ਬਚਪਨੀ ਬਾਦਸ਼ਾਹਤ

ਡਾ. ਗੁਰਬਖਸ਼ ਸਿੰਘ ਭੰਡਾਲ ਆਪਣੀ ਨਿਵੇਕਲੀ ਸ਼ੈਲੀ ਵਿਚ ਜੀਵਨ ਦੀਆਂ ਪਰਤਾਂ ਫਰੋਲਦੇ ਜ਼ਿੰਦਗੀ ਦੇ ਨਾਦ ਦੀ ਤਲਾਸ਼ ਵਿਚ ਰਹਿੰਦੇ ਹਨ। ਉਹ ਹੈ ਤਾਂ ਫਿਜ਼ਿਕਸ ਜਿਹੇ ਖੁਸ਼ਕ ਵਿਸ਼ੇ ਦੇ ਅਧਿਆਪਕ, ਪਰ ਉਨ੍ਹਾਂ ਦੀ ਵਾਰਤਕ ਵਿਚ ਕਵਿਤਾ ਜਿਹੀ ਰਵਾਨਗੀ ਹੈ। ਉਹ ਸ਼ਬਦਾਂ ਦੀ ਅਜਿਹੀ ਜੁਗਤ ਬੰਨਦੇ ਹਨ ਕਿ ਪਾਠਕ ਦੇ ਮੂੰਹੋਂ ਸੁਤੇ ਸਿਧ ਨਿਕਲ ਜਾਂਦਾ ਹੈ, ਕਿਆ ਬਾਤ ਹੈ! ਪਿਛਲੇ ਕੁਝ ਲੇਖਾਂ ਵਿਚ ਉਨ੍ਹਾਂ ਕੁਦਰਤ ਦੀਆਂ ਨਿਆਮਤਾਂ ਨੂੰ ਸਲਾਮ ਕੀਤਾ ਸੀ ਅਤੇ ਮਨੁੱਖ ਦੀ ਇਨ੍ਹਾਂ ਪ੍ਰਤੀ ਅਕ੍ਰਿਤਘਣਤਾ ਉਤੇ ਅਫਸੋਸ ਜਾਹਰ ਕੀਤਾ ਸੀ।

ਇਕ ਲੇਖ ਵਿਚ ਉਨ੍ਹਾਂ ਅੱਗ ਦੀ ਗੱਲ ਕਰਦਿਆਂ ਕਿਹਾ ਸੀ ਕਿ ਅੱਜ ਅੱਗ ਤੋਂ ਬਿਨਾ ਜੀਵਨ ਦੀ ਕਲਪਨਾ ਕਰਨੀ ਵੀ ਔਖੀ ਹੈ, ਪਰ ਅੱਗ ਬਰਬਾਦੀ ਵੀ ਤੇ ਅਬਾਦੀ ਵੀ। ਅੱਗ ਆਸ ਵੀ ਤੇ ਵਿਨਾਸ਼ ਵੀ। ਹਥਲੇ ਲੇਖ ਵਿਚ ਡਾ. ਭੰਡਾਲ ਨੇ ਬਚਪਨ ਦੀ ਮਾਸੂਮੀਅਤ ਦੀ ਬਾਤ ਪਾਉਂਦਿਆਂ ਕਿਹਾ ਹੈ, “ਬੱਚੇ, ਕੁਦਰਤ ਦੀ ਅਜ਼ੀਮ ਨਿਆਮਤ, ਸੱਚੀ ਸੁੱਚੀ ਇਬਾਦਤ ਅਤੇ ਮਾਂ ਦੀ ਗੋਦ ‘ਚ ਲਿਖੀ ਉਚਤਮ ਇਬਾਰਤ।” ਉਹ ਕਹਿੰਦੇ ਹਨ, “ਬੱਚਿਆਂ ਵਿਚ ਅਥਾਹ ਸਮਰੱਥਾ ਹੁੰਦੀ ਏ। ਅਸੀਂ ਹੀ ਇਸ ਸਮਰੱਥਾ ਨੂੰ ਪ੍ਰਗਟ ਕਰਨ ਤੋਂ ਰੋਕਦੇ ਹਾਂ।…ਸਾਡੀ ਸਭ ਤੋਂ ਵੱਡੀ ਜਾਇਦਾਦ ਤੇ ਵਿਰਾਸਤ ਸਾਡੇ ਬੱਚੇ ਨੇ। ਉਨ੍ਹਾਂ ਨੂੰ ਪੈਸਾ, ਬਰਾਂਡਡ ਵਸਤਾਂ ਜਾਂ ਬੇਬਹਾਅ ਸਹੂਲਤਾਂ ਨਾ ਦਿਓ, ਸਗੋਂ ਉਨ੍ਹਾਂ ਨੂੰ ਸਮਾਂ ਦਿਓ।” ਡਾ. ਭੰਡਾਲ ਨਸੀਹਤ ਦਿੰਦੇ ਹਨ, “ਬੱਚੇ ਦੇ ਨੈਣਾਂ ‘ਚੋਂ ਬਚਪਨੀ ਸੁਪਨੇ ਨਾ ਖੋਹੋ, ਸ਼ਰਾਰਤਾਂ ਤੋਂ ਨਾ ਵਰਜੋ, ਉਨ੍ਹਾਂ ਨੂੰ ਸਹਿਜ ਵਰਤਾਰੇ ਤੋਂ ਨਾ ਹੋੜੋ, ਬੇਲੋੜਾ ਨਾ ਝਿੜਕੋ, ਬੱਚਾ ਚਿੜਚਿੜਾ ਹੋ ਜਾਵੇਗਾ।” -ਸੰਪਾਦਕ

ਡਾ. ਗੁਰਬਖਸ਼ ਸਿੰਘ ਭੰਡਾਲ
ਬੱਚੇ, ਮਾਪਿਆਂ ਦੀ ਸੁਪਨ-ਪਰਵਾਜ਼, ਅਪੂਰਨ ਆਸਾਂ ਲਈ ਪੂਰਨਤਾ ਦੀ ਆਸ ਅਤੇ ਨਵੀਆਂ ਪੈੜਾਂ ਦੇ ਉਕਰਨ ਦਾ ਵਿਸ਼ਵਾਸ।
ਬੱਚੇ, ਕੁਦਰਤ ਦੀ ਅਜ਼ੀਮ ਨਿਆਮਤ, ਸੱਚੀ ਸੁੱਚੀ ਇਬਾਦਤ ਅਤੇ ਮਾਂ ਦੀ ਗੋਦ ‘ਚ ਲਿਖੀ ਉਚਤਮ ਇਬਾਰਤ।
