ਦਿਲ ਦੀ ਦਾਸਤਾਨ: ਥਾਣਾ, ਤਸ਼ੱਦਦ ਤੇ ਸ਼ਾਇਰ ਦਾ ਸਿਦਕ

ਲਾਲ ਸਿੰਘ ਦਿਲ 1970ਵਿਆਂ ਵਿਚ ਉਠੀ ਨਕਸਲਬਾੜੀ ਲਹਿਰ ਦੌਰਾਨ ਪ੍ਰਵਾਨ ਚੜ੍ਹਿਆ ਸ਼ਾਇਰ ਹੈ। ਉਹਦੀ ਕਵਿਤਾ ਅੰਦਰ ਇਨਕਲਾਬ ਲਈ ਤਾਂਘਾਂ ਤਾਂ ਹੁਲਾਰੇ ਲੈਂਦੀਆਂ ਹੀ ਹਨ, ਇਸ ਵਿਚ ਦਲਿਤਾਂ ਦਾ ਦਰਦ ਵੀ ਬਹੁਤ ਸੂਖਮ ਰੂਪ ਵਿਚ ਸਮਾਇਆ ਹੋਇਆ ਹੈ। ਪਾਠਕਾਂ ਦੀ ਨਜ਼ਰ ਕੀਤੀ ਜਾ ਰਹੀ ਲਿਖਤ ‘ਥਾਣਾ, ਤਸ਼ੱਦਦ ਤੇ ਸ਼ਾਇਰ ਦਾ ਸਿਦਕ’ ਉਹਦੀ ਸਵੈ-ਜੀਵਨੀ ‘ਦਾਸਤਾਨ’ ਵਿਚੋਂ ਲਈ ਗਈ ਹੈ। ਇਸ ਵਿਚ ਉਸ ਉਤੇ ਥਾਣੇ ਅੰਦਰ ਹੋਏ ਅੱਤਿਆਚਾਰ ਦਾ ਮਾਰਮਿਕ ਚਿੱਤਰ ਉਲੀਕਿਆ ਗਿਆ ਹੈ। ਇਸ ਵਿਚੋਂ ਸਿਰ ਉਠਾ ਕੇ ਜੀਣ-ਥੀਣ ਦੀ ਬੜ੍ਹਕ ਵੀ ਸਹਿਜੇ ਹੀ ਮਹਿਸੂਸ ਕੀਤੀ ਜਾ ਸਕਦੀ ਹੈ।

-ਸੰਪਾਦਕ

ਲਾਲ ਸਿੰਘ ਦਿਲ

ਹਰ ਰੋਜ਼ ਨਵੀਂ ਦੁਰਘਟਨਾ ਵਾਪਰਦੀ ਸੀ। ਮੈਨੂੰ ਵੀ ਲੱਗ ਰਿਹਾ ਸੀ ਕਿ ਪਤਾ ਨਹੀਂ ਕਿਥੇ ਗੋਲੀ ਦਾ ਨਿਸ਼ਾਨਾ ਹੋਣਾ ਹੈ। ਕਾਮਰੇਡ ਚੇਤਨ ਨਾਲ ਵੀ ਭਾਵੁਕ ਸਾਂਝ ਸੀ ਜਿਸ ਨੂੰ ਪੁਲਿਸ ਦੀ ਹਿਰਾਸਤ ਵਿਚ ਜੱਫੀ ਪਾ ਲਈ ਸੀ। ਕਾਮਰੇਡ ਚੇਤਨ ਦੇ ਲੜਕੇ ਨੂੰ ਚੇਤਨ ਦੇ ਫੜੇ ਜਾਣ ‘ਤੇ ਕੋਈ ਦੁੱਖ ਨਹੀਂ ਹੋਇਆ ਹੋਣਾ, ਸਗੋਂ ਉਹ ਇਸ ਬਲਾ ਨੂੰ ਹਮੇਸ਼ਾ ਲਈ ਟਾਲਣ ਲਈ ਤਿਆਰ ਹੋਵੇਗਾ।
ਉਹ ਅਤੇ ਮੈਂ ਬਾਜ਼ਾਰ ਤੋਂ ਹਟਵੀਂ ਚੌੜੀ ਗਲੀ ਵਿਚ ਖੁਰਲੀ ‘ਤੇ ਜਾ ਬੈਠੇ ਅਤੇ ਜ਼ਿਆਦਾ ਦੇਰ ਨਹੀਂ ਸੀ ਹੋਈ ਕਿ ਪੁਲਿਸ ਦੀ ਜੀਪ ਨੇੜੇ ਆ ਗਈ। ਕੋਈ ਬੰਦਾ ਵੀ ਇਧਰ-ਉਧਰ ਦਿਖਾਈ ਨਹੀਂ ਸੀ ਦੇ ਰਿਹਾ। ਜਿਉਂ ਹੀ ਜੀਪ ਰੁਕੀ ਤਾਂ ਪੁਲਸੀਏ ਫਟਾਫਟ ਉਤਰ ਕੇ ਮੇਰੇ ਨੇੜੇ ਆ ਗਏ। ਮੈਂ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ, “ਨਕਸਲਬਾੜੀ ਜ਼ਿੰਦਾਬਾਦ, ਇਨਕਲਾਬ ਜ਼ਿੰਦਾਬਾਦ।” ਇਨ੍ਹਾਂ ਤੋਂ ਮੇਰੀ ਮੁਰਾਦ ਇਹ ਸੀ ਕਿ ਲੋਕ ਇਕੱਠੇ ਹੋ ਜਾਣ ਤਾਂ ਕਿ ਇਨ੍ਹਾਂ ਨੂੰ ਮਾਰ ਸੁੱਟ ਦੇਣ ਤੋਂ ਪਹਿਲਾਂ ਥੋੜ੍ਹਾ ਲੋਕਾਂ ਦਾ ਖਿਆਲ ਰਹੇ ਕਿ ਇਸ ਨੂੰ ਅਸੀਂ ਚੋਰੀ ਗ੍ਰਿਫਤਾਰ ਨਹੀਂ ਕੀਤਾ। ਉਨ੍ਹਾਂ ਇਧਰ-ਉਧਰ ਹਥਿਆਰ ਲਾ ਲਏ। ਬਾਹਾਂ ਤੋਂ ਫੜ ਲਿਆ, ਮੋਟਾ ਹੌਲਦਾਰ ਪਿੱਠ ਵਿਚ ਪਿਸਤੌਲ ਦੀ ਨਾਲੀ ਚੁਭੋਣ ਲੱਗਾ। ਮੈਂ ਕਿਹਾ, “ਕੀ ਗੱਲ ਚਲਾ ਨ੍ਹੀਂ ਹੁੰਦਾ? ਚੁਭੋਂਦਾ ਕਾਹਤੋਂ ਹੈਂ?” “ਚਲਾਵਾਂਗੇ ਚਲਾਵਾਂਗੇ”, ਕਰਨ ਲੱਗਾ। ਮੈਨੂੰ ਖਿਆਲ ਸੀ ਕਿ ਇਹ ਬਦਨਾਮ ਜ਼ਿਆਦਾ ਕਰਦੇ ਨੇ ਅਤੇ ਹੁਣ ਗੋਲੀ ਨਹੀਂ ਚਲਾ ਰਹੇ, ਕੇਸ ਬਣਾਉਣਗੇ ਤਾਂ ਮੈਂ ਕਿਹਾ, “ਅਫੀਮ ਵਗੈਰਾ ਦੇ ਨਾ ਬਣਾਉਣਾ”, ਤਾਂ ਇਕ ਕਹਿਣ ਲੱਗਾ, “ਪਿਸਤੌਲ ਦਾ ਬਣਾਵਾਂਗੇ।”
