ਉਠੁ ਫਰੀਦਾ ਉਜੂ ਸਾਜਿ ਸੁਬਹੁ ਨਿਵਾਜ ਗੁਜਾਰਿ

ਡਾ. ਗੁਰਨਾਮ ਕੌਰ ਕੈਨੇਡਾ
ਬਾਬਾ ਫਰੀਦ ਆਪ ਰੱਬ ਦੀ ਬੰਦਗੀ ਕਰਨ ਵਾਲੇ ਸੂਫੀ ਸੰਤ ਸਨ ਅਤੇ ਮਨੁੱਖ ਨੂੰ ਵੀ ਰੱਬ ਦੀ ਬੰਦਗੀ ਕਰਨ ਦੀ ਪ੍ਰੇਰਨਾ ਕਰਦੇ ਹਨ| ਉਹ ਆਪਣੇ ਆਪ ਨੂੰ ਸੰਬੋਧਨ ਕਰਦੇ ਹਨ, ਹੇ ਫਰੀਦ ਜੋ ਬੰਦੇ ਨਮਾਜ਼ ਨਹੀਂ ਪੜ੍ਹਦੇ ਭਾਵ ਖੁਦਾ ਦੀ ਬੰਦਗੀ ਨਹੀਂ ਕਰਦੇ ਅਤੇ ਹਿੰਮਤ ਕਰਕੇ ਪੰਜ ਵਕਤ ਦੀ ਨਮਾਜ਼ ਅਦਾ ਕਰਨ ਲਈ ਮਸੀਤ ਨਹੀਂ ਆਉਂਦੇ, ਉਹ ਕੁੱਤਿਆਂ ਸਮਾਨ ਹਨ| ਰੱਬ ਦੀ ਬੰਦਗੀ ਕਰਨ ਤੋਂ ਬਿਨਾ ਜਿਉਣ ਦਾ ਢੰਗ, ਕੋਈ ਚੰਗਾ ਤਰੀਕਾ ਨਹੀਂ ਹੈ| ਇਸਲਾਮ ਵਿਚ ਰੱਬ ਦੀ ਬੰਦਗੀ ਕਰਨ ਦੇ ਪੰਜ ਵਕਤ ਮੁਕੱਰਰ ਕੀਤੇ ਹੋਏ ਹਨ|

ਇਸ ਮੁਕੱਰਰ ਸਮੇਂ ਭਾਵੇਂ ਕੋਈ ਮੁਸਲਿਮ ਕੁਝ ਵੀ ਕਰ ਰਿਹਾ ਹੋਵੇ, ਉਸ ਨੂੰ ਹਦਾਇਤ ਹੈ ਕਿ ਜਿੱਥੇ ਵੀ ਉਹ ਹੋਵੇ, ਉਥੇ ਹੀ ਰੱਬ ਦੀ ਇਬਾਦਤ ਜ਼ਰੂਰ ਕਰੇ; ਖੁਦਾ ਅੱਗੇ ਸਿਰ ਝੁਕਾ ਕੇ ਉਸ ਨੂੰ ਯਾਦ ਕਰੇ| ਇਸੇ ਤੱਥ ਵੱਲ ਇਸ਼ਾਰਾ ਬਾਬਾ ਫਰੀਦ ਨੇ ਆਪਣੇ ਇਸ ਸਲੋਕ ‘ਉਠੁ ਫਰੀਦਾ ਉਜੂ ਸਾਜਿ ਸੁਬਹੁ ਨਿਵਾਜ ਗੁਜਾਰਿ’ ਵਿਚ ਕੀਤਾ ਹੈ|
ਨਮਾਜ਼ ਪੜ੍ਹਨ ਤੋਂ ਪਹਿਲਾਂ ਪਾਣੀ ਲੈ ਕੇ ਹੱਥ-ਮੂੰਹ ਧੋਤੇ ਜਾਂਦੇ ਹਨ ਜਿਸ ਨੂੰ ਵੁਜ਼ੂ ਕਰਨਾ ਕਹਿੰਦੇ ਹਨ ਅਤੇ ਇਸੇ ਦਾ ਜ਼ਿਕਰ ਬਾਬਾ ਫਰੀਦ ਕਰਦੇ ਹਨ, ਹੇ ਫਰੀਦ! ਨਮਾਜ਼ ਪੜ੍ਹਨ ਦਾ ਵੇਲਾ ਹੋ ਗਿਆ ਹੈ, ਇਸ ਲਈ ਉਠ ਕੇ ਹੱਥ-ਮੂੰਹ ਧੋ ਤੇ ਸੁਬਹਾ ਦੀ ਨਮਾਜ਼ ਪੜ੍ਹ| ਨਮਾਜ਼ ਗੁਜ਼ਾਰਨ ਦਾ ਅਰਥ ਹੈ, ਪਰਵਰਦਿਗਾਰ ਅੱਗੇ ਆਪਣਾ ਸਿਰ ਝੁਕਾਉਣਾ, ਆਪਣੇ ਆਪ ਨੂੰ ਅੱਲਾ ਦੇ ਸਪੁਰਦ ਕਰਨਾ, ਉਸ ਦੀ ਰਜ਼ਾ ਨੂੰ ਮੰਨਣਾ| ਬਾਬਾ ਫਰੀਦ ਦਾ ਕਹਿਣਾ ਹੈ ਕਿ ਜੋ ਸਿਰ ਰੱਬ ਅੱਗੇ ਨਹੀਂ ਝੁਕਦਾ, ਆਪਣੇ ਆਪ ਨੂੰ ਉਸ ਦੇ ਹਵਾਲੇ ਨਹੀਂ ਕਰਦਾ (ਆਪਣੀ ਹਉਮੈ ਵਿਚ ਰਹਿੰਦਾ ਹੈ), ਉਹ ਸਿਰ ਕੱਟ ਕੇ ਆਪਣੇ ਸਰੀਰ ਤੋਂ ਵੱਖ ਕਰ ਦੇਣਾ ਚਾਹੀਦਾ ਹੈ| ਭਾਵ ਰੱਬ ਦੀ ਬੰਦਗੀ ਤੋਂ ਬਿਨਾ ਜਿਉਣਾ ਅਰਥਹੀਣ ਹੈ, ਬੇਮਕਸਦ ਹੈ|
