ਅਸਲੀ ਦਾਰਾ ਕਿਹੜਾ?

ਬਲਜੀਤ ਬਾਸੀ
ਪਿਛਲੇ ਦਿਨੀਂ ਸੋਸ਼ਲ ਮੀਡੀਆ ‘ਤੇ ਪੰਜਾਬ ਦੇ ਦੋ ਮਸ਼ਹੂਰ ਭਲਵਾਨਾਂ ਦੀਆਂ ਤਸਵੀਰਾਂ ਸਹਿਤ ਇਹ ਪ੍ਰਸ਼ਨ ਵਾਇਰਲ ਹੋ ਗਿਆ ਕਿ ਅਸਲੀ ਦਾਰਾ ਕਿਹੜਾ ਹੈ? ਦੋ ਫੋਟੋਆਂ ਵਿਚੋਂ ਇੱਕ ਸੀ, ਵੱਡੇ ਦਾਰੇ ਦੀ ਜਿਸ ਦਾ ਜਮਾਂਦਰੂ ਨਾਂ ਹੀ ਦਾਰਾ ਸਿੰਘ ਸੀ ਅਤੇ ਦੂਜੀ ਸੀ, ਦੀਦਾਰ ਸਿੰਘ ਦੇ ਨਾਂ ਵਾਲੇ ਛੋਟੇ ਦਾਰੇ ਦੀ, ਜਿਸ ਨੂੰ ਘਰ ਵਾਲੇ ਛੋਟੇ ਹੁੰਦੇ ਦਾਰੀ ਬੁਲਾਇਆ ਕਰਦੇ ਸਨ ਤੇ ਜਿਸ ਨੇ ਵੱਡੇ ਹੋ ਕੇ ਆਪਣਾ ਨਾਂ ਦਾਰਾ ਸਿੰਘ ਹੀ ਰੱਖ ਲਿਆ। ਸਾਡੇ ਪਿੰਡ ਇੱਕ ਦੀਦਾਰ ਸਿੰਘ ਨਾਂ ਦੇ ਬੰਦੇ ਨੂੰ ਲੋਕ ਦਾਰ ਸਿੰਘ ਹੀ ਸੱਦਦੇ ਸਨ।
ਜਿਵੇਂ ਹਰ ਸ਼ਬਦ ਬਹੁਅਰਥੀ ਹੁੰਦਾ ਹੈ,

ਇਸੇ ਤਰ੍ਹਾਂ ਕੋਈ ਨਾਂ ਵੀ ਇਕ ਤੋਂ ਵੱਧ ਵਿਅਕਤੀਆਂ ਦਾ ਸੂਚਕ ਹੋ ਸਕਦਾ ਹੈ। ਕਿਸੇ ਸਭਿਆਚਾਰ ਵਿਚ ਕਾਲਕ ਅਤੇ ਸਥਾਨਕ ਪੱਖ ਤੋਂ ਵਿਅਕਤੀ ਨਾਂ ਉਨੇ ਉਪਲਭਦ ਨਹੀਂ ਹੋ ਸਕਦੇ ਜਿੰਨੇ ਵਿਅਕਤੀ ਹੋ ਸਕਦੇ ਹਨ। ਸੋ ਨਾਂਵਾਂ ਦੀ ਦੁਹਰਾਈ ਲਾਜ਼ਮੀ ਹੈ। ਭੰਬਲਭੂਸੇ ਤੋਂ ਬਚਣ ਲਈ ਹਰ ਸਭਿਆਚਾਰ ਨੇ ਆਪੋ ਆਪਣੇ ਢੰਗ ਲੱਭੇ ਹਨ। ਸਕੂਲ ਵਿਚ ਸਾਡਾ ਇਕ ਅਧਿਆਪਕ ਕਹਿੰਦਾ ਹੁੰਦਾ ਸੀ ਕਿ ਰੋਲ ਨੰਬਰ ਦਾ ਰਿਵਾਜ ਦੂਹਰੇ ਤੀਹਰੇ ਨਾਂਵਾਂ ਤੋਂ ਬਚਣ ਲਈ ਪ੍ਰਚਲਿਤ ਹੋਇਆ ਹੈ। ਕਈ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਰੋਲ ਨੰਬਰ ਤੋਂ ਹੀ ਬੁਲਾਇਆ ਜਾਂਦਾ ਸੀ।
ਅੰਗਰੇਜ਼ਾਂ ਵਿਚ ਸਰਨਾਵੀਏਂ ਹੋਣ ਦੀ ਸਮੱਸਿਆ ਦਾ ਇਕ ਹੱਲ ਵੱਡੀ ਉਮਰ ਵਾਲੇ ਦੇ ਨਾਂ ਅੱਗੇ ਸੀਨੀਅਰ ਅਤੇ ਛੋਟੇ ਦੇ ਨਾਂ ਅੱਗੇ ਜੂਨੀਅਰ ਲਾ ਕੇ ਕੀਤਾ ਜਾਂਦਾ ਹੈ। ਵੱਡਾ ਬਾਦਲ ਅਤੇ ਛੋਟਾ ਬਾਦਲ ਵਿਚ ਫਰਕ ਪਿਉ-ਪੁੱਤ ਹਨ। ਉਂਜ ਅਸੀਂ ਨਾਂ ਨਾਲ ਅਕਸਰ ਉਸ ਦੇ ਗੋਤ ਜਾਂ ਪਿੰਡ ਆਦਿ ਦਾ ਨਾਂ ਜੋੜ ਦਿੰਦੇ ਹਾਂ। ਇਹ ਮਸਲਾ ਆਮ ਤੌਰ ‘ਤੇ ਕਿਸੇ ਖੇਤਰ ਵਿਚ ਨਾਮਣਾ ਖੱਟਣ ਵਾਲੇ ਵਿਅਕਤੀਆਂ ਦੇ ਪ੍ਰਸੰਗ ਵਿਚ ਹੀ ਸਾਹਮਣੇ ਆਉਂਦਾ ਹੈ। ਹਾਕੀ ਦੇ ਦੋ ਮਸ਼ਹੂਰ ਖਿਡਾਰੀਆਂ ਦਾ ਨਾਂ ਬਲਬੀਰ ਸਿੰਘ ਹੈ। ਪਰ ਵੱਡਾ ਤੇ ਵਡੇਰੀ ਪ੍ਰਾਪਤੀ ਵਾਲੇ ਬਲਬੀਰ ਸਿੰਘ ਦੇ ਪਿਛੇ ਦੁਸਾਂਝ ਤੇ ਦੂਜੇ ਪਿਛੇ ਕੁਲਾਰ ਗੋਤ ਲਾਇਆ ਜਾਂਦਾ ਹੈ। ਰਵਿੰਦਰ ਰਵੀ ਨਾਂ ਦੇ ਦੋ ਸਾਹਿਤਕਾਰ ਹਨ: ਇਕ ਆਲੋਚਕ ਤੇ ਦੂਜਾ ਲੇਖਕ। ਹੋਰ ਵੀ ਬਥੇਰੀਆਂ ਮਿਸਾਲਾਂ ਹਨ। ਉਂਜ ਕਿਸੇ ਵੱਡੇ ਤੇ ਮਸ਼ਹੂਰ ਵਿਅਕਤੀ ਦੇ ਨਾਂ ਪਿਛੇ ਬੱਚੇ ਦਾ ਨਾਂ ਰੱਖਣ ਦੀ ਰਵਾਇਤ ਵੀ ਹੈ। ਮੇਰੇ ਭਾਪਾ ਜੀ ਨੇ ਮੇਰਾ ਨਾਂ ਕਿਸੇ ਅਮੀਰ ਲਾਲੇ ਦੇ ਮੁੰਡੇ ਦੇ ਨਾਂ ਪਿੱਛੇ ਰੱਖਿਆ ਸੀ ਪਰ ਆਪਾਂ ਨੂੰ ਦੁਆਨੀ ਮੁਸ਼ਕਿਲ ਨਾਲ ਲੱਭਦੀ ਸੀ!