ਥਾਣੇ ਦੀ ਹਵਾਲਾਤ ਵਿਚ ਕੁਝ ਦੋਸ਼ੀ ਸਨ, ਇਕ ਪਾਸੇ ਦੀ ਹਵਾਲਾਤ ਖਾਲੀ ਕਰਵਾ ਕੇ ਮੈਨੂੰ ਇਕੱਲੇ ਨੂੰ ਵਾੜ ਕੇ ਬਾਹਰੋਂ ਤਾਲਾ ਲਾ ਦਿੱਤਾ ਗਿਆ (ਮੈਂ ਪੁਲਿਸ ਨਾਲ ਦੁਸ਼ਮਣੀ ਦੇ ਮਾਨਸਿਕ ਪੱਧਰ ਤੱਕ ਨਹੀਂ ਸਾਂ ਪਹੁੰਚਿਆ ਹੋਇਆ ਅਤੇ ਹੁਣ ਵੀ ਮੈਂ ਆਪਣੀ ਜਾਤੀ ਤਜਰਬੇ ਤੋਂ ਦੇਖਿਆ ਕਿ ਉਹ ਕਾਮਰੇਡਾਂ ਨਾਲੋਂ ਵੱਧ ਗਏ ਗੁਜ਼ਰੇ ਨਹੀਂ)।
ਮੈਂ ਜ਼ਖਮੀ ਸ਼ੇਰ ਵਾਂਗ ਇਧਰ ਤੋਂ ਉਧਰ ਚੱਕਰ ਕੱਟ ਰਿਹਾ ਸਾਂ। ਸਾਹਮਣੇ ਹਵਾਲਾਤ ਵਿਚ ਬੈਠੇ ਬੰਦੇ ਅਜੀਬ ਤਰ੍ਹਾਂ ਮੇਰੇ ਵੱਲ ਵੇਖ ਰਹੇ ਸਨ। ਥੋੜ੍ਹੀ ਦੇਰ ਹਵਾਲਾਤ ਵਿਚ ਰਹਿਣ ਉਪਰੰਤ ਮੈਂ ਕੁਝ ਸ਼ਾਂਤੀ ਮਹਿਸੂਸ ਕੀਤੀ। ਇਕ ਸਿਪਾਹੀ ਅੱਗਿਓਂ ਲੰਘਦਾ ਕਹਿਣ ਲੱਗਾ, “ਓਏ ਚਾਹ ਪੀਣੀ ਐਂ।” ਮੈਂ ਕਿਹਾ, “ਬੋਲਣਾ ਵੀ ਆਉਂਦੈ?” “ਤੇਰੇ ਮੂੰਹ ‘ਤੇ ਅੱਛੀ ਖਾਸੀ ਦਾੜ੍ਹੀ ਐ।” ਛੇਤੀ ਇਹ ਸਿਪਾਹੀ ਹੱਥਕੜੀ ਦੋਹਾਂ ਹੱਥਾਂ ‘ਚ ਫੜੀ ਆ ਰਿਹਾ ਸੀ। (ਮੈਨੂੰ) ਜੀਪ ਵਿਚ ਬਿਠਾ ਕੇ ਫੌਜੀ ਤੰਬੂਆਂ ਦੀ ਪਿੱਠ ਪਿੱਛੇ ਉਨ੍ਹਾਂ ਕੁਆਟਰਾਂ ਵਿਚ ਲੈ ਗਏ, ਜਿਥੇ ਪਹਿਲਾਂ ਕੁਝ ਸਰਕਾਰੀ ਮੁਲਾਜ਼ਮਾਂ ਦੇ ਪਰਿਵਾਰ ਰਿਹਾ ਕਰਦੇ ਸਨ। ਮੈਂ ਵੀ ਇਥੇ ਇਕ ਦੋ ਰਾਤਾਂ ਆਪਣੇ ਦੋਸਤ ਪਾਸ ਰਹਿ ਚੁਕਾ ਸਾਂ, ਜਿਥੇ ਬੱਚਿਆਂ ਦੇ ਮੰਜੇ, ਮੇਜ਼, ਕਾਪੀਆਂ, ਕਿਤਾਬਾਂ, ਚੁੱਲ੍ਹਾ ਆਦਿ ਹੁੰਦਾ ਸੀ। ਉਥੇ ਵਰਦੀਆਂ ਤੇ ਪੇਟੀਆਂ ਲਟਕ ਰਹੀਆਂ ਸਨ। ਸ਼ਾਮ ਪੰਜ ਕੁ ਵਜੇ ਦਾ ਸਮਾਂ ਸੀ। ਪੁਲਸੀਏ ਹੀ ਪੁਲਸੀਏ ਖੜ੍ਹੇ ਸਨ। ਇਹ ਬਾਹਰ ਹੀ ਪਤਾ ਸੀ ਕਿ ਪੰਜਾਬ ਦੀ ਪੁਲਿਸ ਦਾ 101 ਫੀਸਦੀ ਧੱਕਾ ਕਰਨ ਦਾ ਰਿਕਾਰਡ ਹੈ। ਕੁਝ ਦੇਰ ਪਹਿਲਾਂ ਪੰਜਾਬ ਦੀ ਪੁਲਿਸ ਨੇ ਨਕਸਲਬਾੜੀਆਂ ਲਈ ਸਪੈਸ਼ਲ ਸਟਾਫ ਬਣਾਇਆ ਸੀ, ਯਾਨਿ ਪੰਜਾਬ ਦੀ ਪੁਲਿਸ ‘ਚੋਂ ਛਾਂਟੇ ਹੋਏ ਪੁਲਸੀਏ ਸਨ। ਇਹ ਸਪੈਸ਼ਲ ਸਟਾਫ ਡੀ. ਐਸ਼ ਪੀ. ਪੰਨੂ ਦੀ ਅਗਵਾਈ ਵਿਚ ਨਿਯੁਕਤ ਹੋਇਆ ਸੀ। ਖੂਬ ਕੱਦਾਵਾਰ ਪੁਲਿਸ ਛਾਂਟੀ ਹੋਈ ਸੀ। ਮੇਰੀ ਕਵਿਤਾ ‘ਕਾਂਗਲਾ ਤੇਲੀ’ ਵਿਚ ਜਿਥੇ ਨੀਵੀਆਂ ਜਾਤਾਂ ਦਾ ਇਨਕਲਾਬੀ ਮਿਲਵਰਤਨ ਦਿਖਾਇਆ ਗਿਆ ਸੀ, ਇਸ ਸਟਾਫ ਵਿਚ ਇਸ ਦੇ ਉਲਟ ਬ੍ਰਾਹਮਣ ਅਤੇ ਜੱਟ ਸਨ।
ਕਈ ਥਾਣੇਦਾਰ, ਕਈ ਹੌਲਦਾਰ ਖੜ੍ਹੇ ਸਨ। ਇਕ ਨੇ ਪੁੱਛਣਾ ਸ਼ੁਰੂ ਕੀਤਾ, ਮੈਂ ਹਥਕੜੀ ਮੰਜੇ ਨਾਲ ਪਾ ਕੇ ਬੰਨ੍ਹਿਆ ਹੋਇਆ ਸਾਂ।
“ਕੀ ਨਾਓਂ ਐ?”
