‘ਗਦਰ’ ਤੋਂ ਪਹਿਲਾਂ ਕੈਨੇਡਾ ਵਿਚ ‘ਸੁਦੇਸ਼ ਸੇਵਕ’ ਦਾ ਮੋਰਚਾ

ਗਦਰ ਲਹਿਰ ਦਾ ਇਤਿਹਾਸ ਆਪਣੇ ਨਾਵਲਾਂ ਅੰਦਰ ਸਮੋ ਕੇ ਪਾਠਕਾਂ ਅੱਗੇ ਪੇਸ਼ ਕਰਨ ਵਾਲੇ ਉਘੇ ਲੇਖਕ ਕੇਸਰ ਸਿੰਘ ਨਾਵਲਿਸਟ ਨੇ ਬਹੁਤ ਮਿਹਨਤ ਨਾਲ ਗਦਰ ਲਹਿਰ ਦੀ ਵਾਰਤਕ ਲੱਭਣ ਅਤੇ ਸੰਭਾਲਣ ਦਾ ਔਖੇਰਾ ਕਾਰਜ ਵੀ ਨੇਪਰੇ ਚਾੜ੍ਹਿਆ ਸੀ। ਇਸ ਵਿਚ ਗਦਰ ਲਹਿਰ ਸ਼ੁਰੂ ਹੋਣ ਤੋਂ ਪਹਿਲਾਂ ਕੈਨੇਡਾ ਵਿਚੋਂ ਨਿਕਲੇ ਦੋ ਪਰਚਿਆਂ ‘ਸੁਦੇਸ਼ ਸੇਵਕ’ ਅਤੇ ‘ਸੰਸਾਰ’ ਦਾ ਜ਼ਿਕਰ ਕੀਤਾ ਮਿਲਦਾ ਹੈ।

ਐਤਕੀਂ ਅਸੀਂ ਆਪਣੇ ਪਾਠਕਾਂ ਲਈ ‘ਸੁਦੇਸ਼ ਸੇਵਕ’ ਵਿਚ ਛਪੀਆਂ ਤਿੰਨ ਲਿਖਤਾਂ ਛਾਪ ਰਹੇ ਹਾਂ। ਇਹ ਪਰਚਾ 1909 ਤੋਂ 1911 ਤੱਕ ਛਪਦਾ ਰਿਹਾ। ਇਸ ਦੇ ਸੰਪਾਦਕ ਬਾਬੂ ਹਰਨਾਮ ਸਿੰਘ ਕਾਹਰੀ ਸਾਹਰੀ ਅਤੇ ਉਪ ਸੰਪਾਦਕ ਪੰਡਿਤ ਰਾਮ ਚੰਦਰ ਭਾਰਦਵਾਜ ਸਨ। ਇਸ ਪਰਚੇ ਨੇ ਕੈਨੇਡਾ ਪੁੱਜੇ ਹਿੰਦੁਸਤਾਨੀਆਂ ਅੰਦਰ ਜਾਗਰੂਕਤਾ ਫੈਲਾਉਣ ਦਾ ਵਡੇਰਾ ਕਾਰਜ ਕੀਤਾ। -ਸੰਪਾਦਕ

ਅਖਬਾਰ ‘ਸੁਦੇਸ਼ ਸੇਵਕ’ ਕੱਢਣ ਦਾ ਉਦੇਸ਼
ਜਦੋਂ ਤੋਂ ਅਸੀਂ ‘ਸੁਦੇਸ਼ ਸੇਵਕ’ ਪਰਚੇ ਨੂੰ ਨਿਕਾਲਣਾ ਸ਼ੁਰੂ ਕੀਤਾ ਹੈ, ਸਾਡੀ ਦਿਲੀ ਮਨਸ਼ਾ ਇਹ ਰਹੀ ਹੈ ਕਿ ਇਹ ਕੰਮ ਸਾਡਾ ਨਿੱਜ ਕਾ (ਆਪਣਾ) ਨਾ ਸਮਝਿਆ ਜਾਵੇ, ਬਲਕਿ ਸਾਰੇ ਦੇਸ਼ (ਹਿੰਦੁਸਤਾਨ ਵਾਸੀ ਸਭ ਹਿੰਦੂ, ਮੁਸਲਮਾਨ, ਮੋਨੇ ਅਤੇ ਸਿੱਖਾਂ ਤੇ ਖੱਤਰੀ) ਦਾ ਸਾਂਝਾ ਸਮਝਿਆ ਜਾਵੇ। ਆਪਣੇ ਆਪਣੇ ਪੇਟ ਦੇ ਵਾਸਤੇ, ਆਪਣੇ ਆਪਣੇ ਨਫੇ ਤੇ ਮਤਲਬ ਦੇ ਵਾਸਤੇ ਤਾਂ ਅਸੀਂ ਸਾਰੇ ਹੀ ਕੰਮ ਕਰਦੇ ਹਾਂ। ਮਗਰ ਦੇਸ਼ ਦਾ ਸਾਂਝਾ ਫਿਕਰ ਅਸੀਂ ਬਹੁਤ ਹੀ ਘੱਟ ਕਰਦੇ ਹਾਂ। ਜਾਂ ਤਾਂ ਅਸੀਂ ਕਰਨ ਦੇ ਅਯੋਗ ਹਾਂ ਜਾਂ ਕਰਨਾ ਚਾਹੁੰਦੇ ਹੀ ਨਹੀਂ!! ਐਸੇ ਹਾਲਾਤ ਵਿਚ ਮੇਰੇ ਜੈਸੇ ਮਾਮੂਲੀ ਆਦਮੀ ਦਾ ਦੇਸ਼ ਦੇ ਵਾਸਤੇ ਕੁਝ ਨਾ ਕੁਝ ਕੰਮ ਕਰਨਾ ਅਤੇ ਉਸ ਕੰਮ ਦੇ ਕਰਨ ਵਿਚ ਕਈ ਤਰ੍ਹਾਂ ਦੇ ਦੁੱਖਾਂ ਦਾ ਸਹਿਣਾ ਅਤੇ ਉਸ ਵਿਚ ਸਾਡੇ ਆਪਣੇ ਦੇਸ਼ੀ ਭਾਈਆਂ ਦੇ ਵੱਲੋਂ ਕੁਝ ਮਦਦ ਦੇਣ ਦੀ ਜਗ੍ਹਾ ਉਲਟਾ ਵਿਘਨ ਪਾਉਣੇ, ਅੱਛੇ ਕੰਮ ਨੂੰ ਸਿਰੇ ਚਾੜ੍ਹਨ ਦੀ ਜਗ੍ਹਾ ਕੰਮ ਨੂੰ ਖਰਾਬ ਕਰਦਾ ਹੈ ਅਤੇ ਸਾਡੇ ਹੌਸਲੇ ਨੂੰ ਨੀਚੇ ਗਿਰਾਉਂਦਾ ਹੈ। ਤਾਂ ਵੀ ਸਤਿਗੁਰੂ ਦੀ ਕ੍ਰਿਪਾ ਨਾਲ ਆਪਣੀ ਛੋਟੀ ਬੁੱਧੀ ਦੇ ਅਨੁਸਾਰ ਅਸੀਂ ਇਸ ਅੱਛੇ ਕੰਮ ਨੂੰ ਦਿਲ ਤੇ ਜਾਨ ਨਾਲ ਨਿਭਾਉਂਦੇ ਚਲੇ ਜਾਵਾਂਗੇ। ਅਤੇ ਆਪਣੇ ਦੇਸ਼ੀ ਭਾਈਆਂ ਤੋਂ ਵੀ ਪੂਰਨਾ ਕਰਦੇ ਰਹਾਂਗੇ ਕਿ ਉਹ ਸਾਡੇ ਇਸ ਕੰਮ ਵਿਚ ਸਹਾਇਤਾ ਦੇਂਦੇ ਰਹਿਣ।