ਬਾਬਾ ਫਰੀਦ ਇਸ ਤੋਂ ਅੱਗੇ ਹੋਰ ਵੀ ਸਖਤੀ ਨਾਲ ਪ੍ਰਸ਼ਨ ਕਰਦੇ ਹਨ ਕਿ ਜੋ ਸਿਰ ਰੱਬ ਅੱਗੇ ਨਹੀਂ ਝੁਕਦਾ, ਉਸ ਸਿਰ ਦਾ ਫਿਰ ਕੀ ਕੀਤਾ ਜਾਵੇ? ਇੱਥੇ ਆਪ ਹੀ ਉਤਰ ਦਿੰਦਿਆਂ ਆਪਣੇ ਆਪ ਨੂੰ ਕਹਿੰਦੇ ਹਨ ਕਿ ਅਜਿਹੇ ਸਿਰ ਨੂੰ ਉਤਾਰ ਕੇ ਚੁੱਲ੍ਹੇ ਵਿਚ ਬਾਲਣ ਦੀ ਥਾਂ ਅੱਗ ਵਿਚ ਜਲਾ ਦੇਣਾ ਚਾਹੀਦਾ ਹੈ, ਭਾਵ ਹਉਮੈ ਦਾ ਭਰਿਆ ਇਹ ਸਿਰ, ਜੋ ਆਪਣੇ ਪਰਵਰਦਿਗਾਰ ਅੱਗੇ ਨਹੀਂ ਝੁਕਿਆ, ਸੁੱਕੀ ਲੱਕੜ ਵਾਂਗ ਆਕੜਿਆ ਹੋਇਆ ਹੈ, ਇਸ ਨੂੰ ਬਾਲਣ ਦੀ ਥਾਂ ਚੁੱਲ੍ਹੇ ਵਿਚ ਜਲਾ ਦੇਣਾ ਹੀ ਚੰਗਾ ਹੈ:
ਫਰੀਦਾ ਬੇਨਿਵਾਜਾ ਕੁਤਿਆ
ਏਹ ਨ ਭਲੀ ਰੀਤਿ॥
ਕਬਹੀ ਚਲਿ ਨ ਆਇਆ
ਪੰਜੇ ਵਖਤ ਮਸੀਤਿ॥70॥
ਉਠਿ ਫਰੀਦਾ ਉਜੂ ਸਾਜਿ
ਸੁਬਹ ਨਿਵਾਜ ਗੁਜਾਰਿ॥
ਜੋ ਸਿਰੁ ਸਾਂਈ ਨਾ ਨਿਵੈ
ਸੋ ਸਿਰੁ ਕਪਿ ਉਤਾਰਿ॥71॥
ਜੋ ਸਿਰੁ ਸਾਈ ਨਾ ਨਿਵੈ
ਸੋ ਸਿਰੁ ਕੀਜੈ ਕਾਂਇ॥
ਕੁੰਨੇ ਹੇਠਿ ਜਲਾਈਐ
ਬਾਲਣ ਸੰਦੈ ਭਾਹਿ॥ (ਪੰਨਾ 1381)
ਗੁਰੂ ਨਾਨਕ ‘ਵਾਰ ਮਾਝ ਕੀ’ ਵਿਚ ਪੰਜ ਵਕਤ ਦੀ ਨਮਾਜ਼ ਦਾ ਜ਼ਿਕਰ ਕਰਦਿਆਂ ਦੱਸਦੇ ਹਨ ਕਿ ਰੱਬ ਸੱਚੇ ਦੀ ਅਸਲੀ ਬੰਦਗੀ ਤਾਂ ਨੈਤਿਕ ਗੁਣ ਧਾਰਨ ਕਰਨ ਵਿਚ ਹੀ ਹੈ| ਨੈਤਿਕ ਗੁਣਾਂ ਤੋਂ ਬਿਨਾ ਕੋਈ ਬੰਦਗੀ, ਕੋਈ ਨਮਾਜ਼ ਸਾਰਥਕ ਨਹੀਂ ਭਾਵੇਂ ਮਨੁੱਖ ਧਾਰਮਿਕ ਹੋਣ ਦਾ ਜਿੰਨਾ ਮਰਜ਼ੀ ਦਿਖਾਵਾ ਕਰਦਾ ਰਹੇ| ਗੁਰੂ ਨਾਨਕ ਦੱਸਦੇ ਹਨ ਕਿ ਇਸਲਾਮ ਵਿਚ ਪੰਜ ਨਿਮਾਜ਼ਾਂ ਹਨ, ਜਿਨ੍ਹਾਂ ਦੇ ਪੰਜ ਵਕਤ ਤੇ ਪੰਜ ਨਾਮ ਮੁਕੱਰਰ ਹਨ| ਪਹਿਲੀ ਨਮਾਜ਼ ਇਹ ਹੈ ਕਿ ਮਨੁੱਖ ਆਪਣੇ ਅੰਦਰ ਸੱਚ ਨੂੰ ਵਸਾ ਕੇ ਰੱਖੇ (ਇਹ ਸੱਚ ਮਨੁੱਖ ਦੀ ਕਰਨੀ ਵਿਚੋਂ ਪਰਗਟ ਹੋਣਾ ਚਾਹੀਦਾ ਹੈ)| ਦੂਜੇ ਵਕਤ ਦੀ ਨਮਾਜ਼ ਇਹ ਹੈ ਕਿ ਮਨੁੱਖ ਮਿਹਨਤ ਕਰਕੇ ਹੱਕ ਦੀ ਕਮਾਈ ਖਾਵੇ, ਉਸ ਦੀ ਕਿਰਤ ਹੱਕ-ਸੱਚ ਦੀ ਹੋਵੇ। ਤੀਜੀ ਨਮਾਜ਼ ਹੈ, ਖੁਦਾ ਪਾਸੋਂ ਸਭ ਦੀ ਖੈਰ ਮੰਗਣੀ ਭਾਵ ਸਰਬੱਤ ਦਾ ਭਲਾ ਮੰਗਣਾ; ਚੌਥੀ, ਆਪਣੀ ਨੀਅਤ ਸਾਫ ਰੱਖਣਾ, ਮਨ ਨੂੰ ਹਰ ਤਰ੍ਹਾਂ ਦੇ ਵਿਕਾਰਾਂ ਦੀ ਮੈਲ ਤੋਂ ਸਾਫ ਰੱਖਣਾ ਅਤੇ ਪੰਜਵੀਂ ਨਮਾਜ਼ ਹੈ, ਰੱਬ ਦੀ ਸਿਫਤਿ-ਸਾਲਾਹ ਤੇ ਵਡਿਆਈ ਕਰਨੀ|