“ਲਾਲ ਸਿੰਘ।”
“ਬਾਪ ਦਾ ਨਾਂ?”
“ਰੌਣਕੀ।”
“ਪਿੰਡ?”
“ਏਨਾ ਸੌਖਾ ਨਾ ਸਮਝੋ ਕਿ ਤੁਸੀਂ ਮੇਰੇ ਕੋਲੋਂ ਜੋ ਚਾਹੇ, ਪੁੱਛਦੇ ਰਹੋ।” ਮੈਂ ਕਿਹਾ।
ਉਹ ਵਿਹੜੇ ਵਿਚੋਂ ਬਾਹਰ ਚਲੇ ਗਏ। ਕਾਮਰੇਡ ਵੈਦ ਮੁੱਲਾਂਪੁਰ, ਜਿਸ ਨੂੰ ਮੇਰੇ ਨਾਲ ਫੜ ਕੇ ਲਿਆਏ ਸਨ, ਖੱਬੇ ਪਾਸੇ ਬਰਾਂਡੇ ਵਿਚ ਮੇਰੀ ਤਰਫ ਥੱਪਣ ਮਾਰੀ ਬੈਠਾ ਸੀ। ਉਹ ਕਾਮਰੇਡ ਚੇਤਨ ਪਾਸ ਆਇਆ ਕਰਦਾ ਸੀ ਅਤੇ ਘੰਟਾ-ਘੰਟਾ ਗੱਲਾਂ ਕਰਦਾ ਰਹਿੰਦਾ ਸੀ। ਕਦੇ ਕਦੇ ਗੱਲਾਂ ਦੇ ਵਜਦ ਵਿਚ ਆ ਕੇ ਨਚਾਰਾਂ ਵਾਂਗ ਪੈਰ ਮਾਰਨ ਲੱਗਦਾ ਸੀ। ਉਹ ਗੱਲਾਂ ਦਾ ਬਹੁਤ ਸ਼ੌਕੀਨ ਸੀ ਅਤੇ ਇਸੇ ਲਈ ਉਹ ਨਕਸਲਬਾੜੀਆਂ ਨਾਲ ਸਬੰਧ ਰੱਖ ਰਿਹਾ ਸੀ ਤੇ ਕਈ ਮੀਲ ਸਾਈਕਲ ‘ਤੇ ਸਾਡੇ ਕੋਲ ਪਹੁੰਚਦਾ ਸੀ। ਮੁੱਲਾਂਪੁਰ ਇਸ ਕੋਲ ਹਰ ਕਿਸਮ ਦੇ ਕਾਮਰੇਡ ਹੋ ਕੇ ਜਾਂਦੇ ਸਨ ਜੋ ਹੁਣ ਬੁਝਾਰਤ ਬਣਿਆ ਮੇਰੇ ਸਾਹਮਣੇ ਬੈਠਾ ਸੀ।
ਕੁੱਕੜ ਵਾਂਗ ਧੌਣ ਕਰੀ, ਬਾਹਾਂ ਹਿਲਾਉਂਦਿਆਂ ਡੀ. ਐਸ਼ ਪੀ. ਪੰਨੂ ਤਿਰਛੀ ਤੋਰੇ ਮੇਰੇ ਕੋਲ ਪੁੱਜ ਚੁਕਾ ਸੀ। “ਕੀ ਹਾਲ ਐ?” ਉਸ ਨੇ ਬਿਨਾ ਮੇਰੇ ਵੱਲ ਸਿੱਧਾ ਹੋਇਆਂ ਕਿਹਾ। “ਚੜ੍ਹਦੀਆਂ ਕਲਾਂ।” ਮੈਂ ਕਿਹਾ। ਮੈਨੂੰ ਦੋਹਾਂ ਹੱਥਾਂ ਨਾਲ ਕੰਨਾਂ ‘ਤੇ ਹੱਥ ਧਰ ਕੇ ਚੁੱਕ ਕੇ ਮੰਜੇ ‘ਤੇ ਸੁੱਟ ਦਿੱਤਾ ਅਤੇ ਬਲਦ ਹਿੱਕਣ ਵਾਲੀ ਲੰਮੀ ਮੋਟੀ ਪਰਾਣੀ ਨਾਲ ਕੁੱਟਣ ਲੱਗਾ। ਜਿਵੇਂ ਹੀ ਮੈਂ ਉਠਣ ਦੀ ਕੋਸ਼ਿਸ਼ ਕਰਦਾ, ਉਵੇਂ ਉਹ ਪਰਾਣੀ ਵਰ੍ਹਾਉਂਦਾ ਗਿਆ। ਮੈਂ ਬੋਲਦਾ ਜਾ ਰਿਹਾ ਸਾਂ ਅਤੇ ਕਾਮਰੇਡ ਵੈਦ ਨੇ ਮੈਨੂੰ ਉਂਗਲੀ ਨਾਲ ਇਸ਼ਾਰਾ ਕੀਤਾ ਕਿ ਮੈਂ ਇਸ ਤਰ੍ਹਾਂ ਨਾ ਬੋਲਾਂ। ਜਦੋਂ ਮੈਂ ਖੜ੍ਹਾ ਹੋ ਚੁਕਾ ਸਾਂ ਤਾਂ ਪੰਨੂ ਨੇ ਮੇਰੇ ਮੋਢੇ ‘ਤੇ ਕੁਝ ਪਰਾਣੀਆਂ ਮਾਰਨ ਉਪਰੰਤ ਖੋਪੜੀ ਦੇ ਖੱਬੇ ਪਾਸੇ ਦੋ ਪਰਾਣੀਆਂ ਮਾਰ ਦਿੱਤੀਆਂ। ਮੈਨੂੰ ਇਉਂ ਲੱਗਿਆ, ਜਿਵੇਂ ਰੰਗ ਨਾਲ ਭਰੀ ਹੋਈ ਗੇਂਦ ‘ਤੇ ਡੰਡੇ ਮਾਰੇ ਜਾ ਰਹੇ ਹੋਣ। ਖੂਨ ਚੋਣ ਲੱਗ ਪਿਆ ਸੀ। ਮੈਂ ਅਜੇ ਤੱਕ ਪੂਰਾ ਹੋਸ਼ ਵਿਚ ਸਾਂ ਕਿ ਪੰਨੂ ਨੇ ਪਾਣੀ ਦਾ ਗਿਲਾਸ ਮੰਗਿਆ ਅਤੇ ਖੂਨ, ਜੋ ਉਸ ਦੇ ਹੱਥਾਂ ‘ਤੇ ਜਾ ਪਿਆ ਸੀ, ਧੋਣ ਲੱਗਾ। ਇਸ ਤੋਂ ਬਾਅਦ ਮੈਂ ਜਮੀਨ ‘ਤੇ ਬੈਠੇ ਬਿਨਾ ਨਾ ਰਹਿ ਸਕਿਆ, ਧਰਤੀ ਘੁੰਮ ਰਹੀ ਸੀ।
“ਪਿੰਡ ਦਾ ਨਾਂ ਨਹੀਂ ਦੱਸਦਾ ਚਮਾਰ।” ਉਹ ਬੁੜਬੁੜਾਇਆ।
ਮੈਂ ਕਿਹਾ, “ਦੇਖੋ, ਤਾਂ ਮੰਨਾਂ ਜੇ ਪੁੱਛ ਲਵੇਂ।”
ਉਚੀਆਂ ਦੀਵਾਰਾਂ ਵਾਲੇ ਇਸ ਵਿਹੜੇ ਦੀ ਨੁੱਕਰ ਵਿਚ ਮੇਜ਼ ਕੁਰਸੀ ਲਾਏ ਗਏ। ਮੈਨੂੰ ਲਿਜਾ ਕੇ ਡੀ. ਐਸ਼ ਪੀ. ਸਾਹਮਣੇ ਸਟੂਲ ‘ਤੇ ਬਿਠਾ ਦਿੱਤਾ ਗਿਆ। ਹੁਣ ਮੈਨੂੰ ਪੂਰੀ ਤਰ੍ਹਾਂ ਹੋਸ਼ ਸੀ। ਕੁਝ ਦੇਰ ਬੈਠਣ ਬਾਅਦ ਇਕ ਗਲਾਸ ਚਾਹ ਅਤੇ ਨਾਲ ਚੀਨੀ ਦੀ ਪਿਆਲੀ ਮੇਰੇ ਸਾਹਮਣੇ ਲਿਆ ਕੇ ਰੱਖ ਦਿੱਤੀ ਗਈ। ਉਹ ਕਹਿਣ ਲੱਗਾ, “ਚਾਹ ਪੀ ਲੈ।” ਮੈਂ ਕਿਹਾ, “ਮੈਂ ਕਦੇ ਇਕੱਲਾ ਚਾਹ ਨਹੀਂ ਪੀਂਦਾ।” ਉਸ ਨੇ ਕਿਹਾ, “ਪੀ ਲਾ, ਤੇਰੇ ਪੈਸਿਆਂ ਦੀ ਹੈ।” ਮੇਰੀ ਜਾਮਾ-ਤਲਾਸ਼ੀ ‘ਚੋਂ ਸਾਢੇ ਤਿੰਨ ਕੁ ਰੁਪਏ ਮਿਲੇ ਸਨ। ਮੈਂ ਕਿਹਾ, “ਇਹ ਕੋਈ ਗੱਲ ਨਹੀਂ, ਪੈਸੇ ਮੇਰੇ ਹੋਣ ਜਾਂ ਨਾ, ਮੈਂ ਇਕੱਲਾ ਚਾਹ ਨਹੀਂ ਪੀਂਦਾ”, ਤਾਂ ਉਸ ਨੇ ਆਪਣੇ ਲਈ ਅੱਧੀ ਚਾਹ ਉਸ ਕੱਪ ਵਿਚ ਪਾ ਲਈ ਅਤੇ ਗਲਾਸ ਮੇਰੇ ਵੱਲ ਕਰ ਦਿੱਤਾ। ਮੇਰਾ ਦਿਲ ਨਹੀਂ ਸੀ ਕਰ ਰਿਹਾ ਜਦਕਿ ਉਸ ਦੇ ਪੀਣ ਤੋਂ ਪਤਾ ਲੱਗਦਾ ਸੀ ਕਿ ਚਾਹ ਗਰਮ ਨਹੀਂ। ਮੈਂ ਵੀ ਚਾਹ ਪੀਣ ਲੱਗਾ। ਚਾਹ ਦੇ ਵਕਤ ਮੇਰੇ ਖਿਆਲ ਮੇਰੇ ਤੋਂ ਦੂਰ ਉਡਣ ਲੱਗਦੇ ਨੇ… ਉਦਾਸੀ ਦੀ ਹਲਕੀ ਰੰਗਤ ਮੇਰੇ ਖਿਆਲਾਂ ਵਿਚ ਛਾਉਣ ਲੱਗੀ। ਕੁਝ ਦੇਰ ਬਾਅਦ ਉਸ ਦੇ ਹੱਥਾਂ ਹੇਠ ਸਫੈਦ ਕਾਗਜ਼ ਸਨ ਅਤੇ ਉਸ ਦੇ ਇਕ ਹੱਥ ਵਿਚ ਪੈਨਸਿਲ ਸੀ (ਸ਼ਾਇਦ ਪੈਨ ਹੋਵੇ। ਇਹ ਉਹ ਘੜੀ ਸੀ ਕਿ ਮੈਂ ਆਪਣੇ ਸਾਹਮਣੇ ਕਾਗਜ਼ ਦੇਖ ਰਿਹਾ ਸਾਂ ਅਤੇ ਇਸ ਦਾ ਮਤਲਬ ਸਮਝ ਰਿਹਾ ਸਾਂ। ਮੈਂ ਝੂਠ ਬੋਲਣ ਤੋਂ ਬਹੁਤ ਡਰਦਾ ਹਾਂ, ਇਕ ਇਹ ਵੀ ਕਾਰਨ ਸੀ ਕਿ ਮੈਂ ਕੁਝ ਨਾ ਬੋਲਾਂ, ਦੂਜੇ ਮੈਂ ਉਸ ਦਾ ਹੰਕਾਰ ਤੋੜਨਾ ਚਾਹੁੰਦਾ ਸਾਂ)।
ਕਹਿਣ ਲੱਗਾ, “ਨਾਂ ਦੱਸ?”
ਮੈਂ ਕਿਹਾ, “ਲਾਲ ਸਿੰਘ।”
“ਬਾਪੂ ਦਾ ਨਾਓਂ?”
“ਰੌਣਕੀ।”
“ਪਿੰਡ?”
“ਇਹਦੇ ਪਿੱਛੇ ਤਾਂ ਏਨੀ ਮਾਰ ਖਾਧੀ ਐ।” ਮੈਂ ਜੁਆਬ ਦਿੱਤਾ।
ਉਸ ਨੇ ਕਿਹਾ, “ਉਹ ਕਿਉਂ? ਸਾਨੂੰ ਪਤਾ ਤਾਂ ਹੈ।”
ਮੈਂ ਕਿਹਾ, “ਮੈਂ ਤਾਂ ਮੰਨਾਂ ਤੁਸੀਂ ਸਪੈਸ਼ਲ ਸਟਾਫ ਦੇ ਇੰਚਾਰਜ ਹੋ, ਜੇ ਮੇਰੇ ਮੂੰਹੋਂ ਪਿੰਡ ਦਾ ਨਾਂ ਅਖਵਾ ਲਵੋ।”
ਉਸ ਨੇ ਹੌਲਦਾਰਾਂ, ਥਾਣੇਦਾਰਾਂ ਵੱਲ ਇਸ਼ਾਰਾ ਕੀਤਾ ਤਾਂ ਉਹ ਕਮਰੇ ਵਿਚ ਲੈ ਗਏ। ਥੱਪੜ ਮਾਰੇ। ਜਿਧਰ ਵੇਖਾਂ, ਉਧਰੋਂ ਹੀ ਥੱਪੜ ਪਵੇ। ਉਹ ਆਪਣੀਆਂ ਸ਼ਕਲਾਂ ਦਾ ਰੋਅਬ ਪਾਉਣ ਲੱਗੇ। ਉਨ੍ਹਾਂ ਪੁੱਛਿਆ, “ਦੱਸੇਂਗਾ?”