ਬੱਚੇ, ਅੱਜ ਦੀ ਰੌਣਕ, ਕੱਲ ਮੁਹਾਂਦਰਾ ਅਤੇ ਆਉਣ ਵਾਲੀਆਂ ਨਸਲਾਂ ਲਈ ਰੋਲ-ਮਾਡਲ ਤੇ ਰਾਹ-ਦਸੇਰਾ।
ਬੱਚੇ, ਬੋਲਾਂ ਵਿਚ ਸੱਚ ਦਾ ਭਰ ਵੱਗਦਾ ਦਰਿਆ, ਮੁਖੜੇ ਤੋਂ ਮਾਸੂਮੀਅਤ ਦਾ ਵਹਾਅ ਅਤੇ ਹੋਠਾਂ ‘ਤੇ ਤਰਦੀ ਖੁਦਾਈ ਦੁਆ।
ਬੱਚੇ, ਨਿਆਮਤੀ ਸਿਰਮੌਰ, ਖੁਸ਼ੀਆਂ ਦਾ ਸਿਰਨਾਵਾਂ, ਘਰ ਦੀ ਰੌਣਕਾਂ ਅਤੇ ਵਿਹੜੇ ਦੀ ਸਰਗਮ।
ਬੱਚੇ, ਪਾਕਿ ਮੂਰਤ ਅਤੇ ਸੁੱਚੀ ਸੋਚ ਦਾ ਪ੍ਰਤੀਬਿੰਬ। ਸਮਾਜ ਹੀ ਲਿੰਗ-ਵਿਤਕਰੇ ਸਦਕਾ, ਭੇਦ-ਭਾਵ ਤੇ ਹੀਣ ਭਾਵਨਾ ਪੈਦਾ ਕਰਦਾ।
ਬੱਚੇ ਨੂੰ ਬੱਚੇ ਰਹਿਣ ਦਿਓ। ਉਸ ਨੂੰ ਖਿਡੌਣੇ ਦਿਓ, ਬੰਦੂਕਾਂ ਨਹੀਂ। ਉਨ੍ਹਾਂ ਦੀ ਸੋਚ ਵਿਚ ਵਿਰਾਸਤੀ ਸਾਂਝ ਪੈਦਾ ਕਰੋ। ਬਚਪਨੀ ਭਾਵਨਾਵਾਂ ਜਿਉਂਦੀਆਂ ਰਹੀਆਂ ਤਾਂ ਬੰਦਿਆਈ ਅਤੇ ਵਡਿਆਈ ਦਾ ਚਿਰਾਗ ਜਗਦਾ ਰਹੇਗਾ।
ਬੱਚੇ ਦੀ ਵਿਸ਼ਾਲ ਸੋਚ ਨੂੰ ਧਾਰਮਿਕ ਕੱਟੜਤਾ ਨਾਲ ਤੰਦ ਦਾਇਰਿਆਂ ‘ਚ ਕੈਦ ਨਾ ਕਰੋ। ਬੰਦਿਸ਼ਾਂ, ਬੇੜੀਆਂ ਅਤੇ ਬਹਾਨਿਆਂ ਨਾਲ ਬਚਪਨੇ ਨੂੰ ਸਿਉਂਕਣਾ ਭਵਿੱਖ ‘ਚ ਬਹੁਤ ਮਹਿੰਗਾ ਪਵੇਗਾ।
ਕਦੇ ਉਸ ਬੱਚੇ ਦੇ ਨੈਣਾਂ ਵਿਚ ਝਾਕਣਾ ਜੋ ਟੁੱਕਰ ਦੀ ਆਸ ਵਿਚ ਜੂਠੇ ਭਾਂਡੇ ਮਾਂਜਣ ਲਈ ਮਜਬੂਰ ਏ, ਜਿਸ ਦੀ ਅੱਖਰ-ਗਿਆਨ ਦੀ ਲੋਅ ਹਨੇਰਿਆਂ ਨੇ ਝਪਟ ਲਈ ਏ। ਜਿਸ ਨੂੰ ਮਮਤਾਈ ਲੋਰ ਅਤੇ ਬਾਪ ਦੀ ਕਨ੍ਹੇੜੀ ਦਾ ਅਹਿਸਾਸ ਨਹੀਂ ਹੋਇਆ। ਜੋ ਝਿੜਕਾਂ ਵਿਚ ਸਾਹਾਂ ਨੂੰ ਕੋਸਦਾ ਮੌਤ ਲਈ ਗੁਹਾਰ ਲਾਉਂਦਾ ਏ।
ਬੱਚਾ, ਇਕ ਸੁਪਨਾ, ਸੰਵੇਦਨਾ ਦੀ ਮੂਰਤ, ਸੁਹਜ ਦਾ ਸੂਹੀ-ਰਾਗ, ਸੱਚ ਦਾ ਪੈਗੰਬਰ, ਨਕਸ਼ੀ-ਨੁਹਾਰ ਦਾ ਉਗਮਦਾ ਸੂਰਜ ਅਤੇ ਮਾਪਿਆਂ ਦੇ ਸੋਚ-ਅੰਬਰ ਵਿਚ ਟਿਮਟਮਾਉਂਦਾ ਤਾਰਾ। ਅਸੀਂ ਉਸ ਤਾਰੇ ਨੂੰ ਅੰਬਰ ਦਾ ਹਾਸਲ ਬਣਾਉਣਾ ਜਾਂ ਇਕ ਟੁੱਟਿਆ ਤਾਰਾ ਬਣਾਉਣਾ, ਇਹ ਸਾਡੇ ‘ਤੇ ਨਿਰਭਰ।
ਬੱਚੇ ਲਈ ਦੁਨਿਆਵੀ ਪਦਾਰਥਾਂ ਦੀ ਬਹੁਤਾਤ ਨਹੀਂ ਸਗੋਂ ਉਸ ਦੇ ਮੱਥੇ ‘ਤੇ ਸੁਪਨਿਆਂ ਨੂੰ ਖੁਣੋ ਅਤੇ ਇਨ੍ਹਾਂ ਦੀ ਪੂਰਤੀ ਦੇ ਰਾਹ ਤੋਰਨ ਲਈ ਉਂਗਲੀ ਪਕੜੋ।
ਬੱਚੇ, ਮਾਸੂਮੀਅਤ ਦਾ ਮਾਣ, ਕੋਮਲਤਾ ਦਾ ਨਾਮ। ਹਾਵ-ਭਾਵਾਂ ਵਿਚ ਨਿਰਛਲਤਾ ਦਾ ਵਾਸਾ। ਸਾਡਾ ਕੇਹਾ ਏ ਖਾਸਾ ਕਿ ਉਸ ਨੂੰ ਬਣਾ ਦਿੱਤਾ ਆਪਣੀਆਂ ਅਪੂਰਨ ਖਾਹਸ਼ਾਂ ਦਾ ਕਾਸਾ। ਬੱਚੇ ਨੂੰ ਬਚਪਨਾ ਮਾਣਨ ਦਿਓ। ਉਸ ਨੂੰ ਰੋਬੋਟ ਨਾ ਬਣਾਓ, ਜੇ ਬੱਚਾ ਹੀ ਰੋਬੋਟ ਬਣ ਗਿਆ ਤਾਂ ਤੁਹਾਨੂੰ ਬੜੀ ਪੀੜ ਹੋਵੇਗੀ ਜਦ ਉਸ ਦੀਆਂ ਬਪਚਨੀ ਸ਼ਰਾਰਤਾਂ ਪਥਰਾ ਗਈਆਂ।
ਬੱਚੇ ਦਾ ਬਚਪਨਾ ਸਭ ਤੋਂ ਅਜ਼ੀਮ ਪੜਾਅ। ਅਸੀਂ ਉਮਰ ਦੇ ਹਰ ਪੜਾਅ ‘ਤੇ ਬੱਚਾ ਬਣਨਾ ਲੋਚਦੇ। ਬਜ਼ੁਰਗੀ ਅਤੇ ਬਚਪਨੇ ਦੀ ਕੇਹੀ ਸਾਂਝ ਏ ਕਿ ਹਰ ਬਜ਼ੁਰਗ, ਬਚਪਨੀ ਅਵਸਥਾ ‘ਚ ਪਹੁੰਚ ਜਾਂਦਾ।
ਇਕ ਸ਼ੋਅ ਦੇਖਣ ਲਈ ਪਰਿਵਾਰ ਦੇ ਮੈਂਬਰ ਤਿਆਰ ਹੋ ਰਹੇ। ਬੱਚਾ ਸ਼ੋਅ ‘ਤੇ ਜਾਣ ਲਈ ਤਿਆਰ ਹੋ ਕੇ ਹੇਠਾਂ ਆਉਂਦਾ ਅਤੇ ਬਹੁਤ ਹੀ ਢਿੱਲੇ ਜਿਹੇ ਮੂੰਹ ਨਾਲ ਆਪਣੇ ਕਜ਼ਨ ਨੂੰ ਕਹਿੰਦਾ, “ਤੂੰ ਲੱਕੀ ਏਂ ਕਿ ਤੇਰੀ ਮੰਮੀ ਤੇਰੇ ਕੋਲ ਨਹੀਂ ਹੈ। ਤੂੰ ਆਪਣੀ ਮਰਜ਼ੀ ਦੇ ਕੱਪੜੇ ਪਹਿਨ ਸਕਦਾ ਏਂ।”
ਇਹ ਸੁਣ ਕੇ ਇਕ ਸੱਨਾਟਾ ਅਤੇ ਅਸਚਰਜਤਾ ਘਰ ਦੀ ਫਿਜ਼ਾ ਦੇ ਨਾਂ ਹੋ ਜਾਂਦੀ। ਬੱਚੇ ਦੇ ਇਹ ਬੋਲ ਬਹੁਤ ਵੱਡੇ ਖਲਲ ਦਾ ਸਬੱਬ। ਬੱਚੇ ਦੇ ਬੋਲਾਂ ਵਿਚ ਥੋੜ੍ਹਾ ਕੁ ਕਿਹਾ ਅਤੇ ਬਹੁਤ ਕੁਝ ਅਣਕਿਹਾ। ਸੀਮਤ ਸ਼ਬਦਾਂ ‘ਚ ਅਸੀਮਤ ਪਸਾਰਾ ਅਤੇ ਵਸੀਹ ਪਰਤਾਂ। ਮਾਸੂਮ ਬੋਲਾਂ ਵਿਚ ਰੰਜਿਸ਼, ਗੁੱਸਾ, ਦਾਈਆ ਅਤੇ ਹੀਣਪੁਣੇ ਦਾ ਮਿਲਵਾਂ-ਜੁਲਵਾਂ ਪ੍ਰਭਾਵ। ਬਚਪਨੀ ਮਾਨਸਿਕਤਾ ਬਹੁਤ ਕੁਝ ਵਡੇਰਿਆਂ ਦੇ ਮਨਾਂ ਵਿਚ ਧਰ ਗਈ। ਪਤਾ ਲੱਗਾ ਕਿ ਉਹ ਆਪਣੀ ਮੰਮੀ ਵਲੋਂ ਜ਼ਬਰਦਸਤੀ ਪਵਾਈ ਗਈ ਪੈਂਟ ਤੋਂ ਖੁਸ਼ ਨਹੀਂ। ਉਹ ਆਪਣੀ ਮਨਪਸੰਦ ਜੀਨ ਦੀ ਪੈਂਟ ਪਹਿਨਣਾ ਚਾਹੁੰਦਾ ਸੀ। ਜਦ ਉਸ ਨੇ ਆਪਣੀ ਪਸੰਦ ਦੇ ਕੱਪੜੇ ਪਾ ਲਏ ਤਾਂ ਉਸ ਦਾ ਖਿੜਿਆ ਚਿਹਰਾ ਪਰਿਵਾਰਕ ਚੌਗਿਰਦੇ ਵਿਚ ਖੁਸ਼ੀਆਂ ਤੇ ਖੇੜਿਆਂ ਦਾ ਨਿਉਂਦਾ ਬਣ ਗਿਆ ਅਤੇ ਉਹ ਚਾਈਂ ਚਾਈਂ ਪਰਿਵਾਰ ਸਮੇਤ ਸ਼ੋਅ ਦੇਖਣ ਚਲਾ ਗਿਆ।
ਬੱਚੇ ਦੀ ਪਸੰਦ/ਨਾ-ਪਸੰਦ ਨੂੰ ਸਮਝਣਾ ਬਹੁਤ ਜਰੂਰੀ। ਸਾਨੂੰ ਬੱਚਿਆਂ ਦੀਆਂ ਕੋਮਲ ਅਤੇ ਨਿਰਛੱਲ ਭਾਵਨਾਵਾਂ ਸਮਝਣ, ਉਨ੍ਹਾਂ ਦੀ ਕਦਰ ਕਰਨ ਅਤੇ ਉਨ੍ਹਾਂ ਨੂੰ ਮਰਜੀ ਨਾਲ ਜਿਉਣ ਲਈ ਉਤਸ਼ਾਹਿਤ ਕਰਨਾ ਚਾਹੀਦਾ। ਅਸੀਂ ਬੱਚਿਆਂ ‘ਤੇ ਬਹੁਤ ਕੁਝ ਥੋਪਦੇ ਹਾਂ ਅਤੇ ਇਸ ਅਣਕਿਆਸੇ ਤੇ ਅਣਚਾਹੇ ਬੋਝ ਹੇਠ ਬੱਚੇ ਕੋਮਲ ਚਾਵਾਂ ਦੀ ਸਿਸਕੀ ਸੁਣਨ ਤੋਂ ਵੀ ਮਹਿਰੂਮ ਕਰ ਦਿਤੇ ਜਾਂਦੇ ਨੇ।
