ਗੁਲਜ਼ਾਰ ਸਿੰਘ ਸੰਧੂ
ਅੱਠ ਮਾਰਚ ਦੁਨੀਆਂ ਭਰ ਵਿਚ ਮਹਿਲਾ ਦਿਵਸ ਵਜੋਂ ਮਨਾਇਆ ਜਾਂਦਾ ਹੈ। ਮਹਿਲਾਵਾਂ ਨੂੰ ਸਰੀਰਕ ਤੇ ਆਤਮਕ ਸ਼ਕਤੀ ਦੇਣ ਦੀਆਂ ਗੱਲਾਂ ਹੁੰਦੀਆਂ ਹਨ। ਬਲਾਤਕਾਰੀਆਂ ਨੂੰ ਸਜ਼ਾਵਾਂ ਵੀ ਦਿੱਤੀਆਂ ਜਾ ਰਹੀਆਂ ਹਨ। ਪਰ ਮਰਦਾਂ ਦੀ ਮਾਨਸਿਕਤਾ ਵਿਚ ਅਜਿਹਾ ਨਿਘਾਰ ਆ ਚੁੱਕਾ ਹੈ ਕਿ ਮਹਿਲਾ ਦੇ ਅਪਮਾਨ ਦੀਆਂ ਖਬਰਾਂ ਦਾ ਕੋਈ ਅੰਤ ਨਹੀਂ ਰਿਹਾ। ਸਮੂਹਕ ਬਲਾਤਕਾਰ ਦੇ ਕਿੱਸੇ ਵੀ ਹੁੰਦੇ ਹਨ। ਬਲਾਤਕਾਰ ਦੇ ਦੋਸ਼ੀਆਂ ਵਿਚ ਪੁਲਸੀਆਂ ਦੇ ਨਾਂ ਵੀ ਆ ਰਹੇ ਹਨ। ਧੀ ਧਿਆਣੀ ਦੀ ਰਾਖੀ ਕਰਨ ਵਾਲੇ ਪੁਲਸੀਆਂ ਦੇ ਕਾਤਲਾਂ ਦੇ ਵੀ। ਜਾਪਦਾ ਇਹ ਹੈ ਕਿ ਦੋਸ਼ੀਆਂ ਨੂੰ ਪੁਰਾਣੇ ਸਮਿਆਂ ਵਾਂਗ ਅਪੰਗ ਕਰਕੇ ਜੀਵਨ ਭਰ ਲਈ ਜੇਲ੍ਹਾਂ ਵਿਚ ਤਾੜਨ ਤੋਂ ਬਿਨਾ ਇਸ ਮਾਨਸਿਕਤਾ ਦਾ ਕੋਈ ਇਲਾਜ ਨਹੀਂ।
ਇਹ ਵੀ ਸਬੱਬ ਹੈ ਕਿ 8 ਮਾਰਚ ਨੂੰ ਜਨਮ ਲੈਣ ਵਾਲਾ ਉਰਦੂ ਕਵੀ ਤੇ ਗੀਤਕਾਰ ਆਪਣੀ ਮਾਂ ਦਾ ਬਹੁਤ ਆਦਰ ਮਾਣ ਕਰਦਾ ਸੀ। ‘ਔਰਤ ਨੇ ਜਨਮ ਦੀਆ ਮਰਦੋਂ ਕੋ, ਮਰਦੋਂ ਨੇ ਉਸੇ ਬਦਨਾਮ ਕੀਆ’ ਮੁਖੜੇ ਵਾਲਾ ਗੀਤ ਲਿਖਣ ਵਾਲਾ ਵੀ ਉਹੀਓ ਸੀ। ਇਸ ਗੀਤ ਨੂੰ ਉਰਦੂ ਜ਼ੁਬਾਨ ਦੇ ਰਸੀਏ ਮਰਦ ਤੇ ਔਰਤਾਂ ਗਾਉਂਦੇ ਆਏ ਹਨ। ਸਾਹਿਰ ਲੁਧਿਆਣਵੀ ਦੀ ਜਨਮ ਸ਼ਤਾਬਦੀ ਸਮੇਂ ਭਾਰਤ ਸਰਕਾਰ ਵਲੋਂ ਸਾਹਿਰ ਲੁਧਿਆਣਵੀ ਦੇ ਨਾਂ ਦੀ ਡਾਕ ਟਿਕਟ ਜਾਰੀ ਕੀਤੇ ਜਾਣ ਨੂੰ ਚਿੰਨ੍ਹਾਤਮਕ ਮਲ੍ਹਮ ਵਜੋਂ ਲਿਆ ਜਾਣਾ ਚਾਹੀਦਾ ਹੈ। ਕਹਿੰਦੇ ਹਨ ਇਸ ਦਾ ਸੁਝਾਅ ਦਿੱਲੀ ਰਹਿ ਚੁੱਕੇ ਪੁਲਿਸ ਕਮਿਸ਼ਨਰ ਕੇæ ਕੇæ ਪਾਲ ਵਲੋਂ ਆਇਆ ਸੀ। ਸਾਡੇ ਦੇਸ਼ ਵਿਚ ਅਜਿਹੇ ਅਮਲ ਵੀ ਸਬੱਬ ਨਾਲ ਬਣਦੇ ਹਨ। ਮੈਂ 7 ਅਪਰੈਲ 1997 ਨੂੰ ਪੰਜਾਬੀ ਨਾਵਲਕਾਰ ਨਾਨਕ ਸਿੰਘ ਦੇ ਨਾਂ ਦੀ ਟਿਕਟ ਜਾਰੀ ਕੀਤੇ ਜਾਣ ਸਮੇਂ ਦਾ ਚਸ਼ਮਦੀਦ ਗਵਾਹ ਹਾਂ। ਇਹ ਟਿਕਟ ਪੰਜਾਬੀ ਪ੍ਰਕਾਸ਼ਕ ਭਾਪਾ ਪ੍ਰੀਤਮ ਸਿੰਘ ਦੇ ਸੁਝਾਅ ਉਤੇ ਸ਼੍ਰੀ ਇੰਦਰ ਕੁਮਾਰ ਗੁਜਰਾਲ ਵਲੋਂ ਜਾਰੀ ਕੀਤੀ ਗਈ ਸੀ। ਅਸੀਂ ਤਾਂ ਚਾਹਾਂਗੇ ਕਿ ਲੇਖਕਾਂ ਤੇ ਕਲਾਕਾਰਾਂ ਦੇ ਘਰਾਂ ਜਾਂ ਟਿਕਾਣਿਆਂ ਨੂੰ ਸ਼ੇਕਸਪੀਅਰ, ਟਾਮਸ ਹਾਰਡੀ, ਲਾਰਡ ਬਾਇਰਨ ਦੇ ਘਰਾਂ ਤੇ ਟਿਕਾਣਿਆਂ ਵਰਗਾ ਸਤਿਕਾਰ ਮਿਲੇ ਜਿਸ ਤਰ੍ਹਾਂ ਇੰਗਲੈਂਡ ਵਿਚ ਹੈ। ਫੇਰ ਵੀ ਭਾਰਤ ਸਰਕਾਰ ਵਲੋਂ ਦਿੱਤੀ ਗਈ ਥੋੜੀ ਸ਼ੋਭਾ ਦਾ ਵੀ ਸਵਾਗਤ ਹੋਣਾ ਕਰਨਾ ਬਣਦਾ ਹੈ।
ਸੈਕੰਡਰੀ ਸਕੂਲਾਂ ਦੇ ਮੈਗਜ਼ੀਨ
