॥
ਸਾਹਾਂ ਸੁਰਤਿ ਗਵਾਈਆ ਰੰਗਿ ਤਮਾਸੈ ਚਾਇ॥
ਬਾਬਰਵਾਣੀ ਫਿਰਿ ਗਈ ਕੁਇਰੁ ਨ ਰੋਟੀ ਖਾਇ॥ (ਪੰਨਾ 417)
ਪਰ ਨਾਲ ਹੀ ਗੁਰੂ ਸਾਹਿਬ ਇਹ ਬਚਨ ਵੀ ਕਰਦੇ ਹਨ ਕਿ ਜੇ ਪਹਿਲਾਂ ਤਿਆਰੀ ਕੀਤੀ ਹੁੰਦੀ ਤਾਂ ਇਹ ਸਜ਼ਾ ਨਹੀਂ ਸੀ ਮਿਲਣੀ। ਜਦੋਂ ਕਿ ਹਾਲਤ ਇਹ ਬਣੀ ਹੋਈ ਸੀ ਕਿ ਸ਼ਾਹਾਂ ਭਾਵ ਆਪਣੇ ਦਰਬਾਰੀਆਂ ਸਮੇਤ ਬਾਦਸ਼ਾਹ ਨੇ ਆਪਣੀ ਜ਼ਿੰਮੇਵਾਰੀ ਨਿਭਾਉਣ ਦੀ ਥਾਂ ਰੰਗ ਤਮਾਸ਼ਿਆਂ ਵਿਚ ਆਪਣੀ ਸੁਰਤ ਗੁਆਈ ਹੋਈ ਸੀ, ਜਿਸ ਕਰਕੇ ਬਾਬਰ ਦੀ ਜ਼ਾਲਮ ਢਾਣੀ ਦੀ ਇਹ ਜ਼ੁਲਮ ਕਰਨ ਦੀ ਜ਼ੁਰਅਤ ਪਈ।
ਫਿਰ ਗੁਰੂ ਸਾਹਿਬ ਆਪਣੇ ਵੇਲੇ ਦੇ ਸਮਾਜ ਤੇ ਰਾਜ ਦੀ ਸਮੁੱਚੀ ਹਾਲਤ ਬਾਰੇ ਟਿੱਪਣੀ ਕਰਦਿਆਂ ਇਹ ਚੇਤਨਾ ਦਿੰਦੇ ਹਨ ਕਿ ਧਨ ਦੌਲਤ ਦੇ ਲਾਲਚ ਵਿਚ ਗੁੰਮਰਾਹ ਹੋ ਕੇ ਜਨਤਾ ਖੁਆਰ ਹੋ ਰਹੀ ਹੈ। ਇਹ ਧਨ ਦੌਲਤ ਪਾਪ ਕੀਤਿਆਂ ਭਾਵ ਆਮ ਜਨ ਸਮੂਹਾਂ ਦੀ ਲੁਟ ਕੀਤੇ ਬਿਨਾ ਇਕੱਠੀ ਨਹੀਂ ਹੁੰਦੀ, ਜਦੋਂ ਕਿ ਮਰਨ ਵੇਲੇ ਇਹ ਦੌਲਤ ਨਾਲ ਨਹੀਂ ਜਾਂਦੀ। ਗੁਰੂ ਸਾਹਿਬ ਦੇ ਬਚਨ ਹਨ, ਜਿਹੜਾ ਮਨੁਖ ਆਪਣੇ ਚੰਗੇ ਗੁਣ ਗੁਆ ਦਿੰਦਾ ਹੈ, ਉਹ ਇਸ ਧਨ ਦੌਲਤ ਦੇ ਲਾਲਚ ਵਿਚ ਖੱਜਲ ਖੁਆਰ ਹੁੰਦਾ ਰਹਿੰਦਾ ਹੈ।
ਗੁਰੂ ਸਾਹਿਬ ਇਹ ਵੀ ਦਸਦੇ ਹਨ ਕਿ ਬਾਬਰ ਦੇ ਹਮਲੇ ਦੀ ਖਬਰ ਸੁਣ ਕੇ ਦਿੱਲੀ ਦੇ ਪਠਾਣ ਹਾਕਮ ਪੀਰਾਂ-ਫਕੀਰਾਂ ਨੂੰ ਧਿਆਉਣ ਦਾ ਕਰਮਕਾਂਡ ਕਰਦੇ ਰਹੇ। ਪਰ ਇਸ ਕਰਮਕਾਂਡ ਨਾਲ ਕੋਈ ਮੁਗਲ ਫੌਜੀ ਅੰਨ੍ਹਾ ਨਹੀਂ ਹੋਇਆ ਅਤੇ ਨਾ ਹੀ ਕਿਸੇ ਨੂੰ ਸਜ਼ਾ ਮਿਲੀ। ਗੁਰੂ ਸਾਹਿਬ ਇਹ ਜਾਣਕਾਰੀ ਵੀ ਦਿੰਦੇ ਹਨ ਕਿ ਇਹ ਲੜਾਈ ਮੁਸਲਮਾਨਾਂ ਤੇ ਹਿੰਦੂਆਂ ਵਿਚਾਲੇ ਨਹੀਂ ਸੀ, ਸਗੋਂ ਮੁਗਲਾਂ ਤੇ ਪਠਾਣਾਂ ਵਿਚਾਲੇ ਸੀ। ਜੰਗ ਦੇ ਮੈਦਾਨ ਵਿਚ ਮੁਗਲਾਂ ਅਤੇ ਪਠਾਣਾਂ ਦੀ ਆਹਮੋ-ਸਾਹਮਣੀ ਤਲਵਾਰਾਂ ਦੀ ਹੋਈ ਗਹਿਗਚ ਲੜਾਈ ਵਿਚ ਮੁਗਲਾਂ ਨੇ ਤੋਪਾਂ ਚਲਾਈਆਂ ਅਤੇ ਪਠਾਣਾਂ ਨੇ ਹਾਥੀਆਂ ਨਾਲ ਚੜ੍ਹਾਈ ਕੀਤੀ। ਯਕੀਨਨ ਗੁਰੂ ਸਾਹਿਬ ਆਮ ਮਨੁੱਖ ਨੂੰ ਇਹ ਚੇਤਨਾ ਵੀ ਦੇ ਰਹੇ ਹਨ ਕਿ ਫੌਜਾਂ ਦੀ ਜਿਤ ਹਾਰ ਦਾ ਫੈਸਲਾ ਕਿਸੇ ਕਲਪਿਤ ਰਬ ਦੀ ਗੈਬੀ ਸ਼ਕਤੀ ਨਾਲ ਨਹੀਂ ਹੋਇਆ, ਸਗੋਂ ਜੰਗ ਦੇ ਮੈਦਾਨ ਵਿਚ ਆਹਮੋ-ਸਾਹਮਣੀ ਲੜਾਈ ਤੋਂ ਬਾਅਦ ਹੋਇਆ।
ਪੰਜਾਬ ਦੇ ਲੈਫਟੀਨੈਂਟ ਗਵਰਨਰ ਓਡਵਾਇਰ ਨੇ ਆਪਣੀ ਕਿਤਾਬ Ḕਭਾਰਤ ਜਿਵੇਂ ਮੈਂ ਇਸ ਨੂੰ ਜਾਣਿਆ’ ਵਿਚ Ḕਆਰੀਆ ਸਮਾਜ’ ਦਾ ਜ਼ਿਕਰ ਕੀਤਾ ਹੈ, “ਆਰੀਆ ਸਮਾਜ: ਦਰਅਸਲ ਪਛਮੀ ਪ੍ਰਭਾਵ ਦੇ ਖਿਲਾਫ ਇਕ ਰਾਸ਼ਟਰਵਾਦੀ ਪੁਨਰ ਜਾਗਰਣ ਹੈ। ਇਹ ਇਸ ਸੰਪ੍ਰਦਾਇ ਦੇ ਸੰਸਥਾਪਕ ਦਇਆ ਨੰਦ ਦੇ ਅਧਿਕਾਰਕ ਗ੍ਰੰਥ, ਸਤਯਾਰਥ ਪ੍ਰਕਾਸ਼ ਵਿਚ ਆਪਣੇ ਅਨੁਆਈਆਂ ਨੂੰ ਅਪੀਲ ਕਰਦਾ ਹੈ ਕਿ ਉਹ ਵੇਦਾਂ ਦੇ ਵੱਲੀਂ ਪਰਤ ਜਾਣ ਅਤੇ ਆਰੀਆਂ ਦੇ ਕਾਲਪਨਿਕ ਸਵਰਨ ਯੁਗ ਅਤੀਤ ਵਿਚ ਭਵਿਖ ਦੇ ਸੁਨਹਿਰੀ ਯੁਗ ਦੀ ਤਲਾਸ਼ ਕਰਨ। ਸਤਯਾਰਥ ਪ੍ਰਕਾਸ਼ ਗੈਰ ਹਿੰਦੂ ਸ਼ਾਸਨ ਦੇ ਖਿਲਾਫ ਦਲੀਲਾਂ ਵੀ ਦਿੰਦਾ ਹੈ ਅਤੇ ਕੁਝ ਵਰ੍ਹੇ ਪਹਿਲਾਂ ਇਸ ਸੰਪ੍ਰਦਾਇ ਦੇ ਇਕ ਮੁਹਰੈਲ ਅਖਬਾਰ ਨੇ ਤਾਂ ਦਇਆਨੰਦ ਨੂੰ ਹੀ ਸਵਰਾਜ ਦੇ ਸਿਧਾਂਤ ਦਾ ਅਸਲੀ ਬੁਲਾਰਾ ਹੋਣ ਦਾ ਦਾਅਵਾ ਵੀ ਕੀਤਾ ਸੀ। ਪ੍ਰੰਤੂ 1907 ਵਿਚ ਜਦੋਂ ਕੁਝ ਸ਼ਰਾਰਤੀ ਅਖਬਾਰਾਂ ਨੇ ਆਰੀਆ ਸਮਾਜ ਦੇ ਵਿਰੁਧ ਅਫਵਾਹਾਂ ਫੈਲਾਉਣੀਆਂ ਅਰੰਭ ਕੀਤੀਆਂ, ਤਾਂ ਇਸ ਸੰਪ੍ਰਦਾਇ ਨੇ ਆਪਣੇ ਪੁਰਾਣੇ ਧਰਮ ਸਿਧਾਂਤ ਨੂੰ ਦੁਹਰਾਉਂਦਿਆਂ ਇਸ ਇਰਾਦੇ ਦਾ ਇਕ ਪ੍ਰਸਤਾਵ ਪ੍ਰਕਾਸ਼ਤ ਕਰਨ ਦੀ ਸਿਆਣਪ ਵਿਖਾਈ ਕਿ ਇਸ ਸੰਗਠਨ ਦਾ ਕਿਸੇ ਵੀ ਕਿਸਮ ਦੇ ਰਾਜਨੀਤਕ ਗਰੁਪ ਜਾਂ ਕਿਸੇ ਵੀ ਕਿਸਮ ਦੇ ਰਾਜਨੀਤਕ ਅੰਦੋਲਨ ਨਾਲ ਕੋਈ ਸਬੰਧ ਨਹੀਂ। ਹੁਣ ਜੇ ਇਕ ਸੰਗਠਨ ਦੇ ਰੂਪ ਵਿਚ ਸਮਾਜ ਵੱਲੋਂ ਚਰਮ ਪਖੀ ਰਾਜਨੀਤੀ ਨਾਲੋਂ ਸਬੰਧਾਂ ਦਾ ਤੋੜ ਵਿਛੋੜਾ ਕਰਨ ਦੇ ਇਸ ਦਾਅਵੇ ਨੂੰ ਮੰਨ ਵੀ ਲਿਆ ਜਾਵੇ, ਤਾਂ ਵੀ ਕੱਟੜ ਹਿੰਦੂਆਂ ਵਾਸਤੇ ਇਹ ਗੱਲ ਗੌਰਤਲਬ ਹੋਣੀ ਚਾਹੀਦੀ ਹੈ ਕਿ ਭਲੇ ਹੀ ਆਰੀਆ ਸਮਾਜ ਵਿਚ ਪੰਜਾਬ ਦੀ ਹਿੰਦੂ ਆਬਾਦੀ ਦੇ 5 ਫੀਸਦੀ ਤੋਂ ਵੱਧ ਲੋਕੀਂ ਸ਼ਾਮਿਲ ਨਹੀਂ, ਪਰ ਫਿਰ ਵੀ 1907 ਤੋਂ ਲੈ ਕੇ ਅੱਜ ਤਕ ਹਿੰਦੂਆਂ ਦੀ ਇਕ ਵਡੀ ਗਿਣਤੀ, ਜੋ ਰਾਜ ਧਰੋਹ ਅਤੇ ਦੂਜੇ ਰਾਜਨੀਤਕ ਜੁਰਮਾਂ ਅਧੀਨ ਦੰਡਿਤ ਹੁੰਦੀ ਰਹੀ ਹੈ, ਉਹ ਇਸ ਸਮਾਜ ਦੀ ਹੀ ਮੈਂਬਰ ਰਹੀ ਹੈ।”
