ਅੰਮ੍ਰਿਤਸਰ ਵਿਚ ਮਾਸਕੋ

ਸਾਹਿਤ ਵਿਚ ਸਆਦਤ ਹਸਨ ਮੰਟੋ ਵਰਗੀ ਮਿਸਾਲ ਮਿਲਣੀ ਮੁਸ਼ਕਿਲ ਹੈ। ਇਸ ਲੇਖ ਵਿਚ ਨਰਿੰਦਰ ਮੋਹਨ ਨੇ ਮੰਟੋ ਦੇ ਮੁਢਲੇ ਦੌਰ ਬਾਰੇ ਦਿਲਚਸਪ ਕਿੱਸਾ ਛੇੜਿਆ ਹੈ ਕਿ ਉਸ ਅੰਦਰਲੀ ਬੇਚੈਨੀ ਕਿਸ ਤਰ੍ਹਾਂ ਵਿਦਰੋਹ ਦਾ ਰੂਪ ਅਖਤਿਆਰ ਕਰ ਗਈ। ਉਹ ਜਿਥੇ ਕਿਤੇ ਅਨਿਆਂ ਹੁੰਦਾ ਦੇਖਦਾ, ਉਸ ਦੀ ਅੰਤਰ-ਆਤਮਾ ਤੜਫ ਉਠਦੀ ਤੇ ਉਹ ਵਿਦਰੋਹ ਦੇ ਰਸਤੇ ‘ਤੇ ਚਲ ਪੈਂਦਾ। ਇਸ ਵਿਦਰੋਹ ਨੂੰ ਸਹੀ ਦਿਸ਼ਾ ਦੇਣ ਵਾਲੇ ਸਨ ਅਬਦੁਲ ਬਾਰੀ ਅਲੀਗ, ਜਿਸ ਨੂੰ ਮੰਟੋ ਨੇ ਆਪਣਾ ਗੁਰੂ ਮੰਨਿਆ।

-ਸੰਪਾਦਕ

ਨਰਿੰਦਰ ਮੋਹਨ
ਤਰਜਮਾ: ਬਲਦੇਵ ਸਿੰਘ ਬੱਦਨ

ਅੱਲ੍ਹੜਪੁਣੇ ਤੋਂ ਜਵਾਨੀ ਤਕ ਦਾ ਸਫਰ ਸਆਦਤ ਹਸਨ ਮੰਟੋ ਲਈ ਅੰਦਰੂਨੀ ਤੇ ਬਾਹਰੀ ਸੰਘਰਸ਼ਾਂ ਵਾਲਾ ਸੀ। ਨਾ ਉਸ ਨੂੰ ਬਾਹਰ ਕੋਈ ਰੌਸ਼ਨੀ ਦਿਸਦੀ, ਨਾ ਅੰਦਰ। ਉਸ ਦਾ ਮਨ ਕਿਤੇ ਨਾ ਟਿਕਦਾ। ਆਵਾਰਗੀ ਨਾਲ ਇਕ ਤਰ੍ਹਾਂ ਦੀ ਲਾਚਾਰਗੀ ਘੇਰੀ ਰੱਖਦੀ। ਨਿਰਾਸ਼ਾ ਅਤੇ ਹਤਾਸ਼ਾ ਦੇ ਇਸ ਦੌਰ ਨੇ ਉਸ ਨੂੰ ਪ੍ਰੇਸ਼ਾਨ ਹੀ ਨਹੀਂ ਕੀਤਾ, ਇਕ ਹੱਦ ਤਕ ਵਿਦਰੋਹੀ ਵੀ ਬਣਾ ਦਿੱਤਾ। ਇਸ ਅੰਦਰੂਨੀ ਖਲਲ ਨੇ ਉਸ ਨੂੰ ਸ਼ਰਾਬ ਵੱਲ ਧੱਕਿਆ ਪਰ ਉਹ ਇਸ ਨਾਲ ਐਨ ਲੱਗ ਕੇ ਬੈਠਾ ਹੋਇਆ ਸੀ। ਸੱਤ ਸਾਲ ਦਾ ਉਹ ਬੱਚਾ ਜਿਸ ਦੇ ਦਿਮਾਗ ਵਿਚ ਜੱਲ੍ਹਿਆਂਵਾਲਾ ਬਾਗ ਦੇ ਕਤਲੇਆਮ ਦੇ ਨਿਸ਼ਾਨ ਖੁਭੇ ਹੋਏ ਸਨ, ਇਨ੍ਹਾਂ ਨਿਸ਼ਾਨਾਂ ਨੇ ਅਤੇ ਭਗਤ ਸਿੰਘ ਪ੍ਰਤੀ ਉਸ ਦੀ ਤੀਬਰ ਖਿੱਚ ਨੇ ਉਸ ਨੂੰ ਬਚਾਅ ਲਿਆ; ਉਸ ਦੀ ਬੇਚੈਨੀ ਅਤੇ ਛਟਪਟਾਹਟ ਨੂੰ ਕ੍ਰਾਂਤੀਕਾਰੀ ਵਿਚਾਰਾਂ ਦਾ ਜਾਮਾ ਪੁਆ ਦਿੱਤਾ। ਇਹੀ ਉਹ ਦਿਨ ਸਨ ਜਦੋਂ ਉਹ ਹਸਨ ਅੱਬਾਸ ਅਤੇ ਅਬੂ ਸਈਦ ਕੁਰੈਸ਼ੀ ਨਾਲ ਵਾਰ-ਵਾਰ ਜੱਲ੍ਹਿਆਂਵਾਲਾ ਬਾਗ ਪੁੱਜ ਜਾਂਦਾ। ਉਥੇ 1919 ਵਿਚ ਅੰਗਰੇਜ਼ਾਂ ਨੇ ਜਿਹੜੇ ਜ਼ੁਲਮ ਕੀਤੇ ਸਨ, ਉਨ੍ਹਾਂ ਖਿਲਾਫ ਉਸ ਦਾ ਮਨ ਬ੍ਰਿਟਿਸ਼ ਸਰਕਾਰ ਪ੍ਰਤੀ ਗੁੱਸੇ ਵਿਚ ਉਬਲਦਾ ਰਹਿੰਦਾ, ਜਿਸ ‘ਤੇ ਅੱਗੇ ਚਲ ਕੇ ਉਸ ਨੇ ਕਹਾਣੀ ਵੀ ਲਿਖੀ। ਇਕ ਤਰ੍ਹਾਂ ਦੀਆਂ ਖਿੰਡਣ ਵਾਲੀਆਂ ਇਨ੍ਹਾਂ ਹਾਲਤਾਂ ਵਿਚ ਵੀ ਉਹ ਕ੍ਰਾਂਤੀਕਾਰੀ ਵਿਚਾਰਾਂ ਤੋਂ ਪ੍ਰੇਰਿਤ ਹੁੰਦਾ ਰਿਹਾ ਤੇ ਉਸ ਦਾ ਰਚਨਾ-ਮਨ ਉਸ ਦੌਰ ਦੇ ਕ੍ਰਾਂਤੀਕਾਰੀ ਵਿਚਾਰਾਂ ਨੂੰ ਆਤਮਸਾਤ ਕਰਦਾ ਰਿਹਾ। ਸਭ ਕੁਝ ਦਾਅ ‘ਤੇ ਲਾ ਕੇ ਚੱਲਣ ਦੀ ਜਿਹੜੀ ਤਮੰਨਾ ਕਿਸੇ ਕ੍ਰਾਂਤੀਕਾਰੀ ਵਿਚ ਉਛਾਲੇ ਮਾਰਦੀ ਰਹਿੰਦੀ ਹੈ, ਉਹੋ ਜਿਹੀ ਚੇਤਨਾ ਨੇ ਮੰਟੋ ਨੂੰ ਨਿਰਾਸ਼ਾ ਦੇ ਡੂੰਘੇ ਟੋਏ ਵਿਚ ਡਿੱਗਣ ਤੋਂ ਬਚਾ ਲਿਆ। ਕਈ ਤਰ੍ਹਾਂ ਦੇ ਮਨੋਭਾਵਾਂ ਦੀ ਲਪੇਟ ਵਿਚ ਆਉਣ ਕਾਰਨ ਮੰਟੋ ਦੇ ਰਚਨਾਤਮਕ ਵਿਕਾਸ-ਕ੍ਰਮ ਵਿਚ ਬਹੁਤ ਕੁਝ ਆਪਣੇ ਆਪ ਜੁੜਦਾ ਗਿਆ ਤੇ ਉਹ ਸੰਵੇਦਨਾ ਅਤੇ ਵਿਚਾਰਕ ਵਿਕਾਸ ਦੀ ਰਾਹ ‘ਤੇ ਤੇਜ਼ੀ ਨਾਲ ਵਧਿਆ।
ਵਿਰੋਧੀ ਵਿਚਾਰਾਂ ਦੇ ਝੱਖੜ ਵਿਚ ਘਿਰੇ ਮੰਟੋ ਨੂੰ ਉਨ੍ਹੀਂ ਦਿਨੀਂ ਅਜਿਹੇ ਸ਼ਖਸ ਦੀ ਲੋੜ ਸੀ ਜੋ ਉਸ ਦੇ ਜੀਵਨ ਦੀ ਦਿਸ਼ਾ ਬਦਲ ਦੇਵੇ, ਤੇ ਠੀਕ ਇਹ ਹੋਇਆ ਵੀ। ਇਤਿਹਾਸ ਅਤੇ ਅਰਥ ਸ਼ਾਸਤਰ ਵਿਚ ਮਾਹਰ ਉਹ ਸ਼ਖਸ ਸੀ, ਅਬਦੁਲ ਬਾਰੀ ਅਲੀਗ ਜੋ ਬੇਹੱਦ ਰੂਮਾਨੀ ਤੇ ਸੁਪਨਸਾਜ਼ ਸੀ, ਬੇਸ਼ਕ ਸੁਪਨਿਆਂ ਨੂੰ ਅਮਲ ਵਿਚ ਨਾ ਢਾਲ ਸਕਦਾ। ਅਜਿਹੇ ਸ਼ਖਸ ਨੂੰ ਮਿਲਣ ਦਾ ਪਲ ਮੰਟੋ ਦੀ ਜ਼ਿੰਦਗੀ ਦਾ ਫੈਸਲਾਕੁਨ ਮੋੜ ਸਿੱਧ ਹੋਇਆ। ਉਸ ਦੇ ਸੰਪਰਕ ਵਿਚ ਆਉਣ ਨਾਲ ਮੰਟੋ ਦੇ ਦ੍ਰਿਸ਼ਟੀਕੋਣ ਅਤੇ ਮਾਨਸਿਕਤਾ ਵਿਚ ਜ਼ਬਰਦਸਤ ਤਬਦੀਲੀ ਆਈ। ਉਸ ਦੇ ਅਵਾਰਾ ਜਨੂਨ ਦੀ ਰਫਤਾਰ ਰੁਕੀ ਅਤੇ ਉਹ ਸਮਾਜਵਾਦੀ ਵਿਚਾਰਾਂ ਵੱਲ ਮੁੜਨ ਲੱਗਾ। ਮੰਟੋ ਨੇ ਅਖਤਰ ਸ਼ਿਰਾਨੀ ਨਾਲ ਗੱਲਬਾਤ ਦੌਰਾਨ ਸਵੀਕਾਰ ਕੀਤਾ ਹੈ: ‘ਅੱਜ ਕੱਲ੍ਹ ਮੈਂ ਜੋ ਕੁਝ ਵੀ ਹਾਂ, ਉਸ ਨੂੰ ਬਣਾਉਣ ਵਿਚ ਸਭ ਤੋਂ ਪਹਿਲਾ ਹੱਥ ਬਾਰੀ ਸਾਹਿਬ ਦਾ ਹੈ। ਜੇ ਅੰਮ੍ਰਿਤਸਰ ਵਿਚ ਉਨ੍ਹਾਂ ਨਾਲ ਮੁਲਾਕਾਤ ਨਾ ਹੁੰਦੀ, ਤੇ ਲਗਾਤਾਰ ਤਿੰਨ ਮਹੀਨੇ ਮੈਂ ਉਨ੍ਹਾਂ ਦੀ ਸੰਗਤ ਵਿਚ ਨਾ ਗੁਜ਼ਾਰੇ ਹੁੰਦੇ ਤਾਂ ਮੈਂ ਜ਼ਰੂਰ ਹੀ ਕਿਸੇ ਹੋਰ ਰਸਤੇ ਚਲਾ ਗਿਆ ਹੁੰਦਾ।’
ਬਾਰੀ ਸਾਹਿਬ ਨੇ ਮੰਟੋ ਦੀਆਂ ਇੱਛਾਵਾਂ ਤੇ ਉਮੀਦਾਂ ਨੂੰ ਸਮਝਿਆ, ਉਸ ਦੀ ਦਿਮਾਗੀ ਪ੍ਰੇਸ਼ਾਨੀ ਨੂੰ ਜਾਣਿਆ, ਉਸ ਦੇ ਮਨੋਵਿਗਿਆਨ ਨੂੰ ਪੜ੍ਹਿਆ ਅਤੇ ਉਸ ਨੂੰ ਪੜ੍ਹਨ-ਲਿਖਣ ਦੇ ਰਾਹ ਪਾ ਦਿੱਤਾ। ਫਿਰ ਉਸ ਦੀ ਰੁਚੀ ਦੇਖ ਕੇ ਪੱਤਰਕਾਰੀ ਵੱਲ ਮੋੜ ਦਿੱਤਾ। ਗਾਜ਼ੀ ਅਬਦੁਲ ਰਹਿਮਾਨ ਨੇ ਉਨ੍ਹੀਂ ਦਿਨੀਂ ਅੰਮ੍ਰਿਤਸਰ ਤੋਂ ਰੋਜ਼ਾਨਾ ਪਰਚਾ ‘ਮਸਾਵਤ’ ਜਾਰੀ ਕੀਤਾ। ਸੰਪਾਦਨ ਲਈ ਬਾਰੀ ਅਲੀਗ ਅਤੇ ਹਾਜ਼ੀ ਲਕ ਲਕ ਨੂੰ ਬੁਲਾਇਆ ਗਿਆ ਸੀ। ਬਾਰੀ ਸਾਹਿਬ ਦੀ ਮਦਦ ਅਤੇ ਪ੍ਰੇਰਨਾ ਨਾਲ ਮੰਟੋ ‘ਮਸਾਵਤ’ ਦੇ ਦਫਤਰ ਵਿਚ ਕੰਮ ਕਰਨ ਲੱਗਾ ਅਤੇ ਬਾਰੀ ਸਾਹਿਬ ਦੇ ਨਾਲ ਨਾਲ ਹਾਜ਼ੀ ਲਕ ਲਕ ਤੋਂ ਸੰਪਾਦਨਾ ਦੇ ਹੁਨਰ ਸਿੱਖੇ। ਉਸ ਨੂੰ ਅਖਬਾਰ ਦੇ ਕੰਮ ਵਿਚ ਇੰਨਾ ਅਨੰਦ ਆਉਣ ਲੱਗਾ ਕਿ ਜੂਆ ਛੁੱਟ ਗਿਆ। ਅਖਬਾਰ ਦਾ ਫਿਲਮੀ ਖਬਰਾਂ ਦਾ ਕਾਲਮ ਦੇਖਣ ਨਾਲ ਫਿਲਮਾਂ ਬਾਰੇ ਉਸ ਦੀ ਜਾਣਕਾਰੀ ਵਧੀ ਜੋ ਮਗਰੋਂ ਬਹੁਤ ਕੰਮ ਆਈ। ਉਸ ਦੀ ਮਾਨਸਿਕਤਾ ਨੂੰ ਦੇਖਦਿਆਂ ਬਾਰੀ ਸਾਹਿਬ ਨੇ ਉਸ ਨੂੰ ਗੰਭੀਰ ਸਾਹਿਤ ਤੋਂ ਜਾਣੂ ਕਰਵਾਇਆ। ਇਸ ਦਾ ਫਾਇਦਾ ਇਹ ਹੋਇਆ ਕਿ ਉਸ ਨੂੰ ਤੀਰਥ ਰਾਮ ਫਿਰੋਜ਼ਪੁਰੀ ਵਰਗੇ ਲੇਖਕਾਂ ਦੇ ਨਾਵਲ ਪੜ੍ਹਨ ਤੋਂ ਛੁਟਕਾਰਾ ਮਿਲ ਗਿਆ। ਬਾਰੀ ਅਲੀਗ ਨੇ ਉਸ ਨੂੰ ਆਸਕਰ ਵਾਈਲਡ ਅਤੇ ਵਿਕਟਰ ਹਿਊਗੋ ਦੀਆਂ ਕਿਤਾਬਾਂ ਪੜ੍ਹਨ ਨੂੰ ਦਿੱਤੀਆਂ। ਫਰਾਂਸੀਸੀ ਲੇਖਕ ਵਿਕਟਰ ਹਿਊਗੋ ਤੋਂ ਉਹ ਕਾਫੀ ਪ੍ਰਭਾਵਿਤ ਰਿਹਾ। ਮੰਟੋ ਦੀ ਰੁਚੀ ਦਾ ਜਿਵੇਂ-ਜਿਵੇਂ ਵਿਕਾਸ ਹੁੰਦਾ ਗਿਆ, ਤਿਵੇਂ-ਤਿਵੇਂ ਉਸ ਦਾ ਅਧਿਐਨ ਵੀ ਵਧਦਾ ਗਿਆ। ਫਿਲਮੀ ਅਭਿਨੇਤਰੀਆਂ ਦੀਆਂ ਤਸਵੀਰਾਂ ਅਤੇ ਸਸਤੇ ਨਾਵਲਾਂ ਦੀ ਥਾਂ ਹੁਣ ਉਸ ਦੀ ਅਲਮਾਰੀ ਵਿਚ ਵਿਕਟਰ ਹਿਊਗੋ ਤੇ ਆਸਕਰ ਵਾਈਲਡ ਤੋਂ ਇਲਾਵਾ ਮੈਕਸਿਮ ਗੋਰਕੀ, ਚੈਖੋਵ, ਪੁਸ਼ਕਿਨ, ਗੋਗੋਲ, ਟ੍ਰਾਟਸਕੀ, ਦੋਸਤੋਵਸਕੀ, ਬਾਲਜ਼ਾਕ, ਆਂਦਰੇ ਜੀਂਦ ਅਤੇ ਮੋਪਾਸਾਂ ਦੀਆਂ ਕਿਤਾਬਾਂ ਸਜਣ ਲੱਗੀਆਂ। ਇਨ੍ਹਾਂ ਲੇਖਕਾਂ ਅਤੇ ਕਿਤਾਬਾਂ ਬਾਬਤ ਬਾਰੀ ਸਾਹਿਬ ਨਾਲ ਉਸ ਦੀ ਬਹਿਸ ਵੀ ਚਲਦੀ ਰਹਿੰਦੀ।
ਬਾਰੀ ਸਾਹਿਬ ਦੇ ਕਹਿਣ ਦੇ ਬਾਵਜੂਦ ਵਿਟਕਰ ਹਿਊਗੋ ਦੀ ਪ੍ਰਸਿਧ ਪੁਸਤਕ ‘ਲਾਅ ਮਿਜਰਬਲ’ ਦਾ ਅਨੁਵਾਦ ਉਸ ਦੇ ਆਕਾਰ ਨੂੰ ਦੇਖਦਿਆਂ ਉਹ ਬੇਸ਼ੱਕ ਨਾ ਕਰ ਸਕਿਆ, ਪਰ ਉਸ ਨੇ ‘ਲਾਸਟ ਡੇਜ਼ ਆਫ ਏ ਕੰਡੈਂਮਡ’ ਦਾ ਅਨੁਵਾਦ ‘ਸਰ ਗੁਜਸ਼ਤਾ-ਏ-ਆਸੀਰ’ ਨਾਂ ਨਾਲ ਕੋਈ ਪੰਦਰਾਂ ਦਿਨਾਂ ਵਿਚ ਪੂਰਾ ਕਰ ਲਿਆ। ਬਾਰੀ ਸਾਹਿਬ ਨੂੰ ਇਹ ਅਨੁਵਾਦ ਪਸੰਦ ਆਇਆ ਤੇ ਉਹ ਤਤਕਾਲ ਉਰਦੂ ਬੁੱਕ ਸਟਾਲ, ਲਾਹੌਰ ਤੋਂ ਪ੍ਰਕਾਸ਼ਿਤ ਹੋ ਗਿਆ।
ਮੰਟੋ ਦੀ ਇਹ ਪਹਿਲੀ ਕਿਤਾਬ ਸੀ ਅਤੇ ਇਸ ਅਨੁਵਾਦ ਨੇ ਮੰਟੋ ਨੂੰ ਨਵੇਂ ਵਿਚਾਰਾਂ ਨਾਲ ਅਮੀਰ ਕਰ ਦਿੱਤਾ। ਉਸ ਵਿਚ ਕੁਝ ਕਹਿਣ, ਲਿਖਣ ਅਤੇ ਖੁਦ ਨੂੰ ਪੇਸ਼ ਕਰਨ ਦੀ ਤੜਫ ਪੈਦਾ ਹੋਈ। ਅਨੁਵਾਦ ਕਰਦਿਆਂ ਉਸ ਅੰਦਰ ਸੁੱਤਾ ਹੋਇਆ ਕਹਾਣੀਕਾਰ ਜਾਗ ਪਿਆ। ਅਨੁਵਾਦ ਉਸ ਲਈ ਅਫਸਾਨੇ ਲਿਖਣ ਲਈ ਪ੍ਰੇਰਨਾ ਬਣਿਆ।
