ਤੱਤੀਆਂ ਹਵਾਵਾਂ ਵਿਚ ਸੀਤ ਪੌਣ ਦਾ ਬੁੱਲਾ

ਗੁਰਬਚਨ ਸਿੰਘ ਭੁੱਲਰ
ਫੋਨ: 011-42502364
ਗੱਜਣਵਾਲਾ ਸੁਖਮਿੰਦਰ ਸਿੰਘ ਨਾਲ ਮੇਰਾ ਕਈ ਦਹਾਕਿਆਂ ਦਾ ਨੇੜ ਹੈ। ਇਹ ਨੇੜ ਪਹਿਲਾਂ-ਪਹਿਲ ਕਹਾਣੀਕਾਰਾਂ ਵਜੋਂ ਸਾਡੀ ਸਾਂਝ ਵਿਚੋਂ ਉਗਮਿਆ। ਲੰਮਾ ਸਮਾਂ ਉਹ ਨਿਕਟ ਅਨੁਭਵ ਵਿਚੋਂ ਨਿਕਲੀਆਂ ਕਹਾਣੀਆਂ ਲਿਖਦਾ ਰਿਹਾ। ਫੇਰ ਉਹਦੀ ਰੁਚੀ ਪੰਜਾਬ ਦੇ ਪੇਂਡੂ ਸਭਿਆਚਾਰ ਦੇ ਜਾਣਕਾਰ ਇਕ ਕਾਲਮ-ਨਵੀਸ ਵਜੋਂ ਲਿਖਣ ਵੱਲ ਹੋ ਗਈ। ਹੁਣ ਉਹ ਸਿੱਖ ਇਤਿਹਾਸ ਦੇ ਖੋਜ-ਕਾਰਜ ਨਾਲ ਜੁੜਿਆ ਹੋਇਆ ਹੈ। ਕਹਾਣੀਆਂ ਹੋਣ, ਕਾਲਮ ਹੋਵੇ ਜਾਂ ਇਤਿਹਾਸ ਹੋਵੇ, ਸਿਰੜ ਉਹਦੇ ਰਚਨਾਤਮਕ ਸੁਭਾਅ ਦਾ ਗੁਣ ਹੈ। ਸਿੱਖ ਧਰਮ ਦੀ ਖੋਜ ਸਮੇਂ ਇਸ ਗੁਣ ਨਾਲ ਸ਼ਰਧਾ ਵੀ ਜੁੜ ਗਈ। ਸਿੱਖ ਇਤਿਹਾਸ ਦੀ ਖੋਜ ਕਰਦਿਆਂ ਉਹਦੀ ਮਿਹਨਤ ਦਾ ਇਕ ਫਲ ਪੁਸਤਕ ‘ਗੁਰੂ ਸਾਹਿਬਾਨ ਦੇ ਮੁਸਲਮਾਨ ਮੁਰੀਦḔ ਦੇ ਰੂਪ ਵਿਚ ਸਾਹਮਣੇ ਆਇਆ ਹੈ।

ਧਰਮਾਂ ਤੇ ਹੋਰ ਸਭ ਫਰਕਾਂ ਤੋਂ ਪਾਰਲੀ ਨਿਰੋਲ ਮਨੁੱਖੀ ਸਾਂਝ ਦਾ ਬੀਜ ਗੁਰੂ ਨਾਨਕ ਦੇਵ ਜੀ ਤੇ ਭਾਈ ਮਰਦਾਨੇ ਦੇ ਸੰਗ-ਸਾਥ ਨੇ ਹੀ ਡੂੰਘਾ ਬੀਜ ਦਿੱਤਾ ਸੀ। ਅਗਲੇ ਗੁਰੂ ਸਾਹਿਬਾਨ ਨੇ ਇਸ ਮਨੁੱਖੀ ਸਾਂਝ ਨੂੰ ਏਨੇ ਸਿਦਕ ਨਾਲ ਸੰਭਾਲਿਆ-ਸਿੰਜਿਆ ਕਿ ਦਸਮੇਸ਼ ਪਿਤਾ ਵੱਲੋਂ ਗੁਰ-ਗੱਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸੌਂਪੇ ਜਾਣ ਤੱਕ ਇਹ ਅਜਿਹੇ ਬਿਰਛ ਦਾ ਰੂਪ ਧਾਰ ਚੁਕੀ ਸੀ ਜਿਸ ਦੀਆਂ ਜੜ੍ਹਾਂ ਨੂੰ ਮਗਰੋਂ ਦੇ ਟਾਕਰੇ-ਟਕਰਾਵਾਂ, ਯੁੱਧਾਂ, ਸੰਕਟਾਂ ਤੇ ਘੱਲੂਘਾਰਿਆਂ ਦੇ ਝੱਖੜ-ਝਾਂਜੇ ਤੇ ਹੜ੍ਹ-ਤੂਫਾਨ ਵੀ ਹਿਲਾ ਨਹੀਂ ਸਕੇ।
ਭਾਈ ਮਰਦਾਨੇ ਤੋਂ ਤੁਰ ਕੇ ਗੁਰੂ-ਘਰ ਨਾਲ ਸ਼ਰਧਾ-ਸਾਂਝ ਨਿਭਾਉਂਦੇ ਰਹੇ ਇਸਲਾਮ ਨੂੰ ਮੰਨਣ ਵਾਲੇ ਅਨੇਕ ਗੁਰਮੁਖ ਮੁਸਲਮਾਨ ਇਸ ਸਰਬ-ਸਾਂਝੀ ਮਾਲਾ ਦੇ ਹੀ ਮਣਕੇ ਹਨ। ਇਨ੍ਹਾਂ ਵਿਚੋਂ ਭਾਈ ਮਰਦਾਨਾ, ਰਬਾਬੀ ਭਰਾ-ਸੱਤਾ ਤੇ ਬਲਵੰਡ, ਸੂਫੀ ਸੰਤ ਸਾਈਂ ਮੀਆਂ ਮੀਰ, ਪੈਂਦੇ ਖਾਂ ਪਠਾਣ, ਬੀਬੀ ਕੌਲਾਂ, ਨਵਾਬ ਸੈਫੁਦੀਨ, ਪੀਰ ਬੁੱਧੂ ਸ਼ਾਹ, ਨਿਹੰਗ ਖਾਨ ਅਤੇ ਨਬੀ ਖਾਂ, ਗਨੀ ਖਾਂ ਇਸ ਪੁਸਤਕ ਦੇ ਨਾਇਕ ਬਣੇ ਹਨ।
ਸਿੱਖ ਧਰਮ ਦੁਨੀਆਂ ਦੇ ਵੱਡੇ ਧਰਮਾਂ ਵਿਚੋਂ ਸਭ ਤੋਂ ਛੋਟੀ ਉਮਰ ਦਾ ਧਰਮ ਹੈ। ਪਰ ਇਸ ਦਾ ਨਿਕਾਸ ਤੇ ਵਿਕਾਸ ਮਾਨਵ ਦੀ ਸਾਰੀ ਜ਼ਾਤ ਨੂੰ ਇਕ ਸਮਝਣ ਦੀ ਅਤੇ ‘ਸੀḔ ਕੀਤੇ ਬਿਨਾ ਅਣਗਿਣਤ ਸੀਸ ਦਿੰਦਿਆਂ ਤੇ ਹੋਰ ਅਥਾਹ ਕੁਰਬਾਨੀਆਂ ਕਰਦਿਆਂ ਇਸ ਸਮਝ ਉਤੇ ਪਹਿਰਾ ਦੇਣ ਦੀ ਅਜਿਹੀ ਗਾਥਾ ਹੈ ਜਿਸ ਦੀ ਹੋਰ ਕੋਈ ਮਿਸਾਲ ਪੂਰੇ ਸੰਸਾਰ ਦੇ ਇਤਿਹਾਸ ਉਤੇ ਝਾਤ ਪਾਇਆਂ, ਨਾ ਕਿਸੇ ਦੇਸ ਵਿਚ ਮਿਲਦੀ ਹੈ ਤੇ ਨਾ ਕਿਸੇ ਕਾਲ ਵਿਚ।
ਇਸ ਵਿਚ ਕੋਈ ਸ਼ੱਕ ਨਹੀਂ ਕਿ ਕਿਸੇ ਨਾ ਕਿਸੇ ਦੌਰ ਵਿਚ ਸੰਕਟ, ਮੁਸ਼ਕਿਲਾਂ, ਵਿਰੋਧ, ਜਬਰ ਤੇ ਕੁਰਬਾਨੀਆਂ ਹਰ ਧਰਮ ਦਾ ਨਸੀਬ ਰਹੀਆਂ ਹਨ। ਪਰ ਵੱਡਾ ਫਰਕ ਇਹ ਹੈ ਕਿ ਜਿਥੇ ਕਿਸੇ ਧਰਮ ਦੀ ਇਹ ਕਥਾ-ਕਹਾਣੀ ਦਰਜਨਾਂ ਪੰਨਿਆਂ ਵਿਚ ਤੇ ਕਿਸੇ ਹੋਰ ਦੀ ਸੈਂਕੜੇ ਪੰਨਿਆਂ ਵਿਚ ਲਿਖੀ ਜਾ ਸਕਦੀ ਹੈ, ਉਥੇ ਸਿੱਖ ਧਰਮ ਦੀ ਇਹ ਅਲੋਕਾਰ ਬੀਰ-ਗਾਥਾ ਲਿਖਣ ਵਾਸਤੇ ਦਰਜਨਾਂ-ਸੈਂਕੜੇ ਨਹੀਂ, ਅਣਗਿਣਤ ਪੰਨੇ ਦਰਕਾਰ ਹਨ। ਲਗਭਗ ਹਰੇਕ ਹੋਰ ਧਰਮ ਆਪਣੇ ਆਪ ਨੂੰ ਦੂਜੇ ਸਭਨਾਂ ਧਰਮਾਂ ਤੋਂ ਉਤਮ ਅਤੇ ਆਪਣੇ ਮਾਰਗ ਨੂੰ ਰੱਬ ਤੱਕ ਪਹੁੰਚਣ ਦਾ ਇਕੋ-ਇਕ ਸਹੀ ਮਾਰਗ ਮੰਨਦਾ ਹੈ। ਇਹ ਸੋਚ ਵੱਡੇ ਬਖੇੜੇ ਖੜ੍ਹੇ ਕਰਦੀ ਹੈ। ਇਸ ਦੇ ਉਲਟ ਸਿੱਖ ਧਰਮ ਦਾ, ਇਸ ਉਤੇ ਕਈ ਪਰ-ਧਰਮਾਂ ਦੇ ਅਕਹਿ-ਅਸਹਿ ਅੱਤਿਆਚਾਰਾਂ ਦੇ ਪਰਛਾਵੇਂ ਹੇਠ ਵੀ, ਇਹ ਵਿਸ਼ਵਾਸ ਕਦੀ ਨਹੀਂ ਡੋਲਿਆ ਕਿ ਕੋਈ ਰਾਮ ਰਾਮ ਬੋਲੇ ਤੇ ਕੋਈ ਖੁਦਾ ਕਹੇ, ਕੋਈ ਵੇਦ ਵਾਚੇ ਤੇ ਕੋਈ ਕਤੇਬ ਪੜ੍ਹੇ, ਇਸ ਨਾਲ ਕੋਈ ਫਰਕ ਨਹੀਂ ਪੈਂਦਾ, ਮੂਲ ਤੇ ਮੁੱਖ ਗੱਲ ਮਾਨਵਜਾਤ ਨੂੰ ਇਕ ਪਛਾਣਨ ਦੀ ਹੈ!