ਇਸੀ ਕੰਮ ਦੇ ਸਬੰਧ ਵਿਚ ਵੈਨਕੂਵਰ ਵਿਚ ਜੋ 24 ਅਪਰੈਲ ਸੰਨ 1910 ਨੂੰ ਬਹੁਤ ਵੱਡਾ ਦੀਵਾਨ ਕੀਤਾ ਗਿਆ, ਉਸ ਦੀ ਕਾਰਵਾਈ ਅਸੀਂ ਨੀਚੇ ਵੇਰਵੇ ਵਿਚ ਲਿਖਦੇ ਹਾਂ।
“ਅਸੀਂ ਹਿੰਦੁਸਤਾਨ ਦੇ ਲੋਕ ਸਰਕਾਰ ਅੰਗਰੇਜ਼ੀ ਦੀ ਰਈਯਤ, ਜੋ ਕੈਨੇਡਾ ਵਿਚ ਰਹਿੰਦੇ ਹਾਂ, ਅਪਰੈਲ ਦੀ ਚੌਵੀ ਤਾਰੀਖ ਸੰਨ 1910 ਨੂੰ ਇਕ ਵੱਡਾ ਦੀਵਾਨ ਗੁਰਦੁਆਰੇ ਵੈਨਕੂਵਰ ਵਿਚ ਕਰਕੇ ਬੜੀ ਮਿੰਨਤ ਨਾਲ ਸਰਕਾਰ ਦੇ ਪਾਸ ਆਪਣੇ ਦੁੱਖ ਰੋਂਦੇ ਹਾਂ, ਜਿਹੜੇ ਦੁੱਖ ਸਾਨੂੰ ਇਥੇ (ਕੈਨੇਡਾ ਵਿਚ) ਉਠਾਉਣੇ ਪੈਂਦੇ ਹਨ।
ਅਸੀਂ ਸੌਦਾਗਰੀ ਕਰਕੇ ਔਰ ਮਿਹਨਤ ਕਰਕੇ ਆਪਣੇ ਖਾਣ ਪੀਣ ਵਾਸਤੇ ਬਹੁਤ ਕੁਝ ਕਮਾਉਂਦੇ ਹਾਂ ਅਤੇ ਸਾਡੀ ਬਹੁਤ ਸਾਰੀ ਜਮੀਨ ਜਾਇਦਾਦ ਵਗੈਰਾ ਵੀ ਇਥੇ ਹੈ।
ਕੈਨੇਡਾ ਵਿਚ ਹਿੰਦੁਸਤਾਨ ਤੋਂ ਆਉਣ ਵਾਸਤੇ ਜੋ ਕਾਨੂੰਨ ਹੈ ਅਤੇ ਜਿਸ ਤਰ੍ਹਾਂ ਉਸ ਨੂੰ ਵਰਤਿਆ ਜਾਂਦਾ ਹੈ, ਉਸ ਤਰੀਕੇ ਨਾਲ ਸਾਡੇ ਦੇਸ਼ੀਆਂ ਨੂੰ ਇਥੇ ਆਉਣ ਵਿਚ ਬਹੁਤ ਬੜੀ ਰੋਕ ਪੈਦਾ ਹੁੰਦੀ ਹੈ।
ਬੇਸ਼ੱਕ ਅਸੀਂ ਉਨ੍ਹਾਂ ਸ਼ਰਤਾਂ ਅਤੇ ਕਾਨੂੰਨ ਦੀਆਂ ਜ਼ਰੂਰੀ ਗੱਲਾਂ ਨੂੰ ਮੰਨਣ ਵਾਸਤੇ ਤਿਆਰ ਹਾਂ, ਅਤੇ ਉਤਨਾ ਰੁਪਿਆ (ਯਾਨਿ ਉਤਨਾ ਡਾਲਰ) ਵੀ ਅਸੀਂ ਦਿਖਲਾ ਸਕਦੇ ਹਾਂ, ਜਿਹੜਾ ਕਿ ਹੋਰ ਅੰਗਰੇਜ਼ੀ ਰਈਯਤ ਨੂੰ ਦਿਖਲਾਉਣਾ ਪੈਂਦਾ ਹੈ। ਜਿਸ ਤੋਂ ਪਤਾ ਲੱਗ ਸਕਦਾ ਹੈ ਕਿ ਅਸੀਂ (ਹਿੰਦੁਸਤਾਨ ਦੇ ਵਾਸੀ) ਗਰੀਬ ਤੇ ਕੰਗਾਲ ਨਹੀਂ ਹਾਂ ਅਤੇ ਸਾਡੇ ਰੋਟੀ ਕਮਾਉਣ ਦੇ ਕਈ ਅੱਛੇ ਤਰੀਕੇ ਹਨ। ਸਾਨੂੰ ਇਹ ਅਫਸੋਸ ਨਾਲ ਕਹਿਣਾ ਪੈਂਦਾ ਹੈ ਕਿ ਅਸੀਂ ਇਸ ਮੁਲਕ ਵਿਚ ਖੁੱਲ੍ਹੇ ਤੌਰ ਨਾਲ ਨਹੀਂ ਆ ਸਕਦੇ ਜੋ ਕਿ ਸਾਡੇ ਵਾਸਤੇ ਬਹੁਤ ਦੁੱਖ ਦਾ ਕਾਰਨ ਹੈ ਕਿਉਂਕਿ ਸਾਨੂੰ ਸਿਰਫ ਆਉਣ ਜਾਣ ਦੇ ਵਾਸਤੇ (ਕਿਰਾਏ ਪਰ) ਬਹੁਤ ਸਾਰਾ ਖਰਚਾ ਕਰਨਾ ਪੈ ਜਾਂਦਾ ਹੈ।