ਪੰਜਾਬ ਦੇ ਲੈਫਟੀਨੈਂਟ ਗਵਰਨਰ ਦੀ ਇਸ ਟਿੱਪਣੀ ਤੋਂ ਸਪਸ਼ਟ ਹੈ ਕਿ Ḕਆਰੀਆ ਸਮਾਜ ਦਰਅਸਲ ਪਛਮੀ ਪ੍ਰਭਾਵ ਦੇ ਖਿਲਾਫ ਇਕ ਰਾਸ਼ਟਰਵਾਦੀ ਪੁਨਰ ਜਾਗਰਣ’ ਸੀ। ਇਹ ਪੁਨਰ ਜਾਗਰਣ ਹਿੰਦੂਆਂ ਨੂੰ Ḕਵੇਦਾਂ ਵੱਲੀਂ ਪਰਤ ਜਾਣ ਅਤੇ ਆਰੀਆਂ ਦੇ ਕਲਪਿਤ ਸਵਰਨ ਯੁਗ ਅਤੀਤ ਵਿਚੋਂ ਭਵਿਖ ਦੇ ਸੁਨਹਿਰੀ ਯੁਗ ਦੀ ਤਲਾਸ਼ ਕਰਨ’ ਦੀ ਪ੍ਰੇਰਣਾ ਦਿੰਦਾ ਸੀ। ਇਹ ਸਹੀ ਹੈ ਕਿ ਇਹ ਸੁਪਨਾ 1947 ਤੋਂ ਪਹਿਲਾਂ ਦੇਸ਼ ਦੀ ਆਜ਼ਾਦੀ ਲਈ ਲੜਨ ਵਾਸਤੇ ਹਿੰਦੂਆਂ ਨੂੰ ਉਤਸ਼ਾਹਿਤ ਕਰਦਾ ਸੀ, ਪਰ ਨਾਲ ਹੀ ਇਹ ਸੁਪਨਾ ਉਨ੍ਹਾਂ ਨੂੰ ਮਨੂਵਾਦ ਦੀ ਪਟੜੀ ਉਤੇ ਵੀ ਚਾੜ੍ਹ ਦਿੰਦਾ ਸੀ। ਬੰਗਾਲ ਅਤੇ ਮਹਾਂਰਾਸ਼ਟਰ ਵਿਚ ਇਹ ਮਨੂਵਾਦੀ ਸੋਚ ਮੁਸਲਮਾਨ ਵਿਰੋਧੀ ਸੀ, ਪਰ ਪੰਜਾਬ ਵਿਚ Ḕਸਤਿਯਾਰਥ ਪ੍ਰਕਾਸ਼ ਗ੍ਰੰਥ’ ਰਾਹੀਂ ਇਹ ਸੋਚ, ਗੁਰਮਤਿ ਵਿਰੋਧੀ ਰੂਪ ਲੈ ਕੇ ਸਿੱਖ ਵਿਰੋਧੀ ਵੀ ਬਣ ਗਈ।
ਦਰਅਸਲ ਮਸਲਾ ਵੈਦਿਕ ਫਿਲਾਸਫੀ ਨੂੰ ਨਕਾਰਨ ਜਾਂ Ḕਵੇਦਾਂ ਵੱਲੀਂ ਪਰਤ ਜਾਣ ਅਤੇ ਆਰੀਆਂ ਦੇ ਕਲਪਿਤ ਸਵਰਨ ਯੁਗ ਅਤੀਤ ਵਿਚ ਭਵਿਖ ਦੇ ਸੁਨਹਿਰੀ ਯੁਗ ਦੀ ਤਲਾਸ਼ ਕਰਨ’ ਦਾ ਨਹੀਂ ਸੀ ਸਗੋਂ ਮਸਲਾ ਵੇਦਾਂ ਵਿਚਲੇ ਬ੍ਰਹਮ ਗਿਆਨ ਨੂੰ ਅਜੋਕੇ ਪ੍ਰਸੰਗ ਵਿਚ ਨਵਿਆਉਣ ਅਤੇ ਅਪਨਾਉਣ ਦਾ ਸੀ। ਵੈਦਿਕ ਫਿਲਾਸਫੀ ਵਿਚ ਬਹੁਤ ਕੁਝ ਮਨੂਵਾਦੀ ਕੂੜ ਰਲਿਆ ਹੋਇਆ ਹੈ, ਪਰ ਇਸ ਫਿਲਾਸਫੀ ਵਿਚ ਬ੍ਰਹਮ ਗਿਆਨ ਦੇ ਤਤ ਵੀ ਮੌਜੂਦ ਹਨ। ਮਸਲਾ ਮਨੂਵਾਦੀ ਭਰਮਾਊ ਧਾਰਨਾਵਾਂ ਤੇ ਇਨ੍ਹਾਂ ਵਿਚਲੇ ਬ੍ਰਹਮ ਗਿਆਨ ਨੂੰ ਨਿਖੇੜਨ ਦਾ ਸੀ। ਇਹ ਕੰਮ ਗੁਰਮਤਿ ਨੇ ਬਾਖੂਬੀ ਕੀਤਾ ਹੋਇਆ ਸੀ, ਜਿਸ ਨੂੰ ਅਗੇ ਤੋਰਨ ਦੀ ਲੋੜ ਸੀ। ਪਰ ਆਰੀਆ ਸਮਾਜ ਨੇ ਇਹ ਕੰਮ ਕਰਨ ਦੀ ਥਾਂ ਆਪਣੀ ਮਨੂਵਾਦੀ ਸੋਚ ਕਾਰਨ ਸਿੱਖ ਗੁਰੂਆਂ ਦੀ ਨਿੰਦਿਆ ਕਰ ਕੇ ਗੁਰਮਤਿ ਨਾਲ ਆਢਾ ਲਾ ਲਿਆ ਅਤੇ ਪੰਜਾਬ ਦੇ ਤਿੰਨਾਂ ਫਿਰਕਿਆਂ ਦੇ ਮਨਾਂ ਵਿਚ ਇਕ-ਦੂਜੇ ਪ੍ਰਤੀ ਨਫਰਤ ਭਰਨ ਦਾ ਕਾਰਜ ਮਿਥ ਲਿਆ, ਜਿਸ ਨੂੰ ਅੰਗਰੇਜ਼ ਸਾਮਰਾਜੀਆਂ ਨੇ ਪੂਰੀ ਸ਼ਹਿ ਦਿਤੀ।
1909 ਵਿਚ ਛਪੀ ਆਪਣੀ ਇਕ ਅਹਿਮ ਲਿਖਤ Ḕਹਿੰਦ ਸਵਰਾਜ’ ਵਿਚ ਮਹਾਤਮਾ ਗਾਂਧੀ ਨੇ ਹਿੰਦੂ-ਮੁਸਲਮਾਨਾਂ ਵਿਚਲੀ ਵੰਡ ਦਾ ਜ਼ਿਕਰ ਕਰਦਿਆ ਲਿਖਿਆ ਹੈ, “ਹਿੰਦੂ ਲੋਕ ਮੁਸਲਮਾਨ ਬਾਦਸ਼ਾਹਾਂ ਅਤੇ ਮੁਸਲਮਾਨ ਹਿੰਦੂ ਰਾਜਿਆਂ ਅਧੀਨ ਰਹਿੰਦੇ ਆਏ ਹਨ। ਦੋਵਾਂ ਨੂੰ ਬਾਅਦ ਵਿਚ ਸਮਝ ਆ ਗਿਆ ਕਿ ਝਗੜੇ ਦਾ ਕੋਈ ਫਾਇਦਾ ਨਹੀਂ। ਲੜਾਈ ਨਾਲ ਕੋਈ ਆਪਣਾ ਧਰਮ ਨਹੀਂ ਛਡੇਗਾ ਅਤੇ ਕੋਈ ਆਪਣੀ ਜ਼ਿਦ ਵੀ ਨਹੀਂ ਛਡੇਗਾ। ਇਸ ਲਈ ਦੋਵਾਂ ਨੇ ਮਿਲ ਕੇ ਰਹਿਣ ਦਾ ਫੈਸਲਾ ਕਰ ਲਿਆ। ਝਗੜੇ ਤਾਂ ਫਿਰ ਤੋਂ ਅੰਗਰੇਜ਼ਾਂ ਨੇ ਸ਼ੁਰੂ ਕਰਵਾਏ।