ਸਾਲ 2012 ਨੂੰ ਅਲਵਿਦਾ ਕਹਿਣ ਤੋਂ ਪਹਿਲਾਂ ਪੰਜਾਬ ਦੇ ਸਰਕਾਰੀ ਸੈਕੰਡਰੀ ਤੇ ਸੀਨੀਅਰ ਸੈਕੰਡਰੀ ਸਕੂਲਾਂ ਨੇ ਸਕੂਲੀ ਬੱਚਿਆਂ ਨੂੰ ਰੁਝਾਈ ਰੱਖਣ ਤੇ ਉਸਾਰੂ ਕਾਰਜਾਂ ਲਈ ਤਿਆਰ ਕਰਨ ਦੇ ਮੰਤਵ ਨਾਲ ਇਕ ਬਹੁਤ ਵਧੀਆ ਪਹਿਲਕਦਮੀ ਕੀਤੀ। ਸਕੂਲਾਂ ਨੇ ਇਹ ਕਦਮ ਨਵ-ਨਿਯੁਕਤ ਡਾਇਰੈਕਟਰ ਜਨਰਲ ਕਾਹਨ ਸਿੰਘ ਪੰਨੂੰ ਦੇ ਨਿਰਦੇਸ਼ਾਂ ਅਧੀਨ ਚੁਕਿਆ ਹੈ। ਇਨ੍ਹਾਂ ਮੈਗਜ਼ੀਨਾਂ ਵਿਚ ਨਿੱਕੇ ਬੱਚਿਆਂ ਨੇ ਗੀਤ, ਕਵਿਤਾਵਾਂ, ਕਹਾਣੀਆਂ ਤੇ ਲੇਖਾਂ ਰਾਹੀਂ ਆਪਣੇ ਮਨ ਦੀਆਂ ਗੱਲਾਂ ਕਹੀਆਂ ਹਨ। ਨਸ਼ੇ, ਭਰੂਣ ਹੱਤਿਆ, ਰਸਮਾਂ, ਭਰਮ-ਭੁਲੇਖੇ, ਮਾਨਵੀ ਕੀਮਤਾਂ, ਰਿਸ਼ਤਿਆਂ ਦੀ ਟੁੱਟ ਭੱਜ, ਵਾਤਾਵਰਣ, ਮਾਂ ਬੋਲੀ, ਮੌਜ ਮੇਲੇ, ਮਿੱਠਾ ਬੋਲਣਾ, ਰੁੱਖਾਂ ਨਾਲ ਪਿਆਰ, ਧੀਆਂ ਦੀ ਇੱਜ਼ਤ, ਪਾਲਤੂ ਜਾਨਵਰ, ਅੰਧ ਵਿਸ਼ਵਾਸ ਆਦਿ ਵਿਸ਼ਿਆਂ ਉਤੇ ਬਾਲਕਾਂ ਦੇ ਕਿੰਤੂ-ਪ੍ਰੰਤੂ ਪੜ੍ਹਦਿਆਂ ਵੱਡਿਆਂ ਨੂੰ ਬੱਚਿਆਂ ਦੀਆਂ ਸੋਚਾਂ ਤੇ ਉਮੰਗਾਂ ਦਾ ਹੀ ਪਤਾ ਨਹੀਂ ਲਗਦਾ, ਆਪਣਾ ਬਚਪਨ ਵੀ ਯਾਦ ਆਉਂਦਾ ਹੈ। ਕਈ ਮੈਗਜ਼ੀਨ ਤਿਮਾਹੀ ਹਨ ਤੇ ਕਈ ਛਿਮਾਹੀ, ਕਈ ਸਾਲਾਨਾ ਰਿਪੋਰਟ ਮਾਤਰ। ਸਕੂਲਾਂ ਦੇ ਅਧਿਆਪਕਾਂ ਤੇ ਸੇਵਾਦਾਰਾਂ ਨੇ ਵੀ ਕੁਝ ਨਾ ਕੁਝ ਲਿਖਿਆ ਹੈ। ਬਹੁਤ ਚੰਗਾ ਲਗਦਾ ਹੈ।