ਇਸ ਕਾਨੂੰਨ ਦੇ ਸ਼ਬਦ ਕੁਝ ਅਜੀਬ ਹਨ ਅਤੇ ਉਨ੍ਹਾਂ ਨੂੰ ਕਚਹਿਰੀਆਂ ਵਿਚ ਇਸ ਤੌਰ ‘ਤੇ ਵਰਤਿਆ ਜਾਂਦਾ ਹੈ ਕਿ ਸਾਨੂੰ ਇਸ ਮੁਲਕ ਵਿਚ ਆਉਣਾ ਨਹੀਂ ਮਿਲਦਾ।
ਅਸੀਂ ਇਸ ਵਾਸਤੇ ਬੇਨਤੀ ਕਰਦੇ ਹਾਂ ਕਿ ਕੈਨੇਡਾ ਦੀ ਸਰਕਾਰ ਮਿਹਰਬਾਨੀ ਕਰਕੇ ਇਸ ਵਰਤਮਾਨ ਕਾਨੂੰਨ ਨੂੰ ਇਸ ਤਰ੍ਹਾਂ ਬਦਲੇ ਕਿ ਸਾਡੇ ਦੇਸ਼ੀ ਭਰਾਵਾਂ ਨੂੰ ਹਿੰਦੁਸਤਾਨ ਅਤੇ ਹੋਰ ਮੁਲਕਾਂ ਤੋਂ ਆਉਣ ਵਾਸਤੇ ਦਿੱਕਤਾਂ ਦੂਰ ਕੀਤੀਆਂ ਜਾਣ। ਉਹ ਦਿੱਕਤਾਂ ਹਨ:
1. ਵਰਤਮਾਨ ਕਾਨੂੰਨ ਅੰਗਰੇਜ਼ੀ ਅਸੂਲ ਦੇ ਮੁਤਾਬਕ ਨਹੀਂ ਕਿਉਂਕਿ ਇਸ ਕਾਨੂੰਨ ਨਾਲ ਹਿੰਦੁਸਤਾਨ ਦੇ ਲੋਕਾਂ ‘ਤੇ ਹੋਰ ਅੰਗਰੇਜ਼ੀ ਰਈਯਤ ਵਿਚ ਭੇਦ ਪੈਦਾ ਕੀਤਾ ਜਾਂਦਾ ਹੈ ਕਿਉਂਕਿ ਹਿੰਦੁਸਤਾਨੀਆਂ ਨੂੰ ਦੋ ਸੌ ਡਾਲਰ ਦਿਖਲਾਉਣਾ ਪੈਂਦਾ ਹੈ ਤਾਂ ਹੋਰ ਸਰਕਾਰੀ (ਅੰਗਰੇਜ਼ੀ) ਰਈਅਤ ਨੂੰ ਇਤਨਾ ਡਾਲਰ ਇਸ ਜਗ੍ਹਾ ਉਤਰਦੇ ਵਕਤ ਨਹੀਂ ਦਿਖਲਾਉਣਾ ਪੈਂਦਾ।
2. ਵਰਤਮਾਨ ਕਾਨੂੰਨ ਦੇ ਨਾਲ ਹਿੰਦੁਸਤਾਨ ਦੇ ਆਦਮੀਆਂ ਦੀ ਬੇਇੱਜਤੀ ਹੁੰਦੀ ਹੈ, ਜਦਕਿ ਗੈਰ ਮੁਲਕ ਦੇ ਆਦਮੀ (ਜਾਪਾਨ ਆਦਿ ਦੇ) ਕੈਨੇਡਾ ਵਿਚ ਥੋੜ੍ਹਾ ਜਿਹਾ ਰੁਪਿਆ (ਡਾਲਰ) ਦਿਖਲਾ ਕੇ ਆ ਸਕਦੇ ਹਨ। ਤਾਂ ਅਸੀਂ ਅੰਗਰੇਜ਼ੀ ਸਰਕਾਰ ਦੀ ਰਈਯਤ ਹੋ ਕੇ ਸਰਕਾਰ ਅੰਗਰੇਜ਼ੀ ਦੀ ਸਾਰੀ ਰਾਜਧਾਨੀ, ਯਾਨਿ ਸਾਰੇ ਰਾਜ ਦੇ ਮੁਲਕਾਂ ਵਿਚ ਖੁੱਲ੍ਹੇ ਤੌਰ ‘ਤੇ ਕਿਉਂ ਨਹੀਂ ਫਿਰ ਸਕਦੇ?
3. ਵਰਤਮਾਨ ਕਾਨੂੰਨ ਦੇ ਨਾਲ ਹਿੰਦੁਸਤਾਨੀ ਮਜਬੂਰ ਹਨ ਕਿ ਉਹ ਸਿੱਧੇ ਹਿੰਦੁਸਤਾਨ ਤੋਂ ਟਿਕਟ ਲੈ ਕੇ ਇਥੇ (ਮੁਲਕ ਕੈਨੇਡਾ ਵਿਚ) ਆਉਣ, ਜਦ ਅਸੀਂ ਅੰਗਰੇਜ਼ੀ ਰਈਯਤ ਹਾਂ ਤਾਂ ਸਰਕਾਰੀ ਕਾਨੂੰਨ ਦੇ ਮੁਤਾਬਿਕ ਸਰਕਾਰੀ ਅੰਗਰੇਜ਼ੀ ਦੇ ਜਿਸ ਮੁਲਕ ਜਾਂ ਟਾਪੂ ਵਿਚ ਹੋਈਏ: ਅਸੀਂ ਉਸੀ ਜਗ੍ਹਾ ਦੇ ਵਾਸੀ ਸਮਝੇ ਜਾਂਦੇ ਹਾਂ। ਇਸ ਵਾਸਤੇ ਅਸੀਂ ਨਹੀਂ ਸਮਝ ਸਕਦੇ ਕਿ ਕੈਨੇਡਾ ਦੀ ਸਰਕਾਰ ਇਸ ਕਾਨੂੰਨ ਨੂੰ ਠੀਕ ਤੌਰ ‘ਤੇ ਨਾ ਵਰਤ ਕੇ ਕਿਉਂ ਸਾਨੂੰ ਲੰਡਨ ਹਾਂਗ-ਕਾਂਗ ਅਤੇ ਸਰਕਾਰੀ ਅੰਗਰੇਜ਼ੀ ਦੀ ਦੂਸਰੇ ਰਾਜ ਦੀ ਜਗ੍ਹਾ ਤੋਂ ਕੈਨੇਡਾ ਆਉਣ ਵਿਚ ਰੋਕਦੀ ਹੈ। ਅਸੀਂ ਇਸ ਤਰ੍ਹਾਂ ਦੀਆਂ ਦੋ ਮਿਸਾਲਾਂ ਨੀਚੇ ਲਿਖ ਕੇ ਪੇਸ਼ ਕਰਦੇ ਹਾਂ:
(A) ਇਕ ਭਾਈ ਹਰੀ ਸਿੰਘ ਜੋ ਕਿ ਪਹਿਲੇ ਗੋਲਡਨ ਬ੍ਰਿਟਿਸ਼ ਕੋਲੰਬੀਆ ਵਿਚ ਰਹਿੰਦੇ ਸਨ, ਕੁਝ ਚਿਰ ਤੋਂ ਪ੍ਰੋਫੈਸਰ ਤੇਜਾ ਸਿੰਘ ਦੇ ਨਾਲ ਵਲਾਇਤ ਗਏ ਸਨ, ਮਗਰ ਜਦ ਉਕਤ ਭਾਈ ਹਰੀ ਸਿੰਘ ਜੀ ਲੰਡਨ ਤੋਂ ਵਾਪਸ ਇਸ ਮੁਲਕ ਕੈਨੇਡਾ ਵਿਚ ਆਉਣ ਲੱਗੇ ਤਾਂ ਨਹੀਂ ਆ ਸਕੇ।
(ਅ) ਦੂਸਰੇ ਭਾਈ ਨੱਥੂ ਰਾਮ ਜੋ ਕਿ ਸਿੱਧੇ ਹਿੰਦੁਸਤਾਨ ਤੋਂ ਇਥੇ ਪੁੱਜਣ ਵਾਸਤੇ ਆਏ ਸਨ ਅਤੇ ਉਨ੍ਹਾਂ ਨੂੰ ਵਾਪਸ ਮੋੜਿਆ ਗਿਆ…ਆਰਾਮ ਦੀ ਖਾਤਰ ਡੇਊਢੇ ਦਰਜੇ ਦਾ ਟਿਕਟ ਹਾਂਗ-ਕਾਂਗ ਤੋਂ ਬਦਲ ਗਿਆ ਸੀ, ਉਹ ਵੀ ਵਾਪਸ ਹਿੰਦੁਸਤਾਨ ਕੀਤੇ ਗਏ ਹਨ।
(4) ਵਰਤਮਾਨ ਕਾਨੂੰਨ ਨੂੰ ਅਗਰ ਅਸੀਂ ਠੀਕ ਮੰਨ ਲਈਏ ਤਾਂ ਇਕ ਬਹੁਤ ਨਾ ਮੁਨਾਸਿਬ ਗੱਲ ਹੋ ਜਾਂਦੀ ਹੈ, ਕਿਉਂਕਿ ਹਿੰਦੁਸਤਾਨ ਤੋਂ ਕੈਨੇਡਾ ਵਿਚ ਆਉਣ ਲਈ ਸਿੱਧਾ ਰਾਹ ਹੈ ਹੀ ਨਹੀਂ, ਸਾਨੂੰ ਜਾਂ ਤਾਂ ਹਾਂਗ-ਕਾਂਗ ਦੇ ਰਸਤੇ ਅਤੇ ਜਾਂ ਵਲੈਤ (ਲੰਡਨ) ਦੇ ਰਸਤੇ ਆਉਣਾ ਪੈਂਦਾ ਹੈ, ਜਿਸ ਦਾ ਮਤਲਬ ਇਹ ਹੈ ਕਿ ਅਸੀਂ ਕੈਨੇਡਾ ਵਿਚ ਆ ਹੀ ਨਹੀਂ ਸਕਦੇ।
(5) ਗੈਰ ਮੁਲਕਾਂ ਵਿਚ ਇਸ ਤਰ੍ਹਾਂ ਦਾ ਕਾਨੂੰਨ ਸਿਰਫ ਮਜ਼ਦੂਰਾਂ ਵਾਸਤੇ ਹੀ ਹੁੰਦਾ ਹੈ। (ਜਿਸ ਤਰ੍ਹਾਂ ਕਿ ਅਮਰੀਕਾ ਦੀ ਸਰਕਾਰ ਦਾ ਕਾਨੂੰਨ ਚੀਨ ਦੇ ਮਜ਼ਦੂਰਾਂ ਨੂੰ ਉਥੇ ਆਉਣ ਤੋਂ ਬੇਸ਼ੱਕ ਮਨ੍ਹਾਂ ਕਰਦਾ ਹੈ, ਮਗਰ ਚੀਨ ਦੇ ਸੌਦਾਗਰ ਅਤੇ ਵਿਦਿਆਰਥੀ (ਪੜ੍ਹਨ ਵਾਲੇ) ਖੁਲ੍ਹੇ ਆ ਸਕਦੇ ਹਨ। ਪਰ ਸਾਡੇ ਵਿਦਿਆਰਥੀ ਅਤੇ ਸੌਦਾਗਰ ਜਿਹੜੇ ਕਿ ਜਾਪਾਨ, ਚੀਨ ਜਾਂ ਯੂਰਪ ਦੇ ਹੋਰ ਮੁਲਕਾਂ ਤੋਂ ਇਥੇ ਆਉਂਦੇ ਹਨ, ਉਨ੍ਹਾਂ ਨੂੰ ਵੀ ਮਜ਼ਦੂਰਾਂ ਦੀ ਤਰ੍ਹਾਂ ਦੁੱਖ ਸਹਿਣੇ ਪੈਂਦੇ ਹਨ। ਜਿਸ ਦੀ ਮਿਸਾਲ ਅਸੀਂ ਨੀਚੇ ਦੱਸਦੇ ਹਾਂ ਕਿ ਇਕ ਮਿਸਟਰ ਜੋਗੀਸ਼ ਚੰਦਰ ਮਿਸ਼ਰਾ ਜਿਹੜਾ ਕਿ ਬੰਗਾਲ ਦੀ ਸਾਇੰਸ ਇੰਡਸਟਰੀ ਦੇ ਵਧਾਉਣ ਵਾਲੀ ਸਭਾ ਦੀ ਤਰਫੋਂ ਪੜ੍ਹਨ ਵਾਸਤੇ ਇਥੇ ਆਏ ਸਨ। ਵੈਨਕੂਵਰ ਉਤਰਨ ਤੋਂ ਰੋਕੇ ਗਏ ਅਤੇ ਹੁਣ ਇਸ ਵਕਤ ਸਿਆਟਲ ਦੀ ਯੂਨੀਵਰਸਿਟੀ ਵਿਚ ਪੜ੍ਹ ਰਹੇ ਹਨ।
(6) ਵਰਤਮਾਨ ਕਾਨੂੰਨ ਦੇ ਮੁਤਾਬਿਕ ਜਦ ਕਿ ਅਸੀਂ ਹਿੰਦੁਸਤਾਨੀ ਸਰਕਾਰ ਅੰਗਰੇਜ਼ੀ ਦੀ ਰਈਯਤ ਆਪਣੀ ਬਹੁਤ ਸਾਰੀ ਜਾਇਦਾਦ ਇਸ ਮੁਲਕ ਵਿਚ ਰੱਖਦੇ ਹਾਂ ਅਤੇ ਆਪਣੇ ਬਾਲ ਬੱਚਿਆਂ ਨੂੰ ਇਥੇ ਆਪਣਾ ਘਰ ਬਣਾਉਣ ਵਾਸਤੇ ਮੰਗਵਾਉਂਦੇ ਹਾਂ ਤਾਂ ਸਾਡੇ ਪਰਿਵਾਰ ਦੇ ਹਰ ਇਕ ਆਦਮੀ (ਬੱਚੇ ਜਾਂ ਜਵਾਨ) ਨੂੰ ਦੋ ਸੌ ਡਾਲਰ ਨਕਦ ਦਿਖਲਾਉਣਾ ਪੈਂਦਾ ਹੈ, ਜੋ ਕਿ ਸੱਚਮੁਚ ਸਾਡੇ ਵਾਸਤੇ ਬੜਾ ਔਖਾ ਅਤੇ ਇਕ ਤਰ੍ਹਾਂ ਦਾ ਜ਼ੁਲਮ ਹੈ।
(7) ਸਰਕਾਰ ਅੰਗਰੇਜ਼ੀ ਦੀ ਰਈਯਤ ਹੋਣ ਦਾ ਸਭ ਤੋਂ ਵੱਡਾ ਹੱਕ ਇਹ ਹੈ ਕਿ ਹਰ ਇਕ ਆਦਮੀ ਆਪਣੇ ਨਿੱਜ ਦੇ ਕੰਮ ਵਾਸਤੇ ਖੁੱਲ੍ਹਾ ਹੈ, ਮਗਰ ਇਸ ਕਾਨੂੰਨ ਦੇ ਮੁਤਾਬਿਕ ਸਾਡੇ ਇਸ ਹੱਕ (ਖੁਲ੍ਹੇਪਣ) ਵਿਚ ਰੋਕ ਪੈਦਾ ਕੀਤੀ ਜਾਂਦੀ ਹੈ।
(8) ਸਰਕਾਰ ਅੰਗਰੇਜ਼ੀ ਦੀ ਸਾਰੀ ਰਈਯਤ ਛੇ ਮਹੀਨੇ ਇਸ ਮੁਲਕ ਵਿਚ ਰਹਿ ਕੇ ਵੋਟ (ਰਾਏ) ਦੇਣ ਦੇ ਹੱਕਦਾਰ ਹੋ ਜਾਂਦੀ ਹੈ, ਪਰ ਇਹ ਸਾਡੇ ਮੰਦੇ (ਖੋਟੇ) ਭਾਗ ਹਨ ਕਿ ਸਾਨੂੰ ਇਹ ਹੱਕ ਵੀ ਇਥੇ ਨਹੀਂ ਦਿੱਤੇ ਜਾਂਦੇ। ਅਸੀਂ ਬੜੇ ਜ਼ੋਰ ਦੇ ਨਾਲ ਆਪਣੇ ਇਨ੍ਹਾਂ ਹੱਕਾਂ ਨੂੰ ਸਰਕਾਰ ਅੰਗਰੇਜ਼ੀ ਦੀ ਰਈਯਤ ਹੋਣ ਦੇ ਕਾਰਨ ਮੰਗਦੇ ਹਾਂ।
ਅਸੀਂ ਦੱਸਦੇ ਹਾਂ ਅਤੇ ਤੁਹਾਡੇ ਵੱਲ ਇਸ ਗੱਲ ਨੂੰ ਪਹੁੰਚਾਉਂਦੇ ਹਾਂ। ਇਸ ਤਰ੍ਹਾਂ ਦੇ ਕੋਈ ਕਾਨੂੰਨ ਸਾਡੇ ਬਰ ਖਿਲਾਫ ਗ਼ੈਰ ਮੁਲਕਾਂ ਵਿਚ ਮਸਲਨ ਅਮਰੀਕਾ, ਜਰਮਨੀ, ਜਾਪਾਨ ਵਿਚ ਨਹੀਂ ਪਾਏ ਜਾਂਦੇ, ਜਿਨ੍ਹਾਂ ਨਾਲ ਸਾਡਾ ਕੋਈ ਕਿਸੇ ਤਰ੍ਹਾਂ ਦਾ ਵਾਸਤਾ ਨਹੀਂ, ਇਨ੍ਹਾਂ ਹਾਲਤਾਂ ਵਿਚ ਅਸੀਂ ਬੜੇ ਅਦਬ ਦੇ ਨਾਲ ਬੇਨਤੀ ਕਰਦੇ ਹਾਂ ਕਿ ਸਾਡੇ ਇਨ੍ਹਾਂ ਦੁੱਖਾਂ ‘ਤੇ ਅੱਛੀ ਤਰ੍ਹਾਂ ਧਿਆਨ ਦਿੱਤਾ ਜਾਵੇ ਅਤੇ ਛੇਤੀ ਇਹੋ ਜਿਹੇ ਗੈਰ ਮੁਨਾਸਿਬ ਜਾਂ ਨਾ ਵਾਜਬ ਕਾਨੂੰਨ ਨੂੰ ਬਦਲਿਆ ਜਾਵੇ ਜਿਸ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਅਸੀਂ ਗੈਰ ਮੁਲਕਾਂ ਵਿਚ (ਜਿਥੇ ਕਿ ਸਾਡਾ ਕੋਈ ਹੱਕ ਨਹੀਂ) ਜ਼ਿਆਦਾ ਸੁੱਖੀ ਰਹਿ ਸਕਦੇ ਹਾਂ ਬਨਿਸਬਤ ਸਰਕਾਰ ਅੰਗਰੇਜ਼ੀ (ਜਿਸ ਦੀ ਅਸੀਂ ਰਈਯਤ ਹਾਂ) ਦੇ ਰਾਜ ਵਿਚ, ਜੋ ਸਾਨੂੰ ਬਹੁਤ ਅਫਸੋਸ ਨਾਲ ਕਹਿਣਾ ਪੈਂਦਾ ਹੈ।
ਪਹਿਲਾ ਗੁਰਮਤਾ ਇਸ ਤਰ੍ਹਾਂ ਪਾਸ ਹੋਇਆ:
ਕਿ ਸਰਦਾਰ ਤੇਜਾ ਸਿੰਘ, ਐਮ. ਏ. ਐਲ਼ ਐਲ਼ ਬੀ. ਅਤੇ ਮਿਸਟਰ ਐਚ. ਏ. ਤਲਚਰਕਾਰ ਬੀ. ਏ. ਸੈਕਰੇਟਰੀ, ਬੰਬਈ ਵਰਕਮੈਨ ਐਸੋਸੀਏਸ਼ਨ ਸਾਡੇ ਇਸ ਸੁਨੇਹੇ ਨੂੰ ਸਰਕਾਰ ਅੰਗਰੇਜ਼ੀ ਤਾਂਈ ਵਲਾਇਤ ਪਹੁੰਚਾਉਣ। ਇਸ ਤਰ੍ਹਾਂ ਦੇ ਤਰੀਕੇ ਵਰਤਨ ਜਿਸ ਕਰਕੇ ਇਸ ਗੱਲ ਵਿਚ ਉਕਤ ਸਰਕਾਰ ਦੇ ਕੋਲੋਂ ਮਦਦ ਮਿਲ ਸਕੇ। ਅਸੀਂ ਹੋਰ ਵੀ ਆਪਣੇ ਕਿਸੇ ਭਾਈ ਨੂੰ ਇਸ ਕੰਮ ਵਾਸਤੇ ਭੇਜਦੇ ਰਹਾਂਗੇ। ਇਹ ਉਪਰ ਲਿਖਿਆ ਹੋਇਆ ਗੁਰਮਤਾ ਸਾਰਿਆਂ ਦੀ ਸਲਾਹ ਨਾਲ ਪਾਸ ਹੋਇਆ।