ਇਸ ਮਾਨਵਵਾਦੀ ਵਿਸ਼ਵਾਸ ਦਾ ਸਿੱਕੇਬੰਦ ਸਾਕਾਰ ਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ। ਲਗਭਗ ਹਰ ਧਰਮ ਦੇ ਮੋਢੀ ਆਪਣੇ ਪੈਰੋਕਾਰਾਂ ਦੀ ਰਾਹਨੁਮਾਈ ਵਾਸਤੇ ਆਪਣੇ ਵਿਚਾਰ ਦਰਜ ਕਰ ਕੇ ਗ੍ਰੰਥ ਛੱਡ ਗਏ ਹਨ। ਇਹ ਗ੍ਰੰਥ ਸਬੰਧਤ ਧਰਮ ਦਾ ਆਧਾਰ ਬਣਿਆ ਰਹਿੰਦਾ ਹੈ। ਪਰ ਪੂਰੇ ਸੰਸਾਰ ਦੇ ਧਰਮਾਂ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਇਕੋ-ਇਕ ਮਿਸਾਲ ਹੈ ਜਿਸ ਵਿਚ ਹੋਰ ਧਰਮਾਂ ਦੇ ਸੰਤਾਂ-ਭਗਤਾਂ ਦੀ ਬਾਣੀ ਵੀ ਦਰਜ ਹੈ।
ਵੱਡੀ ਅਹਿਮੀਅਤ ਵਾਲਾ ਤੱਥ ਇਹ ਹੈ ਕਿ ਆਦਿ ਗ੍ਰੰਥ ਸਾਹਿਬ ਦਾ ਸੰਪਾਦਨ ਕਰਦਿਆਂ ਪੰਜਵੇਂ ਗੁਰੂ ਸਾਹਿਬ ਨੇ ਸਾਰੇ ਬਾਣੀਕਾਰਾਂ ਦੀ ਬਾਣੀ ਨੂੰ ਬਰਾਬਰ ਆਦਰ-ਮਾਣ ਦਾ ਅਧਿਕਾਰੀ ਬਣਾ ਦਿੱਤਾ। ਨੌਵੇਂ ਗੁਰੂ ਸਾਹਿਬ ਦੀ ਬਾਣੀ ਸ਼ਾਮਲ ਕਰ ਕੇ ਆਦਿ ਗ੍ਰੰਥ ਸਾਹਿਬ ਨੂੰ ਸੰਪੂਰਨਤਾ ਦਿੰਦਿਆਂ ਅਤੇ ਅੱਗੇ ਚੱਲ ਕੇ ਗੁਰ-ਗੱਦੀ ਸੌਂਪ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿਚ ਸਦੈਵ ਗੁਰੂ ਥਾਪਦਿਆਂ ਦਸਵੇਂ ਗੁਰੂ ਸਾਹਿਬ ਨੇ ਸਾਰੇ ਬਾਣੀਕਾਰਾਂ ਦੇ ਆਦਰ-ਮਾਣ ਦੀ ਇਸ ਬਰਾਬਰੀ ਉਤੇ ਮੋਹਰ ਲਾ ਦਿੱਤੀ।
ਦੂਜੇ ਧਰਮਾਂ ਵੱਲ ਅਜਿਹਾ ਅਪਣੱਤ ਭਰਿਆ ਰਵੱਈਆ ਸਿੱਖ ਧਰਮ ਦੀ ਹੀ ਵਿਸ਼ੇਸ਼ਤਾ ਰਿਹਾ ਹੈ।
ਅੰਗਰੇਜ਼ ਲੇਖਿਕਾ ਬੀਟਰਿਸ ਐਵੇਲਿਨ ਹਾਲ ਨੇ 1906 ਵਿਚ ਲਿਖੀ ਵਾਲਟੇਅਰ (1694-1778) ਦੀ ਜੀਵਨੀ ਵਿਚ ਵਿਚਾਰ-ਪ੍ਰਗਟਾਵੇ ਦੀ ਆਜ਼ਾਦੀ ਸਬੰਧੀ ਉਹਦੀ ਸੋਚ ਦਾ ਸਾਰ ਇਨ੍ਹਾਂ ਸ਼ਬਦਾਂ ਵਿਚ ਦੱਸਿਆ ਹੈ, “ਮੈਂ ਤੇਰੇ ਵਿਚਾਰਾਂ ਨਾਲ ਸਹਿਮਤ ਨਹੀਂ ਪਰ ਮੈਂ ਜਾਨ ਵਾਰ ਕੇ ਵੀ ਉਨ੍ਹਾਂ ਦੇ ਪ੍ਰਗਟਾਵੇ ਦੇ ਤੇਰੇ ਹੱਕ ਦਾ ਪੱਖ ਪੂਰਦਾ ਰਹਾਂਗਾ।” ਦੂਜਿਆਂ ਦੇ ਵਿਚਾਰਾਂ ਨੂੰ ਬਰਦਾਸ਼ਤ ਨਾ ਕਰਨ ਵਾਲੇ ਅਜੋਕੇ ਅਸਹਿਣਸ਼ੀਲ ਸੰਸਾਰ ਵਿਚ ਇਹ ਟੂਕ ਅਕਸਰ ਹੀ ਵਾਲਟੇਅਰ ਦੇ ਨਾਂ ਨਾਲ ਦੁਹਰਾਈ ਜਾਂਦੀ ਰਹਿੰਦੀ ਹੈ। ਪਰ ਵਾਲਟੇਅਰ ਦੇ ਵਿਚਾਰ ਅਤੇ ਹਾਲ ਦੇ ਕਥਨ ਤੋਂ ਬਹੁਤ ਪਹਿਲਾਂ ਸ੍ਰੀ ਗੁਰੂ ਤੇਗ ਬਹਾਦਰ (1621-1675) ਨੇ ਆਪਣੇ ਇਸ ਮੱਤ ਉਤੇ ਦ੍ਰਿੜ੍ਹ ਰਹਿੰਦਿਆਂ ਦਿੱਲੀ ਦੇ ਚਾਂਦਨੀ ਚੌਕ ਵਿਚ ਸਰਬ-ਉਚ ਕੁਰਬਾਨੀ ਦੇਣ ਦਾ ਬੇਮਿਸਾਲ ਕਾਰਨਾਮਾ ਕਰ ਦਿਖਾਇਆ ਸੀ ਕਿ ਆਪਣੇ ਵਿਸ਼ਵਾਸ ਦਾ ਪਾਬੰਦ ਰਹਿਣ ਦੀ ਆਜ਼ਾਦੀ ਹਰ ਮਨੁੱਖ ਦਾ ਹੱਕ ਹੈ।