ਮੈਂ ਕਿਹਾ, “ਨਹੀਂ।”
ਫਿਰ ਉਨ੍ਹਾਂ ਮੈਨੂੰ ਪੁੱਠਾ ਲਿਟਾ ਲਿਆ। ਇਕ ਸਿਪਾਹੀ ਨੇ ਹੱਥਕੜੀ ਅੱਗੇ ਵੱਲ ਖਿੱਚੀ ਹੋਈ ਸੀ। ਇਕ ਨੇ ਵਾਲ ਫੜੇ ਹੋਏ ਸਨ ਜਦਕਿ ਮੇਰੀਆਂ ਖੁੱਚਾਂ ‘ਤੇ ਕੁਛ ਭਾਰੀ ਜਿਹਾ ਰੱਖ ਦਿੱਤਾ ਗਿਆ ਅਤੇ ਫਿਰ ਲੱਤਾਂ ਨੂੰ ਦੂਹਰੀਆਂ ਕਰਨ ਲਈ ਪੂਰਾ ਜ਼ੋਰ ਲਾ ਦਿੱਤਾ। ਹੁਣ ਮੇਰੀਆਂ ਅੱਖਾਂ ‘ਚੋਂ ਚੰਗਿਆੜੇ ਨਿਕਲ ਰਹੇ ਸਨ। ਢਿੱਲਾ ਛੱਡਣ ਉਪਰੰਤ ਫਿਰ ਉਹੀ ਕਿਰਿਆ ਦੁਹਰਾਈ ਗਈ।
ਮੈਂ ਅੜਾਟ ਪਾਉਣ ਤੋਂ ਪਹਿਲਾਂ ਸੋਚਿਆ ਕਿ ਜੇ ਇਸ ਤੋਂ ਬਿਨਾ ਗੁਜ਼ਾਰਾ ਨਹੀਂ ਹੋ ਰਿਹਾ ਤਾਂ ਇਹ ਆਕੜ ਵਾਲਾ ਹੋਣਾ ਚਾਹੀਦਾ ਹੈ। ਮੈਂ ਪਹਿਲੇ ਅੜਾਟ ਨੂੰ ਸੁਣ ਕੇ ਮਾਯੂਸ ਨਹੀਂ ਹੋਇਆ। ਇਹ ਆਵਾਜ਼ ਜਿਸ ਕਿਸੇ ਦੇ ਕੰਨ ਤੱਕ ਵੀ ਗਈ ਹੋਵੇਗੀ, ਉਸ ਨੇ ਹੀ ਕਿਸੇ ਯੋਧੇ ਦਾ ਤਸੱਵਰ ਕੀਤਾ ਹੋਵੇਗਾ। ਮੇਰਾ ਅੜਾਟ ਇਸ ਤਰ੍ਹਾਂ ਦਾ ਸੀ, ਜਿਵੇਂ ਕੋਈ ਝੋਟਾ ਅੜਾਟ ਪਾ ਰਿਹਾ ਹੋਵੇ। ਜਦੋਂ ਤਕ ਥੋੜ੍ਹਾ ਬਹੁਤ ਮੈਂ ਕੰਟਰੋਲ ਕਰ ਸਕਦਾ, ਚੁੱਪ ਕਰ ਜਾਂਦਾ। ਉਨ੍ਹਾਂ ਨੇ ਮੈਨੂੰ ਖੜ੍ਹਾ ਕੀਤਾ ਤਾਂ ਦੰਦਾਂ ਨਾਲ ਦਬਾ ਕੇ ਮੈਂ ਅੱਖਾਂ ਕੱਢ ਰਿਹਾ ਸਾਂ। ਦੰਦਾਂ ਨਾਲ ਦੰਦ ਦੱਬਣ ਦੀ ਆਦਤ ਤਾਂ ਪਹਿਲਾਂ ਵੀ ਸੀ ਪਰ ਹੁਣ ਜਦੋਂ ਤਸ਼ੱਦਦ ਹੋ ਰਿਹਾ ਸੀ, ਤਾਂ ਪਤਾ ਨਹੀਂ ਕਿੰਨੇ ਕੁ ਜ਼ੋਰ ਨਾਲ ਇਹ ਕਿਰਿਆ ਹੋ ਰਹੀ ਸੀ। ਬਹੁਤ ਕੋਸ਼ਿਸ਼ਾਂ ਕਰਨ ਤੋਂ ਵੀ ਇਨ੍ਹਾਂ ਨੂੰ ਬਚਾ ਨਹੀਂ ਸਕਿਆ। ਹੁਣ ਫੇਰ ਉਸ ਅੱਗੇ ਲਿਜਾ ਬਿਠਾਇਆ ਸਾਂ। ਉਹ ਕਹਿਣ ਲੱਗਾ, “ਵੱਡੇ ਵੱਡੇ ਬਦਮਾਸ਼ ਫੜੇ ਨੇ ਤਾਂ ਉਹ ਵੀ ਕਹਿ ਦਿੰਦੇ ਨੇ, ਬਾਹਰ ਅਸੀਂ ਜੋ ਵੀ ਕਰ ਸਕੇ, ਕੀਤਾ; ਹੁਣ ਤੁਸੀਂ ਜੋ ਚਾਹੋ ਕਰੋ।”
ਮੈਂ ਕਿਹਾ, “ਅਸੀਂ ਬਦਮਾਸ਼ ਨਹੀਂ, ਦੇਸ਼ ਭਗਤ ਹਾਂ।” ਉਹ ਕਹਿਣ ਲੱਗਾ, “ਚੇਤਨ ਸੱਤ ਦਿਨ ‘ਚ ਠੀਕ ਹੋ ਗਿਆ ਸੀ, ਤੂੰ ਜਾਣੀ ਠਾਈ ਦਿਨ ‘ਚ ਠੀਕ ਹੋ ਜਾਵੇਂਗਾ।” ਮੈਂ ਨੱਕ ‘ਚੋਂ ਸਾਹ ਮੁਸਕਾਉਣ ਵਾਂਗ ਕੱਢਿਆ। ਉਸ ਨੇ ਵੀ ਉਸ ਕਾਗਜ਼ ‘ਤੇ ਕੁਝ ਨਹੀਂ ਲਿਖਿਆ, ਸਾਫ ਕਾਗਜ਼ ਲੈ ਕੇ ਚਲਾ ਗਿਆ ਅਤੇ ਮੇਰੇ ਨੇੜੇ ਨਹੀਂ ਆਇਆ। ਕਾਮਰੇਡ ਵੈਦ ਅਫਸੋਸ ਨਾਲ ਦੇਖ ਰਿਹਾ ਸੀ।