ਦੂਸਰਾ ਗੁਰਮਤਾ ਇਸ ਤਰ੍ਹਾਂ ਪਾਸ ਹੋਇਆ:
ਕਿ ਇਸ ਦੀ ਸਾਰੀ ਕਾਪੀ ਔਨਰੇਬਲ ਸਰਦਾਰ ਸੁੰਦਰ ਸਿੰਘ ਮਜੀਠੀਆ, ਔਨਰੇਬਲ ਮਿਸਟਰ ਜੀ. ਕੇ. ਗੋਖਲੇ ਬੀ. ਏ., ਔਨਰੇਬਲ ਲਾਲਾ ਹਰ ਕ੍ਰਿਸ਼ਨ ਲਾਲ ਬੀ. ਏ., ਔਨਰੇਬਲ ਮੀਆਂ ਸ਼ਾਹਦੀਨ ਬੀ. ਏ. (ਜੋ ਕਿ ਮੁਲਕੀ ਬੜੇ ਲਾਟ ਸਾਹਿਬ ਅਤੇ ਪੰਜਾਬ ਦੇ ਲਾਲਾ ਸਾਹਿਬ ਵੀ ਕੌਂਸਿਲ ਦੇ ਮੈਂਬਰ ਹਨ) ਦੀ ਸੇਵਾ ਵਿਖੇ ਭੇਜੀ ਜਾਵੇ ਅਤੇ ਬੇਨਤੀ ਕੀਤੀ ਜਾਵੇ ਕਿ ਉਹ ਹਿੰਦੁਸਤਾਨ ਦੀ ਸਰਕਾਰ ਅੰਗਰੇਜ਼ੀ ਦੇ ਨਾਲ ਸਲਾਹ ਕਰਕੇ ਸਾਡੇ ਇਨ੍ਹਾਂ ਦੁਖਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਨ। ਇਹ ਉਪਰ ਲਿਖਾ ਗੁਰਮਤਾ ਸਾਰਿਆਂ ਦੀ ਸਲਾਹ ਨਾਲ ਪਾਸ ਹੋਇਆ।
ਤੀਸਰਾ ਗੁਰਮਤਾ ਇਸ ਤਰ੍ਹਾਂ ਪਾਸ ਹੋਇਆ:
ਕਿ ਇਨ੍ਹਾਂ ਦੀਆਂ ਕਾਪੀਆਂ ਕੈਨੇਡਾ ਦੀ ਸਰਕਾਰ ਅਤੇ ਹਿੰਦੁਸਤਾਨ ਦੇ ਸੈਕਰੇਟਰੀ ਆਫ ਸਟੇਟ ਅਤੇ ਵਾਇਸਰਾਇ ਇੰਡੀਆ ਦੇ ਪਾਸ ਭੇਜੀ ਜਾਵੇ। ਇਹ ਉਪਰ ਲਿਖਾ ਹੋਇਆ ਗੁਰਮਤਾ ਸਾਰਿਆਂ ਦੀ ਸਲਾਹ ਨਾਲ ਪਾਸ ਹੋਇਆ।
ਚੌਥਾ ਗੁਰਮਤਾ ਇਸ ਤਰ੍ਹਾਂ ਪਾਸ ਹੋਇਆ:
ਕਿ ਇਸ ਦੀ ਕਾਪੀ ਹਿੰਦੁਸਤਾਨ ਦੇ ਬੜੇ ਬੜੇ ਅਖਬਾਰਾਂ ਵਿਚ ਛਪਵਾਉਣ ਵਾਸਤੇ ਭੇਜੀ ਜਾਵੇ ਤਾਂ ਕਿ ਉਹ ਵੀ ਸਾਰੇ ਦੁੱਖਾਂ ਦੇ ਦੂਰ ਕਰਨ ਦੀ ਕੋਸ਼ਿਸ਼ ਕਰਨ। ਇਹ ਉਪਰ ਲਿਖਾ ਹੋਇਆ ਗੁਰਮਤਾ ਸਾਰਿਆਂ ਦੀ ਰਾਇ (ਸਲਾਹ) ਨਾਲ ਪਾਸ ਹੋਇਆ।
ਪੰਜਵਾਂ ਗੁਰਮਤਾ ਇਸ ਤਰ੍ਹਾਂ ਪਾਸ ਹੋਇਆ:
ਕਿ ਭਾਈ ਭਾਗ ਸਿੰਘ (ਜੋ ਕਿ ਖਾਲਸਾ ਦੀਵਾਨ ਵੈਨਕੂਵਰ ਦੇ ਪ੍ਰੈਜੀਡੈਂਟ) ਦੇਸ਼ ਹਿੰਦੁਸਤਾਨ ਜਾ ਰਿਹਾ ਹੈ। ਉਨ੍ਹਾਂ ਨੂੰ ਮਿੰਨਤ ਕੀਤੀ ਜਾਵੇ ਕਿ ਉਹ ਚੀਫ ਖਾਲਸਾ ਦੀਵਾਨ ਦੇ ਪਾਸ ਪਹੁੰਚ ਕਰ ਸਾਡੇ ਇਨ੍ਹਾਂ ਦੁੱਖਾਂ ਨੂੰ ਉਨ੍ਹਾਂ ਨੂੰ ਦੱਸਣ ਅਤੇ ਉਨ੍ਹਾਂ ਦੇ ਰਾਹੀਂ ਇਨ੍ਹਾਂ ਦੁੱਖਾਂ ਦੇ ਦੂਰ ਕਰਾਉਣ ਦਾ ਮੁਨਾਸਿਬ ਬੰਦੋਬਸਤ ਕਰਾਉਣ। ਇਹ ਉਪਰ ਲਿਖਿਆ ਹੋਇਆ ਗੁਰਮਤਾ ਸਾਰਿਆਂ ਦੀ ਸਲਾਹ ਨਾਲ ਪਾਸ ਹੋਇਆ।
ਸਾਡੀ ਬੇਨਤੀ