ਇਨ੍ਹਾਂ ਪੰਜ ਨਮਾਜ਼ਾਂ ਦੇ ਨਾਲ ਨਾਲ ਮਨੁੱਖ ਆਪਣੀ ਕਰਨੀ, ਆਪਣੇ ਆਚਰਣ ਨੂੰ ਉਚਾ ਬਣਾਵੇ ਅਤੇ ਇਹ ਹੈ, ਕਲਮਾ ਪੜ੍ਹਨਾ| ਇਸ ਕਿਸਮ ਦੀ ਰਹਿਣੀ-ਸਹਿਣੀ ਵਾਲਾ ਮਨੁੱਖ ਹੀ ਅਸਲੀ ਮੁਸਲਮਾਨ ਅਖਵਾਉਂਦਾ ਹੈ| ਗੁਰੂ ਨਾਨਕ ਕਹਿੰਦੇ ਹਨ ਕਿ ਇਸ ਕਿਸਮ ਦੇ ਗੁਣਾਂ ਤੋਂ ਬਿਨਾ ਤਾਂ ਫਿਰ ਮਨੁੱਖ ਧਾਰਮਿਕ ਹੋਣ ਦਾ ਦਿਖਾਵਾ ਕਰਦਾ ਹੈ ਅਤੇ ਧਰਮ ਕੂੜ ਦਾ ਵਪਾਰ ਬਣ ਜਾਂਦਾ ਹੈ ਜਿਸ ਦਾ ਨਤੀਜਾ ਵੀ ਕੂੜ ਵਿਚ ਵੀ ਨਿਕਲਦਾ ਹੈ| ਇਹ ਸਭ ਗੱਲਾਂ ਹਰ ਉਸ ਮਨੁੱਖ ‘ਤੇ ਲਾਗੂ ਹੁੰਦੀਆਂ ਹਨ ਜੋ ਆਪਣੇ ਆਪ ਨੂੰ ਧਾਰਮਿਕ ਕਹਾਉਂਦਾ ਹੈ ਭਾਵੇਂ ਉਹ ਕਿਸੇ ਵੀ ਧਰਮ ਨਾਲ ਸਬੰਧਤ ਹੋਵੇ:
ਪੰਜਿ ਨਿਵਾਜਾ ਵਖਤ ਪੰਜਿ
ਪੰਜਾ ਪੰਜੇ ਨਾਉ॥
ਪਹਿਲਾ ਸਚੁ ਹਲਾਲ ਦੁਇ
ਤੀਜਾ ਖੈਰ ਖੁਦਾਇ॥
ਚਉਥੀ ਨੀਅਤਿ ਰਾਸਿ ਮਨੁ
ਪੰਜਵੀ ਸਿਫਤਿ ਸਨਾਇ॥
ਕਰਣੀ ਕਲਮਾ ਆਖਿ ਕੈ
ਤਾ ਮੁਸਲਮਾਣੁ ਸਦਾਇ॥
ਨਾਨਕ ਜੇਤੇ ਕੂੜਿਆਰ
ਕੂੜੈ ਕੂੜੀ ਪਾਇ॥3॥ (ਪੰਨਾ 141)
ਮਨੁੱਖ ਦੇ ਜਿਨ੍ਹਾਂ ਮੌਲਿਕ ਅਧਿਕਾਰਾਂ ਦੀ ਆਮ ਗੱਲ ਕੀਤੀ ਜਾਂਦੀ ਹੈ, ਉਨ੍ਹਾਂ ਵਿਚ ਇੱਕ ਇਹ ਆਉਂਦਾ ਹੈ ਕਿ ਇੱਕ ਆਜ਼ਾਦ ਮੁਲਕ ਵਿਚ ਹਰ ਮਨੁੱਖ ਨੂੰ ਆਪਣੇ ਧਰਮ ਅਨੁਸਾਰ ਆਪਣੇ ਇਸ਼ਟ ਦੀ ਇਬਾਦਤ ਕਰਨ ਦਾ ਪੂਰਾ ਪੂਰਾ ਹੱਕ ਹੈ| ਇਸੇ ਮੌਲਿਕ ਹੱਕ ਦੀ ਰਾਖੀ ਕਰਦਿਆਂ ਨੌਵੇਂ ਗੁਰੂ ਤੇਗ ਬਹਾਦਰ ਸਾਹਿਬ ਨੇ ਔਰੰਗਜੇ.ਬ ਵੱਲੋਂ ਲੋਕਾਂ ਦਾ ਇਹ ਹੱਕ ਖੋਹ ਲੈਣ ਦੇ ਜ਼ੁਲਮ ਦੇ ਖਿਲਾਫ ਦਿੱਲੀ ਜਾ ਕੇ ਸ਼ਹਾਦਤ ਦਿੱਤੀ ਸੀ, ਤੇ ਇਸੇ ਕਾਰਨ ਉਨ੍ਹਾਂ ਨੂੰ ‘ਹਿੰਦ ਦੀ ਚਾਦਰ’ ਕਹਿ ਕੇ ਯਾਦ ਕੀਤਾ ਜਾਂਦਾ ਹੈ|
ਸੰਨ 1947 ਵਿਚ ਆਜ਼ਾਦੀ ਪਿਛੋਂ ਆਜ਼ਾਦ ਭਾਰਤ ਦਾ ਸੰਵਿਧਾਨ ਦੋ ਕੁ ਸਾਲ ਖਰਚ ਕਰਕੇ ਤਿਆਰ ਕੀਤਾ ਗਿਆ। ਸੰਵਿਧਾਨ ਤਿਆਰ ਕਰਨ ਵਿਚ ਡਾ. ਅੰਬੇਦਕਰ ਨੇ ਵੱਡਾ ਯੋਗਦਾਨ ਪਾਇਆ| ਇਸ ਸੰਵਿਧਾਨ ਵਿਚ ਕੁਝ ਮੌਲਿਕ ਹੱਕ ਉਲੀਕੇ ਗਏ ਜਿਨ੍ਹਾਂ ਦੀ ਵਿਆਖਿਆ ਇਸ ਤਰ੍ਹਾਂ ਕੀਤੀ ਮਿਲਦੀ ਹੈ ਕਿ ਮੌਲਿਕ ਹੱਕ, ਰਾਜ ਦੀ ਨੀਤੀ ਦੇ ਸਿਧਾਂਤਾਂ ਦਾ ਨਿਰਦੇਸ਼ ਅਤੇ ਮੌਲਿਕ ਫਰਜ਼ ਭਾਰਤ ਦੇ ਸੰਵਿਧਾਨ ਦਾ ਹਿੱਸਾ ਹਨ, ਜੋ ਰਾਜ ਦੇ ਆਪਣੇ ਸ਼ਹਿਰੀਆਂ ਵੱਲ ਇਕਰਾਰਨਾਮਾ ਹੈ ਅਤੇ ਸ਼ਹਿਰੀਆਂ ਦੇ ਹੱਕਾਂ ਅਤੇ ਮੁਲਕ ਪ੍ਰਤੀ ਫਰਜ਼ ਹਨ| ਇਸ ਸੈਕਸ਼ਨ ਵਿਚ ਸਰਕਾਰ ਵੱਲੋਂ ਨੀਤੀਆਂ ਘੜਨ ਵਿਚ ਹੱਕਾਂ ਦਾ ਬਿੱਲ ਅਤੇ ਸ਼ਹਿਰੀਆਂ ਦਾ ਵਰਤਾਉ ਤੇ ਅਚਾਰ-ਵਿਹਾਰ ਸ਼ਾਮਲ ਹੈ| ਇਨ੍ਹਾਂ ਸੈਕਸ਼ਨਾਂ ਨੂੰ ਸੰਵਿਧਾਨ ਦੇ ਮੂਲ ਤੱਤ ਮੰਨਿਆ ਗਿਆ ਹੈ, ਜਿਨ੍ਹਾਂ ਦਾ ਵਿਕਾਸ 1947 ਤੋਂ ਲੈ ਕੇ 1949 ਤੱਕ ਭਾਰਤ ਦੇ ਸੰਵਿਧਾਨ ਰਾਹੀਂ ਕੀਤਾ ਗਿਆ|
ਮੌਲਿਕ ਹੱਕਾਂ ਦੀ ਪਰਿਭਾਸ਼ਾ ਸਾਰੇ ਸ਼ਹਿਰੀਆਂ ਦੇ ਮੂਲ ਹੱਕਾਂ ਦੇ ਤੌਰ ‘ਤੇ ਕੀਤੀ ਜਾਂਦੀ ਹੈ| ਇਹ ਹੱਕ ਤੇ ਇਨ੍ਹਾਂ ਦੀ ਪਰਿਭਾਸ਼ਾ ਸੰਵਿਧਾਨ ਦੇ ਤੀਜੇ ਹਿੱਸੇ ਵਿਚ ਕੀਤੀ ਗਈ ਹੈ ਜੋ ਬਿਨਾ ਨਸਲ, ਜਨਮ ਦੀ ਥਾਂ, ਧਰਮ, ਜਾਤ, ਫਿਰਕਾ ਜਾਂ ਲਿੰਗ ਆਦਿ ਦੇ ਪੱਖਪਾਤ ਤੋਂ ਲਾਗੂ ਹੁੰਦੇ ਹਨ| ਇਹ ਖਾਸ ਬੰਦਿਸ਼ਾਂ ਸਮੇਤ ਕਾਨੂੰਨ ਵਜੋਂ ਅਮਲ ਵਿਚ ਲਿਆਏ ਜਾਂਦੇ ਹਨ| ਰਾਜ ਦੀ ਨੀਤੀ ਦੇ ਸਿਧਾਂਤਾਂ ਦਾ ਨਿਰਦੇਸ਼ ਉਹ ਅਸੂਲ ਹਨ ਜਿਨ੍ਹਾਂ ਦੀ ਅਗਵਾਈ ਵਿਚ ਸਰਕਾਰ ਨੇ ਕਾਨੂੰਨ ਬਣਾਉਣੇ ਹਨ| ਇਹ ਸ਼ਰਤਾਂ, ਜੋ ਸੰਵਿਧਾਨ ਦੇ ਚੌਥੇ ਭਾਗ ਵਿਚ ਰੱਖੀਆਂ ਗਈਆਂ ਹਨ, ਕੋਰਟਾਂ ਰਾਹੀਂ ਲਾਗੂ ਕਰਨਯੋਗ ਨਹੀਂ ਹਨ, ਪ੍ਰੰਤੂ ਸਿਧਾਂਤ ਜਿਨ੍ਹਾਂ ‘ਤੇ ਇਹ ਆਧਾਰਤ ਹਨ, ਸ਼ਾਸਨ ਲਈ ਮੂਲ ਦਿਸ਼ਾ-ਨਿਰਦੇਸ਼ ਹਨ ਜੋ ਸਰਕਾਰ ਨੂੰ ਕਾਨੂੰਨ ਬਣਾਉਣ ਅਤੇ ਪਾਸ ਕਰਨ ਵੇਲੇ ਲਾਗੂ ਕਰਨੇ ਚਾਹੀਦੇ ਹਨ|
