ਪੋਖਿ ਤੁਖਾਰ ਪੜੈ, ਵਣ ਤ੍ਰਿਣ ਰਸ ਸੋਖੈ

ਪੰਜਾਬ ਵਿਚ ਅੱਧ ਦਸੰਬਰ ਵਿਚ ਸ਼ੁਰੂ ਹੋਇਆ ਪੋਹ ਆਉਂਦੇ ਸਾਰ ਹੀ ਆਪਣੇ ਰੰਗ ਦਿਖਾਉਣੇ ਸ਼ੁਰੂ ਕਰ ਦਿੰਦਾ ਹੈ। ਨਿੱਤ ਦਿਨ ਠੰਢ ਦਾ ਜ਼ੋਰ ਵਧਦਾ ਜਾਂਦਾ ਹੈ ਅਤੇ ਇਸ ਠੰਢ ਕਾਰਨ ਦਰੱਖਤਾਂ ਦੀ ਹਰਿਆਲੀ ਝੜ-ਝੜ ਜਾਂਦੀ ਹੈ। ਇਸ ਮਹੀਨੇ ਪਹਿਲਾਂ ਵਿਆਹ ਵਾਲੀਆਂ ਰੌਣਕਾਂ ਵੀ ਨਹੀਂ ਸਨ ਲਗਦੀਆਂ ਹੁੰਦੀਆਂ ਪਰ ਹੁਣ ਇਸ ਮਹੀਨੇ ਵੀ ਬਥੇਰੇ ਵਿਆਹ ਹੋਣ ਲੱਗ ਪਏ ਹਨ। ਇਹ ਦੇਸੀ ਸਾਲ ਦਾ ਦਸਵਾਂ ਮਹੀਨਾ ਹੈ।

ਲੇਖਕ ਆਸਾ ਸਿੰਘ ਘੁਮਾਣ ਨੇ ਇਸ ਲੇਖ ਵਿਚ ਤਿਉਹਾਰਾਂ ਅਤੇ ਜੋੜ-ਮੇਲਾਂ ਦਾ ਜ਼ਿਕਰ ਛੇੜਿਆ ਹੈ। -ਸੰਪਾਦਕ

ਆਸਾ ਸਿੰਘ ਘੁਮਾਣ
ਫੋਨ: 91-98152-53245

ਪੋਹ ਦਾ ਮਹੀਨਾ ਪੰਜਾਬ ਵਿਚ ਸਿਰੇ ਦੀ ਠੰਢ ਦਾ ਮਹੀਨਾ ਹੁੰਦਾ ਹੈ। ਰਾਤਾਂ ਲੰਮੀਆਂ ਵੀ ਹੁੰਦੀਆਂ ਹਨ ਅਤੇ ਠੰਢੀਆਂ ਵੀ। ਪਹਿਲੀ ਪੋਹ, ਭਾਵ 16 ਦਸੰਬਰ ਦੇ ਕਰੀਬ ਸੂਰਜ ਸਵੇਰੇ 7:23 ਉਗਦਾ ਹੈ ਅਤੇ 5:29 ‘ਤੇ ਡੁੱਬਦਾ ਹੈ, ਭਾਵ ਰਾਤ ਕਰੀਬ 14 ਘੰਟੇ ਲੰਮੀ ਹੁੰਦੀ ਹੈ। ਸਵੇਰੇ ਵੀ ਕਿਉਂਕਿ ਧੁੰਦ ਪਈ ਹੁੰਦੀ ਹੈ, ਇਸ ਲਈ ਸੂਰਜ ਦੇ ਦਰਸ਼ਨ ਲੇਟ ਹੀ ਨਸੀਬ ਹੁੰਦੇ ਹਨ। ਸ਼ਾਮ ਨੂੰ ਵੀ ਛੇਤੀ ਹੀ ਧੁੰਦ ਪੈਣ ਲੱਗਦੀ ਹੈ। ਇਸ ਲਈ ਦਿਨ ਹੋਰ ਛਟੇਰਾ ਅਤੇ ਰਾਤ ਹੋਰ ਲੰਮੇਰੀ ਹੋ ਜਾਂਦੀ ਹੈ। ਜ਼ਿਆਦਾ ਸਮਾਂ ਅੰਦਰੀਂ ਹੀ ਗੁਜ਼ਰਦਾ ਹੈ। ਅੰਦਰਾਂ ਵਿਚ ਵੀ ਭਾਰੇ ਕੱਪੜਿਆਂ ਅਤੇ ਨਿੱਘੀਆਂ ਰਜਾਈਆਂ ਦੀ ਲੋੜ ਪੈਂਦੀ ਹੈ।
ਅਜਿਹੀ ਠੰਢ ਵਿਚ ਮਨੁੱਖ ਤਾਂ ਕੀ, ਹਰ ਜੀਵ ਜੰਤੂ ਅਤੇ ਬਨਸਪਤੀ ਵੀ ਪ੍ਰਭਾਵਤ ਹੁੰਦੇ ਹਨ। ਫਸਲਾਂ ਦਾ ਵਾਧਾ ਰੁਕ ਜਾਂਦਾ ਹੈ। ਕੋਰੇ ਦੀ ਮਾਰ ਨਾ ਝਲਦਿਆਂ ਰੁੱਖਾਂ ਦੇ ਪੱਤੇ ਝੜ ਜਾਂਦੇ ਹਨ ਅਤੇ ਰੁੰਡ-ਮੁੰਡ ਟਾਹਣੀਆਂ ਨਿਰ-ਵਸਤਰ ਮਾਯੂਸ ਨਜ਼ਰ ਆਉਂਦੀਆਂ ਹਨ। ਅਜਿਹਾ ਦ੍ਰਿਸ਼ ਵੇਖ ਕਵੀ ਮਨ ਉਦਾਸ ਹੋ ਜਾਂਦਾ ਹੈ ਅਤੇ ਪੁਕਾਰ ਉਠਦਾ ਹੈ:
ਪੋਖਿ ਤੁਖਾਰੁ ਪੜੈ
ਵਣੁ ਤ੍ਰਿਣੁ ਰਸੁ ਸੋਖੈ॥
ਆਵਤ ਕੀ ਨਾਹੀ
ਮਨਿ ਤਨਿ ਵਸਹਿ ਮੁਖੇ॥
ਮਨਿ ਤਨਿ ਰਵਿ ਰਹਿਆ ਜਗ ਜੀਵਨੁ
ਗੁਰ ਸਬਦੀ ਰੰਗੁ ਮਾਣੀ॥
ਅੰਡਜ ਜੇਰਜ ਸੇਤਜ ਉਤਭੁਜ
ਘਟਿ ਘਟਿ ਜੋਤਿ ਸਮਾਣੀ॥
ਦਰਸਨੁ ਦੇਹੁ ਦਇਆ ਪਤਿ ਦਾਤੇ
ਗਤਿ ਪਾਵਉ ਮਤਿ ਦੇਹੋ॥
ਨਾਨਕ ਰੰਗਿ ਰਵੈ ਰਸਿ ਰਸੀਆ
ਹਰਿ ਸਿਉ ਪ੍ਰੀਤ ਸਨੇਹੋ॥
ਇਸ ਤੁਖਾਰ ਭਾਵ ਠੰਢ ਜਾਂ ਬਰਫ ਦਾ ਮੁਕਾਬਲਾ ਕਰਨ ਲਈ ਕੁਦਰਤ ਖੁਦ ਹੀ ਵਸੀਲੇ ਬਣਾਉਂਦੀ ਹੈ-ਬਹਿਰੂਨੀ ਵੀ ਤੇ ਅੰਦਰੂਨੀ ਵੀ। ਇਹ ਦਿਨ ਖਾਣ-ਪੀਣ ਪੱਖੋਂ ਵਧੀਆ ਗਿਣੇ ਜਾਂਦੇ ਹਨ। ਤਾਕਤ ਵਾਲੀ ਖੁਰਾਕ ਤਿਆਰ ਕੀਤੀ ਜਾਂਦੀ ਹੈ, ਜੋ ਅੰਦਰੂਨੀ ਨਿੱਘ ਦਿੰਦੀ ਹੈ। ਅਲਸੀ ਜਾਂ ਮਾਂਹ ਦੀਆਂ ਪਿੰਨੀਆਂ, ਖੋਏ ਦੇ ਪੇੜੇ, ਤਿਲ ਰਲਾ ਕੇ ਤਿਆਰ ਕੀਤਾ ਗਿਆ ਭੁੱਗਾ ਆਦਿ ਸਰਦੀਆਂ ਦੀਆਂ ਨਿਹਮਤਾਂ ਹਨ। ਧਿਆਨ ਨਾਲ ਜਾਣੀਏ ਤਾਂ ਕੁਦਰਤ ਵਾਕਿਆ ਹੀ ਬੇਅੰਤ ਲੱਗਦੀ ਹੈ। ਜਿਸ ਤਰ੍ਹਾਂ ਦਾ ਮੌਸਮ ਹੋਵੇ, ਕੁਦਰਤ ਉਸੇ ਤਰ੍ਹਾਂ ਦਾ ਸਮਾਨ ਮੁਹੱਈਆ ਕਰ ਦਿੰਦੀ ਹੈ। ਗਰਮੀਆਂ ਵਿਚ ਮਨੁੱਖ ਨੂੰ ਪਾਣੀ ਦੀ ਜ਼ਰੂਰਤ ਹੁੰਦੀ ਹੈ ਤਾਂ ਪਾਣੀ ਵਾਲੇ ਪਦਾਰਥ ਉਪਲਬਧ ਹੋ ਜਾਂਦੇ ਹਨ। ਸਰਦੀਆਂ ਵਿਚ ਕਿਉਂਕਿ ਪਾਣੀ ਦੀ ਬਹੁਤੀ ਲੋੜ ਨਹੀਂ, ਕੁਦਰਤ ਵੱਲੋਂ ਉਪਲਬਧ ਡਰਾਈ ਫਰੂਟ, ਬਦਾਮ, ਕਾਜੂ, ਕਿਸ਼ਮਿਸ਼, ਸੌਗੀ, ਮੂੰਗਫਲੀ ਆਦਿ ਸਭ ਘੱਟ ਜਲ ਮਾਤਰਾ ਵਾਲੇ ਅਤੇ ਗਰਮ ਤਾਸੀਰ ਵਾਲੇ ਹੁੰਦੇ ਹਨ।
ਸਰਦੀਆਂ ਵਿਚ ਸੂਰਜ ਨਿਕਲੇ ਤਾਂ ਧੁੱਪ ਸੇਕਣ ਦਾ ਆਪਣਾ ਹੀ ਅਨੰਦ ਹੁੰਦਾ ਹੈ। ਹਰ ਪ੍ਰਾਣੀ, ਪਸੂ-ਪੰਛੀ, ਰੁੱਖ-ਬੂਟੇ ਧੁੱਪ ਦਾ ਅਨੰਦ ਮਾਣਦੇ ਅਤੇ ਊਰਜਾ ਪ੍ਰਾਪਤ ਕਰਦੇ ਹਨ। ਵਿਹੜੇ ਤੇ ਚੌਂਕੇ ਵਿਚ ਚੁੱਲ੍ਹੇ ਅੱਗੇ ਬੈਠ ਕੇ ਥਾਲੀ ਵਿਚ ਮੱਕੀ ਦੀ ਰੋਟੀ ਅਤੇ ਸਰੋਂ ਦਾ ਸਾਗ, ਉਤੇ ਮੱਖਣ, ਨਾਲ ਦਹੀਂ, ਅਚਾਰੀ ਮਿਰਚ ਅਤੇ ਘਰ ਦੀ ਚਾਟੀ ਦੀ ਲੱਸੀ-ਵਾਹ ਬਈ ਵਾਹ!