ਵਿਵਾਦਿਤ ਬਣਾਏ ਦੋ ਦਾਰਾ ਸਿੰਘਾਂ ਬਾਰੇ ਅਸਲੀ ਨਕਲੀ ਹੋਣ ਦਾ ਮਸਲਾ ਉਠਾਇਆ ਗਿਆ ਹੈ। ਖੇਡ ਲੇਖਕ ਪ੍ਰਿੰ. ਸਰਵਣ ਸਿੰਘ ਤੇ ਕੁਝ ਹੋਰਨਾਂ ਨੇ ਪੰਜਾਬੀ ਦੀਆਂ ਕੁਝ ਅਖਬਾਰਾਂ ਵਿਚ ਵੱਡੇ ਦਾਰਾ ਸਿੰਘ ਨੂੰ ਉਸ ਦੇ ਪਿੰਡ ਦੇ ਨਾਂ ਕਾਰਨ ਦਾਰਾ ਸਿੰਘ ਧਰਮੂਚੱਕੀਆ ਅਤੇ ਛੋਟੇ ਦਾ ਨਾਂ ਇਸੇ ਕਾਰਨ ਦਾਰਾ ਸਿੰਘ ਦੁਲਚੀਪੁਰੀਆ ਦੱਸ ਕੇ ਅਤੇ ਕੁਝ ਇਕ ਪ੍ਰਾਪਤੀਆਂ ਦੇ ਫਰਕ ਕਾਰਨ ਦੋਹਾਂ ਨੂੰ ਨਿਖੇੜਿਆ ਹੈ। ਸਿਰਨਾਂਵੀਏਂ ਅਤੇ ਹਮ-ਪੇਸ਼ਾ ਹੋਣ ਕਾਰਨ ਕੋਈ ਵੀ ਦੋ ਜਾਂ ਵੱਧ ਵਿਅਕਤੀਆਂ ਵਿਚੋਂ ਕੋਈ ਇੱਕ ਅਸਲੀ ਜਾਂ ਨਕਲੀ ਨਹੀਂ ਹੋ ਸਕਦਾ। ਹਰ ਇੱਕ ਦੀ ਬੇਸ਼ੁਮਾਰ ਕਾਰਨਾਂ ਕਰਕੇ ਵੱਖਰੀ ਪਛਾਣ ਹੁੰਦੀ ਹੈ। ਪਰ ਸ਼ਾਇਦ ਪ੍ਰਸ਼ਨਕਰਤਾ ਦੇ ਮਨ ਵਿਚ ਇਹ ਸਵਾਲ ਸੀ ਕਿ ਆਮ ਲੋਕਾਂ ਦੇ ਮਨ ਵਿਚ ਕਿਹੜੇ ਦਾਰਾ ਸਿੰਘ ਦਾ ਬਿੰਬ ਹਾਵੀ ਹੈ। ਭਲਵਾਨੀ ਵਿਚ ਦੋਨੋਂ ਦਾਰਾ ਸਿੰਘਾਂ ਦੀਆਂ ਪ੍ਰਾਪਤੀਆਂ ਲਗਭਗ ਇਕੋ ਜਿਹੀਆਂ ਸਨ। ਪਰ ਧਰਮੂਚੱਕੀਆ ਵਲੋਂ ਅਖਾੜੇ ਵਿਚ ਪਹਿਲਾਂ ਪਰਵੇਸ਼ ਕਰਨ ਕਾਰਨ ਤੇ ਕਿੰਨੀਆਂ ਸਾਰੀਆਂ ਫਿਲਮਾਂ ਵਿਚ ਆਪਣੇ ਜੁੱਸੇ ਅਤੇ ਕਲਾ ਦੇ ਜੌਹਰ ਦਿਖਾਉਣ ਕਾਰਨ ਲੋਕਾਂ ਦੇ ਮਨ ਵਿਚ ‘ਅਸਲੀ’ ਦਾਰਾ ਸਿੰਘ ਇਹੋ ਹੈ। ਮੈਨੂੰ ਯਾਦ ਹੈ, ਇੱਕ ਵਾਰੀ ਅਸੀਂ ਦਾਰਾ ਸਿੰਘ ਦੇ ਇਕ ਭਗਤ ਨੂੰ ਸ਼ਿਮਲੇ ਦੇ ਜਾਖੂ ਮੰਦਿਰ ਵਿਚ ਮਿਲੇ ਸੀ। ਖਬਤ ਵਿਚ ਆਇਆ ਉਹ ਜਗਹ ਜਗਹ ‘ਦਾਰਾ ਸਿੰਘ ਨੂੰ ਰਾਸ਼ਟਰਪਤੀ ਬਣਾਓ’ ਲਿਖੀ ਜਾ ਰਿਹਾ ਸੀ।