ਬਾਰੀ ਅਲੀਗ ਨੇ ਮੰਟੋ ਨੂੰ ਨਵੇਂ ਵਿਚਾਰਾਂ ਵੱਲ ਪ੍ਰੇਰਿਆ, ਇਸ ਨਾਤੇ ਮੰਟੋ ਉਨ੍ਹਾਂ ਨੂੰ ਗੁਰੂ ਦੇ ਬਰਾਬਰ ਮੰਨਦਾ ਸੀ ਪਰ ਦੋਹਾਂ ਵਿਚ ਸਬੰਧਤ ਦੋਸਤਾਨਾ ਹੀ ਸਨ। ਅਬੂ ਸਈਦ ਕੁਰੈਸ਼ੀ ਅਤੇ ਹਸਨ ਅੱਬਾਸ ਦਾ ਮੰਟੋ ਦੇ ਘਰ ਆਉਣਾ-ਜਾਣਾ ਤਾਂ ਸੀ ਹੀ, ਹੁਣ ਬਾਰੀ ਅਲੀਗ ਵੀ ਆਉਣ ਲੱਗੇ। ਮੰਟੋ, ਆਬੂ ਸਈਦ ਕੁਰੈਸ਼ੀ ਅਤੇ ਹਸਨ ਅੱਬਾਸ ਜਿਹੇ ਦੋਸਤਾਂ ਦੀ ਤਿਕੜੀ ਵਿਚ ਜਦੋਂ ਬਾਰੀ ਅਲੀਗ ਆ ਜੁੜਿਆ ਤਾਂ ਨਕਸ਼ਾ ਹੀ ਬਦਲ ਗਿਆ। ਉਸ ਅੰਦਰ ਨਵੇਂ ਵਿਚਾਰਾਂ ਦੀ ਚਮਕ ਸੀ। ਉਸ ਨੇ ਦੁਨੀਆਂ ਭਰ ਦਾ ਸਾਹਿਤ ਪੜ੍ਹਿਆ ਸੀ ਅਤੇ ਉਹ ਕਮਿਊਨਿਸਟ ਵਿਚਾਰਾਂ ਤੋਂ ਜਾਣੂ ਸੀ। ਉਸ ਨੇ ਇਨ੍ਹਾਂ ਤਿੰਨਾਂ ਦੋਸਤਾਂ ਦੇ ਦਿਲੋ-ਦਿਮਾਗ ਵਿਚ ਨਵੀਂ ਤੜਫ ਅਤੇ ਸੋਚ ਪੈਦਾ ਕਰ ਦਿੱਤੀ। ਛੇਤੀ ਹੀ ਚਾਰੇ ਜਣੇ ਦੋਸਤੀ ਦੇ ਜਜ਼ਬੇ ਵਿਚ ਬੱਝ ਗਏ ਅਤੇ ਮੰਟੋ ਦੇ ਕਮਰੇ ‘ਦਾਰੁਲ ਅਹਿਮਰ’ ਦੀਆਂ ਦੋਸਤਾਨਾ ਮਹਿਫਿਲਾਂ ਵਿਚ ਤਿੱਖੀਆਂ ਬਹਿਸਾਂ ਹੁੰਦੀਆਂ, ਸ਼ਰਾਬ ਦੇ ਦੌਰ ਚੱਲਦੇ। ਕ੍ਰਾਂਤੀ ਦੇ ਸੁਪਨੇ ਬੁਣੇ ਜਾਂਦੇ, ਨਵੀਆਂ ਯੋਜਨਾਵਾਂ ਬਣਦੀਆਂ। ਬਾਰੀ ਸਾਹਿਬ ਇਸ ਟੋਲੇ ਨੂੰ ‘ਫਰੀ ਥਿੰਕਰਜ਼’ ਕਹਿੰਦੇ। ਇਸ ਨੂੰ ਉਹ ਮਕਤਬ-ਏ-ਫਿਕਰ ‘ਸਕੂਲ ਆਫ ਥਾਟ’ ਕਹਿੰਦੇ ਸਨ। ਇਸ ਨੂੰ ਉਨ੍ਹਾਂ ਨੇ ‘ਦਾਰੁਲ ਅਹਿਮਰ ਸਕੂਲ ਆਫ ਥਾਟ’ ਦਾ ਨਾਂ ਦਿਤਾ। ਇਹ ਉਸ ਜ਼ਮਾਨੇ ਦੀ ਗੱਲ ਹੈ ਜਦੋਂ ਹਾਲੇ ਅੰਜੁਮਨ-ਏ-ਤਰੱਕੀਪਸੰਦ ਮੁਸੱਨੇਫਿਨ (ਪ੍ਰਗਤੀਵਾਦੀ ਲੇਖਕਾਂ ਦਾ ਗਰੁਪ) ਦਾ ਕੋਈ ਵਿਚਾਰ ਵੀ ਪੈਦਾ ਨਹੀਂ ਹੋਇਆ ਸੀ।
ਬਾਰੀ ਅਲੀਗ ਨਾਲ ਗੱਲਬਾਤ ਦੌਰਾਨ ਤੈਅ ਹੋਇਆ ਕਿ ਮੰਟੋ ਆਸਕਰ ਵਾਈਲਡ ਦੇ ਨਾਟਕ ‘ਵੀਰਾ’ ਜੋ ਰੂਸ ਦੇ ਅਲਗਾਉਵਾਦੀ ਕ੍ਰਾਂਤੀਕਾਰੀਆਂ ਦੀ ਦਾਸਤਾਨ ਹੈ, ਦਾ ਅਨੁਵਾਦ ਕਰੇ। ਇਹ ਅਨੁਵਾਦ ਮੰਟੋ ਨੇ ਆਪਣੇ ਦੋਸਤ ਹਸਨ ਅੱਬਾਸ ਦੇ ਨਾਲ ਮਿਲ ਕੇ ਕੀਤਾ। ਇਸ ਦਾ ਜ਼ਿਕਰ ਮੰਟੋ ਨੇ ਬਾਰੀ ਸਾਹਿਬ ਬਾਰੇ ਯਾਦਾਂ ਲਿਖਦਿਆਂ ਕੀਤਾ ਹੈ: ‘ਕਿਤਾਬ ਅਸੀਂ ਖੁਦ ਸਿਨਾਈ ਬਰਕੀ ਪ੍ਰੈਸ ਵਿਚ ਛਪਵਾਈ ਸੀ। ਬਾਰੀ ਸਾਹਿਬ ਉਸ ਦੇ ਸਾਰੇ ਫਰਮੇ ਖੁਦ ਆਪਣੇ ਮੋਢਿਆਂ ‘ਤੇ ਲੱਦ-ਲੱਦ ਕੇ ਘਰ ਲਿਆਏ ਸਨ ਤਾਂ ਕਿ ਸੁਰੱਖਿਅਤ ਰਹਿਣ। ਉਨ੍ਹਾਂ ਨੂੰ ਖਤਰਾ ਸੀ ਕਿ ਪੁਲਿਸ ਛਾਪਾ ਮਾਰ ਕੇ ਪ੍ਰੈਸ ਵਿਚੋਂ ਸਾਰੀਆਂ ਕਿਤਾਬਾਂ ਚੁੱਕ ਕੇ ਲੈ ਜਾਵੇਗੀ।’ ਮੰਟੋ ਲਿਖਦਾ ਹੈ, ‘ਮੇਰੇ ਅਤੇ ਹਸਨ ਅੱਬਾਸ ਲਈ ਇਹ ਪ੍ਰਸੰਗ ਬਹੁਤ ਰੌਚਕ ਅਤੇ ਊਰਜਾਵਾਨ ਸੀ।’