ਮੌਲਿਕ ਹੱਕਾਂ ਦੀ ਵਿਆਖਿਆ ਇਸ ਤਰ੍ਹਾ ਕੀਤੀ ਮਿਲਦੀ ਹੈ: 2.1 ਬਰਾਬਰੀ ਦਾ ਹੱਕ; 2.2 ਆਜ਼ਾਦੀ ਦਾ ਹੱਕ; 2.3 ਸੋਸ਼ਣ ਦੇ ਵਿਰੁਧ ਹੱਕ; 2.4 ਧਰਮ ਦੀ ਆਜ਼ਾਦੀ ਦਾ ਹੱਕ; 2.5 ਸਭਿਆਚਾਰਕ ਅਤੇ ਵਿੱਦਿਆ ਦੇ ਹੱਕ; 2.6 ਸੰਵਿਧਾਨਕ ਉਪਚਾਰਾਂ ਦਾ ਹੱਕ| ਮੂਲ ਹੱਕ, ਜੋ ਭਾਰਤੀ ਸੰਵਿਧਾਨ ਦੇ ਭਾਗ ਤਿੰਨ ਵਿਚ ਦਿੱਤੇ ਹੋਏ ਹਨ, ਸਾਰੇ ਭਾਰਤੀਆਂ ਦੇ ਸ਼ਹਿਰੀ ਹੱਕਾਂ ਦੀ ਗਾਰੰਟੀ ਦਿੰਦੇ ਹਨ ਅਤੇ ਸਟੇਟ ਨੂੰ ਸ਼ਖਸੀ ਆਜ਼ਾਦੀ ‘ਤੇ ਦਬਾਉ ਪਾਉਣ ਤੋਂ ਰੋਕਦੇ ਹਨ, ਨਾਲ ਹੀ ਸਟੇਟ ‘ਤੇ ਜਿੰਮੇਵਾਰੀ ਪਾਉਂਦੇ ਹਨ ਕਿ ਸਮਾਜ ਵੱਲੋਂ ਇਨ੍ਹਾਂ ਹੱਕਾਂ ‘ਤੇ ਹਮਲੇ ਤੋਂ ਸ਼ਹਿਰੀਆਂ ਦੇ ਹੱਕਾਂ ਦੀ ਰੱਖਿਆ ਕਰੇ|
ਬੇਸ਼ੱਕ 1978 ਦੀ 44ਵੀਂ ਸੋਧ ਦੁਆਰਾ ਜਾਇਦਾਦ ਦੇ ਹੱਕ ਨੂੰ ਸੰਵਿਧਾਨ ਦੇ ਤੀਜੇ ਭਾਗ ਵਿਚੋਂ ਹਟਾ ਦਿੱਤਾ ਗਿਆ ਹੈ, ਪਰ ਮੌਲਿਕ ਹੱਕਾਂ ਦਾ ਉਦੇਸ਼ ਸਮਾਜ ਦੇ ਸਾਰੇ ਮੈਂਬਰਾਂ ਦੇ ਬਰਾਬਰੀ ‘ਤੇ ਆਧਾਰਤ ਸ਼ਖਸੀ ਆਜ਼ਾਦੀ ਅਤੇ ਲੋਕਰਾਜੀ ਸਿਧਾਂਤਾਂ ਦੀ ਸੁਰੱਖਿਆ ਮੁਹੱਈਆ ਕਰਾਉਣਾ ਹੈ| ਡਾ. ਅੰਬੇਦਕਰ ਅਨੁਸਾਰ ਵਿਧਾਨ ਮੰਡਲ ਦੀ ਜਿੰਮੇਵਾਰੀ ਕੇਵਲ ਮੌਲਿਕ ਹੱਕ ਮੁਹੱਈਆ ਕਰਵਾਉਣਾ ਹੀ ਨਹੀਂ ਬਲਕਿ ਵੱਧ ਅਹਿਮ ਉਨ੍ਹਾਂ ਦੀ ਸੁਰੱਖਿਆ ਕਰਨਾ ਹੈ| ਆਰਟੀਕਲ 13 ਤਹਿਤ ਉਹ ਵਿਧਾਨ ਮੰਡਲ ਅਤੇ ਕਾਰਜਕਰਨੀ ਦੀਆਂ ਤਾਕਤਾਂ ਤੇ ਬੰਦਿਸ਼ ਦਾ ਕੰਮ ਕਰਦੇ ਹਨ ਅਤੇ ਇਨ੍ਹਾਂ ਹੱਕਾਂ ਦੀ ਕਿਸੇ ਵੀ ਤਰ੍ਹਾਂ ਦੀ ਉਲੰਘਣਾ ਦੇ ਮਾਮਲੇ ਵਿਚ ਭਾਰਤ ਦੀ ਸਰਬਉਚ ਅਦਾਲਤ ਤੇ ਸੂਬਿਆਂ ਦੀਆਂ ਉਚ ਅਦਾਲਤਾਂ ਕੋਲ ਅਜਿਹੇ ਵਿਧਾਨ ਮੰਡਲ ਜਾਂ ਕਾਰਜਕਰਨੀ ਦੇ ਅਮਲ ਨੂੰ ਗੈਰ-ਸੰਵਿਧਾਨਕ ਤੇ ਨਿਰਾਰਥਕ ਐਲਾਨਣ ਦੀਆਂ ਸ਼ਕਤੀਆਂ ਹਨ|
ਹਰਿਆਣਾ ਵਿਚ ਵਾਪਰੀ ਸੱਜਰੀ ਘਟਨਾ ਦੀ ਰੌਸ਼ਨੀ ਵਿਚ ਇੱਥੇ ਸਾਡਾ ਮੁੱਖ ਸਰੋਕਾਰ ਧਰਮ ਦੀ ਆਜ਼ਾਦੀ ਦਾ ਹੱਕ ਹੈ| ਧਰਮ ਦੀ ਆਜ਼ਾਦੀ ਦਾ ਹੱਕ, ਜੋ ਆਰਟੀਕਲ 25-28 ਵਿਚ ਕਵਰ ਹੁੰਦਾ ਹੈ, ਭਾਰਤ ਵਿਚ ਸਾਰੇ ਸ਼ਹਿਰੀਆਂ ਨੂੰ ਧਾਰਮਿਕ ਆਜ਼ਾਦੀ ਦਿੰਦਾ ਹੈ ਅਤੇ ਧਰਮ-ਨਿਰਪੱਖਤਾ ਨੂੰ ਸੁਨਿਸ਼ਚਿਤ ਕਰਦਾ ਹੈ| ਸੰਵਿਧਾਨ ਮੁਤਾਬਕ ਸਟੇਟ ਦਾ ਕੋਈ ਸਰਕਾਰੀ ਧਰਮ ਨਹੀਂ ਹੈ, ਤੇ ਸਟੇਟ ਦਾ ਫਰਜ਼ ਹੈ ਕਿ ਸਾਰੇ ਧਰਮਾਂ ਨਾਲ ਨਿਰਪੱਖ ਅਤੇ ਇਕਸਾਰ ਵਰਤਾਉ ਕਰੇ| ਆਰਟੀਕਲ 25 ਸਭ ਨੂੰ ਜ਼ਮੀਰ ਦੀ ਆਜ਼ਾਦੀ ਅਤੇ ਆਪਣੀ ਚੋਣ ਦੇ ਕਿਸੇ ਵੀ ਧਰਮ ਦਾ ਪ੍ਰਚਾਰ ਕਰਨ, ਅਭਿਆਸ ਕਰਨ ਤੇ ਫੈਲਾਉਣ ਦੀ ਆਜ਼ਾਦੀ ਦਿੰਦਾ ਹੈ| ਇਹ ਹੱਕ ਪ੍ਰੰਤੂ ਸਰਵਜਨਿਕ ਵਿਵਸਥਾ, ਨੈਤਿਕਤਾ ਤੇ ਸਿਹਤ ਅਤੇ ਸਟੇਟ ਦੀ ਸ਼ਕਤੀ ਅਧੀਨ ਹੈ, ਤਾਂਕਿ ਸਮਾਜਕ ਭਲਾਈ ਤੇ ਸੁਧਾਰ ਲਈ ਕਦਮ ਚੁਕੇ ਜਾਣ| ਪਸਾਰ ਦਾ ਹੱਕ ਬੇਸ਼ੱਕ ਕਿਸੇ ਦੂਜੇ ਵਿਅਕਤੀ ਦਾ ਧਰਮ ਬਦਲਣ ਦਾ ਹੱਕ ਨਹੀਂ ਦਿੰਦਾ, ਕਿਉਂਕਿ ਇਹ ਦੂਜੇ ਦੀ ਜ਼ਮੀਰ ਦੀ ਆਜ਼ਾਦੀ ਦੇ ਹੱਕ ਦੀ ਉਲੰਘਣਾ ਹੈ|
ਆਰਟੀਕਲ 26 ਜਨਤਕ ਵਿਵਸਥਾ, ਨੈਤਿਕਤਾ ਅਤੇ ਸਿਹਤ ਅਧੀਨ ਇਹ ਗਾਰੰਟੀ ਦਿੰਦਾ ਹੈ ਕਿ ਸਭ ਧਾਰਮਿਕ ਸੰਪਰਦਾਵਾਂ, ਫਿਰਕੇ ਕਾਨੂੰਨ ਅਨੁਸਾਰ ਆਪਣੇ ਧਾਰਮਿਕ ਮਾਮਲਿਆਂ ਦਾ ਪ੍ਰਬੰਧ ਕਰਨ, ਚੈਰੀਟੇਬਲ ਜਾਂ ਧਾਰਮਿਕ ਉਦੇਸ਼ਾਂ ਲਈ ਆਪਣੀਆਂ ਸੰਸਥਾਵਾਂ ਸਥਾਪਤ ਕਰਨ ਲਈ ਸੰਪਤੀ ਲੈਣ, ਸੰਪਤੀ ਦਾ ਪ੍ਰਬੰਧ ਕਰਨ| ਇਹ ਵਿਵਸਥਾਵਾਂ ਕਿਸੇ ਧਾਰਮਿਕ ਸੰਪਰਦਾ ਦੀ ਜਾਇਦਾਦ ਲੈਣ ਤੋਂ ਸਟੇਟ ਦੀਆਂ ਸ਼ਕਤੀਆਂ ਨੂੰ ਘਟਾਉਂਦੀਆਂ ਨਹੀਂ| ਸਟੇਟ ਨੂੰ ਇਹ ਸ਼ਕਤੀ ਦਿੱਤੀ ਗਈ ਹੈ ਕਿ ਉਹ ਸਟੇਟ ਪਾਸੋਂ ਮਦਦ ਲੈਣ ਵਾਲੀ ਕਿਸੇ ਵੀ ਆਰਥਕ, ਸਿਆਸੀ ਜਾਂ ਹੋਰ ਸੰਸਥਾ, ਜਾਂ ਵਿੱਦਿਅਕ ਸੰਸਥਾ ਨੂੰ ਵੀ ਨਿਯਮਤ ਕਰੇ, ਆਪਣੇ ਮੈਂਬਰਾਂ ਵਿਚੋਂ ਕਿਸੇ ਨੂੰ ਧਾਰਮਿਕ ਹਦਾਇਤਾਂ ਲੈਣ ਜਾਂ ਧਾਰਮਿਕ ਪੂਜਾ ਵਿਚ ਸ਼ਾਮਲ ਹੋਣ ਲਈ ਉਸ ਦੀ ਜਾਂ ਉਸ ਦੇ ਸਰਪ੍ਰਸਤ ਦੀ ਸਹਿਮਤੀ ਤੋਂ ਬਿਨਾ ਮਜ਼ਬੂਰ ਨਾ ਕਰੇ|
ਖਬਰਾਂ ਮੁਤਾਬਕ “ਹਰਿਆਣਾ ਦੇ ਗੁਰੂ ਗ੍ਰਾਮ ਅਤੇ ਇਸ ਦੇ ਆਸ ਪਾਸ ਦੇ ਇਲਾਕਿਆਂ ਵਿਚ ਮੁਸਲਮਾਨਾਂ ਦੀ ਨਮਾਜ਼ ਅਦਾਇਗੀ ਵਿਚ ਵਿਘਨ ਪਾਇਆ ਗਿਆ ਜਿਸ ਨਾਲ ਇੱਕ ਹੋਰ ਵਿਵਾਦ ਖੜ੍ਹਾ ਹੋ ਗਿਆ ਹੈ| ਇਸ ਤੋਂ ਵੀ ਵੱਡੀ ਨਮੋਸ਼ੀ ਵਾਲੀ ਗੱਲ ਇਹ ਹੈ ਕਿ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਵੀ ਖਰੂਦੀਆਂ ਦੇ ਹੱਕ ਵਿਚ ਖੜ੍ਹ ਗਏ ਤੇ ਸਲਾਹ ਦੇ ਦਿੱਤੀ ਕਿ ਨਮਾਜ਼ ਮਸਜਿਦਾਂ ਜਾਂ ਈਦਗਾਹਾਂ ਅੰਦਰ ਹੀ ਅਦਾ ਕੀਤੀ ਜਾਵੇ| ਮੁੱਖ ਮੰਤਰੀ ਦੀ ਹੱਲਾਸ਼ੇਰੀ ਕਾਰਨ ਅਜਿਹੀਆਂ ਹਰਕਤਾਂ ਕਰਨ ਵਾਲੀਆਂ ਕੁਝ ਹਿੰਦੂ ਜਥੇਬੰਦੀਆਂ ਹੋਰ ਜ਼ੋਰ-ਸ਼ੋਰ ਨਾਲ ਅਜਿਹੇ ਵਿਰੋਧ ਕਰਨ ਦੇ ਹੱਕ ਵਿਚ ਨਿੱਤਰ ਆਈਆਂ ਹਨ| ਦੱਸ ਦੇਈਏ, ਕੁਝ ਦਿਨ ਪਹਿਲਾਂ ਕੁਝ ਨੌਜਵਾਨਾਂ ਨੇ ਨਾਅਰੇਬਾਜ਼ੀ ਕਰਕੇ ਨਮਾਜ਼ ਵਿਚ ਵਿਘਨ ਪਾਇਆ ਸੀ|…ਇਸ ਘਟਨਾ ਤੋਂ ਬਾਅਦ ਵੱਖ ਵੱਖ ਹਿੰਦੂ ਜਥੇਬੰਦੀਆਂ ਵੱਲੋਂ ਮੁਸਲਮਾਨਾਂ ਨੂੰ ਖੁਲ੍ਹੀਆਂ ਥਾਂਵਾਂ ਉਤੇ ਨਮਾਜ਼ ਅਦਾ ਕਰਨ ਤੋਂ ਰੋਕਿਆ ਜਾ ਰਿਹਾ ਹੈ|”
ਕਿੰਨੇ ਅਫਸੋਸ ਅਤੇ ਨਮੋਸ਼ੀ ਵਾਲੀ ਗੱਲ ਹੈ ਕਿ ਮਨੋਹਰ ਲਾਲ ਖੱਟਰ, ਜਿਸ ਨੇ ਮੁੱਖ ਮੰਤਰੀ ਬਣਨ ਵੇਲੇ ਭਾਰਤੀ ਸੰਵਿਧਾਨ ਦੀ ਸਹੁੰ ਚੁੱਕੀ ਹੈ, ਉਹ ਨਾ ਸਿਰਫ ਇਨ੍ਹਾਂ ਹਿੰਦੂ ਨੌਜਵਾਨਾਂ ਨੂੰ ਭਾਰਤੀ ਸੰਵਿਧਾਨ ਦੀ ਉਲੰਘਣਾ ਕਰਨ ਦੀ ਹੱਲਾਸ਼ੇਰੀ ਦੇ ਰਿਹਾ ਹੈ, ਬਲਕਿ ਸੰਵਿਧਾਨ ਦੀਆਂ ਆਪ ਹੀ ਬਾਖੂਬੀ ਧੱਜੀਆਂ ਉਡਾ ਰਿਹਾ ਹੈ| ਉਪਰ ਦਿੱਤੀ ਮੌਲਿਕ ਹੱਕਾਂ ਦੀ ਵਿਆਖਿਆ ਅਨੁਸਾਰ ਭਾਰਤ ਦੇ ਹਰ ਸ਼ਹਿਰੀ ਦਾ ਇਹ ਹੱਕ ਬਣਦਾ ਹੈ ਕਿ ਉਹ ਆਪਣੇ ਧਰਮ ਅਨੁਸਾਰ ਆਪਣੇ ਇਸ਼ਟ ਦੀ ਇਬਾਦਤ ਕਰ ਸਕਦਾ ਹੈ, ਉਸ ਦਾ ਪ੍ਰਚਾਰ ਤੇ ਪਸਾਰ ਕਰ ਸਕਦਾ ਹੈ; ਇਹ ਉਸ ਦਾ ਮੌਲਿਕ ਹੱਕ ਹੈ| ਸਟੇਟ ਦਾ ਇਹ ਪਹਿਲਾ ਫਰਜ਼ ਹੈ ਕਿ ਉਹ ਹਰ ਸ਼ਹਿਰੀ ਨੂੰ ਉਸ ਦਾ ਮੌਲਿਕ ਹੱਕ ਮੁਹੱਈਆ ਕਰਾਵੇ ਅਤੇ ਉਸ ਦੀ ਸੁਰੱਖਿਆ ਹਰ ਤਰ੍ਹਾਂ ਨਾਲ ਯਕੀਨੀ ਬਣਾਵੇ|
ਹਿੰਦੂ ਸੰਗਠਨ ਧਰਮ ਦੀ ਆੜ ਵਿਚ ਨਿੱਤ ਨਵੇਂ ਖਲਜਗਣ ਸਹੇੜਦੇ, ਜਨਤਕ ਸ਼ਾਂਤੀ ਭੰਗ ਕਰਦੇ ਤੇ ਲੋਕਾਂ ਦੇ ਮਨਾਂ ਨੂੰ ਠੇਸ ਪਹੁੰਚਾਉਂਦੇ ਹਨ, ਜਾਨ-ਮਾਲ ‘ਤੇ ਵੀ ਕਦੀ ਗਊ ਦੇ ਬਹਾਨੇ ਤੇ ਕਦੀ ਕਿਸੇ ਹੋਰ ਬਹਾਨੇ ਹਮਲੇ ਕਰਦੇ ਹਨ| ਕਦੇ ਕਿਸੇ ਹਿੰਦੂ ਸੰਗਠਨ ‘ਤੇ ਵੀ ਇਸ ਕਿਸਮ ਦੀ ਪਾਬੰਦੀ ਲੱਗੀ ਹੈ?