ਬੱਚਾ ਜਦ ਕਿਸੇ ਦੇ ਸਾਹਮਣੇ ਆਪਣੀ ਹੀਣ ਭਾਵਨਾ ‘ਚੋਂ ਦਰਦ ਤੇ ਪੀੜਾ ਦੀ ਨਾ-ਮਾਲੂਮ ਸ਼ਿਕਾਇਤ ਲਾਉਂਦਾ ਜਾਂ ਰੋਸਾ ਕਰਦਾ ਤਾਂ ਇਹ ਬੱਚੇ ਦੀ ਸੋਚ ਵਿਚਲੀ ਨਜ਼ਾਕਤ ਅਤੇ ਭੋਲਾਪਣ ਹੁੰਦਾ। ਉਹ ਬਿਨਾ ਉਚੀ ਬੋਲਿਆਂ ਅਤੇ ਗੁੱਸੇ ਹੋਇਆਂ ਅਜਿਹਾ ਬਹੁਤ ਕੁਝ ਦਰਸਾ ਜਾਂਦਾ ਜਿਸ ਦੀ ਤਹਿ ਤੀਕ ਜਾਣਾ ਹਰੇਕ ਦੇ ਵੱਸ ਨਹੀਂ ਹੁੰਦਾ। ਬੱਚਾ ਘੁਟਣ-ਰੂਪੀ ਸਾਹਾਂ ਦੀ ਤੜਫ ਪਲੋਸਦਾ, ਬਚਪਨੇ ਦੀ ਅਮੀਰੀ ਨੂੰ ਗਰੀਬੜੇ ਰੂਪ ਵਿਚ ਹੰਢਾਉਣ ਲਈ ਮਜਬੂਰ ਹੋ ਜਾਂਦਾ।
ਬੱਚਾ ਨਿਰਮਲ, ਕਲ ਕਲ ਕਰਦਾ ਝਰਨਾ, ਸ਼ਫਾਫਤ ਦਾ ਬਿੰਬ, ਮਲੀਨਤਾ ਤੋਂ ਦੂਰ ਅਤੇ ਦੁਨਿਆਵੀ ਕੂੜ ਤੋਂ ਨਿਰਲੇਪ। ਸੁੱਚੇ-ਸੁੱਚੇ ਵਿਚਾਰਾਂ ਤੇ ਖਿਆਲਾਂ ਦੀ ਖਾਣ। ਆਪਣੇ ਮਨ ਵਿਚ ਆਈ ਬਾਤ ਨੂੰ ਕਿਸੇ ਵੀ ਮੌਕੇ ਕਹਿਣ ਦੀ ਖੁੱਲ੍ਹ। ਯਾਦ ਰੱਖਣਾ! ਬੱਚੇ ਦਾ ਕਿਹਾ ਸਮੇਂ ਦਾ ਸੱਚ। ਦੁਨੀਆਂਦਾਰੀ ਵਿਚਲਾ ਲੁਕੋ, ਵਲ, ਛਲਾਵਾ ਅਤੇ ਪਰਤ ਦਰ ਪਰਤ ਜਿਉਣਾ ਬੱਚੇ ਤੋਂ ਕੋਹਾਂ ਦੂਰ।
ਬੱਚੇ ਨੂੰ ਕਿਤਾਬਾਂ ਪੜ੍ਹਨ ਦਾ ਸ਼ੌਕ। ਕਦੀ ਕਦਾਈਂ ਤਾਂ ਉਹ ਵਾਸ਼ਰੂਮ ਨੂੰ ਪੜ੍ਹਨ ਦੇ ਕਮਰੇ ਵਜੋਂ ਵਰਤਦਾ। ਸੋਚਣ ਵਾਲੀ ਗੱਲ ਹੈ, ਬੱਚਾ ਅਜਿਹਾ ਕਿਉਂ ਕਰਦਾ ਏ? ਅਸਲ ਵਿਚ ਬੱਚਾ ਕਿਤਾਬ ਪੜ੍ਹਨਾ ਚਾਹੁੰਦਾ ਪਰ ਉਸ ਦੇ ਭੈਣ-ਭਰਾ ਖਲਲ ਪਾਉਂਦੇ ਅਤੇ ਕਈ ਵਾਰ ਘਰ ਦੇ ਵੀ ਉਸ ਨੂੰ ਝਿੜਕਦੇ। ਆਖਰਕਾਰ ਬੱਚੇ ਨੂੰ ਵਾਸ਼ਰੂਮ ਇਕ ਅਜਿਹੀ ਠਾਹਰ ਮਿਲਦੀ ਜਿਸ ਦਾ ਸ਼ਾਂਤ ਮਾਹੌਲ ਉਸ ਦੀ ਇਕਸੁਰਤਾ ਲਈ ਸਹਿਜ।
ਬੱਚਾ ਇਕ ਕੋਰੀ ਸਲੇਟ। ਗਾਚਣੀ ਨਾਲ ਪੋਚ ਕੇ ਧੁੱਪੇ ਸੁਕਾਈ ਹੋਈ ਫੱਟੀ। ਤੁਸੀਂ ਜਿਹੋ ਜਿਹੇ ਪੂਰਨੇ ਪਾਉਂਦੇ ਹੋ, ਉਹੋ ਜਿਹੀ ਲਿਖਤ ਦੇ ਨਕਸ਼ ਉਘੜ ਆਉਣਗੇ। ਬੱਚੇ ਦਾ ਚੌਗਿਰਦਾ, ਹੌਸਲਾ ਅਫਜ਼ਾਈ, ਸ਼ੌਕਾਂ ਨੂੰ ਦਿੱਤਾ ਹੁਲਾਰ, ਪ੍ਰਫੁਲਿਤਾ ਲਈ ਉਚੇਚ ਅਤੇ ਹਰ ਪ੍ਰਾਪਤੀ ਤੋਂ ਬਾਅਦ ਮਿਲੀ ਹੱਲਾਸ਼ੇਰੀ, ਬੱਚੇ ਦੇ ਵਿਅਕਤਿਤਵ ਲਈ ਬਹੁਤ ਅਹਿਮ। ਕੋਰੇ ਵਰਕਿਆਂ ‘ਤੇ ਝਰੀਟਾਂ ਵੀ ਮਾਰੀਆਂ ਜਾ ਸਕਦੀਆਂ ਨੇ, ਕਲਾ-ਕ੍ਰਿਤਾਂ ਦੇ ਨਕਸ਼ ਉਘਾੜੇ ਜਾ ਸਕਦੇ ਨੇ ਜਾਂ ਹਰਫਾਂ ‘ਚ ਬੋਲਦੇ ਅਰਥਾਂ ਦੀ ਤਸ਼ਬੀਹ ਵੀ ਸਿਰਜੀ ਜਾ ਸਕਦੀ ਏ ਜੋ ਸ਼ਖਸੀ ਸੁੰਦਰਤਾ ਦਾ ਮੁਹਾਂਦਰਾ ਹੁੰਦਾ। ਇਹ ਸਭ ਕੁਝ ਕਲਮ, ਸਿਆਹੀ ਅਤੇ ਕਲਮਕਾਰ ਦੇ ਹੱਥਾਂ ਵਿਚਲੀ ਮਿਕਨਾਤੀਸੀ ਛੋਹ ‘ਤੇ ਨਿਰਭਰ ਕਰਦਾ।