ਅਸੀਂ ਇਹ ਮਕਾਨ (ਜਿਸ ਵਿਚ ਅਸੀਂ ਰਹਿੰਦੇ ਹਾਂ, ਰਾਤ ਨੂੰ ਆਪਣੇ ਦੇਸ਼ੀ ਭਾਈਆਂ ਨੂੰ ਪੜ੍ਹਾਉਂਦੇ ਹਾਂ, ਆਪਣੇ ਦੇਸ਼ੀ ਬੀਮਾਰਾਂ ਨੂੰ ਰੱਖ ਕੇ ਉਨ੍ਹਾਂ ਦੀ ਸੇਵਾ ਕਰਦੇ ਹਾਂ, ਜਾਂ ਐਤਵਾਰ ਦੀ ਹਰ ਤ੍ਰਕਾਲਾਂ ਨੂੰ ਸਭਾ ਕਰ ਕੇ ਆਪਣੇ ਦੇਸ਼ੀ ਭਾਈਆਂ ਦੀ ਸੇਵਾ ਕਰਦੇ ਹਾਂ ਅਤੇ ਉਨ੍ਹਾਂ ਨੂੰ ਆਪਣੇ ਦੇਸ਼ ਦੇ ਸੰਬੰਧ ਵਿਚ ਜਾਂ ਆਪਣੀ ਮੁਲਕੀ ਜਾਤੀ ਦੇ ਸੰਬੰਧ ਵਿਚ ਕੋਈ ਨਾ ਕੋਈ ਅੱਛੀ ਗੱਲ ਦੇ ਬਾਬਤ ਵਿਚਾਰ ਕਰਦੇ ਹਾਂ। ਉਨ੍ਹਾਂ ਨੂੰ ਸ਼ਰਾਬ ਪੀਣ ਤੋਂ ਰੋਕਦੇ ਹਾਂ। ਆਪਸ ਵਿਚ ਫਸਾਦ ਕਰ ਕੇ ਕਚਹਿਰੀਆਂ ਵਿਚ ਮੁਕੱਦਮੇਬਾਜ਼ੀ ਨਾ ਕਰਨ ਦੇ ਸਬੰਧ ਵਿਚ ਸਿਖਿਆ ਵੀ ਦਿੰਦੇ ਹਾਂ ਅਤੇ ਆਪਸ ਵਿਚ ਮਿਲ ਕੇ ਦੇਸ਼ ਸੇਵਾ ਕਰਨ ਦੀ ਬਾਬਤ ਉਪਦੇਸ਼ ਕਰਦੇ ਹਾਂ) ਤਕਰੀਬਨ ਬਾਈ ਸੌ ਡਾਲਰ ਨੂੰ ਖਰੀਦਿਆ ਹੈ, ਜਿਸ ਦੀਆਂ ਤਿੰਨ ਕਿਸ਼ਤਾਂ ਦਿੱਤੀਆਂ ਗਈਆਂ ਹਨ ਜੋ ਕਿ ਉਨੀ ਸੌ ਡਾਲਰ ਦੀ ਸੀ ਅਤੇ ਬਾਕੀ ਤਿੰਨ ਸੌ ਡਾਲਰ ਦੀ ਕਿਸ਼ਤ ਜੂਨ ਮਹੀਨੇ ਵਿਚ ਦੇਣੀ ਹੈ, ਇਸ ਉਨੀ ਸੌ ਡਾਲਰ (ਜੋ ਕਿ ਤਿੰਨ ਕਿਸ਼ਤਾਂ ਵਿਚ ਦਿੱਤਾ ਗਿਆ ਹੈ) ਵਿਚੋਂ ਸਿਰਫ ਛੇ ਸੌ ਡਾਲਰ ਸਾਡੇ ਪਰ ਉਪਕਾਰੀ ਧਰਮ ਸਾਥੀ ਸ੍ਰੀਮਾਨ ਹਰਨਾਮ ਸਿੰਘ ਜੀ ਦੇ ਚਾਰ ਮਹੀਨੇ ਵਿਚ ਵਿਕਟੋਰੀਆ ਨਨਾਇਮੋ ਸੀਮੇਂਟ ਮਿੱਲ ਸ਼ਾਨੀਗਨ ਲੇਕ ਵਗੈਰਾ ਮਹਿਕਮਿਆਂ ਤੋਂ ਹੁਣ ਤਕ ਇਸ ਕੰਮ ਦੇ ਲਿੱਤੇ ਹਨ। ਆਪਣੇ ਦੋਸਤਾਂ ਵਾਕਿਫਕਾਰਾਂ ਤੋਂ ਇਕਠੇ ਕੀਤੇ ਹਨ ਅਤੇ ਤੇਰ੍ਹਾਂ ਸੌ ਡਾਲਰ ਉਨ੍ਹਾਂ ਨੇ ਆਪਣੇ ਬੰਦਿਆਂ ਤੋਂ ਕਰਜ਼ੇ ਦੇ ਤੌਰ ਜਾਂ ਇਮਾਨਤ ਦੇ ਤੌਰ ‘ਤੇ ਲੈ ਰੱਖੇ ਹਨ, ਜੋ ਕਿ ਛੇਤੀ ਹੀ ਮੋੜ ਦਿੱਤੇ ਜਾਣਗੇ। ਸਾਡੇ ਪਰਉਪਕਾਰੀ ਸਬੰਧੀ ਉਕਤ ਬਾਬੂ ਨੇ ਚਾਰ ਮਹੀਨੇ ਵਿਚ ਆਪਦੀ ਪੜ੍ਹਾਈ ਛੋੜ ਕੇ ਅਤੇ ਆਪਣੇ ਆਰਾਮ ਦੀ ਪ੍ਰਵਾਹ ਨਾ ਕਰਕੇ ਜਿਸ ਤਰ੍ਹਾਂ ਮਿਹਨਤ ਨਾਲ ਇਸ ਕੰਮ ਨੂੰ ਕੀਤਾ ਹੈ, ਇਸ ਦੇ ਵਾਸਤੇ ਅਸੀਂ ਉਨ੍ਹਾਂ ਦੇ ਸੱਚੇ ਦਿਲ ਤੋਂ ਧੰਨਵਾਦੀ ਹਾਂ। ਅਸੀਂ ਐਸੀ ਕਾਮਨਾ ਕਰਦੇ ਹਾਂ ਕਿ ਜਿਸ ਤਰ੍ਹਾਂ ਉਹ ਸਾਡੇ ਇਸ ਕੰਮ ਵਿਚ ਮਦਦ ਦੇ ਕੇ ਉਪਕਾਰ ਦਾ ਕੰਮ ਕਰ ਰਹੇ ਹਨ, ਅਗਰ ਇਸੀ ਤਰ੍ਹਾਂ ਸਾਡੇ ਦੂਸਰੇ ਭਾਈ ਉਨਕੀ ਨੇਕ ਮਿਸਾਲ ਦੀ ਪੈਰਵੀ ਕਰੇ ਤਾਂ ਇਸ ਵਿਚ ਉਨ੍ਹਾਂ ਦਾ ਆਪਣਾ ਵੀ ਭਲਾ ਹੋਵੇਗਾ ਅਤੇ ਸਾਡੇ ਦੇਸ਼ ਵਾਸੀਆਂ ਦਾ ਵੀ ਭਲਾ ਹੋਵੇਗਾ, ਇਸ ਦੇ ਬਗੈਰ ਇਕ ਮੇਮ ਸਾਹਿਬ ਨੇ ਇਸ ਭਲੇ ਦੇ ਕੰਮ ਵਾਸਤੇ ਪੰਜਾਹ ਡਾਲਰ ਦਿੱਤੇ ਹਨ, ਜੋ ਕਿ ਇਹੀ ਕੰਮ ਵਿਚ ਲਗਾਏ ਗਏ ਹਨ।
