ਮਨਿੰਦਰ ਕਾਂਗ ਦੀ ਲਿਖਤ ‘ਭਾਰ’ ਕਹਾਣੀ ਕਿ ਕਮਿਸ਼ਨ ਰਿਪੋਰਟ

ਮਨਿੰਦਰ ਸਿੰਘ ਕਾਂਗ ਦੀ ਕਹਾਣੀ ‘ਭਾਰ’ ਪੰਜਾਬ ਟਾਈਮਜ਼ ਵਿਚ ਦੋ ਕਿਸ਼ਤਾਂ ਵਿਚ ਪੜ੍ਹਨ ਦਾ ਸੁਭਾਗ ਪ੍ਰਾਪਤ ਹੋਇਆ। ਇਹ ਕਹਾਣੀ ਪੰਜਾਬ ਦੇ ਉਸ ਸੰਕਟਮਈ ਸਮੇਂ ਨੂੰ ਬਿਆਨਦੀ ਹੈ ਜਦ ਸੂਰਜ ਛੁਪਦੇ ਹੀ ਬੱਤੀਆਂ ਬੁਝਾ ਦਿਤੀਆਂ ਜਾਂਦੀਆਂ ਸਨ, ਰਾਤ ਦੇ ਹਨੇਰੇ ਵਿਚ ਖਾੜਕੂ ਅਤੇ ਪੁਲਿਸ ਇਕ ਦੂਸਰੇ ਨਾਲ ਕੋਟਲਾ-ਛਪਾਕੀ ਦੀ ਖੇਲ ਖੇਡਦੇ ਸਨ। ਇਨਸਾਨਾਂ ਦੇ ਕੰਮਾਂ ਵਿਚ ਹੀ ਨਹੀਂ ਕੁੱਤਿਆਂ ਦੇ ਕੰਮ ਵਿਚ ਵੀ ਦਖਲਅੰਦਾਜ਼ੀ ਕੀਤੀ ਜਾਂਦੀ ਸੀ ਤਾਂ ਕਿ ਉਹ ਭੌਂਕ ਕੇ ਦੱਸ ਨਾ ਸਕਣ ਕਿ ਨਗਰ ਵਿਚ ਕੁਝ ਅਣਪਛਾਤੇ ਲੋਕ ਫਿਰ ਰਹੇ ਹਨ। ਇਸ ਸਾਰੀ ਖੇਡ ਵਿਚ ਸ਼ਾਮਤ ਆਮ ਲੋਕਾਂ ਦੀ ਆਉਂਦੀ ਸੀ। ਪੰਜਾਬ ਦੀ ਜਵਾਨੀ ਦੀ ਬਲੀ ਦਿੱਤੀ ਜਾ ਰਹੀ ਸੀ। ਭੁੱਖੇ ਤਾਂ ਨਹੀਂ ਸੀ ਘੁੰਮਿਆ ਜਾਂਦਾ, ਕਿਤੇ ਨਾ ਕਿਤੇ ਹੁਕਮ ਦੇ ਕੇ ਲੰਗਰ ਛਕ ਲਿਆ ਅਤੇ ਜਦ ਪੁਲਿਸ ਦੀ ਕੁੜਿਕੀ ਵਿਚ ਫਸ ਗਏ ਤਾਂ ਹੱਗਿਆ-ਮੂਤਿਆ ਵੀ ਦੱਸ ਦਿੱਤਾ। ਨਤੀਜਾ ਗੋਲੀ ਤੋਂ ਡਰਦਿਆਂ ਲੰਗਰ ਛਕਾਉਣ ਵਾਲਿਆਂ ਨੇ ਪੁਲਿਸ ਤੋਂ ਹੱਡ ਭੰਨਾਏ ਤੇ ਕਈਆਂ ਨੇ ਜਾਨਾਂ ਵੀ ਗਵਾਈਆਂ। ਸ਼ਾਤਰ ਸਿਆਸੀ ਆਗੂਆਂ ਨੇ ਸੰਕਟ ਸਮੇਂ ਆਪਣੇ ਨੌਜਵਾਨ ਬੱਚਿਆਂ ਦਾ ਵਾਸਾ ਪਰਦੇਸਾਂ ਵਿਚ ਕਰਾ ਦਿੱਤਾ ਅਤੇ ਆਪ ਭਲੇ ਦਿਨਾਂ ਦੀ ਉਡੀਕ ਵਿਚ ਬੀ ਕਲਾਸ ਲੈ ਕੇ ਜੇਲ੍ਹ ਵਿਚ ਸ਼ਰਨ ਲੈ ਲਈ। ਮੌਕਾ ਮਿਲਦੇ ਹੀ ਰਾਜ ਗੱਦੀਆਂ ‘ਤੇ ਬਿਰਾਜਮਾਨ ਹੋ ਗਏ। ਹੱਲਾਸ਼ੇਰੀ ਵਿਚ ਆਏ ਨੋਜਵਾਨ ਜੇਲ੍ਹ ਦੀਆਂ ਸਲਾਖਾਂ ਪਿਛੇ ਹੀ ਬੱਗੇ ਹੋ ਗਏ। ਕੁਝ ਇਕ ਪੁਲਿਸ ਅਫਸਰ ਵੀ ਸਣੇ ਟੱਬਰ ਇਸ ਹੋਣੀ ਦਾ ਸ਼ਿਕਾਰ ਹੋਏ ਅਤੇ ਕੁਝ ਇਕ ਨੇ ਮੋਢਿਆਂ ‘ਤੇ ਫੀਤੀਆਂ ਦੀ ਗਿਣਤੀ ਵਧਾਉਣ ਲਈ ਪੰਜਾਬ ਦੀ ਜਵਾਨੀ ਦਾ ਘਾਣ ਕੀਤਾ।
ਮੈਂ 1963 ਤੋਂ ਅਮਰੀਕਾ ਰਹਿ ਰਿਹਾ ਹਾਂ। ਮੈਂ ਆਪਣੇ ਪਿੰਡੇ ‘ਤੇ ਕੁਝ ਨਹੀਂ ਹੰਢਾਇਆ ਪਰ ਦੋਵਾਂ ਪਾਸਿਆਂ ਵਲ ਨੂੰ ਉਲਾਰ ਲੇਖਕਾਂ ਦੇ ਲੇਖ ਪੜ੍ਹੇ, ਦੇਸੋਂ ਆਏ ਦੋਸਤਾਂ-ਮਿੱਤਰਾਂ ਦੇ ਵਿਚਾਰ ਸੁਣੇ, ਇਕ ਦੂਸਰੇ ਵਲ ਨੂੰ ਉਂਗਲੀ ਕਰਨ ਤੋਂ ਸਿਵਾ ਕੁਝ ਨਹੀਂ ਦੱਸ ਸਕੇ। ਸੰਕਟ ਹਰ ਕੌਮ ‘ਤੇ ਆਉਂਦੇ ਹਨ, ਸੁਲਝੇ ਹੋਏ ਕੌਮੀ ਆਗੂ ਸੰਕਟ ਲੰਘਣ ਉਪਰੰਤ ਨਿਰਪੱਖ ਕਮਿਸ਼ਨ ਬੈਠਾ ਕੇ ਸੰਕਟ ਦੇ ਕਾਰਨਾਂ ਦੀ ਸਹੀ ਪਹਿਚਾਣ ਕਰਨ ਦਾ ਯਤਨ ਕਰਦੇ ਹਨ ਤਾਂ ਕਿ ਅਗੋਂ ਤੋਂ ਅਜਿਹੀ ਹੋਣੀ ਨੂੰ ਟਾਲਿਆ ਜਾ ਸਕੇ। ਪਰ ਅਸੀਂ ਸਿੱਖ ਇਕ ਵਖਰੀ ਕੌਮ ਦਾ ਰੌਲਾ ਤਾਂ ਪਾਉਂਦੇ ਹਾਂ ਪਰ ਇਹ ਸਾਰਾ ਰੌਲਾ ਆਪਣੇ ਸੌੜੇ ਮੁਫਾਦ ਤਕ ਸੀਮਤ ਹੁੰਦਾ ਹੈ।