ਵਿਦੇਸ਼ਾਂ ਵਿਚ ਵੱਸਦੇ ਮਾਪਿਆਂ ਨੂੰ, ਬੱਚਿਆਂ ਨੂੰ ਹਰ ਰਿਸ਼ਤਾ ਸਮਝਾਉਣ, ਉਸ ਦੀ ਕਦਰ ਕਰਨ, ਸਤਿਕਾਰ ਦਾ ਤੌਰ-ਤਰੀਕਾ ਸਮਝਣ, ਵਿਰਸੇ ‘ਚੋਂ ਆਪਾ ਨਿਹਾਰਨ, ਚੰਗੇਰੀ ਦਿੱਖ ਬਣਾਉਣ, ਵਧੀਆ ਪਿਰਤਾਂ ਪਾਉਣ ਅਤੇ ਸਮਾਜ ਦਾ ਸੁੱਚਾ ਸਿਰਨਾਵਾਂ ਬਣਾਉਣ ਲਈ ਬਹੁਤ ਉਚੇਚ ਦੀ ਲੋੜ। ਜਦ ਕੋਈ ਬੱਚਾ, ਕੁੜਤਾ-ਪਜਾਮਾ ਪਾ, ਗਲ ਵਿਚ ਕੈਂਠਾ ਸਜਾ, ਸਿਰ ‘ਤੇ ਪੱਗ ਬੰਨ ਅਤੇ ਹੱਥ ਵਿਚ ਨਿੱਕਾ ਜਿਹਾ ਖੁੰਡਾ ਲੈ ਕੇ ਪੰਜਾਬੀ ਗੀਤਾਂ ‘ਤੇ ਭੰਗੜਾ ਪਾਉਂਦਾ ਤਾਂ ਸਭ ਨੂੰ ਚੰਗਾ ਲੱਗਦਾ ਕਿ ਨਵੀਂ ਪੀੜ੍ਹੀ ਕਿਸੇ ਨਾ ਕਿਸੇ ਰੂਪ ਵਿਚ ਆਪਣੇ ਵਿਰਸੇ ਨਾਲ ਮੋਹ ਕਰਦੀ ਏ। ਮਾਪਿਆਂ ਵੱਲੋਂ ਮਿਲਿਆ ਹੁਲਾਰਾ ਤੇ ਹੁੰਗਾਰਾ ਹੀ ਹੁੰਦਾ ਜਿਸ ਸਦਕਾ ਬੱਚੇ ਆਪਣੇ ਵਿਰਸੇ ਦਾ ਹਰ ਰੰਗ ਮਾਣਦੇ। ਬੱਚੇ ਦਾ ਵਿਰਾਸਤੀ ਰੰਗ ਵਿਚ ਵਿਗਸਣਾ, ਨਵੀਂ ਨਸਲ ਲਈ ਸ਼ੁਭ-ਸੰਕੇਤ।
ਇਕ ਮਾਂ-ਮਛੋਰ ਬੱਚਾ ਸਕੂਲ ਨੂੰ ਜਾਂਦਿਆਂ ਰਾਹ ਵਿਚ ਆਪਣੀ ਮਾਂ ਦੀ ਕਬਰ ਕੋਲ ਹਰ ਰੋਜ਼ ਰੁਕਦਾ ਅਤੇ ਆਪਣਾ ਬਸਤਾ ਕਬਰ ‘ਤੇ ਰੱਖ, ਅੱਖਾਂ ਵਿਚ ਨੀਰ ਭਰ, ਸਦਾ ਲਈ ਕਬਰ ‘ਚ ਸੁੱਤੀ ਮਾਂ ਨੂੰ ਹਾਕ ਮਾਰਦਾ ਕਿ ਮਾਂ ਜੇ ਤੇਰੀ ਨੀਂਦ ਪੂਰੀ ਹੋ ਗਈ ਹੋਵੇ ਤਾਂ ਉਠ ਅਤੇ ਮੇਰੇ ਨਾਲ ਸਕੂਲ ਚੱਲ। ਮੇਰੀ ਟੀਚਰ ਨੂੰ ਕੁਝ ਸਮਝਾ ਜੋ ਰੋਜ਼ ਮੈਨੂੰ ਝਿੜਕਦੀ ਏ ਕਿ ਤੇਰੀ ਮਾਂ ਬਹੁਤ ਲਾਪ੍ਰਵਾਹ ਏ, ਨਾ ਚੰਗੀ ਤਰ੍ਹਾਂ ਤਿਆਰ ਕਰਦੀ ਏ, ਨਾ ਸਮੇਂ ਸਿਰ ਸਕੂਲ ਭੇਜਦੀ ਏ ਅਤੇ ਨਾ ਹੀ ਸਕੂਲ ਦਾ ਕੰਮ ਕਰਵਾਉਂਦੀ ਏ। ਬੱਚੇ ਦੇ ਇਨ੍ਹਾਂ ਬੋਲਾਂ ਵਿਚ ਮਾਸੂਮੀਅਤ ਦੇ ਨਾਲ ਨਾਲ ਅਥਾਹ ਦਰਦ, ਵੇਦਨਾ ਅਤੇ ਮੋਈ ਮਾਂ ਪ੍ਰਤੀ ਸਨੇਹ ਝਲਕਦਾ। ਹਾਲਾਤ ਦਾ ਝੰਭਿਆ ਬੱਚਾ ਆਖਰ ਨੂੰ ਆਪਣੀ ਮਾਂ ਦੀ ਪਨਾਹ ਵਿਚ ਜਾਂਦਾ ਏ। ਬੱਚੇ ਦੀ ਮਾਨਸਿਕਤਾ ਅਤੇ ਉਸ ਦੀ ਸੰਵੇਦਨਾ ਨੂੰ ਸਮਝਣ ਤੋਂ ਅਸਮਰਥ ਟੀਚਰ ਨੇ ਲਾਡ-ਪਿਆਰ ਨਾਲ ਸ਼ਾਇਦ ਹੀ ਕਦੇ ਬੱਚੇ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਹੋਵੇ। ਅਸੀਂ ਬਹੁਤ ਜਲਦਬਾਜ਼ੀ ਵਿਚ ਨਾਸੂਰ ਵਰਗੇ ਫੈਸਲੇ ਕਰ ਲੈਂਦੇ ਹਾਂ ਜੋ ਬੱਚਿਆਂ ਦੇ ਅਚੇਤ ਵਿਚ ਤਾਅ ਉਮਰ ਚਸਕਦੇ ਰਹਿੰਦੇ।