ਇਹ ਮਕਾਨ (ਸੁਦੇਸ਼ ਸੇਵਕ ਹੋਮ) ਅਜੇ ਤਾਂ ਸ਼੍ਰੀਮਾਨ ਹਰਨਾਮ ਸਿੰਘ ਜੀ ਦੇ ਨਾਮ ‘ਤੇ ਹੀ ਹੈ ਪਰ ਆਪ ਇਸ ਮਕਾਨ ਦੇ ਮਾਲਕ ਨਹੀਂ ਹੋ, ਸਿਰਫ ਆਪ ਸੇਵਾ ਕਰਨ ਵਾਲੇ ਲੋਕਾਂ ਵਿਚੋਂ ਇਕ ਹੋ, ਇਹ ਮਕਾਨ (ਰਾਤ ਦਾ ਵਿਦਿਆਲਿਯਾ) ਦੇ ਵਾਸਤੇ। ਜਿਸ ਵਿਚ ਸਾਡੇ ਦੇਸ਼ ਭਾਈਆਂ ਨੂੰ ਆਰਾਮ ਪਹੁੰਚਾਣ ਅਤੇ ਉਨ੍ਹਾਂ ਦੀ ਸੇਵਾ ਕਰਨ ਦੇ ਵਾਸਤੇ ਹੋਵੇਗਾ, ਹਾਂ: ਇਸ ਮਕਾਨ ਤੋਂ ਜੋ ਕਿ ਇਹ ‘ਸੁਦੇਸ਼ ਸੇਵਕ’ ਅਖਬਾਰ ਨਿਕਲਦਾ ਹੈ, ਇਸ ਦਾ ਦਫਤਰ ਵੀ ਇਸੀ ਮਕਾਨ ਵਿਚ ਹੋਵੇਗਾ ਅਤੇ ਜੋ ਸਾਹਿਬ ਇਨ੍ਹਾਂ ਤਿੰਨਾਂ ਕੰਮਾਂ ਵਿਚ ਮਦਦ ਦੇਣਗੇ, ਉਨ੍ਹਾਂ ਦੀ ਰਿਹਾਇਸ਼ ਵਗੈਰਾ ਦਾ ਮੁਨਾਸਿਬ ਬੰਦੋਬਸਤ ਵੀ ਇਸੀ ਮਕਾਨ ਵਿਚ ਹੋਵੇਗਾ, ਕਿਉਂਕਿ ਉਨ੍ਹਾਂ ਨੂੰ ਕਿਸੀ ਨਾ ਕਿਸੀ ਜਗ੍ਹਾ ਰਹਿਣਾ ਜ਼ਰੂਰੀ ਹੈ ਅਤੇ ਜਦੋਂ ਉਹ ਸਿਰਫ ਦੇਸ਼ ਸੇਵਾ ਦਾ ਕੰਮ ਕਰਦੇ ਹੋਣਗੇ ਤੇ ਉਨ੍ਹਾਂ ਦੇ ਵਾਸਤੇ ਖੁਰਾਕ ਅਤੇ ਰਿਹਾਇਸ਼ ਦਾ ਇੰਤਜ਼ਾਮ ਕਮੇਟੀ ਦੇ ਸਪੁਰਦ ਹੋਵੇਗਾ, ਜਿਸ ਦੇ ਮੈਂਬਰ ਪਿੱਛੋਂ ਤੋਂ ਬਣਾਏ ਜਾ ਸਕਦੇ ਹਨ, ਕਿਉਂਕਿ ਜੋ ਇਸ ਕੰਮ ਵਿਚ ਆਪਣੀ ਨੇਕ ਨੀਯਤੀ ਤੋਂ ਮਦਦ ਦੇਣਗੇ, ਉਹੀ ਕੰਮ ਦੇ ਚਲਾਣ ਵਾਲੇ ਅਤੇ ਉਹੀ ਇਸ ਦੀ ਕਮੇਟੀ ਦੇ ਮੈਂਬਰ ਇੰਤਜ਼ਾਮ ਕਰਨ ਵਾਲੇ ਹੋਣਗੇ।
ਇਸ ਮਕਾਨ ਵਿਚ ਕਿਸੇ ਨੂੰ ਸ਼ਰਾਬ ਪੀਣ, ਮਾਸ ਖਾਣ, ਤਬਾਕੂ ਪੀਣ, ਅਫੀਮ ਖਾਣ, ਜੂਆ ਖੇਡਣ ਜਾਂ ਹੋਰ ਕਿਸੇ ਕਿਸਮ ਦਾ ਨਸ਼ਾ ਵਰਤਣ ਦੀ ਛੁੱਟੀ ਨਹੀਂ ਹੋਵੇਗੀ।

ਪੜ੍ਹ ਲਓ ਅਜੇ ਵੇਲਾ ਹੈ
ਅਸੀਂ ਆਪਣੇ ਦੇਸ਼ੀ ਭਾਈਆਂ ਨੂੰ ਪੜ੍ਹਾਉਣ ਦੇ ਵਾਸਤੇ ਬੇਨਤੀ ਕਰਦੇ ਹਾਂ ਕਿ ਅਸੀਂ ਆਪ ਭਾਈਆਂ ਦੇ ਵਾਸਤੇ ਸਕੂਲ ਵੀ ਖੋਲ੍ਹ ਰਖਿਆ ਹੈ। ਆਪ ਆਓ ਅਤੇ ਪੜ੍ਹੋ, ਸਕੂਲ ਵਕਤ ਸੱਤ ਵਜੇ ਤ੍ਰਕਾਲਾਂ ਤੋਂ ਲੈ ਕੇ 9 ਵਜੇ ਤੱਕ ਹੈ, ਅਤੇ ਸਭ ਭਾਈਆਂ ਨੂੰ ਅੰਗਰੇਜ਼ੀ ਪੜ੍ਹਾਈ ਜਾਂਦੀ ਹੈ। ਹਿਸਾਬ ਸਿਖਲਾਇਆ ਜਾਂਦਾ ਹੈ। ਆਦਮੀਆਂ ਨੂੰ ਸ਼ਹਿਰਾਂ ਦੇ ਨਾਮ ਲਿਫਾਫੇ ਅੰਗਰੇਜ਼ੀ ਵਿਚ ਲਿਖਣੇ ਸਿਖਾਏ ਜਾਂਦੇ ਹਨ।