ਬੁੱਲ੍ਹਾ ਇੱਕ ਤੇ ਬੁੱਲੇ ਸੌ ਲੱਖਾਂ

ਗੁਲਜ਼ਾਰ ਸਿੰਘ ਸੰਧੂ
ਬਾਬਾ ਬੁੱਲ੍ਹੇ ਸ਼ਾਹ ਦਾ ਕਲਾਮ ਪੜ੍ਹਦਿਆਂ ਸਵੇਰ ਦੀ ਹਵਾ ਦੇ ਬੁੱਲ੍ਹੇ ਵਰਗਾ ਅਹਿਸਾਸ ਹੁੰਦਾ ਹੈ। ਉਸ ਦੇ ਧੀਮੇ ਬੋਲਾਂ ਵਿਚ ਮਿੱਠਤ ਹੀ ਨਹੀਂ, ਨਕੋਰ ਵੀ ਹੈ। ਸੂਫੀ ਧਾਰਾ ਨੂੰ ਪ੍ਰਣਾਇਆ ਬੁੱਲ੍ਹੇ ਸ਼ਾਹ ਸ਼ਬਦਾਂ ਤੇ ਸੁਰਾਂ ਦੇ ਸੁਮੇਲ ਰਾਹੀਂ 17ਵੀਂ ਸਦੀ ਦੇ ਪਹਿਲੇ ਅੱਧ ਵਿਚ ਲੋਕ ਮਨਾਂ ਨੂੰ ਠੰਢਕ ਪਹੁੰਚਾਉਂਦਾ ਰਿਹਾ ਹੈ। ਉਸ ਦੇ ਬੋਲਾਂ ਵਿਚ ‘ਮਾਸ ਝੜੇ ਝੜ ਪਿੰਜਰ ਹੋਇਆ ਕੜਕਣ ਲੱਗੀਆਂ ਹੱਡੀਆਂ’ ਦੇ ਲੇਖਕ ਸ਼ਾਹ ਹੁਸੈਨ ਜਿੰਨੀ ਵੀ ਉਚੀ ਸੁਰ ਨਹੀਂ ਮਿਲਦੀ।

‘ਤੈਂ ਬਾਝੋਂ ਮੇਰਾ ਕੌਣ ਹੈ, ਦਿਲ ਢਾਹ ਨਾ ਮੇਰਾ’ ਦੀ ਧੀਮੀ ਸੁਰ ਵਿਚ ਉਹ ਆਸ਼ਕੀ-ਮਾਸ਼ੂਕੀ ਦੇ ਸੰਸਾਰ ਨੂੰ ਸਹਿਜ ਪ੍ਰਦਾਨ ਕਰਦਾ ਹੈ। ਇਥੋਂ ਤੱਕ ਕਿ ਇਸ਼ਕ ਦਾ ਘਾਇਲ ਮਾਸ਼ੂਕ ਵੀ ‘ਬਹੁੜੀਂ ਵੇ ਤਬੀਬਾ ਮੇਰੀ ਖਬਰ ਗਈ ਆਂ’ ਦਾ ਵਾਸਤਾ ਪਾਉਂਦੇ ਸਮੇਂ ‘ਝਬਦੇ ਆਵੀਂ’ ਦਾ ਅਲਾਪ ਕਰਕੇ ਸੁੱਖ ਦੀ ਨੀਂਦੇ ਸੌਂ ਜਾਂਦਾ ਹੈ। ‘ਗੱਲ ਨਾ ਬਣਦੀ ਤੇਰੀ ਮੇਰੀ’ ਦਾ ਅਹਿਸਾਸ ਉਸ ਨੂੰ ਹੇਠ ਲਿਖੇ ਬੋਲ ਲਿਖਣ ਲਈ ਪ੍ਰੇਰਦਾ ਹੈ:
ਵੇਖੋ ਨੀ ਕੀ ਕਰ ਗਿਆ ਮਾਹੀ
ਲੈਂਦਾ ਹੀ ਦਿਲ ਹੋ ਗਿਆ ਰਾਹੀ
ਅੰਮ ਝਿੜਕੇ ਬਾਬਲ ਮਾਰੇ
ਤਾਹਨੇ ਦੇਂਦੇ ਵੀਰ ਪਿਆਰੇ
ਮੈਂ ਤੇਰੀ ਬੁਰਿਆਰ ਵੇ ਵੋਕਾਂ…।
ਬਾਬਾ ਬੁੱਲ੍ਹੇ ਸ਼ਾਹ ਨੇ ‘ਝਬਦੇ ਆਵੀਂ’, ‘ਬੁਰਿਆਰ’ ਤੇ ‘ਥਈਆ ਥਈਆ’ ਦੇ ਸ਼ਬਦਾਂ ਨੂੰ ਸੁੱਚੇ ਅਰਥ ਹੀ ਨਹੀਂ ਦਿੱਤੇ, ਇਨ੍ਹਾਂ ਵਿਚ ਸਵੇਰ ਦੀ ਹਵਾ ਦੇ ਬੁੱਲ੍ਹੇ ਵਾਲੀ ਤਾਜ਼ਗੀ ਵੀ ਭਰੀ ਹੈ। ਅਜਿਹੀ ਤਾਜ਼ਗੀ, ਜਿਸ ਨੂੰ ਗਾ-ਸੁਣ ਕੇ ਲੱਖਾਂ ਲੋਕ ਠੰਢੀ ਹਵਾ ਦੇ ਬੁੱਲ੍ਹੇ ਲੈਂਦੇ ਹਨ। ਇਥੇ ਹੀ ਬਸ ਨਹੀਂ, ਉਸ ਨੇ ਸਮਾਜਕ ਅਡੰਬਰਾਂ ਤੇ ਮਾਨਵੀ ਅਸਹਿਣਸ਼ੀਲਤਾ ਵਿਰੁਧ ਬੇਬਾਕ ਹੋ ਕੇ ਲਿਖਦੇ ਸਮੇਂ ਵੀ ਉਚੀ ਸੁਰ ਦੀ ਮੁਥਾਜੀ ਨਹੀਂ ਕੀਤੀ। ਉਸ ਨੇ ਰੱਬ ਨੂੰ ਇੱਕ ਕਰਕੇ ਜਾਣਿਆ ਤੇ ਆਪਣੇ ਮਨ ਵਿਚ ਵਾਹਦ ਕਹਿ ਕੇ ਵਸਾਈ ਰੱਖਿਆ। ਹੇਠ ਲਿਖੇ ਬੋਲ ਇਸ ਦੀ ਸ਼ਾਹਦੀ ਭਰਦੇ ਹਨ। ਆਪਣੇ ਮਨ ਦੀ ਭਾਵਨਾ ਨੂੰ ਬੋਲ ਦਿੰਦੇ ਸਮੇਂ ਬੁੱਲ੍ਹੇ ਸ਼ਾਹ ਨੇ ਹੀਰ-ਰਾਂਝੇ ਦੇ ਇਸ਼ਕ ਨੂੰ ਚਿਨ੍ਹ ਵਜੋਂ ਵਰਤਿਆਂ ਹੈ। ਇਥੇ ਰਾਂਝਾ ਰੱਬ ਹੈ ਤੇ ਉਸ ਦੀ ਇਛੁੱਕ ਹੀਰ:
ਹੀਰ ਰਾਂਝੇ ਦੇ ਹੋ ਗਏ ਮੇਲੇ
ਭੁੱਲੀ ਹੀਰ ਢੂਡੇਂਦੀ ਬੇਲੇ
ਰਾਂਝਾ ਯਾਰ ਬੁੱਕਲ ਵਿਚ ਖੇਲੇ
ਮੈਨੂੰ ਖਬਰ ਰਹੀ ਨਾ ਸਾਰ…।

ਵੇਦ ਪੁਰਾਨਾ ਪੜ੍ਹ ਪੜ੍ਹ ਥੱਕੇ
ਸਜਦੇ ਕਰਦਿਆਂ ਘਸ ਗਏ ਮੱਥੇ
ਨਾ ਰੱਬ ਤੀਰਥ, ਨਾ ਰੱਬੇ ਮੱਕੇ
ਜਿਸ ਪਾਇਆ ਤਿਸ ਨਵਾਂ ਨਵਾਰ…।

ਉਮਰ ਗਵਾਈ ਵਿਚ ਮਸੀਤੀ
ਅੰਦਰ ਭਰਿਆ ਨਾਲ ਪਲੀਤੀ
ਕਦੇ ਨਮਾਜ਼ ਤੌਹੀਦ ਨਾ ਕੀਤੀ
ਹੁਣ ਕੀ ਕਰਨਾ ਏਂ ਸ਼ੋਰ ਪੁਕਾਰ…।