ਉਂਜ ਸਰੋਂ ਦਾ ਸਾਗ ਅਤੇ ਮੱਕੀ ਦੀ ਰੋਟੀ ਤਿਆਰ ਕਰਨੇ ਹਰ ਸੁਆਣੀ ਦੇ ਵੱਸ ਦੀ ਗੱਲ ਨਹੀਂ। ਪੁਰਾਣੀਆਂ ਸੁਆਣੀਆਂ ਤਾਂ ਖੁਦ ਖੇਤਾਂ ਵਿਚ ਜਾ ਕੇ ਵਧੀਆ ਗੰਦਲਾਂ ਤੋੜ ਕੇ ਉਨ੍ਹਾਂ ਨੂੰ ਧੋ ਕੇ, ਮੋਟਾ ਛਿਲਕਾ ਲਾਹ ਕੇ, ਦਾਤਰ ਉਪਰ ਬੜੀ ਕਲਾ ਨਾਲ ਬਾਰੀਕ ਚੀਰਦੀਆਂ ਸਨ ਅਤੇ ਫਿਰ ਗੋਹਿਆਂ ਦੀ ਅੱਗ ਨਾਲ ਮੱਠੇ-ਮੱਠੇ ਸੇਕ ‘ਤੇ ਸਬਰ-ਸੰਤੋਖ ਨਾਲ ਸਾਗ ਰਿੰਨ੍ਹਦੀਆਂ ਸਨ। ਆਲਣ ਰਲਾਉਣ ਵੇਲੇ ਘੋਟਣੇ ਨਾਲ ਘੋਟ-ਘੋਟ ਕੇ ਸਾਗ ਮਲਾਈ ਵਰਗਾ ਬਣਾ ਦਿੱਤਾ ਜਾਂਦਾ ਸੀ। ਅੱਜ ਕੱਲ੍ਹ ਦੀਆਂ ਕੁੜੀਆਂ ਜਿਵੇਂ ਤੱਕਲੇ ‘ਤੇ ਤੰਦ ਪੈਂਦੀ ਦੇਖ ਕੇ ਦੰਗ ਰਹਿ ਜਾਂਦੀਆਂ ਹਨ, ਉਵੇਂ ਹੀ ਉਹ ਸਾਗ ਕੁਤਰਿਆ ਜਾਂਦਾ ਵੇਖ ਹੈਰਾਨ ਰਹਿ ਜਾਂਦੀਆਂ ਹਨ। ਹੁਣ ਤਾਂ ਸਾਗ ਕੁਤਰਨ ਵਾਲੀਆਂ ਮਸ਼ੀਨਾਂ ਵੀ ਚੱਲ ਪਈਆਂ ਹਨ। ਦੇਗੇ ਅਤੇ ਹਾਂਡੀ ਦੀ ਜਗ੍ਹਾ ਕੁੱਕਰ ਹਨ, ਜਿਨ੍ਹਾਂ ‘ਸਹਿਜ ਪਕੇ ਸੋ ਮੀਠਾ ਹੋਇ’ ਨੂੰ ਚੈਲਿੰਜ ਕਰਨਾ ਸ਼ੁਰੂ ਕਰ ਦਿੱਤਾ ਹੈ।
ਪੰਜਾਬ ਵਿਚ ਠੰਢ ਅਤੇ ਪੋਹ ਦੇ ਮਹੀਨੇ ਬਾਰੇ ਅਖਾਣ ਹੈ:
ਸਾਵਣ ਪਾਲਾ ਨਿੰਮਿਆ
ਭਾਦੋਂ ਜ਼ਾਹਰ ਹੋ।
ਅੱਸੂ ਪਾਲਾ ਜੰਮਿਆ
ਕੱਤੇ ਵੱਡਾ ਹੋ।
ਮੱਘਰ ਫੌਜਾਂ ਚਾੜ੍ਹੀਆਂ
ਪੋਹ ਲੜਾਈ ਹੋ।
ਪੋਹ ਵਿਚ ਘੱਟੋ-ਘੱਟ ਤਾਪਮਾਨ ਕਈ ਵਾਰ ਰਾਤ ਨੂੰ 2-3 ਡਿਗਰੀ ਤੱਕ ਡਿਗ ਜਾਂਦਾ ਹੈ ਅਤੇ ਕਈ ਵਾਰੀ ਕਈ ਥਾਂਵਾਂ ‘ਤੇ ਜ਼ੀਰੋ ਨੂੰ ਵੀ ਹੱਥ ਲਾ ਜਾਂਦਾ ਹੈ। ਪੰਜਾਬ ਵਿਚ ਬਰਸਾਤ ਦੋ ਵਾਰ ਆਉਂਦੀ ਹੈ-ਇਕ ਗਰਮੀਆਂ ਵਿਚ ਤੇ ਦੂਜੀ ਸਰਦੀਆਂ ਵਿਚ। ਸਰਦੀਆਂ ਵਿਚ ਹੁੰਦੀ ਬਰਸਾਤ ਫਸਲ-ਵਾੜੀ ਲਈ ਤਾਂ ਭਾਵੇਂ ਲਾਭਦਾਇਕ ਹੁੰਦੀ ਹੈ, ਪਰ ਮਾਲ-ਡੰਗਰ ਤੇ ਕਮਜ਼ੋਰਾਂ ਲਈ ਇਹ ਆਫਤ ਬਣ ਜਾਂਦੀ ਹੈ। ਸਰਦੀਆਂ ਦੀ ਝੜੀ ਆਮ ਤੌਰ ‘ਤੇ ਲੰਮੀ ਹੁੰਦੀ ਹੈ ਅਤੇ ਤਾਪਮਾਨ ਹੋਰ ਥੱਲੇ ਡਿੱਗ ਪੈਂਦਾ ਹੈ। ਇਸ ਸੂਰਤ ਵਿਚ ਘਰੇਲੂ ਕੰਮ-ਕਾਰ ਕਰਨੇ ਵੱਡੀ ਮੁਸੀਬਤ ਬਣ ਜਾਂਦੇ ਹਨ।
ਪੋਹ ਮਹੀਨੇ ਨੂੰ ਪੋਖ, ਪੋਖੁ, ਪੋਖਿ ਵੀ ਲਿਖਿਆ ਜਾਂਦਾ ਹੈ। ਇਸ ਮਹੀਨੇ ਦਾ ਇਹ ਨਾਂ ਇਸ ਕਰਕੇ ਹੈ ਕਿਉਂਕਿ ਪੁਸ਼ਯ ਨਛੱਤਰ ਵਾਲੀ ਪੂਰਨਮਾਸ਼ੀ ਇਸ ਮਹੀਨੇ ਆਉਂਦੀ ਹੈ।
ਸਨਾਤਨੀ ਧਾਰਨਾ ਅਨੁਸਾਰ ਇਹ ਮਹੀਨਾ ਵਿਆਹ-ਸ਼ਾਦੀਆਂ ਲਈ ਸ਼ੁਭ ਨਹੀਂ। ਸ਼ੁਭ ਹੋ ਵੀ ਕਿਵੇਂ ਸਕਦਾ ਹੈ, ਜਦੋਂ ਠੰਢ ਕਰ ਕੇ ਸਭ ਸਰਗਰਮੀਆਂ ਧੀਮੀਆਂ ਪੈ ਗਈਆਂ ਹੋਣ! ਬਾਹਰ-ਅੰਦਰ ਆਉਣਾ-ਜਾਣਾ ਔਖਾ ਹੋ ਜਾਂਦਾ ਹੈ। ਦਿਨ ਛੋਟੇ ਹੋਣ ਨਾਲ ਕੰਮ ਨਹੀਂ ਨਿਬੜਦਾ। ਇੰਨੀ ਠੰਢ, ਧੁੰਦ ਤੇ ਕੋਰੇ ਵਿਚ ਮਹਿਮਾਨਾਂ ਲਈ ਰੋਟੀ-ਪਾਣੀ ਦਾ ਪ੍ਰਬੰਧ ਕਰਨਾ ਵੀ ਕਠਿਨ ਕਾਰਜ ਹੁੰਦਾ ਹੈ। ਇਸ ਲਈ ਪੋਹ ਦੇ ਮਹੀਨੇ ਅਜਿਹੇ ਕਾਰਜ ਕਰਨੇ ਔਖੇ ਹੁੰਦੇ ਹਨ। ਉਂਜ, ਇਹ ਗੱਲ ਵੱਖਰੀ ਹੈ ਕਿ ਅੱਜ ਦੇ ਯੁੱਗ ਵਿਚ ਜਦੋਂ ਮੈਰਿਜ ਪੈਲਸਾਂ ਦਾ ਕਲਚਰ ਚੱਲ ਪਿਆ ਹੈ, ਰੋਟੀ-ਟੁੱਕ ਦੇ ਪ੍ਰਬੰਧ ਲਈ ਕੈਟਰਿੰਗ ਸੇਵਾਵਾਂ ਮਿਲ ਜਾਂਦੀਆਂ ਹਨ, ਸਮਾਗਮ ਰਚਾਉਣੇ ਸੌਖੇ ਹੋ ਗਏ ਹਨ। ਪੰਜਾਬੀਆਂ ਦੇ ਗਲੋਬਲ ਹੋ ਜਾਣ ਨਾਲ ਹੁਣ ਸਰੋਕਾਰ ਵੀ ਸਥਾਨਕ ਨਹੀਂ ਰਹੇ। ਬਾਹਰਲੇ ਦੇਸ਼ਾਂ ਵਿਚੋਂ ਪੰਜਾਬੀ ਅਕਸਰ ਦਸੰਬਰ-ਜਨਵਰੀ ਵਿਚ ਹੀ ਪੰਜਾਬ ਆਉਂਦੇ ਹਨ ਅਤੇ ਵਿਆਹ ਰਚਾਉਂਦੇ ਹਨ।
22 ਦਸੰਬਰ ਭਾਵ 7-8 ਪੋਹ ਨੂੰ ਸਭ ਤੋਂ ਲੰਮੀ ਰਾਤ ਹੁੰਦੀ ਹੈ। ਤੇਰਾਂ ਪੋਹ ਨੂੰ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਪੁਰਬ ਹੁੰਦਾ ਹੈ। ਅਤਿ ਠੰਢ ਦੇ ਬਾਵਜੂਦ ਸੰਗਤ ਬੜੀ ਸ਼ਰਧਾ ਨਾਲ ਵਹੀਰਾਂ ਘੱਤ ਕੇ ਫਤਿਹਗੜ੍ਹ ਸਾਹਿਬ ਜੋੜ-ਮੇਲ ਵਿਚ ਸ਼ਾਮਲ ਹੋਣ ਲਈ ਪਹੁੰਚਦੀ ਹੈ। ਤੇਰਾਂ ਤੇ ਗਿਆਰਾਂ ਸਾਲ ਦੇ ਅਜੀਤ ਅਤੇ ਜੁਝਾਰ ਤੇ ਉਨ੍ਹਾਂ ਦੀ ਦਾਦੀ ਮਾਤਾ ਗੁਜਰੀ ਨੂੰ ਪੋਹ ਦੇ ਮਹੀਨੇ ਠੰਢੇ ਬੁਰਜ ਵਿਚ ਕੈਦ ਕੀਤਾ ਗਿਆ, ਭੁੱਖੇ ਰੱਖਿਆ ਗਿਆ, ਤਾਂ ਕਿ ਉਹ ਦੀਨ ਬਦਲਣਾ ਮੰਨ ਜਾਣ ਅਤੇ ਮੁਸਲਮਾਨ ਬਣ ਜਾਣ ਪਰ ਨਾ ਉਹ ਬੱਚੇ ਝੁਕੇ ਤੇ ਨਾ ਹੀ ਉਹ ਬਜ਼ੁਰਗ ਮਾਤਾ।
ਗੁਰੂ ਗੋਬਿੰਦ ਸਿੰਘ ਦਾ ਆਗਮਨ ਪੁਰਬ ਵੀ ਇਸੇ ਮਹੀਨੇ ਆਉਂਦਾ ਹੈ। ਠੰਢ ਦੇ ਬਾਵਜੂਦ ਸੰਗਤ ਉਤਸ਼ਾਹ ਨਾਲ ਪ੍ਰਭਾਤ ਫੇਰੀਆਂ ਕੱਢਦੀ ਹੈ, ਲੰਗਰ ਲਾਉਂਦੀ ਹੈ ਅਤੇ ਅੱਧੀ ਰਾਤ ਤੱਕ ਕੀਰਤਨ ਵਿਚ ਸ਼ਾਮਲ ਹੁੰਦੀ ਹੈ।
ਪੋਹ ਦੇ ਅਖੀਰਲੇ ਦਿਨ ਲੋਹੜੀ ਦਾ ਤਿਉਹਾਰ ਮਨਾਇਆ ਜਾਂਦਾ ਹੈ। ਇਹ ਆਮ ਤੌਰ ‘ਤੇ 13 ਜਨਵਰੀ ਵਾਲੇ ਦਿਨ ਆਉਂਦਾ ਹੈ। ਪਿੰਡ ਦੇ ਮੁੰਡੇ-ਕੁੜੀਆਂ ਹਫਤਾ ਦਸ ਦਿਨ ਪਹਿਲਾਂ ਹੀ ਉਨ੍ਹਾਂ ਘਰਾਂ ਵਿਚੋਂ ਲੋਹੜੀ ਮੰਗਣ ਲੱਗਦੇ ਹਨ, ਜਿਨ੍ਹਾਂ ਦੇ ਘਰੀਂ ਮੁੰਡਾ ਵਿਆਹਿਆ ਗਿਆ ਹੋਵੇ ਜਾਂ ਮੁੰਡਾ ਜੰਮਿਆ ਹੋਵੇ। ਲੋਹੜੀ ਵਾਲੇ ਦਿਨ ਖੂਬ ਮੇਲਾ-ਗੇਲਾ ਹੁੰਦਾ ਹੈ। ਮੁੰਡਿਆਂ ਦੀਆਂ ਟੋਲੀਆਂ ਗਲ ਵਿਚ ਘੁੰਗਰੂ ਪਾਈ ਗਲੀਆਂ ਵਿਚ ਦੌੜੀਆਂ ਫਿਰਦੀਆਂ ਹਨ। ਲੋਹੜੀ ਵਾਲੇ ਘਰੋਂ ਗੀਤ ਗਾ ਕੇ ਲੋਹੜੀ ਮੰਗੀ ਜਾਂਦੀ ਹੈ। ਮੁੰਡਿਆਂ ਵੱਲੋਂ ਆਮ ਤੌਰ ‘ਤੇ ਇਹ ਗੀਤ ਗਾਇਆ ਜਾਂਦਾ ਹੈ:
ਆਖੋ ਮੁੰਡਿਓ ਢੇਰਨੀ
ਢੇਰਨੀ ਛੱਡੀਆਂ ਲੰਮੀਆਂ।
ਮੀਂਹ ਵੱਸਿਆ
ਤੇ ਕਣਕਾਂ ਜੰਮੀਆਂ।
ਕਣਕਾਂ ਵਿਚ ਬਟੇਰੇ
ਦੋ ਸਾਧੂ ਦੇ, ਦੋ ਮੇਰੇ।