‘ਭਾਰ’ ਕਹਾਣੀ ਵਿਚ ਜਿਸ ਗਹਿਰਾਈ ਅਤੇ ਕਲਾਤਮਕ ਢੰਗ ਨਾਲ ਡਾæ ਮਨਿੰਦਰ ਕਾਂਗ ਨੇ ਹਾਲਾਤ ਨੂੰ ਬਿਆਨ ਕੀਤਾ ਹੈ, ਉਹ ਸਿਰਫ ਕਹਾਣੀ ਨਹੀਂ, ਇਕ ਦਸਤਾਵੇਜ਼ ਹੋ ਨਿਬੜੀ ਹੈ। ਇਕ ਕਮਿਸ਼ਨ ਦੀ ਰਿਪੋਰਟ ਹੈ। ਡਾæ ਕਾਂਗ ਦੀ ਦਲੇਰੀ ਦੀ ਦਾਦ ਦੇਣੀ ਬਣਦੀ ਹੈ। ਨਾਲ ਹੀ ਜਦ ਡਾæ ਕਾਂਗ ਦੇ ਸਦੀਵੀ ਵਿਛੋੜਾ ਦੇ ਜਾਣ ਦੀ ਖ਼ਬਰ ਪੜ੍ਹੀ ਤਾਂ ਧੁਰ ਅੰਦਰੋਂ ਜਰਵਾਣੀ ਮੌਤ ਨੂੰ ਤਾਹਨਾ ਮਾਰਦੀ ਹੋਈ ਇਕ ਹੂਕ ਨਿਕਲੀ। ਕਾਸ਼! ਕਿਤੇ ਉਸ ਦਲੇਰ ਲੇਖਕ ਨਾਲ ਕੁਝ ਪਲ ਬੈਠਣ ਦਾ ਸਮਾਂ ਮਿਲ ਜਾਂਦਾ।
ਨੀ ਮੌਤੇ ਕਿਤੇ ਤੂੰ ਮਰ ਜਾਵੇਂ
ਸਵਾ ਮਹੀਨਾ ਪੂਰਾ ਅੜੀਏ
ਤੇਰਾ ਸੋਗ ਮਨਾਵਾਂਗੇ
ਇਹ ਵੀ ਸਾਡਾ ਵਾਅਦਾ ਸਮਝੀਂ
ਹਰ ਦੇਸ਼ ਦੀ ਬੋਲੀ ਵਿਚ
ਵੈਣ ਤੇਰੇ ਲਈ ਪਾਵਾਂਗੇ
ਹਰ ਧਰਮ ਦੀਆਂ ਰਸਮਾਂ ਨਾਲ
ਕਰਾਂਗੇ ਕਿਰਿਆ ਵੀ ਤੇਰੀ
ਇਕ ਵੇਰ ਤੇਰੀ ਗਤੀ ਹੋ ਜਾਵੇ
ਅਸੀਂ ਆਪਣਾ ਫਰਜ਼ ਨਿਭਾਵਾਂਗੇ
ਜਦ ਤੂੰ ਤੁਰ ਗਈ ਏਸ ਜਹਾਨੋਂ
ਮਾਤਮ ਸਫਾਂ ਦੀ ਲੋੜ ਨਹੀਂ ਰਹਿਣੀ
ਨਾ ਕਦੇ ਹੋਊ ਦੁੱਖ਼ ਹਿਜਰ ਦਾ
ਗੀਤ ਖੁਸ਼ੀ ਦੇ ਗਾਵਾਂਗੇ।
-ਮੁਹਿੰਦਰ ਸਿੰਘ ਘੱਗ
ਫੋਨ: 530-695-1318

Be the first to comment

Leave a Reply

Your email address will not be published.