ਬੁੱਲ੍ਹੇ ਸ਼ਾਹ ਦੇ ਇਨ੍ਹਾਂ ਬੋਲਾਂ ਨੂੰ ਸੁਰ ਤਾਲ ਦਿੰਦੇ ਸਮੇਂ ਨੁਸਰਤ ਫਤਹਿ ਅਲੀ ਖਾਨ, ਆਬਿਦਾ ਪ੍ਰਵੀਨ, ਰਹਿਮਤ ਅਲੀ, ਬਰਕਤ ਸਿੱਧੂ ਵਰਗੇ ਸੈਂਕੜੇ ਫਨਕਾਰਾਂ ਨੇ ਸਰਾਹਿਆ ਤੇ ਗਾਇਆ ਹੈ। ਨਿਸ਼ਚੇ ਹੀ ਇਸ ਲੜੀ ਵਿਚ ਗੈਰ-ਮੁਸਲਿਮ ਫਨਕਾਰਾਂ ਦੀ ਲਿਸਟ ਵੀ ਬਹੁਤ ਲੰਮੀ ਹੈ। ਮੇਰੇ ਮਿੱਤਰ ਬਰਜਿੰਦਰ ਸਿੰਘ ਹਮਦਰਦ ਦੀ ਸੁਰੀਲੀ ਦਰਦ ਭਿੱਜੀ ਆਵਾਜ਼ ਦਾ ਜਾਦੂ ਵੀ ਸਾਡੇ ਸਿਰ ਚੜ੍ਹ ਕੇ ਬੋਲਦਾ ਹੈ। ਝਬਦੇ ਆਵੀ ਦੀ ਲੈਅ ਤੇ ਸੁਰ ਧੁਰ ਅੰਦਰ ਤੱਕ ਉਤਰ ਜਾਂਦੀ ਹੈ। ਬਰਜਿੰਦਰ ਸਿੰਘ ਨੂੰ ਪੱਤਰਕਾਰ ਵਜੋਂ ਜਾਣਨ ਵਾਲੇ ਪਾਠਕ ਤੇ ਸਰੋਤੇ ਇਹ ਨਹੀਂ ਜਾਣਦੇ ਕਿ ਪੱਤਰਕਾਰਤਾ ਉਸ ਦੀ ਪਤਨੀ ਹੈ ਤੇ ਗਾਇਕੀ ਉਸ ਦੀ ਮਾਸ਼ੂਕਾ। ਉਸ ਨੇ ਆਪਣਾ ਇਸ਼ਕ ਕਈ ਕੈਸਿਟਾਂ ਭਰਵਾ ਕੇ ਪੁਗਾਇਆ ਹੈ। ਧੀਮੀ ਸੁਰ ਵਾਲੀ ਗਾਇਕੀ ਦੇ ਮੱਦਾਹਾਂ ਨੂੰ ਚਾਹੀਦਾ ਹੈ ਕਿ ਉਸ ਦੀ ‘ਕਸੁੰਭੜਾ’ ਨਾਂ ਦੀ ਕੈਸਿਟ ਸੁਣ ਕੇ ਆਪ ਹੀ ਫੈਸਲਾ ਕਰਨ ਕਿ ਮੇਰੇ ਕਥਨ ਵਿਚ ਕਿੰਨਾ ਕੁ ਸੱਚ ਹੈ। ਮੇਰੀ ਉਮਰ ਦੇ ਸਰੋਤੇ ਇਨ੍ਹਾਂ ਬੋਲਾਂ ਦਾ ਰਸ ਵਧੇਰੇ ਮਾਣ ਸਕਦੇ ਹਨ। ਘਰ ਬੈਠ ਕੇ ਹੀ ਨਹੀਂ, ਆਪਣੀ ਕਾਰ ਵਿਚ ਸਫਰ ਕਰਦੇ ਸਮੇਂ ਵੀ ਮੈਨੂੰ ਇਹ ਅਹਿਸਾਸ ਕਈ ਵਰ੍ਹੇ ਪਹਿਲਾਂ ਸੁਣੀ ਇਸ ਕੈਸਟ ਨੂੰ ਨਵੇਂ ਸਿਰਿਓਂ ਸੁਣਨ ਨਾਲ ਹੋਇਆ ਹੈ। ਜੇ ਚਾਹੋ ਤਾਂ ਮੈਥੋਂ ਲੈ ਸਕਦੇ ਹੋ।
ਦਿਆਲ ਸਿਘ ਬਨਾਮ ਵੰਦੇ ਮਾਤ੍ਰਮ: ਦਿਆਲ ਸਿੰਘ ਕਾਲਜ ਦੇ ਨਾਂ ਅੱਗੇ ਕੌਮੀ ਤਰਾਨੇ ਦੇ ਵੰਦੇ ਮਾਤ੍ਰਮ ਸ਼ਬਦ ਜੋੜਨ ਦਾ ਮਸਲਾ 25 ਅਪਰੈਲ ਨੂੰ ਕਾਲਜ ਦੇ ਇੱਕ ਸਮਾਗਮ ਨੇ ਮੁੜ ਭਖਾ ਦਿੱਤਾ ਹੈ। ਕਾਲਜ ਦੀ ਗਵਰਨਿੰਗ ਬਾਡੀ ਦਾ ਮੁਖੀ ਅਮਿਤਾਬ ਸਿਨਹਾ ਖੁਦਮੁਖਤਾਰੀ ਦਾ ਬੁਰਕਾ ਪਾ ਕੇ ਆਪਣੇ ਛੇ ਮਹੀਨੇ ਪੁਰਾਣੇ ਬੋਲ ਪੁਗਾਉਣ ਦਾ ਯਤਨ ਕਰ ਰਿਹਾ ਹੈ। ਉਹ ਜਾਣਦਾ ਹੈ ਕਿ ਉਸ ਦੇ ਇਸ ਪੈਂਤੜੇ ਨਾਲ ਦੇਸ਼ ਦੀ ਭਾਜਪਾ ਸਰਕਾਰ ਵਿਚ ਨੰਬਰ ਬਣਨਗੇ, ਜਿਸ ਦੇ ਸਿੱਟੇ ਵਜੋਂ ਕੌਂਸਲ ਮੁਖੀ ਦੀ ਕੁਰਸੀ ਖੁਸ ਜਾਣ ਉਤੇ ਵੀ ਉਸ ਨੂੰ ਵਡੇਰੀ ਉਪਾਧੀ ਮਿਲ ਸਕਦੀ ਹੈ। ਸਿਨਹਾ ਨੂੰ ਆਪਣੇ ਨੰਬਰ ਬਣਾਉਣ ਦੀ ਏਨੀ ਕਾਹਲ ਹੈ ਕਿ ਉਸ ਨੇ ਦਿੱਲੀ ਯੂਨੀਵਰਸਿਟੀ ਦੀ ਪ੍ਰਵਾਨਗੀ ਉਡੀਕੇ ਬਿਨਾ ਹੀ ਇਹ ਗੰਭੀਰ ਕਦਮ ਪੁਟ ਲਿਆ ਹੈ। ਉਹ ਭੁੱਲ ਜਾਂਦਾ ਹੈ ਕਿ ਉਸ ਦੀ ਇਹ ਪਿਰਤ ਕੱਲ੍ਹ ਨੂੰ ਸੇਂਟ ਸਟੀਫਨ, ਐਸ਼ ਜੀ. ਟੀ. ਬੀ. ਤੇ ਇੰਦਰ ਪ੍ਰਸਥਾ ਆਦਿ ਮਹਾਂਵਿਦਿਆਲਿਆਂ ਵਿਚ ਵੀ ਤਰੇੜਾਂ ਪਾ ਸਕਦੀ ਹੈ, ਜੋ ਦੇਸ਼ ਲਈ ਅਤਿਅੰਤ ਭਿਅੰਕਰ ਹੈ। ਇਹ ਵੀ ਸਮਝ ਨਹੀਂ ਆਉਂਦੀ ਕਿ ਗੌਰਵਮਈ ਵਿਦਿਆਲੇ ਦੇ ਨਾਂ ਨਾਲ ਛੇੜਖਾਨੀ ਕਰਕੇ ਉਹ ਕੌਮੀ ਤਰਾਨੇ ਦਾ ਕੱਦ ਛੋਟਾ ਕਰ ਰਿਹਾ ਹੈ ਜਾਂ 19ਵੀਂ ਸਦੀ ਦੇ ਉਚ ਦੁਮਾਲੜੇ ਸਮਾਜ ਸੇਵਕ ਦਿਆਲ ਸਿੰਘ ਦਾ! ਇਹ ਮਾਮਲਾ ਸੰਵੇਦਨਸ਼ੀਲਤਾ ਦੀ ਮੰਗ ਕਰਦਾ ਹੈ ਤੇ ਕੇਂਦਰ ਸਰਕਾਰ ਨੂੰ ਖੁਦਮੁਖਤਿਆਰੀ ਦਾ ਬੁਰਕਾ ਚੁੱਕ ਕੇ ਸਿਨਹਾ ਦਾ ਚਿਹਰਾ ਨੰਗਾ ਕਰਨਾ ਬਣਦਾ ਹੈ।
ਅੰਤਿਕਾ: (ਗੁਰਦਿਆਲ ਰੌਸ਼ਨ)
ਕੈਦ ਹੋ ਜਾਵੇ ਖੁਦਾ
ਉਸ ਕੋਲ ਸੋਚੇ ਮੌਲਵੀ,
ਸੋਚੇ ਪੰਡਤ ਆ ਵੜੇ ਰੱਬ
ਉਸ ਦੀ ਗੜਵੀ ‘ਚ ਕਾਸ਼।