ਪਰ ਮੈਂ ਫਿਰ ‘ਅਸਲੀ ਦਾਰਾ ਕਿਹੜਾ’, ਪ੍ਰਸ਼ਨ ਉਠਾ ਕੇ ਆਪਣੀ ਹੀ ਸਥਾਪਨਾ ਤੇ ਕਿਉਂ ਕਾਟਾ ਫੇਰਦਾ ਲਗਦਾ ਹਾਂ? ਮੇਰੀ ਗੱਲ ਹੋਰ ਹੈ। ਮੈਂ ਨਾਂਵਾਂ, ਸ਼ਬਦਾਂ ਦੀਆਂ ਜਨਮ ਕੁੰਡਲੀਆਂ ਫੋਲਦਾ ਹਾਂ ਅਰਥਾਤ ਕੋਈ ਨਾਂ ਜਾਂ ਸ਼ਬਦ ਕਿਥੋਂ ਆਇਆ, ਉਸ ਦਾ ਅਸਲ, ਉਸ ਦਾ ਮੁਢ ਕੀ ਹੈ? ਅਰਬੀ ਲਫਜ਼ ਅਸਲ ਦਾ ਮੁਢਲਾ ਅਰਥ ਆਧਾਰ, ਮੁਢ ਹੀ ਹੈ। ਪਾਠਕਾਂ ਨੇ ਨੋਟ ਕੀਤਾ ਹੋਵੇਗਾ ਕਿ ਮੈਂ ਵਾਰ ਵਾਰ ‘ਦਰਅਸਲ’ ਸ਼ਬਦ ਵਰਤਦਾ ਹਾਂ।
ਸੰਜੋਗ ਦੀ ਗੱਲ ਹੈ ਕਿ ਦਾਰਾ ਨਾਂ ਬਾਰੇ ਅਜਿਤ ਵਡਨੇਰਕਰ ਦੇ ਇਕ ਲੇਖ ਦਾ ਨਾਂ ਵੀ ‘ਅਸਲੀ ਦਾਰਾ ਸਿੰਘ ਕੌਣ?’ ਹੈ। ਲਗਦਾ ਹੈ, ‘ਦਾਰਾ’ ਨਾਂ ਵਿਚ ਹੀ ਸੂਰਬੀਰਤਾ, ਭਲਵਾਨੀ, ਸਿਹਤਮੰਦੀ, ਰੁਹਬ ਸਮਾਇਆ ਹੋਇਆ ਹੈ। ਭਾਰਤ ਅਤੇ ਇਸ ਦੇ ਆਸ-ਪਾਸ ਦੇ ਦੇਸ਼ਾਂ ਵਿਚ ਸਭ ਧਰਮਾਂ ਦੇ ਲੋਕਾਂ ਵਿਚ ਦਾਰਾ ਨਾਂ ਮਿਲ ਜਾਂਦਾ ਹੈ। ਕਈਆਂ ਨੂੰ ਇਲਮ ਹੋਵੇਗਾ ਕਿ ਪੱਛਮੀ ਏਸ਼ੀਆ ਵਿਚ ਇਕ ਪ੍ਰਾਚੀਨਤਮ ਹਾਕਮ ਦਾਰਾ ਹੋਇਆ ਹੈ ਜਿਸ ਨੇ ਭਾਰਤ ਤੱਕ ਧਾਂਕ ਜਮਾ ਦਿੱਤੀ। ਇਹ ਫਾਰਸ (ਅਜੋਕਾ ਇਰਾਨ) ਦਾ ਸਮਰਾਟ ਸੀ ਅਤੇ ਹਖਮਨੀ ਵੰਸ਼ ਦੇ ਸਾਮਰਾਜ ਨਾਲ ਸਬੰਧ ਰੱਖਦਾ ਸੀ। ਇਹ ਸਾਮਰਾਜ ਈਸਾ ਪੂਰਵ 550 ਤੋਂ 330 ਤੱਕ ਚੱਲਿਆ। ਇਸ ਸਾਮਰਾਜ ਨਾਲ ਸਬੰਧਤ ਚਰਚਿਤ ਦਾਰਾ ਚੌਥਾ ਰਾਜਾ ਸੀ। ਹਾਲਾਂ ਕਿ ਇਸੇ ਵੰਸ਼ ਦੇ ਬਾਅਦ ਵਿਚ ਦੋ ਹੋਰ ਦਾਰਾ ਵੀ ਹੋਏ ਹਨ ਜਿਨ੍ਹਾਂ ਨੂੰ ਦੂਜਾ, ਤੀਜਾ ਕਿਹਾ ਗਿਆ ਹੈ ਪਰ ਆਪਣੇ ਕਾਰਨਾਮਿਆਂ ਕਰਕੇ ਇਤਿਹਾਸ ਵਿਚ ਪਹਿਲਾ ਦਾਰਾ ਹੀ ਰੌਸ਼ਨ ਹੈ। ਇਸ ਨੂੰ ਮਹਾਨ ਦਾਰਾ ਵੀ ਕਿਹਾ ਗਿਆ ਹੈ। ਇਸ ਦੇ ਕਾਲ ਦੌਰਾਨ ਇਹ ਸਾਮਰਾਜ ਇੱਕ ਵੇਲੇ ਪੂਰੇ ਇਰਾਨ ਤੋਂ ਇਲਾਵਾ ਯੁਨਾਨ ਤੋਂ ਸਿੰਧ ਤੱਕ ਅਤੇ ਕੈਸਪੀਅਨ ਸਾਗਰ ਤੋਂ ਅਰਬ ਸਾਗਰ ਦੇ ਤਟਵਰਤੀ ਦੇਸ਼ਾਂ ਤੱਕ ਫੈਲ ਗਿਆ ਸੀ। ਸਿਕੰਦਰ ਤੋਂ ਪਹਿਲਾਂ ਇਸ ਨੇ ਸਿੰਧ, ਪੰਜਾਬ ਅਤੇ ਪਿਸ਼ਾਵਰ ਤੱਕ ਆਪਣਾ ਰਾਜ ਵਧਾ ਲਿਆ ਸੀ। ਇਹ ਪਾਰਥੀਆ ਦੇ ਸੂਬੇਦਾਰ ਹਿਸਟਾਪੀਸ ਦਾ ਪੁੱਤਰ ਸੀ ਅਤੇ ਕੰਬੂਜਿਯ ਪਿਛੋਂ 511 ਪੂਰਵ ਈਸਵੀ ਵਿਚ ਫਾਰਸ ਦੀ ਗੱਦੀ ‘ਤੇ ਬੈਠਾ। ਹਾਸ਼ਮ ਸ਼ਾਹ ਲਿਖਦੇ ਹਨ,
ਕਿਥੇ ਸ਼ਾਹ ਸਕੰਦਰ ਦਾਰਾ,
ਅਤੇ ਜਾਮ ਗਿਆ ਕਿਤ ਜਮ ਦਾ।
ਥਿੜਕਨ ਦੇਉ ਜਿਨ੍ਹਾਂ ਦੀ ਤੇਗੋਂ,
ਅਤੇ ਧੌਲ ਪਿਆ ਨਿਤ ਕੰਬਦਾ।
ਇਸ ਦੇ ਗੱਦੀ ‘ਤੇ ਬੈਠਣ ਦੀ ਕਥਾ ਬੜੀ ਦਿਲਚਸਪ ਹੈ। ਗਰੀਕ ਇਤਿਹਾਸਕਾਰ ਹੀਰੋਡੋਟਸ ਅਨੁਸਾਰ ਗੱਦੀਨਸ਼ੀਨ ਕੰਬੂਜਿਯ ਦੂਜੇ ਦੀ ਮੌਤ ਪਿਛੋਂ 522 ਪੂਰਵ ਈਸਵੀ ਵਿਚ ਦਾਰੇ ਨੇ ਬੜੀ ਚਲਾਕੀ ਨਾਲ ਗੱਦੀ ਸੰਭਾਲੀ। ਉਸ ਨੇ ਛੇ ਹੋਰ ਸਰਦਾਰਾਂ ਦੀ ਮਦਦ ਨਾਲ ਸਾਈਰਸ ਦੇ ਪੁੱਤਰ ਬਰਦੀਆ, ਜੋ ਗੱਦੀ ‘ਤੇ ਬੈਠ ਗਿਆ ਸੀ, ਨੂੰ ਮਰਵਾ ਦਿੱਤਾ। ਪਰ ਇਕ ਦੰਦਕਥਾ ਅਨੁਸਾਰ ਗੱਦੀ ਦੇ ਛੇ ਅਧਿਕਾਰੀਆਂ ਵਿਚੋਂ ਅਸਲੀ ਹੱਕਦਾਰ ਚੁਣਨ ਲਈ ਇਕ ਪਰੀਖਿਆ ਨਿਯਤ ਕੀਤੀ ਗਈ। ਸਵੇਰੇ ਸਵੇਰੇ ਹਰ ਇਕ ਨੇ ਆਪਣੇ ਆਪਣੇ ਘੋੜੇ ਲੈ ਕੇ ਮਹੱਲ ਦੇ ਸਾਹਮਣੇ ਆਉਣਾ ਸੀ। ਸ਼ਰਤ ਅਨੁਸਾਰ ਜਿਸ ਦਾ ਘੋੜਾ ਪਹਿਲਾਂ ਹਿਣਕੇ, ਉਹੀ ਗੱਦੀ ‘ਤੇ ਬੈਠੇਗਾ।
ਦਾਰੇ ਨੇ ਰਾਜ ਹਥਿਅਉਣ ਲਈ ਆਪਣੇ ਇਕ ਗੁਲਾਮ ਤੋਂ ਚਲਾਕੀ ਕਰਵਾਈ। ਗੁਲਾਮ ਨੇ ਇਕ ਘੋੜੀ ਦੇ ਚੱਡਿਆਂ ਵਿਚ ਆਪਣਾ ਹੱਥ ਘਸਾਇਆ ਤੇ ਦਾਰੇ ਦੇ ਘੋੜੇ ਨੂੰ ਸੁੰਘਾ ਦਿੱਤਾ। ਘੋੜੀ ਦੇ ਚੱਡਿਆਂ ਦੀ ਲਿੰਗ-ਉਕਸਾਊ ਵਾਸ਼ਨਾ ਕਾਰਨ ਹੁਸ਼ਿਆਰੀ ਵਿਚ ਆਇਆ ਘੋੜਾ ਹਿਣਕ ਪਿਆ। ਸਾਰਿਆਂ ਨੇ ਆਪਣੇ ਘੋੜਿਆਂ ਤੋਂ ਉਤਰ ਕੇ ਰਾਜੇ ਦੀ ਪ੍ਰਵਾਨਗੀ ਵਜੋਂ ਦਾਰੇ ਨੂੰ ਝੁਕ ਕੇ ਸਲਾਮ ਕੀਤਾ। ਇਹ ਮਹਾਨ ਰਾਜਾ ਚਾਤੁਰ ਹੁਕਮਰਾਨ, ਵੀਰ ਯੋਧਾ ਅਤੇ ਅਜੋਕੀ ਭਾਸ਼ਾ ਵਿਚ ਵਿਕਾਸ-ਪੁਰਸ਼ ਸੀ। ਬਿਸਤੂਨ ਵਿਚ ਆਪ ਹੀ ਉਕਰਾਏ ਇਕ ਸ਼ਿਲਾਲੇਖ ਵਿਚ ਉਸ ਨੇ ਆਪਣੇ ਕਾਰੇ ਨੂੰ ਜਾਇਜ਼ ਠਹਿਰਾਇਆ।
ਇਹ ਦਾਰਾ ਅੰਗਰੇਜ਼ੀ ਤੇ ਹੋਰ ਯੂਰਪੀ ਭਾਸ਼ਾਵਾਂ ਵਿਚ ‘ਡੇਰੀਅਸ’ ਨਾਂ ਨਾਲ ਜਾਣਿਆ ਜਾਂਦਾ ਹੈ। ਫਾਰਸ ਅਤੇ ਹੋਰ ਦੇਸ਼ਾਂ ਵਿਚ ਇਸਲਾਮ ਦੀ ਚੜ੍ਹਤ ਤੋਂ ਪਹਿਲਾਂ ਫਾਰਸ ਵਿਚ ਜ਼ਰਯੁਸਤਰ ਧਰਮ ਦੀ ਮਾਨਤਾ ਸੀ। ਇਥੋਂ ਦੇ ਲੋਕ ਆਰਿਆਈ ਅਤੇ ਭਾਰਤੀਆਂ ਵਾਂਗ ਅਗਨੀਪੂਜ ਸਨ। ਉਨ੍ਹਾਂ ਦੇ ਧਰਮ ਗ੍ਰੰਥ ‘ਅਵੇਸਤਾ’ ਵਿਚਲੀ ਭਾਸ਼ਾ (ਅਜੋਕੀ ਫਾਰਸੀ ਦੀ ਪੂਰਵਜ) ਵੇਦਿਕ ਸੰਸਕ੍ਰਿਤ ਦੀ ਸਕੀ ਹੋਣ ਕਰਕੇ ਇਸ ਨਾਲ ਮਿਲਦੀ ਸੀ।
