‘ਪੰਜਾਬ ਟਾਈਮਜ਼’ ਦੇ 23 ਫਰਵਰੀ ਵਾਲੇ ਅੰਕ ਵਿਚ ‘ਕਲਮ ਦਾ ਕਮਾਲ’ ਲੇਖ ਪੜ੍ਹਿਆ। ਇਸ ਵਿਚ ਸੋਚ ਦੇ ਸਮੁੰਦਰ ਵਿਚ ਡੁਬਕੀ ਮਾਰ, ਸ਼ਬਦਾਂ ਦੇ ਮੋਤੀ ਕੱਢ ਲਿਆਉਣ ਅਤੇ ਹੱਥੀਂ ਫੜੀ ਕਲਮ ਨਾਲ ਪਰੋ ਕੇ ਹਾਰ ਬਣਾਉਣ ਵਾਲੇ ਨੂੰ ਲੇਖਕ ਦਾ ਰੁਤਬਾ ਦੇਣ ਬਾਰੇ ਗੱਲਾਂ ਕੀਤੀਆਂ ਗਈਆਂ ਹਨ। ਜ਼ਰੂਰ ਹੀ ਇਹ ਗੱਲਾਂ ਸੋਲਾਂ ਆਨੇ ਸੱਚ ਹਨ ਪਰ ਇੱਥੇ ਮੈਨੂੰ ਬਚਪਨ ਵਿਚ ਬਾਪੂ ਜੀ ਦੀ ਕਹੀ ਗੱਲ ਯਾਦ ਆ ਗਈ ਹੈ। ਬਾਪੂ ਜੀ ਲਾਹੌਰ ਤੋਂ ਆਪਣੀ ਬੀæਟੀæ ਦੀ ਡਿਗਰੀ ਅਤੇ ਐਮæਏæ ਕਰ ਕੇ ਐਜੂਕੇਸ਼ਨ ਡਿਪਾਰਟਮੈਂਟ ਨਾਲ ਜੁੜ ਗਏ ਸਨ। ਉਨ੍ਹਾਂ ਦੀ ਕਹੀ ਗੱਲ ਮੈਂ ਪਾਠਕਾਂ ਅਤੇ ਹੋਰ ਲਿਖਣ ਵਾਲੇ ਵੀਰਾਂ ਨਾਲ ਸਾਂਝੀ ਕਰਨਾ ਚਾਹੁੰਦਾ ਹਾਂ ਕਿ ਸਾਡੇ ਸ਼ਬਦਾਂ ਨੂੰ ਹਾਰ ਦੇ ਮੋਤੀ ਬਣਾਉਣ ਵਿਚ ਇਹ ਛੋਟੀਆਂ ਛੋਟੀਆਂ ਲਗਾਂ-ਮਾਤਰਾਵਾਂ ਬਹੁਤ ਅਹਿਮ ਹਨ। ਅੱਜ ਕੱਲ੍ਹ ਦੇ ਜੁਆਕਾਂ ਨੂੰ ਸ਼ਾਇਦ ਇਨ੍ਹਾਂ ਦੀ ਮਹੱਤਤਾ ਬਾਰੇ ਪੂਰਾ ਇਲਮ ਨਾ ਹੋਵੇ, ਪਰ ਇਹ ਲਗਾਂ-ਮਾਤਰਾਵਾਂ, ਸ਼ਬਦਾਂ ਦੇ ਪਰੋਏ ਹਾਰ ਦਾ ਸ਼ਿੰਗਾਰ ਹਨ। ਬਾਪੂ ਜੀ ਦੀ ਕਹੀ ਕਵਿਤਾ ‘ਲਿਖਾਰੀ ਦੀ ਕਲਮ’ ਦੀਆਂ ਕੁਝ ਸਤਰਾਂ ਪਾਠਕਾਂ ਨਾਲ ਸਾਂਝੀਆਂ ਕਰਨਾ ਚਾਹੁੰਦਾ ਹਾਂ। ਇਹ ਸਤਰਾਂ ਮੇਰੇ ਜ਼ਿਹਨ ਵਿਚ ਡੂੰਘੀਆਂ ਵੱਸੀਆਂ ਹੋਈਆਂ ਹਨ:
ਲਿਖਾਰੀ ਦੀ ਕਲਮ
ਔਕੜ, ਦੁਲੈਂਕੜੇ, ਹੌੜੇ ਤੇ ਕਨੌੜੇ-ਕੰਨੇ,
ਕਵੀਆਂ ਦੀ ਕਾਵਿ ਕਲਾ ਰਲ ਕੇ ਸ਼ਿੰਗਾਰੀ ਏ।
ਲਾਵਾਂ ਤੇ ਦੁਲਾਵਾਂ ਲਾ ਕੇ ਰਚਨਾ ਹੈ ਰਚੀ ਜਾਂਦੀ,
ਲੇਖ ਸਿਰਲੇਖ ਜਦੋਂ ਲਿਖਦਾ ਲਿਖਾਰੀ ਏ।
ਛੰਦ ਅਤੇ ਬੰਦ ਬਿੰਦੀ ਟਿੱਪੀ ਨਾਲ ਹੋਣ ਪੂਰੇ,
ਇਨ੍ਹਾਂ ਨਾਲ ਮਾਤਰਾ ਸਿਹਾਰੀ ਤੇ ਬਿਹਾਰੀ ਏ।
ਲੱਖਾਂ ਪ੍ਰਣਾਮ ਇਨ੍ਹਾਂ ਨਿੱਕੇ ਨਿੱਕੇ ਅੱਖਰਾਂ ਨੂੰ,
ਕਵਿਤਾ ਦੀ ਜਿਨ੍ਹਾਂ ਨੇ ਇਮਾਰਤ ਉਸਾਰੀ ਏ।
ਦੇਣ ਪੈਂਤੀ ਅੱਖਰੀ ਦੇ ਸਾਰੇ ਹੀ ਗ੍ਰੰਥ ਨੇ,
ਹੁਕਮ ਅਦਬ ਕਲਾ ਇਹਦੇ ਸਾਹਿਤ ਨੇ।
ਮਹਾਂਕਾਵਿ, ਗ਼ਜ਼ਲਾਂ, ਰੁਬਾਈਆਂ-ਧੀ ਪੁੱਤ ਇਹਦੇ,
ਇਹਦੀ ਕੁੱਖੋਂ ਜੰਮੇ ਸ਼ੇਅਰ ਬੈਂਤ ਤੇ ਕਬਿਤ ਨੇ।
-ਮੇਜਰ ਸੁਰਿੰਦਰਜੀਤ ਸਿੰਘ ਬਰਾੜ
ਫੋਨ: 414-763-1409
Leave a Reply