ਹਰ ਸਕੂਲ ਨੇ ਆਪਣੇ ਮੈਗਜ਼ੀਨ ਨੂੰ ਉਸਾਰੂ ਨਾਂ ਦਿੱਤਾ ਹੈ। ਬਾਲ ਸੁਪਨੇ, ਪਰਵਾਜ਼, ਦਸਤਕ, ਉਡਾਣ, ਆਗਾਜ਼, ਤਮੰਨਾ, ਜਾਗ੍ਰਿਤੀ, ਕਚੀਆਂ ਕਲਮਾਂ, ਰਚਨਾ, ਸਿਰਜਣਾ ਆਦਿ ਨਾਂ ਦੱਸਦੇ ਹਨ ਕਿ ਅਧਿਆਪਕਾਂ ਤੇ ਵਿਦਿਆਰਥੀਆਂ ਦੀ ਸੋਚ ਕਿਸ ਪਾਸੇ ਜਾ ਰਹੀ ਹੈ। ਇੱਕ ਗਲ ਤਾਂ ਪੱਕੀ ਹੈ ਕਿ ਅਜਿਹਾ ਕਰਨ ਨਾਲ ਬੱਚਿਆਂ ਦੀ ਲਿਖਣ-ਪੜ੍ਹਨ ਵਿਚ ਰੁਚੀ ਵਧਦੀ ਹੈ। ਸਿਰਜਣਾਤਮਕ ਅਮਲ ਤੇਜ਼ ਹੁੰਦਾ ਹੈ। ਇੱਕ ਦੂਜੇ ਨਾਲ ਉਸਾਰੂ ਟਾਕਰੇ ਦੀ ਭਾਵਨਾ ਪੈਦਾ ਹੁੰਦੀ ਹੈ। ਜੀਵਨ ਵਿਚ ਦਿਲਚਸਪੀ ਵਧਦੀ ਹੈ।
ਇਨ੍ਹਾਂ ਸਕੂਲਾਂ ਦਾ ਉਤਸ਼ਾਹ ਦੇਖ ਕੇ ਹੁਣ ਡਾਇਰੈਕਟੋਰੇਟ ਨੇ ਪ੍ਰਾਇਮਰੀ ਸਕੂਲਾਂ ਦੇ ਬੱਚਿਆਂ ਦੀਆਂ ਲਿਖਤਾਂ ਲਈ ਡਾæ ਦੇਵਿੰਦਰ ਬੋਹਾ ਦੀ ਸੰਪਾਦਨਾ ਹੇਠ ‘ਪ੍ਰਵੇਸ਼’ ਨਾਂ ਦਾ ਤ੍ਰੈਮਾਸਕ ਮੈਗਜ਼ੀਨ ਵੀ ਛਾਪਣਾ ਸ਼ੁਰੂ ਕੀਤਾ ਹੈ ਜਿਹੜਾ ਇਸ ਲਹਿਰ ਨੂੰ ਤੇਜ਼ੀ ਬਖਸ਼ੇਗਾ। ਇਸ ਸਭ ਕਾਸੇ ਨਾਲ ਪੰਜਾਬ ਦੀ ਨਵੀਂ ਪਨੀਰੀ ਨੂੰ ਨਵਾਂ ਹੁਲਾਰਾ ਮਿਲਣ ਦੀ ਆਸ ਹੈ। ਕੱਲ ਨੂੰ ਦੂਜੇ ਰਾਜ ਵੀ ਪੰਜਾਬ ਦੇ ਇਸ ਉਸਾਰੂ ਅਮਲ ਦੀ ਨਕਲ ਕਰ ਸਕਦੇ ਹਨ।
ਅੰਤਿਕਾ: ਕਵਿੰਦਰ ਚਾਂਦ (ਚੋਣ ਸੰਸਥਾ ‘ਬਾਲ ਸੁਪਨੇ’)
ਪਿਤਾ ਦੀ ਪੱਗ, ਘਰ ਦੀ ਲਾਜ,
ਨਾਲੇ ਪਿਆਰ ਦੀ ਖੁਸ਼ਬੋ।
ਇਨ੍ਹਾਂ ਕੁੜੀਆਂ ਨੇ ਕੀ ਕੁਝ
ਸਾਂਭਿਆ ਹੈ ਚੁੰਨੀਆਂ ਓਹਲੇ।
Leave a Reply