ਪਰਸੇਪੋਲਿਸ ਦੇ ਇਕ ਸ਼ਿਲਾਲੇਖ ਅਨੁਸਾਰ ਡੇਰੀਅਸ ਜਾਂ ਦਾਰਾ ਸ਼ਬਦ ਦਾ ਉਥੇ ਪ੍ਰਚਲਿਤ ਉਚਾਰਣ ‘ਦਾਰਯਵੋਸ਼’ ਜਿਹਾ ਸੀ। ਗਰੀਕ ਵਿਚ ਜਾ ਕੇ ਇਸ ਨਾਂ ਦਾ ਰੂਪ ਡੇਰੀਅਸ ਹੋਇਆ ਜਿਥੋਂ ਹੋਰ ਯੂਰਪੀ ਭਾਸ਼ਾਵਾਂ ਵਿਚ ਇਹੀ ਰੂਪ ਗਿਆ। ਯੂਰਪ ਵਿਚ ‘ਡੇਰੀਅਸ’ ਸ਼ਬਦ ਵਿਅਕਤੀ ਦੇ ਨਾਂ ਵਜੋਂ ਅੱਜ ਵੀ ਕਾਫੀ ਚਲਦਾ ਹੈ। ਪਰ ਦੂਜੇ ਪਾਸੇ ਫਾਰਸ ਯਾਨਿ ਅਜੋਕੇ ਇਰਾਨ ਵਿਚ ਇਸ ਦਾ ਸੰਕੁਚਿਤ ਰੂਪ ਦਾਰਾ ਸ਼ਬਦ ਹੀ ਪ੍ਰਚਲਿਤ ਹੋਇਆ। ਅਜਿਤ ਵਡਨੇਰਕਰ ਨੇ ਇਸ ਨਾਂ ਦੀ ਮਹਿਮਾ ਸਾਡੇ ਖਿੱਤੇ ਵਿਚ ਇਨ੍ਹਾਂ ਨਾਂਵਾਂ ਤੋਂ ਉਘਾੜੀ ਹੈ: ਦਾਰਾਬਖਤ, ਦਾਰਾਅਲੀ, ਦਾਰਾਖਾਨ, ਦਾਰਾ ਪ੍ਰਸਾਦ, ਦਾਰਾਨਾਥ, ਦਾਰਾ ਸਿੰਘ।
ਇਰਾਨ ਦੇ ਦਾਰੇ ਤੋਂ ਬਾਅਦ ਜਿਸ ਦਾਰੇ ਦੀ ਪ੍ਰਸਿਧੀ ਹੈ, ਉਹ ਹੈ ਦਾਰਾ ਸ਼ਿਕੋਹ। ਇਹ ਮੁਗਲ ਸਮਰਾਟ ਸ਼ਾਹ ਜਹਾਨ ਦਾ ਜੇਠਾ ਪੁੱਤਰ ਅਤੇ ਔਰੰਗਜ਼ੇਬ ਦਾ ਵੱਡਾ ਭਰਾ ਸੀ। ਤਾਜਪੋਸ਼ੀ ਦਾ ਹੱਕਦਾਰ ਇਹੋ ਸੀ। ਉਸ ਦਾ ਰੁਝਾਨ ਸੂਫੀਵਾਦ ਵੱਲ ਸੀ ਅਤੇ ਵਧੀਆ ਲੇਖਕ ਤੇ ਵਿਦਵਾਨ ਸੀ। ਲਾਹੌਰ ਵਿਚ ਰਹਿਣ ਕਰਕੇ ਪੰਜਾਬੀਆਂ ਵਿਚ ਬਹੁਤ ਹਰਮਨਪਿਆਰਾ ਸੀ। ਉਸ ਨੇ ਮੀਆਂਮੀਰ ਦੀ ਜੀਵਨੀ ਲਿਖੀ। ਇਹ ਅਕਬਰ ਵਾਂਗ ਧਰਮ-ਨਿਰਪੇਖ ਸੀ, ਇਸ ਲਈ ਹਿੰਦੂਆਂ ਦੇ ਮਨ ਵਿਚ ਉਸ ਦੀ ਬਹੁਤ ਕਦਰ ਸੀ। ਪਰ ਔਰੰਗਜ਼ੇਬ ਅਤੇ ਮੁਰਾਦ ਨੇ ਉਸ ਨੂੰ ਇਸਲਾਮ ਵਿਰੋਧੀ ਅਤੇ ਕਾਫਿਰ ਕਰਾਰ ਦਿੱਤਾ। ਦਾਰੇ ਨਾਲ ਦੋ ਲੜਾਈਆਂ ਤੋਂ ਬਾਅਦ ਉਸ ਨੂੰ ਮਰਵਾ ਦਿੱਤਾ ਗਿਆ, “ਸ਼ਾਹਜਹਾਂ ਨੂੰ ਕੈਦ ਕਰ ਦਾਰਾ ਮਰਵਾਯਾ” (ਵਾਰ ਗੁਰੂ ਗੋਬਿੰਦ ਸਿੰਘ)।