ਸਾਧੂ ਗਿਆ ਘਾਹੇ ਨੂੰ
ਬਾਬੇ ਵਾਲੇ ਰਾਹੇ ਨੂੰ।
ਜਿਥੇ ਬਾਬਾ ਮਾਰਿਆ
ਦਿੱਲੀ ਕੋਟ ਸਵਾਰਿਆ।
ਦਿਲੀ ਕੋਟ ਨੂੰ ਦੋ ਮੋਰੀਆਂ
ਜੀਣ ਸਾਬ੍ਹ ਦੀਆਂ ਘੋੜੀਆਂ।
ਘੋੜੀਆਂ ਗਲ ਤਰੱਗੇ
ਜੀਣ ਸਾਬ੍ਹ ਦੇ ਢੱਗੇ।
ਢੱਗਿਆਂ ਗਲ ਪੰਜਾਲੀਆਂ
ਜੀਣ ਸਾਬ੍ਹ ਦੀਆਂ ਸਾਲੀਆਂ।
ਸਾਲੀ ਪੈਰੀਂ ਜੁੱਤੀ
ਜੀਏ ਸਾਬ੍ਹ ਦੀ ਕੁੱਤੀ।
ਕੁੱਤੀ ਉਤੇ ਫੋੜਾ
ਜੀਏ ਸਾਬ੍ਹ ਦਾ ਘੋੜਾ।
ਘੋੜੇ ਉਤੇ ਕਾਠੀ
ਜੀਏ ਸਾਬ੍ਹ ਦਾ ਹਾਥੀ।
ਹਾਥੀ ਮਾਰਿਆ ਪੱਦ
ਦੇ ਮਾਈ ਦਾਣਿਆਂ ਦਾ ਛੱਜ।
ਲੋਹੜੀ ਦਾ ਜੇ ਗਹਿਰਾ ਮੁਤਾਲਿਆ ਕਰੀਏ ਤਾਂ ਇਉਂ ਪ੍ਰਤੀਤ ਹੁੰਦਾ ਹੈ ਕਿ ਲੋਹੜੀ ਭਾਵੇਂ ਪਰੰਪਰਾ ਹੈ, ਅਣਮੁਲੀਆਂ ਖੁਸ਼ੀਆਂ ਦੀ ਸਾਂਝ ਹੈ, ਪਰ ਨਾਲ ਹੀ ਇਹ ਨਵ-ਵਿਆਹੀ ਨੂੰਹ ਦੇ ਮਾਣ ਵਿਚ ਖੁਸ਼ੀਆਂ ਵੰਡਣ ਦਾ ਸਬੱਬ ਹੈ। ਉਹੀ ਨੂੰਹ ਜਦ ਪੁੱਤਰ ਨੂੰ ਜਨਮ ਦਿੰਦੀ ਹੈ ਤਾਂ ਖੁਸ਼ੀਆਂ ਹੋਰ ਉਚੇਰੀਆਂ ਹੋ ਜਾਂਦੀਆਂ ਹਨ। ਅੱਜ ਕੱਲ੍ਹ ਭਾਵੇਂ ਲੋਹੜੀ ਮੰਗਣ ਦੇ ਅਰਥ ਬਦਲ ਰਹੇ ਹਨ, ਪਰ ਪਹਿਲੇ ਸਮਿਆਂ ਵਿਚ ਲੋਹੜੀ ਦੇ ਮੌਕੇ ਮੁੰਡੇ-ਕੁੜੀਆਂ ਲੋਹੜੀ ਹੱਕ ਵਾਂਗ ਮੰਗਦੇ ਸਨ। ਕਿਸੇ ਦੀ ਕੀ ਹਿੰਮਤ ਸੀ, ਲੋਹੜੀ ਨਾ ਦੇਵੇ। ਮੁੰਡੇ ਤਾਂ ਚੁੱਲ੍ਹੇ ਢਾਹੁਣ ਤੱਕ ਜਾਂਦੇ ਹੁੰਦੇ ਸਨ। ਮੰਗਣ ਵੇਲੇ ਨਿੱਕੇ-ਨਿੱਕੇ ਪਿਆਰੇ-ਪਿਆਰੇ ਗੀਤਾਂ ਵਿਚ ਪਿੰਡ ਦੀਆਂ ਕੁੜੀਆਂ ਲੋਹੜੀ ਵਾਲੇ ਘਰ ਨਾਲ ਆਪਣੀ ਸਾਂਝ ਬਣਾ ਲੈਂਦੀਆਂ ਸਨ:
ਗੱਡੀ ਰਿੜ੍ਹਦੀ-ਰਿੜ੍ਹਦੀ ਆਈ
ਨੀ ਲੋਹੜੀ ਏ।
ਵਿਚ ਮੇਰੀ ਭਰਜਾਈ
ਨੀ ਲੋਹੜੀ ਏ।
ਭਰਜਾਈ ਕੁੱਛੜ ਗੀਗਾ
ਨੀ ਲੋਹੜੀ ਏ।
ਉਹ ਮੇਰਾ ਭਤੀਜਾ
ਨੀ ਲੋਹੜੀ ਏ।