ਬਰਸਾਤਾਂ ਦੇ ਦਿਨ। ਛੇ ਅਤੇ ਦਸ ਸਾਲ ਦੇ ਦੋ ਬੱਚੇ ਖੂਹ ‘ਤੇ ਜਾਂਦੇ ਨੇ। ਖੂਹ ਦੀ ਮੌਣ ‘ਤੇ ਖੜਿਆਂ ਵੱਡੇ ਬੱਚੇ ਦਾ ਪੈਰ ਤਿੱਲਕ ਜਾਂਦਾ ਏ ਤੇ ਉਹ ਖੂਹ ਵਿਚ ਡਿੱਗ ਕੇ ਡੁੱਬਣ ਲੱਗਦਾ ਏ ਅਤੇ ਛੋਟੇ ਨੂੰ ਮਦਦ ਲਈ ਹਾਕਾਂ ਮਾਰਦਾ ਏ। ਛੋਟਾ ਬੱਚਾ ਖੂਹ ਕੋਲ ਪਈ ਲੱਜ ਵਾਲੀ ਬਾਲਟੀ ਨੂੰ ਦੇਖਦਾ ਏ ਅਤੇ ਜਲਦੀ ਨਾਲ ਖੂਹ ਵਿਚ ਬਾਲਟੀ ਨੂੰ ਸੁੱਟਦਾ। ਵੱਡਾ ਬੱਚਾ ਬਾਲਟੀ ਨੂੰ ਪਕੜ ਲੈਂਦਾ ਏ ਅਤੇ ਛੋਟੇ ਬੱਚੇ ਨੂੰ ਉਪਰ ਖਿੱਚਣ ਲਈ ਕਹਿੰਦਾ ਏ। ਛੋਟਾ ਬੱਚਾ ਪੂਰੇ ਜੋਰ ਨਾਲ ਖੂਹ ਵਿਚ ਡਿੱਗੇ ਬੱਚੇ ਨੂੰ ਬਾਹਰ ਕੱਢਣ ਲੱਗਦਾ ਏ ਤੇ ਆਖਰ ਨੂੰ ਵੱਡੇ ਬੱਚੇ ਨੂੰ ਖੂਹ ਵਿਚੋਂ ਬਾਹਰ ਕੱਢਣ ਵਿਚ ਕਾਮਯਾਬ ਹੋ ਜਾਂਦਾ ਏ। ਬੱਚੇ ਵਾਪਸ ਘਰ ਆਉਂਦੇ ਹਨ ਅਤੇ ਡਰਦੇ-ਡਰਦੇ ਘਰਦਿਆਂ ਨੂੰ ਇਹ ਘਟਨਾ ਸੁਣਾਉਂਦੇ ਹਨ। ਪਰ ਪਰਿਵਾਰ/ਪਿੰਡ ਦਾ ਕੋਈ ਵੀ ਵਿਅਕਤੀ ਇਹ ਮੰਨਣ ਲਈ ਤਿਆਰ ਨਹੀਂ ਕਿ ਛੋਟੇ ਬੱਚੇ ਨੇ ਵੱਡੇ ਬੱਚੇ ਨੂੰ ਬਾਲਟੀ ਰਾਹੀਂ ਖੂਹ ‘ਚੋਂ ਬਾਹਰ ਕੱਢ ਲਿਆ ਹੋਵੇਗਾ। ਪਰ ਬੱਚੇ ਆਪਣੀ ਸੱਚਾਈ ‘ਤੇ ਕਾਇਮ। ਜਦ ਪਿੰਡ ਦੇ ਇਕ ਸਿਆਣੇ ਬੰਦੇ ਨੂੰ ਇਸ ਘਟਨਾ ਦਾ ਪਤਾ ਲੱਗਦਾ ਹੈ ਤਾਂ ਉਹ ਕਹਿੰਦਾ ਹੈ ਕਿ ਬੱਚੇ ਸਹੀ ਨੇ।
ਦਰਅਸਲ ਇਸ ਸਮੇਂ ਬੱਚੇ ਕੋਲ ਕੋਈ ਵੀ ਵਿਅਕਤੀ ਨਹੀਂ ਸੀ ਜੋ ਇਹ ਕਹਿੰਦਾ ਕਿ ਬੱਚੇ ਤੂੰ ਇਹ ਕੰਮ ਨਹੀਂ ਕਰ ਸਕਦਾ। ਬੱਚਾ ਸਿਰਫ ਇਹ ਜਾਣਦਾ ਹੈ ਕਿ ਉਸ ਨੇ ਡੁੱਬ ਰਹੇ ਬੱਚੇ ਨੂੰ ਖੂਹ ‘ਚੋਂ ਬਾਹਰ ਕੱਢਣਾ ਹੈ ਅਤੇ ਉਸ ਨੇ ਇਹ ਕਰ ਲਿਆ। ਇਹ ਬੱਚੇ ਦੇ ਆਤਮ-ਵਿਸ਼ਵਾਸ ਦਾ ਕ੍ਰਿਸ਼ਮਾ ਸੀ। ਦਰਅਸਲ ਅਸੀਂ ਬੱਚੇ ਨੂੰ ਹਰ ਕੰਮ ਕਰਨ ਤੋਂ ਹੋੜਦੇ ਹਾਂ। ‘ਤੂੰ ਇਹ ਕੰਮ ਨਹੀਂ ਕਰ ਸਕਦਾ’ ਕਹਿ ਕੇ ਉਨ੍ਹਾਂ ਦਾ ਆਤਮ ਵਿਸ਼ਵਾਸ ਘਟਾਉਂਦੇ ਹਾਂ। ਬੱਚਿਆਂ ਨੂੰ ਬਜ਼ੁਰਗਾਂ ਦੀ ਰਹਿਨੁਮਾਈ ਵਿਚ ਹਰ ਕੰਮ ਕਰਨ ਦੇਣਾ ਚਾਹੀਦਾ ਹੈ। ਇਸ ਨਾਲ ਉਨ੍ਹਾਂ ਦਾ ਆਤਮ-ਵਿਸ਼ਵਾਸ ਵਧੇਗਾ ਅਤੇ ਨਵੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਦਾ ਹੌਸਲਾ ਪੈਦਾ ਹੋਵੇਗਾ। ਬੱਚਿਆਂ ਵਿਚ ਅਥਾਹ ਸਮਰੱਥਾ ਹੁੰਦੀ ਏ। ਅਸੀਂ ਹੀ ਇਸ ਸਮਰੱਥਾ ਨੂੰ ਪ੍ਰਗਟ ਕਰਨ ਤੋਂ ਰੋਕਦੇ ਹਾਂ। ਬੱਚੇ ਦੀ ਹਮੇਸ਼ਾ ਹੌਸਲਾ-ਅਫਜ਼ਾਈ ਕਰੋ।
ਸਭ ਤੋਂ ਅਹਿਮ ਗੱਲ ਹੈ, ਬੱਚੇ ਦੀ ਮਾਨਸਿਕਤਾ ਨੂੰ ਸਮਝਣਾ ਅਤੇ ਉਸ ਨੂੰ ਉਸਾਰੂ ਪਾਸੇ ਲਾ ਕੇ ਚੰਗੇਰਾ ਮਨੁੱਖ ਬਣਨ ਦੀ ਚਾਹਤ ਪੈਦਾ ਕਰਨਾ। ਮਾਨਵੀ ਸਰੋਕਾਰਾਂ ਪ੍ਰਤੀ ਉਤਸ਼ਾਹ ਅਤੇ ਸੰਵੇਦਨਾ ਦਾ ਪਾਠ ਪੜ੍ਹਾਉਣਾ ਅਜੋਕੇ ਸਮੇਂ ਦੀ ਪ੍ਰਮੁੱਖਤਾ ਹੈ। ਸਾਡੀ ਸਭ ਤੋਂ ਵੱਡੀ ਜਾਇਦਾਦ ਤੇ ਵਿਰਾਸਤ ਸਾਡੇ ਬੱਚੇ ਨੇ। ਉਨ੍ਹਾਂ ਨੂੰ ਪੈਸਾ, ਬਰਾਂਡਡ ਵਸਤਾਂ ਜਾਂ ਬੇਬਹਾਅ ਸਹੂਲਤਾਂ ਨਾ ਦਿਓ, ਸਗੋਂ ਉਨ੍ਹਾਂ ਨੂੰ ਸਮਾਂ ਦਿਓ। ਪੈਸੇ ਘੱਟ ਕਮਾ ਲਵੋਗੇ ਤਾਂ ਸਰ ਜਾਵੇਗਾ, ਪਰ ਬੱਚਿਆਂ ਨੂੰ ਅਣਗੌਲਿਆਂ ਕੀਤਿਆਂ ਕਈ ਵਾਰ ਵੱਡੀ ਕੀਮਤ ਚੁਕਾਉਣੀ ਪੈਂਦੀ ਏ। ਨੌਜਵਾਨ ਪੀੜ੍ਹੀ ਵਿਚ ਮਾਨਸਿਕ ਭਟਕਣਾ, ਨਸ਼ਿਆਂ ਦੀ ਅਲਾਮਤ ਅਤੇ ਅਦਬ ਦੀ ਘਾਟ ਦਾ ਮੁੱਖ ਕਾਰਨ ਮਾਪਿਆਂ ਦਾ ਬੱਚਿਆਂ ਪ੍ਰਤੀ ਅਵੇਸਲਾਪਣ ਹੈ।
ਮਾਪਿਆਂ ਦੇ ਰੁਝੇਵੇਂ, ਜ਼ਿੰਦਗੀ ਦੀ ਦੌੜ ਭੱਜ ਅਤੇ ਜ਼ਿਆਦਾ ਤੋਂ ਜ਼ਿਆਦਾ ਧਨ ਇਕੱਠਾ ਕਰਨ ਦੀ ਹੋੜ ਵਿਚੋਂ ਬਚਪਨੇ ਦੀ ਲਾਚਾਰੀ ਜਨਮ ਲੈਂਦੀ। ਜੇ ਅਸੀਂ ਬਚਪਨੇ ਨੂੰ ਬੇਗਾਨਗੀ ਦੇ ਰੁਤਬੇ ਤੀਕ ਹੀ ਸੀਮਤ ਕਰ ਦਿਤਾ ਤਾਂ ਬੱਚਿਆਂ ਦਾ ਮਾਨਸਿਕ ਵਿਕਾਸ, ਸੋਚ ਦਾ ਫੈਲਾਅ, ਖੁਦ ਨੂੰ ਵਿਕਸਤ ਕਰਨ ਦਾ ਉਦਮ ਅਤੇ ਹੁਨਰ ਕਿਵੇਂ ਮਿਲੇਗਾ ਅਤੇ ਉਹ ਸਾਡੀ ਪਛਾਣ ਕਿਵੇਂ ਬਣਨਗੇ? ਬੱਚਿਆਂ ਦੇ ਦੀਦਿਆਂ ਵਿਚ ਸੁਪਨੇ ਧਰੋ ਅਤੇ ਉਨ੍ਹਾਂ ਦੀ ਪ੍ਰਾਪਤੀ ਦਾ ਵੱਲ ਉਨ੍ਹਾਂ ਦੇ ਮਸਤਕ ਵਿਚ ਧਰੋ ਅਤੇ ਸੰਤੁਲਿਤ ਤੇ ਸਿਹਤਮੰਦ ਜਿੰ.ਦਗੀ ਵਰੋ, ਕਈ ਕੁੱਲਾਂ ਇਸ ਦਿਆਨਤਦਾਰੀ ਅਤੇ ਸਚਿਆਰੀ ਸੋਚ ਦੇ ਸਦਕੇ ਜਾਣਗੀਆਂ।
ਸ਼ਰਾਰਤਾਂ ਰਾਹੀਂ ਬਚਪਨੇ ਨੂੰ ਪਰਿਭਾਸ਼ਤ ਕਰਦੇ, ਬਚਪਨੀ ਵਰਤਾਰਿਆਂ ਵਿਚੋਂ ਭਵਿੱਖੀ ਰਮਜ਼ਾਂ ਦੀ ਸੂਹ ਦੇਣ ਵਾਲੇ ਭੋਲੇ-ਭਾਲੇ ਬੋਲਾਂ ਨਾਲ ਮੋਹ ਲੈਣ ਵਾਲੇ ਅਤੇ ਮਾਸੂਮ ਜਿਹੀਆਂ ਬਾਤਾਂ ਪਾਉਣ ਵਾਲੇ ਬੱਚਿਆਂ ਨੂੰ ਆਗੋਸ਼ ਵਿਚ ਲੈ ਕੇ ਪਿਆਰ ਦਿਓ। ਉਨ੍ਹਾਂ ਦੀ ਮੁਸਕਣੀ ਵਿਚੋਂ ਆਪਣੇ ਸਾਹਾਂ ਵਿਚ ਰਵਾਨਗੀ ਧਰਨ ਦਾ ਵੱਲ ਸਿੱਖੋ, ਤੁਹਾਡਾ ਜੀਵਨ ਪੈਂਡਾ ਸੁਖਾਲਾ ਹੋ ਜਾਵੇਗਾ। ਬੱਚੇ ਦੇ ਮੂੰਹ ਵਿਚ ਪਾਈਆਂ ਬੁਰਕੀਆਂ ਦੀ ਲੱਜਤ ਸਿਰਫ ਮਾਂ ਹੀ ਮਾਣਦੀ ਏ। ਤਾਹੀਉਂ ਤਾਂ ਰੱਬ ਮਾਂ ਬਣਾ ਕੇ ਆਪ ਵਿਹਲਾ ਹੋ ਗਿਆ ਤਾਂ ਕਿ ਉਹ ਮਾਂ ਵਿਚੋਂ ਆਪਣਾ ਦੀਦਾਰ ਕਰ ਸਕੇ।
ਬੱਚੇ ਦੇ ਨੈਣਾਂ ‘ਚੋਂ ਬਚਪਨੀ ਸੁਪਨੇ ਨਾ ਖੋਹੋ, ਸ਼ਰਾਰਤਾਂ ਤੋਂ ਨਾ ਵਰਜੋ, ਉਨ੍ਹਾਂ ਨੂੰ ਸਹਿਜ ਵਰਤਾਰੇ ਤੋਂ ਨਾ ਹੋੜੋ, ਬੇਲੋੜਾ ਨਾ ਝਿੜਕੋ, ਬੱਚਾ ਚਿੜਚਿੜਾ ਹੋ ਜਾਵੇਗਾ। ਕੁਦਰਤੀ ਰਹਿਮਤਾਂ ਨਾਲ ਵਰੋਸਾਏ ਇਹ ਬੱਚੇ ਹੀ ਸਾਡਾ ‘ਅੱਜ’ ਤੇ ‘ਕੱਲ’ ਹਨ। ਜੇ ਅਸੀਂ ‘ਚੰਗੇਰੇ ਅੱਜ’ ਨੂੰ ‘ਕੱਲ’ ਦੇ ਹਵਾਲੇ ਕਰਾਂਗੇ ਤਾਂ ਅਸੀਂ ‘ਅੱਜ’ ਦੀ ਸੁੰਦਰਤਾ ਦੇ ਨਾਲ-ਨਾਲ ‘ਕੱਲ’ ਨੂੰ ਵੀ ਨਰੋਏ ਨਕਸ਼ ਦੇਣ ਦੇ ਕਾਬਲ ਹੋਵਾਂਗੇ।
ਬੱਚੇ ਬਹੁਤ ਸੂਖਮ ਹੁੰਦੇ। ਉਨ੍ਹਾਂ ਦੀ ਸੋਚ ਅਤੇ ਮਾਨਸਿਕਤਾ ‘ਤੇ ਕੋਈ ਚੋਟ ਨਾ ਲੱਗਣ ਦਿਉ। ਉਨ੍ਹਾਂ ਦੀ ਪਾਕੀਜ਼ ਸੋਚ, ਮਾਸੂਮੀਅਤ ਭਰੇ ਬੋਲ ਅਤੇ ਦਰਿਆ-ਦਿਲੀ ਵਾਲੀ ਜੀਵਨ-ਸ਼ੈਲੀ ਵਿਚ ਕੋਈ ਵਿਘਨ ਨਾ ਪਾਇਓ, ਤੁਸੀਂ ਸਾਰੀ ਉਮਰ ਆਪਣੇ ਆਪ ਨੂੰ ਵੀ ਮੁਆਫ ਨਹੀਂ ਕਰ ਸਕੋਗੇ। ਬੱਚੇ ਦੇ ਹਰ ਬੋਲ ਦੇ ਅਰਥ ਹੁੰਦੇ ਅਤੇ ਉਨ੍ਹਾਂ ਦੀ ਤਹਿ ਤੀਕ ਪਹੁੰਚਣਾ ਮਾਪਿਆਂ ਦਾ ਫਰਜ਼। ਤੁਸੀਂ ਕਿਧਰੇ ਅਜਿਹੇ ਫਰਜ਼ ਤੋਂ ਕੁਤਾਹੀ ਤਾਂ ਨਹੀਂ ਕੀਤੀ, ਆਪਣੇ ਅੰਦਰ ਝਾਤੀ ਜਰੂਰ ਮਾਰਨਾ। ਇਹ ਕਲਮ ਅਤੇ ਹਰਫ ਤੁਹਾਡੇ ਸਦਾ ਰਿਣੀ ਰਹਿਣਗੇ।
ਬੱਚੇ, ਪਵਿੱਤਰਤਾ ਦੀ ਛੋਹ, ਪਿਆਰ ਲੁਟਾਉਂਦੀ ਲੋਅ, ਬੁੱਕ ਬੁੱਕ ਵਡੇਂਦਾ ਮੋਹ ਅਤੇ ਵਾਰ ਵਾਰ ਬਚਪਨ ਵਿਚ ਪਰਤਣ ਦੀ ਖੋਹ।
ਬੱਚੇ, ਕਾਦਰ ਦੀ ਸਭ ਤੋਂ ਨਾਯਾਬ ਅਮਾਨਤ ਜੋ ਜੀਵਨ-ਵਿਹੜੇ ਵਿਚ ਫੁੱਲ ਖਿੜਾਉਣ ਅਤੇ ਹਾਸਿਆਂ ਦੀਆਂ ਫੁੱਲਝੜੀਆਂ ਬਰਸਾਉਣ ਲਈ ਬਣਾਈ। ਅਸੀਂ ਮਾਸੂਮ ਮੁਸਕਣੀ, ਅਣਭੋਲ ਬੋਲਾਂ, ਨਿਰਛੱਲ ਸੋਚ ਅਤੇ ਪਾਕੀਜ਼ ਕਰਮ-ਯਾਚਨਾ ਨੂੰ ਕਿਵੇਂ ਸਮਝਦੇ ਹਾਂ, ਇਹ ਸਾਡੀ ਸੋਚ ਦੇ ਦਿਸਹੱਦੇ।