ਇਸੇ ਸੋਚ ਦੇ ਕਲਾਵੇ ਵਿਚ ਆਉਂਦਾ ਇਕ ਨਿਜੀ ਅਨੁਭਵ ਮੇਰੀ ਸਿਮਰਤੀ ਵਿਚ ਲਿਖਿਆ ਨਹੀਂ ਸਗੋਂ ਡੂੰਘਾ ਉਕਰਿਆ ਹੋਇਆ ਹੈ। ਗੱਲ ਕਾਲੇ ਚੁਰਾਸੀ ਦੀ ਹੈ। ਸਾਕਾ ਨੀਲਾ ਤਾਰਾ ਤੇ ਦਿੱਲੀ ਦਾ ਸਿੱਖ ਕਤਲੇਆਮ, ਦੋਵੇਂ ਵਾਪਰ ਚੁਕੇ ਸਨ ਅਤੇ ਨਤੀਜੇ ਵਜੋਂ ਹਿੰਦੂਆਂ ਤੇ ਸਿੱਖਾਂ ਵਿਚਕਾਰ ਖਟਾਸ ਬਹੁਤ ਤਿੱਖੀ ਹੋ ਚੁਕੀ ਸੀ। ਜਦੋਂ ਹਾਲਾਤ ਯਾਤਰਾ ਕਰਨ ਜੋਗੇ ਹੋਏ, ਅਸੀਂ ਅੰਮ੍ਰਿਤਸਰ ਗਏ। ਦਰਬਾਰ ਸਾਹਿਬ ਤੇ ਪਰਿਕਰਮਾ ਵਿਚ ਤਾਂ ਸਿਰਾਂ ਨੂੰ ਰੁਮਾਲਾਂ ਨਾਲ ਕੱਜਣ ਵਾਲੇ ਸ਼ਰਧਾਲੂਆਂ ਦੀ ਚੰਗੀ ਵਾਹਵਾ ਹਾਜ਼ਰੀ ਹੈ ਹੀ ਸੀ, ਜਦੋਂ ਅਸੀਂ ਲੰਗਰ ਛਕਣ ਗਏ ਤਾਂ ਉਸ ਪੰਗਤ ਵਿਚ ਵੱਡੀ ਗਿਣਤੀ ਵਿਚ ਪਰ-ਧਰਮੀ ਸੱਜਣ ਪਹਿਲਾਂ ਵਾਲੇ ਪ੍ਰੇਮ-ਭਾਵ ਤੇ ਆਦਰ-ਭਾਵ ਦੇ ਮਾਹੌਲ ਵਿਚ ਲੰਗਰ ਛਕ ਰਹੇ ਸਨ। ਮੈਂ ਸੰਤੁਸ਼ਟੀ ਦਾ ਸਾਹ ਲਿਆ, ਬਾਬਾ ਨਾਨਕ ਦੀ ਸਾਡੇ ਲਈ ਵਿਰਸੇ ਵਿਚ ਛੱਡੀ ਮਾਨਵਵਾਦੀ ਕਰਾਮਾਤ ਦੀ ਕਿਰਪਾ ਨਾਲ ਆਖਰ ਪੰਜਾਬ ਦੇ ਇਹ ਕਾਲੇ ਦਿਨ ਜ਼ਰੂਰ ਖਤਮ ਹੋ ਜਾਣਗੇ!
ਇਸ ਵਿਚਾਰਧਾਰਾ ਦੇ ਪੰਨਿਆਂ ਵਿਚੋਂ ਲੰਘਦਿਆਂ ਪਾਠਕ ਦਾ ਉਸ ਸਮੇਂ ਹੈਰਾਨ ਹੋਣਾ ਸੁਭਾਵਿਕ ਹੈ ਜਦੋਂ ਉਹ ਦੇਖਦਾ ਹੈ ਕਿ ਆਪਣੇ ਆਪ ਨੂੰ ਇਸਲਾਮ ਧਰਮ ਦੇ ਪੈਰੋਕਾਰ, ਰਖਵਾਲੇ ਤੇ ਪ੍ਰਚਾਰਕ ਅਖਵਾਉਣ ਵਾਲੇ ਹਾਕਮਾਂ ਦੇ ਅੱਤਿਆਚਾਰ ਸਹਿੰਦਿਆਂ ਵੀ ਸਿੱਖ ਸੋਚ ਨੇ ਇਕ ਪਾਸੇ ਇਨ੍ਹਾਂ ਜਾਬਰ ਹਾਕਮਾਂ ਅਤੇ ਦੂਜੇ ਪਾਸੇ ਆਪਣੇ ਧਰਮ ਦਾ ਮਾਨਵੀ ਪੱਖ ਪਛਾਨਣ ਵਾਲੇ ਤੇ ਕਿਰਤ-ਕਮਾਈ ਕਰ ਕੇ ਪੇਟ ਪਾਲਣ ਵਾਲੇ ਮੁਸਲਮਾਨਾਂ ਵਿਚਕਾਰ ਨਿਖੇੜਾ ਕਰਨ ਵਾਲੀ ਨਜ਼ਰ ਧੁੰਦਲੀ ਨਹੀਂ ਸੀ ਪੈਣ ਦਿੱਤੀ। ਇਸ ਨਿਰੋਲ ਮਾਨਵਵਾਦੀ ਰਿਸ਼ਤੇ ਤੇ ਵਰਤੋਂ-ਵਿਹਾਰ ਦੀ ਬੁਨਿਆਦ ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਨੇ ਹੀ ਏਨੀ ਪੁਖਤਾ ਰੱਖ ਦਿੱਤੀ ਸੀ ਤੇ ਨਾਨਕ-ਗੱਦੀ ਉਤੇ ਬਿਰਾਜੇ ਭਵਿੱਖੀ ਗੁਰੂ ਸਾਹਿਬਾਨ ਉਸ ਬੁਨਿਆਦ ਉਤੇ ਅਜਿਹੀ ਉਸਾਰੀ ਕਰਦੇ ਗਏ, ਜੋ ਆਪਣੀ ਮਿਸਾਲ ਆਪ ਹੈ।