ਮੰਟੋ ਨੇ ਆਪਣੇ ਦੋਸਤਾਂ ਨਾਲ ਮਿਲ ਕੇ ਅੰਮ੍ਰਿਤਸਰ ਵਿਚ ‘ਵੀਰਾ’ ਮੰਚ ਉਤੇ ਖੇਡਣ ਬਾਰੇ ਵੀ ਸੋਚਿਆ ਸੀ। ਸਾਰੀ ਰਾਤ ਲੁਕ-ਛੁਪ ਕੇ ਇਸ ਦੇ ਇਸ਼ਤਿਹਾਰ ਅੰਮ੍ਰਿਤਸਰ ਦੀਆਂ ਕੰਧਾਂ ‘ਤੇ ਲਾਏ ਗਏ ਸਨ। ਅਬੂ ਸਈਦ ਕੁਰੈਸ਼ੀ ਦੇ ਸ਼ਬਦਾਂ ਵਿਚ, ‘ਇਸ਼ਤਿਹਾਰ ਲਾਉਣ ਮਗਰੋਂ ਮੈਂ ਤੇ ਅੱਬਾਸ ਦੋਵੇਂ ਸਾਰੀ-ਸਾਰੀ ਰਾਤ ਗ੍ਰਿਫਤਾਰ ਹੋ ਜਾਣ ਦੇ ਡਰੋਂ ਅੱਧੇ ਸੁੱਤੇ, ਅੱਧੇ ਜਾਗਦੇ ਰਹਿੰਦੇ। ਸਵੇਰੇ ਉਠਦੇ ਤਾਂ ਦੇਖਦੇ, ਅੰਮ੍ਰਿਤਸਰ ਦੀਆਂ ਕੰਧਾਂ ‘ਤੇ ਜ਼ਾਰਸ਼ਾਹੀ ਦੇ ਤਾਬੂਤ ਵਿਚ ਆਖਰੀ ਕਿੱਲ ਠੋਕਣ ਵਾਲੇ ਇਸ਼ਤਿਹਾਰ ਕੁਝ ਤਾਂ ਉਖੜ ਗਏ ਤੇ ਮਰਦਾਨਾ ਤਾਕਤ ਦੀਆਂ ਦਵਾਈਆਂ ਦੇ ਪੋਸਟਰਾਂ ਥੱਲੇ ਦੱਬ ਗਏ। ਪੁਲਿਸ ਨੇ ਇਹ ਇਸ਼ਤਿਹਾਰ ਦੇਖੇ ਤਾਂ ਉਨ੍ਹਾਂ ਫੜੋ-ਫੜਾਈ ਸ਼ੁਰੂ ਕਰ ਦਿੱਤੀ। ਉਨ੍ਹਾਂ ਨੂੰ ਫਿਕਰ ਹੋਣ ਲੱਗੀ ਪਰ ਖਵਾਜਾ ਅਬਦੁਲ ਹਮੀਦ (ਰਿਟਾਇਰਡ ਡੀ. ਐਸ਼ ਪੀ.) ਨੇ ਪੁਲਿਸ ਦੇ ਸਫੈਦਪੋਸ਼ਾਂ ਨੂੰ ਇਹ ਕਹਿ ਕੇ ਵਾਪਸ ਭੇਜ ਦਿਤਾ ਕਿ ‘ਉਹ ਤਾਂ ਆਪਣੇ ਬੱਚੇ ਹਨ, ਮੀਆਂ! ਜਾਉ ਤੇ ਆਪਣਾ ਕੰਮ ਕਰੋ।’ ਇਉਂ ਗੱਲ ਟਲ ਗਈ। ਜੇ ਪੁਲਿਸ ਨੇ ਫੜੋ-ਫੜਾਈ ਕੀਤੀ ਹੁੰਦੀ ਤਾਂ ਮੰਟੋ ਵਿਚ ਭਗਤ ਸਿੰਘ ਬਣਨ ਦੀ ਪੂਰੀ ਸਮਰੱਥਾ ਸੀ। ਇਹੀ ਉਹ ਦਿਨ ਸਨ ਜਦੋਂ ਮੰਟੋ ਦੋਸਤਾਂ ਨਾਲ ਮਿਲ ਕੇ ਰੂਸ ਪਹੁੰਚਣ ਦੀਆਂ ਵਿਉਂਤਾਂ ਬਣਾਉਂਦਾ ਹੁੰਦਾ ਸੀ, ‘ਅਸੀਂ ਅੰਮ੍ਰਿਤਸਰ ਨੂੰ ਹੀ ਮਾਸਕੋ ਮੰਨ ਲਿਆ ਸੀ ਤੇ ਉਸ ਦੇ ਗਲੀ-ਕੂਚਿਆਂ ਵਿਚ ਜ਼ਾਲਮ ਹੁਕਮਰਾਨਾਂ ਨੂੰ ਦਰਦਨਾਕ ਅੰਜਾਮ ਦੇਖਣਾ ਚਾਹੁੰਦੇ ਸੀ। ਸਾਡੇ ਖਲੀਫਾ ਸਾਹਿਬ, ਯਾਨਿ ਬਾਰੀ ਅਲੀਗ ਜੇ ਬੁਜ਼ਦਿਲ ਨਾ ਹੁੰਦੇ ਤਾਂ ਯਕੀਨਨ ਅਸੀਂ ਚਾਰੇ ਜਣੇ ਉਸੇ ਜ਼ਮਾਨੇ ਵਿਚ ਇਨ੍ਹਾਂ ਖਿਡੌਣਿਆਂ ਨਾਲ ਆਪਣਾ ਜੀਅ ਬਹਿਲਾਉਣ ਦੇ ਜੁਰਮ ਵਿਚ ਫਾਂਸੀ ਚੜ੍ਹ ਗਏ ਹੁੰਦੇ ਤੇ ਅੰਮ੍ਰਿਤਸਰ ਦੀ ਖੂਨੀ ਤਵਾਰੀਖ ਵਿਚ ਅਜਿਹੇ ਸ਼ਹੀਦਾਂ ਦੇ ਨਾਂ ਦਾ ਵਾਧਾ ਹੋ ਗਿਆ ਹੁੰਦਾ ਜੋ ਹੁਣ ਪੂਰੀ ਇਮਾਨਦਾਰੀ ਨਾਲ ਕਹਿ ਸਕਦੇ ਹਨ ਕਿ ਉਨ੍ਹਾਂ ਨੂੰ ਉਸ ਵੇਲੇ ਆਪਣੇ ਜੋਸ਼ ਦੀ ਦਿਸ਼ਾ ਦਾ ਸਹੀ ਇਲਮ ਨਹੀਂ ਸੀ।’
ਇਹ ਤਾਂ ਸਾਫ ਹੈ ਕਿ ਮੰਟੋ ਕਿਸੇ ਇਕ ਥਾਂ ਟਿਕ ਕੇ ਬੈਠ ਨਹੀਂ ਸੀ ਸਕਦਾ। ਉਸ ਦੇ ਪੈਰਾਂ ਵਿਚ ਪਾਰਾ ਸੀ ਤੇ ਸੁਭਾਅ ਵਿਚ ਕਮਾਲ ਦੀ ਤੇਜ਼ੀ। ਰੁਕਣ ਅਤੇ ਠਹਿਰਨ ਦੀ ਥਾਂ ਚੱਲਣ ਅਤੇ ਅੱਗੇ ਵਧਣ ਦੀ ਰੁਚੀ ਉਸ ਅੰਦਰ ਕਮਾਲ ਦੀ ਸੀ। ਕਿਸੇ ਪੜਾਅ ‘ਤੇ ਰੁਕਣਾ ਸਵੀਕਾਰ ਹੀ ਨਹੀਂ ਸੀ। ਕੋਈ ਨਾ ਕੋਈ ਕਾਰਨ ਬਣ ਜਾਂਦਾ ਜਾਂ ਉਹ ਬਣਾ ਲੈਂਦਾ ਕਿ ਇਕ ਥਾਂ ਤੋਂ ਦੂਜੀ ਥਾਂ ਇਵੇਂ ਭੱਜਿਆ ਜਾਂਦਾ ਜਿਵੇਂ ਪਹਿਲਾਂ ਵਾਲੀ ਥਾਂ ਨਾਲ ਕੋਈ ਸਬੰਧ ਹੀ ਨਾ ਹੋਵੇ। ਬੇਚੈਨੀ ਉਸ ਨੂੰ ਹਰ ਵੇਲੇ ਘੇਰੀ ਰੱਖਦੀ। ਜਿਥੇ ਕਿਤੇ ਉਹ ਅਨਿਆਂ ਅਤੇ ਜ਼ੁਲਮ ਹੁੰਦਾ ਦੇਖਦਾ, ਉਸ ਦੀ ਅੰਤਰ-ਆਤਮਾ ਤੜਫ ਉਠਦੀ ਤੇ ਉਹ ਵਿਦਰੋਹ ਦੇ ਰਸਤੇ ‘ਤੇ ਚਲ ਪੈਂਦਾ।
ਸਵਾਲ ਇਹ ਨਹੀਂ ਕਿ ਉਸ ਨੇ ‘ਨਯਾ ਕਨੂੰਨ’ ਤੇ ਹੋਰ ਅਜਿਹੇ ਅਫਸਾਨਿਆਂ ਵਿਚ ਜ਼ੁਲਮ ਅਤੇ ਸ਼ੋਸ਼ਣ ਖਿਲਾਫ ਸੰਵੇਦਨਸ਼ੀਲ ਮਨੁੱਖ ਦੀ ਅੰਤਰ-ਆਤਮਾ ਦੀ ਛਟਪਟਾਹਟ ਪੇਸ਼ ਕੀਤੀ, ਸਗੋਂ ਸਿਆਸੀ-ਸਮਾਜਕ ਹਾਲਾਤ ਦੀਆਂ ਕਰਤੂਤਾਂ ਬਾਰੇ ਛਟਪਟਾਹਟ ਅਤੇ ਗੁੱਸੇ ਦੀ ਭਾਵਨਾ ਉਸ ਵਿਚ ਬਚਪਨ ਤੋਂ ਪਲਦੀ ਰਹੀ ਸੀ ਜੋ ਇਨ੍ਹਾਂ ਕਹਾਣੀਆਂ ਵਿਚ ਵਿਦਰੋਹ ਦੇ ਰੂਪ ਵਿਚ ਸਾਹਮਣੇ ਆਈ।
‘ਮਸਾਵਤ’ ਬੰਦ ਹੋਣ ‘ਤੇ ਬਾਰੀ ਸਾਹਿਬ ਲਾਹੌਰ ਦੀ ਕਿਸੇ ਅਖਬਾਰ ਵਿਚ ਚਲੇ ਗਏ। ਤਿੰਨ ਮਹੀਨਿਆਂ ਦੇ ਉਨ੍ਹਾਂ ਦੇ ਸਾਥ ਨੇ ਮੰਟੋ ਵਿਚ ਵਿਸ਼ੇਸ਼ ਤਬਦੀਲੀ ਲਿਆ ਦਿੱਤੀ ਸੀ। ਉਨ੍ਹਾਂ ਦੇ ਚਲੇ ਜਾਣ ਬਾਅਦ ਮੰਟੋ ਨੂੰ ਖਾਲੀ-ਖਾਲੀ ਮਹਿਸੂਸ ਹੋਣ ਲੱਗਾ। ਸਵਾਲ ਸੀ, ਹੁਣ ਉਹ ਕਿਹਦੇ ਨਾਲ ਗੱਲ ਕਰੇ? ਦਿਲ-ਦਿਮਾਗ ਦੀ ਬੇਚੈਨੀ ਕਿਹਦੇ ਨਾਲ ਸਾਂਝੀ ਕਰੇ? ਬਾਰੀ ਸਾਹਿਬ ਦੀ ਗੈਰ-ਹਾਜ਼ਰੀ ਉਸ ਨੂੰ ਤੰਗ ਕਰਦੀ ਪਰ ਉਸ ਨੂੰ ਪੜ੍ਹਨ-ਲਿਖਣ ਦਾ ਅਜਿਹਾ ਚਸਕਾ ਲੱਗ ਗਿਆ ਸੀ ਕਿ ਉਹ ਬਾਰੀ ਸਾਹਿਬ ਨੂੰ ਯਾਦ ਕਰਦਾ ਨਵੀਆਂ ਤੋਂ ਨਵੀਆਂ ਕਿਤਾਬਾਂ ਪੜ੍ਹਦਾ ਰਹਿੰਦਾ। ਉਸ ਨੇ ਸਾਹਿਤਕ ਰਚਨਾ ਦੀ ਸ਼ੁਰੂਆਤ ਵਿਕਟਰ ਹਿਊਗੋ, ਆਸਕਰ ਵਾਈਲਡ, ਚੈਖੋਵ ਅਤੇ ਗੋਰਕੀ ਜਿਹੇ ਲੇਖਕਾਂ ਦੀਆਂ ਰਚਨਾਵਾਂ ਦੇ ਅਧਿਐਨ ਅਤੇ ਅਨੁਵਾਦ ਤੋਂ ਕੀਤੀ ਸੀ। ਸੰਸਾਰ ਦੇ ਵੱਡੇ ਲੇਖਕਾਂ ਅਤੇ ਉਨ੍ਹਾਂ ਦੇ ਵਿਚਾਰਾਂ ਅਤੇ ਰਚਨਾ ਪ੍ਰਕਿਰਿਆਵਾਂ ਨਾਲ ਇਹ ਉਸ ਦਾ ਪਹਿਲਾ ਮੇਲ ਸੀ। ਇਨ੍ਹਾਂ ਲੇਖਕਾਂ ਨੇ ਉਸ ਦੇ ਰਚਨਾ-ਮਨ ਵਿਚ ਖਲਬਲੀ ਮਚਾਈ ਤੇ ਕੁਝ ਨਵਾਂ ਕਰਨ ਅਤੇ ਲਿਖਣ ਦੀ ਤੜਫ ਪੈਦਾ ਕੀਤੀ। ਉਹ ਲੰਮੇ ਸਮੇਂ ਤਕ ਇਨ੍ਹਾਂ ਲੇਖਕਾਂ ਦੇ ਪ੍ਰਭਾਵ ਹੇਠ ਰਿਹਾ।
ਇਹ ਉਹ ਦੌਰ ਸੀ ਜਦੋਂ ਉਸ ਵਿਚ ਕ੍ਰਾਂਤੀਕਾਰੀ, ਖੱਬੇ ਪੱਖੀ ਅਤੇ ਸਮਾਜਕ ਝੁਕਾਅ ਸਾਫ ਨਜ਼ਰ ਆਉਂਦੇ ਸਨ। ਬਾਰੀ ਸਾਹਿਬ ਦਾ ਹੱਥ ਮੰਟੋ ਦੀ ਪਿੱਠ ‘ਤੇ ਸੀ। ਉਨ੍ਹਾਂ ਜਦੋਂ ‘ਖਲਕ’ ਅਖਬਾਰ ਦੀ ਯੋਜਨਾ ਬਣਾਈ ਤਾਂ ਇਸ ਦੇ ਪਹਿਲੇ ਅੰਕ ਵਿਚ ਬਾਰੀ ਸਾਹਿਬ ਦਾ ਲੇਖ ਛਪਿਆ ਸੀ, ‘ਹੀਗਲ ਤੋਂ ਲੈ ਕੇ ਕਾਰਲ ਮਾਰਕਸ ਤਕ’। ਇਸ ਅੰਕ ਵਿਚ ਅਬੂ ਸਈਦ ਕੁਰੈਸ਼ੀ ਦਾ ਇਨਕਲਾਬੀ ਲੇਖ ‘ਮਜ਼ਦੂਰ’ ਫਰਜ਼ੀ ਨਾਂ ਨਾਲ ਛਪਿਆ। ਮੰਟੋ ਦੀ ਪਹਿਲੀ ਕਹਾਣੀ ‘ਤਮਾਸ਼ਾ’ ਵੀ ਇਸੇ ਵਿਚ ਪ੍ਰਕਾਸ਼ਿਤ ਹੋਈ ਜਿਸ ਵਿਚ ਉਸ ਨੇ ਆਪਣਾ ਨਾਂ ਇਹ ਸੋਚ ਕੇ ਨਹੀਂ ਸੀ ਦਿੱਤਾ ਕਿ ਲੋਕ ਮਜ਼ਾਕ ਉਡਾਉਣਗੇ। ‘ਜਦੋਂ ਇਸ ਅਖਬਾਰ ਦਾ ਪਹਿਲਾ ਅੰਕ ਸਤਾਈ ਬਰਕੀ ਪ੍ਰੈਸ ਤੋਂ ਮੈਂ ਅਤੇ ਬਾਰੀ ਸਾਹਿਬ ਮੋਢਿਆਂ ‘ਤੇ ਚੁੱਕ ਕੇ ਲਿਆਏ ਤਾਂ ਉਸ ਦੀ ਛਪਾਈ ਤੋਂ ਅਸੀਂ ਬਹੁਤ ਸੰਤੁਸ਼ਟ ਸੀ।’ ਮੰਟੋ ਦੀ ਖੁਸ਼ੀ ਦਾ ਠਿਕਾਣਾ ਨਹੀਂ ਸੀ, ਇਕ ਤਾਂ ਇਸ ਲਈ ਕਿ ‘ਖਲਕ’ ਵਿਚ ਉਸ ਦੀ ਪਹਿਲੀ ਕਹਾਣੀ ਛਪੀ ਸੀ, ਦੂਜਾ ਇਸ ਲਈ ਕਿ ਉਸੇ ਦੇ ਯਤਨਾਂ ਨਾਲ ‘ਖਲਕ’ ਬਹੁਤ ਖੂਬਸੂਰਤ ਛਪਿਆ ਸੀ, ‘ਮੈਂ ਅਤੇ ਅੱਬਾਸ ਇੱਦਾਂ ਮਹਿਸੂਸ ਕਰਦੇ ਸਾਂ ਜਿਵੇਂ ਅਸੀਂ ਕੋਈ ਵੱਡਾ ਕਾਰਨਾਮਾ ਕਰ ਲਿਆ ਹੈ। ਕੱਟੜਾ ਜੈਮਲ ਸਿੰਘ ਅਤੇ ਹਾਲ ਬਾਜ਼ਾਰ ਵਿਚ ਅਸੀਂ ਸ਼ਾਨ ਨਾਲ ਚੱਲਦੇ ਪਰ ਹੌਲੀ-ਹੌਲੀ ਸਾਨੂੰ ਮਹਿਸੂਸ ਹੋਇਆ ਕਿ ਅੰਮ੍ਰਿਤਸਰ ਦੀਆਂ ਨਜ਼ਰਾਂ ਵਿਚ ਅਸੀਂ ਉਹੀ ਅਵਾਰਾਗਰਦ ਹਾਂ। ਪਾਨ-ਸਿਗਰਟ ਵਾਲੇ ਪਹਿਲਾਂ ਵਾਂਗ ਹੀ ਪੈਸਿਆਂ ਦਾ ਤਕਾਜ਼ਾ ਕਰਦੇ ਤੇ ਖਾਨਦਾਨ ਦੇ ਬਜ਼ੁਰਗ ਆਪਣਾ ਫੈਸਲਾ ਸੁਣਾਉਂਦੇ ਕਿ ਸਾਡੇ ਲੱਛਣ ਚੰਗੇ ਨਹੀਂ ਹਨ।’
ਮੰਟੋ ਦੇ ਉਸ ਦੌਰ ਦੇ ਝੁਕਾਅ ਤੇ ਤਣਾਅ, ਜਲ੍ਹਿਆਂਵਾਲਾ ਬਾਗ ਤੇ ਬ੍ਰਿਟਿਸ਼ ਸਾਮਰਾਜ ਦੇ ਕਾਲੇ ਕਾਰਨਾਮੇ ਕਹਾਣੀ ‘ਤਮਾਸ਼ਾ’ ਵਿਚ ਪ੍ਰਭਾਵਸ਼ਾਲੀ ਤੌਰ ‘ਤੇ ਪੇਸ਼ ਹੋਏ ਸਨ। ਇਸ ਨੂੰ ਦੇਖ ਕੇ ਖੁਫੀਆ ਪੁਲਿਸ ਦੇ ਕੰਨ ਖੜ੍ਹੇ ਹੋ ਗਏ ਅਤੇ ਉਹ ਬਾਰੀ ਅਲੀਗ ਤੇ ਮੰਟੋ ਨੂੰ ਲੱਭਦੀ ਕੂਚਾ ਵਕੀਲਾਂ ਵਿਚ ਮੰਟੋ ਦੇ ਘਰ ਆ ਧਮਕੀ। ਜਿਵੇਂ-ਕਿਵੇਂ ਮੰਟੋ ਦੇ ਜੀਜੇ ਖਵਾਜਾ ਅਬਦੁਲ ਹਮੀਦ ਨੇ ਮਾਮਲੇ ਨੂੰ ਰਫਾ-ਦਫਾ ਕਰਵਾਇਆ।
ਇਨ੍ਹਾਂ ਦਿਨਾਂ ਵਿਚ ਮੰਟੋ ‘ਆਲਮਗੀਰ’ ਦੇ ਰੂਸੀ ਸਾਹਿਤ ਵਿਸ਼ੇਸ਼ ਅੰਕ ਦੀ ਤਿਆਰੀ ਵਿਚ ਜੀ-ਜਾਨ ਨਾਲ ਜੁਟ ਗਿਆ। ਇਸ ਅੰਕ ਲਈ ਰਚਨਾਵਾਂ ਦੇ ਅਨੁਵਾਦ ਵਿਚ ਅਬੂ ਸਈਦ ਕੁਰੈਸ਼ੀ ਅਤੇ ਹਸਨ ਅੱਬਾਸ ਨੇ ਬੜੀ ਮਦਦ ਕੀਤੀ। ਇਹ ਵਿਸ਼ੇਸ਼ ਅੰਕ ਜਦੋਂ ਆਇਆ ਤਾਂ ਬਹੁਤ ਚਰਚਿਤ ਹੋਇਆ। ਇਸ ਦੌਰ ਵਿਚ ਉਸ ਨੇ ਰੂਸੀ ਕਹਾਣੀਆਂ ਦਾ ਅਨੁਵਾਦ ਕੀਤਾ, ‘ਰੂਸੀ ਅਫਸਾਨੇ।’ ਰੂਸੀ ਸਾਹਿਤ ‘ਤੇ ਉਸ ਨੇ ਕਈ ਲੇਖ ਵੀ ਲਿਖੇ ਜਿਨ੍ਹਾਂ ਕਾਰਨ ਉਹ ਕਾਮਰੇਡ ਅਤੇ ਚਿੰਤਕ ਵਜੋਂ ਵੀ ਜਾਣਿਆ ਜਾਣ ਲੱਗਾ। ਅਬੂ ਸਈਦ ਕੁਰੈਸ਼ੀ ਦੇ ਹਵਾਲੇ ਨਾਲ ਕਹਿ ਸਕਦੇ ਹਾਂ ਕਿ ‘ਆਲਮਗੀਰ’ ਦੇ ਵਿਸ਼ੇਸ਼ ਅੰਕ ਦੇ ਬਾਅਦ ਉਸ ਨੇ ‘ਹਮਾਯੂੰ’ ਦਾ ਫਰਾਂਸੀਸੀ ਸਾਹਿਤ ਵਿਸ਼ੇਸ਼ ਅੰਕ ਕੱਢਿਆ ਜੋ ਹੱਥੋ-ਹੱਥ ਵਿਕ ਗਿਆ।