ਡੀ. ਐਸ਼ ਪੀ. ਦੇ ਜਾਣ ਬਾਅਦ ਉਹ ਮੋਟੇ ਲੋਹੇ ਵਾਲੀ ਕਿਰਿਆ ਕੀਤੀ ਗਈ, ਜਿਸ ਨੂੰ ਉਹ ਕਿਲੋਮੀਟਰ ਕਹਿੰਦੇ ਸਨ। ਨਲਕੇ ਦੀ ਚਾਰ ਇੰਚੀ ਮੋਟੀ ਨਾਲ ਵਰਗਾ ਮੋਟਾ ਠੋਸ, ਸਵਾ ਗਜ ਲੰਮਾ ਲੋਹਾ ਸੀ, ਜਦੋਂ ਖੁੱਚਾਂ ਵਿਚ ਰੱਖ ਕੇ ਲੱਤਾਂ ਨੂੰ ਤਕੜਾ ਪੁਲਸੀਆ ਵੱਖੀਆਂ ਦੇ ਜ਼ੋਰ ਨਾਲ ਦੂਹਰਿਆਂ ਕਰਦਾ ਸੀ, ਲੱਕ ਦੀ ਹੱਡੀ ਪੰਜ ਉਂਗਲ ਉਪਰ ਉਠ ਕੇ ਫਰਸ਼ ਨਾਲ ਖਹਿੰਦੀ ਸੀ, ਜ਼ਖਮ ਹੁੰਦਾ ਸੀ।
ਬਾਹਰ ਲਿਆ ਕੇ ਉਨ੍ਹਾਂ ਨੇ ਦੱਸਿਆ ਕਿ ਤੇਰੇ ਨਾਲ ਦੇ ਫੜੇ ਗਏ ਨੇ, ਉਨ੍ਹਾਂ ਨੇ ਸਭ ਕੁਝ ਦੱਸ ਦਿੱਤਾ ਹੈ, ਤੂੰ ਸਾਨੂੰ ਛਾਪਾ ਮਰਵਾ ਹੁਣ ਕਿਤੇ। ਪੁਲਿਸ ਨਕਸਲਬਾੜੀਆਂ ਦਾ ਕਿਰਦਾਰ ਮਿਟਾਉਣਾ ਚਾਹੁੰਦੀ ਸੀ। ਉਂਜ ਪੁਲਿਸ ਭੁੱਲੀ ਨਹੀਂ ਸੀ ਹੋਈ ਕਿ ਕਿਹੜੇ ਬੰਦੇ ਕੀ ਕਰ ਰਹੇ ਹਨ। ਮਿਸਾਲ ਵਜੋਂ ਕਾਮਰੇਡ ਸਾਹਮਣੇ ਬੈਠਾ ਸੀ। ਪੁਲਿਸ ਚਾਹੁੰਦੀ ਸੀ ਕਿ ਇਹ ਕਿਸੇ ਦਾ ਨਾਂ ਲਵੇ। ਫੇਰ ਉਹ ਬੰਦਾ ਇਸ ਨੂੰ ਨਾਲ ਲਿਜਾ ਕੇ ਫੜਿਆ ਜਾਵੇ। ਬਾਹਰਲੇ ਏਜੰਟ ਜਿਵੇਂ ਕਿਵੇਂ ਕਰਦੇ ਸਨ, ਪ੍ਰਚਾਰ ਕਰਨ ਲਾਓ ਜੀ, ਇਨ੍ਹਾਂ ਦੇ ਰੋਟੀਆਂ ਖਾਂਦੇ ਰਹੇ, ਉਨ੍ਹਾਂ ਦੇ ਨਾਮ ਲੈ ਦਿੱਤੇ।
ਉਨ੍ਹਾਂ ਨੇ ਮੇਰੇ ਅੱਗੇ ਨਵੀਂ ਮੁਸ਼ਕਿਲ ਖੜ੍ਹੀ ਕਰ ਦਿੱਤੀ ਜਿਸ ‘ਤੇ ਮੈਂ ਸੋਚਣ ਲਈ ਮਜਬੂਰ ਹੋ ਗਿਆ ਕਿ ਮੰਨ ਲਓ, ਇਸ ਕਾਮਰੇਡ ਨੇ ਮੇਰਾ ਭੇਤ ਖੋਲ੍ਹਿਆ ਹੋਵੇ ਪਰ ਹੈ ਤਾਂ ਇਹ ਸ਼ਰਮ ਵਾਲੀ ਗੱਲ। ਮੇਰੇ ਪਹਿਲਾਂ ਵਾਲੇ ਰਵੱਈਏ ‘ਚ ਇਹ ਫਰਕ ਪਿਆ ਕਿ ਮੈਂ ਮਾਨਸਿਕ ਤਕਲੀਫ ‘ਚ ਵਿਆਕੁਲ ਸਾਂ। ਇਸ ਕਾਮਰੇਡ ਨੂੰ ਉਨ੍ਹਾਂ ਨੇ ਉਸ ਦੀ ਦੁਕਾਨ ਤੋਂ ਲਿਆਂਦਾ। ਕਿਵੇਂ ਤੇ ਕਿਸ ਮਕਸਦ ਲਈ, ਇਹ ਪਤਾ ਨਹੀਂ ਸੀ ਚੱਲ ਸਕਿਆ। ਮੈਨੂੰ ਦੱਸਿਆ ਗਿਆ ਕਿ ਕਾਮਰੇਡ ਚੇਤਨ ਨੇ ਤੇਰੇ ਬਾਰੇ ਸਭ ਕੁਝ ਦੱਸ ਦਿੱਤਾ ਸੀ ਜੋ ਮੈਥੋਂ ਪਹਿਲਾਂ ਫੜ ਕੇ ਲਿਆਂਦਾ ਗਿਆ ਸੀ। ਹੁਣ ਉਹ ਅਦਾਲਤ ‘ਚ ਪੇਸ਼ ਕਰਨ ਬਾਅਦ ਕਿਤੇ ਸੀ। ਮੇਰੇ ਨੇੜੇ ਦੇ ਸਬੰਧਾਂ ਦਾ ਜ਼ਿਕਰ ਪੁਲਸੀਆਂ ਨੇ ਕੀਤਾ ਬੁਰੀ ਹੱਦ ਤਕ।
ਮੈਨੂੰ ਧਰਤੀ ਵਿਹਲ ਨਹੀਂ ਸੀ ਦੇ ਰਹੀ। ਉਨ੍ਹਾਂ ਨੇ ਇਹ ਕਹਿ (ਦੱਸ) ਕੇ ਮੇਰਾ ਸਹੀ ਅਤੇ ਸੱਚੇ ਹੋਣ ਦਾ ਦਾਅਵਾ ਪਤਲਾ ਕਰ ਦਿੱਤਾ ਸੀ। ਮੈਂ ਕਿਹਾ ਸੀ, “ਉਸ ਲੜਕੀ ਦਾ ਕਿਸੇ ਵੀ ਸੂਰਤ ‘ਚ ਬਚਾ ਕਰੋ।” ਕਿਤੇ ਉਸ ਨੂੰ ਮਾਰ ਨਾ ਦਿੱਤਾ ਜਾਵੇ। ਖੈਰ! ਇਸ ਪ੍ਰਸੰਗ ਨੂੰ ਉਨ੍ਹਾਂ ਬਹੁਤ ਜ਼ਿਆਦਾ ਨਹੀਂ ਲਮਕਾਇਆ।
ਹੋ ਸਕਦਾ ਹੈ, ਕਾਮਰੇਡ ਵੈਦ ਨੇ ਉਨ੍ਹਾਂ ਨੂੰ ਦੱਸਿਆ ਹੋਵੇ ਅਤੇ ਉਹ ਐਵੇਂ ਹੀ ਕਾਮਰੇਡ ਚੇਤਨ ਦਾ ਨਾਂ ਲੈ ਰਹੇ ਹੋਣ ਤਾਂ ਕਿ ਉਹ ਮੇਰੀ ਦਲੇਰੀ ਨੂੰ ਕਮਜ਼ੋਰ ਕਰ ਸਕਣ।