ਕੀ ਇਹ ਤੱਥ ਬੇਮਿਸਾਲ ਨਹੀਂ ਕਿ ਬਾਬਰ ਦੀ ਜ਼ੁਲਮੀ ਚੱਕੀ ਪੀਹਣ ਪਿੱਛੋਂ ਵੀ ਬਾਬਾ ਨਾਨਕ ਦਾ ਸਭ ਤੋਂ ਨਿਕਟ ਸਨੇਹੀ ਮਰਦਾਨਾ ਹੀ ਰਹਿੰਦਾ ਹੈ? ਇਹ ਬਾਬਾ ਜੀ ਤੇ ਮਰਦਾਨੇ ਦੀ ਸਾਂਝ ਹੀ ਸੀ ਜਿਸ ਨੇ ਸਿੱਖਾਂ ਨੂੰ ਧਰਮ-ਪਾਰਲੇ ਮਾਨਵਵਾਦ ਦਾ ਵਿਰਸਾ ਸੌਂਪਿਆ। ਕੋਈ ਸਾਂਝ ਵਰਗੀ ਸਾਂਝ ਸੀ ਇਹ! ਮਰਦਾਨੇ ਨੂੰ ਭਾਈ ਮਰਦਾਨਾ ਬਣਾ ਕੇ ਬਾਬਾ ਜੀ ਨੇ ਸਿੱਖੀ ਵਿਚ ਭਾਈ ਦੀ ਉਪਾਧੀ ਨੂੰ ਸਰਬ-ਉਚ ਸਥਾਪਤ ਕਰ ਦਿੱਤਾ।
ਜਨਮ-ਸਾਖੀਆਂ ਵਾਚਦਿਆਂ ਜਿੰਨਾ ਨੇੜਿਉਂ ਇਸ ਰਿਸ਼ਤੇ ਦੇ ਦਰਸ਼ਨ ਕਰਦੇ ਜਾਈਏ, ਮਨ ਓਨਾ ਨਿਰਮਲ ਹੁੰਦਾ ਜਾਂਦਾ ਹੈ। ਜੇ ਬਾਬਾ ਨਾਨਕ ਹਰ ਬੰਦੇ ਵਿਚ ਇਕੋ ਮਹਾਂਨੂਰ ਦੀ ਕਿਰਨ ਨਾ ਦੇਖਦੇ ਹੁੰਦੇ, ਉਹ ਮਰਦਾਨੇ ਨੂੰ ਆਪਣੇ ਮੱਤ ਵੱਲ ਮੋੜਨ ਦਾ ਯਤਨ ਕਰਦੇ। ਪਰ ਅਜਿਹੀ ਸੌੜੀ ਸੋਚ ਉਨ੍ਹਾਂ ਦੀ ਵਿਰਾਟ-ਵਿਸ਼ਾਲ ਬ੍ਰਹਿਮੰਡੀ ਗਿਆਨਵਾਨਤਾ ਦੇ ਨੇੜੇ-ਤੇੜੇ ਵੀ ਨਹੀਂ ਸੀ ਢੁੱਕ ਸਕਦੀ, ਜਿਸ ਗਿਆਨਵਾਨਤਾ ਸਾਹਮਣੇ ਗਗਨ ਇਕ ਥਾਲ, ਨੂਰ ਦੇ ਸੋਮੇ ਚੰਦ-ਸੂਰਜ ਦੀਪਕ, ਅੰਬਰ ਮੱਲੀ ਬੈਠੇ ਤਾਰੇ ਮੋਤੀ, ਵਣ-ਬਨਸਪਤੀ ਦੀ ਸੁਗੰਧ ਧੂਫ ਅਤੇ ਪੌਣ ਚੌਰ-ਸੇਵਿਕਾ ਬਣ ਜਾਂਦੀ ਹੈ। ਇਕ ਪਾਸੇ ਉਹ ਆਪਣੇ ਸਮਕਾਲੀ ਦੋਵਾਂ ਵੱਡੇ ਧਰਮਾਂ, ਹਿੰਦੂ ਧਰਮ ਤੇ ਇਸਲਾਮ ਵਿਚ ਆਏ ਵਿਗਾੜਾਂ ਤੋਂ ਫਿਕਰਮੰਦ ਹੋ ਕੇ ਦੋਵਾਂ ਤੋਂ ਪਾਰਲੀ ਕਿਸੇ ਵਿਚਾਰਧਾਰਾ ਬਾਰੇ ਸੋਚ ਰਹੇ ਸਨ ਤੇ ਦੂਜੇ ਪਾਸੇ ਭਾਈ ਮਰਦਾਨਾ ਪੰਜਾਂ ਵੇਲਿਆਂ ਦਾ ਨਿਮਾਜ਼ੀ, ਰਮਜ਼ਾਨ ਦੇ ਦਿਨੀਂ ਇਕ ਵੀ ਰੋਜ਼ਾ ਨਾ ਖੁੰਝਾਉਣ ਵਾਲਾ ਪੱਕਾ ਮੁਸਲਮਾਨ! ਉਦਾਸੀ ਸਮੇਂ ਭਾਈ ਜੀ ਦੀ ਨਿਮਾਜ਼ ਦਾ ਵੇਲਾ ਹੋ ਜਾਂਦਾ ਤਾਂ ਬਾਬਾ ਨਾਨਕ ਉਸੇ ਪੈਰ ਯਾਤਰਾ ਨੂੰ ਵਿਸਰਾਮ ਦੇ ਦਿੰਦੇ। ਉਨ੍ਹਾਂ ਦਾ ਪਰਮਾਤਮਾ ਨਾਲ ਲਿਵ ਲਾਉਣ ਦਾ ਵੇਲਾ ਆਉਂਦਾ ਤਾਂ ਉਨ੍ਹਾਂ ਦੀ ਬਾਣੀ ਦੀ ਸੁਰ ਤੇ ਭਾਈ ਮਰਦਾਨੇ ਦੀ ਰਬਾਬ ਦੀ ਤਾਣ ਤਾਂ ਸ਼ੀਰ-ਸ਼ੱਕਰ ਹੋ ਕੇ ਇਕ-ਮਿਕ ਹੋ ਹੀ ਜਾਂਦੀਆਂ, ਭਾਈ ਮਰਦਾਨੇ ਦਾ ਖੱਬਾ ਗੋਡਾ ਵੀ ਨਿਕਟ ਆਉਂਦਾ ਆਉਂਦਾ ਬਾਬਾ ਜੀ ਦੇ ਸੱਜੇ ਗੋਡੇ ਨਾਲ ਜੁੜ ਜਾਂਦਾ ਜਿਵੇਂ ਇਸ ਸਪਰਸ਼ ਨਾਲ ਬਾਬਾ ਜੀ ਦਾ ਅਲਾਪ ਹੀ ਦੂਜਾ ਰੂਪ ਧਾਰ ਕੇ ਰਬਾਬ ਦੀ ਤਾਣ ਬਣਨ ਲਗਦਾ ਹੋਵੇ!