ਮੰਟੋ ਦਾ ਦੁਨੀਆਂ ਭਰ ਦੇ ਵਿਚਾਰਾਂ ਤੋਂ ਜਾਣੂ ਹੋਣਾ, ਸੰਸਾਰ ਦੇ ਉਚਕੋਟੀ ਦੇ ਕਵੀਆਂ, ਨਾਟਕਕਾਰਾਂ, ਨਾਵਲਕਾਰਾਂ ਅਤੇ ਚਿੰਤਕਾਂ ਦੀਆਂ ਅੰਦਰੂਨੀ-ਬਾਹਰੀ ਯਾਤਰਾਵਾਂ ਵਿਚ ਸ਼ਰੀਕ ਹੋਣਾ, ਉਹਦੇ ਲਈ ਡੂੰਘਾ ਅਨੁਭਵ ਸੀ, ਜਿਸ ਨੂੰ ਉਹ ਆਪਣੇ ਅੰਤਰਮਨ ਵਿਚ ਜਜ਼ਬ ਕਰਦਾ ਗਿਆ, ਜੋ ਬਾਅਦ ਵਿਚ ਵਕਤ ਆਉਣ ‘ਤੇ ਉਸ ਦੇ ਅਫਸਾਨਿਆਂ ਅਤੇ ਦੂਜੀਆਂ ਰਚਨਾਵਾਂ ਦਾ ਠੋਸ ਆਧਾਰ ਬਣਿਆ।
ਬਚਪਨ ਤੋਂ ਅੱਲ੍ਹੜ ਉਮਰ ਅਤੇ ਫਿਰ ਜਵਾਨੀ ਤਕ ਮੰਟੋ ਨੇ ਦੁਨੀਆਂ ਦੇ ਹਰ ਤਰ੍ਹਾਂ ਦੇ ਅਨੁਭਵ ਪ੍ਰਾਪਤ ਕੀਤੇ। ਸਕੂਲ ਅਤੇ ਕਾਲਜ ਦੀ ਥਾਂ ਜ਼ਿੰਦਗੀ ਦੀ ਪਾਠਸ਼ਾਲਾ ਤੋਂ ਉਸ ਨੇ ਬਹੁਤ ਕੁਝ ਸਿੱਖਿਆ। ਭਾਂਤ-ਭਾਂਤ ਦੇ ਮਨੁੱਖੀ ਵਤੀਰਿਆਂ ਅਤੇ ਕਿਰਦਾਰਾਂ ਦੀ ਵੰਨ-ਸਵੰਨਤਾ ਨੂੰ ਉਸ ਨੇ ਦੇਖਿਆ ਤੇ ਸਮਝਿਆ ਹੀ ਨਹੀਂ, ਉਨ੍ਹਾਂ ਨੂੰ ਲੈ ਕੇ ਉਸ ਦੇ ਮਨ ਵਿਚ ਗੰਭੀਰ ਚਿੰਤਨ ਵੀ ਚਲਦਾ ਰਿਹਾ। ਮਨ ਹੀ ਮਨ ਉਹ ਉਨ੍ਹਾਂ ਬਾਰੇ ਸੋਚਦਾ ਤੇ ਵਿਸ਼ਲੇਸ਼ਣ ਕਰਦਾ ਰਹਿੰਦਾ। ਉਹ ਦੂਜਿਆਂ ਨੂੰ ਕਰੜੇ ਹੱਥੀਂ ਲੈਂਦਾ ਤਾਂ ਖੁਦ ਨੂੰ ਵੀ ਨਾ ਬਖਸ਼ਦਾ। ਅੱਗੇ ਚੱਲ ਕੇ ਇਸ ਰੁਚੀ ਨੇ ਉਸ ਨੂੰ ਲੋਕਾਂ ਦੇ ਮਨ ਨੂੰ ਜਾਣਨ-ਸਮਝਣ ਦੀ ਦ੍ਰਿਸ਼ਟੀ ਦਿੱਤੀ ਜਿਸ ਨੂੰ ਵੱਖ-ਵੱਖ ਵਿਚਾਰਧਾਰਾਵਾਂ ਅਤੇ ਮਨੋਵਿਗਿਆਨ ਨੇ ਧਾਰ ਬਖਸ਼ੀ। ਮਾਨਵੀ ਕਿਰਦਾਰ ਦੀਆਂ ਵੱਖ-ਵੱਖ ਹਾਲਤਾਂ ਅਤੇ ਪੱਧਰਾਂ ਨੂੰ ਹੀ ਨਹੀਂ, ਮਨੁੱਖੀ ਮਨ ਦੀਆਂ ਜਟਿਲਤਾਵਾਂ, ਉਲਝਣਾਂ ਅਤੇ ਜਗਿਆਸਾਵਾਂ ਸਮਝਣ ਅਤੇ ਪੇਸ਼ ਕਰਨ ਵਿਚ ਇਹ ਦ੍ਰਿਸ਼ਟੀ ਬਹੁਤ ਕੰਮ ਆਈ।
ਵਿਚਾਰਧਾਰਾਵਾਂ ਅਤੇ ਮਨੋਵਿਗਿਆਨਕ ਧਾਰਨਾਵਾਂ ਉਹਦੇ ਲਈ ਜ਼ਿੰਦਗੀ ਨੂੰ ਸਮਝਣ ਅਤੇ ਜਿਉਣ ਦਾ ਢੰਗ ਸਨ, ਜਿਨ੍ਹਾਂ ਨੂੰ ਉਸ ਨੇ ਆਪਣੇ ਅਨੁਭਵ ਨਾਲ ਤਪਾ ਕੇ ਪ੍ਰਮਾਣਿਕਤਾ ਨਾਲ ਇਕੱਠਾ ਕੀਤਾ। ਉਹ ਵਿਚਾਰਧਾਰਾਵਾਂ ਅਤੇ ਸਿਧਾਂਤਾਂ ਦਾ ਗੁਲਾਮ ਨਾ ਬਣਿਆ। ਜੇ ਉਹ ਇਸ ਤਰ੍ਹਾਂ ਕਰਦਾ ਤਾਂ ਓਪਰਾ, ਬਨਾਵਟੀ ਅਤੇ ਮਸ਼ੀਨੀ ਜਿਹਾ ਲੱਗਦਾ, ਪਰ ਉਸ ਨੇ ਭਾਰਤੀ ਸਮਾਜਕ ਢਾਂਚੇ ਦੀ ਜਟਿਲਤਾ ਤੇ ਅਸੰਗਤੀ-ਵਿਸੰਗਤੀ ਦਾ ਡੂੰਘਾ ਅਧਿਐਨ ਕੀਤਾ ਅਤੇ ਅਜਿਹਾ ਕਰਦਿਆਂ ਉਸ ਨੇ ਮਾਨਵੀ ਮਨੋਵਿਗਿਆਨ ਵਿਚ ਡੂੰਘਾ ਗੋਤਾ ਲਾਇਆ ਤੇ ਆਪਣੀਆਂ ਕਹਾਣੀਆਂ ਲਈ ਅਨਮੋਲ ਮੋਤੀ ਚੁਗ ਲਿਆਇਆ।