ਲੋਹੜੀ ਇਹ ਵੀ ਯਾਦ ਕਰਾਉਂਦੀ ਹੈ ਕਿ ਸਿਆਲ ਦਾ ਸਿਖਰ ਆਣ ਪਹੁੰਚਿਆ ਹੈ। ਪੰਜਾਬੀ ਦੀ ਅਖੌਤ ਹੈ: ‘ਤਿਲ ਤਿੜਕਣ ਤੇ ਦਿਨ ਖਿਸਕਣ’, ਭਾਵ ਲੋਹੜੀ ਤੋਂ ਬਾਅਦ ਨਵੀਂ ਰੁੱਤ ਨਿਕਲ ਤੁਰਦੀ ਹੈ। ਲੋਹੜੀ ਸਰਦੀਆਂ ਦੀ ਰੁੱਤੇ ਰੱਜ ਕੇ ਗਰਮ ਪਦਾਰਥ ਖਾਣ ਵਾਲਾ ਦਿਨ ਹੋ ਨਿਬੜਦਾ ਹੈ। ਇਸ ਦਿਨ ਅੱਗ ਸੇਕੀ ਜਾਂਦੀ ਹੈ ਅਤੇ ਗੁੜ, ਰਿਉੜੀਆਂ, ਮੱਕੀ ਦੇ ਭੁੱਜੇ ਦਾਣੇ, ਮੂੰਗਫਲੀ, ਚਿਰਵੜੇ ਆਦਿ ਦਾ ਭਰਪੂਰ ਸੇਵਨ ਕੀਤਾ ਜਾਂਦਾ ਹੈ। ਰਾਤ ਨੂੰ ਭੁੱਗਾ ਬਾਲਿਆ ਜਾਂਦਾ ਹੈ ਅਤੇ ਭੁੱਗੇ ਦੁਆਲੇ ਬੈਠ ਕੇ ਗੀਤ ਗਾਏ ਜਾਂਦੇ ਹਨ। ਹੁਣ ਭਾਵੇਂ ਲੋਹੜੀ ਮੰਗਣ ਦਾ ਰਿਵਾਜ ਘਟ ਰਿਹਾ ਹੈ, ਉਂਜ ਲੋਹੜੀ ਖੂਬ ਗੱਜ-ਵੱਜ ਕੇ ਮਨਾਈ ਜਾਂਦੀ ਹੈ। ਲੋਹੜੀ ‘ਤੇ ਪੰਜਾਬ ਵਿਚ ਲੱਖਾਂ ਬੋਤਲਾਂ ਸ਼ਰਾਬ ਪੀਤੀ ਜਾਂਦੀ ਹੈ, ਮੁਰਗੇ ਵੱਢੇ ਜਾਂਦੇ ਹਨ ਅਤੇ ਉਚੀ ਆਵਾਜ਼ ਵਿਚ ਡੀ. ਜੇ. ਵਜਾਏ ਜਾਂਦੇ ਹਨ।
ਗਰਮ ਚੀਜ਼ਾਂ ਖਾਣ ਨਾਲ ਪੇਟ ਵਿਚ ਗਰਮੀ ਪੈ ਸਕਦੀ ਹੈ। ਇਸ ਦਾ ਪ੍ਰਬੰਧ ਵੀ ਨਾਲ ਹੀ ਕਰ ਲਿਆ ਜਾਂਦਾ ਹੈ। ਇਨ੍ਹਾਂ ਦਿਨਾਂ ਵਿਚ ਗੰਨਾ ਪੂਰੇ ਜੋਬਨ ‘ਤੇ ਹੁੰਦਾ ਹੈ। ਪੁਰਾਤਨ ਸਮਿਆਂ ਵਿਚ ਪੋਹ ਦੀ ਰਾਤ ਗੰਨੇ ਦੇ ਰਸ ਦੀ ਖੀਰ ਬਣਾਈ ਜਾਂਦੀ ਸੀ ਜੋ ਸਵੇਰੇ ਦਹੀਂ ਨਾਲ ਠੰਢੀ-ਠੰਢੀ ਖਾਧੀ ਜਾਂਦੀ ਸੀ। ਆਮ ਕਿਹਾ ਜਾਂਦਾ ਹੈ:
ਪੋਹ ਰਿੱਧੀ, ਮਾਘ ਖਾਧੀ।
ਕੁਦਰਤ ਦੇ ਨਾਲ-ਨਾਲ ਬਹੁਤ ਪੁਰਾਤਨ ਸਮੇਂ ਤੋਂ ਚੱਲਿਆ ਆ ਰਿਹਾ ਲੋਕ-ਸਿਆਣਪਾਂ ਨਾਲ ਭਰਿਆ ਜੀਵਨ ਕਈ ਪੱਖਾਂ ਤੋਂ ਬੜਾ ਸੂਝ ਭਰਪੂਰ ਹੁੰਦਾ ਹੈ। ਇਸ ਮੌਸਮ ਵਿਚ ਖੇਤਾਂ ਵਿਚ ਗਾਜਰ, ਮੂਲੀ, ਸ਼ਲਗਮ ਆਦਿ ਦੀ ਸਬਜ਼ੀ ਵੀ ਭਰਪੂਰ ਹੁੰਦੀ ਹੈ। ਇਨ੍ਹਾਂ ਤਿੰਨਾਂ ਹੀ ਸਬਜ਼ੀਆਂ ਦੀ ਤਾਸੀਰ ਪੇਟ ਨੂੰ ਠੰਢਕ ਦੇਣ ਵਾਲੀ ਹੁੰਦੀ ਹੈ।