ਜਪੁਜੀ ਸਾਹਿਬ ਬਾਰੇ ਲਿਖੀ ਆਪਣੀ ਪੁਸਤਕ ‘ੴ ਸਤਿਨਾਮḔ ਵਿਚ ਬਾਬਾ ਨਾਨਕ ਦੀ ਗੁੱਝੀ ਰਮਜ਼ ਪਛਾਣਦਿਆਂ ਤੇ ਉਨ੍ਹਾਂ ਦੇ ਫਲਸਫੇ ਦੇ ਤੱਤ-ਸਾਰ ਨੂੰ ਸਮਝਦਿਆਂ ਓਸ਼ੋ ਕਮਾਲ ਦੀਆਂ ਗੱਲਾਂ ਕਰਦਾ ਹੈ। ਉਹ ਕਹਿੰਦਾ ਹੈ, “ਨਾਨਕ ਨੇ ਯੋਗ ਨਹੀਂ ਕੀਤਾ, ਤਪ ਨਹੀਂ ਕੀਤਾ, ਧਿਆਨ ਨਹੀਂ ਕੀਤਾ, ਨਾਨਕ ਨੇ ਸਿਰਫ ਗਾਇਆ ਅਤੇ ਗਾ ਕੇ ਹੀ ਪਾ ਲਿਆ। ਪਰ ਗਾਇਆ ਉਨ੍ਹਾਂ ਨੇ ਪੂਰੇ ਪ੍ਰਾਣਾਂ ਨਾਲ ਕਿ ਗੀਤ ਹੀ ਧਿਆਨ ਹੋ ਗਿਆ, ਗੀਤ ਹੀ ਯੋਗ ਬਣ ਗਿਆ, ਗੀਤ ਹੀ ਤਪ ਹੋ ਗਿਆ।…ਪਰਮਾਤਮਾ ਦੇ ਰਾਹ ਉਤੇ ਨਾਨਕ ਲਈ ਗੀਤ ਅਤੇ ਫੁੱਲ ਹੀ ਵਿਛੇ ਹਨ। ਇਸ ਲਈ ਉਨ੍ਹਾਂ ਨੇ ਜੋ ਵੀ ਕਿਹਾ ਹੈ, ਗਾ ਕੇ ਕਿਹਾ ਹੈ। ਉਨ੍ਹਾਂ ਦਾ ਰਾਹ ਬਹੁਤ ਮਧੁਰ ਹੈ, ਰਸ-ਭਰਿਆ!”
ਦੇਖਣ ਵਾਲੀ ਗੱਲ ਇਹ ਹੈ ਕਿ ਭਾਈ ਮਰਦਾਨਾ ਬਾਬਾ ਜੀ ਦੇ ਇਸ ਕਰਮ ਵਿਚ ਪੱਕਾ ਭਾਈਵਾਲ ਸੀ। ਜਦੋਂ ਬਾਣੀ ਉਤਰਦੀ, ਉਹ ਆਖਦੇ, “ਭਾਈ ਮਰਦਾਨਿਆ, ਰਬਾਬ ਛੇੜ, ਬਾਣੀ ਆਈ ਏ!” ਤੇ ਮਸਤ ਹੋ ਕੇ ਗਾਵਣ ਲੱਗ ਪੈਂਦੇ! ਲਿਵ ਸਿੱਧੀ ਉਪਰ ਵਾਲੇ ਨਾਲ। ਲਿਵ ਕੀ, ਉਪਰ ਵਾਲੇ ਦਾ ਹੀ ਰੂਪ ਹੋ ਜਾਂਦੇ। ਤਦੇ ਤਾਂ ਭਾਈ ਮਰਦਾਨੇ ਨੇ ਪਰਮਾਤਮਾ ਦਾ ਰੂਪ ਹੋਏ ਬਾਬਾ ਜੀ ਨੂੰ ਬੜੇ ਮਾਣ ਨਾਲ ਹਸਦਿਆਂ ਆਖਿਆ ਸੀ, “ਭਾਈ ਨਾਨਕਾ, ਤੂੰ ਤਾਂ ਰੱਬ ਦੇਖਿਆ ਹੀ ਹੈ, ਮੈਂ ਤਾਂ ਪਾਇਆ ਹੈ!”
ਵੈਸੇ ਤਾਂ ਬਾਬਾ ਨਾਨਕ ਦੀ ਹਰ ਲੀਲ੍ਹਾ ਪੜ੍ਹ ਕੇ ਹੀ ਅਸਚਰਜ ਹੁੰਦਾ ਹੈ ਪਰ ਜੋ ਅਨੰਦ ਭਾਈ ਮਰਦਾਨੇ ਤੇ ਬੇਬੇ ਨਾਨਕੀ ਨਾਲ ਉਨ੍ਹਾਂ ਦੇ ਰਿਸ਼ਤੇ ਨੂੰ ਦੇਖ ਕੇ ਆਉਂਦਾ ਹੈ, ਉਹ ਅਕਥ ਹੈ। ਹਿੰਦੂਆਂ ਦਾ ਗੁਰੂ ਤੇ ਮੁਸਲਮਾਨਾਂ ਦਾ ਪੀਰ ਬਾਬਾ ਜਿਵੇਂ ਇਨ੍ਹਾਂ ਦੋਵਾਂ ਸਾਹਮਣੇ ਨਿੱਕਾ-ਨਿਆਣਾ ਬਣ ਜਾਂਦਾ ਹੈ, ਜਿਵੇਂ ਉਨ੍ਹਾਂ ਦੀ ਹਰ ਗੱਲ ਮੰਨਦਾ ਹੈ, ਜਿਵੇਂ ਉਨ੍ਹਾਂ ਦੇ ਹਰ ਕਹੇ ਉਤੇ ਫੁੱਲ ਚੜ੍ਹਾਉਂਦਾ ਹੈ, ਉਹ ਅਦਭੁਤ ਹੈ!