ਕਾਮਰੇਡਾਂ ਨੇ ਕੋਈ ਉਸਾਰੂ ਪੱਕ ਨਹੀਂ ਸੀ ਵਿਖਾਇਆ ਮੇਰੇ ਇਸ ਪ੍ਰਸੰਗ ਵਿਚ ਪਰ ਤਾਂ ਵੀ ਮੈਂ ਉਨ੍ਹਾਂ ਪ੍ਰਤੀ ਵਫਾਦਾਰੀ ਨਹੀਂ ਸੀ ਛੱਡੀ। ਮੈਂ ਸਮਝਦਾ ਸਾਂ ਕਿ ਉਹ ਪਾਰਟੀ ਬਾਰੇ ਇੰਨੇ ਹੀ ਵਫਾਦਾਰ ਹਨ ਕਿ ਇਸ ਗੱਲ ਨੂੰ ਉਹ ਬਰਦਾਸ਼ਤ ਨਹੀਂ ਕਰ ਸਕਦੇ ਸਨ।
ਪਤਾ ਨਹੀਂ ਕਿਉਂ, ਮੈਂ ਬੈਠ ਨਹੀਂ ਸਾਂ ਰਿਹਾ, ਖੜ੍ਹਾ ਹੀ ਸਾਂ। ਸ਼ਾਇਦ ਇਸ ਲਈ ਕਿ ਕਈ-ਕਈ ਦਿਨ ਰਾਤ ਖੜ੍ਹੇ ਰੱਖਣ ਦੀ ਸਜ਼ਾ ਵੀ ਪੁਲਿਸ ਪਾਸ ਹੁੰਦੀ ਹੈ। ਰੋਟੀ ਨੂੰ ਵੀ ਮੈਂ ਇਸੇ ਲਈ ਜੁਆਬ ਦੇ ਦਿੱਤਾ ਸੀ, ਪਰ ਇਹ ਪਾਖੰਡੀ ਕਾਮਰੇਡਾਂ ਵਲੋਂ ਪੁਲਿਸ ਵਾਲਿਆਂ ਨੂੰ ਡਰਾਉਣ ਦਾ ਤਰੀਕਾ ਹੈ ਕਿ ਰੋਟੀ ਨਾ ਖਾਧੀ ਜਾਵੇ। ਮੈਨੂੰ ਤਸ਼ੱਦਦ ਦੀ ਤਿਆਰੀ ਲਈ ਲੋੜ ਸੀ, ਜਿੰਨੀ ਕੁ ਦੱਬ-ਘੁੱਟ ਕੇ ਖਾ ਸਕਿਆ, ਖਾ ਲਈ ਅਤੇ ਪਾਣੀ ਪੀ ਲਿਆ। ਜਦੋਂ ਮੈਂ ਰੋਟੀ ਨੂੰ ਜੁਆਬ ਦਿੱਤਾ ਸੀ ਤਾਂ ਇਕ ਸਿਪਾਹੀ ਨੇ ਕਿਹਾ, “ਸਾਲਾ ਬਹੁਤ ਸਿਆਣੈਂ।” ਮੈਨੂੰ ਸਿਆਣਪ ਨਾਲ ਨਫਰਤ ਸੀ। ਇਹ ਵੀ ਹਾੜੇ ਕੱਢਣ ਵਾਲੀ ਗੱਲ ਹੁੰਦੀ ਹੈ, ਰੋਟੀ ਨਾ ਖਾਓ ਅਤੇ ਇਹ ਗੱਲਾਂ ਉਦੋਂ ਚਲਦੀਆਂ ਹਨ, ਜਦੋਂ ਕੋਈ ਸੁਣਨ ਵਾਲਾ ਪਿੱਛੇ ਹੋਵੇ। ਇਹ ਅਦਾਲਤੀ ਤਰਜ਼ ਦੇ ਖੇਖਣ ਹਨ। ਮੈਂ ਬੈਠਣਾ ਨਹੀਂ ਸਾਂ ਚਾਹੁੰਦਾ, ਕਿਉਂਕਿ ਪੁਲਿਸ ਦੇ ਦੱਸਣ ਮੁਤਾਬਕ ਮੇਰੇ ਇਸ਼ਕ ਦੀ ਕਹਾਣੀ ਵੀ ਉਨ੍ਹਾਂ ਨੂੰ ਪਤਾ ਲੱਗ ਚੁੱਕੀ ਸੀ ਤੇ ਉਹ ਮੈਨੂੰ ਕਈ ਸਾਲਾਂ ਤੋਂ ਜਾਣਦੇ ਸਨ ਅਤੇ ਕਵੀ ਦਰਬਾਰ ਦੇ ਨਾਂ ਲੈ ਕੇ ਦੱਸਦੇ ਸਨ ਕਿ ਤੈਨੂੰ ਸੁਣਿਆ ਹੋਇਐ। ਕਵੀਆਂ ਦੀ ਖਾਤਰ-ਸੇਵਾ ਲਈ ਇਨ੍ਹਾਂ ਕੋਲ ਹੈ ਵੀ ਕੀ ਸੀ? ਕਈ ਸਾਲਾਂ ਤੋਂ ਸੁਣਦੇ ਆ ਰਹੇ ਨੇ, ਹੁਣ ਵਿਚਾਰਿਆਂ ਕੋਲ ਰੂਸੀ ਪੈਂਤੜੇ ਅਤੇ ਡੰਡਾ ਹੀ ਸੀ।
ਮੈਂ ਨਾਸਤਕ ਸਾਂ, ਪਰ ਸੂਰਜ ਚੜ੍ਹਨ ਤੋਂ ਪਹਿਲਾਂ ਅਤੇ ਸੂਰਜ ਡੁੱਬਣ ਤੋਂ ਬਾਅਦ ਲਿਵ ਜ਼ਰੂਰ ਜੁੜ ਜਾਂਦੀ ਸੀ। ਰਾਤ ਨੂੰ ਨੀਂਦ ਨਾ ਆਉਣ ਦਾ ਕਾਰਨ ਇਸ ਤੋਂ ਬਿਨਾ ਕੁਝ ਨਹੀਂ ਹੋ ਸਕਦਾ ਕਿ ਕੋਈ ਦਵਾਈ ਖੁਆ ਦਿੱਤੀ ਹੋਵੇਗੀ। ਪੁਲਿਸ ਦੀਆਂ ਗੱਲਾਂ ਭਾਵੇਂ ਦੱਸਦੀਆਂ ਸਨ ਕਿ ਕੋਈ ਫੜਿਆ ਜ਼ਰੂਰ ਗਿਆ ਹੈ ਪਰ ਸੁਣ ਚੁੱਕਾ ਸਾਂ ਕਿ ਫਲਾਂ ਇਹ ਕਹਿੰਦਾ ਹੈ ਅਤੇ ਦੂਸਰੇ ਨੂੰ ਕਹਿਣਗੇ ਫਲਾਂ ਇਹ ਕਹਿੰਦਾ ਹੈ। ਮੈਂ ਕਿਸੇ ਗੱਲ ‘ਤੇ ਯਕੀਨ ਨਹੀਂ ਕੀਤਾ ਅਤੇ ਸਭ ਕੁਝ ਪੁਲਸੀਆਂ ਦੇ ਟਰਿੱਕ ਸਮਝ ਰਿਹਾ ਸਾਂ।