ਇੰਨੀ ਸਰਦੀ ਹੋਣ ਦੇ ਬਾਵਜੂਦ ਗੁਲਾਬ ਅਤੇ ਗੇਂਦੇ ਦੇ ਫੁੱਲ ਕਿਆਰੀਆਂ ਦੀ ਰੌਣਕ ਵਧਾਉਂਦੇ ਹਨ ਅਤੇ ਸੁਨੇਹੇ ਦਿੰਦੇ ਹਨ ਕਿ ਖਿੜਨ ਵਾਲੇ ਨਾਸਾਜ਼ ਹਾਲਾਤ ਵਿਚ ਵੀ ਖਿੜੀ ਜਾਂਦੇ ਹਨ।
ਪੋਹ ਦਾ ਆਖਰੀ ਦਿਨ ਪੰਜਾਬ ਵਿਚ ਤਕਰੀਬਨ ਪੌਣੇ ਛੇ ਵਜੇ ਡੁੱਬਦਾ ਹੈ ਤੇ ਤਕਰੀਬਨ ਸਵਾ ਸੱਤ ਸਵੇਰੇ ਨਿਕਲ ਪੈਂਦਾ ਹੈ। ਪੁਰਾਣੇ ਪੰਜਾਬੀ ਬਜ਼ੁਰਗ ਆਪਣੀ ਖੇਤੀਬਾੜੀ ਦੀ ਭਾਸ਼ਾ ਵਿਚ ਕਹਿੰਦੇ ਹੁੰਦੇ ਸਨ ਕਿ ਲੋਹੜੀ ਵਾਲੇ ਦਿਨ ਤੱਕ ਦਿਹਾੜੇ, ਕਿਆਰਾ ਭਰ ਵੱਡੇ ਹੋ ਜਾਂਦੇ ਹਨ, ਜਿਸ ਦਾ ਅਰਥ ਇਹ ਸੀ ਕਿ ਲੋਹੜੀ ਤੱਕ ਖੂਹ ਰਾਹੀਂ ਸਿੰਜਾਈ ਕਰਦਿਆਂ ਇਕ-ਅੱਧਾ ਕਿਆਰਾ ਵੱਧ ਸਿੰਜਿਆ ਜਾਂਦਾ ਹੈ। ਉਨ੍ਹਾਂ ਨੂੰ ਹੁਣ ਵੱਧ ਕੰਮ ਨਿਬੜਨ ਦੀ ਉਮੀਦ ਬੱਝ ਜਾਂਦੀ ਸੀ। ਵੈਸੇ ਵੀ ਠੰਢ, ਧੁੰਦ ਅਤੇ ਕੋਰਾ ਕਿਸਾਨੀ ਅਤੇ ਬਜ਼ੁਰਗੀ ਨੂੰ ਰਾਸ ਨਹੀਂ ਆਉਂਦਾ। ਇਸ ਲਈ ਲੋਹੜੀ ਦੀ ਉਡੀਕ ਵਿਚ ਕਿੰਨਾ ਕੁਝ ਰਲਿਆ ਹੁੰਦਾ ਸੀ ਪਰ ਇਹ ਵੀ ਸੱਚ ਹੈ ਕਿ ਅੱਜ ਦੇ ਸਾਧਨਾਂ ਭਰਪੂਰ ਜੀਵਨ ਵਿਚ ਪੰਜਾਬੀ ਲੰਮੀ ਸਰਦੀ ਰੁੱਤ ਦੀ ਖਾਹਿਸ਼ ਕਰਦੇ ਹਨ ਕਿਉਂਕਿ ਆਲਮੀ ਤਪਸ਼ ਕਾਰਨ ਪੰਜਾਬ ਵਿਚ ਸਰਦੀ ਦੀ ਰੁੱਤ ਬੜੀ ਲੰਮੀ ਉਡੀਕ ਕਰਵਾ ਕੇ ਆਉਂਦੀ ਹੈ। ਗਰਮੀਆਂ ਲੰਮੀਆਂ ਹੋ ਗਈਆਂ ਹਨ ਅਤੇ ਸਰਦੀਆਂ ਸੁੰਗੜ ਕੇ ਮਸੀਂ ਤਿੰਨ ਕੁ ਮਹੀਨੇ ਦੀਆਂ ਹੀ ਰਹਿ ਗਈਆਂ ਹਨ। ਅਜੇ ਕੋਟ-ਪੈਂਟ ਅਤੇ ਅਤੇ ਟਾਈਆਂ ਪੂਰੀ ਤਰ੍ਹਾਂ ਪਈਆਂ ਵੀ ਨਹੀਂ ਹੁੰਦੀਆਂ ਕਿ ਸਵੈਟਰਾਂ ਦੀ ਰੁੱਤ ਆਣ ਉਤਰਦੀ ਹੈ ਅਤੇ ਵਿੰਹਦਿਆਂ-ਵਿੰਹਦਿਆਂ ਸਰਦੀ ‘ਅਹੁ ਗਈ ਅਹੁ ਗਈ’ ਹੋ ਜਾਂਦੀ ਹੈ।