ਰਵਾਇਤੀ ਖੱਬੇ ਪੱਖੀ ਲਹਿਰ ਦਾ ਪੰਜਾਬ ਵਿਚ ਭਵਿਖ?

ਗੁਰਬਚਨ ਸਿੰਘ, ਜਲੰਧਰ
ਫੋਨ: 91-98156-98451
‘ਲਾਲ ਪਰਚਮ ਦੀ ਕਿਉਂ ਖੁੱਸੀ ਸਰਦਾਰੀḔ ਦੇ ਅਨੁਵਾਨ ਹੇਠ ਚੰਡੀਗੜ੍ਹ ਤੋਂ ਛਪਦੇ ਅਖਬਾਰ ਪੰਜਾਬੀ ਟ੍ਰਿਬਿਊਨ ਨੇ ਸੂਬੇ ਵਿਚ ਖੱਬੇ ਪੱਖੀ ਲਹਿਰ ਦੇ ਭਵਿਖ ਬਾਰੇ ਚਰਚਾ ਛੇੜੀ ਹੈ। ਆਜ਼ਾਦੀ ਦੇ 70 ਸਾਲਾਂ ਬਾਅਦ ਵੀ ਪੰਜਾਬ ‘ਚ ਖਬੀਆਂ ਧਿਰਾਂ ਦੇ ਪੈਰ ਕਿਉਂ ਨਹੀਂ ਲਗ ਸਕੇ, ਇਸ ਬਾਰੇ ਅੱਡ-ਅੱਡ ਧਿਰਾਂ ਦੇ ਆਗੂਆਂ ਦੇ ਵਿਚਾਰ ਜਾਣੇ ਹਨ। ਲਿਖਤ ਨੇ ਇਸ ਸੁਆਲ ਦਾ ਜੁਆਬ ਵੀ ਮੰਗਿਆ ਹੈ ਕਿ ਚਹੁੰਤਰਫੀ ਸੰਕਟ ਵਿਚ ਘਿਰੇ ਹੋਣ ਦੇ ਬਾਵਜੂਦ ਪੰਜਾਬ ਦੇ ਲੋਕ ਖੱਬੇ ਪੱਖੀ ਧਿਰਾਂ ਉਤੇ ਭਰੋਸਾ ਕਰਨ ਨੂੰ ਤਿਆਰ ਕਿਉਂ ਨਹੀਂ?

ਦਰਅਸਲ ਪੰਜਾਬ ਦੀ ਖੱਬੇ ਪੱਖੀ ਲਹਿਰ ਮੁਢੋਂ ਹੀ ਘੁਥੀ ਹੋਈ ਹੈ। ਇਸ ਲਹਿਰ ਨੇ ਨਾ ਸਿਰਫ ਮਾਰਕਸਵਾਦ ਦੀਆਂ ਕੁਝ ਕੁ ਸੁਣੀਆ-ਸੁਣਾਈਆਂ ਧਾਰਨਾਵਾਂ ਨੂੰ ਮਸ਼ੀਨੀ ਢੰਗ ਨਾਲ ਲਾਗੂ ਕਰਨ ਦੇ ਯਤਨ ਕੀਤੇ, ਸਗੋਂ ਮਾਰਕਸਵਾਦ ਦੀਆਂ ਬੁਨਿਆਦੀ ਧਾਰਨਾਵਾਂ ਨੂੰ ਜਾਣਨ ਦਾ ਕਦੇ ਗੰਭੀਰ ਯਤਨ ਹੀ ਨਹੀਂ ਕੀਤਾ। ਮਾਰਕਸ ਦੀ ਵਿਕਸਿਤ ਕੀਤੀ ਭੌਤਿਕਵਾਦੀ ਫਿਲਾਸਫੀ ਦਾ ਭਾਰਤ ਦੀ ਵੈਦਿਕ ਫਿਲਾਸਫੀ ਦੀ ਆਤਮਾ ਜਾਂ ਪੰਜਾਬ ਦੇ ਗੁਰਮਤਿ ਦੀ ਆਤਮਾ ਨਾਲ ਸੁਮੇਲ ਕਰਨ ਦੇ ਯਤਨ ਕਰਨਾ ਤਾਂ ਹੋਰ ਵੀ ਦੂਰ ਦੀ ਗੱਲ ਹੈ। ਮਾਰਕਸ ਦੀ ਫਿਲਾਸਫੀ ਤੋਂ ਟੁਟੀ ਲਹਿਰ ਭਲਾ ਲੋਕਾਂ ਨੂੰ ਸਹੀ ਰਾਜਨੀਤਕ ਅਗਵਾਈ ਕਿਵੇਂ ਦੇ ਸਕਦੀ ਹੈ? ਉਹ ਸਾਮਰਾਜੀ ਖਪਤਕਾਰੀ ਦੀ ਵਹਿਸ਼ਤ ਅਤੇ ਵਾਤਾਵਰਣ ਦੀ ਹੋ ਰਹੀ ਭਾਰੀ ਤਬਾਹੀ ਦਾ ਸਬੰਧ ਕਿਵੇਂ ਜੋੜ ਸਕਦੀ ਹੈ? ਆਤਮਿਕ ਤੌਰ ‘ਤੇ ਕੰਗਾਲ ਲਹਿਰ ਅਜੋਕੇ ਸਾਮਰਾਜੀ ਸੰਕਟ ਦੀ ਥਾਹ ਪਾ ਕੇ ਲੋਕਾਂ ਨੂੰ ਲਾਮਬੰਦ ਕਰਨ ਦਾ ਉਤਸ਼ਾਹ ਕਿਵੇਂ ਵਿਖਾ ਸਕਦੀ ਹੈ? ਜਿਹੜੇ ਲੋਕ ਪਰਵਾਸ ਵਿਚ ਲੋਕਾਂ ਦੀ ਮੁਕਤੀ ਵੇਖਦੇ ਹਨ, ਉਹ ਪਰਵਾਸ ਦੀ ਮਾਨਸਿਕ ਪੀੜ੍ਹ ਬਾਰੇ ਲੋਕਾਂ ਨੂੰ ਲਾਮਬੰਦ ਕਿਵੇਂ ਕਰ ਸਕਦੇ ਹਨ? ਉਹ ਕੁਦਰਤ ਤੇ ਮਨੁਖ ਪਖੀ ਵਿਕਾਸ ਦੀ ਥਾਹ ਕਿਵੇਂ ਪਾ ਸਕਦੇ ਹਨ? ਦਿਲਚਸਪ ਗੱਲ ਇਹ ਹੈ, ਕਿ ਪਿਛਲੇ ਛੇ ਦਹਾਕਿਆਂ ਤੋਂ ਖਬੀ ਲਹਿਰ ਦੀ ਏਕਤਾ ਦੀ ਗੱਲ ਕੀਤੀ ਜਾ ਰਹੀ ਹੈ, ਪਰ ਇਹ ਏਕਤਾ ਕਿਉਂ ਨਹੀਂ ਹੁੰਦੀ, ਇਸ ਬਾਰੇ ਕਦੇ ਲਹਿਰ ਨੇ ਗੰਭੀਰ ਤੇ ਜਚਵੀਂ ਸਵੈ-ਪੜਚੋਲ ਨਹੀਂ ਕੀਤੀ। ਪੜਚੋਲ, ਸਵੈ-ਪੜਚੋਲ ਦਾ ਮਾਰਕਸੀ ਸੰਕਲਪ ਤਾਂ ਉਂਜ ਹੀ ਵਿਸਰ ਗਿਆ ਜਾਪਦਾ ਹੈ।
ਕਮਿਊਨਿਸਟ ਪਾਰਟੀ ਦੇ ਮੈਨੀਫੈਸਟੋ ਵਿਚ ਦਰਜ ਹੈ ਕਿ ਫਰਾਂਸ ਦਾ ਸਮਾਜਵਾਦੀ ਤੇ ਕਮਿਊਨਿਸਟ ਸਾਹਿਤ, ਐਸਾ ਸਾਹਿਤ ਜੋ ਇਕ ਪੂੰਜੀਵਾਦੀ ਰਾਜ ਦੇ ਦਬਾਅ ਅਧੀਨ ਹੋਂਦ ਵਿਚ ਆਇਆ ਸੀ ਅਤੇ ਜੋ ਪੂੰਜੀਵਾਦ ਦੀ ਰਾਜਸੱਤਾ ਦੇ ਵਿਰੁਧ ਸੰਘਰਸ਼ ਦਾ ਪ੍ਰਗਟਾਵਾ ਸੀ, ਜਰਮਨੀ ਵਿਚ ਉਸ ਸਮੇ ਲਿਆਂਦਾ ਗਿਆ, ਜਦੋਂ ਜਰਮਨੀ ਵਿਚ ਪੂੰਜੀਵਾਦ ਨੇ ਹਾਲੇ ਜਗੀਰੂ ਤਾਨਾਸ਼ਾਹੀ ਦੇ ਵਿਰੋਧ ਵਿਚ ਸ਼ੁਰੂਆਤ ਹੀ ਕੀਤੀ ਸੀ। ਜਰਮਨ ਫਿਲਾਸਫਰਾਂ, ਬਣਨ ਵਾਲੇ ਫਿਲਾਸਫਰਾਂ, ਚੌਪੜੀ ਭਾਸ਼ਾ ਵਿਚ ਗੱਲਾਂ ਕਰਨ ਵਾਲਿਆਂ-ਸਭ ਨੇ ਇਸ ਸਾਹਿਤ ਨੂੰ ਫੌਰੀ ਹਥਿਆ ਲਿਆ। ਉਹ ਸਿਰਫ ਏਨੀ ਕੁ ਗੱਲ ਵਿਸਰ ਗਏ ਕਿ ਜਦੋਂ ਇਹ ਲਿਖਤਾਂ ਫਰਾਂਸ ਤੋਂ ਜਰਮਨੀ ਵਿਚ ਆਈਆਂ ਤਾਂ ਉਹ ਆਪਣੇ ਨਾਲ ਫਰਾਂਸੀਸੀ ਸਮਾਜੀ ਹਾਲਤਾਂ ਨਹੀਂ ਸਨ ਲਿਆਈਆਂ। ਜਰਮਨੀ ਦੀਆਂ ਸਮਾਜੀ ਹਾਲਤਾਂ ਨਾਲ ਸੰਪਰਕ ਵਿਚ ਆਉਂਦਿਆਂ ਹੀ, ਇਹ ਫਰਾਂਸੀਸੀ ਸਾਹਿਤ ਆਪਣੀ ਫੌਰੀ ਅਮਲਯੋਗ ਮਹੱਤਤਾ ਗੁਆ ਬੈਠਾ। ਜਰਮਨ ਸਾਹਿਤਕਾਰਾਂ ਨੇ ਨਵੇਂ ਫਰਾਂਸੀਸੀ ਵਿਚਾਰਾਂ ਦਾ ਆਪਣੀ ਪ੍ਰਾਚੀਨ ਫਿਲਾਸਫੀ ਦੀ ਆਤਮਾ ਨਾਲ ਸੁਮੇਲ ਕਰਨ ਜਾਂ ਫਿਲਾਸਫੀ ਦੇ ਆਪਣੇ ਪੁਰਾਣੇ ਦ੍ਰਿਸ਼ਟੀਕੋਣ ਨੂੰ ਤਿਆਗੇ ਬਿਨਾ ਹੀ ਫਰਾਂਸੀਸੀ ਵਿਚਾਰਾਂ ਉਤੇ ਕਬਜਾ ਕਰਨ ਦਾ ਯਤਨ ਕੀਤਾ। ਇਹ ਕਬਜਾ ਕਰਨ ਦਾ ਢੰਗ ਓਹੀ ਸੀ, ਜਿਵੇਂ ਅਨੁਵਾਦ ਰਾਹੀਂ ਇਕ ਵਿਦੇਸ਼ੀ ਭਾਸ਼ਾ ਹਥਿਆਈ ਜਾਂਦੀ ਹੈ।
ਇਹੀ ਤੱਥ ਇੰਨ-ਬਿੰਨ ਪੰਜਾਬ ਦੀ ਖੱਬੇ ਪੱਖੀ ਲਹਿਰ ਉਤੇ ਢੁਕਦਾ ਹੈ। ਇਨ੍ਹਾਂ ਨੇ ਕਦੇ ਵੀ ਇਹ ਜਾਣਨ ਦਾ ਯਤਨ ਨਹੀਂ ਕੀਤਾ ਕਿ ਮਾਰਕਸਵਾਦ ਦੀਆਂ ਜੋ ਸੁਣੀਆਂ ਸੁਣਾਈਆਂ ਧਾਰਨਾਵਾਂ ਨੂੰ ਇਹ ਲਾਗੂ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ, ਉਨ੍ਹਾਂ ਦਾ ਪੰਜਾਬੀ ਸਮਾਜ ਨਾਲ ਕੋਈ ਸਬੰਧ ਹੈ ਵੀ ਜਾਂ ਨਹੀਂ? ਅਜਿਹੀਆ ਕੋਸ਼ਿਸ਼ਾਂ ਦਾ ਮਾਰਕਸ ਨੇ ਕਮਿਊਨਿਸਟ ਮੈਨੀਫੈਸਟੋ ਵਿਚ ਹੀ ਬੜਾ ਖੂਬਸੂਰਤ ਮਜਾਕ ਉਡਾਇਆ ਹੈ। ਇਹੀ ਕਾਰਨ ਹੈ ਕਿ ਪੰਜਾਬ ਦੀ ਖੱਬੇ ਪੱਖੀ ਲਹਿਰ ਲੋਕਾਂ ਵਿਚ ਆਪਣੀਆਂ ਜੜ੍ਹਾਂ ਨਹੀਂ ਜਮਾ ਸਕੀ। ਸਮਾਜਵਾਦੀ ਸਮਾਜ ਦੀ ਉਸਾਰੀ ਲਈ ਗੁਰੂ ਸਾਹਿਬ ਦੀ ਏਨੀ ਮਹਾਨ ਫਿਲਾਸਫੀ ਅਤੇ ਗਦਰੀ ਬਾਬਿਆਂ ਦੇ ਏਨੇ ਸ਼ਾਨਦਾਰ ਵਿਰਸੇ ਦੇ ਬਾਵਜੂਦ ਖੱਬੇ ਪੱਖੀ ਲਹਿਰ ਪੰਜਾਬ ਵਿਚ ਆਪਣੀ ਹੋਂਦ ਬਚਾਉਣ ਲਈ ਤਰਲੇ ਲੈ ਰਹੀ ਹੈ।
ਮਾਰਕਸਵਾਦੀ ਵਿਚਾਰਧਾਰਾ ਦਾ ਸਭ ਤੋਂ ਮੁਢਲਾ ਸੁਆਲ ਹੈ ਕਿ ਭੌਤਿਕਵਾਦੀ ਕੌਣ ਹੈ ਅਤੇ ਆਦਰਸ਼ਵਾਦੀ ਕੌਣ ਹੈ? ਕਿਉਂਕਿ ਇਹੀ ਸੁਆਲ ਹੈ, ਜੋ ਮਨੁੱਖ ਦੀ ਸੋਚ ਦਾ ਫੈਸਲਾ ਕਰਦਾ ਹੈ ਕਿ ਉਸ ਨੇ ਹਕੀਕਤ ਨੂੰ ਮੰਨ ਕੇ ਆਪਣੀਆਂ ਕੁਦਰਤੀ ਲੋੜਾਂ ਅਨੁਸਾਰ ਜ਼ਿੰਦਗੀ ਜਿਉਣੀ ਹੈ ਜਾਂ ਸਾਮਰਾਜੀ ਖਪਤਕਾਰੀ ਦੀਆਂ ਇੱਛਾਵਾਂ ਦੀ ਪੂਰਤੀ ਲਈ ਭਟਕਦਿਆਂ ਸਾਰੀ ਉਮਰ ਮਾਨਸਿਕ ਕਲਪਨਾ ਵਿਚ ਜਿਉਂਦਿਆ ਹੀ ਲੰਘਾ ਦੇਣੀ ਹੈ।
ਫ੍ਰੈਡਰਿਕ ਏਂਗਲਜ ਨੇ ਇਨ੍ਹਾਂ ਦੋਹਾਂ ਦ੍ਰਿਸ਼ਟੀਕੋਣਾਂ ਵਿਚ ਬੜਾ ਸਪਸ਼ਟ ਨਿਖੇੜਾ ਕੀਤਾ ਹੈ, “ਇਹ ਸੁਆਲ ਕਿ ਬੁਨਿਆਦੀ ਕੀ ਹੈ? ਮਨੁੱਖੀ ਮਨ ਜਾਂ ਕੁਦਰਤ ਨੇ ਚਰਚ (ਮਜ੍ਹਬ) ਨੂੰ ਸੰਬੋਧਨ ਹੁੰਦਿਆਂ, ਇਸ ਧਾਰਨਾ ਦਾ ਰੂਪ ਲਿਆ? ਕੀ ਸੰਸਾਰ ਦੀ ਰਚਨਾ ਰੱਬ ਨੇ ਕੀਤੀ ਹੈ? ਜਾਂ ਅੰਤਹੀਣ ਆਦਿ ਕਾਲ ਤੋਂ ਸੰਸਾਰ ਇਵੇਂ ਹੀ ਹੋਂਦ ਵਿਚ ਹੈ? ਇਸ ਸੁਆਲ ਦਾ ਜੁਆਬ ਦੇਣ ਵਾਲੇ ਫਿਲਾਸਫਰ ਦੋ ਵੱਡੇ ਧੜਿਆਂ ਵਿਚ ਵੰਡੇ ਹੋਏ ਸਨ। ਜਿਹੜੇ ਕੁਦਰਤ ਨਾਲੋਂ ਮਨੁੱਖੀ ਮਨ ਨੂੰ ਸਿਰਮੌਰ ਮੰਨਦੇ ਸਨ ਅਤੇ ਅੰਤਿਮ ਤੌਰ ‘ਤੇ ਕਿਸੇ ਵੀ ਤਰ੍ਹਾਂ ਸੰਸਾਰ ਦੀ ਰਚਨਾ ਹੋਈ ਮੰਨਦੇ ਸਨ, ਉਹ ਸਾਰੇ ਆਦਰਸ਼ਵਾਦੀ ਧੜਾ ਬਣੇ ਅਤੇ ਦੂਜੇ ਜਿਹੜੇ ਕੁਦਰਤ ਨੂੰ ਸਿਰਮੌਰ ਮੰਨਦੇ ਸਨ, ਉਹ ਸਾਰੇ ਭੌਤਿਕਵਾਦੀਆਂ ਦੀਆਂ ਅੱਡ-ਅੱਡ ਧਿਰਾਂ ਵਿਚ ਸ਼ੁਮਾਰ ਹੁੰਦੇ ਸਨ। ਆਦਰਸ਼ਵਾਦ ਅਤੇ ਭੌਤਿਕਵਾਦ-ਇਹ ਦੋ ਪਰਿਪਾਟੀਆਂ ਮੌਲਿਕ ਰੂਪ ਵਿਚ ਇਸ ਤੋਂ ਬਿਨਾ ਹੋਰ ਕੋਈ ਅਹਿਮੀਅਤ ਨਹੀਂ ਸਨ ਰਖਦੀਆਂ ਅਤੇ ਇਥੇ ਵੀ ਅਸੀਂ ਇਨ੍ਹਾਂ ਦੀ ਵਰਤੋਂ ਇਸ ਤੋਂ ਬਿਨਾ ਹੋਰ ਕਿਸੇ ਭਾਵਨਾ ਨਾਲ ਨਹੀਂ ਕਰ ਰਹੇ। ਪਰ ਸੋਚ ਵਿਚ ਉਲਝਣਾਂ ਉਦੋਂ ਪੈਦਾ ਹੁੰਦੀਆਂ ਹਨ, ਜਦੋਂ ਇਨ੍ਹਾਂ ਪਰਿਪਾਟੀਆਂ ਨੂੰ ਕੁਝ ਹੋਰ ਅਰਥ ਦਿਤੇ ਜਾਂਦੇ ਹਨ।” ਏਂਗਲਜ ਦੇ ਇਸ ਪੈਮਾਨੇ ਉਤੇ ਗੁਰਮਤਿ ਅਤੇ ਡਾ. ਅੰਬੇਡਕਰ ਦੀ ਫਿਲਾਸਫੀ ਪੂਰੇ ਉਤਰਦੇ ਹਨ। ਪਰ ਇਨ੍ਹਾਂ ਖੱਬੇ ਪੱਖੀਆਂ ਨੇ ਇਹ ਸਾਂਝ ਲੱਭਣ ਦਾ ਕਦੇ ਯਤਨ ਨਹੀਂ ਕੀਤਾ।
ਭੌਤਿਕਵਾਦ ਅਤੇ ਆਦਰਸ਼ਵਾਦ ਵਿਚਾਲੇ ਸਪਸ਼ਟ ਨਿਖੇੜਾ ਕਰਨ ਤੋਂ ਬਾਅਦ ਮਾਰਕਸਵਾਦੀ ਵਿਚਾਰਧਾਰਾ ਭੌਤਿਕਵਾਦੀਆਂ ਦੀਆਂ ਦੋ ਧਾਰਾਵਾਂ ਵਿਚ ਵੀ ਸਪਸ਼ਟ ਨਿਖੇੜਾ ਕਰਦੀ ਹੈ। ਭੌਤਿਕਵਾਦੀਆਂ ਦੀ ਪਹਿਲੀ ਧਾਰਾ ਜ਼ਿੰਦਗੀ ਨੂੰ ਮਹਿਜ ਸਰੀਰਕ ਪੱਧਰ ਉਤੇ ਜਿਉਣ ਵਾਲੇ ਤੇ ਸਾਮਰਾਜੀ ਖਪਤਕਾਰੀ ਦੇ ਸ਼ਿਕਾਰ ਲੋਕਾਂ ਦੀ ਹੈ, ਜਿਨ੍ਹਾਂ ਬਾਰੇ ਫ੍ਰੈਡਰਿਕ ਏਂਗਲਜ ਨੇ ਲਿਖਿਆ ਹੈ, “ਜ਼ਿੰਦਗੀ ਨੂੰ ਸਿਰਫ ਇਕਹਿਰੇ ਸਰੀਰਕ ਪੱਧਰ ਉਤੇ ਜਿਉਣ ਵਾਲੇ ਸਿਧੜ ਮਨੁਖ ਲਈ ਭੌਤਿਕਵਾਦ ਦਾ ਮਤਲਬ ਪੇਟੂਪੁਣਾ, ਨਸ਼ੇਖੋਰੀ, ਅੱਖਾਂ ਦੀ ਹਵਸ ਅਤੇ ਕਾਮੁਕ ਲਾਲਸਾਵਾਂ ਦੀ ਪੂਰਤੀ ਕਰਨਾ, ਵਿਖਾਵੇ ਭਰੀ ਜ਼ਿੰਦਗੀ ਜਿਉਣਾ ਤੇ ਹਰ ਤਰ੍ਹਾਂ ਦੇ ਲਾਭ ਮਗਰ ਦੌੜਨਾ ਹੈ। ਲਾਲਸਾਵਾਂ ਨਾਲ ਭਰਿਆ ਲੋਭੀ, ਹਿਰਸੀ, ਸ਼ੇਅਰ ਬਾਜ਼ਾਰੂ ਠੱਗੀ ਅਤੇ ਇਸ ਤਰ੍ਹਾਂ ਦੇ ਸਾਰੇ ਨੀਚ ਐਬਾਂ ਨਾਲ ਗ੍ਰਸਤ ਮਨੁਖ ਆਪਣੀ ਜਾਤੀ ਜ਼ਿੰਦਗੀ ਵਿਚ ਇਨ੍ਹਾਂ ਸਭ ਅਲਾਮਤਾਂ ਦਾ ਲੁਕਵੇਂ ਰੂਪ ਵਿਚ ਸ਼ਿਕਾਰ ਹੁੰਦਾ ਹੈ। ਆਦਰਸ਼ਵਾਦ ਤੋਂ ਉਸ ਦਾ ਭਾਵ ਨੇਕ ਗੁਣਾਂ ਵਿਚ ਭਰੋਸਾ, ਸਰਬਤ ਦੇ ਭਲੇ ਦੀ ਭਾਵਨਾ ਅਤੇ ਆਮ ਤੌਰ ‘ਤੇ ਇਕ Ḕਨੇਕ ਸੰਸਾਰḔ ਤੋਂ ਹੁੰਦਾ ਹੈ। ਇਸ ਦੀਆਂ ਉਹ ਦੂਜਿਆਂ ਲੋਕਾਂ ਸਾਹਮਣੇ ਬੜੀਆ ਫੜ੍ਹਾਂ ਮਾਰਦਾ ਹੈ, ਪਰ ਜਿਨ੍ਹਾਂ ਵਿਚ ਖੁਦ ਉਹ ਓਨਾ ਚਿਰ ਹੀ ਯਕੀਨ ਕਰਦਾ ਹੈ, ਜਿੰਨਾ ਚਿਰ ਉਹ ਇਕਹਿਰੇ ਭੌਤਿਕਵਾਦ ਦੇ ਭੋਗੀ ਅਤਿ ਦੇ ਸਿਟੇ ਵਜੋਂ, ਜਾਂ ਤਾਂ ਇਨ੍ਹਾਂ ਦਾ ਖਮਿਆਜਾ ਭੁਗਤ ਰਿਹਾ ਹੁੰਦਾ ਹੈ ਜਾਂ ਫਿਰ ਇਨ੍ਹਾਂ ਦੇ ਦੀਵਾਲੀਏਪਣ ਦੇ ਦੌਰ ਵਿਚੋਂ ਲੰਘ ਰਿਹਾ ਹੁੰਦਾ ਹੈ। ਉਦੋਂ ਹੀ ਉਹ ਆਪਣਾ ਮਨਪਸੰਦ ਗੀਤ ਗਾਉਂਦਾ ਹੈ, ਮਨੁਖ ਕੀ ਹੈ? ਅੱਧਾ ਪਸੂ, ਅੱਧਾ ਦੇਵਤਾ।”
ਆਪਣੀਆਂ ਕੁਦਰਤੀ ਲੋੜਾਂ ਤੋਂ ਆਤਮਿਕ ਤੌਰ ‘ਤੇ ਸੁਚੇਤ, ਭੌਤਿਕਵਾਦੀਆਂ ਦੀ ਦੂਜੀ ਧਾਰਾ ਬਾਰੇ ਮਾਰਕਸ ਨੇ ਕਿਹਾ ਹੈ ਕਿ ਬਾਕੀ ਜੀਵਾਂ ਨੇ ਕਿਵੇਂ ਜਿਉਣਾ ਹੈ, ਇਸ ਦਾ ਘੇਰਾ ਕੁਦਰਤ ਨੇ ਮਿਥ ਦਿਤਾ ਹੈ। ਇਸ ਘੇਰੇ ਨੂੰ ਤੋੜੇ ਬਿਨਾ ਉਹ ਬੜੀ ਸ਼ਾਂਤੀ ਨਾਲ ਇਸ ਘੇਰੇ ਵਿਚ ਵਿਚਰਦੇ ਹਨ। ਪਰ ਦੈਵੀ ਸ਼ਕਤੀ ਨੇ ਮਨੁਖ ਲਈ ਇਕ ਆਮ ਨਿਸ਼ਾਨਾ ਮਿਥਿਆ ਹੈ ਕਿ ਉਹ ਖੁਦ ਅਤੇ ਮਨੁਖਤਾ ਨੂੰ ਹੋਰ ਉੱਚਾ ਚੁੱਕੇ ਅਤੇ ਨੇਕ ਬਣਾਏ। ਯਕੀਨਨ ਇਸ ਦਾ ਮੁਖ ਮੰਤਵ ਸਰਬਤ ਦਾ ਭਲਾ ਅਤੇ ਸਾਡੀ ਖੁਦ ਦੀ ਪੂਰਨਤਾ ਹੋਣਾ ਚਾਹੀਦਾ ਹੈ। ਇਹ ਕਦੀ ਸਾਡੀ ਸੋਚ ਵਿਚ ਹੀ ਨਹੀਂ ਆਉਣਾ ਚਾਹੀਦਾ ਕਿ ਇਹ ਦੋਵੇਂ ਪਖ ਟਕਰਾਵੇਂ ਹਨ ਜਾਂ ਇਕ ਦੂਜੇ ਦੇ ਵਿਰੋਧੀ ਹਨ। ਸਗੋਂ ਇਸ ਦੇ ਐਨ ਉਲਟ ਮਨੁਖ ਦਾ ਕੁਦਰਤੀ ਸੁਭਾਅ ਹੀ ਇਸ ਤਰ੍ਹਾਂ ਦਾ ਹੈ ਕਿ ਉਹ ਆਪਣੇ ਸੰਗੀ ਮਨੁਖਾਂ ਦੀ ਪੂਰਨਤਾ ਲਈ ਅਤੇ ਉਨ੍ਹਾਂ ਦੇ ਭਲੇ ਲਈ ਕੰਮ ਕਰਦਾ ਹੋਇਆ ਹੀ, ਆਪਣੀ ਖੁਦ ਦੀ ਪੂਰਨਤਾ ਪ੍ਰਾਪਤ ਕਰ ਸਕਦਾ ਹੈ। ਇਤਿਹਾਸ ਉਨ੍ਹਾਂ ਨੂੰ ਸਭ ਤੋਂ ਵਧ ਮਹਾਨ ਮਨੁਖ ਕਹਿੰਦਾ ਹੈ, ਜੋ ਸਰਬ-ਸਾਂਝੀਵਾਲਤਾ ਲਈ ਕੰਮ ਕਰਦੇ ਹੋਏ ਆਪਣੇ ਆਪ ਨੂੰ ਨੇਕ ਬਣਾਉਂਦੇ ਹਨ। ਧਰਮ ਵੀ ਸਾਨੂੰ ਇਹੀ ਸਿਖਾਉਂਦਾ ਹੈ ਕਿ ਮਨੁਖਤਾ ਖਾਤਰ ਆਪਣੇ-ਆਪ ਨੂੰ ਕੁਰਬਾਨ ਕਰ ਦੇਣ ਵਾਲੇ ਆਦਰਸ਼ ਪੁਰਖ ਦੀ ਹੀ ਸਾਰੇ ਨਕਲ ਕਰਨਾ ਚਾਹੁੰਦੇ ਹਨ।
ਜ਼ਿੰਦਗੀ ਵਿਚ ਜੇ ਅਸੀਂ ਬਹੁਤਾ ਕੰਮ ਮਨੁਖਤਾ ਦੇ ਭਲੇ ਲਈ ਕਰੀਏ ਤਾਂ ਕੋਈ ਵੀ ਬੋਝ ਸਾਨੂੰ ਝੁਕਾ ਨਹੀਂ ਸਕੇਗਾ ਕਿਉਂਕਿ ਉਹ ਸਰਬਤ ਦੇ ਭਲੇ ਲਈ ਕੀਤੀ ਕੁਰਬਾਨੀ ਹੋਵੇਗੀ। ਫਿਰ ਅਸੀਂ ਨਿਗੂਣਾ, ਸੀਮਤ ਅਤੇ ਸੁਆਰਥੀ ਅਨੰਦ ਨਹੀਂ ਮਾਣਾਂਗੇ, ਸਗੋਂ ਸਾਡੀ ਖੁਸ਼ੀ ਦਾ ਸਬੰਧ ਕਰੋੜਾਂ ਲੋਕਾਂ ਦੀ ਖੁਸ਼ੀ ਨਾਲ ਹੋਵੇਗਾ। ਸਾਡੇ ਕੀਤੇ ਕੰਮ ਚੁਪਚੁਪੀਤੇ ਪਰ ਨਿਰੰਤਰ ਕਾਰਜਸ਼ੀਲ ਰਹਿਣਗੇ ਅਤੇ ਸਾਡੇ ਮਰਨ ਤੋਂ ਬਾਅਦ ਸਾਡੀ ਰਾਖ ਉਤੇ ਨੇਕ ਲੋਕਾਂ ਦੇ ਕੋਸੇ-ਕੋਸੇ ਹੰਝੂ ਡਿਗਣਗੇ। ਪਰ ਭੌਤਿਕਵਾਦੀਆਂ ਦੀ ਇਸ ਧਾਰਾ ਬਾਰੇ ਮਾਰਕਸ ਨੇ ਨਾਲ ਮਨੁੱਖ ਦੀ ਆਤਮਿਕ ਆਜ਼ਾਦੀ ਦੀ ਸ਼ਰਤ ਵੀ ਲਾਈ ਹੈ। ਭੌਤਿਕਵਾਦੀਆਂ ਦੀ ਇਹੀ ਵੰਡ ਭਾਰਤੀ ਫਿਲਾਸਫੀ ਵਿਚ ਚਾਰਵਾਕੀਆਂ ਨੇ ਕੀਤੀ ਹੈ। ਇਹੀ ਵੰਡ ਗੁਰਮਤਿ ਨੇ ਗੁਰਮੁਖ ਅਤੇ ਮਨਮੁਖ ਵਿਚਕਾਰ ਕੀਤੀ ਹੈ।
ਅੱਜ ਦੁਨੀਆਂ ਭਰ ਵਿਚ ਤਮਾਕੂ ਵਿਰੋਧੀ ਲਹਿਰ ਚਲ ਰਹੀ ਹੈ। ਦੁਨੀਆਂ ਭਰ ਦੇ ਕਰੀਬ ਸਾਰੇ ਦੇਸ਼ਾਂ ਦੇ ਸਿਆਣੇ ਲੋਕ ਅਰਬਪਤੀ ਤਮਾਕੂ ਕੰਪਨੀਆਂ ਦੀਆਂ ਧੱਕੜ ਨੀਤੀਆਂ ਵਿਰੁਧ ਆਵਾਜ਼ ਉਠਾ ਰਹੇ ਹਨ। ਸਿੱਖ ਗੁਰੂ ਸਾਹਿਬਾਨ ਦੀ ਪ੍ਰੇਰਨਾ ਸਦਕਾ ਹੁਣ ਤੱਕ ਸਿੱਖ ਵਧ ਘਟ ਇਸ ਜੂਠ ਤੋਂ ਬਚੇ ਆ ਰਹੇ ਸਨ। ਪਰ ਨਾਗੀਰੈਡੀ ਗਰੁਪ ਦੇ ਜਨਰਲ ਸਕੱਤਰ ਪ੍ਰੋ. ਹਰਭਜਨ ਸੋਹੀ ਨਾ ਸਿਰਫ ਆਪ ਲਗਾਤਾਰ ਸਿਗਰਟਾਂ ਪੀਣ ਦੇ ਆਦੀ ਸਨ, ਸਗੋਂ ਉਨ੍ਹਾਂ ਨੇ ਇਹ ਮੰਦੀ ਆਦਤ ਸਾਰੇ ਨਕਸਲੀ ਗਰੁਪਾਂ ਤਕ ਫੈਲਾਈ। ਹਾਲਤ ਇਹ ਸੀ ਕਿ ਬੜੀਆਂ ਅਹਿਮ ਬੈਠਕਾਂ ਕਰਨ ਵੇਲੇ ਵੀ ਇਹ ਖਿਆਲ ਰਖਿਆ ਜਾਂਦਾ ਸੀ ਕਿ ਬੈਠਕ ਉਥੇ ਕੀਤੀ ਜਾਏ ਜਿਥੇ ਇਹ ਖੁਲ੍ਹ ਮਿਲੇ। ਇਹ ਮੈਂ ਜਾਤੀ ਆਧਾਰ ਉਤੇ ਲਿਖ ਰਿਹਾ ਹਾਂ। ਇਸੇ ਆਦਤ ਕਾਰਨ ਨਕਸਲੀ ਲਹਿਰ ਸਿੱਖ ਆਧਾਰ ਤੋਂ ਟੁੱਟ ਗਈ। ਮਾਰਕਸ ਦਾ ਕਮਿਊਨਿਜ਼ਮ ਕੁਦਰਤ ਨਾਲ ਇਕਮਿਕ ਹੈ ਜਾਂ ਇਸ ਦਾ ਅੰਤਿਮ ਨਿਸ਼ਾਨਾ ਮਨੁੱਖ ਦੀ ਆਤਮਿਕ ਆਜ਼ਾਦੀ ਹੈ, ਇਸ ਦੀ ਥਾਂ ਉਨ੍ਹਾਂ ਦਾ ਆਪਣਾ ਆਦਰਸ਼ ਪੱਛਮੀ ਸਮਾਜ ਦੀਆਂ ਖੁੱਲ੍ਹਾ ਮਾਣਨ ਤਕ ਸੀਮਤ ਸੀ।