…ਮੁਸਲਮਾਨ ਹਿੰਸਕ ਅਤੇ ਹਿੰਦੂ ਅਹਿੰਸਕ ਹਨ, ਇਹ ਸੋਚਣਾ ਬਿਲਕੁਲ ਗਲਤ ਹੈ। ਐਸੇ ਵਿਚਾਰ ਸੁਆਰਥੀ ਧਰਮ ਪ੍ਰਚਾਰਕਾਂ, ਪੰਡਿਤਾਂ ਅਤੇ ਮੌਲਵੀਆਂ ਨੇ ਸਾਨੂੰ ਦਿਤੇ ਹਨ ਅਤੇ ਇਸ ਵਿਚ ਜੋ ਕਸਰ ਰਹਿ ਗਈ ਸੀ, ਉਸ ਨੂੰ ਅੰਗਰੇਜ਼ਾਂ ਨੇ ਪੂਰਾ ਕਰ ਦਿਤਾ ਹੈ। ਅੰਗਰੇਜ਼ਾਂ ਨੂੰ ਇਤਿਹਾਸ ਲਿਖਣ ਦੀ ਆਦਤ ਹੈ। ਹਰ ਇਕ ਜਾਤੀ ਦੇ ਰੀਤੀ-ਰਿਵਾਜ਼ ਜਾਣਨ ਦਾ ਉਹ ਫਰੇਬ ਕਰਦੇ ਹਨ। ਆਪਣੇ ਵਾਜੇ ਉਹ ਖੁਦ ਵਜਾਉਂਦੇ ਹਨ ਅਤੇ ਸਾਡੇ ਮਨ ਵਿਚ ਆਪਣੀ ਗੱਲ ਠੀਕ ਹੋਣ ਦਾ ਵਿਸ਼ਵਾਸ ਪੈਦਾ ਕਰਦੇ ਹਨ। ਅਸੀਂ ਆਪਣੇ ਭੋਲੇਪਣ ਵਿਚ ਉਨ੍ਹਾਂ ਦੀਆਂ ਸਾਰੀਆਂ ਗੱਲਾਂ ਦਾ ਯਕੀਨ ਕਰ ਲੈਂਦੇ ਹਾਂ।” (ਸਫਾ 179, 183 )
ਸਾਡੇ ਦੇਸ਼ ਵਿਚ ਹੁੰਦੇ ਫਿਰਕੂ ਫਸਾਦਾਂ ਦਾ ਅਸਲ ਕਾਰਨ ਭਾਰਤ ਦੀ ਬਹੁਧਰਮੀ ਖਾਸੀਅਤ ਨਹੀਂ, ਜਿਵੇਂ ਕਿ ਆਰ. ਐਸ਼ ਐਸ਼ ਤੇ ਨਾਸਤਿਕ ਕਮਿਊਨਿਸਟਾਂ ਵਲੋਂ ਪ੍ਰਚਾਰਿਆ ਜਾਂਦਾ ਹੈ। ਸਗੋਂ ਮਹਾਤਮਾ ਗਾਂਧੀ ਦੇ ਦੱਸਣ ਅਨੁਸਾਰ ਸਾਮਰਾਜੀਆਂ ਦੀ Ḕਪਾੜੋ ਤੇ ਰਾਜ ਕਰੋ’ ਦੀ ਨੀਤੀ ਹੈ, ਜਿਸ ਨੂੰ 1947 ਤੋਂ ਬਾਅਦ ਵੀ ਮਨੂਵਾਦੀ ਹਾਕਮਾਂ ਨੇ ਜਾਰੀ ਰਖਿਆ ਹੋਇਆ ਹੈ। ਫਿਰਕੂ ਫਸਾਦਾਂ ਦਾ ਕਾਰਨ ਇਹੀ ਰਾਜਨੀਤੀ ਹੈ, ਕੋਈ ਧਰਮ ਨਹੀਂ।