ਇਕ ਕਿੱਸਾ ਸੁਣੋ। ਨਵੀਂ ਰਬਾਬ ਖਰੀਦਣੀ ਹੈ। ਪੈਸੇ ਹੈ ਨਹੀਂ। ਮਰਦਾਨਾ ਆਖਦਾ ਹੈ, “ਜੀ, ਆਪਾਂ ਨੂੰ ਹੁਧਾਰ ਕੋਈ ਨਹੀਂ ਦੇਂਵਦਾ।” ਬਾਬਾ ਜੀ ਬੇਬੇ ਤੋਂ ਪੈਸੇ ਮੰਗਣੋਂ ਆਪ ਸੰਗਦੇ ਨੇ ਤੇ ਗੁੱਝੀ ਹਾਸੀ ਹਸਦੇ ਨੇ, “ਸਵਾਲੀ ਬਣਨਾ ਠੀਕ ਤਾਂ ਨਹੀਂ, ਪਰ ਕੀ ਕਰੀਏ, ਗਰਜ਼ ਕਾਰੇ ਕਰਾਉਂਦੀ ਹੈ, ਬੇਬੇ ਨਾਨਕੀ ਜੀ ਪਾਸ ਜਾਉ, ਉਥੋਂ ਪੈਸੇ ਮਿਲਣਗੇ।”
ਇਕ ਕਿੱਸਾ ਹੋਰ ਸੁਣੋ। ਉਦਾਸੀ ਚੜ੍ਹਨ ਲੱਗੇ ਤਾਂ ਸ਼ਾਇਦ ਮਿਲਣ-ਵਿਛੜਨ ਦੀ ਘੜੀ ਦੇ ਮੋਹ ਦੇ ਉਛਾਲਿਆਂ ਤੋਂ ਝਿਜਕ ਗਏ। ਤਲਵੰਡੀ ਵਾਲੇ ਪਰਿਵਾਰਕ ਜੀਆਂ ਨੂੰ ਮਿਲਣ ਤਾਂ ਕਿਥੋਂ ਜਾਣਾ ਸੀ, ਬੇਬੇ ਨੂੰ ਵੀ ਬਿਨ-ਮਿਲਿਆਂ ਹੀ ਜਾਣ ਵਾਸਤੇ ਤਿਆਰ ਹੋ ਗਏ। ਪਰ ਭਾਈ ਮਰਦਾਨੇ ਨੇ ਪੈਰ ਗੱਡ ਲਏ, “ਬੇਬੇ ਨੂੰ ਮਿਲ ਕੇ ਫੇਰ ਜਾਵਣਾ ਏ!” ਬਾਬਾ ਜੀ ਨੇ ਨੀਵੀਂ ਪਾਈ, “ਤੇਰਾ ਆਖਾ ਮੋੜਨਾ ਨਹੀਂ ਭਾਈ!”
ਕਹਾਵਤ ਹੈ ਕਿ ਇਤਿਹਾਸ ਆਮ ਕਰਕੇ ਰਾਜੇ-ਰਾਣੀਆਂ ਦੇ ਚੰਗੇ-ਮੰਦੇ ਕੰਮਾਂ, ਕਾਰਨਾਮਿਆਂ ਤੇ ਕਰਤੂਤਾਂ ਦਾ ਬਿਰਤਾਂਤ ਹੁੰਦਾ ਹੈ। ਇਸ ਕਰਕੇ ਜਦੋਂ ਕੋਈ ਲੇਖਕ ਰਾਜ-ਨਾਇਕਾਂ ਦੀ ਥਾਂ ਲੋਕ-ਨਾਇਕਾਂ ਦਾ ਜੀਵਨ ਲਿਖਣਾ ਸ਼ੁਰੂ ਕਰਦਾ ਹੈ, ਬਹੁਤੀ ਵਾਰ ਉਹਨੂੰ ਸੰਪੂਰਨ ਕੱਚੀ ਸਮਗਰੀ ਇਕੋ ਥਾਂ ਤੋਂ ਪ੍ਰਾਪਤ ਨਹੀਂ ਹੁੰਦੀ। ਇਹ ਕਾਰਜ ਉਹੋ ਜਿਹੀ ਘੋਖ-ਖੋਜ ਲੋੜਦਾ ਹੈ, ਜਿਸ ਦੀ ਦੱਸ ਇਸ ਪੁਸਤਕ ਵਿਚੋਂ ਪੈਂਦੀ ਹੈ। ਹਰ ਨਾਇਕ ਦੀ ਜੀਵਨ-ਗਾਥਾ ਲਿਖਦਿਆਂ ਲੇਖਕ ਨੇ ‘ਗੁਰ ਪ੍ਰਤਾਪ ਸੂਰਜ ਗ੍ਰੰਥḔ ਵਿਚੋਂ ਉਸ ਸਬੰਧੀ ਮਿਲੀ ਜਾਣਕਾਰੀ ਨੂੰ ਕੇਂਦਰੀ ਫੁੱਲ ਮਿਥ ਕੇ ਉਸ ਦੁਆਲੇ ਹੋਰ ਸਰੋਤਾਂ ਵਿਚਲੀ ਸੂਚਨਾ ਦੇ ਫੁੱਲ ਗੁੰਦਦਿਆਂ ਖੂਬਸੂਰਤ ਗੁਲਦਸਤਾ ਸਜਾਉਣ ਦੀ ਸਫਲਤਾ ਹਾਸਲ ਕੀਤੀ ਹੈ।