ਉਪਰ ਦੱਸੇ ਅਨੁਸਾਰ ਦਾਰਾ ਸ਼ਬਦ ਦਾ ਅਸਲੀ ਰੂਪ ਦਾਰਯਵੋਸ਼ ਹੈ। ਇਸ ਸ਼ਬਦ ਦਾ ਨਿਰੁਕਤਕ ਅਰਥ ਹੈ, ਧਾਰਨ ਕਰਨ ਵਾਲਾ ਜਾਂ ਧਾਰਕ। ਇਸ ਪ੍ਰਸੰਗ ਵਿਚ ਅਰਥ ਹੋਇਆ, ਚੰਗੇ ਗੁਣ ਧਾਰਨ ਕਰਨ ਵਾਲਾ। ਇਸ ਦਾ ਭਾਰੋਪੀ ਮੂਲ ਹੈ ਧਹeਰ ਜੋ ਸੰਸਕ੍ਰਿਤ ਦੇ ਧਾਤੂ Ḕਧ੍ਰḔ ਨਾਲ ਮੇਲ ਖਾਂਦਾ ਹੈ। ਇਸ ਵਿਚ ਪੱਕੇ ਰਹਿਣ, ਡਟੇ ਰਹਿਣ, ਧਰਨ, ਸੰਭਾਲਣ ਦੇ ਅਰਥ ਨਿਹਿਤ ਹਨ। ਧਰਤੀ, ਧਰਮ, ਧਰਨਾ ਆਦਿ ਸ਼ਬਦ ਇਸੇ ਤੋਂ ਬਣੇ ਹਨ। ਵਿਅਕਤੀ ਆਦਿ ਨਾਂਵਾਂ ਵਿਚ ਦੇਖੋ, ਸ਼੍ਰੀਧਰ, ਕਲਗੀਧਰ, ਮੁਰਲੀਧਰ ਆਦਿ। ਲਾਤੀਨੀ ਵਿਚ ḔਧḔ ਧੁਨੀ ḔਫḔ ਵਿਚ ਬਦਲ ਜਾਂਦੀ ਹੈ ਸੋ ਇਸ ਵਿਚੋਂ ਅੰਗਰੇਜ਼ੀ ਵਿਚ ਗਏ ਕੁਝ ਸ਼ਬਦ ਹਨ: ਾਂਰਿਮ, ਾਂਅਰਮ, ੁਂਰਲ।
ਅੰਗਰੇਜ਼ੀ ਖੇਤੀ ਵਾਲੇ ਫਾਰਮ ਦੀ ਵਿਆਖਿਆ ਕਰਦੇ ਹਾਂ। ਲਾਤੀਨੀ ਤੋਂ ਆਏ ਇਸ ਸ਼ਬਦ ਦਾ ਮੁਢਲਾ ਅਰਥ ਸੀ, ਪੱਕਾ ਕਰਨਾ, ਨਿਸ਼ਚਿਤ ਕਰਨਾ ਜੋ ḔਧਰḔ ਮੂਲ ਦੇ ਅਰਥਾਂ ਨਾਲ ਮੇਲ ਖਾਂਦਾ ਹੈ। ਇਸ ਤੋਂ ਬਣੇ ਫਰਮਾ ਸ਼ਬਦ ਦਾ ਅਰਥ ਹੋਇਆ, ਪੱਕੀ ਠੱਕੀ ਅਦਾਇਗੀ, ਨਿਸ਼ਚਿਤ ਰਕਮ (ਖੇਤੀ ਦੇ ਕੰਮ ਦੇ ਪ੍ਰਸੰਗ ਵਿਚ)। ਇਸ ਤੋਂ ਅੱਗੇ ਠੇਕੇ ‘ਤੇ ਦਿੱਤੀ ਹੋਈ ਜਮੀਨ ਦੇ ਭਾਵ ਵਿਕਸਿਤ ਹੋਏ ਤੇ ਅਖੀਰ ਫਾਰਮ ਦੇ ਅਜੋਕੇ ਅਰਥ ਯਾਨਿ ਖੇਤੀ ਵਾਲੀ ਜਮੀਨ। ਸੋ ਦਾਰਾ ਨੂੰ ਅਸੀਂ ਚੰਗੇ ਗੁਣਾਂ ਦੇ ਧਾਰਕ ਜਾਂ ਸਮਰਥਕ ਵਜੋਂ ਸਮਝ ਸਕਦੇ ਹਾਂ। ਸਾਡਾ ਵਿਅਕਤੀ ਨਾਂ ਧਰਮਾ ਦਾਰਾ ਦਾ ਸਜਾਤੀ ਹੈ।