ਵੈਦਿਕ ਫਿਲਾਸਫੀ ਵਿਚ ਦਰਜ ਹੈ, ਸਾਰੇ ਜਨ ਸੁਖੀ ਵਸਣ ਜਾਂ Ḕਵਾਸੂਦੇਵਾ ਕਟੁੰਬਮ’ ਭਾਵ ਸਾਰਾ ਵਿਸ਼ਵ ਇਕ ਪਰਿਵਾਰ ਹੈ। ਗੁਰਮਤਿ ਨੇ ਇਸੇ ਵੈਦਿਕ ਧਾਰਨਾ ਨੂੰ ਸਰਬਸਾਂਝੀਵਾਲਤਾ ਅਤੇ ਸਰਬਤ ਦੇ ਭਲੇ ਦੇ ਰੂਪ ਵਿਚ ਅੱਗੇ ਤੋਰਿਆ। Ḕਦੇਸ ਭਗਤੀ’ ਤੇ Ḕਭਾਰਤ ਮਾਤਾ’ ਦੇ ਸੰਕਲਪ ਵੈਦਿਕ ਫਿਲਾਸਫੀ ਦੀ ਦੇਣ ਨਹੀਂ, ਸਗੋਂ ਮਨੂਵਾਦੀ ਸੋਚ ਦਾ ਰਾਜਨੀਤਕ ਪ੍ਰਗਟਾਵਾ ਹਨ। ਸਾਰੇ ਦੇਸ਼ ਨੂੰ ਇਕ Ḕਰਾਸ਼ਟਰ’ ਬਣਾਉਣ ਲਈ ਹਿੰਦੀ ਨੂੰ ਜਰੂਰੀ ਭਾਸ਼ਾ ਦੇ ਤੌਰ ਉਤੇ ਠੋਸਣਾ ਅਸਲ ਵਿਚ ਉਪਨਿਸ਼ਦਾਂ ਦੀ Ḕਬ੍ਰਹਮ’ ਫਿਲਾਸਫੀ ਦਾ ਨਿਰਾਦਰ ਕਰਨਾ ਹੈ। ਉਪਨਿਸ਼ਦ ਕੁਦਰਤ ਦੀ ਵੰਨ-ਸੁਵੰਨਤਾ ਨੂੰ ਮਾਣਨ ਅਤੇ ਇਸ ਦੀ ਰਾਖੀ ਕਰਨ ਦਾ ਗਿਆਨ ਦਿੰਦੇ ਹਨ। ਯਕੀਨਨ ਵੱਖ ਵੱਖ ਭਾਈਚਾਰਿਆਂ ਦੇ ਮਨਾਂ ਵਿਚ ਇਕ-ਦੂਜੇ ਪ੍ਰਤੀ ਭਰੀ ਗਈ ਨਫਰਤ, ਸਾਮਰਾਜੀ ਰਾਜਨੀਤੀ ਅਤੇ ਮਨੂਵਾਦ ਦੀਆਂ ਪੈਰੋਕਾਰ ਆਰੀਆ ਸਮਾਜੀ ਅਖਬਾਰਾਂ ਦੀ ਦੇਣ ਹੈ, ਜਿਸ ਦਾ ਖਮਿਆਜਾ ਕਰੋੜਾਂ ਲੋਕਾਂ ਨੇ ਹਿੰਦ-ਪਾਕਿ ਤੇ ਬੰਗਾਲ ਦੀ ਹੋਈ ਵੰਡ ਦੇ ਰੂਪ ਵਿਚ ਭੁਗਤਿਆ ਹੈ। ਇਹ ਸੋਚ ਮਨੂਵਾਦੀ ਭਰਮਜਾਲ ਕਾਰਨ ਬਣੀਆਂ ਮਨ-ਕਲਪਿਤ ਧਾਰਨਾਵਾਂ ਦੀ ਦੇਣ ਹੈ। ਇਹ ਮਨੂਵਾਦੀ ਸੋਚ ਆਪਣੇ ਤੋਂ ਬਿਨਾ ਬਾਕੀ ਸਾਰਿਆਂ ਨੂੰ ਟਿਚ ਸਮਝਦੀ ਹੈ। ਇਸੇ ਮਨੂਵਾਦੀ ਸੋਚ ਨੇ ਦੇਸ਼ ਭਰ ਦੇ ਸਮਾਜੀ ਅਤੇ ਸਭਿਆਚਾਰਕ ਵਿਕਾਸ ਨੂੰ ਰੋਕਿਆ ਹੋਇਆ ਹੈ।