ਮਨੋਹਰ ਲਾਲ ਖੱਟਰ ਦੇ ਨੱਕ ਹੇਠਾਂ ਸੌਦਾ ਸਾਧ ਦੇ ਡੇਰੇ ਵਿਚ ਸਾਧਵੀਆਂ ਦੇ ਬਲਾਤਕਾਰ ਹੁੰਦੇ ਰਹੇ, ਆਪਰੇਸ਼ਨ ਕਰਕੇ ਲੋਕਾਂ ਨੂੰ ਨਪੁੰਸਕ ਬਣਾਇਆ ਜਾਂਦਾ ਰਿਹਾ ਪਰ ਖੱਟਰ ਨੂੰ ਉਥੇ ਕੋਈ ਵੀ ਬੁਰਾਈ ਕਿਉਂ ਨਜ਼ਰ ਨਹੀਂ ਆਈ? ‘ਸੰਤ’ ਰਾਮ ਪਾਲ ਵੀ ਹਰਿਆਣਾ ਵਿਚ ਹੀ ਸਭ ਗੈਰ-ਕਾਨੂੰਨੀ, ਗੈਰ-ਸਮਾਜਕ ਕੰਮ ਕਰਦਾ ਰਿਹਾ ਹੈ| ਸ਼ਾਂਤੀ ਨਾਲ ਰੱਬ ਦੀ ਇਬਾਦਤ ਕਰ ਰਹੇ ਮੁਸਲਮਾਨਾਂ ਦੇ ਇਕੱਠ ਵਿਚ ਉਸ ਨੂੰ ਖੋਟ ਨਜ਼ਰ ਆਇਆ ਹੈ, ਕਿਉਂ? ਜੇ ਮਨੋਹਰ ਲਾਲ ਖੱਟਰ ਉਸ ਸੰਵਿਧਾਨ ਤਹਿਤ ਹਰ ਸ਼ਹਿਰੀ ਦੇ ਮੌਲਿਕ ਹੱਕਾਂ ਦੀ ਰੱਖਿਆ ਨਹੀਂ ਕਰ ਸਕਦਾ, ਜੇ ਉਹ ਸਰਕਾਰ ਧਰਮ-ਨਿਰਪੱਖਤਾ ਵਾਲਾ ਫਰਜ਼ ਨਹੀਂ ਨਿਭਾ ਸਕਦਾ ਤਾਂ ਉਸ ਨੂੰ ਸੰਵਿਧਾਨ ਅਨੁਸਾਰ ਮੁੱਖ ਮੰਤਰੀ ਬਣੇ ਰਹਿਣ ਦਾ ਕੋਈ ਹੱਕ ਨਹੀਂ ਹੈ|
ਪਿਛਲੇ ਇੱਕ ਲੇਖ ਵਿਚ ਮਹਾਂਭਾਰਤ ਦਾ ਜ਼ਿਕਰ ਕੀਤਾ ਗਿਆ ਸੀ ਜਿਸ ਵਿਚ ਭੀਸ਼ਮ ਪਿਤਾਮਾ ਕਹਿ ਰਿਹਾ ਹੈ ਕਿ ਬਾਂਸ ਦੇ ਬ੍ਰਿਛ ਨੇ ਜਦੋਂ ਖਤਮ ਹੋਣਾ ਹੁੰਦਾ ਹੈ ਤਾਂ ਉਸ ਨੂੰ ਫੁੱਲ ਨਿਕਲ ਆਉਂਦੇ ਹਨ ਅਤੇ ਦੁਰਯੋਧਨ ਕੌਰਵਾਂ ਦਾ ਬਾਂਸ ਦਾ ਬ੍ਰਿਛ ਹੈ, ਕੌਰਵਾਂ ਦੀ ਤਬਾਹੀ ਦਾ ਕਾਰਨ ਬਣੇਗਾ| ਕਿਧਰੇ ਇਹ ਨਾ ਹੋਵੇ ਕਿ ਹਿੰਦੂਤਵੀ ਤੱਤਾਂ ਨੂੰ ਏਨੀ ਸ਼ਹਿ ਦੇ ਕੇ ਖੱਟਰ ਵਰਗੇ ਮੁੱਖ ਮੰਤਰੀ ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਂਦੇ ਬਣਾਉਂਦੇ ਉਸ ਨੂੰ ਤੋੜ ਹੀ ਲੈਣ| ਜਿੰਮੇਵਾਰੀ ਘੱਟ-ਗਿਣਤੀ ਭਾਈਚਾਰਿਆਂ ‘ਤੇ ਨਹੀਂ, ਬਹੁ-ਗਿਣਤੀ ਭਾਈਚਾਰੇ ਅਤੇ ਮਨੋਹਰ ਲਾਲ ਖੱਟਰ ਵਰਗਿਆਂ ਦੇ ਮੋਢਿਆਂ ‘ਤੇ ਆਵੇਗੀ| ਇਤਿਹਾਸ ਫਿਰ ਸੰਵਿਧਾਨ ਦੀ ਝੂਠੀ ਸਹੁੰ ਚੁੱਕਣ ਵਾਲਿਆਂ ਨੂੰ ਮੁਆਫ ਨਹੀਂ ਕਰੇਗਾ!