ਦੂਜੇ ਦਿਨ ਸਵੇਰ ਤੋਂ ਲੈ ਕੇ ਗਿਆਰਾਂ ਵਜੇ ਤਕ ਇਕ ਪੁਲਿਸ ਅਫਸਰ ਮੈਨੂੰ ਅੰਦਰ ਕਮਰੇ ਵਿਚ ਬਿਠਾ ਕੇ ਵਾਰਤਾਲਾਪ ਕਰਦਾ ਰਿਹਾ। ਇਹ ਬਾਹਰੋਂ ਆਇਆ ਪ੍ਰਤੀਤ ਹੁੰਦਾ ਸੀ, ਹੋਰ ਦੂਜਾ ਕੋਈ ਨਹੀਂ ਸੀ। ਉਹ ਦੱਸਦਾ ਰਿਹਾ, “ਤੂੰ ਦੇਸ਼ ਭਗਤ ਏਂ ਪਰ ਤੇਰੇ ਨਾਲ ਦੇ ਤਾਂ ਬਹੁਤ ਘਟੀਆ ਬੰਦੇ ਨੇ। ਤੂੰ ਸਾਡਾ ਪੁੱਤਰ ਏਂ।” ਉਹ ਸਿੱਖ ਸੀ ਅਤੇ ਕਾਲੀ ਦਾੜ੍ਹੀ ਨਾਲੋਂ ਵੱਧ ਬੱਗੀ ਸੀ। ਇਕ ਸਿਪਾਹੀ, ਜੋ ਤਸ਼ੱਦਦ ਤੋਂ ਬਾਅਦ ਹੱਥਕੜੀ ਫੜ ਕੇ ਬੈਠਣ ਦਾ ਕੰਮ ਕਰਦਾ ਸੀ, ਨੀਵੀਂ ਜਾਤ ਵਿਚੋਂ ਸੀ, ਜਿਸ ਨੇ ਚੁੱਪ-ਚਾਪ ਹੀ ਮੇਰੇ ਕੋਲ ਬੈਠਣਾ ਚੰਗਾ ਸਮਝਿਆ ਸੀ। ਉਸ ਦੀਆਂ ਅੱਖਾਂ ਵਿਚ ਜ਼ੁਲਮ ਪ੍ਰਤੀ ਰੋਸ ਪ੍ਰਤੀਤ ਹੁੰਦਾ ਸੀ। ਉਹ ਵਿਹੜੇ ‘ਚ ਘੁੰਮਦਾ ਪ੍ਰਤੀਤ ਹੋਇਆ। ਫਿਰ ਸਾਹਮਣੇ ਖੂੰਜੇ ਲੋਹੇ ਦਾ ਕਿਲੋਮੀਟਰ ਖੜ੍ਹਾ ਕਰ ਕੇ ਚਲਿਆ ਗਿਆ।
ਹਾੜ੍ਹ ਦਾ ਮਹੀਨਾ ਸੀ। ਅੰਦਰ ਪੇਟੀਆਂ ਤੇ ਵਰਦੀਆਂ ਲਟਕ ਰਹੀਆਂ ਸਨ। ਧੁੱਪ ਤੇਜ਼ੀ ਫੜ ਚੁਕੀ ਸੀ। ਪੰਜ-ਚਾਰ ਥਾਣੇਦਾਰ ਹੌਲਦਾਰ ਆਏ। ਉਸੇ ਤਰ੍ਹਾਂ ਲਿਟਾ ਲਿਆ। ਹੱਥਕੜੀ ਅੱਗੇ ਵੱਲ ਖਿੱਚੀ, ਵਾਲ ਫੜੇ ਗਏ, ਲੱਤਾਂ ਦੱਬੀਆਂ ਗਈਆਂ ਅਤੇ ਭਾਰੀ ਅੱਗ ਵਰਗਾ ਲੋਹਾ ਖੁੱਚਾਂ ‘ਤੇ ਆ ਟਿਕਿਆ; “ਸੂਰਜ ਦਾ ਸੂਹਾ ਗੋਲਾ ਹੋਰ ਵੱਡਾ ਹੋਰ ਉਚਾ ਉਠਿਆ” ਦੀ ਸਜ਼ਾ ਵਜੋਂ, ਕਿਉਂਕਿ ਇਸ ਅਫਸਰ ਨੇ ਗੱਲਬਾਤ ਵਿਚ ਮੈਨੂੰ ਉਸੇ ਤਰ੍ਹਾਂ ਦਾ ਪਾਇਆ ਸੀ। ਇਕ ਤੋਂ ਵੱਧ ਵਾਰ ਇਹ ਕਿਰਿਆ ਹੋਈ ਅਤੇ ਕੁਝ ਦੇਰ ਆਰਾਮ ਕਰਨ ਉਪਰੰਤ ਮੈਨੂੰ ਡੀ. ਐਸ਼ ਪੀ. ਦੇ ਦਫਤਰ ਵੱਲ ਲੈ ਗਏ। ਪੈਰਾਂ ਹੇਠਲੀ ਗਰਮ ਰੇਤ ਅਤੇ ਉਪਰਲੀ ਤਿੱਖ ਤੋਂ ਪਤਾ ਲਗਦਾ ਸੀ ਕਿ ਸਿਖਰ ਦੁਪਹਿਰਾ ਹੈ।
ਪੰਨੂ ਮੇਜ਼ ‘ਤੇ ਝੁਕਿਆ ਰਜਿਸਟਰ ‘ਤੇ ਹਾਜ਼ਰੀ ਲਾਉਣ ਵਾਲੇ ਅਧਿਆਪਕਾਂ ਵਾਂਗ ਕੁਝ ਲੱਭ ਰਿਹਾ ਸੀ। ਉਸ ਨੇ ਅੱਖ ਉਠਾ ਕੇ ਨਹੀਂ ਦੇਖਿਆ ਅਤੇ ਕਿਹਾ, “ਲੈ ਜਾਓ।” ਜਦੋਂ ਜਾਣ ਲੱਗਾ ਤਾਂ ਮੇਰੀਆਂ ਲੱਤਾਂ ਦਾ ਅਕੜਾ ਭਾਰੀ ਹੋ ਗਿਆ। ਲੱਗਿਆ, ਜਿਵੇਂ ਭੁੱਜਿਆ ਹੋਇਆ ਗੋਸ਼ਤ ਪਿਆ ਹੋਵੇ। ਕਹਿਣ ਲੱਗਿਆ, “ਪਤੈ ਕਿਥੇ ਭੇਜ ਰਹੇ ਆਂ… ਛਾਪਾ ਮਾਰਨ।”
ਇਸ ਸਾਰੀ ਤਕਲੀਫ ਦਾ ਕੋਈ ਅਰਥ ਨਹੀਂ ਸੀ। ਮੈਂ ਸੋਚਣ ਵਿਚ ਏਨਾ ਮੰਦ ਪੈ ਗਿਆ ਸਾਂ ਕਿ ਸੋਚਣ ਲੱਗਾ ਕਿ ਇਨ੍ਹਾਂ ਵਿਚੋਂ ਕਿਸੇ ਦੀ ਬੰਦੂਕ ਨੇੜੇ ਹੋਵੇ ਤਾਂ ਪੈਰ ਨਾਲ ਘੋੜਾ ਦੱਬ ਦੇਵਾਂ।