ਹੁਣ ਅਨੇਕ ਸੂਰਤਾਂ ਵਿਚ ਧਰਮਾਂ ਵਿਚਕਾਰ ਹੀ ਨਹੀਂ, ਧਰਮਾਂ ਦੇ ਅੰਦਰ ਵੀ ਵਖਰੇਵੇਂ, ਵਿਰੋਧ, ਟਕਰਾਉ, ਨਫਰਤ, ਹਿੰਸਾ ਆਦਿ ਵਰਤਾਰੇ ਨਿੱਤ ਦਾ ਸੰਕਟ ਬਣੇ ਹੋਏ ਹਨ ਤੇ ਇਸ ਸਭ ਕੁਝ ਲਈ ਇਕ ਸਾਂਝਾ ਨਾਂ ‘ਅਸਹਿਣਸ਼ੀਲਤਾḔ ਵੀ ਪ੍ਰਚਲਿਤ ਹੋ ਗਿਆ ਹੈ। ਸਮਾਜਕ-ਭਾਈਚਾਰਕ ਸਾਂਝ ਦੀ ਥਾਂ ਹਨੇਰਾ ਵਧਦਾ ਜਾਂਦਾ ਹੈ। ਨਿੱਤ-ਦਿਨ ਸੰਘਣੇ ਹੋ ਰਹੇ ਇਸ ਹਨੇਰੇ ਵਿਚ ਸਿੱਖੀ ਦੀ ਉਪਰੋਕਤ ਪਿਰਤ ਨੂਰ ਦੇ ਸੋਮੇ ਦੀ ਭੂਮਿਕਾ ਨਿਭਾ ਸਕਦੀ ਹੈ। ਮੈਂ ਇਸ ਪੁਸਤਕ ਦਾ ਮੁੱਖ ਮਹੱਤਵ ਇਸੇ ਉਦੇਸ਼ ਵਿਚ ਦੇਖਦਾ ਹਾਂ।
ਗੱਜਣਵਾਲਾ ਸੁਖਮਿੰਦਰ ਸਿੰਘ ਲਗਨ ਤੇ ਮਿਹਨਤ ਨਾਲ ਲਿਖਣ-ਕਾਰਜ ਕੀਤਾ ਹੋਣ ਦੇ ਬਾਵਜੂਦ ਨਿਮਰਤਾ ਦਾ ਪੱਲਾ ਨਹੀਂ ਛਡਦਾ। ਉਹ ਕਹਿੰਦਾ ਹੈ, “ਇਤਿਹਾਸ ਜਾਂ ਧਾਰਮਿਕ ਸਾਹਿਤ ਦੀ ਕਸਵੱਟੀ ‘ਤੇ ਇਨ੍ਹਾਂ ਰਚਨਾਵਾਂ ਵਿਚ ਬਹੁਤ ਉਕਾਈਆਂ ਹੋਣਗੀਆਂ।” ਆਪਣੀ ਮਿਹਨਤ ਤੋਂ ਇਲਾਵਾ ਉਹਨੇ ਇਕ ਚੰਗੀ ਗੱਲ ਇਹ ਕੀਤੀ ਹੈ ਕਿ ਪਹਿਲਾਂ ਇਹ ਲੇਖ ਪ੍ਰਸਿੱਧ ਰਸਾਲਿਆਂ ਵਿਚ ਪ੍ਰਕਾਸ਼ਿਤ ਕਰਵਾ ਦਿੱਤੇ। ਇਉਂ ਉਹਨੂੰ ਪਾਠਕਾਂ ਦੇ ਵਿਚਾਰਾਂ ਤੇ ਸੁਝਾਵਾਂ ਤੋਂ ਜਾਣੂ ਹੋਣ ਦਾ ਮੌਕਾ ਮਿਲ ਗਿਆ। ਸਿੱਖ ਇਤਿਹਾਸ, ਸਿੱਖ ਮਰਯਾਦਾ ਤੇ ਗੁਰਬਾਣੀ ਦੇ ਗਿਆਤਾ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ, ਮੰਨੇ ਹੋਏ ਇਤਿਹਾਸਕਾਰ ਡਾ. ਕਿਰਪਾਲ ਸਿੰਘ, ਸਿੱਖ ਫਲਸਫੇ ਤੇ ਸਮੁੱਚੇ ਪੰਜਾਬੀ ਅਧਿਆਤਮ ਤੇ ਸਭਿਆਚਾਰ ਦੇ ਨਿਪੁੰਨ ਪ੍ਰੋ. ਹਰਪਾਲ ਸਿੰਘ ਪੰਨੂ ਅਤੇ ਸਿੱਖ ਰਹਿਤਲ ਦੇ ਜਾਣਕਾਰ ਤੇ ਬਾਰੀਕਬੀਨ ਪੱਤਰਕਾਰ ਕਰਮਜੀਤ ਸਿੰਘ ਦੀ ਬੌਧਿਕ ਛਾਨਣੀ ਵਿਚੋਂ ਇਨ੍ਹਾਂ ਲੇਖਾਂ ਦਾ ਲੰਘਣਾ ਇਨ੍ਹਾਂ ਵਿਚਲੇ ਤੱਥਾਂ ਨੂੰ ਪ੍ਰਮਾਣਿਕਤਾ ਬਖਸ਼ਦਾ ਹੈ।
ਆਸ ਹੈ, ਇਹ ਪੁਸਤਕ ਗੁਰੂ ਸਾਹਿਬਾਨ ਦੇ ਇਨ੍ਹਾਂ ਮੁਸਲਮਾਨ ਸ਼ਰਧਾਲੂਆਂ ਦੇ ਜੀਵਨ ਬਾਰੇ ਜਾਣਕਾਰੀ ਤਾਂ ਦੇਵੇਗੀ ਹੀ, ਦੇਸ਼ ਵਿਚ ਵੱਖ ਵੱਖ ਧਰਮਾਂ ਵਿਚਕਾਰ ਵਗ ਰਹੀਆਂ ਅਸਹਿਣਸ਼ੀਲਤਾ ਦੀਆਂ ਤੱਤੀਆਂ ਹਵਾਵਾਂ ਦੇ ਮਾਹੌਲ ਵਿਚ ਸੀਤ ਪੌਣ ਦੇ ਭਰਾਤਰੀ-ਭਾਵੀ ਬੁੱਲੇ ਦਾ ਕੰਮ ਵੀ ਕਰੇਗੀ।